A Khalsa Press Publication, ISSN: 1930-0107

PANTHIC.org


"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੁਫ਼ਰ ਤੋਲਣ ਵਾਲੇ, ਗੁਰੂ ਸਾਹਿਬਾਨ ਦੇ ਵਿਰੁੱਧ ਬੋਲਣ ਵਾਲੇ ਨੂੰ ਸੋਧਣਾ ਹਰ ਗੁਰਸਿੱਖ ਦਾ ਫ਼ਰਜ਼ ਹੈ। ਇਹੋ ਜਿਹੇ ਸਿੱਖ ਨੂੰ ਜੇ ਸਰਕਾਰ ਅਤਿਵਾਦੀ ਕਹਿੰਦੀ ਹੈ ਤਾਂ ਮੈਂ ਅਤਿਵਾਦੀ ਹਾਂ।"
- Bhai Ranjit Singh (Jathedar Sri Akal Takht Sahib)

ਸੁਖਮਨੀ ਸਾਹਿਬ : ਸੁਰਤ-ਸੰਚਾਰ

February 5, 2019
Author/Source: ਡਾ. ਪਰਮਜੀਤ ਸਿੰਘ ਸਿੱਧੂ

I. ਸੁਖਮਨੀ- ਸਰੀਰ ਤੇ ਸੁਰਤ

ਸਰੀਰ ਤੇ ਸੁਰਤ ਮਾਨਵੀ ਵਜੂਦ ਦੇ ਦੋ ਪ੍ਰਧਾਨ ਪਾਸਾਰ ਹਨ। ਸਰੀਰ ਜਨਮ ਅਤੇ ਮੌਤ ਦੀਆਂ ਸਤਹੀ ਸੀਮਾਵਾਂ ਵਿਚ ਬੱਝਿਆ ਹੋਇਆ ਜਾਪਦਾ ਹੈ, ਜਦ ਕਿ ਸੁਰਤ ਅਸੀਮ ਵਿਰਾਟਤਾ ਵਿਚ ਵਿਚਰਦੀ ਹੈ। ਜੀਵ ਵਿਗਿਆਨਕ ਵਿਕਾਸ ਸਾਰੇ ਮਨੁੱਖਾਂ ਨੂੰ ਸਾਂਝੇ ਪੂਰਵਜਾਂ ਨਾਲ ਜੋਡ਼ਦਾ ਹੈ ਅਤੇ ਸਾਰੇ ਜੀਵਾਂ (ਪ੍ਰਾਣੀਆਂ ਤੇ ਪੌਦਿਆਂ) ਨੂੰ ਨਿਰਜੀਵ ਪ੍ਰਕਿਰਤੀ ਨਾਲ। ਬ੍ਰਹਿਮੰਡੀ ਪ੍ਰਕਿਰਤੀ ਦੇ ਵਸਤੂਗਤ ਵਜੂਦ ਦਾ ਮੁੱਢ ਵਿਗਿਆਨੀਆਂ ਦੇ ਬਿੱਗ-ਬੈਂਗ ਸਿਧਾਂਤ ਅਤੇ ਦਾਰਸ਼ਨਿਕਾਂ ਦੇ ‘ਸੁੰਨ-ਸਮਾਧ’ ਸੰਕਲਪ ਨਾਲ ਜੁਡ਼ਿਆ ਹੋਇਆ ਹੈ। ਇਹ ਦੋਵੇਂ ਜਿਸ ‘ਇਕ’ ਦੀ ਸਿਰਜਨਾ ਹਨ, ਉਹ ‘ੴ’ ਹੈ। ਇਸ ਤਰ੍ਹਾਂ ਮਨੁੱਖ ਦਾ ਸਤਹੀ ਸੀਮਾਵਾਂ ਵਿਚ ਬੱਝਾ ਹੋਇਆ ਸਰੀਰ, ਅਸਲ ਵਿਚ ਅਕਾਲ ਪੁਰਖ ਦੀ ਸਰਬ ਵਿਆਪਕ ਨਿਰੰਤਰਤਾ ਦਾ ਇਕ ਸਿਰਜਤ ਪ੍ਰਦਰਸ਼ਨ ਹੈ। ਜੇ ਸਰੀਰ ਨਿਰੰਤਰਤਾ ਦੇ ਪ੍ਰਵਾਹ ਦਾ ਅੰਗ ਹੈ ਤਾਂ ਸੁਰਤ ਲਈ ਸਮੇਂ ਤੇ ਸਥਾਨ ਦੀਆਂ ਸੀਮਾਵਾਂ ਦੀ ਬੰਦਿਸ਼ ਪਹਿਲਾਂ ਹੀ ਨਹੀਂ। ਵਿਅਕਤੀਗਤ ਪੱਧਰ ’ਤੇ ਸਰੀਰ ਦੇ ਜੰਮਣ ਤੋਂ ਮਰਨ ਤਕ ਦੇ ਸਫ਼ਰ ਦੌਰਾਨ ਮਨ, ਬੁੱਧੀ ਤੇ ਗਿਆਨ ਦਾ ਵਿਕਾਸ ਹੁੰਦਾ ਹੈ ਅਤੇ ਇਨ੍ਹਾਂ ਦੇ ਹਵਾਲੇ ਨਾਲ ਪ੍ਰਾਪਤ ਸੋਝੀ ਮਨੁੱਖ ਦੀ ਸੁਰਤ ਨੂੰ ਸੁਰਜੀਤ ਕਰਦੀ ਹੈ। ਹਰੇਕ ਵਿਅਕਤੀ ਦੇ ਮਨ, ਬੁੱਧੀ ਅਤੇ ਗਿਆਨ ਦੀ ਵਿਕਾਸ-ਅਵਸਥਾ ਉਸ ਦੀ ਸੁਰਤ-ਸੁਰਜੀਤੀ ਦੇ ਪਡ਼ਾਅ ਨੂੰ ਨਿਰਧਾਰਤ ਕਰਦੀ ਹੈ। ਮਾਨਵੀ ਸਮਾਜ ਅਤੇ ਸੋਚ ਦੇ ਇਤਿਹਾਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਰੀਰ ਨੂੰ ਸੋਧਣ ਅਤੇ ਸੁਰਤ ਨੂੰ ਸੁਰਜੀਤ ਕਰਨ ਲਈ ਮਨੁੱਖ ਸ਼ੁਰੂ ਤੋਂ ਲਗਾਤਾਰ ਯਤਨਸ਼ੀਲ ਰਿਹਾ ਹੈ। ਇਸੇ ਲਈ ਮਾਨਵੀ ਵਿਕਾਸ ਦੇ ਹਰੇਕ ਪਡ਼ਾਅ ’ਤੇ ਰਿਸ਼ੀਆਂ-ਮੁਨੀਆਂ, ਗੁਰੂਆਂ-ਪੀਰਾਂ ਅਤੇ ਦਾਰਸ਼ਨਿਕਾਂ-ਸੋਚਵਾਨਾਂ ਨੇ ਆਪੋ ਆਪਣੀ ਵਿਰਾਸਤ ਅਤੇ ਵਰਤਮਾਨ ਦੇ ਹਵਾਲੇ ਨਾਲ ਮਨੁੱਖ ਦੀ ਸੁਰਤ ਨੂੰ ਸੁਰਜੀਤ ਕਰਨ ਦੇ ਯਤਨ ਕੀਤੇ। ਗੁਰਬਾਣੀ ਦੀ ਇਹ ਨਿਸ਼ਚਿਤ ਧਾਰਨਾ ਹੈ ਕਿ ਇਨ੍ਹਾਂ ਸਾਰੇ ਮਾਨਵੀਂ ਪ੍ਰਯਤਨਾਂ ਨੇ ਅਕਾਲ ਪੁਰਖ ਦੇ ਹੁਕਮ ਵਿਚ ਹੀ ਸਿਧਾਂਤਕ ਤੇ ਵਿਹਾਰਕ ਸਰੂਪ ਗ੍ਰਹਿਣ ਕੀਤਾ। ‘ਸੁਖਮਨੀ ਸਾਹਿਬ’ ਇਸੇ ਦਿਸ਼ਾ ਵਿਚ ਇਸੇ ਤਰ੍ਹਾਂ ਅਕਾਲ ਪੁਰਖ ਦੇ ਹੁਕਮ ਵਿਚ ਗੁਰੂ ਅਰਜਨ ਦੇਵ ਜੀ ਦਾ ਇਲਹਾਮੀ ਪਰਉਪਕਾਰੀ ਪ੍ਰਵਚਨ ਹੈ :

ਬੇਸੁਮਾਰ ਅਥਾਹ ਅਗਨਤ ਅਤੋਲੈ ।।
ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ।। (੨੧.੮)

II. ਸੁਖਮਨੀ-ਸੁਰਤ ਪ੍ਰਵਚਨ

ਸੁਖਮਨੀ ਸਾਹਿਬ ਦਿਨ ਦੇ ਤੀਜੇ ਪਹਿਰ ਗਾਉਣ ਅਤੇ ਸ਼ਾਂਤ ਤੇ ਗੰਭੀਰ ਭਾਵਾਂ ਵਾਲੇ ਗਉਡ਼ੀ ਰਾਗ ਵਿਚ ਸਿਰਜਤ ਜਾਂ/ਅਤੇ ਸੰਪਾਦਿਤ ਬਾਣੀ ਹੈ। ਇਸ ਬਾਣੀ ਦੇ ਪਾਠ ਦਾ ਆਰੰਭ ਆਦਿ ਜੁਗਾਦਿ ਗੁਰੂ ਨੂੰ ਨਮਸਕਾਰ ਵਾਲੇ ਸਲੋਕ ਨਾਲ ਹੁੰਦਾ ਹੈ ਅਤੇ ਅੰਤ ਉਨ੍ਹਾਂ ਗੁਣਾਂ ਦੇ ਵਰਣਨ ਨਾਲ ਜਿਨ੍ਹਾਂ ਕਰਕੇ ਪ੍ਰਭੂ ਦਾ ਨਾਮ ਸੁਖਾਂ ਦੀ ਮਣੀ ਹੈ :
ਸਭ ਤੇ ਊਚ ਤਾ ਕੀ ਸੋਭਾ ਬਨੀ ।।
ਨਾਨਕ ਇਹ ਗੁਣਿ ਨਾਮੁ ਸੁਖਮਨੀ ।। (੨੪.੮)

ਸੂਤਰਾਤਮਕ ਸਲੋਕਾਂ (ਚੌਵੀ) ਅਤੇ ਵਿਆਖਿਆਤਮਕ ਅਸ਼ਟਪਦੀਆਂ (ਚੌਵੀ) ਦੇ ਨਿਭਾਅ ਵਾਲਾ ਇਹ ਪਾਠ ਸੂਤਰ ਅਤੇ ਇਸ ਦੀ ਵਿਆਖਿਆ ਦੀ ਪ੍ਰਤੱਖ ਅਤੇ ਅਪ੍ਰਤੱਖ ਸੰਬੰਧਾਤਮਕਤਾ ਵਿਚ ਵਿਚਰਦਾ ਹੈ। ਇਸ ਪਾਠ ਦੀਆਂ ਵਧੇਰੇ ਅਸ਼ਟਪਦੀਆਂ ਆਪਣੇ ਸਲੋਕਾਂ ਵਿਚ ਪ੍ਰਸਤੁਤ ਸੂਤਰ ਦੀ ਵਿਆਖਿਆ ਕਰਦੀਆਂ ਸਪੱਸ਼ਟ ਨਜ਼ਰ ਆ ਜਾਂਦੀਆ ਹਨ। ਉਦਾਹਰਣ ਵਜੋਂ ਅੱਠਵੀਂ ਤੇ ਦਸਵੀਂ ਅਸ਼ਟਪਦੀ । ਪਰ ਕੁੱਝ ਸਲੋਕਾਂ ਤੇ ਅਸ਼ਟਪਦੀਆਂ ਦੀ ਇਹ ਸੰਬੰਧਾਤਮਕਤਾ ਅਪ੍ਰਤੱਖ ਪੱਧਰ ਦੀ ਹੈ। ਇਨ੍ਹਾਂ ਵਿਚ ਸੂਤਰ ਅਤੇ ਵਿਆਖਿਆ ਦੀ ਲਗਾਤਾਰਤਾ ਸਤਹੀ ਪਾਠ ਦੀ ਥਾਂ ਪਰਤੀ ਭਾਵ ਵਿੱਚੋਂ ਸਪੱਸ਼ਟ ਹੁੰਦੀ ਹੈ। ਉਦਾਹਰਣ ਵਜੋਂ ਪਹਿਲੇ ਸਲੋਕ ਵਿਚ ਆਦਿ ਜੁਗਾਦਿ ਗੁਰੂ ਨੂੰ ਨਮਸਕਾਰ ਕੀਤਾ ਗਿਆ ਹੈ, ਪਰ ਪਹਿਲੀ ਅਸ਼ਟਪਦੀ ‘ਪ੍ਰਭੂ ਦੇ ਸਿਮਰਨ’ ਦੀ ਵਿਆਖਿਆ ਹੈ। ਇਥੇ ਸਲੋਕ ਵਿਚ ਅੰਕਿਤ ‘ਆਦਿ ਜੁਗਾਦਿ ਗੁਰੂ’, ਪ੍ਰਭੂ ਆਪ ਹੀ ਹੈ ਅਤੇ ਉਸ ਨੂੰ ਨਮਸਕਾਰ ਉਸ ਦੇ ਸਿਮਰਨ ਦਾ ਇਕ ਪਾਸਾਰ ਹੈ। ਇਸ ਭਾਵ ਦਾ ਪ੍ਰਦਰਸ਼ਨ ਜਾਪੁ ਸਾਹਿਬ ਵਿਚ ਵਧੇਰੇ ਵਿਸਥਾਰਮਈ ਸਪੱਸ਼ਟਤਾ ਨਾਲ ਵੇਖਿਆ ਜਾ ਸਕਦਾ ਹੈ :

ਨਵਸਤ੍ਵੰ ਅਕਾਲੇ ।। ਨਮਸਤ੍ਵੰ ਕ੍ਰਿਪਾਲੇ ।।
ਨਮਸਤ੍ਵੰ ਅਰੂਪੇ ।। ਨਮਸਤ੍ਵੰ ਅਨੂਪੇ ।।੧।।੨।।
ਨਮਸਤੰ ਅਭੇਖੇ ।। ਨਮਸਤੰ ਅਲੇਖੇ ।।
ਨਮਸਤੰ ਅਕਾਏ ।। ਨਮਸਤੰ ਅਜਾਏ ।।੨।।੩।। (ਜਾਪੁ ਸਾਹਿਬ)

ਇਸ ਤਰ੍ਹਾਂ ਸੁਖਮਨੀ ਸਾਹਿਬ ਸੂਤਰਾਂ ਅਤੇ ਇਨ੍ਹਾਂ ਦੀ ਵਿਆਖਿਆ ਵਾਲੇ ਪਾਠ ਦਾ ਪ੍ਰਵਾਹ ਹੈ। ਇਸ ਪਾਠ ਵਿਚ ਵਿਰਾਸਤ ਅਤੇ ਵਰਤਮਾਨ ਦੇ ਨਾਮ ਸਿਮਰਨ ਕਰਨ, ਕਰਵਾਉਣ ਅਤੇ ਕਰਨ-ਕਰਵਾਉਣ ਦੇ ਪਡ਼ਾਵਾਂ ਨੂੰ ਪਾਰ ਕਰ ਚੁੱਕੇ (ਬ੍ਰਹਮ ਗਿਆਨੀ, ਸਾਧ, ਸੰਤ ਆਦਿ) ਪੁਰਖਾਂ ਦੀ ਵਜੂਦਾਤਮਕਤਾ ਨੂੰ ਮਾਧਿਅਮ ਬਣਾਇਆ ਗਿਆ ਹੈ। ਸੁਖਮਨੀ ਸਾਹਿਬ ਦਾ ਬਾਣੀਕਾਰ, ਪਾਠ ਵਿਚ ਨਾਮ-ਸਿਮਰਨ ਨੂੰ ਸੁਖ ਤੇ ਸੁਖਮਨੀ ਨਾਲ ਅੰਤਰ-ਸੰਬੰਧਿਤ ਕਰਨ ਸਮੇਂ ਪੁਰਖ ਅਤੇ ਅਕਾਲ ਪੁਰਖ ਨੂੰ ਸੰਬੋਧਿਤ ਹੁੰਦਾ ਹੈ। ਪਰ ਭਾਵ ਪੱਧਰ ’ਤੇ ਇਹ ਬਾਣੀ ਸੁਰਤ ਦੀ ਸੁਰਜੀਤੀ ਲਈ ਪੁਰਖ ਦੀ ਪ੍ਰਕਿਰਤੀ ਦੇ ਪਰਿਪੇਖ ਵਿਚ ਗੁਰੂ ਦੀ ਕ੍ਰਿਪਾ ਅਤੇ ਅਕਾਲ ਪੁਰਖ ਦੀ ਉਸਤਤਿ ਦਾ ਪ੍ਰਵਚਨ ਪ੍ਰਸਤੁਤ ਕਰਦੀ ਹੈ :

ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ।।
ਸਾਵਧਾਨ ਏਕਾਗਰ ਚੀਤ ।।
ਸੁਖਮਨੀ ਸਹਜ ਗੋਬਿੰਦ ਗੁਨ ਨਾਮ ।।
ਜਿਸੁ ਮਨਿ ਬਸੈ ਸੁ ਹੋਤ ਨਿਧਾਨ ।। (੨੪.੫)

III. ਸੁਖਮਨੀ-ਪੁਰਖ ਦੀ ਪ੍ਰਕਿਰਤੀ

ਸੁਖਮਨੀ ਸਾਹਿਬ ਦੇ ਪਾਠ ਵਿਚਲੇ ਪ੍ਰਸੰਗ ਪ੍ਰਤੱਖ ਜਾਂ/ ਅਤੇ ਅਪ੍ਰਤੱਖ ਪੱਧਰ ‘ਤੇ ਪੁਰਖ ਅਤੇ ਅਕਾਲ ਪੁਰਖ ਨੂੰ ਸੰਬੋਧਿਤ ਹਨ। ਅਕਾਲ ਪੁਰਖ ਨੂੰ ਸੰਬੋਧਿਤ ਪ੍ਰਸੰਗਾਂ ਵਿਚ ਉਸ ਦੀ ਉਸਤਤਿ ਦੇ ਵਿਸ਼ੇਸ਼ਣੀ ਪਾਸਾਰ ਅੰਕਿਤ ਕੀਤੇ ਗਏ ਹਨ। ਮਾਨਵੀ ਜੀਵਨ, ਵਿਹਾਰ ਅਤੇ ਵਰਤਾਰਿਆਂ ਦੀ ਸੰਕਲਪਿਕ ਸ਼ਬਦਾਵਲੀ ਨੂੰ ਪੁਰਖ ਲਈ ਸੰਬੋਧਿਤ ਪ੍ਰਸੰਗਾਂ ਵਿਚ ਵਰਤਿਆ ਗਿਆ ਹੈ। ਇਹ ਬਾਣੀ ਮਾਨਵੀ ਵਜੂਦ ਨੂੰ ਜਨ, ਪੁਰਖ, ਪ੍ਰਾਣੀ, ਮਾਨਸ ਅਤੇ ਮਾਨੁਖ ਮਦਾਂ ਨਾਲ ਅੰਕਿਤ ਕਰਦੀ ਹੈ :

ਜਨ :
ਤਿਸ ਜਨ ਆਵੈ ਹਰਿ ਪ੍ਰਭੁ ਚੀਤਿ ।। (੧੫.੮)
ਪੁਰਖ :
ਸਗਲ ਪੁਰਖ ਮਹਿ ਪੁਰਖੁ ਪ੍ਰਧਾਨ ।। (੩.੬)
ਪ੍ਰਾਣੀ :
ਪ੍ਰਾਣੀ ਗੁਰ ਚਰਣ ਲਗਤੁ ਨਿਸਤਰੈ ।। (੧੫.੩)
ਮਾਨਸ :
ਮਾਨਸ ਜਤਨ ਕਰਤ ਬਹੁ ਭਾਤਿ ।। (੧੭.੫)
ਮਾਨੁਖ :
ਪ੍ਰਭ ਭਾਵੈ ਮਾਨੁਖ ਗਤਿ ਪਾਵੈ ।। (੧੧.੨)

