
1. ਮੱਧਕਾਲ ਦਾ ਪੰਜਾਬੀ ਸਾਹਿਤ
ਮੱਧਕਾਲ ਦੇ ਪੰਜਾਬੀ ਸਾਹਿਤ ਦੀਆਂ ਰਚਨਾਵਾਂ ਬਹੁ-ਪਾਸਾਰੀ ਅਤੇ ਬਹੁ-ਦਿਸ਼ਾਵੀ ਮਹੱਤਵ ਦੀਆਂ ਲਖਾਇਕ ਹਨ। ਇਨ੍ਹਾਂ ਦੇ ਸਿਰਜਣਾਕਾਰ ਨਾ ਸਿਰਫ਼ ਸਾਹਿਤ ਸਿਰਜਕ ਦੀ ਭੂਮਿਕਾ ਨਿਭਾਉਂਦੇ ਹਨ, ਬਲਕਿ ਦਾਰਸ਼ਨਿਕਾਂ, ਵਿਦਵਾਨਾਂ, ਧਾਰਮਕ ਆਗੂਆਂ ਅਤੇ ਸਮਾਜ ਸੁਧਾਰਕਾਂ ਦਾ ਕਾਰਜ ਵੀ ਕਰਦੇ ਪ੍ਰਤੀਤ ਹੁੰਦੇ ਹਨ। ਸਿੱਟੇ ਵਜੋਂ ਮੱਧਕਾਲ ਦੀਆਂ ਸ਼ਾਬਦਿਕ ਸਿਰਜਣਾਵਾਂ ਨੂੰ ਵੱਖੋ-ਵੱਖਰੇ ਅਨੁਸ਼ਾਸਨਾਂ ਜਿਵੇਂ ਸਾਹਿਤਕ, ਮਾਨਵੀ ਅਤੇ ਸਮਾਜ-ਵਿਗਿਆਨਕ ਆਦਿ ਲਈ ਸਾਮੱਗਰੀ-ਸਰੋਤ ਦੇ ਰੂਪ ਵਿਚ ਵਰਤਿਆ ਜਾਂਦਾ ਰਿਹਾ ਹੈ। ‘ਜਾਪੁ ਸਾਹਿਬ’ ਵੀ ਇਕ ਬਾਣੀ ਹੈ, ਜਿਸ ਦਾ ਪੰਜਾਬੀ ਜੀਵਨ-ਜਾਚ ਅਤੇ ਪੰਜਾਬ ਦੇ ਸਮਾਜਿਕ ਅਤੇ ਸਭਿਅਚਾਰਕ ਇਤਿਹਾਸ ਵਿਚ ਬਹੁ-ਪਰਤੀ ਅਤੇ ਬਹੁ-ਪੜਾਵੀ ਮਹੱਤਵ ਹੈ। ਇੱਥੇ ਕੇਵਲ ਇਸ ਬਾਣੀ ਦੇ ਸਾਹਿਤਕ, ਧਾਰਮਿਕ ਅਤੇ ਦਾਰਸ਼ਨਿਕ ਅਤੇ ਸਭਿਆਚਾਰਕ ਮਹੱਤਵ ਉੱਤੇ ਹੀ ਕੇਂਦਰਿਤ ਰਿਹਾ ਗਿਆ ਹੈ।
2. ਸਾਹਿਤਕ ਮਹੱਤਵ
ਪੰਜਾਬੀ ਸਾਹਿਤ ਦੇ ਇਤਿਹਾਸਕ ਵੇਰਵਿਆਂ ਅਨੁਸਾਰ ‘ਜਾਪੁ ਸਾਹਿਬ’ 17ਵੀਂ ਸਦੀ ਦੇ ਅੰਤ ਅਤੇ 18ਵੀਂ ਸਦੀ ਦੇ ਆਰੰਭ (1666-1708ਈ.) ਦੀ ਰਚਨਾ ਹੈ। ਪਰ ਇਸ ਦੇ ਵਰਤਮਾਨ ਸਰੂਪ ਦਾ ਸਰੋਤ, ‘ਦਸਮ ਗ੍ਰੰਥ’, ਬਾਅਦ ਦੀ ਸੰਪਾਦਨਾ ਹੈ। ਇਸ ਰਚਨਾ ਦੇ ਪਿਛੋਕੜ ਵਿਚ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਤਿੰਨ ਮਹੱਤਵਪੂਰਨ ਸਾਹਿਤਕ ਪਰੰਪਰਾਵਾਂ ਆਪਣੇ ਪੂਰੇ ਜਲੌਅ ਵਿਚ ਕਾਰਜਸ਼ੀਲ ਹਨ। ਇਨ੍ਹਾਂ ਤਿੰਨਾਂ ਸਾਹਿਤਕ ਪਰੰਪਰਾਵਾਂ ਵਿਚ ਗੁਰਬਾਣੀ, ਸੂਫ਼ੀ-ਕਾਵਿ ਅਤੇ ਕਿੱਸਾ ਕਾਵਿ ਆ ਜਾਂਦੇ ਹਨ। ਜਾਪੁ ਸਾਹਿਬ ਦੀ ਸਿਰਜਣਾ ਤੋਂ ਪਹਿਲਾਂ ਪੰਜਾਬੀ ਦੀਆਂ ਇਹ ਤਿੰਨੇ ਪਰੰਪਰਾਵਾਂ ਆਪਣੀ ਪਛਾਣ ਸਥਾਪਿਤ ਕਰਵਾ ਚੁੱਕੀਆਂ ਸਨ। ਗੁਰਬਾਣੀ ਅਤੇ ਸੂਫ਼ੀ ਕਵਿਤਾ ਤੇ ਕਿੱਸਾ ਕਾਵਿ ਪਰੰਪਰਾ ਵਿਚਲਾ ਬੁਨਿਆਦੀ ਫ਼ਰਕ ਇਨ੍ਹਾਂ ਦੇ ਭਾਸ਼ਾਈ ਮਾਧਿਅਮ ਅਤੇ ਭਾਵ-ਜੁਗਤ ਦੀ ਪ੍ਰਕਿਰਤੀ ਉੱਤੇ ਆਧਾਰਿਤ ਹੈ। ਇਹ ਦੋਂਵੇ ਪ੍ਰਕਿਰਤੀਆਂ ਹੀ ਵੱਖ-ਵੱਖ ਹਨ। ਸੂਫ਼ੀ ਅਤੇ ਕਿੱਸਾ ਕਾਵਿ ਪਰੰਪਰਾਵਾਂ ਆਂਚਲਿਕਤਾ ਦੀ ਪ੍ਰਕਿਰਤੀ ਦੀਆਂ ਧਾਰਨੀ ਹਨ। ਇਸ ਕਾਰਨ ਇਨ੍ਹਾਂ ਵਿਚ ਵਧੇਰੇ ਕਰਕੇ ਪੰਜਾਬੀ ਦੇ ਬਹੁ-ਉਪ-ਭਾਸ਼ਾਈ ਰੂਪ ਹੀ ਪ੍ਰਤੀਬਿੰਬਤ ਹੁੰਦੇ ਹਨ। ਸਿੱਟੇ ਵਜੋਂ ਇਨ੍ਹਾਂ ਰਚਨਾਵਾਂ ਦੀ ਭਾਸ਼ਾ ਵਿਚ ਪੰਜਾਬੀ ਦੇ ਵੱਖੋ-ਵੱਖਰੇ ਭੂਗੋਲਿਕ ਖਿੱਤਿਆਂ ਦੇ ਭਾਸ਼ਾਈ ਰੂਪ ਵਰਤੇ ਹੋਏ ਮੂਰਤੀਮਾਨ ਹੁੰਦੇ ਹਨ, ਪਰੰਤੂ ਇਨ੍ਹਾਂ ਦੋਵਾਂ ਪਰੰਪਰਾਵਾਂ ਦੇ ਮੁਕਾਬਲੇ ਗੁਰਬਾਣੀ ਦਾ ਭਾਸ਼ਾਈ ਮਾਧਿਅਮ ਤਤਕਾਲਿਕ ਭਾਸ਼ਾਈ ਮਿਆਰਾਂ ਦੀ ਵਿਰਾਟਤਾ ਦਾ ਅਨੁਸਾਰੀ ਹੈ।
ਤਤਕਾਲਿਕ ਭਾਰਤੀ ਭਾਸ਼ਾਈ ਮਿਆਰਾਂ ਵਾਲੀ ਭਾਸ਼ਾ ਨੂੰ ‘ਸਾਧ ਭਾਸ਼ਾ’ ਜਾਂ ‘ਸੰਤ ਭਾਸ਼ਾ’ ਜਾਂ ‘ਸਧੂਕੜੀ’ ਕਿਹਾ ਜਾਂਦਾ ਹੈ। ਇਸ ਵਿਚ ਭਾਰਤ ਦੀਆਂ ਵੱਖੋ-ਵੱਖਰੀਆਂ ਭਾਸ਼ਾਵਾਂ ਦੇ ਸੁਮੇਲ ਕਰਕੇ ਬਣੇ ਮਾਧਿਅਮ ਨੂੰ ਵਰਤਿਆ ਗਿਆ ਹੈ। ਇਸ ਲਈ ਭਾਸ਼ਾ-ਵਿਗਿਆਨੀਆਂ ਦਾ ਮੱਤ ਹੈ ਕਿ ‘ਸਾਧ ਭਾਸ਼ਾ’ ਜਾਂ ‘ਸੰਤ ਭਾਸ਼ਾ’ ਜਾਂ ‘ਸਧੂਕੜੀ’ ਦੇ ਨਾਂ ਨਾਲ ਜਾਣੀ ਜਾਂਦੀ ਸਾਹਿਤਕ ਭਾਸ਼ਾ ਅਸਲ ਵਿਚ ਬਹੁ-ਭਾਸ਼ਾਈ, ਬਹੁ-ਉਪ-ਭਾਸ਼ਾਈ ਅਤੇ ਦੋ-ਭਾਸ਼ਕਤਾ(ਡਾਇਆਗਲੋਸੀਆ) ਵਾਲੀ ਪ੍ਰਕਿਰਤੀ ਦੀ ਧਾਰਨੀ ਹੈ। ਇਸੇ ਕਰਕੇ ਗੁਰਬਾਣੀ ਦੀ ਭਾਸ਼ਾਈ ਵਿਲੱਖਣਤਾ ਵਿਚ ਸੂਫ਼ੀ-ਕਾਵਿ ਅਤੇ ਕਿੱਸਾ-ਕਾਵਿ ਪਰੰਪਰਾ ਵਾਲੇ ਆਂਚਲਿਕ ਰੂਪਾਂ ਦੀ ਵਰਤੋਂ ਵੀ ਮਿਲਦੀ ਹੈ ਅਤੇ ਨਾਲ ਹੀ ਭਾਰਤੀ ਮਿਆਰਾਂ ਵਾਲੇ ਸਾਹਿਤਕ ਭਾਸ਼ਾਈ ਮਾਧਿਆਮ ਦੀ ਵਰਤੋਂ ਵੀ ਇਸ ਵਿਚ ਕੀਤੀ ਗਈ ਹੈ। ‘ਜਾਪੁ ਸਾਹਿਬ’ ਗੁਰਬਾਣੀ ਦੀ ਪਰੰਪਰਾ ਦਾ ਅਨੁਸਾਰੀ ਰਚਨਾ ਹੈ। ਇਸ ਲਈ ਇਹ ਬਾਣੀ, ਗੁਰਬਾਣੀ ਦੀ ਬਹੁ-ਭਾਸ਼ਾਈ, ਬਹੁ-ਉਪਭਾਸ਼ਾਈ ਅਤੇ ਦੋ-ਭਾਸ਼ਕਤਾ ਦੀ ਧਾਰਨੀ ਪਰੰਪਰਾ ਨੂੰ ਅੱਗੇ ਤੋਰਦੀ ਹੈ। ਇਸੇ ਰੁਚੀ ਅਧੀਨ ਇਸ ਵਿਚ ਬਹੁਤ ਸਾਰੀਆਂ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਸਮਨਵੈ ਹੋਇਆ ਮਿਲਦਾ ਹੈ। ਇਸ ਦੀ ਬੋਲੀ ਸਾਧ-ਭਾਸ਼ਾ ਤੇ ਫ਼ਾਰਸੀ ਦਾ ਅਦਭੁੱਤ ਮਿਸ਼ਰਣ ਪ੍ਰਸਤੁਤ ਕਰਦੀ ਹੈ। ਭਾਸ਼ਾ ਦੇ ਪੱਖ ਤੋਂ ਇਸ ਰਚਨਾ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਦਾ ਸਮਨਵੈ ਹੋਇਆ ਮਿਲਦਾ ਹੈ। ਅਨੇਕ-ਭਾਸ਼ੀ ਸ਼ਬਦਾਂ ਦੀ ਵਰਤੋਂ ਕਰਕੇ ਇਸ ਦੀ ਭਾਸ਼ਾ ਦਾ ਸੰਬੰਧ ਜਿੱਥੇ ਸੰਸਕ੍ਰਿਤ ਤੇ ਹੋਰਨਾਂ ਭਾਰਤੀ ਭਾਸ਼ਾਵਾਂ ਨਾਲ ਜੁੜਦਾ ਹੈ, ਉਥੇ ਦੂਜੇ ਪਾਸੇ ਇਸ ਵਿਚ ਅਰਬੀ-ਫ਼ਾਰਸੀ ਆਦਿ ਸਾਮੀ ਭਾਸ਼ਾਵਾਂ ਦੀ ਸ਼ਬਦਾਵਲੀ ਵੀ ਵਰਤੀ ਗਈ ਹੈ। ਇਸ ਤਰ੍ਹਾਂ ‘ਜਾਪੁ ਸਾਹਿਬ’ ਵਿਚ ਸਾਧ-ਭਾਸਾ ਅਤੇ ਫ਼ਾਰਸੀ ਦਾ ਨਿਵੇਕਲਾ ਮਿਸ਼ਰਣ ਕੀਤਾ ਗਿਆ ਹੈ। ਸੰਸਕ੍ਰਿਤ, ਬ੍ਰਜ ਅਤੇ ਅਰਬੀ-ਫ਼ਾਰਸੀ ਦੇ ਕਈ ਸ਼ਬਦਾਂ ਦੇ ਸੁਮੇਲ ਦੁਆਰਾ ਨਵੇਂ ਸਮਾਸੀ ਸ਼ਬਦ ਜੁੱਟ ਬਣਾਏ ਗਏ ਹਨ। ਜਿਵੇਂ:
ਕਿ ਸਰਬੰ ਕਲੀਮੈ॥
ਕਿ ਪਰਮੰ ਫਹੀਮੈ॥ (੧੨੦)
ਸਮਸਤੁਲ ਜ਼ੁਬਾਂ ਹੈਂ॥ (੧੫੫)
ਸਦੈਵੁਲ ਅਕਾਮ ਹੈਂ॥ (੧੨੭)
ਹਮੇਸੁਲ ਅਭੇਖ ਹੈਂ॥ (੧੫੭)
ਰੁਜੂਅਲ ਨਿਧਾਨੈ॥ (੧੨੩)
ਇਸ ਭਾਸ਼ਾਈ ਸਾਂਝ ਦੁਆਰਾ ਇਹ ਸੋਝੀ ਦਿੱਤੀ ਗਈ ਪ੍ਰਤੀਤ ਹੁੰਦੀ ਹੈ ਕਿ ਸਾਰੀਆਂ ਭਾਸ਼ਾਵਾਂ ਅਕਾਲ ਪੁਰਖ ਦੀ ਉਸਤਤਿ ਲਈ ਵਰਤੇ ਜਾਣ ਦੀਆਂ ਅਧਿਕਾਰੀ ਹਨ, ਜਿਨ੍ਹਾਂ ਵਿਚ ਦੇਸ ਜਾਂ ਨਸਲ ਦੇ ਆਧਾਰ ਉੱਤੇ ਵਿਤਕਰਾ ਕਰਨਾ ਨਿਰਮੂਲ ਹੈ। ਵੱਖ-ਵੱਖ ਭਾਸ਼ਾਵਾਂ ਦੇ ਵੰਨ-ਸੁਵੰਨੇ ਸ਼ਬਦਾਂ ਦੀ ਵਿਭਿੰਨ ਛੰਦਾਬੰਦੀ ਵਿਚ ਕੀਤੀ ਵਰਤੋਂ ਪਾਠਕ ਜਾਂ ਸਰੋਤੇ ਦੀ ਸੁਰਤ ਨੂੰ ਕੀਲ ਲੈਂਦੀ ਹੈ। ਇਹ ਸ਼ਬਦ ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਪ੍ਰਸਤੁਤ ਧਰਮ-ਸ਼ਾਸਤਰ ਅਤੇ ਬ੍ਰਹਮ ਚਿੰਤਨ ਨੂੰ ਆਪਣੇ ਅੰਦਰ ਸਮੋਈ ਬੈਠੇ ਹਨ। ਇਸ ਕਰਕੇ ਇਸ ਰਚਨਾ ਵਿਚ ਅਨੇਕਾਂ ਪਰੰਪਰਾਵਾਂ, ਭਾਵਨਾਵਾਂ, ਧਰਮਾਂ, ਵਿਸ਼ਵਾਸਾਂ ਦੇ ਹਵਾਲੇ ਵਾਲੇ ਪਰਮਾਤਮਾ ਦੇ ਗੁਣ-ਵਾਚਕ ਸ਼ਬਦਾਂ ਨੂੰ ਇਕੱਠਾ ਪ੍ਰਸਤੁਤ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਵਿਸ਼ੇਸ਼ਣਾਂ ਦੀ ਇਕ ਮਾਲਾ ਦੇ ਰੂਪ ਵਿਚ ਅਕਾਲ ਪੁਰਖ ਦੇ ਗੁਣਾਂ ਦੀ ਸਿਫ਼ਤ-ਸਾਲਾਹ ਕੀਤੀ ਗਈ ਹੈ।
ਗੁਰੂ ਗੋਬਿੰਦ ਸਿੰਘ ਜੀ, ਜਿੱਥੇ ਤਤਕਾਲਿਕ ਸਾਹਿਤਕ ਮਿਆਰਾਂ ਵਾਲੀ ਭਾਸ਼ਾ ਦੀ ਵਰਤੋਂ ਇਸ ਬਾਣੀ ਵਿਚ ਕਰਦੇ ਹਨ, ਉਥੇ ਉਹ ਬਹੁਤ ਸਾਰੇ ਨਵੇਂ ਭਾਸ਼ਾਈ ਪ੍ਰਯੋਗ ਵੀ ਕਰਦੇ ਹਨ। ਸਮਾਸੀ ਅਤ ਸੰਧੀ ਸ਼ਬਦ-ਬਣਤਰਾਂ ਤੋਂ ਇਲਾਵਾ ਫ਼ਾਰਸੀ ਅਤੇ ਸੰਸਕ੍ਰਿਤ ਸਰੋਤਾਂ ਵਾਲੀ ਸ਼ਬਦਾਵਲੀ ਦੂ ਸ਼ਬਦ-ਬਣਤਰ ਸਮੇਂ ਉਚਤਮ ਪੱਧਰ ਦਾ ਖ਼ੂਬਸੂਰਤ ਸੁਮੇਲ ਸਿਰਜਿਆ ਗਿਆ ਹੈ।
‘ਜਾਪੁ ਸਾਹਿਬ’ ਵਿਚਲੀ ਸੰਗੀਤਕਤਾ ਜਾਂ ਇਸ ਦੀ ਲੈਆਤਮਿਕਤਾ ਅਧਿਆਤਮਕ ਅਨੁਭਵ ਨੂੰ ਛੰਦ-ਰੂਪਾਂ ਦੇ ਨਿਭਾਉ ਦੁਆਰਾ ਸਦੀਵੀ ਸੱਚ ਦੇ ਦਰਸ਼ਨ ਵਜੋਂ ਪ੍ਰਸਤੁਤ ਕਰਦੀ ਹੈ। ਉਹ ਕਾਲ-ਮੁਕਤ ਸੱਚ “ਜਿਸਦਾ ਕੋਈ ਚਕ੍ਰ, ਚਿਹਨ, ਵਰਨ, ਜਾਤ, ਅਤੇ ਗੋਤ ਨਹੀਂ ਹੈ। ਜਿਹੜਾ ਰੂਪ, ਰੰਗ, ਆਕਾਰ, ਰੇਖ, ਭੇਖ ਦੇ ਹਵਾਲੇ ਨਾਲ ਵਰਣਿਤ ਨਹੀਂ ਕੀਤਾ ਜਾ ਸਕਦਾ। ਜੋ ਆਪਣੇ ਪ੍ਰਕਾਸ਼ ਦਾ ਆਪ ਪ੍ਰਕਾਸ਼ਕ ਅਤੇ ਅਮਿਣਵੀਂ ਸ਼ਕਤੀ ਦਾ ਮਾਲਕ ਹੈ। ਜਿਹੜਾ ਸਮੇਂ ਅਤੇ ਸਥਾਨ ਦੀਆਂ ਸੀਮਾਵਾਂ ਤੋਂ ਮੁਕਤ ਹੈ। ਉਹ ਕਰੋੜਾਂ ਬਾਦਸ਼ਾਹਾਂ ਦਾ ਬਾਦਸ਼ਾਹ (ਮਹਾਨ ਬਾਦਸ਼ਾਹ) ਅਤੇ ਇੰਦਰਾਂ ਦਾ ਇੰਦਰ ਮੰਨਿਆ ਜਾਂਦਾ ਹੈ। ਤਿੰਨਾਂ ਲੋਕਾਂ (ਅਕਾਸ਼, ਪਾਤਾਲ, ਮਾਤ) ਦੇ ਵਿਚ ਵਸੇਬਾ ਕਰਨ ਵਾਲੇ ਦੇਵਤੇ, ਦੈਂਤ ਤੇ ਮਨੁੱਖ ਅਤੇ ਬਨਾਂ ਦੇ ਤਿਣਕੇ ਜਿਸ ਨੂੰ ਬੇਅੰਤ-ਬੇਅੰਤ ਕਰਦੇ ਉਸਦੀ ਚਾਕਰੀ ਤੇ ਉਸਤਤੀ ਕਰਦੇ ਹਨ। ਪਰ ਫਿਰ ਵੀ ਉਸ ਪਰਮ ਸੱਤਾ ਦੇ ਸਾਰੇ ਨਾਵਾਂ ਦਾ ਕਥਨ ਨਹੀਂ ਕੀਤਾ ਜਾ ਸਕਦਾ।”
ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ॥
... ... ... ...
ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ॥(੧)
ਗੁਰਬਾਣੀ ਦੀ ਪਰੰਪਰਾ ਵਿਚ ਇਹ ਬਾਣੀ ਇਕੋ-ਇਕ ਨਿਵੇਕਲਾ ਸਾਹਿਤਕ ਤਜਰਬਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ‘ਰਾਗਾਂ’ ਅਨੁਸਾਰ ਸੰਪਾਦਿਤ ਕੀਤੀ ਗਈ ਹੈ, ਪਰੰਤੂ ‘ਜਾਪੁ ਸਾਹਿਬ’ ਦੀ ਬਾਣੀ ਨੂੰ ਵੱਖੋ-ਵੱਖਰੇ ਛੰਦਾਂ ਵਿਚ ਪੇਸ਼ ਕੀਤਾ ਗਿਆ ਹੈ। ਇਸ ਤਰ੍ਹਾਂ ਇਸ ਦੀ ਕਾਵਿਕ-ਬਣਤਰ ਛੰਦਾ-ਬੰਦੀ ’ਤੇ ਆਧਾਰਿਤ ਹੈ। ‘ਜਾਪੁ ਸਾਹਿਬ’ ਵਿਚ ਕੁਲ 199 ਛੰਦ ਹਨ ਅਤੇ ਕੁਲ ਦਸ ਪ੍ਰਕਾਰ ਦੇ ਛੰਦ-ਰੂਪ (ਛਪੈ, ਭੁਜੰਗ ਪ੍ਰਯਾਤ, ਚਾਚਰੀ, ਚਰਪਟ, ਰੂਆਲ, ਮੁਧਭਾਰ, ਭਗਵਤੀ, ਰਸਾਵਲ, ਹਰਿਬੋਲਮਨਾ ਅਤੇ ਏਕ ਅੱਛਰੀ) ਵਰਤੇ ਗਏ ਹਨ। ਇਨ੍ਹਾਂ ਛੰਦਾਂ ਦਾ ਸਰੂਪ ਵਧੇਰੇ ਕਰਕੇ ਛੋਟਾ ਅਤੇ ਤੀਬਰ ਗਤੀ ਵਾਲਾ ਹੈ। ਇਸ ਸੰਬੰਧੀ ਚਾਚਰੀ ਛੰਦ ਦੀ ਉਦਾਹਰਣ ਵੇਖੀ ਜਾ ਸਕਦੀ ਹੈ:
ਜਲੈ ਹੈਂ॥ ਥਲੈ ਹੈਂ॥ ਅਭੀਤ ਹੈਂ ॥ ਅਭੈ ਹੈਂ॥ (੬੨)
ਪ੍ਰਭੂ ਹੈਂ॥ ਅਜੂ ਹੈਂ॥ ਅਦੇਸ ਹੈਂ॥ ਅਭੇਸ ਹੈਂ॥ (੬੩)