ਪੁਰਖ ਇਕ ਅਜਿਹਾ ਪ੍ਰਾਣੀ ਹੈ, ਜੋ ਸਰੀਰਕ ਅਤੇ ਮਾਨਸਿਕ ਵਜੂਦਾਂ ਤੋਂ ਇਲਾਵਾ ਸਮਾਜਿਕ, ਸਭਿਆਚਾਰਕ, ਧਾਰਮਿਕ ਅਤੇ ਰਾਜਨੀਤਕ ਵਜੂਦਾਂ ਦਾ ਵੀ ਧਾਰਨੀ ਹੈ। ਇਸ ਲਈ ਉਸ ਦੀਆਂ ਇਛਾਵਾਂ, ਤ੍ਰਿਸ਼ਨਾਵਾਂ ਅਤੇ ਅਕਾਂਖਿਆਵਾਂ ਦਾ ਆਰੰਭ ਤਾਂ ਸਰੀਰਕ ਵਜੂਦ ਦੇ ਹਵਾਲੇ ਨਾਲ ਹੁੰਦਾ ਹੈ, ਪਰ ਹੌਲੀ-ਹੌਲੀ ਇਨ੍ਹਾਂ ਦਾ ਘੇਰਾ ਮਾਨਵੀ ਵਜੂਦ ਦੇ ਸਾਰੇ ਪਾਸਾਰਾਂ ਤਕ ਫੈਲ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿਚ ਮਾਨਵੀ ਸੋਚ ਦੇ ਇਨ੍ਹਾਂ ਵਜੂਦਾਤਮਕ ਪਾਸਾਰਾਂ ਨਾਲ ਸੰਬੰਧਿਤ ਸ਼ਬਦਾਵਲੀ ਦੀ ਪ੍ਰਸੰਗਿਕ ਵਰਤੋਂ ਕਰਕੇ ਮਾਨਵੀ ਪ੍ਰਕਿਰਤੀ ਦੇ ਵਰਤਮਾਨ ਅਤੇ ਸੰਭਾਵੀ ਯਥਾਰਥ ਨੂੰ ਪ੍ਰਤਿਬਿੰਬਤ ਕਰਦੇ ਹਨ। ਮਾਨਵੀ ਸੋਚ ਦੀ ਪ੍ਰਧਾਨ ਸੁਰ ‘ਸੁੱਖ’ ਮਦ ਰਾਹੀਂ ਅੰਕਿਤ ਹੁੰਦੀ ਹੈ। ਗੁਰੂ ਸਾਹਿਬ ਸੁਖਮਨੀ ਦੀਆਂ ਆਰੰਭਲੀਆਂ ਤੁਕਾਂ ਵਿਚ ਹੀ ਇਸ ਮੁੱਖ ਮਾਨਵੀ ਇੱਛਾ(ਸੁੱਖ) ਨੂੰ ਪਾਠ ਦੀ ਪ੍ਰਵੇਸ਼ੀ ਇਕਾਈ ਵਜੋਂ ਪ੍ਰਸਤੁਤ ਕਰਦੇ ਹਨ :

ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ।।
ਕਲਿ ਕਲੇਸ ਤਨ ਮਾਹਿ ਮਿਟਾਵਉ ।। (੧.੧)

ਪੁਰਖ ਦੀ ਪ੍ਰਕਿਰਤੀ ਵਿਚ ‘ਸੁੱਖ’ ਬਹੁ-ਪਰਤੀ ਮਦ ਹੈ। ਇਹ ਪ੍ਰਸੰਗ ਇਥੇ ਇਸ ਦੀ ਕੇਵਲ ਇਕ ਪਰਤ ਨੂੰ ਹੀ ਉਜਾਗਰ ਕਰਦਾ ਹੈ ਕਿ ‘ਤਨ’ ਵਿੱਚੋਂ ‘ਕਲਿ’ ਤੇ ‘ਕਲੇਸ’ ਦੇ ਮਨਫ਼ੀ ਹੋਣ ਨਾਲ ਪੈਦਾ ਹੋਈ ਸਥਿਤੀ ਨੂੰ ‘ਸੁੱਖ’ ਦੀ ਅਵੱਸਥਾ ਕਿਹਾ ਜਾ ਸਕਦਾ ਹੈ, ਇਹ ਅਵੱਸਥਾ ‘ਸਿਮਰਨ’ ਨਾਲ ਪ੍ਰਾਪਤ ਹੁੰਦੀ ਹੈ ਅਤੇ ਮਾਨਵੀ ਜੀਵਨ ਵਿੱਚੋਂ ਸਿਮਰਨ ਦੇ ਮਨਫ਼ੀ ਹੋਣ ਨਾਲ ਸੁੱਖ ਵੀ ਖ਼ਾਰਜ ਹੋ ਜਾਂਦਾ ਹੈ। ਸਿੱਟੇ ਵਜੋਂ ‘ਸੁੱਖ’ ਦੀ ਅਪ੍ਰਾਪਤੀ ‘ਦੁੱਖ’ ਦੀ ਸਥਿਤੀ ਨੂੰ ਪੈਦਾ ਕਰਦੀ ਹੈ। ਇਸ ਤਰ੍ਹਾਂ ਸੁਖਮਨੀ ਦੇ ਪਾਠ ਦਾ ਇਹ ਪ੍ਰਸੰਗ ਪੁਰਖ ਦੀ ਪ੍ਰਕਿਰਤੀ ਵਿਚ ਪ੍ਰਾਪਤੀ ਨੂੰ ‘ਸੁੱਖ’ ਅਤੇ ਅਪ੍ਰਾਪਤੀ ਨੂੰ ‘ਦੁੱਖ’ ਦੀ ਸੋਚ ਨਾਲ ਸੰਬੰਧਿਤ ਕਰਦਾ ਹੈ। ਆਪਣੀ
ਪ੍ਰਕਿਰਤੀ ਅਨੁਸਾਰ ਪੁਰਖ ਪ੍ਰਾਪਤੀ-ਅਪ੍ਰਾਪਤੀ ਦੇ ਸੁੱਖ-ਦੁੱਖ ਦੀ ਨਿਰੰਤਰ ਚੱਕਰਾਤਮਕਤਾ ਵਿਚ ਵਿਚਰਦਾ ਰਹਿੰਦਾ ਹੈ। ਇਸ ਪਰਿਪੇਖ ਵਿਚ ਗੁਰੂ ਸਾਹਿਬ ਇਸ ਬਾਣੀ ਦੁਆਰਾ ਸਦੀਵੀ ਸੁਖ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਦੇ ਹਨ।

ਮਾਨਵੀ ਸਮਾਜ ਦਾ ਸਭਿਆਚਾਰਕ, ਧਾਰਮਿਕ ਅਤੇ ਇਤਿਹਾਸਕ ਵਿਰਸਾ ਅਤੇ ਵਰਤਮਾਨ ਮਨੁੱਖ ਦੀ ਸੋਚ ਵਿਚ ‘ਸੁਖ’ ਦੇ ਅਰਥ-ਘੇਰੇ ਨੂੰ ਲਗਾਤਾਰ ਘਡ਼ਦਾ ਤੇ ਸਥਾਪਤ ਕਰਦਾ ਰਹਿੰਦਾ ਹੈ। ‘ਸੁਖ’ ਦੀ ਪ੍ਰਾਪਤੀ ਦੇ ਮਾਰਗ ਦਾ ਗਿਆਨ ਅਤੇ ਪ੍ਰਾਪਤੀ-ਅਪ੍ਰਾਪਤੀ ਬਾਰੇ ਪ੍ਰਤੀਕਰਮ ਪ੍ਰਗਟ ਕਰਨ ਵਾਲੇ ਵਤੀਰੇ ਦੀ ਰੂਪ-ਰੇਖਾ ਵੀ ਇਸੇ ਦੁਆਰਾ ਹੀ ਉਲੀਕੀ ਜਾਂਦੀ ਹੈ। ਸੁਖਮਨੀ ਸਾਹਿਬ ਦੇ ਪ੍ਰਸੰਗ ‘ਸੁਖ’ ਅਤੇ ‘ਸੁਖਮਨੀ’ ਦੇ ਸੰਕਲਪਿਕ ਸੰਚਾਰ ਲਈ ਮਾਨਵੀ ਪ੍ਰਕਿਰਤੀ ਦੇ ਇਸ ਪਾਸਾਰ ਨੂੰ ਵੀ ਪਾਠ ਦਾ ਪਰਿਪੇਖ ਬਣਾਉਂਦੇ ਹਨ। ਬੇਦ-ਕਤੇਬ, ਉਧਾਰ, ਜਨਮ-ਮਰਨ, ਭਉ, ਕਾਲ, ਬਿਘਨ, ਦੁੱਖ,ਸੰਤਾਪ,ਰਿੱਧੀਆਂ-ਸਿੱਧੀਆਂ, ਗਿਆਨ, ਧਿਆਨ, ਜਪ, ਤਪ, ਪੂਜਾ, ਤੀਰਥ ਇਸ਼ਨਾਨ ਆਦਿ ਸ਼ਬਦਾਵਲੀ ਮਨੁੱਖ ਦੇ ਸਮੂਹਕ ਵਤੀਰੇ ਵਿਚ ‘ਸੁਖ’ ਦੀ ਸੰਕਲਪਨਾ ਦੇ ਪਾਸਾਰਾਂ ਨੂੰ ਅੰਕਿਤ ਕਰਦੀ ਹੈ। ਗੁਰੂ ਸਾਹਿਬ ਸੁਖਮਨੀ ਵਿਚ ਇਸ ਸ਼ਬਦਾਵਲੀ ਨੂੰ ਵਰਤ ਕੇ ਇਕ ਪਾਸੇ ਪ੍ਰਭੂ ਦੇ ਸਿਮਰਨ ਦੀ ਮਹੱਤਤਾ ਨੂੰ ਉਜਾਗਰ ਕਰਦੇ ਹਨ ਅਤੇ ਦੂਜੇ ਪਾਸੇ ਅਕਾਲ ਪੁਰਖ ਦੀ ਉਸਤਤਿ ਦੇ ਨਾਲ ਨਾਲ ਪੁਰਖ ਦੀ ਪ੍ਰਕਿਰਤੀ ਨੂੰ ਵੀ ਉਲੀਕ ਦਿੰਦੇ ਹਨ। ਮਨੁੱਖ ਦਾ ਜੀਵ ਵਿਗਿਆਨਕ ਵਜੂਦ ਜਨਮ ਲੈਂਦਾ ਹੈ, ਵਿਕਾਸ ਕਰਦਾ ਹੈ ਅਤੇ ਕਾਲ-ਅੰਤਰ ਵਿਚ ਆਪਣੇ ਵਰਗੇ ਹੋਰ ਵਜੂਦ ਪੈਦਾ ਕਰਨ ਮਗਰੋਂ ਸਮਾਪਤ ਹੋ ਜਾਂਦਾ ਹੈ। ਮਾਨਵੀ ਪੱਧਰ ’ਤੇ ਇਹ ਇਕ ਨਿਰੰਤਰ ਲਗਾਤਾਰਤਾ ਵਾਲਾ ਕ੍ਰਮ ਹੈ, ਪਰ ਵਿਅਕਤੀ ਵਿਸ਼ੇਸ਼ ਦੇ ਪ੍ਰਸੰਗ ਵਿਚ ਜਨਮ ਤੇ ਮੌਤ ਦੀ ਇਹ ਪ੍ਰਕਿਰਿਆ ਮਨੁੱਖ ਨੂੰ ਕਾਲ-ਸੀਮਾ ਦੇ ਡਰ ਅਤੇ ਇਸ ਤੋਂ ਪੈਦਾ ਹੋਣ ਵਾਲੇ ਦੁੱਖ ਦਾ ਸ਼ਿਕਾਰ ਰੱਖਦੀ ਹੈ। ਜਨਮ ਮਗਰਲੇ ਜੀਵਨ ਦੌਰਾਨ ਉਹ ਇਸ ਡਰ ਤੇ ਦੁੱਖ ਦੀ ਨਵਿਰਤੀ ਲਈ ਗਿਆਨ, ਧਿਆਨ, ਬਲ ਤੇ ਬੁੱਧੀ ਪ੍ਰਾਪਤੀ ਲਈ ਯਤਨਸ਼ੀਲ ਰਹਿੰਦਾ ਹੈ। ਇਨ੍ਹਾਂ ਦੀ ਪ੍ਰਾਪਤੀ ਦਾ ਭਰਮ ਉਸ ਦੇ ਮਨ ਵਿਚ ਹੋਰ ਤ੍ਰਿਸ਼ਨਾਵਾਂ ਨੂੰ ਜਨਮ ਦਿੰਦਾ ਹੈ। ਉਸ ਦੀਆਂ ਪ੍ਰਾਪਤੀਆਂ ਦਾ ‘ਮਾਣ’ ਉਸ ਦੀ ਹਉਮੈਂ ਨੂੰ ਅਸੀਮ ਪਾਸਾਰ ਪ੍ਰਦਾਨ ਕਰਦਾ ਹੈ :

ਧਨਵੰਤਾ ਹੋਇ ਕਰਿ ਗਰਬਾਵੈ ।।
….. ….. …..
ਸਭ ਤੇ ਆਪ ਜਾਨੈ ਬਲਵੰਤੁ ।।
….. ….. …..
ਕਿਸੈ ਨ ਬਦੈ ਆਪਿ ਅਹੰਕਾਰੀ ।।
ਧਰਮ ਰਾਇ ਤਿਸੁ ਕਰੇ ਖੁਆਰੀ ।। (੧੨.੨)

ਸੁਖਮਨੀ ਸਾਹਿਬ ਦਾ ਪਾਠ ਮਾਨਵੀ ਪ੍ਰਕਿਰਤੀ ਦੇ ਇਸ ਯਥਾਰਥ ਨੂੰ ਸਪੱਸ਼ਟ ਕਰਦਾ ਹੈ ਕਿ ਇਸ ‘ਹਉ’ ਦੀ ਅਸੀਮਤਾ ਦੇ ਹੁੰਦਿਆਂ ਹੋਇਆ ਵੀ ਮਾਨਵੀ ਵਜੂਦ ਕਾਲ-ਯੁਕਤਤਾ ਦਾ ਧਾਰਨੀ ਤਾਂ ਰਹਿੰਦਾ ਹੀ ਹੈ। ਆਰੰਭ ਵਿਚ ‘ਤਨ’ ਦੇ ਹਵਾਲੇ ਨਾਲ ‘ਕਲਿ ਕਲੇਸ਼’ ਮੇਟਣ ਦੀ ਕਾਮਨਾ ਜੀਵਨ ਪ੍ਰਵਾਹ ਦੌਰਾਨ ਧਨਵੰਤੇ, ਗੁਣਵੰਤੇ, ਬਲਵੰਤੇ ਹੋਣ ਦਾ ਹੰਕਾਰ ਪੈਦਾ ਕਰਦੀ ਹੈ। ਸਮਾਜਿਕ ਪਰੰਪਰਾਵਾਂ ਵਿਅਕਤੀਆਂ ਨੂੰ ਸਮਾਜਿਕ ਦਰਜਾਬੰਦੀ ਵਿਚ ਪ੍ਰਮੁੱਖਤਾ (ਸਰਬ ਕੇ ਰਾਜੇ) ਦੇ ਨਾਲ ਨਾਲ ਬਹ੍ਰਿਮੰਡਕ ਦਰਜਾਬੰਦੀ ਵਿਚ ਵੀ ‘ਪ੍ਰਧਾਨ ਪੁਰਖ’ ਬਣਨ ਦੀ ਤ੍ਰਿਸ਼ਨਾ ਪੈਦਾ ਕਰਦੀਆਂ ਹਨ। ਧਾਰਮਿਕ ਅਤੇ ਦਾਰਸ਼ਨਿਕ ਪਰੰਪਰਾਵਾਂ ਸਮਾਜ, ਸ੍ਰਿਸ਼ਟੀ ਅਤੇ ਬ੍ਰਹਿਮੰਡ ਦੇ ਨਾਲ ਨਾਲ ਅਪ੍ਰਤੱਖ ਜਗਤ ਵਿਚ ਅਕਾਲ ਪੁਰਖ ਨਾਲ ਬਰਾਬਰੀ ਪ੍ਰਾਪਤ ਕਰਨ ਦੀ ਇੱਛਾ ਦਾ ਭਰਮ ਵੀ ਪੈਦਾ ਕਰਦੀਆਂ ਹਨ। ਭਾਰਤੀ ਪਰੰਪਰਾ ਮਾਨਵੀ ਇਛਾਵਾਂ ਦੀ ਇਸ ਵਿਰਾਟਤਾ ਨੂੰ ‘ਚਾਰ ਪਦਾਰਥ’ ( ਧਰਮ, ਅਰਥ, ਕਾਮ ਅਤੇ ਮੋਕਸ਼ ) ਦੀ ਸੰਕਲਪਨਾ ਰਾਹੀਂ ਸੰਚਾਰਿਤ ਕਰਦੀ ਹੈ। ਸੁਖਮਨੀ ਸਾਹਿਬ ਦੇ ਪ੍ਰਸੰਗਾਂ ਵਿਚ ਗੁਰੂ ਸਾਹਿਬ ਮਨੁੱਖ ਦੀ ਪ੍ਰਕਿਰਤੀ ਦੇ ਇਸ ਪਾਸਾਰ ਨੂੰ ਮਾਨਵੀ ਵਜੂਦ ਦੀ ਕਾਲ-ਯੁਕਤਤਾ ਅਤੇ ਅਕਾਲ ਪੁਰਖ ਦੀ ਕ੍ਰਿਪਾ ਦੇ ਪਰਿਪੇਖ ਵਿਚ ਪ੍ਰਸਤੁਤ ਕਰਦੇ ਹਨ :

ਰਤਨ ਤਿਆਗਿ ਕਉਡੀ ਸੰਗਿ ਰਚੈ ।।
..... ….. …..
ਅੰਧ ਕੂਪ ਮਹਿ ਪਤਿਤ ਬਿਕਰਾਲ ।।
ਨਾਨਕ ਕਾਢਿ ਲੇਹੁ ਪ੍ਰਭ ਦਇਆਲ ।।੪।। (੪.੪)

ਮਨੁੱਖ ਦੀ ਸੋਚ ਵਿਚਲਾ ‘ਸੁਖ’, ‘ਦੁੱਖ’ ਦੀ ਹੀ ਉਲਟ-ਦਿਸ਼ਾਵੀ ਪਰਤ ਹੈ ਅਤੇ ਇਹ ਕਾਲ-ਯੁਕਤਤਾ ਦੇ ਘੇਰੇ ਵਿਚ ਵਿਚਰਦਾ ਹੈ। ਇਸ ਤਰ੍ਹਾਂ ਦਾ ‘ਸੁਖ’ ਥੋਡ਼-ਚਿਰੇ ਅਭਿਮਾਨੀ ਪ੍ਰਦਰਸ਼ਨ ਦਾ ਪ੍ਰਗਟਾਅ ਤਾਂ ਹੋ ਸਕਦਾ ਹੈ, ਪਰਠ ਕਾਲ-ਅੰਤਰ ਵਿਚ ਇਸ ਦੀ ਸਥਿਤੀ ਰਤਨਾਂ ਦੇ ਮੁਕਾਬਲੇ ਕਉਡੀਆਂ, ਚੰਦਨ ਦੇ ਸਾਹਮਣੇ ਭਸਮ ਅਤੇ ਸਥਿਰ ਦੇ ਉਲਟ ਅਸਥਿਰ ਵਜੂਦ ਵਾਲੀ ਹੈ। ਮਾਨਵੀ ਪ੍ਰਕਿਰਤੀ ਦੇ ਯਥਾਰਥ ਦਾ ਅਬੋਧ ਅਤੇ ਅਗਿਆਨ, ਮਨੁੱਖ ਨੂੰ ਉਲਟ-ਦਿਸ਼ਾਵੀ ਪਰਤਾਂ ਵਾਲੇ ਜੀਵਨ ਵਿਹਾਰ ਵਿਚ ਧੱਕ ਦਿੰਦਾ ਹੈ :

ਕਰਤੂਤਿ ਪਸੂ ਕੀ ਮਾਨਸ ਜਾਤਿ ।।
….. ….. …..
ਅੰਤਰਿ ਅਗਨਿ ਬਾਹਰਿ ਤਨੁ ਸੁਆਹ ।।
ਗਲਿ ਪਾਥਰ ਕੈਸੇ ਤਰੈ ਅਥਾਹ ।। (੪.੫ )

ਮਨੁੱਖ ਅਤੇ ਬਾਕੀ ਜੀਵਾਂ ਵਿਚਕਾਰ ਜੀਵ ਵਿਗਿਆਨਕ ਸਾਂਝ ਹੈ। ਪਰ ਇਨ੍ਹਾਂ ਦੇ ਮੁਕਾਬਲੇ ਉਸ ਕੋਲ ਸੋਚ, ਸੋਝੀ ਅਤੇ ਸੁਰਤ ਦੀ ਬਖ਼ਸ਼ਿਸ਼ ਵੀ ਹੈ। ਇਸ ਲਈ ਜਦੋਂ ਤਕ ਮਨੁੱਖ ਦੇ ‘ਸੁਖ’ ਦਾ ਸੰਕਲਪ ਜੀਵ ਵਿਗਿਆਨਕ ਵਜੂਦ ਤਕ ਸੀਮਤ ਰਹਿੰਦਾ ਹੈ, ਉਹ ਆਪਣੇ ਸੁੱਖਾਂ ਦੇ ਪ੍ਰਚਾਰ ਤੇ ਪ੍ਰਦਰਸ਼ਨ ਲਈ ਗਿਆਨ, ਧਿਆਨ ਅਤੇ ਇਸ਼ਨਾਨ ਦਾ ਲੋਕ ਵਿਖਾਵਾ ਕਰਨ ਤਕ ਸੀਮਤ ਰਹਿੰਦਾ ਹੈ। ਉਸ ਨੂੰ ਯਥਾਰਥਕ ਸਦੀਵੀ ਸੁਖ ਵਾਲੀ ਸੁਰਤ ਪ੍ਰਾਪਤ ਨਹੀਂ ਹੁੰਦੀ :

ਸੁਨਿ ਅੰਧਾ ਕੈਸੇ ਮਾਰਗੁ ਪਾਵੈ ।। ( ੪.੬ )
ਇਆਹੂ ਜੁਗਤਿ ਬਿਹਾਨੇ ਕਈ ਜਨਮ ।। ( ੪.੭ )