ਸਦੀਵੀ ਸੱਚ ਦੀ ਉਸਤਤਿ ਦਾ ਇਹ ਸਾਹਿਤਕ ਪ੍ਰਵਚਨ, ਸ਼ਬਦਾਂ ਅਤੇ ਸ਼ਬਦ-ਰੂਪਾਂ ਨੂੰ ਛੰਦਾਂ ਦੀਆਂ ਮਾਤਰਾਵਾਂ ਅਤੇ ਸੰਖੇਪ ਸੰਚਾਰਾਤਮਕਤਾ ਦੀ ਵਿਆਕਰਨ ਵਿਚ ਬੰਨ੍ਹ ਕੇ ਪ੍ਰਸਤੁਤ ਕਰਦਾ ਹੈ। ਹਰੇਕ ਬੰਦ ਦੀ ਚਾਲ ਵਿਚ ਬੱਝੇ ਹੋਏ ਸ਼ਬਦ-ਰੂਪ ਜਦੋਂ ‘ਜਾਪੁ’ ਦੇ ਵਿਅਕਤੀਗਤ ਨਿਭਾਉ ਵਿਚੋਂ ਗੁਜ਼ਰਦੇ ਹਨ ਤਾਂ ਬੋਲਾਂ ਦੀ ਲੈਅ ਉਜਾਗਰ ਹੁੰਦੀ ਹੈ। ਸ਼ਬਦਾਂ ਅਤੇ ਸ਼ਬਦ-ਰੂਪਾਂ ਦਾ ਦੁਹਰਾਉ ਅਤੇ ਹਰੇਕ ਵਾਕੰਸ਼ ਜਾਂ ਵਾਕ ਵਿਚ ਧੁਨੀਆਤਮਕ ਲਗਾਤਾਰਤਾ ਇਕ ਅਜਿਹਾ ਨਾਦੀ ਵਾਤਾਵਰਨ ਸਿਰਜਦੀ ਹੈ, ਜਿਸ ਨਾਲ ਵਿਅਕਤੀ ਦੀ ਸੁਰਤ ਇਕਾਗਰਤਾ ਦਾ ਮਾਰਗ ਪਕੜ ਲੈਂਦੀ ਹੈ। ਇਕ ਤੋਂ ਮਗਰੋਂ ਦੂਜਾ ਛੰਦ ਜਦੋਂ ਲੈਆਤਮਕ ਤੇ ਸੰਗੀਤਮਈ ਬੋਲਾਂ ਨੂੰ ਬੁਲੰਦੀ ਪ੍ਰਦਾਨ ਕਰਦਾ ਹੈ ਤਾਂ ਵਿਅਕਤੀ ਅਨਹਦ-ਨਾਦੀ ਅਧਿਆਤਮਕ ਅਨੁਭਵ ਦੀ ਸੁਰਤ ਨੂੰ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਜਾਪੁ ਸਾਹਿਬ ਦੀ ਬਾਣੀ ਪੰਜਾਬੀ ਸਾਹਿਤ ਦੀ ਇਕ ਮਹੱਤਵਪੂਰਨ ਪ੍ਰਾਪਤੀ ਹੈ। ਇਸ ਦਾ ਪਾਠ ਪੰਜਾਬੀ ਸਾਹਿਤ ਦੀ ਅਧਿਆਤਕਮ ਅਨੁਭੂਤੀ ਦੇ ਪ੍ਰਵਚਨ ਨੂੰ ਸਿਰਜਦਾ ਹੈ।
ਵਿਅਕਤੀਗਤ ਪੱਧਰ ’ਤੇ ਇਹ ‘ਜਾਪੁ’ ਕਾਲ-ਯੁਕਤ ‘ਪੁਰਖ’(ਮਨੁੱਖ) ਅਤੇ ਸਦਾ ਅੰਗ-ਸੰਗ ‘ਅਕਾਲ ਪੁਰਖ’(ਪਰਮਾਤਮਾ) ਵਿਚਲੇ ਅੰਤਰ-ਸੰਬੰਧ ਨੂੰ ਪ੍ਰਸਤੁਤ ਕਰਦਾ ਹੈ। ਪਾਠ ਵਿਚਲੇ ਬਹੁਤ ਸਾਰੇ ਰੂਪਕ ਸੰਕਲਪ (ਨਮਸਤ੍ਵੰ, ਨਮਸਤੰ, ਨਮੋ, ਨਮਸਤਸਤੁ, ਤ੍ਵਪ੍ਰਸਾਦਿ) ਇਸ ਸੰਬੰਧ ਨੂੰ ਸਥਾਪਿਤ ਕਰਨ, ਬਣਾਈ ਰੱਖਣ ਤੇ ਮਜ਼ਬੂਤ ਬਣਾਉਣ ਦਾ ਯਤਨ ਕਰਦੇ ਹਨ। ਇਸ ਤਰ੍ਹਾਂ ਪਾਠ ਦੀ ਸੰਗੀਤਾਤਮਕ ਲੈਅ ਮਾਨਵੀ ਸੁਰਤ ਨੂੰ ਵਜੂਦਾਤਮਕ ਵਰਤਾਰੇ ਦੀ ਸੋਝੀ ਕਰਵਾ ਕੇ ਉਸ ਨੂੰ ਵਜੂਦਾਤਮਕ ਬੰਧਨਾਂ ਤੋਂ ਮੁਕਤ ਕਰਵਾਉਂਦੀ ਹੋਈ ਅਨਹਨਾਦੀ ਮੰਡਲਾਂ ਵਿਚ ਲੈ ਜਾਂਦੀ ਹੈ। ਇੱਥੇ ਉਸ ਨੁੰ ਕੇਵਲ ਪਰਮ ਸੱਤਾ ਦੀ ਸਰਬ-ਵਿਆਪਕਤਾ ਅਤੇ ਅੰਗ-ਸੰਗਤਾ ਦਾ ਅਨੁਭਵ ਹੁੰਦਾ ਹੈ। ਡਾ. ਹਰਜੀਤ ਸਿੰਘ ਗਿੱਲ ਅਨੁਸਾਰ, “ਇਹ ਅਜਿਹੀ ਕਾਵਿਕ-ਰਚਨਾ ਹੈ, ਜਿਹੜੀ ਸ਼ਕਤੀ ਤੇ ਜੋਸ਼ ਨਾਲ ਕੰਬਦੀ ਹੈ, ਜਿਸ ਨੂੰ ਗੂੰਜ ਨੂੰ ਇਨ੍ਹਾਂ ਲੈਆਤਮਕ ਸ਼ਬਦਾਂ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ, ਜਿਹੜੇ ਢੋਲ ’ਤੇ ਸੱਟ ਮਾਰਨ ਵਾਂਗ ਗੂੰਜਦੇ ਹਨ ਅਤੇ ਸੰਗੀਤਕ ਮੰਡਲੀ ਦੀ ਤਰ੍ਹਾਂ ਇਕ ਸੁਰ ਅਨੰਦਿਤ ਕਰਦੇ ਹਨ। ਇਸ ਲਈ ਜਿਹੜਾ ਵਿਅਕਤੀ ਨਾ ਤਾਂ ਸੰਸਕ੍ਰਿਤ ਜਾਣਦਾ ਹੈ ਅਤ ਨਾ ਹੀ ਅਰਬੀ-ਫ਼ਾਰਸੀ ਤੋਂ ਵਾਕਿਫ਼ ਹੈ, ਉਹ ਵੀ ਇਸਦੇ ਲੈਆਤਕਕ ਵਹਾਅ ਨਾਲ ਅਨੰਦਿਤ ਹੋ ਉਠਦਾ ਹੈ।"1 ਇਸ ਤਰ੍ਹਾਂ ‘ਜਾਪੁ’ ਕੇਵਲ ਇਕ ਜਗਿਆਸੂ ਨੂੰ ਹੀ ਆਤਮਿਕ ਮੰਡਲਾਂ ਵਿਚ ਨਹੀਂ ਪਹੁੰਚਾਉਂਦਾ, ਸਗੋਂ ਇਸਦੀ ਸੰਗੀਤਕ ਲੈਅ ਆਮ ਸਾਧਾਰਨ ਪਾਠਕ ਜਾਂ ਸਰੋਤੇ ਨੂੰ ਵੀ ਕੀਲ ਕੇ ਅਨੰਦਿਤ ਕਰ ਦਿੰਦੀ ਹੈ।
‘ਜਾਪੁ ਸਾਹਿਬ’ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਪ੍ਰਵੇਸ਼ੀ ਬਾਣੀ ਹੋਣ ਦੇ ਨਾਲ ਹੀ ਸਾਹਿਤਕ ਪੱਖ ਤੋਂ ਵਿਸ਼ੇਸ਼ ਮਹੱਤਵ ਦੀ ਇਸ ਕਰਕੇ ਵੀ ਲਖਾਇਕ ਹੈ ਕਿ ਇਹ ਹੀ ਇਕ ਅਜਿਹੀ ਰਚਨਾ ਹੈ, ਜਿਸ ਦੇ ਕਰਤ੍ਰਿਤਵ ਬਾਰੇ ਅੱਜ ਤਕ ਕਿਸੇ ਨੇ ਕੋਈ ਸੰਦੇਹ ਪ੍ਰਗਟ ਨਹੀਂ ਕੀਤਾ। ਗੁਰੂ ਗੋਬਿੰਦ ਸਿੰਘ ਜੀ ਹੀ ਇਸ ਬਾਣੀ ਦੇ ਬਾਣੀਕਾਰ ਹਨ। ਸੋ ਕਰਤ੍ਰਿਤਵ ਦੇ ਪੱਖ ਤੋਂ ਇਹ ਇਕ ਪ੍ਰਮਾਣਿਕ ਰਚਨਾ ਹੈ। ਮੱਧਕਾਲ ਦਾ ਪੰਜਾਬੀ ਸਾਹਿਤ ਲੌਕਿਕ ਅਤੇ ਪਰਾਲੌਕਿਕ ਦੋਵਾਂ ਤਰ੍ਹਾਂ ਦੇ ਵਸਤੂ-ਜਗਤ ਨੂੰ ਮਾਧਿਅਮ ਬਣਾਉਂਦਾ ਹੈ। ਲੌਕਿਕ/ਭੌਤਿਕ ਸਾਹਿਤ ਦਾ ਵਸਤੂ-ਜਗਤ ਦ੍ਰਿਸ਼ਮਾਨ ਰੂਪ ਵਿਚ ਨਜ਼ਰ ਆਉਂਦਾ ਉਹ ਸਾਰਾ ਵਸਤੂ ਜਗਤ ਹੈ, ਜੋ ਅੱਖਾਂ ਦੁਆਰਾ ਦੇਖਿਆ ਜਾ ਸਕਦਾ ਹੈ। ਇਸ ਲੌਕਿਕ ਵਸਤੂ-ਜਗਤ ਦੀ ਤਰਜਮਾਨੀ ਸਾਡੇ ਕਿੱਸਾ, ਵਾਰਾ, ਜੰਗਨਾਮਾ ਆਦਿ ਸਾਹਿਤ-ਰੂਪਾਂ ਵਿਚ ਹੋਈ ਮਿਲਦੀ ਹੈ। ਪੰਜਾਬੀ ਸਾਹਿਤ ਗੁਰਬਾਣੀ ਦੇ ਰੂਪ ਵਿਚ ਜਦੋਂ ਪਰਾ-ਭੌਤਿਕ ਅਤੇ ਪਰਾ-ਲੌਕਿਕ ਵਸਤੂ-ਜਗਤ ਨੂੰ ਆਪਣਾ ਵਿਸ਼ਾ ਬਣਾਉਂਦਾ ਹੈ ਤਾਂ ਅਧਿਆਤਮਕ ਸਾਹਿਤ ਦੀ ਸਿਰਜਣਾ ਹੁੰਦੀ ਹੈ। ਅਜਿਹਾ ਵਸਤੂ-ਜਗਤ ਦ੍ਰਿਸ਼ਟਮਾਨ ਰੂਪ ’ਚ ਨਾ ਦਿੱਸਣ ਕਰਕੇ ਅੱਖਾਂ ਦੀ ਸ਼ਕਤੀ ਨਾਲ ਨਹੀਂ ਦੇਖਿਆ ਜਾ ਸਕਦਾ। ਇਸ ਅਦ੍ਰਿਸ਼ਟ ਨੂੰ ਦ੍ਰਿਸ਼ਮਾਨ ਕਰਨ ਲਈ ਦਿੱਬ-ਦ੍ਰਿਸ਼ਟੀ ਦੀ ਲੋੜ ਪੈਂਦੀ ਹੈ, ਕਿਉਂਕਿ ਬਹੁ-ਪਰਤੀ ਸੰਚਾਰਾਤਮਕਤਾ (ਸੰਦੇਸ਼) ਦਾ ਧਾਰਨੀ ਅਧਿਆਤਮਕ ਸਾਹਿਤ ਇਕ ਜਟਿਲ ਸਾਹਿਤਕ ਸਿਰਜਣਾ ਦੇ ਰੂਪ ਵਿਚ ਵਿਚਰਦਾ ਹੈ। ‘ਜਾਪੁ ਸਾਹਿਬ’ ਵੀ ਗੁਰਬਾਣੀ ਦੀ ਪਰੰਪਰਾ ਵਾਂਗ ਅਤੇ ਇਸੇ ਅਨੁਸਾਰੀ ਅਧਿਆਮਕ ਸੰਚਾਰਾਤਮਿਕਤਾ ਵਾਲੇ ਪ੍ਰਵਚਨ ਨੂੰ ਹੀ ਆਪਣਾ ਵਿਸ਼ਾ ਬਣਾਉਂਦਾ ਹੈ। ਇਸ ਵਿਚ ਵੀ ਸਦੀਵੀ ਸੱਚ ਦੀ ਵਡਿਆਈ ਲਈ ਵਿਸ਼ੇਸ਼ਣੀ ਰੂਪਾਂ ਨੂੰ ਖ਼ੂਬਸੂਰਤ ਸ਼ਾਬਦਿਕ ਲੜੀਆਂ ਵਿਚ ਪਰੋਇਆ ਗਿਆ ਹੈ। ਇਹ ਰਚਨਾ ਬਾਣੀ ਦੀ ਪਰੰਪਰਾ ਦੇ ਅੰਗ ਵਜੋਂ ਵਿਕਸਤ ਹੋ ਕੇ ਆਪਣਾ ਸੁਤੰਤਰ ਸਾਹਿਤਕ ਮੁਹਾਂਦਰਾ ਅਤੇ ਬਹੁ-ਪਾਸਾਰੀ ਮਹੱਤਵ ਬਣਾਉਂਦੀ ਹੈ।
3. ਧਾਰਮਿਕ ਅਤੇ ਦਾਰਸ਼ਨਿਕ ਮਹੱਤਵ
ਸਿੱਖ ਧਾਰਮਿਕ ਪਰੰਪਰਾ ਵਿਚ ‘ਜਾਪੁ ਸਾਹਿਬ’ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਸਮੁੱਚੇ ਸਿੱਖ ਧਾਰਮਿਕ ਜਗਤ ਦਾ ਮੱਤ ਹੈ ਕਿ ਜਿਵੇਂ ‘ਜਪੁਜੀ ਸਾਹਿਬ’ ਦੀ ਪਦਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਦੀ ਹੈ, ਉਸੇ ਤਰ੍ਹਾਂ ਸਿੱਖ ਵਿਦਵਾਨਾਂ ਅਤੇ ਸਿੱਖ ਸੰਪ੍ਰਦਾਵਾਂ ਦੀ ਧਾਰਨਾ ਹੈ ਕਿ ‘ਜਾਪੁ ਸਾਹਿਬ’ ਬਾਣੀ ਦੀ ਪਦਵੀ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ‘ਜਾਪੁ ਨੀਸਾਣ’ ਵਾਲੀ ਹੈ। ਜੇ ‘ਜਪੁਜੀ ਸਾਹਿਬ’ ਸਮੁੱਚੇ ਸਿੱਖ ਦਰਸ਼ਨ , ਸਿੱਖ ਸਿਧਾਂਤ ਅਤੇ ਸਿੱਖ ਸੋਚ ਦੀ ਅਧਾਰ-ਸ਼ਿਲਾ ਹੈ ਤਾਂ ‘ਜਾਪੁ ਸਾਹਿਬ’ ਉਸ ਸਿਧਾਂਤ ਨੂੰ ਬਾਣੀ ਰੂਪ ਵਿਚ ਪ੍ਰਗਟਾਉਣ ਅਤੇ ਵਿਸਥਾਰਨ ਵਾਲਾ ਵਿਹਾਰਕ ਨਿਭਾਉ ਹੈ। ਬੌਧਿਕ ਦ੍ਰਿਸ਼ਟੀਕੋਣ ਤੋਂ ‘ਜਾਪੁ ਸਾਹਿਬ’ ਨੂੰ ਦੇਖਿਆਂ ਇਹ ਨਿਰੋਲ ਦਰਸ਼ਨ-ਸ਼ਾਸਤਰ ਜਾਪਦਾ ਹੈ, ਕਿਉਂਕ ਇਸ ਵਿਚ ਡੂੰਘੇ ਅਧਿਆਤਮਕ ਅਨੁਭਵ ਦੀ ਅਭਿਵਿਅਕਤੀ ਪੂਰੀ ਚਰਮ ਸੀਮਾ ਉੱਤੇ ਹੈ। ਇਹੀ ਕਾਰਨ ਹੈ ਕਿ ਸਿੱਖ ਅਧਿਆਤਮਕ ਜੀਵਨ ਵਿਚ ਇਹ ਬਾਣੀ ਮਹੱਤਵਪੂਰਨ ਸਥਾਨ ਰੱਖਦੀ ਹੈ। ਸਿੱਖ ਧਾਰਮਿਕ ਪਰੰਪਰਾ ਅਨੁਸਾਰ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਵਿਚ ਸ਼ਾਮਲ ਹੋਣ ਦੇ ਨਾਲ-ਨਾਲ ਇਹ ਬਾਣੀ ਰੋਜ਼ਾਨਾ ਦੇ ਨੇਮ ਕਰਨ ਭਾਵ ਨਿਤਨੇਮ ਦਾ ਭਾਗ ਹੈ। ਸਿੱਖ ਪਰੰਪਰਾਵਾਂ ਵਾਲੇ ਰਹਿਤਨਾਮਿਆਂ ਅਨੁਸਾਰ ਸਿੱਖ ਰਹਿਤ-ਮਰਿਆਦਾ ਵਿਚ ਗੁਰੂ ਸਾਹਿਬ ਵੱਲੋਂ ਇਹ ਹਦਾਇਤ ਸਪੱਸ਼ਟ ਰੂਪ ’ਚ ਕੀਤੀ ਗਈ ਹੈ ਕਿ ਹਰੇਕ ਸਿੱਖ ਰੋਜ਼ਾਨਾ ਘੱਟ ਤੋਂ ਘੱਟ ‘ਜਪੁਜੀ’ ਤੇ ‘ਜਾਪੁ ਸਾਹਿਬ’ ਦਾ ਪਾਠ ਜ਼ਰੂਰ ਕਰੇ।
ਸਿੱਖ ਧਾਰਮਿਕ ਪਰੰਪਰਾ ਵਿੱਚ ‘ਬਾਣੀ’ ਜਦੋਂ ਸਿਧਾਂਤ ਤੋਂ ਵਿਹਾਰ ਦਾ ਅੰਗ ਬਣਦੀ ਹੈ ਤਾਂ ਇਹ ਵਿਹਾਰ ਦੋ ਤਰ੍ਹਾਂ ਦਾ ਹੋ ਸਕਦਾ ਹੈ: ਅਨੁਸ਼ਠਾਨੀ ਅਤੇ ਅਧਿਆਤਮਕ। ਨਿਤਨੇਮੀ ਵਿਹਾਰ ਜੇ ਬਾਣੀ ਦੇ ਸੱਖਣੇ ਉਚਾਰਨ ਤਕ ਹੀ ਸੀਮਤ ਰਹਿੰਦਾ ਹੈ ਤਾਂ ਇਹ ਅਨੁਸ਼ਠਾਨੀ ਪ੍ਰਕਿਰਿਆ ਬਣ ਕੇ ਰਹਿ ਜਾਂਦਾ ਹੈ ਪਰੰਤੂ ਭਾਵਾਂ-ਭਾਵਨਾਵਾਂ, ਨਿਸ਼ਚਿਆਂ ਅਤੇ ਨਿਸ਼ਠਾ-ਆਧਾਰਿਤ ਬਾਣੀ ਦਾ ਉਚਾਰਨ ਜੇ ਸੁਰਤ ਨੂੰ ਸੁਰਜੀਤ ਕਰਦਾ ਹੈ ਤਾਂ ਇਹ ਅਧਿਆਤਮਕ ਵਿਹਾਰ ਦਾ ਰੂਪ ਧਾਰਨ ਕਰ ਲੈਂਦਾ ਹੈ। ਵਾਸਤਵਿਕਤਾ ਇਹ ਹੈ ਕਿ ਵਿਹਾਰਕ ਪੱਧਰ ’ਤੇ ਬਾਣੀ ਦਾ ਭਾਵ-ਜੁਗਤ ਦੀ ਸੋਝੀ ਅਨੁਸਾਰ ਨਿਸ਼ਠਾ-ਸਹਿਤ ਕੀਤਾ ਗਿਆ ਨਿਤਨੇਮ ਹੀ ਅਧਿਆਤਮਕ ਵਿਹਾਰ ਬਣਦਾ ਹੈ, ਨਹੀਂ ਤਾਂ ਇਹ ਫੋਕਾ ਅਨੁਸਠਾਨੀ ਕਰਮ-ਕਾਂਡ ਬਣ ਕੇ ਰਹਿ ਜਾਂਦਾ ਹੈ। ਇਸ ਲਈ ਜੇਕਰ ਗੁਰਬਾਣੀ ਦੇ ਸਿਧਾਂਤਾਂ ’ਤੇ ਆਧਾਰਿਤ ਨਿਤਨੇਮੀ ਵਿਹਾਰ ਸੁਰਤ ਨੂੰ ਸੁਰਜੀਤ ਕਰਨ ਵਾਲੇ ਭਾਵਾਂ, ਭਾਵਨਾਵਾਂ ਅਤੇ ਭਰੋਸੇ ਤੋਂ ਸੱਖਣਾ ਹੋਵੇਗਾ ਤਾਂ ਇਹ ਮਕਾਨਕੀ ਕਰਮ ਹੀ ਬਣਿਆ ਰਹੇਗਾ ਅਤੇ ਅਜਿਹਾ ਮਕਾਨਕੀ ਕਰਮ ਮਨੁੱਖ ਦੀ ਸੁਰਤ ਨੂੰ ਕੋਈ ਵੀ ਸੇਧ ਪ੍ਰਦਾਨ ਨਹੀਂ ਕਰੇਗਾ। ਇਸ ਤਰ੍ਹਾਂ ਸਿੱਖ ਧਾਰਮਿਕ ਪਰੰਪਰਾ ਅਨੁਸਾਰ ਜਦੋਂ ‘ਜਾਪੁ ਸਾਹਿਬ’ ਨੁੰ ਵਿਹਾਰਕ ਅਮਲ ਦੀ ਪ੍ਰਕਿਰਿਆ ਨਾਲ ਸੰਬੰਧਿਤ ਕਰਦੇ ਹਾਂ ਤਾਂ ਇਹ ਕੋਈ ਮਕਾਨਕੀ ਕਿਸਮ ਦਾ ਅਨੁਸ਼ਠਾਨੀ ਕਰਮ ਨਹੀਂ, ਬਲਕਿ ਭਾਵਾਂ ਤੇ ਭਾਵਨਾਵਾਂ ਨਾਲ ਭਰਪੂਰ ਅਮਲ ਹੈ। ਇਸ ਅਮਲ ਦਾ ਧਾਰਨੀ ਮਨੁੱਖ ਆਪਣੀਆਂ ਵਜੂਦਾਤਮਕ ਸੀਮਾਵਾਂ ਤੋਂ ਸੁਚੇਤ ਹੋ ਕੇ, ਕਾਲ ਦੀਆਂ ਸੀਮਾਵਾਂ ਤੋ ਪਾਰ ਵਜੂਦ-ਰਹਿਤ ਸਦੀਵੀ ਸੱਚ ਅਕਾਲ ਪੁਰਖ ਨਾਲ ਇਕਸੁਰ ਹੋਇਆ, ਅਭੇਦਤਾ ਪ੍ਰਾਪਤ ਕਰ ਲੈਂਦਾ ਹੈ। ‘ਜਾਪੁ ਸਾਹਿਬ’ ਦਾ ਭਾਵਨਾ-ਭਰਪੂਰ ਵਿਹਾਰਕ ਅਮਲ ਹੀ ਇਸ ਬਾਣੀ ਨੂੰ ਅੰਮ੍ਰਿਤ ਸੰਚਾਰ ਦੌਰਾਨ ਖੰਡੇ ਦੀ ਪਾਹੁਲ ਤਿਆਰ ਕਰਦੇ ਸਮੇਂ ਅਨਿਵਾਰੀ ਅਤੇ ਮਹੱਤਵਪੂਰਨ ਹਿੱਸਾ ਬਣਾਉਂਦਾ ਹੈ।
ਜੇ ਸਿੱਖ ਧਰਮ ਦੇ ਇਤਿਹਾਸ ’ਤੇ ਨਜ਼ਰ ਮਾਰੀ ਜਾਵੇ ਤਾਂ ਇਸ ਬਾਣੀ ਦਾ ਮਹੱਤਵ ਹੋਰ ਵੀ ਸਪੱਸ਼ਟ ਰੂਪ ਵਿਚ ਸਾਹਮਣੇ ਆਉਂਦਾ ਹੈ। ਪਹਿਲੀ ਵਾਰ ਖ਼ਾਲਸਾ ਸਿਰਜਣਾ ਵੇਲੇ ਅੰਮ੍ਰਿਤ ਸੰਚਾਰ ਦੀ ਪ੍ਰਕਿਰਿਆ ਦੌਰਾਨ ਖੰਡੇ ਦੀ ਪਾਹੁਲ ਤਿਆਰ ਕਰਦਿਆਂ ਜਿੱਥੇ ਮਾਤਾ ਸਾਹਿਬ ਕੌਰ ਵੱਲੋਂ ਮਿਠਾਸ ਰੂਪ ਪਤਾਸੇ ਪਾਏ ਗਏ, ਉਥੇ ਪੰਜ ਵੱਖ-ਵੱਖ ਬਾਣੀਆਂ (ਜਪੁਜੀ, ਜਾਪੁ ਸਾਹਿਬ , ਤ੍ਵਪ੍ਰਸਾਦਿ ਸਵੈਯੇ, ਬੇਨਤੀ ਚੌਪਈ, ਅਨੰਦ ਸਾਹਿਬ) ਦਾ ਪਾਠ ਅਰਥਾਤ ਜਾਪੁ ਵੀ ਕੀਤਾ ਗਿਆ। ਇਸ ਅਨੁਸ਼ਠਾਨੀ ਜਾਪ ਅਧਿਆਤਮਕ ਪ੍ਰਕਿਰਿਆ ਨਾਲ ਅੰਮ੍ਰਿਤ-ਰੂਪੀ ਖੰਡੇ ਦੀ ਪਾਹੁਲ ਤਿਆਰ ਹੋਈ। ਇਸ ਅੰਮ੍ਰਿਤ-ਮਈ ਖੰਡੇ ਦੀ ਪਾਹੁਲ ਦੀ ਬਖ਼ਸ਼ਿਸ ਸਦਕਾ ਹੀ ਖ਼ਾਲਸਾ ਪੰਥ ਨੇ ਵਜੂਦ ਗ੍ਰਹਿਣ ਕੀਤਾ। ਇਸ ਲਈ ਮਾਨਵੀ ਜੀਵਨ ਜੇਕਰ ਇਕ ਸੰਗਰਾਮ ਹੈ ਤਾਂ ‘ਜਾਪੁ ਸਾਹਿਬ’ ਇਸ ਸੰਘਰਸ਼ੀ ਕਰਮ ਲਈ ਤਿਆਰ ਕਰਨ ਹਿੱਤ ਇਕ ਅਜਿਹਾ ਅਭਿਆਸ ਹੈ, ਜੋ ਪ੍ਰਕਾਸ਼ਮਈ ਤੀਬਰ ਗਤੀ ਅਤੇ ਸ਼ਕਤੀ ਪ੍ਰਦਾਨ ਕਰਦਾ ਹੈ।