ਸੁਖਮਨੀ ਦੇ ਪ੍ਰਸੰਗਾਂ ਵਿਚ ਗੁਰੂ ਸਾਹਿਬ ਸਦੀਵੀ ਸੁਖ ਦੀ ਸੁਰਤ ਨੂੰ ਸਪੱਸ਼ਟ ਕਰਲ ਲਈ ‘ਤਨ’ ਅਤੇ ‘ਮਨ’ ਨੂੰ ਪਰਿਪੇਖ ਬਣਾਉਂਦੇ ਹਨ। ਇਸ ਬਾਣੀ ਅਨੁਸਾਰ ‘ਤਨ’ ਪੁਰਖ ਦੀ ਪ੍ਰਕਿਰਤੀ ਦਾ ਸਤਹੀ ’ਤੇ ਪ੍ਰਤੱਖ ਪ੍ਰਗਟਾਅ ਹੈ, ਜਦ ਕਿ ‘ਮਨ’ ਉਸ ਦਾ ਅਪ੍ਰਤੱਖ ਪਰਤੀ ਯਥਾਰਥ ਹੈ। ਮਨੁੱਖ ਸੁਖ ਦੀ ਸੋਚ ਨੂੰ ਸਤਹੀ ‘ਤਨ’ ਦੀ ਪੱਧਰ ’ਤੇ ਚਿਤਵਦਾ ਹੈ :
ਮਨ ਕਾਮਨਾ ਤੀਰਥ ਦੇਹ ਛੁਟੈ ।।
….. ….. …..
ਇਸੁ ਦੇਹੀ ਕਉ ਬਹੁ ਸਾਧਨਾ ਕਰੈ ।।
….. ….. …..
ਜਲਿ ਧੋਵੈ ਬਹੁ ਦੇਹ ਅਨੀਤਿ ।। ( ੩.੩ )

ਇਸ ‘ਤਨ’ ਕੇਂਦਰਿਤ ‘ਸੁਖ’ ਦੀ ਪ੍ਰਾਪਤੀ ਲਈ ਤੀਰਥ ਇਸ਼ਨਾਨ, ਨਿਤਨੇਮ, ਯੋਗ ਸਾਧਨਾ ਆਦਿ ਅਨੇਕਾਂ ਅਨੁਸ਼ਠਾਨੀ ਕਰਮ-ਕਾਂਡਾਂ ਵਿਚ ਮਨੁੱਖ ਉਲਝਿਆ ਰਹਿੰਦਾ ਹੈ। ਗੁਰੂ ਸਾਹਿਬ ਅਨੁਸਾਰ ‘ਤਨ’ ਦੇ ਹਵਾਲੇ ਨਾਲ ਪ੍ਰਦਰਸ਼ਿਤ ਰਹਿਤ-ਮਰਯਾਦਾ ਜਦੋਂ ‘ਮਨ’ ਵੱਲੋਂ ਨਿਯੰਤਰਿਤ ਅਮਲੀ ਵਿਹਾਰ ਨਾਲ ਮੇਲ ਨਹੀਂ ਖਾਂਦੀ ਤਾਂ ਪ੍ਰਭੂ ਦੀ ਪ੍ਰੀਤ ਦੀਆਂ ਗੱਲਾਂ ਤਾਂ ਹੋ ਸਕਦੀਆਂ ਹਨ, ਪ੍ਰੀਤ ਨਹੀਂ :

ਰਹਤ ਅਵਰ ਕਛੁ ਅਵਰ ਕਮਾਵਤ ।।
ਮਨਿ ਨਹੀਂ ਪ੍ਰੀਤਿ ਮੁਖਹੁ ਗੰਢ ਲਾਵਤ ।। ( ੫.੭ )

ਕਥਨੀ ਤੇ ਕਰਨੀ ਦਾ ਵਖਰੇਵਾਂ ਤਨ ਤੇ ਮਨ ਦੀ ਇਕਸੁਰਤਾ ਦੇ ਮਨਫ਼ੀ ਹੋਣ ਨੂੰ ਸੰਚਾਰਿਤ ਕਰਦਾ ਹੈ। ਇਸ ਤਰ੍ਹਾਂ ਦੀ ਦੁਫਾਡ਼ ਸੁਰਤ ਵਾਲਾ ਪੁਰਖ ਯਥਾਰਥਕ ‘ਸੁਖ’ ਦੀ ਅਵੱਸਥਾ ਪ੍ਰਾਪਤ ਕਰਨ ਤੋਂ ਅਸਮਰੱਥ ਰਹਿੰਦਾ ਹੈ। ਸਦੀਵੀ ਸੁਖ ਕਾਲ-ਯੁਕਤਤਾ ਤੋਂ ਅਵੱਸਥਾ ਹੈ। ਇਸ ਤਰ੍ਹਾਂ ਦੀ ਸੁਰਤ ਦਾ ਧਾਰਨੀ ਮਨੁੱਖ ਸਾਧ, ਸੰਤ, ਅਤੇ ਬ੍ਰਹਮ ਬਿਆਨੀ ਵਾਲੀ ਪਹਿਚਾਣ ਦਾ ਧਾਰਣੀ ਹੁੰਦਾਠ ਹੈ। ਇਸ ਬਾਣੀ ਅਨੁਸਾਰ ਸਦੀਵੀ ਸੁਖ ਦੇ ਮੁਕਾਬਲੇ ਮਨੁੱਖ ਦੀ ਸੋਚ ਦਾ ਕਾਲ-ਯੁਕਤ ‘ਸੁਖ’’ ਅਲਪਤਮ ਅਉਧ, ਲਘੂਤਮ ਆਕਾਰ ਅਤੇ ਨਿਰੰਤਰ ਭਟਕਣਾ ਦੀ ਪ੍ਰਕਿਰਤੀ ਪੈਦਾ ਕਰਨ ਵਾਲਾ ਸਰੋਤ ਹੈ। ਪਦਾਰਥਾਂ, ਸੰਕਲਪਾਂ ਤੇ ਸੰਬੰਧਾਂ ਦੀ ਪ੍ਰਾਪਤੀ ਨਾਲ ਬੱਝਾ ਸੁੱਖ ਥੋਡ਼-ਚਿਰੀ ਪ੍ਰਕਿਰਤੀ ਵਾਲਾ ਹੈ। ਮਨੁੱਖ ਦੇ ਮਨ ਵਿਚ ਅਪ੍ਰਾਪਤ ਅਤੇ ਅਪਹੁੰਚ ਜਾਪਦੇ ‘ਸੁਖ’ ਦਾ ਭਰਮ ਇਸ ਦੀ ਪ੍ਰਾਪਤੀ ਤਕ ਬਣਿਆ ਰਹਿੰਦਾ ਹੈ। ਇਸ ਸੁਖ ਦੀ ਪ੍ਰਾਪਤੀ ਦੇ ਭੋਗਣ ਮਗਰੋਂ ਮਨ ਦੀ ਭਟਕਣਾ ਨੂੰ ਨਵੀਂ ਦਿਸ਼ਾ ਮਿਲ ਜਾਂਦੀ ਹੈ। ਇਹ ਪ੍ਰਾਪਤ ਕਰਨ ਯੋਗ ਜਾਪਦੀਆਂ ਹੋਰ ਤ੍ਰਿਸ਼ਨਾਵਾਂ ਦੀ ਪੂਰਤੀ ਲਈ ਯਤਨਸ਼ੀਲ ਹੋ ਜਾਂਦਾ ਹੈ। ਪਹਿਲੀਆਂ ਚਮਕਦਾਰ ਜਾਪਦੀਆਂ ਅਤ੍ਰਿਪਤ ਇਛਾਵਾਂ ਪ੍ਰਾਪਤੀ ਮਗਰੋਂ ਧੁੰਦਲੀਆਂ ਹੋ ਜਾਂਦੀਆਂ ਹਨ। ਮਨੁੱਖ ਕੋਲ ਤ੍ਰਿਪਤੀ ਦੀ ਥਾਂ ਨਵੀਆਂ ਇਛਾਵਾਂ ਦੀ ਪੂਰਤੀ ਦੀ ਭਟਕਣਾ ਪੈਦਾ ਹੋ ਜਾਂਦੀ ਹੈ। ਇਸ ਤਰ੍ਹਾਂ ਕਾਲ-ਯੁਕਤ ‘ਸੁਖ’ ਦਾ ਇੱਕ ਪਾਸਾਰ ਮਾਨਵੀ ਤ੍ਰਿਸ਼ਨਾਵਾਂ ਦੀ ਪੂਰਤੀ-ਅਪੂਰਤੀ ਤੇ ਇਨ੍ਹਾਂ ਸੰਬੰਧੀ ਅਸੰਤੁਸ਼ਟਤਾ ਦੀ ਲਗਾਤਾਰ ਨਿਰੰਤਰਤਾ ਨਾਲ ਜੁਡ਼ਿਆ ਹੋਇਆ ਹੈ। ਇਸਦਾ ਦੂਜਾ ਪਾਸਾਰ ਕਾਲ-ਯੁਕਤ ‘ਸੁਖ’ ਦੇ ਅਰਥ ਘੇਰੇ ਵਿੱਚ ਆਉਣ ਵਾਲੀ ਸੋਚ ਦੀ ‘ਲਘੂਤਾ’ ਨਾਲ ਸੰਬੰਧਿਤ ਹੈ। ਮਨੁੱਖ ਦਾ ਦਿੱਸਦਾ ਵਸਤੂ-ਜਗਤ, ਸ੍ਰਿਸ਼ਟੀ ਅਤੇ ਬ੍ਰਹਿਮੰਡ ਦੀ ਵਿਰਾਟਤਾ ਵਿੱਚ ਪਸਰਿਆ ਹੋਇਆ ਹੈ। ਧਾਰਮਿਕ ਪਰੰਪਰਾ ਪ੍ਰਭੂ ਦੀ ਸਰਵ ਵਿਅਪਕਤਾ ਨੂੰ ਪ੍ਰਦਰਸ਼ਿਤ ਕਰਨ ਲਈ ਇਸ ਵਿਰਾਟਤਾ ਨੂੰ ਪਰਿਪੇਖ ਬਣਾਉਂਦੀ ਹੈ। ਇਸ ਵਿਰਾਟਤਾ ਦੇ ਸਨਮੁਖ ਮਾਨਵੀ ਸਰੀਰ ਅਤੀ ਲਘੂਤਮ ਆਕਾਰ ਦਾ ਧਾਰਨੀ ਹੈ। ਵਸਤੂ-ਜਗਤ ਦੇ ਕਾਲ-ਅੰਤਰ ਵਜੂਦ ਵਿੱਚ ਮਾਨਵੀ ਸਰੀਰ ਦੀ ਅਉਧ ਵੀ ਪਲ-ਮਾਤਰ ਹੀ ਹੈ। ਇਸ ਤਰ੍ਹਾਂ ਅਕਾਲ ਪੁਰਖ ਦੇ ਪਰਿਪੇਖ ਵਿੱਚ ਪੁਰਖ ਦੀ ਪ੍ਰਕਿਰਤੀ ਅਲਪਤਮ ਅਉਧ ਅਤੇ ਲਘੂਤਮ ਆਕਾਰ ਦੀ ਧਾਰਨੀ ਹੈ। ਇਸ ਦੀਆਂ ਇੱਛਾਵਾਂ ਤੇ ਤ੍ਰਿਸ਼ਨਾਵਾਂ ਦੀ ਲਗਾਤਾਰ ਨਿਰੰਤਰਤਾ ਇਸਦੀ ਸੋਚ ਵਿਚਲੇ ਸੁਖ ਨੂੰ ‘ਕਾਲ-ਯੁਕਤਤਾ’ ਦੀ ਸੀਮਾ ਵਿੱਚ ਬੰਨ੍ਹ ਦਿੰਦੀ ਹੈ।

ਮਨੁੱਖ ਦੇ ਮਨ ਵਿੱਚ ‘ਸੁਖ’ ਦੀ ਸੋਚ ਉਸ ਦੇ ‘ਤਨ’ ਵਿੱਚ ਸਰੂਪ ਗ੍ਰਹਿਣ ਕਰਦੀ ਹੈ। ਇਸ ਲਈ ਗੁਰੂ ਸਾਹਿਬ ‘ਸੁਖਮਨੀ’ ਦੇ ਪ੍ਰਸੰਗ ਵਿੱਚ ਤਨ ਦੇ ਹਵਾਲੇ ਨਾਲ ਪਰਿਭਾਸ਼ਿਤ ਸੁਖ ਨੂੰ ਮਨ ਦੀ ਕਰਮ-ਭੂਮੀ ਉੱਤੇ ਪ੍ਰਦਰਸ਼ਿਤ ਕਰਦੇ ਹਨ। ਤਨ ਦੇ ਸੁੱਖਾਂ ਦੀ ਸਿਰਜਨਾ ਮਨ ਦੇ ਮੰਚ ’ਤੇ ਹੁੰਦੀ ਹੈ। ਤਨ ਦੇ ਉਲਟ ਮਨ ਸਮੇਂ ਤੇ ਸਥਾਨ ਦੀਆਂ ਸੀਮਾਵਾਂ ਨੂੰ ਵਧੇਰੇ ਤੇਜ਼ ਗਤੀ ਨਾਲ ਪਾਰ ਕਰ ਲੈਂਦਾ ਹੈ। ਇਸ ਲਈ ਗੁਰੂ ਸਾਹਿਬ ਸਦੀਵੀ ‘ਸੁਖ’ ਨੂੰ ਪਰਿਭਾਸ਼ਿਤ ਕਰਨ ਲਈ ‘ਮਨ’ ਨੂੰ ਮੰਚ ਦਾ ਦਰਜਾ ਪ੍ਰਦਾਨ ਕਰਦੇ ਹਨ :

ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ।।
ਭਗਤ ਜਨਾ ਕੈ ਮਨਿ ਬਿਸ੍ਰਾਮ ।। ਰਹਾਉ ।।

‘ਸੁਖ’ ਦੀਆਂ ਸਾਰੀਆਂ ਸੰਕਲਪਨਾਵਾਂ ਦਾ ਜਨਮ ਮਨ ਦੇ ਪੱਧਰ ’ਤੇ ਹੁੰਦਾ ਹੈ। ‘ਮਨ’ ਜਿਸ ਤਰ੍ਹਾਂ ਦੇ ਸੁਖ ਦੀ ਸੰਕਲਪਨਾ ਕਰਦਾ ਹੈ, ‘ਤਨ’ ਉਸੇ ਤਰ੍ਹਾਂ ਦੇ ਸੁਖ ਨੂੰ ਭੋਗਣ ਦਾ ਅਭਿਆਸ ਕਰਦਾ ਹੈ। ਇਸ ਲਈ ਸੁਖਮਨੀ ਸਾਹਿਬ ਵਿੱਚ ਗੁਰੂ ਸਾਹਿਬ ਤਨ ਤੇ ਮਨ ਦੇ ਹਵਾਲੇ ਨਾਲ ਕਾਲ- ਯੁਕਤ ਅਤੇ ਸਦੀਵੀ ਸੁਖ ਦੀ ਵਿਆਕਰਨ ਪ੍ਰਸਤੁਤ ਕਰਦੇ ਹਨ। ਇਸ ਅਨੁਸਾਰ ਅਭਿਮਾਨ ਰਹਿਤ ਨਿਮਰਤਾ ਵਾਲਾ ਵਤੀਰਾ ਮਨੁੱਖ ਨੂੰ ਮਨ ਤੇ ਮੁਖ, ਕਥਨੀ ਤੇ ਕਰਨੀ ਰਹਿਤ-ਮਰਯਾਦਾ ਅਤੇ ਸੁਰਤ ਦੀ ਇਕਸਾਰਤਾ ਤੇ ਇਕਸੁਰਤੀ ਪ੍ਰਦਾਨ ਕਰਦਾ ਹੈ :

ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ।।
..... ..... .....
ਨਾਨਕ ਪਾਪ ਪੁੰਨ ਨਹੀ ਲੇਤਾ ।। (੩.੬)
ਮਨਿ ਸਾਚਾ ਮੁਖਿ ਸਾਚਾ ਸੋਇ ।।
ਅਵਰੁ ਨ ਪੇਖੈ ਏਕਸੁ ਬਿਨੁ ਕੋਇ ।। (ਸ.੮)
ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ ।।
ਸਦਾ ਸਦਾ ਜਾਨਹੁ ਤੇ ਸੁਖੀ ।। (੧੪.੩)

ਇਸ ਤਰ੍ਹਾਂ ਦੀ ਸੋਚ ਤੇ ਸੋਝੀ ਵਾਲਾ ਮਨੁੱਖ ਪ੍ਰਭੂ ਦੇ ਹੁਕਮ ਵਿੱਚ ਵਿਚਰਦਾ ਹੋਇਆ ਆਪ ਤਾਂ ਵਿਸਮਾਦ ਦੀ ਅਵਸਥਾ ਵਾਲੀ ਸੁਰਤ ਪ੍ਰਾਪਤ ਕਰਦਾ ਹੀ ਨਾਲ ਹੀ ਉਹ ਦੂਜਿਆਂ ਦਾ ਮਾਰਗ ਦਰਸ਼ਕ ਵੀ ਬਣਦਾ ਹੈ।

ਮਾਨਵੀ ‘ਤਨ’ ਦੇ ‘ਸੁਖ’ ਦਾ ਸੰਕਲਪਿਤ ਪਸਾਰ ਜੀਵ ਵਿਗਿਆਨਕ ਵਜੂਦ ਵਾਲਾ ਹੈ। ਭੁੱਖ, ਡਰ, ਖੁਸ਼ੀ, ਕਾਮ, ਕ੍ਰੋਧ, ਲੋਭ, ਮੋਹ ਆਦਿ ਨਾਲ ਸੰਬੰਧਿਤ ਭਾਵਾਂ ਦਾ ਵਰਤਾਰਾ ਸਾਰੇ ਜੀਵ ਜਗਤ ਵਿੱਚ ਸਮਾਨੰਤਰ ਸਰੂਪ ਵਾਲਾ ਹੈ। ਸਮਾਜਿਕ ਵਿਵਸਥਾ ਸੱਭਿਆਚਾਰਕ ਨਿਯੰਤਰਣ ਦੁਆਰਾ ਮਨੁੱਖ ਦੇ ਜੀਵ ਵਿਗਿਆਨਕ ਵਤੀਰੇ ਨੂੰ ਅਨੁਸ਼ਾਸਿਤ ਕਰਦੀ ਹੈ। ਧਾਰਮਿਕ ਅਤੇ ਦਾਰਸ਼ਨਿਕ ਪਰੰਪਰਾਵਾਂ ਸਮਾਜਿਕ ਵਿਵਸਥਾ ਲਈ ਉਹ ਸਿਧਾਂਤਿਕ ਨਿਯਮਾਵਲੀ ਅਤੇ ਵਿਹਾਰਕ ਵਿਆਕਰਨ ਸਿਰਜਦੀਆਂ ਹਨ, ਜਿਸ ਨਾਲ ਪੁਰਖ ਨੂੰ ਜੀਵ ਵਿਗਿਆਨਕ ਪੱਧਰ ਤੋਂ ਉੱਪਰ ਚੁੱਕਣ ਲਈ ਯਤਨਸ਼ੀਲ ਹੋਇਆ ਜਾ ਸਕੇ। ਅਕਾਲ ਪੁਰਖ ਦੀ ਵਜੂਦ-ਰਹਿਤ ਵਜੂਦਾਤਮਕਤਾ ਸੰਬੰਧੀ ਮਾਨਵੀ ਸੁਰਤ ਨੂੰ ਸੁਰਜੀਤ ਕਰਨ ਦੇ ਯਤਨ ਇਸੇ ਤਰ੍ਹਾਂ ਦੀ ਪ੍ਰਕਿਰਤੀ ਵਾਲੇ ਹਨ।

IV. ਸੁਖਮਨੀ- ਅਕਾਲ ਪੁਰਖ ਦੀ ਉਸਤਤਿ

ਸੁਖਮਨੀ ਸਾਹਿਬ ਦਾ ਪਾਠ ਅਕਾਲ ਪੁਰਖ ਦੀ ਉਸਤਤਿ ਦਾ ਪ੍ਰਵਚਨ ਸਿਰਜਦਾ ਹੈ। ਇਸ ਪਾਠ ਦੇ ਵਧੇਰੇ ਪ੍ਰਸੰਗ ਤਾਂ ਪ੍ਰੋਖ ਪੱਧਰ ’ਤੇ ਇਸ ਉਸਤਤਿ ਨੂੰ ਪ੍ਰਸਤੁਤ ਕਰਦੇ ਹਨ, ਪਰ ਬਾਕੀ ਪੁਰਖ ਦੀ ਪ੍ਰਕਿਰਤੀ ਵਾਲੇ ਪ੍ਰਸੰਗ, ਅਪ੍ਰੋਖ ਪੱਧਰ ’ਤੇ ਅਕਾਲ ਪੁਰਖ ਦੀ ਉਸਤਤਿ ਦੇ ਪਾਸਾਰ ਸਿਰਜਦੇ ਹਨ। ਉਸਤਤਿ ਵਾਲੇ ਇਨ੍ਹਾਂ ਪ੍ਰਸੰਗਾਂ ਦਾ ਵਰਗੀਕਰਨ ਹੇਠ ਲਿਖੇ ਅਨੁਸਾਰ ਹੈ :
ਮੂਲ ਮੰਤਰ,

ਪਰੰਪਰਾਈ ਵਿਸ਼ਲੇਸ਼ਣ,
ਨਿਰੰਕਾਰ : ਸੁੰਨ-ਸਮਾਧ,
ਨਿਰੰਕਾਰ : ਨਿਰਗੁਨ ਤੇ ਸਰਗੁਨ,
ਸਿਰਜਕ-ਪਾਲਕ ।
ਮੂਲ ਮੰਤਰ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਰੰਭਕ ਤੁਕ ‘ੴ ਸਤਿਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂੰਨੀ ਸੈਭੰ ਗੁਰਪ੍ਰਸਾਦਿ’ ਨੂੰ ਮੂਲ ਮੰਤਰ ਕਿਹਾ ਜਾਂਦਾ ਹੈ। ਸਿੱਖ ਧਰਮ, ਸਮਾਜ ਅਤੇ ਸੋਚ ਇਸ ਮੂਲ ਮੰਤਰ ਨੂੰ ਬਾਣੀ ਦਾ ਆਧਾਰ ਸੂਤਰ ਅਤੇ ਪ੍ਰਧਾਨ ਸੰਕਲਪਨਾ ਸਵੀਕਾਰਦੀ ਹੈ। ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿਚ ਅਕਾਲ ਪੁਰਖ ਦੀ ਉਸਤਤਿ ਲਈ ਮੂਲ ਮੰਤਰ ਵਿਚਲੇ ਵਿਸ਼ੇਸ਼ਣਾਂ ਅਤੇ ਵਿਸ਼ੇਸ਼ਣੀ ਨਾਵਾਂ ਦੀ ਵਰਤੋਂ ਪ੍ਰੋਖ ਪ੍ਰਸੰਗਾਂ ਵਿਚ ਕਰਦੇ ਹਨ। ਇਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :

(ੳ) ੴਅੰਕਾਰ

‘ੴ’ ਮੂਲ ਮੰਤਰ ਅਤੇ ਗੁਰਬਾਣੀ ਦੀ ਪਹਿਲੀ ਸੂਤਰਾਤਮਕ ਮਦ ਹੈ। ਇਸ ਰਾਹੀਂ ਦੋ ਭਾਵ ਸੰਚਾਰਤ ਹੁੰਦੇ ਹਨ। ਇਕ : ਮਾਨਵੀ ਪ੍ਰਤੱਖਣ ਦੇ ਵਖਰੇਵਿਆਂ ਦੇ ਪਰਿਪੇਖ ਵਿਚ ਅਕਾਲ ਪੁਰਖ ‘ਇਕ’ ਹੈ, ਦੂਜਾ : ਅਕਾਲ ਪਰਖ ਦੀ ਵਜੂਦ-ਰਹਿਤ ਵਜੂਦਾਤਮਕਤਾ ਦੇ ਅਧਿਆਤਮਕ ਅਨੁਭਵ ਦਾ ਪ੍ਰਗਟਾਵਾ ‘ਓਅੰਕਾਰ’ ਰਾਹੀਂ ਹੀ ਕੀਤਾ ਜਾ ਸਕਦਾ ਹੈ। ਗੁਰੂ ਸਾਹਿਬ ਸੁਖਮਨੀ ਸਾਹਿਬ ਵਿਚ ਇਸ ਮਦ ਦੇ ਦੋਵੇਂ ਤੱਤਾਂ ਨੂੰ ਪ੍ਰਸੰਗਾਂ ਵਿਚ ਵਰਤ ਕੇ ਵਿਆਖਿਆਤਮਕ ਸਰੂਪ ਬਖ਼ਸ਼ਦੇ ਹਨ। ਅਕਾਲ ਪੁਰਖ ਆਪ ਤਾਂ ਇਕ ਹੈ, ਪਰ ਸਾਰਾ ਦਿੱਖ ਜਗਤ ਉਸ ਇਕ ਦਾ ਹੀ ਪਾਸਾਰ ਰੂਪ ਹੈ :

ਏਕੋ ਏਕੁ ਏਕੁ ਹਰਿ ਆਪਿ ।।
ਪੂਰਨ ਪੂਰਿ ਰਹਿਓ ਪ੍ਰਭੂ ਬਿਆਪਿ ।।
ਅਨਿਕ ਬਿਸਥਾਰ ਏਕ ਤੇ ਭਏ ।।
ਏਕੁ ਅਰਾਧਿ ਪਰਾਛਤ ਗਏ ।।
ਮਨ ਤਨ ਅੰਤਰਿ ਏਕੁ ਪ੍ਰਭੂ ਰਾਤਾ ।।
ਗੁਰ ਪ੍ਰਸਾਦਿ ਨਾਨਕ ਇਕੁ ਜਾਤਾ ।। (੧੯.੮ )

ਇਥੇ ‘ਇਕ’ ਤੋਂ ਭਾਵ ਇਕੱਲਾ ਨਹੀਂ ਅਤੇ ਨਾ ਹੀ ਉਸ ਨੂੰ ਕਿਸੇ ਹੋਰ ਦੀ ਮੌਜੂਦਗੀ ਜਾਂ ਗ਼ੈਰ-ਮੌਜੂਦਗੀ ਵਿਚ ਕਿਹਾ ਗਿਆ ਹੈ, ਬਲਕਿ ‘ਇਕ’ ਦੇ ਰੂਪ ਵਿਚ ਉਹ ‘ਪੂਰਨ’ ਹੈ। ਉਹ ਆਪ ‘ਇਕ’ ਹੈ, ਪਰ ਉਸ ਦੀ ਸਿਰਜਨਾ ਅਨੇਕਤਾ ਦੇ ਸਰੂਪ ਵਾਲੀ ਹੈ। ਉਸ ਦੇ ‘ਇਕ’ ਹੋਣ ਦੇ ਅਨੁਭਵ ਵਾਲੀ ਸੁਰਤ ਗੁਰੂ ਦੀ ਕ੍ਰਿਪਾ ਨਾਲ ਹੀ ਪ੍ਰਾਪਤ ਹੁੰਦੀ ਹੈ। ਇਸੇ ਲਈ ਉਸ ‘ਇਕ’ ਦਾ ਨਾਮ ਜਪਣ ਵਾਲੇ ਅਨੇਕ ਹਨ :

ਸਿਮਰਉ ਜਾਸੁ ਬਿਸੁੰਭਰ ਏਕੈ ।।
ਨਾਮੁ ਜਪਤ ਅਗਨਤ ਅਨੇਕੈ ।। ( ੧.੧ )

ਸਧਾਰਨ ਸੂਝ ਨੂੰ ਜਾਪਦਾ ਹੇ ਕਿ ਵੱਖੋ ਵੱਚਰੇ ਨਾਵਾਂ ਨਾਲ ਅੰਕਿਤ ਹੋਣ ਵਾਲਾ ਅਕਾਲ ਪੁਰਖ ਧਰਮਾਂ, ਸੰਪ੍ਰਦਾਵਾਂ ਅਤੇ ਫ਼ਿਰਕਿਆਂ ਵਿਚ ਵੰਡਿਆ ਹੋਇਆ ਹੈ। ਇਸ ਦ੍ਰਿਸ਼ਟੀ-ਦੋਸ਼ ਕਾਰਨ ਮਨੁੱਖ ‘ਇਕ’ ਨੂੰ ਵੰਡੀਆਂ ਤੇ ਵਖਰੇਵਿਆਂ ਵਿਚ ਵੇਖਣ ਦਾ ਭਰਮ ਭੋਗਦਾ ਹੈ :

ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ ।।
ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ।। ( ਸ.੨੨ )

‘ਇਕ’ ਅਕਾਲ ਪੁਰਖ ਆਪਣੀ ਸਿਰਜਨਾ ਵਿਚ ਆਪਣੇ ਆਪ ਦਾ ਹੀ ਵਿਸਤਾਰ ਕਰਦਾ ਹੈ। ਇਸ ਲਈ ਵਿਰੋਧੀ ਦਿਸਦੇ ਸਾਰੇ ਵਰਤਾਰਿਆਂ (ਵਕਤਾ-ਸਰੋਤਾ) ਵਿਚ ਉਹ ਆਪ ਹੀ ਵਿਚਰਦਾ ਹੈ :

ਆਪਿ ਕਥੈ ਆਪਿ ਸੁਨਨੈਹਾਰੁ ।।
ਆਪਹਿ ਏਕੁ ਆਪਿ ਬਿਸਥਾਰੁ ।। ( ੨੨.੧ )

ਉਸ ‘ਇਕ’ ਨੂੰ ‘ਭਾਵੈ’ ਤਾਂ ਉਹ ਆਪੇ ਦਾ ਅਨੇਕਤਾ ਵਿਚ ਵਿਸਤਾਰ ਕਰ ਲੈਂਦਾ ਹੈ ਅਤੇ ਜੇ ਉਸ ਨੂੰ ਚੰਗਾ ਲੱਗੇ ਤਾਂ ਉਹ ਫਿਰ ਏਕੰਕਾਰ ਹੋ ਜਾਂਦਾ ਹੈ :

ਤਿਸੁ ਭਾਵੈ ਤਾ ਕਰੇ ਬਿਸਥਾਰੁ ।।
ਤਿਸੁ ਭਾਵੈ ਤਾ ਏਕੰਕਾਰੁ ।। ( ੨੩.੫ )

ਮਾਨਵੀ ਪ੍ਰਤੱਖਣ ਦੀ ਪ੍ਰਕਿਰਤੀ ਅਜਿਹੀ ਹੈ ਕਿ ਉਸ ਨੂੰ ਦਿੱਖ ਜਗਤ ਦੀਆਂ ਸਾਰੀਆਂ ਪਦਾਰਥਕ ਤੇ ਸਕੰਲਪਿਕ ਵਸਤੂਆਂ ਨੂੰ ਤੁਲਨਾਤਮਕ ਪਰਿਪੇਖ ਵਿਚ ਗ੍ਰਹਿਣ ਕਰਨਾ ਪੈਂਦਾ ਹੈ। ਉਸ ਲਈ ‘ਇਕ’ ਵਸਤੂ ਨੂੰ ਦੇਖਣ ਲਈ ‘ਦੂਜੀਆਂ ਵਸਤਾਂ ਦੀ ਪਿੱਠ-ਭੂਮੀ ਲੋਡ਼ੀਂਦੀ ਹੈ। ਇਸੇ ਕਰਕੇ ਇਸ ਬਾਣੀ ਵਿਚ ‘ਇਕ’ ਅਕਾਲ ਪੁਰਖ ਨੂੰ ਉਸ ਦੇ ਆਪੇ ਦੇ ਸਿਰਜਨਾਤਮਕ ਪਾਸਾਰੇ ਦੀ ਅਨੇਕਤਾ ਦੇ ਪਰਿਪੇਖ ਵਿਚ ਸਪੱਸ਼ਟ ਕੀਤਾ ਗਿਆ ਹੈ। ਇਹ ਸਪੱਸ਼ਟਤਾ ਕਵਲ ਸਿਧਾਂਤਕ ਨਹੀਂ, ਬਲਕਿ ਵਿਹਾਰਕ ਤੇ ਅਮਲੀ ਵੀ ਹੈ :

ਏਕੋ ਜਪਿ ਏਕੋ ਸਾਲਾਹਿ ।।
ਏਕੁ ਸਿਮਰਿ ਏਕੋ ਮਨ ਆਹਿ ।।
ਏਕਸ ਕੇ ਗੁਨ ਗਾਉ ਅਨੰਤ ।।
ਮਨਿ ਤਨਿ ਜਾਪਿ ਏਕ ਭਗਵੰਤ ।। ( ੧੯.੮ )

“ਅਕਾਲ ਪੁਰਖ ‘ਇਕ’ ਹੈ। ਸਾਰਾ ਦਿਸਦਾ ਪਾਸਾਰਾ ਉਸ ਇਕ ਦੁਆਰਾ ਆਪਣੇ ਆਪੇ ਦਾ ਕੀਤਾ ਹੋਇਆ ਵਿਸਤਾਰ ਹੀ ਹੈ। ਉਹ ਆਪਣੀ ਮਰਜ਼ੀ ਨਾਲ ਇਕ ਤੋਂ ਅਨੇਕ ਰੂਪ ਅਤੇ ਫਿਰ ਅਨੇਕ ਤੋਂ ਇਕ ਰੂਪ ਹੋ ਜਾਂਦਾ ਹੈ। ਉਸਦੀ ਸਿਰਜਨਾ ਆਪਣੇ ਸਿਰਜਕ ਦੇ ਗੁਣ ਗਾਉਂਦੀ ਹੈ।” ਗੁਰੂ ਸਾਹਿਬ ਅਨੁਸਾਰ ਇਸ ਬਾਣੀ ਵਿਚ ਪ੍ਰਸਤੁਤ ‘ਇਕ’ ਦੇ ਇਹ ਸਾਰੇ ਸੰਕਲਪਿਕ ਪਾਸਾਰ ਮਨ ਤੇ ਤਨ ਦੀ ‘ਸਿਮਰਤੀ’ ਵਿਚ ਧਾਰਨ ਕਰਨ ਦੀ ਬਖ਼ਸ਼ਿਸ਼ ਕੇਵਲ ਮਾਨਵੀ ਵਜੂਦ ਨੂੰ ਹੀ ਪ੍ਰਾਪਤ ਹੈ।

(ਅ) ਸਤਿਨਾਮ

ਮੂਲ ਮੰਤਰ ਦੀ ਦੂਸਰੀ ਸੰਕਲਪਿਕ ਮਦ (ਸਤਿਨਾਮ) ‘ੴ’ ਦੇ ਅਰਥ-ਘੇਰੇ ਦਾ ਇਕ ਹੋਰ ਪਾਸਾਰ ਹੈ। ਇਕ ਤੋਂ ਅਨੇਕਤਾ ਦਾ ਸਿਰਜਕ ਅਤੇ ਅਨੇਕਤਾ ਨੂੰ ਫਿਰ ‘ਇਕ’ ਕਰਨ ਵਾਲਾ ਓਅੰਕਾਰ ਕਾਲ-ਮੁਕਤ ਸੱਚ ਹੈ। ਸੁਖਮਨੀ ਸਾਹਿਬ ਦੇ ਪ੍ਰਸੰਗਾਂ ਅਨੁਸਾਰ ਅਕਾਲ ਪੁਰਖ ਆਪ ਸੱਚ ਸਰੂਪ ਹੈ ਅਤੇ ਉਸ ਦੁਆਰਾ ਸਿਰਜਤ ਸ੍ਰਿਸ਼ਟੀ ਤੇ ਜਗਤ ਵੀ ਸੱਚ ਹੈ, ਪਰ ਇਸ ਤੱਥ ਦੀ ਸੋਝੀ, ਗੁਰੂ ਦੀ ਕ੍ਰਿਪਾ ਨਾਲ ਕਿਸੇ ਵਿਰਲੇ ਨੂੰ ਹੀ ਹੁੰਦੀ ਹੈ :

ਸਤਿ ਸਤਿ ਸਤਿ ਪ੍ਰਭੂ ਸੁਆਮੀ ।।
ਗੁਰ ਪਰਸਾਦਿ ਕਿਨੈ ਵਖਿਆਨੀ ।।
ਸਚੁ ਸਚੁ ਸਚੁ ਸਭੁ ਕੀਨਾ ।।
ਕੋਟਿ ਮਧੇ ਕਿਨੈ ਬਿਰਲੈ ਚੀਨਾ ।। (੧੨.੮)
ਚਰਨ ਸਤਿ ਸਤਿ ਪਰਸਨਹਾਰ ।।
..... ..... .....
ਨਾਨਕ ਸਤਿ ਸਤਿ ਪ੍ਰਭੂ ਸੋਇ ।। (੧੭.੧)

‘ਸਤਿ ਪੁਰਖ’ ਦੀ ਸੋਝੀ ਵਾਲੇ ਮਨੁੱਖ ਲਈ ਭੌਤਿਕ ਤੇ ਸਰੀਰਕ ਵਜੂਦਾਂ ਦੀ ਪਰਿਵਰਤਨਸ਼ੀਲਤਾ ਇਕ ਸਤਹੀ ਵਰਤਾਰਾ ਹੈ ਅਤੇ ਇਸ ਸਾਰੇ ਦਾ ਆਧਾਰ ਕਰਨ-ਕਾਰਨ ਅਕਾਲ ਪੁਰਖ ਆਪ ਹੈ :

ਜਿਹਬਾ ਏਕ ਉਸਤਤਿ ਅਨੇਕ ।।
ਸਤਿ ਪੁਰਖ ਪੂਰਨ ਬਿਬੇਕ ।। (੧੮.੫)

‘ਇਕ’ ਅਕਾਲ ਪੁਰਖ ਦੇ ਸੱਚ ਸਰੂਪ (ਸਤਿਨਾਮ) ਦੀ ਸੰਕਲਪਨਾ, ਗੁਰਬਾਣੀ ਵਿਚ ‘ਕੂਡ਼’ ਅਤੇ ‘ਮਿਥਿਆ’ ਦੀਆਂ ਸੰਕਲਪਨਾਵਾਂ ਦੀ ਵਿਰੋਧਾਰਥਕਤਾ ਵਿਚ ਹੋਈ ਹੈ। ਸਾਰਾ ਦਿੱਸਦਾ ਵਰਤਾਰਾ ਕਾਲ ਦੀਆਂ ਸੀਮਾਵਾਂ ਵਿਚ ਵਿਚਰਦਾ ਹੈ। ਸਿੱਟੇ ਵਜੋਂ ਇਹ ਲਗਾਤਾਰ ਪਰਿਵਰਤਨਸ਼ੀਲਤਾ ਵਿਚ ਰਹਿੰਦਾ ਹੈ। ਸਿਰਜਨ-ਬਿਨਸਨ ਜਾਂ ਜਨਮ-ਮਰਨ ਇਸ ਦੀ ਪ੍ਰਕਿਰਤੀ ਦਾ ਹਿੱਸਾ ਹੈ। ਇਸ ਦੀ ਇਸ ਕਾਲ-ਯੁਕਤਤਾ ਨੂੰ ਹੀ ‘ਕੂਡ਼’ ਜਾਂ ‘ਮਿਥਿਆ’ ਕਿਹਾ ਗਿਆ ਹੈ। ਕਾਲ-ਯੁਕਤਤਾ ਦੇ ਇਸ ਪਰਿਪੇਖ ਵਿਚ ‘ਇਕ’ ਅਕਾਲ ਪੁਰਖ ਹੀ ਕਾਲ ਦੀਆਂ ਸੀਮਾਵਾਂ ਤੇ ਪ੍ਰਭਾਵਾਂ ਤੋਂ ਪਾਰ ਹੈ। ਇਸੇ ਲਈ ਉਹ ਸਦੀਵੀ ਸੱਚ ਹੈ। ਸਦੀਵੀ ਸੱਚ ਦੀ ਸਿਰਜਨਾ ਦੇ ਪਦਾਰਥ (ਮਾਦਾ) ਅਤੇ ਜੀਵ ਹੋਰਨਾਂ ਪਦਾਰਥਾਂ ਅਤੇ ਸਰੀਰਾਂ ਤੋਂ ਜਨਮ ਲੈਂਦੇ ਹਨ, ਵਿਕਾਸ ਕਰਦੇ ਹਨ ਅਤੇ ਫਿਰ ਆਪਣੇ ਵਰਗੇ ਹੋਰ ਵਜੂਦ ਪੈਦਾ ਕਰਕੇ ਸਮਾਪਤ ਹੋ ਜਾਂਦੇ ਹਨ। ਸਿਰਜਨ-ਵਿਨਸਨ ਦਾ ਇਹ ਕ੍ਰਮ ਇਕ ਦੇ ਅਨੇਕਤਾ ਵਿਚ ਪਸਰਨ ਨਾਲ ਆਰੰਭ ਹੁੰਦਾ ਹੈ ਅਤੇ ਉਸ ਸਮੇਂ ਤਕ ਚਲਦਾ ਹੈ, ਜਦੋਂ ਤਕ ਉਹ ਆਪਣੀ ਮਰਜ਼ੀ ਨਾਲ ਆਪਣੇ ਪਾਸਾਰ-ਰੂਪ ਨੂੰ ਫਿਰ ‘ਏਕੰਕਾਰ’ ਵਿਚ ‘ਬਦਲ’ ਲੈਂਦਾ ਹੈ। ਇਸ ਰੂਪ ਵਿਚ ਉਸ ਦੀ ਸਾਰੀ ਸਿਰਜਨਾ ‘ਸੱਚ’ ਹੈ। ਉਸ ਦੇ ਇਸ ਤਰ੍ਹਾਂ ਦੇ ‘ਸੱਚ ਸਰੂਪ’ ਦਾ ਇਹ ਵਿਸਮਾਦੀ ਅਨੁਭਵ ਇਸ ਬਾਣੀ ਵਿਚ ‘ਸਤਿਨਾਮ’ ਦੀ ਸੰਕਲਪਨਾ ਨਾਲ ਕਰਵਾਇਆ ਗਿਆ ਹੈ।