‘ਜਾਪੁ ਸਾਹਿਬ’ ਉਸ ਪਰਮਸੱਤਾ, ਜਿਸਦਾ ਕੋਈ ਆਕਾਰ, ਰੂਪ, ਚਕ੍ਰ, ਚਿਹਨ ਤੇ ਜਾਤ-ਬਰਾਦਰੀ ਨਹੀਂ, ਕਿਰਪਾ ਲਈ ਬੇਨਤੀ ਨਾਲ ਆਰੰਭ ਹੁੰਦਾ ਹੈ ਅਤੇ ਇਸ ਦਾ ਅੰਤ ਉਸ ਸਦੀਵੀ ਸੱਚ ਅੰਗ-ਸੰਗ ਅਕਾਲ ਪੁਰਖ ਅੱਗੇ ਨਮਸਕਾਰ ਨਾਲ ਹੁੰਦਾ ਹੈ, ਜੋ ਅਸੀਮ ਸ਼ਕਤੀਆਂ ਦਾ ਮਾਲਕ ਹੈ, ਆਪ ਵਜੂਦ-ਰਹਿਤ ਹਸਤੀ ਹੋਣ ਦੇ ਫ਼ਲਸਰੂਪ ਸਾਰੀ ਕਾਇਨਾਤ ਨੂੰ ਵਜੂਦ ਬਖਸ਼ਦਾ ਹੋਇਆ ਉਸ ਦੀ ਰੱਖਿਆ ਵੀ ਕਰਦਾ ਹੈ। ਸਿੱਖ ਜਦੋਂ ਜਾਪੁ ਦੀ ਪ੍ਰਕਿਰਿਆ ਦੇ ਵਿਹਾਰਕ ਅਮਲ ਵਿਚ ਪੈਂਦਾ ਹੈ ਤਾਂ ਉਹ ਅਕਾਲ ਪੁਰਖ ਨੂੰ ਨਤਮਸਤਕ ਹੁੰਦਾ ਹੋਇਆ ਉਸਦੀ ਵਡਿਆਈ ਦਾ ਵਿਖਿਆਨ ਕਰਦਾ ਹੈ। ਅਕਾਲ ਪੁਰਖ ਦੀ ਵਡਿਆਈ ਨਾਲ ਮਨੁੱਖ ਨੂੰ ਜਿਸ ਹੋਂਦ-ਹਸਤੀ ਦਾ ਅਹਿਸਾਸ ਅਰਥਾਤ ਅਧਿਆਤਮਕ ਅਨੁਭਵ ਪ੍ਰਾਪਤ ਹੁੰਦਾਹੈ, ਉਸ ਦੇ ਨਾਲ-ਨਾਲ ਉਸ ਨੂੰ ਮਾਨਵੀ ਹੋਂਦ-ਹਸਤੀ ਦੀ ਤੁੱਛਤਾ ਅਤੇ ਵਜੂਦਾਤਮਕ ਸੀਮਾ ਦਾ ਅਹਿਆਸ ਅਤੇ ਬੋਧ ਵੀ ਹੁੰਦਾ ਹੈ। ਇਸ ਤਰ੍ਹਾਂ ਦੇ ਬੌਧਿਕ ਅਨੁਭਵ ਨਾਲ ਹੳਮੈਂ ਦੀ ਨਵਿਰਤੀ ਵਿਚ ਮਦਦ ਮਿਲਦੀ ਹੈ। ‘ਜਾਪੁ’ ਦੁਆਰਾ ਸਰਬ-ਸ਼ਕਤੀਮਾਨ ਅਤੇ ਸਰਬ-ਗੁਣਾਂ ਨਾਲ ਸੰਪੂਰਨ ‘ਅਕਾਲ ਪੁਰਖ’ ਨਾਲ ਸੁਰਤ-ਸੰਬੰਧ ਜੁੜਨ ਸਦਕਾ ਮਨੁੱਖ ਸਦੀਵੀ ਸੱਚ ਬਾਰੇ ਚੇਤੰਨ ਹੋ ਜਾਂਦਾ ਹੈ। ਸਮੁੱਚੇ ਬਾਣੀ ਵਿਚ ਸਿੱਖ, ਅਕਾਲ ਪੁਰਖ ਦੇ ਸਰਗੁਣ (ਮਾਇਆ ਦੇ ਤਿੰਨਾਂ ਗੁਣਾਂ ਰਜੋ, ਤਮੋ ਤੇ ਸਤੋ ਵਿਚ ਵਿਆਪਕ) ਅਤੇ ਨਿਰਗੁਣ ( ਮਾਇਆ ਦੇ ਤਿੰਨਾ ਗੁਣਾਂ ਤੋਂ ਮੁਕਤ) ਦੋਵਾਂ ਸਰੂਪਾਂ ਨੂੰ ਵਾਚਕ-ਨਾਵਾਂ (ਵਿਸ਼ੇਸ਼ਣਾਂ) ਦੁਆਰਾ ਬਿਆਨ ਕਰਦਾ ਹੈ। ਵੇਖਣ ਨੂੰ ਭਾਵੇਂ ਇਹ ਦੋਵੇਂ ਸਰੂਪ ਵੱਖਰੇ-ਵੱਖਰੇ ਅਤੇ ਪਰਸਪਰ ਵਿਰੋਧੀ ਜਾਪਦੇ ਹਨ, ਪਰੰਤੂ ਅਮਲ ਵਿਚ ਇਹ ਪਰਸਪਰ ਸੰਬੰਧਿਤ ਹਨ। ਅਸਲ ਵਿਚ ਅਕਾਲ ਪੁਰਖ ਦਾ ਸਰਗੁਣ ਸਰੂਪ ਨਿਰਗੁਣ ਅਕਾਲ ਪੁਰਖ ਦਾ ਹੀ ਸਵੈ-ਇੱਛਾ ਅਧੀਨ ਪਸਰਿਆ ਹੋਇਆ ਪਸਾਰਾ ਹੈ ਅਤੇ ਉਹ ਆਪ ਇਸ ਅੰਦਰ ਗੁਪਤ ਰੂਪ (ਗੈਬੁਲ-ਗੈਬ) ਵਿਚ ਵਿਆਪਕ ਹੈ। ਇਸ ਲਈ ਅਕਾਲ ਪੁਰਖ ਜਦੋਂ ਚਾਹਵੇ ਇਸ ਦ੍ਰਿਸ਼ਟਮਾਨ ਪਸਾਰੇ ਨੂੰ ਆਪਣੇ ਨਿਰਗੁਣ ਸਰੂਪ ਵਿਚ ਹੀ ਲੀਨ ਕਰ ਲੈਂਦਾ ਹੈ।
ਸਿੱਖ (ਪੁਰਖ) ਦ੍ਰਿਸ਼ਟਮਾਨ ਕੁਦਰਤੀ ਪਸਾਰੇ ਵਿਚ ਵਿਆਪਕ ਅਤੇ ਰਮੇ ਹੋਏ ਅਦ੍ਰਿਸ਼ਟ ਕਾਦਰ (ਅਕਾਲ ਪੁਰਖ) ਦੀ ਹੋਂਦ ਨੂੰ ਅਨੁਭਵ ਕਰਨ ਲਈ ਇਕ ਪਾਸੇ ਉਸ ਦੇ ਗੁਣਾਂ ਅਤੇ ਕਰਮਾਂ ਦੇ ਆਧਾਰ ’ਤੇ ਸਰਗੁਣ ਨਾਵਾਂ ਨਾਲ ਉਸ ਦੀ ਸਿਫ਼ਤ-ਸਾਲਾਹ ਕਰਦਾ ਹੈ ਅਤੇ ਦੂਜੇ ਪਾਸੇ ਨਾਲੋ-ਨਾਲ ਅਕਾਲ ਪੁਰਖ ਦੇ ਨਿਰਗੁਣ ਸਰੂਪ ਦੇ ਨਾਵਾਂ ਨਾਲ ਵੀ ਉਸ ਦੀ ਉਸਤਤੀ ਕਰਦਾ ਹੈ। ਨਿਰਗੁਣ-ਸਰੂਪ ‘ਪਰਮਸੱਤਾ’ ਦੀ ਸੁੰਨ-ਸਮਾਧ ਅਵਸਥਾ ਦਾ ਲਖਾਇਕ ਹੈ, ਜੋ ਮਨੁੱਖੀ ਸਮਝ ਦੀ ਪਹੁੰਚ ਅਤੇ ਪਕੜ ਤੋਂ ਬਾਹਰ ਹੈ। ‘ਪੁਰਖ’ ਦੇ ਸਨਮੁੱਖ ‘ਅਕਾਲਪੁਰਖ’ ਦੀ ਇਹ ਅਵਸਥਾ, ਪੁਰਖ ਦੀਆਂ ਵਜੂਦਾਤਮਕ ਸੀਮਾਵਾਂ ਨੂੰ ਸਪੱਸ਼ਟ ਕਰਦੀ ਹੈ। ਅਕਾਲ ਪੁਰਖ ਦੇ ਕਰਮ ਨਾਵਾਂ ਦਾ ਵਰਣਨ ਕਰਦਿਆਂ ਜਦੋਂ ੳਹ ਇਸ ਹਕੀਕਤ ਤੋਂ ਵਾਬਸਤਾ ਹੁੰਦਾ ਹੈ ਕਿ ਜੇਕਰ ਨਿਰੰਕਾਰ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਦੀ ਅਜਿਹੀ ਹੋਂਦ-ਹਸਤੀ ਹੀ ਨਹੀਂ ਹੈ ਤਾਂ ਫਿਰ ਕਿਸ ਤਰ੍ਹਾਂ ਕੋਈ ਨਿਰੰਕਾਰ ਦੇ ਸਰੂਪ ਦਾ ਕਥਨ ਕਰ ਸਕਦਾ ਹੈ। ਇਸ ਲਈ ਆਖ਼ਰ ਵਿਚ ਉਹ ਉਸ ਪਰਮ ਸੱਤਾ ਅਕਾਲ ਪੁਰਖ ਅੱਗੇ ‘ਸਦਾ ਅੰਗ ਸੰਗ’ ਹੋਣ ਦੀ ਅਰਦਾਸ ਕਰਦਾ ਹੈ। ਸਦਾ ਅੰਗ- ਸੰਗ ਉਹ ਹੀ ਹੋ ਸਕਦਾ ਹੈ, ਜੋ ਆਪ ਸਰਬ-ਵਿਆਪਕ, ਸਰਬ-ਸਿਰਜਕ, ਸਰਬ-ਪ੍ਰਤਿਪਾਲਕ ਅਤੇ ਸਰਬ-ਸੰਘਾਰਕ ਹੈ। ਸਦਾ ਅੰਗ-ਸੰਗ ਹੋਣ ਦੀ ਅਰਦਾਸ ਮਾਨਵੀ ਸੁਰਤ ਦੇ ਸਦੀਵੀ ਸੱਚ ਨਾਲ ਇਕਸੁਰ ਤੇ ਅਭੇਦ ਹੋਣ ਦੀ ਅਵਸਥਾ ਦਾ ਪ੍ਰਗਟਾਵਾ ਹੈ, ਜਿੱਥੇ ਮਾਨਵੀ ਸੁਰਤ ਆਪਣੀ ਵਜੂਦਾਤਮਕ ਸੀਮਾ ਨੂੰ ਪਛਾਣ ਕੇ ਵਜੂਦ ਤੋਂ ਉਪਰ ਉਠ ਕੇ ਵਜੂਦ-ਰਹਿਤ ਹਸਤੀ (ਅਕਾਲ ਪੁਰਖ) ਨਾਲ ਅਭੇਦ ਹੋ ਜਾਂਦੀ ਹੈ।
4. ਸਭਿਆਚਾਰਕ ਮਹੱਤਵ