(ੲ) ਕਰਤਾ ਪੁਰਖ

‘ੴ’ ਦੀ ਸੰਕਲਪਨਾ ਦਾ ਇਕ ਹੋਰ ਪਾਸਾਰ ਕਰਤਾ ਪੁਰਖ ਹੈ। ਇਸ ਵਿਚ ਦੋ ਮਦਾਂ ਹਨ : ਕਰਤਾ ਅਤੇ ਪੁਰਖ। ਦੋਵੇਂ ਇਕ ਦੂਜੇ ਦੀਆਂ ਪੂਰਕ ਹਨ। ਪਰਮਾਤਮਾ ‘ਪੁਰਖ’ ਦੇ ਰੂਪ ਵਿਚ ‘ਪ੍ਰਕਿਰਤੀ’ ਦੀ ਸਿਰਜਨਾ ਕਰਦਾ ਹੈ। ਸਿਰਜਕ-ਸਿਰਜਨਾ ਸੰਬੰਧਾਂ ਦੀ ਕਿਰਿਆਸ਼ੀਲਤਾ ਕਰਕੇ ‘ੴ’ ਨੂੰ ਕਰਤਾ ਪੁਰਖ ਕਿਹਾ ਗਿਆ ਹੈ। ਮਨੁੱਖ ਦੇ ਪ੍ਰਤੱਖਣ ਵਿਚ ਵਿਚਰਦੇ ਸਾਰੇ ਪਦਾਰਥਾਂ ਅਤੇ ਸੰਕਲਪਾਂ ਦਾ ਸਿਰਜਕ ਅਕਾਲ ਪੁਰਖ ਹੈ :

ਨਿਰਗੁਨੀਆਰ ਇਆਨਿਆ ਸੋ ਪ੍ਰਭੂ ਸਦਾ ਸਮਾਲਿ ।।
ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ।। (ਸ.੪)

ਮਨੁੱਖ ਦੇ ਸਰੀਰ ਦੇ ਬੀਜ-ਰੂਪ ਅਵੱਸਥਾ ਵਿਚ ਵਿਕਾਸ ਦੀ ਵਿਵਸਥਾ ਵੀ ਅਕਾਲ ਪੁਰਖ ਨੇ ਕੀਤੀ ਹੋਈ ਹੈ :

ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ।।
ਗਰਭ ਅਗਨਿ ਮਹਿ ਜਿਨਹਿ ਉਬਾਰਿਆ ।। (੪.੧)

ਮਾਨਵੀ ਪ੍ਰਤੱਖਣ ਦੇ ਸਾਰੇ ਵਜੂਦਾਂ ਦਾ ਕਰਨ-ਕਾਰਨ ਅਕਾਲ ਪੁਰਖ ਹੀ ਹੈ :

ਕਰਣ ਕਾਰਣ ਪ੍ਰਭੂ ਏਕੁ ਹੈ ਦੂਸਰ ਨਾਹੀ ਕੋਇ ।।
ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ।। (ਸ.੧੧)

ਉਹ ਆਪਣੀ ਮਰਜ਼ੀ ਨਾਲ ਇਨ੍ਹਾਂ ਦੀ ਸਿਰਜਨਾ ਕਰਦਾ ਹੈ :

ਨਾਨਕ ਸਭ ਮਹਿ ਰਹਿਆ ਸਮਾਈ ।। (੧੧.੧)
ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ।।
ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ ।। (ਸ.੧੦)

‘ਕਰਤਾ ਪੁਰਖ’ ਮਦ ‘ਸਿਰਜਨਾ-ਸਿਧਾਂਤ’ ਨੂੰ ਪ੍ਰਸਤੁਤ ਕਰਦੀ ਹੈ। “ਮਾਦਾ (ਮੈਟਰ) ਨਾ ਪੈਦਾ ਹੁੰਦਾ ਹੈ ਅਤੇ ਨਾ ਹੀ ਨਸ਼ਟ। ਇਕ ਤਰ੍ਹਾਂ ਦਾ ਮਾਦਾ ਦੂਜੀ ਤਰ੍ਹਾਂ ਦੇ ਮਾਦੇ ਵਿਚ ਪਰਿਵਰਤਤ ਹੋ ਜਾਂਦਾ ਹੈ।” ਇਹ ਭੌਤਿਕ ਵਿਗਿਆਨ ਦੀ ਸਥਾਪਤ ਧਾਰਨਾ ਹੈ। ਜੀਵ (ਪੌਦੇ ਅਤੇ ਪ੍ਰਾਣੀ) ਦੂਜੇ ਜੀਵਾਂ ਤੋਂ ਜਨਮ ਲੈਂਦੇ ਹਨ। ਇਹ ਜੀਵ ਵਿਗਿਆਨ ਦੀ ਸਥਾਪਤੀ ਹੈ। ਸੁਖਮਨੀ ਸਾਹਿਬ ਅਨੁਸਾਰ ਇਨ੍ਹਾਂ ਦੇ ‘ਮੂਲ ਰੂਪਾਂ’ ਦੀ ਸਿਰਜਨਾ ਅਤੇ ਇਨ੍ਹਾਂ ਮੂਲ ਰੂਪਾਂ ਤੋਂ ਹੋਰ ਰੂਪ ਪੈਦਾ ਕਰਨ ਦੀ ਸਮਰੱਥਾ ਦੀ ਵਿਵਸਥਾ ਅਕਾਲ ਪੁਰਖ ਨੇ ਹੀ ਕੀਤੀ। ਗੁਰੂ ਅਰਜਨ ਦੇਵ ਜੀ ਦੀ ਇਹ ਬਾਣੀ ‘ਕਰਤਾ ਪੁਰਖ’ ਰਾਹੀਂ ਅਕਾਲ ਪੁਰਖ ਦੇ ਹਵਾਲੇ ਨਾਲ ‘ਸਿਰਜਨਾ-ਸਿਧਾਂਤ’ ਨੂੰ ਉਜਾਗਰ ਕਰਦੀ ਹੈ।

(ਸ) ਨਿਰਭਉ ਨਿਰਵੈਰੁ

ਅਕਾਲ ਪੁਰਖ ਦੇ ‘ੴ’ ਹੋਣ ਦਾ ਪ੍ਰਮਾਣ ਰੂਪ ਮੂਲ ਮੰਤਰ ਦੀਆਂ ਅਗਲੀਆਂ ਮਦਾਂ : ‘ਨਿਰਭਉ’ ਅਤੇ ‘ਨਿਰਵੈਰ’ ਹਨ। ਸੁਖਮਨੀ ਸਾਹਿਬ ਅਨੁਸਾਰ :
ਨਿਰਭਉ ਜਪੈ ਸਗਲ ਭਉ ਮਿਟੈ ।।
ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ।। (੨੨.੭)

ਅਕਾਲ ਪੁਰਖ ਨਿਰਭਉ ਤੇ ਨਿਰਵੈਰ ਹੈ। ਇਸ ਤੋਂ ਭਾਵ ਹੈ ਕਿ ਉਹ ‘ਇਕ’ ਹੈ, ਉਸ ਦੇ ਵਿਰੋਧ ਵਿਚ ਉਸ ਤੋਂ ਵਡੇਰਾ ਅਤੇ ਸ਼ਕਤੀਸ਼ਾਲੀ ਹੋਰ ਕੋਈ ਨਹੀਂ। ਉਸ ਦੀ ਬਰਾਬਰੀ ਵਾਲਾ ਵਿਰੋਧਾਤਮਕ ਵਰਤਾਰਾ ਵੀ ਕੋਈ ਨਹੀਂ ਹੋ ਸਕਦਾ। ਸਵੈ ਨਾਲੋਂ ਵਧੇਰੇ ਸ਼ਕਤੀ ਤੇ ਸਮਰੱਥਾ ਡਰ ਅਤੇ ਨਿਰਭਰਤਾ ਪੈਦਾ ਕਰਦੀ ਹੈ, ਜਦਕਿ ਟੀਚਿਆਂ ਦੀ ਪ੍ਰਾਪਤੀ ਲਈ ਮੁਕਾਬਲੇਬਾਜ਼ੀ ਵੈਰ ਤੇ ਵਿਰੋਧ ਨੂੰ ਜਨਮ ਦਿੰਦੀ ਹੈ। ਅਕਾਲ ਪੁਰਖ ਕਿਉਂਕਿ ‘ਇਕ’ ਹੈ ਅਤੇ ਉਸ ਤੋਂ ਵਡੇਰਾ ਅਤੇ ਉਸ ਦੇ ਬਰਾਬਰ ਕੋਈ ਨਹੀਂ, ਇਸ ਲਈ ਨਿਰਭਉ ਤੇ ਨਿਰਵੈਰ ਹੈ।

(ਹ) ਅਕਾਲ ਮੂਰਤਿ

ਮੂਲ ਮੰਤਰ ਦੀ ਅਗਲੀ ਮਦ ਦੇ ਦੋ ਹਿੱਸੇ ਹਨ : ਅਕਾਲ ਅਤੇ ਮੂਰਤਿ। ਅਕਾਲ ਤੋਂ ਭਾਵ ਹੈ ਕਾਲ ਦੀਆਂ ਸੀਮਾਵਾਂ ਤੋਂ ਪਾਰ ਅਤੇ ਮੂਰਤ (ਅਮੂਰਤ) ਤੋਂ ਭਾਵ ਹੈ ਨਿਰਆਕਾਰ (ਨਿਰੰਕਾਰ) । ਦੋਵੇਂ ਮਦਾਂ ਅਕਾਲ ਪੁਰਖ ਦੇ ‘ੴ’ ਸਰੂਪ ਨੂੰ ਇਕ ਹੋਰ ਪਾਸਾਰ ਪ੍ਰਦਾਨ ਕਰਦੀਆਂ ਹਨ। ਸਦੀਵੀ ਸੱਚ ਦੇ ਰੂਪ ਵਿਚ ਉਹ ਆਦਿ ਜੁਗਾਦਿ ਭਾਵ ਯੁੱਗਾਂ ਦੇ ਆਰੰਭ ਤੋਂ ਪਹਿਲਾਂ ਅਰਥਾਤ ਕਾਲ (ਸਮੇਂ) ਦੀ ਵਜੂਦਾਤਮਕਤਾ ਤੋਂ ਪਹਿਲਾਂ ਸੀ ਅਤੇ ਸਮੇਂ ਦੀ ਸੀਮਾ ਸਮਾਪਤੀ ਮਗਰੋਂ ਵੀ ਰਹੇਗਾ।

ਆਦਿ ਸਚੁ ਜੁਗਾਦਿ ਸਚੁ ।।
ਹੈ ਭਿ ਸਚੁ ਨਾਨਕ ਹੋਸੀ ਭਿ ਸਚੁ ।। (ਸ.੧੭)

ਸਮੇਂ ਦੀਆਂ ਸੀਮਾਵਾਂ ਤੋਂ ਪਾਰ ਵਿਚਰਣ ਵਾਲਾ ਹੀ ‘ਅਕਾਲ’ ਕਿਹਾ ਜਾ ਸਕਦਾ ਹੈ, ਸਦੀਵੀ ਸੱਚ ਹੋਣ ਕਰਕੇ ਉਸ ਦਾ ਰੂਪ ਤੇ ਸਥਾਨ ਵੀ ਸੱਚ ਸਰੂਪ ਹੈ :

ਰੂਪੁ ਸਤਿ ਜਾ ਕਾ ਸਤਿ ਅਸਥਾਨੁ ।।
..... ..... .....
ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ ।। (੧੬.੬)

ਇਸ ਤਰ੍ਹਾਂ ਦਾ ‘ਸੱਚ’ ਨਾ ਸਿਰਫ਼ ਸਮੇਂ ਦੀ ਸੀਮਾ ਤੋਂ ਮੁਕਤ ਹੈ, ਬਲਕਿ ਆਕਾਰਾਂ ਦੀਆਂ ਬੰਦਸ਼ਾਂ ਤੋਂ ਵੀ ਪਾਰ ਹੈ, ਇਸੇ ਲਈ ਅਮੂਰਤ ਹੈ। ੴ ਦੀ ‘ਅਕਾਲ ਮੂਰਤ’ ਸੰਕਲਪਨਾ ਅਜਿਹੀ ਵਜੂਦਾਤਮਕਤਾ ਨੂੰ ਸੰਚਾਰਿਤ ਕਰਦੀ ਹੈ, ਜੋ ਨਿਰ-ਆਕਾਰ ਅਤੇ ਕਾਲ-ਅੰਤਰ ਵਿਚ ਨਹੀਂ ਵਿਚਰਦੀ।

(ਕ) ਅਜੂੰਨੀ ਸੈਭੰ

ਮੂਲ ਮੰਤਰ ਦੀਆਂ ਇਹ ਮਦਾਂ ਅੰਤਰ-ਸੰਬੰਧਿਤ ਭਾਵਾਂ ਨੂੰ ਸੰਚਾਰਿਤ ਕਰਦੀਆਂ ਹਨ। ਅਕਾਲ ਪੁਰਖ ‘ੴ’ ਹੈ ਅਤੇ ਜਨਮ-ਮਰਨ ਦੀ ਚੱਕਰਾਤਮਕਤਾ ਵਿਚ ਨਹੀਂ ਵਿਚਰਦਾ ਉਹ ਕਿਸੇ ਹੋਰ ਤੋਂ ਜਨਮ ਨਹੀਂ ਲੈਂਦਾ, ਸਗੋਂ ਆਪ ਹੀ ਆਪਣੇ ਆਪ ਨੂੰ ਸਿਰਜਦਾ ਹੈ। ਇਸੇ ਲਈ ਉਹ ‘ਅਜੂੰਨੀ’ ਵੀ ਹੈ ਅਤੇ ‘ਸੈਭੰ’ ਵੀ :
ਨਹ ਕਿਛੁ ਜਨਮੈ ਨਹ ਕਿਛੁ ਮਰੈ ।।
..... ..... .....
ਆਪਿ ਜਪਾਏ ਤ ਨਾਨਕ ਜਾਪ ।। (੧੪.੬)

ਉਹ ਆਪ ਸਦੀਵੀ ਸੱਚ ਹੈ, ਇਸ ਲਈ ਆਪਣੀ ਗਤੀ ਅਤੇ ਮਿਤੀ ਆਪ ਹੀ ਜਾਣਦਾ ਹੈ :

ਆਪਿ ਸਤਿ ਕੀਆ ਸਭੁ ਸਤਿ ।।
ਆਪੇ ਜਾਨੈ ਅਪਨੀ ਮਿਤਿ ਗਤਿ ।। (੧੬.੭)

ਉਸ ਨੇ ਆਪਣਾ ਆਪ ਆਪੇ ਹੀ ਸਿਰਜਿਆ ਹੈ :

ਆਪਨ ਆਪ ਆਪ ਹੀ ਅਚਰਜਾ ।।
ਨਾਨਕ ਆਪਨ ਰੂਪ ਆਪ ਹੀ ਉਪਰਜਾ ।। (੨੧.੩)
ਕਿਉਂਕਿ ਉਸ ਨੇ ਆਪਣੇ ਆਪ ਨੂੰ ਹੀ ਸਿਰਜਿਆ ਹੈ, ਇਸ ਲਈ ਉਸ ਦੇ ਕੋਈ ਮਾਂ-ਬਾਪ ਨਹੀਂ। ਜਦੋਂ ਤਕ ਉਹ ‘ਸੁੰਨ-ਸਮਾਧ’ ਵਿਚ ਸੀ ਤਾਂ ਉਸ ਦੀ ਸਿਰਜਨਾ ਦੇ ਹਵਾਲੇ ਸਾਰੀ ਸੰਬੰਧਾਤਮਕਤਾ ਵੀ ਵਜੂਦ-ਰਹਿਤ ਸੀ :
ਜਬ ਅਪਨੀ ਸੋਭਾ ਆਪਨ ਸੰਗਿ ਬਨਾਈ ।।
ਤਬ ਕਵਨ ਮਾਇ ਬਾਪ ਮ੍ਰਿਤ ਸੁਤ ਭਾਈ ।। (੨੧.੫)
ਸੁਖਮਨੀ ਸਾਹਿਬ ਵਿਚ ਮੂਲ ਮੰਤਰ ਦੇ ਹਵਾਲੇ ਵਾਲੇ ਸਾਰੇ ਪ੍ਰਸੰਗ ਅਕਾਲ ਪੁਰਖ ਦੀ ਉਸਤਤਿ ਲਈ ਵਿਆਖਿਆਮਈ ਵਿਸਤਾਰ ਪ੍ਰਸਤੁਤ ਕਰਦੇ ਹਨ।

(ਖ) ਗੁਰ ਪ੍ਰਸਾਦਿ

ਸੁਖਮਨੀ ਸਾਹਿਬ ਦੇ ਪਾਠ ਵਿਚਲੇ ਕੁਝ ਪ੍ਰਸੰਗਾਂ ਵਿਚ ‘ਗੁਰ ਪ੍ਰਸਾਦਿ’ ਦੇ ਮਾਧਿਅਮ ਰਾਹੀਂ ਅਕਾਲ ਪੁਰਖ ਦੀ ਉਸਤਤਿ ਦਾ ਪ੍ਰਵਚਨ ਸਿਰਜਿਆ ਗਿਆ ਹੈ। ‘ਗੁਰ ਪ੍ਰਸਾਦ’ (ਅਰਥਾਤ ਗੁਰੂ ਦੀ ਕ੍ਰਿਪਾ) ਇਕ ਜਟਿਲ ਸੰਕਲਪ ਹੈ। ‘ਗੁਰੂ’ ਮਦ ਦਾ ਆਪਣਾ ਅਰਥ-ਘੇਰਾ ਇਕ ਪਾਸੇ ਸਤਿਪੁਰਖ (ਸਤਿ ਪੁਰਖ ਜਿਨਿ ਜਾਨਿਆ) ਨਾਲ ਸੰਬੰਧਿਤ ਹੈ ਅਤੇ ਦੂਜੇ ਪਾਸੇ ਸਿੱਖ (ਤਿਸ ਕੈ ਸੰਗਿ ਸਿਖ ਉਧਰੈ ।।ਸ.18) ਨਾਲ। ਇਸ ਦੋਪਾਸਡ਼ ਸੰਬੰਧਾਤਮਕਤਾ ਵਾਲੇ ਸੰਕਲਪ (ਗੁਰੂ) ਵਿਚ ਦੂਜੀ ਮਦ (ਪ੍ਰਸਾਦ) ਦੀ ਵਰਤੋਂ ਇਸ ਦੇ ਅਰਥ-ਘੇਰੇ ਨੂੰ ਪਰਤੀ ਪਾਸਾਰ ਪ੍ਰਦਾਨ ਕਰਦੀ ਹੈ। ਇਸੇ ਲਈ ਸੁਖਮਨੀ ਸਾਹਿਬ ਦੇ ਪ੍ਰਸੰਗਾਂ ਵਿਚ ‘ਗੁਰ ਪ੍ਰਸਾਦ’ ਦੇ ਸਰੂਪ ਦਾ ਬਹੁ-ਪਰਤੀ ਸੰਚਾਰ ਕੀਤਾ ਗਿਆ ਹੈ। ਗੁਰੂ ਅਰਜਨ ਦੇਵ ਜੀ ਦੀ ਇਹ ਬਾਣੀ ਅਕਾਲ ਪੁਰਖ ਦੇ ਨਾਮ ਸਿਮਰਨ ਨੂੰ ਪੁਰਖ ਦੀ ਪ੍ਰਕਿਰਤੀ ਦਾ ਆਧਾਰ ਤੱਤ ਸੰਚਾਰਿਤ ਕਰਦੀ ਹੈ। ਇਸ ਲਈ ਇਹ ਇਸ ਪ੍ਰਕਿਰਤੀ ਮੂਲਕ ਕਰਮ ਨੂੰ ਵਿਅਕਤੀਗਤ ਵਲਗਣ ਵਿਚ ਨਹੀਂ ਬੰਨ੍ਹਦੀ, ਬਲਕਿ ਨਾਮ ਜਪਣ ਨੂੰ ਇਕ ਸੰਗਤੀ ਪ੍ਰਯਤਨ ਵਜੋਂ ਸੰਚਾਰਿਤ ਕਰਦੀ ਹੈ :

ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ ।।
ਆਪਿ ਜਪਹੁ ਅਵਰਹ ਨਾਮੁ ਜਪਾਵਹੁ ।। (੨੦.੫)

ਨਾਮ ਸਿਮਰਨ ਵਾਲਾ ਪੁਰਖ ਆਪ ‘ਸੁਖ’ ਦੀ ਸੁਰਤ ਦਾ ਧਾਰਨੀ ਹੋ ਸਕਦਾ ਹੈ, ਪਰ ਜਦੋਂ ਉਹ ਹੋਰਨਾਂ ਲਈ ਇਸ ‘ਸਦੀਵੀ ਸੁਖ’ ਪ੍ਰਾਪਤੀ ਵਾਸਤੇ, ਪਥ-ਪ੍ਰਦਰਸ਼ਕ ਬਣਦਾ ਹੈ ਤਾਂ ਉਹ ‘ਗੁਰੂ’ ਦੀ ਭੂਮਿਕਾ ਨਿਭਾਅ ਰਿਹਾ ਹੁੰਦਾ ਹੈ। ਸੁਖਮਨੀ ਸਾਹਿਬ ਦੀ ਬਾਣੀ ਪੁਰਖ ਨੂੰ ਨਾਮ ਸਿਮਰਨ ਅਤੇ ਹੋਰਨਾਂ ਨੂੰ ਵੀ ਇਸੇ ਦਿਸ਼ਾ ਵਿਚ ਪ੍ਰਯਤਨਸ਼ੀਲ ਕਰਨ ਵਾਲੀ ਸੁਰਤ ਬਖ਼ਸ਼ਦੀ ਹੈ। ਇਸ ਤਰ੍ਹਾਂ ਦੀ ਸੋਝੀ ਤੇ ਸੋਚ ਵਾਲੀ ਸੁਰਤ ਵਾਲਾ ਪੁਰਖ ਦੈਵੀ ਸਤਿਕਾਰ ਦਾ ਦਰਜਾ ਪ੍ਰਾਪਤ ਕਰਦਾ ਹੈ :

ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ।।
ਨਾਨਕ ਤਿਸੁ ਜਨ ਕਉ ਸਦਾ ਨਮਸਕਾਰ ।। (੨੩.੮)

ਇਸ ਪਾਠ ਦੇ ਪ੍ਰਸੰਗਾਂ ਅਨੁਸਾਰ ਆਪ ‘ਮੁਕਤ ਹੋਣ’ ਵਾਲੇ ਅਤੇ ਸੰਸਾਰ ਨੂੰ ‘ਮੁਕਤ ਕਰਨ’ ਵਾਲੇ ਪੁਰਖ ਨੂੰ ਹੀ ‘ਗੁਰੂ’ ਮਦ ਨਾਲ ਅੰਕਿਤ ਕੀਤਾ ਜਾ ਸਕਦਾ ਹੈ। ਇਸ ਲਈ ‘ਗੁਰ ਪ੍ਰਸਾਦ’ ਦਾ ਮੂਲ ਪਾਸਾਰ ਹੋਰਨਾਂ ਨੂੰ ‘ਮੁਕਤ ਕਰਨ’ ਵਾਲਾ ਪ੍ਰਯਤਨ ਹੈ। ਨਾਮ ਸਿਮਰਨ ਦੀ ਵਿਅਕਤੀਗਤ ਪ੍ਰਾਪਤੀ ਮਨੁੱਖ ਨੂੰ ਸਾਧ, ਸੰਤ ਜਾਂ ਬ੍ਰਹਮ ਗਿਆਨੀ ਮਦ ਦੇ ਅਰਥ-ਘੇਰੇ ਵਿੱਚ ਤਾਂ ਲੈ ਆਉਂਦੀ ਹੈ, ਪਰ ਹੋਰਨਾਂ (ਸਿੱਖ) ਦੇ ਪੱਥ-ਪ੍ਰਦਰਸ਼ਕ ਦੀ ਭੂਮਿਕਾ ਵਿੱਚ ਹੀ ਉਹ ‘ਗੁਰੂ’ ਦੀ ਸਰਵਉੱਚ ਸਤਿਕਾਰ ਵਾਲੀ ਪਦਵੀ ਪ੍ਰਾਪਤ ਕਰ ਸਕਦਾ ਹੈ। ਇਸ ਲਈ ਗੁਰੂ ਦਾ ‘ਗਿਆਨ ਅੰਜਨ’ ਹੀ ਉਸ ਦੇ ‘ਗੁਰ ਪ੍ਰਸਾਦ’ ਦਾ ਮੂਲ ਸਰੂਪ ਹੈ। ਇੱਥੋਂ ਇੱਕ ਪਸਾਰ ਹੋਰ ਉੱਘਡ਼ਦਾ ਹੈ। ਗੁਰੂ, ਸਿੱਖ ਦੇ ਪਰਿਪੇਖ ਵਿੱਚ ਸੰਕਲਪਿਕ ਵਜੂਦ ਗ੍ਰਹਿਣ ਕਰਦਾ ਹੈ। ਇਸ ਲਈ ਗੁਰ ਪ੍ਰਸਾਦਿ ਸਿੱਖ ਜਾਂ ਸਿੱਖਾਂ ਦੇ ਹਵਾਲੇ ਨਾਲ ਗੁਰੂ-ਕੇਂਦਰਿਤ, ਸਿੱਖ ਕੇਂਦਰਿਤ ਜਾਂ ਗੁਰੂ-ਸਿੱਖ ਸੰਬੰਧਾਂ ਦੀ ਪਰਸਪਰਤਾ-ਕੇਂਦਰਿਤ ਸੰਕਲਪਨਾ ਹੋ ਸਕਦੀ ਹੈ। ਸੁਖਮਨੀ ਸਾਹਿਬ ਦੀ ਬਾਣੀ ਦੇ ਪ੍ਰਸੰਗ ‘ਗੁਰ ਪ੍ਰਸਾਦ’ ਮਦ ਦੇ ਇਨ੍ਹਾਂ ਪਾਸਾਰਾਂ ਨੂੰ ਵੀ ਸੰਚਾਰਿਤ ਕਰਦੇ ਹਨ :

1. ਇਸ ਬਾਣੀ ਦੇ ਪ੍ਰਸੰਗਾਂ ਅਨੁਸਾਰ ‘ਗੁਰ ਪ੍ਰਸਾਦ’ ਗੁਰੂ ਦੁਆਰਾ ਪ੍ਰਦਾਨ ਕੀਤਾ ਗਿਆ ਪੱਥ-ਪ੍ਰਦਰਸ਼ਨ ਹੈ :

ਸਤਿ ਸਤਿ ਸਤਿ ਪ੍ਰਭੁ ਸੁਆਮੀ ।।
ਗੁਰ ਪਰਸਾਦਿ ਕਿਨੈ ਵਖਿਆਨੀ ।। (੧੨.੮)
ਸਦ ਬਲਿਹਾਰੀ ਸਤਿਗੁਰ ਅਪਨੇ ।।
ਨਾਨਕ ਜਿਸੁ ਪ੍ਰਸਾਦਿ ਐਸਾ ਪ੍ਰਭੁ ਜਪਨੇ ।। (੧੮.੫)

ਪ੍ਰਭੂ ਸੁਆਮੀ ਤਾਂ ਸਦੀਵੀ ਸੱਚ ਹੈ। ਇਸਦਾ ਵਖਿਆਨ ਅਤੇ ਜਾਪ ਗੁਰੂ ਦੇ ਗਿਆਨ ਰੂਪੀ ਪ੍ਰਸਾਦ ਹੀ ਹੋ ਸਕਦਾ ਹੈ। ਗੁਰੂ ਦੀ ਗ਼ੈਰ-ਹਾਜ਼ਰੀ ਵਿੱਚ ਪੁਰਖ ਪ੍ਰਯਤਨਸ਼ੀਲ ਤਾਂ ਹੋ ਸਕਦਾ ਹੈ, ਪਰ ਸਦੀਵੀ ਸੱਚ ਦੀ ਸੋਝੀ ਗੁਰੂ ਦੇ ਪਥ-ਪ੍ਰਦਰਸ਼ਨ ਸਦਕਾ ਹੀ ਸੰਭਵ ਹੈ :
ਸੋਧਤ ਸੋਧਤ ਸੋਧਤ ਸੀਝਿਆ ।।
ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ।। (੧੪.੫)
ਗੁਨ ਗੋਬਿਦ ਕੀਰਤਨੁ ਜਨੁ ਗਾਵੈ ।।
ਗੁਰ ਪ੍ਰਸਾਦਿ ਨਾਨਕ ਫਲੁ ਪਾਵੈ ।। (੧੬.੮)
ਪਰਮਾਤਮਾ ਮਨ ਤੇ ਤਨ ਵਿੱਚ ਰਤਿਆ ਹੋਇਆ ਹੈ। ਉਸ ਸਰਵ-ਵਿਆਪਕ ਹੈ, ਪਰ ਇਸ ਦੀ ਸੋਝੀ ਗੁਰੂ ਦੇ ਗਿਆਨ ਰਾਹੀਂ ਹੀ ਹੁੰਦੀ ਹੈ :
ਮਨ ਤਨ ਅੰਤਰਿ ਏਕੁ ਪ੍ਰਭੁ ਰਾਤਾ ।।
ਗੁਰ ਪ੍ਰਸਾਦਿ ਨਾਨਕ ਇਕੁ ਜਾਤਾ ।। (੧੯.੮)
ਤਿਸ ਤੇ ਭਿੰਨ ਨਹੀ ਕੋ ਠਾਉ ।।
ਗੁਰ ਪ੍ਰਸਾਦਿ ਨਾਨਕ ਸੁਖੁ ਪਾਉ ।। (੨੩.੨)

2.‘ਗੁਰ ਪ੍ਰਸਾਦ’ ਦਾ ਇੱਕ ਪਾਸਾਰ ਗੁਰੂ-ਕੇਂਦਰਿਤ ਵੀ ਹੈ। ਜਿਸ ਵਿਅਕਤੀ ਨੂੰ ਗੁਰੂ ਦੀ ਸੰਗਤ ਮਿਲ ਜਾਵੇ ਜਾਂ ਜਿਸ ਉੱਤੇ ਗੁਰੂ ਦੀ ਦ੍ਰਿਸ਼ਟੀ/ਮਿਹਰ ਹੋ ਜਾਵੇ, ਉਸਨੂੰ ਸੁਤੇ ਸਿੱਧ ਹੀ ਆਪਣੇ ਆਪੇ ਦੀ ਸਭ ਸੋਝੀ ਹੋ ਜਾਂਦੀ ਹੈ ਅਤੇ ਉਸ ਦੀ ਤ੍ਰਿਸ਼ਨਾ ਬੁਝ ਜਾਂਦੀ ਹੈ :
ਗੁਰ ਪ੍ਰਸਾਦਿ ਆਪਨ ਆਪੁ ਸੁਝੈ ।।
ਤਿਸ ਕੀ ਜਾਨਹੁ ਤ੍ਰਿਸਨਾ ਬੁਝੈ ।। (੧੪.੪)
ਇਸ ਤਰ੍ਹਾਂ ਗੁਰੂ ਦੀ ਕਿਰਪਾ ਹੋਵੇ ਤਾਂ ਹਉਂ ਰੋਗ ਤੇ ਭਰਮਾਂ ਦਾ ਨਾਸ ਹੋ ਜਾਂਦਾ ਹੈ :
ਜਿਸੁ ਗੁਰ ਪ੍ਰਸਾਦਿ ਤੂਟੈ ਹਉ ਰੋਗੁ ।।
ਨਾਨਕ ਸੋ ਜਨੁ ਸਦਾ ਅਰੋਗੁ ।। (੧੫.੨)
ਗੁਰ ਪਰਸਾਦਿ ਭਰਮ ਕਾ ਨਾਸੁ ।।
ਨਾਨਕ ਤਿਨ ਮਹਿ ਏਹੁ ਬਿਸਾਸੁ ।। (੨੩.੩)

3. ਗੁਰ ਪ੍ਰਸਾਦ ਦਾ ਇੱਕ ਹੋਰ ਪਾਸਾਰ ਪੁਰਖ ਦੀ ਪਾਤਰਤਾ ਨਾਲ ਸੰਬੰਧਿਤ ਹੈ। ਗਿਆਨ-ਸੰਚਾਰ ਅਤੇ ਕ੍ਰਿਪਾ ਦ੍ਰਿਸ਼ਟੀ ਗੁਰੂ ਕੇਂਦਰਿਤ ਸੰਕਲਪ ਹਨ, ਪਰ ਗੁਰ ਪ੍ਰਸਾਦ ਦਾ ਪਾਤਰ ਹੋਣਾ ਪੁਰਖ ਕੇਂਦਰ ਸੰਕਲਪ ਹੈ। ਗੁਰੂ ਗਿਆਨ ਤੇ ਕ੍ਰਿਪਾ ਦ੍ਰਿਸ਼ਟੀ ਬਖ਼ਸ਼ਣ ਵਾਲਾ ‘ਦਾਤਾ’ ਹੈ ਅਤੇ ਪੁਰਖ ਇਨ੍ਹਾਂ ਦਾ ਪ੍ਰਾਪਤ ਕਰਤਾ ਹੈ। ਜੇ ਗੁਰੂ ਹੋਣ ਲਈ ਸਤਿ ਪੁਰਖ ਨੂੰ ਜਾਨਣਾ ਅਤੇ ਸਿੱਖ ਨੂੰ ਇਸਦਾ ਬੋਧ ਦੇਣਾ ਜ਼ਰੂਰੀ ਹੈ ਤਾਂ ਸਿੱਖ ਦੇ ਰੂਪ ਵਿੱਚ ਗੁਰੂ ਦੇ ਗਿਆਨ ਤੇ ਕ੍ਰਿਪਾ ਦ੍ਰਿਸ਼ਟੀ ਦਾ ਪਾਤਰ ਹੋਣ ਲਈ ਸਿੱਖ ਦੀ ਵੀ ਇੱਕ ਨਿਸ਼ਚਿਤ ਪ੍ਰਕਿਰਤੀ ਹੋਣੀ ਲਾਜ਼ਮੀ ਹੈ। ਸਦੀਵੀ ਸੱਚ ਦੀ ਸੋਝੀ ਵਾਲੀ ਸੁਰਤ ਪ੍ਰਾਪਤ ਕਰਨ ਦੀ ਚੇਤਨਾ, ਇਸ ਪ੍ਰਯੋਜਨ ਦੀ ਪੂਰਤੀ ਲਈ ਪਥ-ਪ੍ਰਦਰਸ਼ਕ ਨਾਲ ਇੱਕ-ਸੁਰਤਾ ਵਾਲੀ ਸੰਬੰਧਾਤਮਕਤਾ ਤੇ ਹਉਮੈਂ-ਮੁਕਤ ਨਿਮਰਤਾ ਅਤੇ ਨਿਸ਼ਕਾਮਤਾ ਵਾਲੀ ਬਿਰਤੀ ਸੇਵਕ ਨੂੰ ਗੁਰੂ ਦੇ ਸਨਮੁਖ ਸਿੱਖ ਦੀ ਪਦਵੀ ਪ੍ਰਦਾਨ ਕਰਦੀ ਹੈ :
ਗੁਰ ਤੈ ਗ੍ਰਿਹਿ ਸੇਵਕੁ ਜੋ ਰਹੈ ।।

..... ..... .....
ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ।।
ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ ।। (੧੮.੨)
ਇਸ ਬਾਣੀ ਅਨੁਸਾਰ ਪੁਰਖ ਨੂੰ ਇਹ ਅਵੱਸਥਾ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਪ੍ਰਾਪਤ ਹੁੰਦੀ ਹੈ। ਇਸ ਲਈ ਪੁਰਖ ਲਈ ਜ਼ਰੂਰੀ ਹੈ ਕਿ ਉਹ ਪ੍ਰਭੂ ਅਤੇ ਗੁਰੂ ਅੱਗੇ ਪ੍ਰਸਾਦ ਦੀ ਪਾਤਰਤਾ ਲਈ ਅਰਦਾਸ ਕਰੇ। ਸੁਖਮਨੀ ਸਾਹਿਬ ਦੇ ਪ੍ਰਸੰਗ ਪੁਰਖ ਨੂੰ ਅਕਾਲ ਪੁਰਖ ਅਤੇ ਗੁਰੂ ਦੇ ਸਨਮੁਖ ਇਸੇ ਪ੍ਰਸਥਿਤੀ ਵਿੱਚ ਪ੍ਰਸਤੁਤ ਕਰਦੇ ਹਨ :
ਤੂ ਠਾਕੁਰੁ ਤੁਮ ਪਹਿ ਅਰਦਾਸਿ ।।
..... ..... .....
ਨਾਨਕ ਦਾਸ ਸਦਾ ਕੁਰਬਾਨੀ ।। (੪.੮)
ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ ।।
ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ ।। (ਸ.੬)

4. ਗੁਰ ਪ੍ਰਸਾਦ ਮਦ ਦੀ ਤਹਿ ਵਿੱਚ ਗੁਰੂ ਤੇ ਸਿੱਖ ਦੇ ਸੰਬੰਧਾਂ ਦੀ ਪਰਸਪਰਤਾ ਵੀ ਪਈ ਹੈ। ਗੁਰੂ ਦੇ ਪ੍ਰਸਾਦ ਲਈ ਕ੍ਰਿਪਾ-ਪਾਤਰ ਸਿੱਖ ਅਤੇ ਸਿੱਖ ਦੀ ਕ੍ਰਿਪਾ-ਪਾਤਰਤਾ ਵਾਸਤੇ ਗੁਰੂ ਦੀ ਵਜੂਦਾਤਮਕਤਾ ਲਾਜ਼ਮੀ ਹੈ। ਇਸ ਲਈ ਸੁਖਮਨੀ ਦੇ ਪ੍ਰਸੰਗ ਗਿਆਨ ਦਾ ਪ੍ਰਕਾਸ਼ ਦੇਣ ਵਾਲੇ ਗੁਰੂ ਅਤੇ ਗੁਰੂ ਰਾਹੀਂ ਪ੍ਰਕਾਸ਼ਿਤ ਮਨ ਦੀ ਪ੍ਰਾਪਤੀ ਵਾਲੇ ਸਿੱਖ ਲਈ ਸਮਭਾਵੀ ਸਤਿਕਾਰ ਵਾਲਾ ਸੰਚਾਰ ਪ੍ਰਸਤੁਤ ਕਰਦੇ ਹਨ :

ਧੰਨੁ ਧੰਨੁ ਧੰਨੁ ਜਨੁ ਆਇਆ ।।
ਜਿਸੁ ਪ੍ਰਸਾਦਿ ਸਭੁ ਜਗਤੁ ਪਰਾਇਆ ।। (੨੩.੮)
ਉਸੁ ਪੁਰਖ ਕਾ ਨਾਹੀ ਕਦੇ ਬਿਨਾਸ ।।
ਜਾ ਕੈ ਮਨਿ ਪ੍ਰਗਟੇ ਗੁਨ ਪਾਸ ।। (੧੮.੬)

ਸੁਖਮਨੀ ਸਾਹਿਬ ਅਨੁਸਾਰ ਪੁਰਖ ਦਾ ਪਦਾਰਥਕ ਤੇ ਸੰਕਲਪਕ ਪ੍ਰਤੱਖਣ ਸੀਮਾਂਬੱਧ ਹੈ। ਅਕਾਲ ਪੁਰਖ ਸੁੰਨ ਸਮਾਧ ਅਵਸਥਾ ਤੋਂ ਸਿਰਜਣਾਤਮਕਤਾ ਦੀ ਅਨੇਕਤਾ ਅਤੇ ਅਨੇਕਤਾ ਤੋਂ ਫ਼ਿਰ ਏਕਤਾ ਦੀ ਅਸੀਮਤਾ ਦਾ ਧਾਰਨੀ ਹੈ। ਉਸ ਅਕਾਲ ਪੁਰਖ ਦੇ ਹੁਕਮ ਵਿੱਚ ਸੀਮਿਤ ਸ਼ਰੀਰਕ ਵਜੂਦ ਵਾਲਾ ਪੁਰਖ ਗੁਰ ਪ੍ਰਸਾਦ ਸਦਕਾ ਸੀਮਾ-ਮੁਕਤ ਵਾਲੀ ਸੋਝੀ ਪ੍ਰਾਪਤ ਕਰ ਸਕਦਾ ਹੈ। ਇਸ ਤਰ੍ਹਾਂ ਦੀ ਅਵਸਥਾ ਦਾ ਧਾਰਨੀ ਪੁਰਖ ਗੁਰੂ ਅਤੇ ਅਕਾਲ ਪੁਰਖ ਨਾਲ ਇਕ-ਸੁਰਤਾ ਵਾਲੀ ਵਿਸਮਾਦੀ ਸੰਬੰਧਾਤਮਕਤਾ ਦਾ ਅਨੁਭਵ ਪ੍ਰਾਪਤ ਕਰਨ ਦੇ ਸਮਰੱਥ ਵੀ ਹੋ ਜਾਂਦਾ ਹੈ।

ਪਰੰਪਰਾਈ ਵਿਸ਼ੇਸ਼ਣ

ਸੁਖਮਨੀ ਸਾਹਿਬ ਵਿੱਚ ਅਕਾਲ ਪੁਰਖ ਦੀ ਉਸਤਤ ਲਈ ਕੁੱਝ ਪ੍ਰਸੰਗਾਂ ਵਿੱਚ ਉਨ੍ਹਾਂ ਵਿਸ਼ੇਸ਼ਣਾਂ ਅਤੇ ਵਿਸ਼ੇਸ਼ਣੀ ਨਾਂਵਾਂ ਦੀ ਵਰਤੋਂ ਕੀਤੀ ਗਈ ਹੈ, ਜੋ ਗੁਰਬਾਣੀ ਵਿੱਚ ਵਰਤੇ ਹੋਏ ਮਿਲਦੇ ਹਨ ਜਾਂ ਫ਼ਿਰ ਜਿੰਨ੍ਹਾਂ ਦੀ ਵਰਤੋਂ ਭਾਰਤ ਵਿੱਚ ਪ੍ਰਚਲਿਤ ਦਰਸ਼ਨ, ਧਰਮ ਅਤੇ ਮਿਥਿਹਾਸ ਵਿੱਚ ਕੀਤੀ ਹੋਈ ਮਿਲਦੀ ਹੈ।

(ੳ) ਗੁਰਬਾਣੀ
ਸੁਖਮਨੀ ਸਾਹਿਬ ਵਿਚ ਗੁਰਬਾਣੀ ਵਿਚਲੇ ਵਿਸ਼ੇਸ਼ਣ ਜਾਂ/ਅਤੇ ਵਿਸ਼ੇਸ਼ਣੀ ਨਾਂਵ ‘ਅਕਾਲ ਪੁਰਖ’ ਮਦ ਦੇ ਅਰਥ-ਘੇਰੇ ਨੂੰ ਉਲੀਕਦੇ ਹਨ :