ਭਾਰਤ ਦੇ ਇਤਿਹਾਸ ਵਿਚ ਖ਼ਾਲਸੇ ਦੀ ਸਿਰਜਣਾ ਨੇ ਇਕ ਗੋਰਵਮਈ ਸਭਿਆਚਾਰ ਨੂੰ ਜਨਮ ਦਿੱਤਾ। ਬਾਅਦ ਵਿਚ ਇਸ ਨੇ ਆਪਣੀ ਪਹਿਚਾਣ ਸਿੱਖ ਸੱਭਿਆਚਾਰ ਦੇ ਰੂਪ ਵਿਚ ਬਣਾਈ। ਇਸ ਸਭਿਆਚਾਰ ਦੀ ਪਰੰਪਰਾ ਦਾ ਬੀਜ ਗੁਰੂ ਨਾਨਕ ਦੇਵ ਜੀ ਦੇ ਆਗਮਨ ਅਤੇ ਉਨ੍ਹਾਂ ਦੁਆਰਾ ਬਖ਼ਸ਼ੀ ਬਾਣੀ ਦੁਆਰਾ ਬੀਜਿਆ ਗਿਆ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਹੀ ਜੋਤਿ-ਸਰੂਪ ਬਾਕੀ ਨੌ ਗੁਰੂ ਸਾਹਿਬਾਨ ਤਕ ਵਿਗਸਦੀ ਹੋਈ ਇਹ ਪਰੰਪਰਾ ਭਾਰਤੀ ਸਮਾਜ ਵਿਚ ਆਪਣਾ ਵਿਲੱਖਣ ਰੁਤਬਾ ਅਤੇ ਸਥਾਨ ਧਾਰਨ ਕਰ ਗਈ। ਪਰੰਤੂ ਇਸ ਦਾ ਸਪੱਸ਼ਟ ਤੇ ਸਾਕਾਰ ਰੂਪ ਜਾਂ ਦੂਜੇ ਸ਼ਬਦਾਂ ਵਿਚ ਇਸ ਸਭਿਆਚਾਰ ਦਾ ਪ੍ਰਤੱਖ ਰੂਪ ‘ਖ਼ਾਲਸਾ-ਸਿਰਜਣਾ’ ਨਾਲ ਹੀ ਵਿਦਮਾਨ ਹੁੰਦਾ ਹੈ। ਗੁਰੂ ਸਾਹਿਬਨ ਤੋਂ ਮਗਰਲੇ ਸਮੇਂ ਦੌਰਾਨ ਪੜਾਅ-ਦਰ-ਪੜਾਅ ਇਹ ਸਮਾਜਿਕ ਸਮੂਹ ਸਿੱਖ ਸਮਾਜ ਦੇ ਰੂਪ ਵਿਚ ਨਿਵੇਕਲੀ ਪਹਿਚਾਣ ਪ੍ਰਾਪਤ ਕਰਕੇ ਸਿੱਖ ਕੌਮ ਵਜੌਂ ਸੰਗਠਿਤ ਹੋ ਗਿਆ। 1699ਈ. ਦੀ ਵਿਸਾਖੀ ਨੂੰ ਖ਼ਾਲਸਾ ਸਿਰਜਣਾ ਸਮੇਂ ‘ਜਾਪੁ ਸਾਹਿਬ’ ਦਾ ਸਭਿਆਚਾਰਕ ਮਹੱਤਵ ਉਦੋਂ ਉਦੈ ਹੋਇਆ, ਜਦੋਂ ਅੰਮ੍ਰਿਤ ਤਿਆਰ ਕਰਦਿਆਂ ਜਪੁਜੀ ਸਾਹਿਬ, ਤ੍ਵਪ੍ਰਸਾਦਿ ਸਵੈਯੇ, ਬੇਨਤੀ ਚੌਪਈ ਅਤੇ ਅਨੰਦ ਸਾਹਿਬ ਆਦਿ ਬਾਣੀਆਂ ਦੇ ਨਾਲ ਇਸ ਬਾਣੀ ਦੇ ਪਾਠ ਨੂੰ ਉਚਾਰਨ ਦਾ ਆਦੇਸ਼ ਵੀ ਗੁਰੂ ਸਾਹਿਬ ਨੇ ਦਿੱਤਾ। ਇਸ ਤਰ੍ਹਾਂ ਸਿੱਖ ਸਭਿਆਚਾਰ ਵਿਚ ਪਰੰਪਰਾ ਅਨੁਸਾਰ ਅੰਮ੍ਰਿਤ-ਸੰਚਾਰ ਦੀ ਪ੍ਰਕਿਰਿਆ ਦੌਰਾਨ ‘ਜਾਪੁ ਸਾਹਿਬ’ ਦੇ ਪਾਠ ਦਾ ਉਚਾਰਨ ਇਕ ਲਾਜ਼ਮੀ ਧਾਰਮਿਕ ਨਿਭਾਉ ਬਣ ਗਿਆ।
“ਖ਼ਾਲਸਾਈ ਜੀਵਨ ਸਿਧਾਂਤ, ਖ਼ਾਲਸਈ ਜਜ਼ਬੇ ਤੇ ਖ਼ਾਲਸਈ ਜੀਵਨ-ਦ੍ਰਿਸ਼ਟੀਕੋਣਾਂ ਨੂੰ ਇਹ ਬਾਣੀ ਬਹੁਤ ਜ਼ਿਆਦਾ ਤੀਖਣਤਾ ਨਾਲ ਪ੍ਰਤੀਬਿੰਬਤ ਕਰਦੀ ਹੈ। ਇਸ ਬਾਣੀ ਦੀ ਜਾਪ ਪ੍ਰਕਿਰਿਆ ਅਤੇ ਭਾਵ-ਜੁਗਤ ਖ਼ਾਲਸਾਈ ਸ਼ਖ਼ਸੀਅਤ ਦੇ ਆਦਰਸ਼ ਨੂੰ ਪਰਮ ਸੱਤਾ ਵਾਹਿਗੁਰੂ ਸਰੂਪ ਨਾਲ ਇਕਮਿਕ ਕਰ ਦਿੰਦੀ ਹੈ।2 ਸਮੁੱਚੀ ਗੁਰਬਾਣੀ ਜਿਸ ਮਾਨਵੀ ਸੋਚ, ਸੁਰਤ ਅਤੇ ਜੀਵਨ-ਜਾਚ ਨੂੰ ਜਨਮ ਦਿੰਦੀ ਹੈ, ਉਸਦਾ ਸਿਧਾਂਤਕ ਬੀਜ ਤਾਂ ‘ਜਪੁਜੀ ਸਾਹਿਬ’ ਵਿਚ ਨਿਰੂਪਤ ਹੋਇਆ ਹੈ, ਪਰ ਇਸ ਸੋਚ ਅਤੇ ਸੁਰਤ ਦਾ ਵਿਹਾਰਕ ਨਿਭਾ ‘ਜਾਪੁ ਸਾਹਿਬ’ ਵਿਚ ਸਾਕਾਰ ਹੁੰਦਾ ਹੈ। ਸਿੱਖ ਰਹਿਤ-ਮਰਿਆਦਾ ਅਨੁਸਾਰ ਹਰ ਅੰਮ੍ਰਿਤਧਾਰੀ ਸਿੰਘ ਅਤੇ ਸਧਾਰਨ ਸਿੱਖ ਨੂੰ ਰੋਜ਼ਾਨਾ ਨੇਮ ਅਨੁਸਾਰ ਇਸ ਬਾਣੀ ਦੇ ਪਠਨ ਦਾ ਹੁਕਮ ਹੈ। ਇਸ ਤਰ੍ਹਾਂ ਇਹ ਬਾਣੀ ਸਿੱਖਾਂ ਦੇ ਨਿਤਨੇਮ ਦਾ ਮਹੱਤਵਪੂਰਨ ਅੰਗ ਵੀ ਹੈ। ਇਸ ਬਾਣੀ ਦਾ ਨਿਤਨੇਮੀ ਜਾਪ ਮਨੁੱਖੀ ਮਨ ਨੂੰ ਨਿਰਮਲ ਕਰਕੇ, ਚਿੱਤ ਨੂੰ ਇਕਾਗਰਤਾ ਤੇ ਸਥਿਰਤਾ ਬਖ਼ਸ਼ਦਾ ਹੋਇਆ ਬੁੱਧੀ ਨੂੰ ਰੁਸ਼ਨਾਉਂਦਾ ਹੈ ਅਤੇ ਸਮੁੱਚੀ ਮਨੁੱਖੀ ਸ਼ਖਸੀਅਤ ਨੂੰ ਚੜ੍ਹਦੀਕਲਾ ਵਿਚ ਰੱਖਦਾ ਹੈ। ਇਹ ਬਾਣੀ ਮਨੁੱਖ ਨੂੰ ਹਉਮੈ-ਰਹਿਤ ਕਰਦੀ ਹੈ ਅਤੇ ਮਾਨਵੀ ਸੁਰਤ ਨੂੰ ਸਦੀਵੀ ਸੱਚ ਨਾਲ ਇਕਸੁਰ ਕਰ ਦਿੰਦੀ ਹੈ। ਇਹ ਰਚਨਾ ਸ਼ਬਦ-ਸਭਿਆਚਾਰ ਦੇ ਸਾਧਨ ਦੁਆਰਾ ਪਰਮਾਤਮਾ ਦੇ ਨਿਰਗੁਣ ਸਰੂਪ ਨੂੰ ਪ੍ਰਸਤੁਤ ਕਰਦੀ ਹੈ।
ਗੁਰਬਾਣੀ ਵਿਚ ਜਿਸ ਇਕ ਪਰਮਸੱਤਾ ਦੀ ਹੋਂਦ ਦਾ ਨਿਰੂਪਣ ਮੂਲ ਮੰਤਰ ਵਿਚ ਕੀਤਾ ਗਿਆ ਹੈ, ਉਸੇ ਮੂਲ ਚੇਤਨ-ਸੱਤਾ ਦੀ ਅਦ੍ਵੈਤਤਾ ਅਤੇ ਦਿੱਬ-ਸਰੂਪਤਾ ਦਾ ਪ੍ਰਗਟਾਵਾ ‘ਜਾਪੁ ਸਾਹਿਬ’ ਵਿਚ ਇਕ ਨਿਵੇਕਲੀ ਸ਼ੈਲੀ ਵਿਚ ਕੀਤਾ ਗਿਆ ਹੈ। ‘ੴ’ ਦੀ ਪੁਸ਼ਟੀ ‘ਨਮਸਤੰ ਸੁ ਏਕੈ’, ‘ਓਅੰਕਾਰਿ ਆਦਿ’ ਅਤੇ ‘ਓਅੰ ਆਦਿ ਰੂਪੇ’ ਆਦਿ ਦੇ ਰੂਪ ਵਿਚ ਕੀਤੀ ਗਈ ਹੈ। ਇਸ ਬਾਣੀ ਅਨੁਸਾਰ ਸਿਰਜਣਾਤਮਕ ਅਤੇ ਵਿਆਪਕ ਸੱਤਾ ਸੰਪੰਨ ‘ਬ੍ਰਹਮ’(ਅਕਾਲਪੁਰਖ) ਕੇਵਲ ਇਕ ਹੈ, ਜੋ ‘ਸਦੈਵੰ ਸਰੂਪ ਹੈਂ’, ‘ਸਰਬੰ ਕਰਤਾ’ ਜਾਂ ‘ਜਗ ਕੇ ਕਰਨ ਹੈ’। ਉਹ ‘ਅਨਭਉ’,‘ਅਭੇ’ ਅਤੇ ‘ਨ ਸਤ੍ਰੈ ਨ ਮਿਤ੍ਰੈ’, ‘ਅਜੋਨਿ ਪੁਰਖ ਅਪਾਰ’ ਅਤੇ ‘ਸੁਯੰਭਵ ਸੁਭੰ ਸਰਬਦਾ ਸਰਬ ਜੁਗਤੇ’ ਆਦਿ ਗੁਣਾਂ ਵਾਲਾ ਹੈ। ਇਹ ਬਾਣੀ ਜਿੱਥੇ ਮੂਲ ਮੰਤਰ ਦੇ ਸਿਧਾਂਤਾਂ ਦੀ ਪੁਨਰ-ਉਕਤੀ ਅਤੇ ਅਨੁਸਰਣ ਕਰਦੀ ਹੈ, ਉਥੇ ਇਹ ਮਾਨਵੀ ਵਜੂਦਾਂ ਨੂੰ ਇਕ ਪਰਮਸੱਤਾ ਨਾਲ ਜੋੜਨ ਦਾ ਕਾਰਜ ਵੀ ਨਿਭਾਉਂਦੀ ਹੈ। ਇਸ ਬਾਣੀ ਰਾਹੀਂ ਗੁਰੂ ਸਾਹਿਬ ਨੇ ਸ਼ਬਦ-ਸਭਿਆਚਾਰ ਦੀ ਸਿਰਜਣਾ ਦੁਆਰਾ ਮਨੁੱਖ ਦੀ ਸੁਰਤ ਨੂੰ ਪ੍ਰਤਿਮਾ ਸਭਿਆਚਾਰ ਦੇ ਅਨੁਸ਼ਠਾਨੀ ਕਰਮ-ਕਾਂਡ ਦੀ ਜਕੜ ਤੋਂ ਮੁਕਤ ਕਰਵਾਉਣ ਦਾ ਸਾਧਨ ਅਤੇ ਸਰੋਤ ਬਖ਼ਸ਼ਿਆ ਹੈ। ਇਹ ਬਾਣੀ ਅਰਥਹੀਣ ਅਤ ਮਕਾਨਕੀ ਅਨੁਸ਼ਠਾਨਾਂ ਤੇ ਤਿਆਗ ਉਪਰ ਜ਼ੋਰ ਦਿੰਦੀ ਹੈ। ‘ਜਾਪੁ ਸਾਹਿਬ’ ਦੇ ਕਈ ਪ੍ਰਸੰਗਾਂ ਵਿਚ ਪਰਮਾਤਮਾ ਦੇ ਕਰਮ-ਕਾਂਡ ਰਹਿਤ ਸਰੂਪ ਦਾ ਚਿਤਰਣ ਮਨੁੱਖ ਨੂੰ ਅਨੁਸ਼ਠਾਨਾਂ ਦੇ ਤਿਆਗਣ ਦਾ ਹੀ ਸੰਦੇਸ਼ ਦਿੰਦਾ ਹੈ:
ਅਭੇਖੀ ਅਭਰਮੀ ਅਭੋਗੀ ਅਭੁਗਤੇ॥(੫੩)
ਅਭੇਖ ਹੈਂ॥ਅਲੇਖ ਹੈਂ॥
ਅਭਰਮ ਹੈਂ॥ ਅਕਰਮ ਹੈਂ॥(੧੩੪)
‘ਜਾਪੁ’ ਮਨੁੱਖ ਨੂੰ ਇਹ ਸਭਿਆਚਾਰਕ ਚੇਤਨਾ ਵੀ ਪ੍ਰਦਾਨ ਕਰਦਾ ਹੈ ਕਿ ਮਾਨਵੀ ਵਜੂਦ ਭਾਵੇਂ ਜੋਗੀ ਹੈ ਜਾਂ ਫਿਰ ਭੋਗੀ, ਰਾਜਾ ਹੈ ਜਾਂ ਰੰਕ ਆਦਿ ਸਭ ਉਸ ਪਰਮਸੱਤਾ ਦੇ ਹੁਕਮ ਅਧੀਨ ਹੀ ਵਿਚਰਦੇ ਹਨ। ਇਸ ਲਈ ਉਹ ਜੋਗੀਆਂ ਦਾ ਜੋਗੀ, ਭੋਗੀਆਂ ਦਾ ਭੋਗੀ ਅਤੇ ਰਾਜਿਆਂ ਦਾ ਰਾਜਾ ਹੈ:
ਨਮੋ ਜੋਗਿ ਜੋਗੇ॥ ਨਮੋ ਭੋਗ ਭੋਗ॥(੨੮)
ਨਮੋ ਜਗੋ ਜੋਗਸ੍ਵਰੰ ਪਰਮ ਸਿਧੇ॥
ਨਮੋ ਰਾਜ ਰਾਜੇਸ੍ਵਰੰ ਪਰਮ ਬ੍ਰਿਧੇ॥(੫੧)
ਮਾਨਵੀ ਸਭਿਆਚਾਰਕ ਕੀਮਤਾਂ ਨੇਕੀ-ਬਦੀ ਵਿਚੋਂ ਨੇਕੀ ਨੂੰ ਸ੍ਰੇਸਟ ਸਵੀਕਾਰ ਕਰਦੀਆਂ ਹਨ ਜਦਕਿ ਜਾਪੁ ਸਾਹਿਬ ਅਨੁਸਾਰ ਨੇਕੀ ਤੇ ਬਦੀ ਜਾਂ ਚੰਗਾ ਅਤੇ ਮਾੜਾ ਨਜ਼ਰ ਆਉਂਦਾ ਸਾਰਾ ਵਜੂਦਾਤਮਕ ਪਾਸਾਰਾ ਉਸ ਅਕਾਲ ਪੁਰਖ ਦੀ ਆਪਣੀ ਸਿਰਜਣਾ ਹੈ। ਜਦੋਂ ਮਨੁੱਖ ਨੂੰ ਇਸ ਗੁਹਜ ਦਾ ਗਿਆਨ ਹੋ ਜਾਂਦਾ ਹੈ ਤਾਂ ਉਸ ਨੁੰ ਅੰਧਕਾਰ ਵੀ ਅਕਾਲ ਪੁਰਖ ਦੀ ਸਿਰਜਣਾ ਨਜ਼ਰ ਆਉਂਦਾ ਹੈ ਅਤੇ ਪ੍ਰਕਾਸ਼ ਰੂਪ ਤੇਜ ਵੀ। ਉਸ ਨੂੰ ਸਪੱਸ਼ਟ ਹੋ ਜਾਂਦਾ ਹੈ ਕ ਸਾਰੀਆਂ ਭੌਤਿਕ ਸਮੱਸਿਆਵਾਂ ਦੀ ਜੜ੍ਹ-ਰੂਪ ਕਲਹ ਕਰਤਾ ਅਤੇ ਸ਼ਾਤੀ ਪ੍ਰਦਾਨ ਕਰਨ ਵਾਲੀ ਸੱਤਾ ਕੇਵਲ ਅਕਾਲ ਪੁਰਖ ਹੈ। ਇਹ ਬਾਣੀ ਮਾਨਵੀ ਸੋਚ ਨੂੰ ਦਵੰਦ-ਮੁਕਤ ਕਰਦੇ ਹੋਏ ਇਹ ਭਾਵ ਸੰਚਾਰਿਤ ਕਰਦੀ ਹੈ ਕਿ ਜੀਵਾਂ ਨੂੰ ਪੈਦਾ ਕਰਕੇ ਉਨ੍ਹਾਂ ਦੀ ਪਾਲਣਾ ਕਰਨ ਵਾਲਾ ਅਤੇ ਪੈਦਾ ਕੀਤੇ ਜੀਵਾਂ ਨੂੰ ਖ਼ਤਮ ਕਰਨ ਵਾਲਾ ਅਕਾਲ ਪੁਰਖ ਇਕ ਪਾਸ ਕੋਮਲ ਰੂਪ ਅਤੇ ਦੂਜੇ ਪਾਸੇ ਸੰਘਾਰਕ ਰੂਪ ਹੈ। ਪਰ ਇਸ ਰਹੱਸ ਨੂੰ ਉੱਚੀ ਸੁਰਤ ਦੁਆਰਾ ਹੀ ਪਛਾਣਿਆ ਜਾ ਸਕਦਾ ਹੈ:
ਨਮੋ ਅੰਧਕਾਰੇ॥ ਨਮੋ ਤੇਜ ਤੇਜੇ॥(੧੮੫)
ਨਮੋ ਕਲਹ ਕਰਤਾ॥ ਨਮੋ ਸਾਂਤਿ ਰੂਪੇ॥(੧੮੭)
ਨਮੋ ਸਰਬ ਕਰਤਾ॥ ਨਮੋ ਸਰਬ ਹਰਤਾ॥(੨੭)
ਸਤਹੀ ਪੱਧਰ ’ਤੇ ਇਹ ਵਿਰੋਧਾਤਮਕ ਅਤੇ ਉਲਟ ਭਾਵੀ ਜਾਪਦੇ ਕਥਨ (ਵਿਸ਼ੇਸ਼ਣ) ਅਕਾਲ ਪੁਰਖ ਦੇ ਸਿਧਾਂਤਕ ਅਤੇ ਦਾਰਸ਼ਨਿਕ ਅਰਥ-ਘੇਰੇ ਨੂੰ ਸਿਰਜਦੇ ਹਨ। ਇਨ੍ਹਾਂ ਵਿਰੋਧਾਤਮਕ ਸੰਕਲਪਾਂ ਦੇ ਸੰਚਾਰ ਜਾਂ ਅਰਥ-ਘੇਰੇ ਦੀ ਸਮਝ ਉਚੇਰੀ ਮਨੁੱਖੀ ਸੁਰਤ ਦੁਆਰਾ ਹੀ ਕੀਤਾ ਜਾ ਸਕਦਾ ਹੈ। ਇਸ ਲਈ ਜਦੋਂ ਮਨੁੱਖਤਾ ਅਜਿਹੀ ਸੁਰਤ ਪ੍ਰਾਪਤ ਕਰ ਲੈਂਦੀ ਹੈ ਤਾਂ ਉਸ ਨੂੰ ਸਾਖਸ਼ਾਤ ‘ਬ੍ਰਹਮ’(ਅਕਾਲ ਪੁਰਖ) ਦੇ ਪ੍ਰਕਾਸ਼ਮਾਨ ਵਜੂਦ ਦਾ ਅਨਹਦ-ਨਾਦੀ ਅਨੁਭਵ ਹੁੰਦਾ ਹੈ। ‘ਅਕਾਲਪੁਰਖ’ ਮਾਨਵੀ ਪ੍ਰਕਿਰਤੀ ਦੇ ਤਿੰਨਾਂ ਗੁਣਾਂ (ਰਜੋ, ਤਮੋ ਤੇ ਸਤੋਂ) ਦਾ ਆਧਾਰ ਸਰੋਤ ਹੋਣ ਕਰਕੇ ਇਨ੍ਹਾਂ ਵਿਚ ਆਪ ਵਰਤਦਾ ਹੈ ਅਤੇ ਨਾਲ ਹੀ ਤਿੰਨਾਂ ਪ੍ਰਕਾਰ ਦੇ ਪਦਾਰਥਾਂ ਦੇ ਸੁਮੇਲ ਵਾਲਾ ਵੀ ਹੈ:
ਨਮੋ ਰਾਜਸੰ ਤਾਮਸੰ ਸਾਂਤਿ ਰੂਪੇ॥(੧੮੬)
ਇਹ ਬਾਣੀ ਸਮੁੱਚੀ ਸਿੱਖ ਮਾਨਸਿਕਤਾ ਨੂੰ ਸਦੀਵੀ ਸੱਚ ਦੀ ਸੁਰਤ ਲਈ ਦਾਰਸ਼ਨਿਕ ਅਤੇ ਅਧਿਆਤਮਕ ਆਧਾਰ ਬਖ਼ਸ਼ਦੀ ਹੈ। ਸੰਕਲਪਿਕ ਸਭਿਆਚਾਰ ਦੀ ਸਿਰਜਣਾ ਨਾਲ ਇਸ ਬਾਣੀ ਵਿਚ ਸ੍ਰਿਸ਼ਟੀ-ਰਚਨਾ ਦਾ ਮੂਲ ਆਧਾਰ ਇਕ ਤੋਂ ਅਨੇਕ ਹੋਣਾ ਪੇਸ਼ ਕੀਤਾ ਗਿਆ ਹੈ। ਇਸ ਲਈ ਦ੍ਰਿਸ਼ਮਾਨ ਅਨੇਕਤਾ ਦਾ ਮੂਲ ਜਾਂ ਬੁਨਿਆਦੀ ਤੱਤ ‘ਇਕ’ ਹੀ ਹੈ। ਸਾਰੀਆਂ ਵਸਤਾ ਜਲ ਤੋਂ ਜਲ-ਤਰੰਗ ਪੈਦਾ ਹੋਣ ਵਾਂਗ ਆਪਣਾ ਵੱਖਰਾ-ਵੱਖਰਾ ਰੂਪ ਧਾਰ ਕੇ ਅੰਤ ਜਲ ਵਾਂਗ ਆਪਣੇ ਮੂਲ ਤੱਤ ਵਿਚ ਹੀ ਸਮਾ ਜਾਂਦੀਆਂ ਹਨ। ਇਸ ਲਈ ਅਨੇਕਤਾ ਤਾਂ ਕੇਵਲ ਅਹਿਸਾਸ ਹੀ ਹੈ, ਜੋ ਸਾਨੂੰ ਪਦਾਰਥਕ ਰੂਪ ਵਿਚ ਵਜੂਦ ਧਾਰਦਾ ਨਜ਼ਰ ਅਉਂਦਾ ਹੈ। ਪਰ ਇਹ ਇਸ ਅਨੇਕਤਾ ਦਾ ਵਜੂਦਗਤ ਯਥਾਰਥ ਨਹੀਂ ਹੈ, ਕਿਉਂਕਿ ਵਾਸਤਵਿਕ ਪਰਮਸੱਤਾ ਤਾਂ ਕੇਵਲ ਇਕ ਹੀ ਹੈ। ਪਰਮਸੱਤਾ ਨੇ ਆਪਣੀ ਸਿਰਜਣਾ ਦੇ ਰੂਪ ਵਿਚ ਜੋ ਅਨੇਕ ਰੂਪ ਧਾਰਨ ਕੀਤੇ ਹੋਏ ਹਨ, ਉਹ ਅਸਲ ਵਿਚ ਇਕੋ ਮੂਰਤ ਦੇ ਹੀ ਅਨੇਕ ਦਰਸ਼ਨ ਹਨ। ਅਕਾਲ ਪੁਰਖ ਇਕ ਬਾਜੀਗਰ ਦੇ ਖੇਲ ਵਾਂਗ ਹੀ ਸੰਸਾਰਿਕ ਪਰਪੰਚ ਦੀ ਖੇਡ ਰਚਦਾ ਹੈ ਅਤੇ ਖੇਡ ਖੇਡਣ ਉਪਰੰਤ ਬਾਜੀਗਰ ਵਾਂਗ ਸਾਰੇ ਵਿਖਾਵੇ ਅਰਥਾਤ ਪਸਾਰੇ ਨੂੰ ਸਮੇਟ ਕੇ ਆਪਣੇ ਵਿਚ ਲੀਨ ਕਰ ਲੈਂਦਾ ਹੈ। ਇਕ ਤੋਂ ਅਨੇਕ ਅਤੇ ਅਨੇਕ ਤੋਂ ਇਕ ਹੋਣ ਵਾਲੇ ਪਰਮਸੱਤਾ ਦੇ ਤਮਾਸ਼ੇ ਨੁੰ ‘ਜਾਪੁ ਸਾਹਿਬ’ ਵਿਚ ਵਾਰ-ਵਾਰ ਬਿਆਨ ਕੀਤਾ ਗਿਆ ਹੈ:
ਅਨੇਕ ਹੈਂ॥ ਫਿਰ ਏਕ ਹੈ॥(੪੩)
ਨਮਸਤੰ ਸੁ ਏਕੈ॥ ਨਮਸਤੰ ਅਨੇਕੈ॥(੯)
ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ॥
ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰਿ ਏਕ॥ (੮੧)
‘ਜਾਪੁ ਸਾਹਿਬ’ ਵਿਚ ਅਕਾਲਪੁਰਖ ਪਰਮ-ਸੱਤਾ ਹੋਣ ਕਾਰਨ ਉਸ ਦਾ ਸਰੂਪ ਸਿਰਜਣ ਲਈ ਪਹਿਲਾਂ ਕਿਸੇ ਪਰੰਪਰਾਈ ਪ੍ਰਤਿਸ਼ਠਿਤ ਸੱਤਾ ਦੀ ਚਿੰਨ੍ਹਾਤਮਕਤਾ ਦਾ ਉਲੇਖ ਕਰਕੇ ਫਿਰ ਉਸ ਨੂੰ ਉਸ ਸੰਕਲਪਾਤਮਿਕਤਾ ਤੋਂ ਉਪਰ ਅਤੇ ਸ੍ਰੇਸ਼ਟ ਦੱਸਦਿਆਂ ਉਸ ਦੀ ਮਹਾਨਾਤਾ ਦੇ ਸਰਬ-ਸਮਰੱਥਾ ਨੂੰ ਬਿਆਨ ਕੀਤਾ ਗਿਆ ਹੈ:
ਨਮੋ ਚੰਦ੍ਰ ਚੰਦ੍ਰੇ॥ ਨਮੋ ਭਾਨ ਭਾਨੇ॥(੪੭)