ਏਕੰਕਾਰ :
ਪ੍ਰਭੁ ਅਬਿਨਾਸੀ ਏਕੰਕਾਰੁ ।। (੧੬.੪)

ਨਿਰੰਕਾਰ :
ਉਸਤਤਿ ਮਨ ਮਹਿ ਕਰਿ ਨਿਰੰਕਾਰ ।। (੧੪.੨)

ਆਦਿ ਪੁਰਖ :
ਆਦਿ ਪੁਰਖ ਕਾਰਣ ਕਰਤਾਰ ।। (੨੦.੭)

ਪੁਰਖ ਭਗਵਾਨ :
ਨਾਨਕ ਤੁਮਰੀ ਸਰਨਿ ਪੁਰਖ ਭਗਵਾਨ ।। (੨੦.੭)

ਪੁਰਖ ਪ੍ਰਧਾਨ :
ਅੰਤਰਜਾਮੀ ਪੁਰਖੁ ਪ੍ਰਧਾਨ ।। (੨੨.੮)

ਨਿਰਮਲ ਪੁਰਖ :
ਜਹ ਨਿਰਮਲ ਪੁਰਖੁ ਪੁਰਖ ਪਤਿ ਹੋਤਾ ।। (੨੧.੪)

ਪੁਰਖ ਪਤਿ :
ਜਹ ਨਿਰਮਲ ਪੁਰਖੁ ਪਤਿ ਹੋਤਾ ।। (੨੧.੪)

ਇਨ੍ਹਾਂ ਪ੍ਰਸੰਗਾਂ ਅਨੁਸਾਰ ਵਖਰੇਵਿਆਂ ਵਾਲੇ ਮਾਨਵੀ ਪ੍ਰਤੱਖਣ ਦੇ ਪਰਿਪੇਖ ਵਿਚ ਅਕਾਲ ਪੁਰਖ ‘ਇਕ ਓਅੰਕਾਰ’ ਹੈ। ਪਰ ਅਨੇਕਤਾ ਵਾਲੀ ਵਜੂਦਾਤਮਕਤਾ ਦੀ ਸਿਰਜਨਾ ਤੋਂ ਪਹਿਲਾਂ ਉਸ ਦੀ ਸੁੰਨ-ਸਮਾਧ ਅਵੱਸਥਾ ਨੂੰ ‘ਨਿਰੰਕਾਰ’ ਰਾਹੀਂ ਅੰਕਿਤ ਕੀਤਾ ਜਾ ਸਕਦਾ ਹੈ। ਭਾਰਤੀ ਦਰਸ਼ਨ ਵਿਚ ‘ਪੁਰਖ’ ਮਦ ‘ਪ੍ਰਕਿਰਤੀ’ ਦੇ ਪ੍ਰਸੰਗ ਵਿਚ ਵਰਤੀ ਜਾਂਦੀ ਹੈ। ਸੁਖਮਨੀ ਵਿਚ ਵੀ ਪ੍ਰਭੂ ਆਪਣੀ ਸਿਰਜਨਾ ਦੇ ਪਰਿਪੇਖ ਵਿਚ ‘ਪੁਰਖ’ ਵਜੋਂ ਪ੍ਰਤਿਬਿੰਬਤ ਹੁੰਦਾ ਹੈ। ਇਸ ਲਈ ਉਸ ਨੂੰ ਆਦਿ ਪੁਰਖ, ਪੁਰਖ ਭਗਵਾਨ, ਨਿਰਮਲ ਪੁਰਖ ਅਤੇ ਪੁਰਖ ਪਤਿ ਵਿਸ਼ੇਸ਼ਣੀ ਨਾਂਵਾਂ ਨਾਲ ਅੰਕਿਤ ਕੀਤਾ ਗਿਆ ਹੈ।

(ਅ) ਭਾਰਤੀ ਪਰੰਪਰਾ

ਭਾਰਤੀ ਪਰੰਪਰਾ ਵਿਚ ਅਕਾਲ ਪੁਰਖ ਲਈ ਵਰਤੇ ਗਏ ਵਿਸ਼ੇਸ਼ਣਾਂ ਅਤੇ ਵਿਸ਼ੇਸ਼ਣੀ ਨਾਵਾਂ ਵਾਲੇ ਪ੍ਰਸੰਗ ਹੇਠ ਲਿਖੇ ਅਨੁਸਾਰ ਹਨ :

ਪ੍ਰਭੂ :

ਪ੍ਰਭੂ ਕਾ ਸਿਮਰਨ ਸਾਧ ਕੈ ਸੰਗਿ ।। (੧.੨)

ਪਰਮੇਸਰ :
ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸਰ ।। (੮.੬)

ਭਗਵਾਨ :
ਉਰਿ ਧਾਰੈ ਜੋ ਅੰਤਰਿ ਨਾਮੁ ।।
ਸਰਬ ਮੈ ਪੇਖੈ ਭਗਵਾਨ ।। (ਸ.੯)

ਭਗਵੰਤ :
ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ।। (੯.੩)

ਬ੍ਰਹਮ :
ਘਟਿ ਘਟਿ ਪੂਰਨ ਬ੍ਰਹਮ ਪ੍ਰਗਾਸ ।। (੧੧.੪)

ਪਾਰਬ੍ਰਹਮ :
ਸਾਧ ਕੈ ਸੰਗਿ ਕੇਵਲ ਪਾਰਬ੍ਰਹਮ ।। (੭.੪)

ਹਰਿ :
ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ।। (੧.੮)

ਹਰੀ :
ਨਿਮਖ ਨਿਮਖ ਜਪਿ ਨਾਨਕ ਹਰੀ ।। (੫.੮)

ਰਾਮ :
ਨਹੀ ਤੁਲਿ ਰਾਮ ਨਾਮ ਬੀਚਾਰ ।। (੩.੧)

ਗੋਵਿੰਦ :
ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ ।। (੩.੪)

ਗੋਬਿੰਦ :
ਗੋਬਿੰਦ ਭਜਨ ਬਿਨੁ ਬ੍ਰਿਥੇ ਸਭ ਕਾਮ ।। (੬.੮)

ਗੋਪਾਲ :
ਮਨ ਤਨ ਅੰਤਰਿ ਸਿਮਰਨ ਗੋਪਾਲ ।। (੯.੨)

ਮੁਰਾਰੀ :
ਸਾਧਸੰਗਿ ਜਪਿ ਨਾਮੁ ਮੁਰਾਰੀ ।। (੧੮.੭)

ਪਰਮਾਨੰਦ :
ਸਾਧਸੰਗਿ ਜਾਨੇ ਪਰਮਾਨੰਦਾ ।। (੭.੩)

ਜਗਦੀਸ :
ਤਾ ਕਾ ਲੇਖਾ ਨ ਗਨੈ ਜਗਦੀਸ ।। (੧੧.੪)

ਬਿਸੁੰਭਰ :
ਸਿਮਰਉ ਜਾਸ ਬਿਸੁੰਭਰ ਏਕੈ ।। (੧.੧)

ਠਾਕੁਰ :
ਤੂ ਠਾਕੁਰ ਤੁਮ ਪਹਿ ਅਰਦਾਸਿ ।। (੪.੮)

ਇਨ੍ਹਾਂ ਵਿੱਚੋਂ ਪ੍ਰਭੂ, ਹਰਿ/ਹਰੀ, ਬ੍ਰਹਮ, ਪਾਰਬ੍ਰਹਮ, ਨਿਰੰਕਾਰ, ਗੋਵਿੰਦ/ਗੋਬਿੰਦ ਅਤੇ ਭਗਵੰਤ ਨਾਂਵਾਂ ਦੀ ਵਰਤੋਂ ਸੁਖਮਨੀ ਸਾਹਿਬ ਦੇ ਵਧੇਰੇ ਪ੍ਰਸੰਗਾਂ ਵਿਚ ਕੀਤੀ ਗਈ ਹੈ। ਭਾਰਤੀ ਪਰੰਪਰਾ ਦੀਆਂ ਇਹ ਮਦਾਂ ਅਕਾਲ ਪੁਰਖ ਦੀ ਅਧਿਆਤਮਕ ਅਤੇ ਦਾਰਸ਼ਨਿਕ ਸੰਕਲਪਾਤਮਕਤਾ ਦੇ ਇਤਿਹਾਸ ਨਾਲ ਸੰਬੰਧਿਤ ਹਨ। ਸਾਧਾਰਨ ਸੂਝ ਇਨ੍ਹਾਂ ਨੂੰ ਵਖਰੇਵਿਆਂ ਵਾਲੀ ਸੰਪ੍ਰਦਾਇਕ ਸੋਚ ਰਾਹੀਂ ਗ੍ਰਹਿਣ ਕਰਦੀ ਹੈ। ਇਸ ਲਈ ਅਕਾਲ ਪੁਰਖ ਦੇ ਇਹ ਨਾਂਵ ਉਸ ਨੂੰ ਵੱਖੋ ਵੱਖਰੇ ਦਾਰਸ਼ਨਿਕ ਸੰਕਲਪ, ਅਲੱਗ ਅਲੱਗ ਧਰਮਾਂ ਦੀ ਅਧਿਆਤਮਕ ਸੋਚ ਜਾਂ/ ਅਤੇ ਹਿੰਦੂ ਮਿਥਿਹਾਸ ਦੇ ਚੌਵੀ ਅਵਤਾਰਾਂ ਦੇ ਸਰੂਪ ਨੂੰ ਪ੍ਰਤਿਬਿੰਬਤ ਕਰਨ ਵਾਲੀ ਸ਼ਬਦਾਵਲੀ ਜਾਪਦੀ ਹੈ। ਗੁਰੂ ਅਰਜਨ ਦੇਵ ਜੀ ਦੀ ਦਿੱਬ-ਦ੍ਰਿਸ਼ਟੀ ਵਿਚ ਇਹ ਸਾਰੀ ਸੰਕਲਪਿਕ ਸ਼ਬਦਾਵਲੀ ਸਮਭਾਵੀ ਅਤੇ ਪਰਿਆਇਵਾਚੀ ਹੈ। ਗੁਰੂ ਸਾਹਿਬ ਦੇ ਇਸ ਸੰਚਾਰ ਦਾ ਪ੍ਰਦਰਸ਼ਨ ਸੁਖਮਨੀ ਦੇ ਉਨ੍ਹਾਂ ਪ੍ਰਸੰਗਾਂ ਵਿਚ ਵੇਖਿਆ ਜਾ ਸਕਦਾ ਹੈ, ਜਿਥੇ ਇਨ੍ਹਾਂ ਸ਼ਬਦਾਂ ਦੀ ਜੁੱਟ ਜਾਂ ਸਮੂਹਿਕ ਰੂਪ ਵਿਚ ਵਰਤੋਂ ਹੋਈ ਹੈ। ਗੁਰੂ ਸਾਹਿਬ ਗੋਬਿੰਦ ਤੇ ਗੋਪਾਲ; ਪ੍ਰਭੂ ਤੇ ਪਰਮਾਨੰਦ ਅਤੇ ਪਾਰਬ੍ਰਹਮ, ਪਰਮੇਸਰ ਤੇ ਗੋਬਿੰਦ ਮਦਾਂ ਦੀ ਵਰਤੋਂ ਇੱਕੋ ਤੁਕ ਵਿਚ ਸਮਭਾਵੀ ਰੂਪ ਵਿਚ ਕਰਦੇ ਹਨ :

ਗੋਬਿੰਦ ਗੁਪਾਲ :
ਅਨਾਥ ਨਾਥ ਗੋਬਿੰਦ ਗੁਪਾਲ ।। (੨੦.੭)

ਪ੍ਰਭ ਪਰਮਾਨੰਦ :
ਗੁਨ ਗਾਵਹੁ ਪ੍ਰਭ ਪਰਮਾਨੰਦ ।। (੨੨.੫)

ਪਾਰਬ੍ਰਹਮ ਪਰਮੇਸੁਰ ਗੋਬਿੰਦ :
ਪਾਰਬ੍ਰਹਮ ਪਰਮੇਸੁਰ ਗੋਬਿੰਦ ।।
ਕ੍ਰਿਪਾ ਨਿਧਾਨ ਦਇਆਲ ਬਖਸੰਦ ।। (੧੬.੧)

ਇਸ ਤਰ੍ਹਾਂ ਇੱਕੋ ਬੰਦ ਵਿਚ ਦੋ ਜਾਂ ਦੋ ਤੋਂ ਵਧੇਰੇ ਨਾਂਵਾਂ ਨੂੰ ਸਮਭਾਵੀ ਰੂਪ ਵਿਚ ਵਰਤ ਕੇ ਅਕਾਲ ਪੁਰਖ ਦੀ ਉਸਤਤਿ ਕੀਤੀ ਗਈ ਹੈ :

ਭਗਵੰਤ ਹਰੀ :
ਮਨਿ ਤਨਿ ਜਾਪਿ ਏਕ ਭਗਵੰਤ ।।
ਏਕੋ ਏਕੁ ਏਕੁ ਹਰਿ ਆਪਿ ।। (੧੯.੮)

ਨਿਰੰਜਨ ਨਿਰੰਕਾਰ ਜਗਦੀਸ :
ਜਹ ਨਿਰੰਜਨ ਨਿਰੰਕਾਰ ਨਿਰਬਾਨ ।।
ਜਹ ਸਰੂਪ ਕੇਵਲ ਜਗਦੀਸ ।। (੨੧.੪)

ਸੁਖਮਨੀ ਸਾਹਿਬ ਦੀ ਇਕ ਅਸ਼ਟਪਦੀ ਦੇ ਇਕ ਪਦੇ ਵਿਚ ਅਕਾਲ ਪੁਰਖ ਦੀ ਉਸਤਤਿ ਲਈ ਪੰਜ ਨਾਂਵਾਂ ਦੀ ਵਰਤੋਂ ਪਰਿਆਇਵਾਚੀ ਰੂਪ ਵਿਚ ਕੀਤੀ ਗਈ ਹੈ :
ਪਰਮਾਨੰਦ, ਗੋਬਿੰਦ, ਨਾਰਾਇਣ, ਗੋਪਾਲ, ਦਾਮੋਦਰ :

ਖੇਮ ਕੁਸਲ ਸਹਜ ਆਨੰਦ ।।
ਸਾਧਸੰਗਿ ਭਜੁ ਪਰਮਾਨੰਦ ।।
ਨਰਕ ਨਿਵਾਰਿ ਉਧਾਰਹੁ ਜੀਉ ।।
ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ।।
ਚਿਤਿ ਚਿਤਵਹੁ ਨਾਰਾਇਣ ਏਕ ।।
ਏਕ ਰੂਪ ਜਾ ਕੇ ਰੰਗ ਅਨੇਕ ।।
ਗੋਪਾਲ ਦਾਮੋਦਰ ਦੀਨ ਦਇਆਲ ।।
ਦੁਖ ਭੰਜਨ ਪੂਰਨ ਕਿਰਪਾਲ ।। (੨੪.੨)

ਨਿਰੰਕਾਰ- ਸੁੰਨ-ਸਮਾਧ

ਅਕਾਲ ਪੁਰਖ ਦੇ ‘ਨਿਰਗੁਨ’ ਸਰੂਪ ਦੀ ਸੰਕਲਪਨਾ ਉਸ ਵੇਲੇ ਹੋਂਦ ਵਿਚ ਆਈ ਜਦੋਂ ਅਕਾਲ ਪੁਰਖ ਨੇ ਆਪਣੀ ਸਿਰਜਨਾ ਦੇ ਮਾਧਿਅਅ ਰਾਹੀਂ ‘ਸਰਗੁਨ’ ਸਰੂਪ ਧਾਰਿਆ। ਨਿਰਗੁਨ ਅਤੇ ਸਰਗੁਨ ਦੇ ਵੱਖਰੇਵੇਂ ਵਾਲੇ ਸਰੂਪ ਤੋਂ ਨਿਰੰਕਾਰ ਅਕਾਲ ਪੁਰਖ ਸੁੰਨ-ਸਮਾਧ ਅਵੱਸਥਾ ਵਿਚ ਸੀ। ‘ਸੁੰਨ-ਸਮਾਧ’ ਸੰਕਲਪਾਤਮਕਤਾ ਬ੍ਰਹਿਮੰਡ ਦੇ ਸਾਰੇ ਪਦਾਰਥਕ ਵਰਤਾਰਿਆਂ ਦੀ ਸਿਰਜਨਾ ਦੇ ਮੂਲ ਦਾ ਸਿਧਾਂਤ ਪ੍ਰਸਤੁਤ ਕਰਦੀ ਹੈ। ਜਦੋਂ ਦਿੱਖ ਜਗਤ ਅਜੇ ਵਜੂਦ ਵਿਚ ਨਹੀਂ ਸੀ ਆਇਆ, ਉਸ ਵੇਲੇ ਦੀ ਅਵੱਸਥਾ ਨੂੰ ‘ਸ਼ੁੰਨ’ (ਜ਼ੀਰੋ) ਰਾਹੀਂ ਅੰਕਿਤ ਕੀਤਾ ਜਾਂਦਾ ਹੈ। ਸੁਖਮਨੀ ਸਾਹਿਬ ਅਨੁਸਾਰ ਇਸ ਸਥਿਤੀ ਵਿਚ ਅਰਥਾਤ ਸਿਰਜਨਾਤਮਕ ਪ੍ਰਕਿਰਿਆ ਆਰੰਭ ਕਰਨ ਤੋਂ ਪਹਿਲਾਂ ਅਕਾਲ ਪੁਰਖ ਨੂੰ ‘ਸਮਾਧੀ’ ਅਵੱਸਥਾ ਵਿਚ ਸਥਿਤ ਕਿਹਾ ਜਾ ਸਕਦਾ ਹੈ। ਇਸ ਸੁੰਨ-ਸਮਾਧ ਤੋਂ ਬਾਅਦ ਉਸ ਨੇ ਸਾਰੇ ਪਦਾਰਥਕ ਵਰਤਾਰਿਆਂ ਦੀ ਸਿਰਜਨਾ ਕੀਤੀ ਅਤੇ ਉਸ ਵਿਚ ਸਿਰਜਨ ਪ੍ਰਕਿਰਿਆ ਦੀ ਲਗਾਤਾਰਤਾ ਬਣਾਈ ਰੱਖਣ ਦੀ ਸਮਰੱਥਾ ਵੀ ਪੈਦਾ ਕੀਤੀ :

ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ।।
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ।। (ਸ.੨੧)

ਸੁੰਨ-ਸਮਾਧ ਦੀ ਅਵੱਸਥਾ ਸਮੇਂ ਅਕਾਲ ਪੁਰਖ ਆਪ ਹੀ ਨਿਰੰਕਾਰ ਅਵੱਸਥਾ ਵਿਚ ਸੀ। ਉਸ ਵੇਲੇ ਕੋਈ ਵੀ ਆਕਾਰ ਨਹੀਂ ਸੀ ਸਿਰਜਿਆ ਗਿਆ। ਜਗਤ ਦਾ ਕੋਈ ਰੰਗ ਰੂਪ ਨਹੀਂ ਸੀ। ਤ੍ਰਿਗੁਣੀ ਮਾਇਆ ਵਜੂਦ ਵਿਚ ਨਹੀਂ ਸੀ ਆਈ। ਉਸ ਵੇਲੇ ਪਾਰਬ੍ਰਹਮ ਆਪ ਹੀ ਆਪਣੀ ਜੋਤ ਜਗਾਈ ਬੈਠਾ ਸੀ। ਆਪਣੀ ਮੌਜ ਵਿਚ ਟਿਕਿਆ ਹੋਇਆ ਸੀ। ਅਕਾਲ ਪੁਰਖ ਦੀ ਸੁੰਨ-ਸਮਾਧ ਅਵੱਸਥਾ ਸਮੇਂ ਜਦੋਂ ਸਿਰਜਨਾ ਹੋਂਦ ਵਿਚ ਆਈ ਤਾਂ ਪਾਪ-ਪੁੰਨ, ਵੈਰ-ਵਿਰੋਧ, ਹਰਖ-ਸੋਗ, ਮੋਹ-ਭਰਮ, ਬੰਧਨ-ਮੁਕਤ, ਨਰਕ-ਸੁਰਗ, ਸ਼ਿਵ-ਸ਼ਕਤੀ, ਡਰ-ਨਿਡਰਤਾ, ਜਨਮ-ਮਰਨ, ਮੈਲਾ-ਸਾਫ਼, ਮਾਨ-ਅਭਿਮਾਨ, ਛਲ-ਛਿਦ੍ਰ, ਭੁੱਖ-ਤ੍ਰਿਪਤੀ, ਬੇਦ-ਕਤੇਬ, ਸ਼ਗਨ-ਅਪਸ਼ਗਨ,ਠਾਕਰ-ਚੇਲਾ,ਚਿੰਤਾ-ਅਚਿੰਤਾ,ਕਥਨਹਾਰ-ਸੁਣਨਹਾਰ,ਦੀ ਦਵੰਦਾਤਮਕਤਾ ਵੀ ਵਜੂਦਹੀਣ ਸੀ। ਪਰ ਜਦੋਂ ਉਸ ਨੇ ਸਾਰੇ ਆਕਾਰਾਂ ਦਾ ਪਰਪੰਚ ਰਚ ਦਿੱਤਾ ਤਾਂ ਉਸ ਨੇ ਇਸ ਵਿਚ ਤਿੰਨਾਂ ਗੁਣਾਂ ਦਾ ਵਿਸਤਾਰ ਵੀ ਕੀਤਾ :