ਇਹ ਬਾਣੀ ਜਿੱਥੇ ਮਨੁੱਖ ਨੂੰ ਅਕਾਲਪੁਰਖ ਦੇ ਕੋਮਲ, ਕਲਾ ਕੋਸ਼ਲਮਈ ਅਤੇ ਸ਼ਕਤੀਸ਼ਾਲੀ ਸਰੂਪ ਦੇ ਦਰਸ਼ਨ ‘ਨਮੋ ਗੀਤ ਗੀਤੇ॥ ਨਮੋ ਪ੍ਰੀਤ ਪ੍ਰੀਤੇ’, ‘ਨਮੋ ਤਾਨ ਤਾਨੇ’, ‘ਨਮੋ ਨ੍ਰਿਤ ਨ੍ਰਿਤੈ’ ਅਤੇ ‘ਨਮੋ ਨਾਦ ਨਾਦੇ’ ਆਦਿ ਰੂਪਾਂ ’ਚ ਕਰਵਾਉਂਦੀ ਹੈ, ਉਥੇ ਨਾਲ ਹੀ ਉਸਦਾ ਸੰਘਾਰਕ, ਕਠੋਰ, ਭਿਆਨਕ, ਅਸ਼ਾਂਤ ਸਰੂਪ ਚਿਤਰਣ ਲਈ ਇਕ ਵਿਲੱਖਣ ਅਧਿਆਤਮਕ ਪ੍ਰਸੰਗ ਸਿਰਜਦੀ ਹੈ। ਅਕਾਲ ਪੁਰਖ ਜੇਕਰ ‘ਨਮੋ ਨਿਤ ਨਾਰਾਇਣੇ ਕਰੂਰ ਕਰਮੇ’ ਹੈ ਜਾਂ ਫਿਰ ‘ਨਮੋ ਸਰਬ ਜੀਤੇ’ ਤੇ ‘ਨਮੋ ਸਰਬ ਭੀਤੇ’ਹੈ ਤਾਂ ਉਹ ਸੁੰਦਰ ਸਰੂਪ ਵਾਲਾ ਅਤੇ ਸਭ ਨੂੰ ਬਣਾਉਂਦਾ ਅਤੇ ਢਾਹੁੰਦਾ ਵੀ ਆਪ ਹੈ:
ਪਰਮ ਰੂਪ ਪੁਨੀਤ ਮੂਰਤਿ ਪੂਰਨ ਪੁਰਖ ਅਪਾਰ॥
ਸਰਬ ਬਿਸ੍ਵ ਰਚਿਓ ਸੁਯੰਭਵ ਗੜਨ ਭੰਜਨਹਾਰ॥(੮੩)
ਉਹ ਪਰਮ ਹਸਤੀ ਤਿੰਨਾ ਲੋਕਾ ਆਕਾਸ਼ , ਪਾਤਾਲ ਤੇ ਮਾਤਲੋਕ ਦੀ ਸੁਆਮੀ (ਤ੍ਰਿਭਵਣ ਮਹੀਪ ਹੈਂ) ਹੈ, ਤਿੰਨਾਂ ਭਵਨਾਂ ਦੇ ਲੋਕਾਂ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲੀ (ਤ੍ਰਿਕਾਮੇ), ਤਿੰਨਾਂ ਕਾਲਾਂ ਵਿਚ ਵਿਆਪਕ ਤ੍ਰਿਕਾਲ ਸਰੂਪ ਅਤ ‘ਤ੍ਰਿਭੰਗੀ’ ਤੇ ਰੂਪ ’ਚ ਤਿੰਨਾਂ ਭਵਨਾਂ ਦਾ ਨਾਸ਼ ਕਰਨ ਵਾਲੀ ਹੈ। ਉਹ ਜੀਵਾਂ ਨੂੰ ਰੋਜ਼ੀ ਦੇਣ ਵਾਲੀ ਅਤੇ ਰਹਿਮ ਕਰਨ ਵਾਲੀ ਪਰਮ ਸੱਤਾ ਹੈ:
ਕਿ ਰੋਜੀ ਦਿਹਿੰਦ ਹੈ॥ ਕਿ ਰਾਜਕ ਰਹਿੰਦ ਹੈ॥(੧੫੨)
ਕਿ ਰੋਜੀ ਰਜਾਕੈ॥ ਰਹੀਮੈ ਰਿਹਾਕੈ॥
ਕਿ ਪਾਕ-ਬਿਐਬ ਹੈ॥ ਕਿ ਗੈਬੁਲ-ਗੈਬ ਹੈ।(੧੦੮)
ਅਕਾਲ ਪੁਰਖ ਮਨੁੱਖੀ ਸ਼ਖ਼ਸੀਅਤ ਲਈ ਪ੍ਰਭਿਤਾ, ਬਲ, ਬੁੱਧੀ, ਸੁੰਦਰਤਾ, ਜੁਰਅੱਤ, ਤਮੀਜ (ਅਤੇ ਪ੍ਰਕਾਸ਼ ਆਦਿ ਦਾ ਆਦਰਸ਼ਕ ਸਰੂਪ ਹੈ। ਇਸ ਲਈ ਉਹ ਮਨੁੱਖੀ ਸ਼ਖ਼ਸੀਅਅਤ ਦੀ ਸਿਖਰ ਦਾ ਟੀਚਾ/ਨਿਸ਼ਾਨਾ ਬਣ ਜਾਂਦਾ ਹੈ। ਬੁੱਧੀ ਤੇ ਸੁੰਦਰਤਾ ਦੇ ਸੁਮੇਲ ਵਾਲੇ ਸਰੂਪ ਵਿਚ ਉਹ ਕਾਮਲ-ਕਰੀਮ ਅਤੇ ਰਾਜਕ-ਰਹੀਮ ਹੈ:
ਕਿ ਸਾਹਿਬ ਦਿਮਾਗ ਹੈਂ॥ ਕਿ ਹੁਸਨਲ ਚਿਰਾਗ ਹੈਂ॥
ਕਿ ਕਾਮਲ ਕਰੀਮ ਹੈਂ॥ ਕਿ ਰਾਜਕ ਰਹੀਂਮ ਹੈ॥(੧੫੧)
ਸ਼ਕਤੀ, ਤਮੀਜ਼, ਜੁਰਅਤ, ਪ੍ਰੇਮ ਅਤੇ ਪ੍ਰਕਾਸ਼ ਦੇ ਰੂਪ ਵਿਚ ਉਹ ਪਰਮ ਸੱਤਾ ਵੈਰੀਆਂ ਦਾ ਨਾਸ਼ ਕਰਨ ਵਾਲੀ ਹੈ ਅਤੇ ਗ਼ਰੀਬਾਂ ਨੂੰ ਨਿਵਾਜਣ ਵਾਲੀ ਹੈ:
ਗਨੀਮੁਲ ਖਿਰਾਜ ਹੈਂ॥ ਗਰੀਬੁਲ ਨਿਵਾਜ ਹੈ॥
ਹਰੀਫੁਲ ਸਿਕੰਨ ਹੈਂ॥ ਹਿਰਾਸੁਲ ਫਿਕੰਨ ਹੈਂ॥ (੯੧੫੩)
ਤਮਾਮੁਲ ਤਮੀਜ ਹੈਂ॥ ਸਮਸਤੁਲ ਅਜੀਜ ਹੈਂ॥ (੧੫੬)
ਕਰੀਮੁਲ ਕਮਾਲ ਹੈਂ॥ ਕਿ ਜੁਰਅਤਿ ਜਮਾਲ ਹੈਂ॥ (੧੫੮)
ਅਜਿਹੀ ਪਰਮ ਸ਼ਖ਼ਸੀਅਤ ਸਭ ਨੂੰ ਪ੍ਰਾਪਤ ਹੋ ਸਕਦੀ ਹੈ, ਕਿਉਂਕਿ ਪਰਮਾਤਮਾ ਆਪ ਸਭ ਪਾਸ, ਸਭ ਥਾਵਾਂ ’ਤੇ ਅਤੇ ਸਦਾ ਕਾਇਮ ਰਹਿਣ ਵਾਲਾ ਹੈ:
ਕਿ ਜਾਹਰ ਜਹੂਰ ਹੈਂ॥ ਕਿ ਹਾਜ਼ਿਰ ਹਜੂਰ ਹੈਂ॥
ਹਮੇਸੁਲ ਸਲਾਮ ਹੈਂ॥ ਸਮਸਤੁਲ ਕਲਾਮ ਹੈਂ॥(੧੫੦)
ਅਸਲ ਵਿਚ ਹਰ ਪ੍ਰਕਾਰ ਦੇ ਪਰਸਪਰ ਵਿਰੋਧੀ ਦਿੱਸਣ ਵਾਲੇ ਸਰੂਪ, ਪਰਮਾਤਮਾ ਦਾ ਹੀ ਵੱਖ-ਵੱਖ ਢੰਗਾਂ ਨਾਲ ਹੋਇਆ ਪਸਾਰਾ ਹਨ। ਇਸ ਉਸ ਦੀ ਸਰਬ-ਵਿਆਪਕਤਾ ਹੈ, ਜਿਸ ਕਰਕੇ ਉਹ ਸੰਸਾਰ ਦੇ ਜ਼ਰੇ-ਜ਼ਰੇ ਵਿਚ ਰਮਿਆ ਹੋਇਆ ਹੈ। ਇਹ ਸਰਬ-ਵਿਆਪਕ ਸਰੂਪ ਹੀ ਉਸਦੇ ਨਿਰਗੁਣ ਸਰੂਪ ਦੀ ਆਧਾਰ-ਭੂਮੀ ਹੈ। ਬ੍ਰਹਿਮੰਡਕ ਹੋਂਦ ਦੀ ਇਸ ਸੱਚਾਈ ਦਾ ਪਰਤੱਖਣ ਕਰਵਾਉਣਾ ਅਤੇ ਇਸ ਦੇ ਅਨਹਦ-ਨਾਦੀ ਅਨੁਭਵ ਨੂੰ ਮਨੁੱਖ ਤਕ ਸੱਚਾਰਤ ਕਰਨਾ ਹੀ ਗੁਰੂ ਸਾਹਿਬ ਦੇ ‘ਜਾਪੁ’ ਦਾ ਪ੍ਰਮੁੱਖ ਪ੍ਰਯੋਜਨ ਹੈ। ਇਸ ਮੰਤਵ ਲਈ ਜਾਪੁ ਸਾਹਿਬ ਵਿਚ ਅਕਾਲ ਪੁਰਖ ਦੇ ਨਿਰਗੁਣ ਸਰੂਪ ਨੂੰ ਵਿਸ਼ੇਸ਼ਣਾਂ ਅਰਥਾਤ ਵਾਚਕ-ਨਾਵਾਂ ਦੀ ਸਿਫ਼ਤ-ਸਾਲਾਹ ਦੁਆਰਾ ਬਿਆਨ ਕੀਤਾ ਗਿਆ ਹੈ। ਜਾਪੁ ਸਾਹਿਬ ਵਿਚ ਵਰਤੇ ਇਹ ਵਾਚਕ-ਨਾਂਵ ਮਨੁੱਖ ਦੀ ਵਜੂਦਾਤਮਕ ਹਸਤੀ ਦੀ ਪਿੱਠ-ਭੂਮੀ ਵਿਚ ਪਰਮ ਸਦੀਵੀ-ਸੱਚ ਪਰਮਾਤਮਾ ਦੇ ਬਿੰਬ ਨੂੰ ਉਜਾਗਰ ਕਰਦੇ ਹਨ। ਇਨ੍ਹਾਂ ਵੱਖ-ਵੱਖ ਵਿਸ਼ੇਸ਼ਣਾਂ ਦੇ ਆਪਸੀ ਸੰਬੰਧਾਂ ਦੁਆਰਾ ਸਿਰਜਤ ਭਾਵ-ਜੁਗਤ ਪਰਮਾਤਮਾ ਦੇ ਸੰਕਲਪਿਕ ਸਰੂਪ ਨੂੰ ਮਨੁੱਖ ਦੀ ਸੁਰਤ ਦੇ ਘੇਰੇ ਵਿਚ ਲੈ ਆਉਂਦੀ ਹੈ। ਜਿਸ ਮਨੁੱਖ ਨੂੰ ਇਕ ਪਾਸੇ ਸਾਰੇ ਵਜੂਦਾਤਮਕ ਵਰਤਾਰਿਆ ਤੋਂ ਪਾਰ ਅਤੇ ਕਾਲ ਦੀਆਂ ਸੀਮਾਵਾਂ ਤੋਂ ਮੁਕਮ ਪਰਮ ਹਸਤੀ ਦੇ ਰਹੱਸ ਅਤੇ ਦੂਜੇ ਪਾਸੇ ਮਨੁੱਖ ਦੀਆਂ ਵਜੂਦਾਤਮਕ ਸੀਮਾਵਾਂ ਦੀ ਬੰਦਿਸ਼ ਦੀ ਸੋਝੀ ਹੋ ਜਾਂਦੀ ਹੈ, ਉਸ ਨੂੰ ਹੀ ਪੂਰਨ ਖ਼ਾਲਸਈ ਸਿੱਖ ਅਤੇ ਇਕ ਆਦਰਸ਼ ਮਨੁੱਖ ਦਾ ਦਰਜਾ ਮਿਲਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਇਹ ਬਾਣੀ ਮਨੁੱਖ ਨੂੰ ਸਾਧਾਰਨ ਵਿਅਕਤੀ ਤੋਂ ਆਦਰਸ਼ਕ ਖ਼ਾਲਸਈ ਮਨੁੱਖ ਬਣਨ ਦਾ ਮਾਰਗ ਪ੍ਰਦਾਨ ਕਰਦੀ ਹੈ।
ਹਵਾਲੇ:
1. H.S. Gill, Jaap Sahib: The Cosmology of Guru Gobind Singh, pp 4-5.
2. ਤਾਰਣ ਸਿੰਘ, ਦਸਮ ਗ੍ਰੰਥ: ਰੂਪ ਤੇ ਰਸ, ਪੰਨਾ 69.