ਜਹ ਆਪਿ ਰਚਿਓ ਪਰਪੰਚੁ ਅਕਾਰੁ ।।
ਤਿਹੁ ਗੁਣ ਮਹਿ ਕੀਨੋ ਬਿਸਥਾਰੁ ।। (੨੧.੭)

ਤਿੰਨਾਂ ਗੁਣਾਂ ਕਰਕੇ ਪਾਪ-ਪੁੰਨ, ਨਰਕ-ਸੁਰਗ, ਮੋਹ, ਭਰਮ, ਭੈ, ਹਉਮੈਂ, ਦੁਖ-ਸੁਖ, ਮਾਨ-ਅਪਮਾਨ ਵੀ ਹੋਂਦ ਵਿਚ ਆ ਗਏ। ਇਸ ਤਰ੍ਹਾਂ ਉਹ ਨਾ ਸਿਰਫ਼ ਪਦਾਰਥਕ ਵਰਤਾਰਿਆ ਦਾ ਸਿਰਜਕ ਹੈ, ਬਲਕਿ ਸੰਕਲਪਿਕ ਵਰਤਾਰੇ ਵੀ ਉਸੇ ਦੀ ਹੀ ਸਿਰਜਨਾ ਹਨ।

ਨਿਰਗੁਨ ਤੇ ਸਰਗੁਨ ਸਰੂਪ

ਭਾਰਤੀ ਦਰਸ਼ਨ ਸ਼ਾਸਤਰ ਬ੍ਰਹਮ, ਪ੍ਰਭੂ ਜਾਂ/ਅਤੇ ਪਰਮੇਸ਼ਰ ਦੀ ਸੰਕਲਪਾਤਮਿਕਤਾ ਲਈ ਨਿਰਗੁਨ ਅਤੇ ਸਰਗੁਨ ਸਰੂਪ ਦੀ ਧਾਰਨਾ ਪ੍ਰਸਤੁਤ ਕਰਦਾ ਹੈ। ਅਕਾਲ ਪੁਰਖ ਦੇ ਅਪ੍ਰਤੱਖ ਸਰੂਪ ਨੂੰ ‘ਨਿਰਗੁਨ’ਅਤੇ ਪ੍ਰਤੱਖ ਸਰੂਪ ਨੂੰ ‘ਸਰਗੁਨ’ ਮਦ ਨਾਲ ਅੰਕਿਤ ਕੀਤਾ ਜਾਂਦਾ ਹੈ। ਸੁਖਮਨੀ ਸਾਹਿਬ ਅਨੁਸਾਰ ਨਿਰਗੁਨ ਸਰੂਪ ਵਿਚ ਅਕਾਲ ਪੁਰਖ ਤਿੰਨਾਂ ਗੁਣਾਂ (ਰਜੋ, ਤਮੋ ਤੇ ਸਤੋ) ਤੋਂ ਪਾਰ ਵਿਚਰਦਾ ਹੈ :

ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ।।
ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ।। (ਸ.੧੬)

ਗੁਰੂ ਸਾਹਿਬ ਅਨੁਸਾਰ ‘ਨਿਰਗੁਨ’ ਅਕਾਲ ਪੁਰਖ ਆਪਣੀ ਸਿਰਜਨਾ ਦੇ ਮਾਧਿਅਮ ਰਾਹੀਂ ‘ਸਰਗੁਨ’ ਸਰੂਪ ਗ੍ਰਹਿਣ ਕਰਦਾ ਹੈ :

ਨਾਨਾ ਰੂਪ ਨਾਨਾ ਜਾ ਕੇ ਰੰਗ ।।
..... ..... .....
ਜਪਿ ਜਪਿ ਜੀਵੈ ਨਾਨਕ ਹਰਿ ਨਾਉ ।। (੧੬.੪)

ਇਸ ਤਰ੍ਹਾਂ ਨਿਰਗੁਨ ਅਤੇ ਸਰਗੁਨ ਦੋਹਾਂ ਸਰੂਪਾਂ ਵਿਚ ਅਕਾਲ ਪੁਰਖ ਆਪ ਹੀ ਵਿਆਪਕ ਹੈ। ਉਸ ਨੇ ਆਪਣੀ ਸਿਰਜਨਾ ਵਿਚ ਆਪਣੀ ਤਾਕਤ ਤੇ ਸਤਿਆ ਵੀ ਪਾਈ ਹੈ :
ਨਿਰਗੁਨੁ ਆਪਿ ਸਰਗੁਨੁ ਭੀ ਓਹੀ ।।
..... ..... .....
ਰਚਿ ਰਚਨਾ ਅਪਨੀ ਕਲ ਧਾਰੀ ।। (੧੮.੮)

ਸਿਰਜਕ-ਪਾਲਕ

ਅਕਾਲ ਪੁਰਖ ਆਪਣੇ ਆਪੇ ਦਾ ਵਿਸਤਾਰ ਕਰਕੇ ‘ਇਕ’ ਨੂੰ ‘ਅਨੇਕ’ ਵਿਚ ਸਿਰਜ ਦਿੰਦਾ ਹੈ। ਉਸ ਦਾ ਇਹ ਕਰਮ ਉਸ ਨੂੰ ਬਖ਼ਸ਼ਣਹਾਰ ਸਿਰਜਕ ਦੀ ਭੂਮਿਕਾ ਪ੍ਰਦਾਨ ਕਰਦਾ ਹੈ। ਉਸ ਦੀ ਸਿਰਜਨਾ ਉਸ ਦੇ ਆਪੇ ਦਾ ਹੀ ਸਿਰਜਤ ਅੰਸ਼ ਹੈ, ਇਸ ਲਈ ਉਹ ਆਪਣੀ ਸਿਰਜਨਾ ਦੇ ਪ੍ਰਸੰਗ ਵਿਚ ‘ਦੇਣਹਾਰ’ ਹੈ :
ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ।।
ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ ।। (ਸ.੫)

ਅਕਾਲ ਪੁਰਖ ਦਾ ਸਿਰਜਕ-ਪਾਲਕ ਤੇ ਸੰਘਾਰਕ ਹੋਣਾ ਭਾਰਤੀ ਪਰੰਪਰਾ ਦੀ ਸੰਕਲਪਨਾ ਹੈ। ਸੁਖਮਨੀ ਸਾਹਿਬ ਦਾ ਪਾਠ ‘ਦੇਣਹਾਰ’ ਮਦ ਰਾਹੀਂ ਉਸ ਦੇ ਸਿਰਜਕ-ਪਾਲਕ ਹੋਣ ਨੂੰ ਸੰਚਾਰਿਤ ਕਰਦਾ ਹੈ। ਅਕਾਲ ਪੁਰਖ ਨੂੰ ‘ਦੇਣਹਾਰ’ ਵਜੋਂ ਪ੍ਰਸਤੁਤ ਕਰਨ ਵਾਲੇ ਪ੍ਰਸੰਗ ਉਸ ਨੂੰ ਆਪਣੀ ‘ਇੱਛਾ’ ਦੇ ਮਾਲਕ ਵਜੋਂ ਵੀ ਪ੍ਰਤਿਬਿੰਬਤ ਕਰਦੇ ਹਨ :

ਪ੍ਰਭ ਭਾਵੈ ਮਾਨੁਖ ਗਤਿ ਪਾਵੈ ।।
..... ..... .....
ਨਾਨਕ ਦ੍ਰਿਸਟੀ ਅਵਰੁ ਨ ਆਵੈ ।। (੧੧.੨)

ਇਸ ਬਾਣੀ ਅਨੁਸਾਰ ਮਨੁੱਖ ਦੀਆਂ ਇੱਛਾਵਾਂ ਅਤੇ ਤ੍ਰਿਸ਼ਨਾਵਾਂ ਦੀ ਪੂਰਤੀ-ਅਪੂਰਤੀ ਅਕਾਲ ਪੁਰਖ ਦੀ ਕ੍ਰਿਪਾ ਦ੍ਰਿਸ਼ਟੀ (ਪ੍ਰਭ ਭਾਵੈ) ਉੱਤੇ ਨਿਰਭਰ ਕਰਦੀ ਹੈ। ਮਨੁੱਖ ਤੇ ਪ੍ਰਤੱਖਣ ਵਿਚ ਆਉਣ ਵਾਲੀ ਫ਼ਾਦਿਦਾ-ਨੁਕਸਾਨ, ਚੰਗਾ-ਮਾਡ਼ਾ, ਉੱਚਾ-ਨੀਵਾਂ, ਦੈਵੀ-ਦੈਂਤੀ ਆਦਿ ਵਿਰੋਧਾਤਮਕ ਸੰਕਲਪਨਾ ਅਕਾਲ ਪੁਰਖ ਦੀ ਦ੍ਰਿਸ਼ਟੀ ਵਿਚ ਸਮ-ਭਾਵੀ ਹੈ, ਕਿਉਂਕਿ ਇਹ ਉਸ ਦੀ ਆਪਣੀ ਹੀ ਸਿਰਜੀ ਹੋਈ ਹੈ। ਉਸ ਦੀ ਸਮੁੰਚੀ ਸਿਰਜਨਾ ਉਸ ਦੇ ਪ੍ਰਸਾਦਿ ਵਿਚ ਵਜੂਦ ਗ੍ਰਹਿਣ ਕਰ ਕੇ ਵਿਕਾਸ ਕਰਨ ਮਗਰੋਂ ਬਿਨਸ ਜਾਂਦੀ ਹੈ :

ਜੋ ਤਿਸੁ ਭਾਵੈ ਸੋਈ ਹੋਇ ।।
ਨਾਨਕ ਦੂਜਾ ਅਵਰੁ ਨ ਕੋਇ ।। (੧੧.੭)

ਸੁਖਮਨੀ ਦੇ ਪ੍ਰਸੰਗ ਵਿਚ ‘ਦੇਣਹਾਰ’ ਦਾ ਸੰਕਲਪ ਇਕ ਪਾਸੇ ਅਕਾਲ ਪੁਰਖ ਨੂੰ ‘ਦਾਤੇ’ ਦੇ ਰੂਪ ਵਿਚ ਸੰਚਾਰਿਤ ਕਰਦਾ ਹੈ ਅਤੇ ਦੂਜੇ ਪਾਸੇ ‘ਪੁਰਖ’ ਨੂੰ ‘ਪ੍ਰਾਪਤ ਕਰਤਾ’ ਦੇ ਰੂਪ ਵਿਚ। ‘ਦੇਣਹਾਰ’ ਜਦੋਂ ਦਾਤਾਂ ਦੀ ਬਖ਼ਸ਼ਿਸ਼ਾਂ ਕਰਦਾ ਹੈ ਤਾਂ ਉਹ ਆਪਣੀ ਮਾਲਕੀ ਦੇ ਘੇਰੇ ਵਿੱਚੋਂ ‘ਕੁੱਝ’ ਮਨਫ਼ੀ ਕਰ ਦਿੰਦਾ ਹੈ :

ਅਗਨਤ ਸਾਹੁ ਅਪਨੀ ਦੇ ਰਾਸਿ ।।
ਖਾਤ ਪੀਤ ਬਰਤੈ ਅਨਦ ਉਲਾਸਿ ।। (੫.੨)

ਅਸਲ ਵਿਚ ਉਹ ‘ਦਾਤਾ’ ਹੀ ਤਾਂ ਹੈ, ਜੇ ਉਹ ਦਾਤਾਂ ਬਖ਼ਸ਼ ਕੇ ‘ਦੇਣਹਾਰ’ ਦੀ ਭੂਮਿਕਾ ਨਿਭਾਉਂਦਾ ਹੈ। ਉਸ ਦਾ ਬਖ਼ਸ਼ਣਹਾਰ ਹੋਣਾ ਸੰਚਾਰਿਤ ਕਰਦਾ ਹੈ ਕਿ ਉਸ ਲਈ ‘ਮਾਲਕੀ’ ਦਾ ਸੰਕਲਪ ਅਰਥਹੀਣ ਹੈ। ਪਰ ਮਨੁੱਖ ਪ੍ਰਾਪਤ ਕਰਤਾ ਦੇ ਰੂਪ ਵਿਚ ਜਦੋਂ ਦਾਤਾਂ ਲੈ ਲੈਂਦਾ ਹੈ ਤਾਂ ਉਹ ਉਨ੍ਹਾਂ ਦਾ ਮਾਲਕ ਬਣ ਜਾਂਦਾ ਹੈ। ਦਾਤਾ, ਦਾਤਾਂ ਦੇ ਕੇ ਖ਼ੁਸ਼ ਹੁੰਦਾ ਹੈ। ਪ੍ਰਾਪਤ ਕਰਤਾ ਮਨੁੱਖ ਲਈ ਦਾਤਾਂ ਲੈਣਾ ਤਾਂ ਸੁਖਦਾਈ ਅਨੁਭਵ ਹੈ, ਪਰ ਇਨ੍ਹਾਂ ਦਾ ਤਿਆਗ ਉਸ ਲਈ ਕਸ਼ਟ ਪੈਦਾ ਕਰਦਾ ਹੈ :

ਦਸ ਬਸਤੁ ਲੇ ਪਾਛੈ ਪਾਵੈ ।।
ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ।।
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ।।
ਤਉ ਮੂਡ਼ਾ ਕਹੁ ਕਹਾ ਕਰੇਇ ।। (੫.੧)

ਅਮਾਲ ਪੁਰਖ ਨਾਲ ਪੁਰਖ ਦੀ ਇਕਸੁਰਤਾ ਵਾਲੀ ਅਵੱਸਥਾ ਦਾ ਪਹਿਚਾਣ ਚਿੰਨ੍ਹ ਹੀ ਇਹ ਹੈ ਕਿ ਪ੍ਰਭੂ ਦੀ ਪ੍ਰਕਿਰਤੀ ਦੇ ਸਾਰੇ ਲੱਛਣ ਪੁਰਖ ਦੇ ਵਤੀਰੇ ਤੇ ਸੋਚ ਵਿਚ ਸਮਾ ਜਾਣ। ਜੇ ‘ਦੇਣਹਾਰ’ ਵਜੋਂ ਪਰਮਾਤਮਾ ਵਸਤੂ ਦਾ ਮਾਲਕ ਨਹੀਂ ਅਤੇ ਦਾਤਾਂ ਬਖ਼ਸ਼ ਕੇ ਖ਼ੁਸ਼ ਹੁੰਦਾ ਹੈ ਤਾਂ ਮਨੁੱਖ ਲਈ ਇਸੇ ਤਰ੍ਹਾਂ ਦੀ ਨਿਰਲੇਪਤਾ ਵਾਲੀ ਅਵੱਸਥਾ ਪ੍ਰਾਪਤ ਕਰਨਾ ਇਕ ਪ੍ਰਾਪਤ ਕਰਨ ਯੋਗ ਟੀਚਾ ਹੈ :

ਜਿਸ ਕੀ ਬਸਤੁ ਤਿਸੁ ਆਗੈ ਰਾਖੈ ।।
..... ..... .....
ਉਸ ਤੇ ਚਉਗੁਨ ਕਰੈ ਨਿਹਾਲੁ ।। (੫.੨)

ਸੁਖਮਨੀ ਸਾਹਿਬ ਅਨੁਸਾਰ ਅਕਾਲ ਪੁਰਖ ਵਾਂਗ ਪੁਰਖ ਦੀ ਖ਼ੁਸ਼ੀ ਪ੍ਰਾਪਤ ਕਰਨ ਦੀ ਥਾਂ ਤਿਆਗ ਕਰਨ ਵਿਚ ਹੈ। ਪ੍ਰਾਪਤੀ-ਅਪ੍ਰਾਪਤੀ ਨੂੰ ਸਮਭਾਵੀ ਮਾਨਸਿਕਤਾ ਨਾਲ ਸਵੀਕਾਰ ਕਰਨਾ ਹੀ ਪੁਰਖ ਲਈ ਇਕਸੁਰਤਾ ਦੀ ਅਵੱਸਥਾ ’ਤੇ ਪਹੁੰਚਣਾ ਹੈ।



Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸਿੱਖ ਸੰਘਰਸ਼ ਦਾ ਅਦੁੱਤੀ ਯੋਧਾ - ਸ਼ਹੀਦ ਭਾਈ ਜੋਗਿੰਦਰ ਸਿੰਘ ‘ਦਿੱਲੀ’

 

ਦਿੱਲੀ ਵਿੱਚ ਜਦੋਂ ਵੀ ਕਈ ਛੋਟੀ ਵੱਡੀ ਘਟਨਾ ਵਾਪਰਦੀ ਹੈ ਤਾਂ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਅਜਿਹਾ ਵਤੀਰਾ ਉਨ੍ਹਾਂ ਗੁਰਸਿੱਖ ਪਰਿਵਾਰਾਂ ਵਿਰੁੱਧ ਅਪਣਾਇਆ ਜਾਂਦਾ ਜਿੰਨ੍ਹਾਂ ਦੇ ਪੁੱਤਰ ਉਨ੍ਹਾਂ ਰਾਹਾਂ ਤੇ ਤੁਰ ਪਏ ਸਨ ਜਿੰਨ੍ਹਾਂ ਰਾਹਾਂ ਦੀਆਂ ਪੈੜ੍ਹਾਂ ਨਾਲ ਦਿੱਲੀ ਦਾ ਲਾਲ ਕਿਲ੍ਹਾ ਵੀ ਥਰ੍ਹ ਥਰ੍ਹ ਕੰਬਣ ਲੱਗ ਪਿਆ ਸੀ। ...

Read Full Article

Sant Giani Baba Mohan Singh Ji - Head of Bhinder Kalan Samperdai Passes Away

 

Sant Giani Mohan Singh Ji, the saintly centenarian head of the Bhindra Samperdai, has attained Akal Chalana, leaving his mortal body to merge with Akal Purakh Sahib. The revered Giani Ji headed the religious seminary (Taksal) for over half a century. ...

Read Full Article

Operation Blue Star: The Launch of a Decade of Systematic Abuse and Impunity

 

In June 1984, the Indian Army attacked Harmandir Sahib, popularly known as the Golden Temple, as well as over 40 other gurdwaras (Sikh places of worship) throughout Punjab. The attacks, codenamed “Operation Blue Star,” killed thousands of civilians trapped inside the gurdwaras. This assault marked the beginning of a policy of gross human rights violations in Punjab that continues to have profound implications for the rule of law in India....

Read Full Article

ਜਾਪੁ ਸਾਹਿਬ ਦਾ ਛੰਦ-ਵਿਧਾਨ

 

ਜਾਪੁ ਸਾਹਿਬ ਦਸਮ ਗ੍ਰੰਥ ਦੀ ਆਰੰਭਿਕ ਰਚਨਾ ਹੈ ਅਤੇ ‘ਦਸਮ ਗ੍ਰੰਥ’ ਅਜਿਹੀਆਂ ਰਚਨਾਵਾਂ ਦਾ ਸੰਗ੍ਰਹਿਤ ਗ੍ਰੰਥ ਹੈ, ਜਿਨ੍ਹਾਂ ਵਿਚ ਬਹੁਤ ਜ਼ਿਆਦਾ ਛੰਦ-ਗਤ ਵਿਵਧਤਾ ਦੇਖਣ ਨੂੰ ਮਿਲਦੀ ਹੈ। ਇਸ ਛੰਦ-ਬੱਧ ਵਿਵਧਤਾ ਦਾ ਪ੍ਰਮੁੱਖ ਪ੍ਰਮਾਣ ਇਹ ਹੈ ਕਿ ਸਮੁੱਚਾ ਗ੍ਰੰਥ ਇਕ ਸੌ ਚਾਲੀ ਪ੍ਰਕਾਰ ਦੇ ਵੱਖ-ਵੱਖ ਛੰਦ-ਰੂਪਾਂ ਦੁਆਰਾ ਸਿਰਜਿਆ ਗਿਆ ਹੈ, ਅਰਥਾਤ ਸਮੁੱਚੇ ਗ੍ਰੰਥ ਵਿਚ ੧੪੦ ਦੇ ਕਰੀਬ ਛੰਦ-ਰੂਪ ਵਰਤੇ ਗਏ ਹਨ, ਜਿਹੜੇ ਵੰਨਗੀ ਪੱਖੋਂ ਮਾਤ੍ਰਿਕ, ਵਰਣਿਕ ਅਤੇ ਗਣਿਕ ਤਿੰਨਾਂ ਪ੍ਰਕਾਰ ਦੇ ਛੰਦ ਵਰਗਾਂ ਦੇ ਅਨੁਸਾਰੀ ਹਨ। ...

Read Full Article

ਸੁਖਮਨੀ ਸਾਹਿਬ : ਭਾਸ਼ਾਈ ਰੂਪ

 

ਹੱਥਲੇ ਪਰਚੇ ਵਿਚ ਸੁਖਮਨੀ ਸਾਹਿਬ ਦੇ ਪਾਠ ਦੀ ਭਾਸ਼ਾ ਦੇ ਸਰੂਪ ਦੀਆਂ ਵੱਖ-ਵੱਖ ਵਿਆਕਰਨਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਜਰਨ ਦਾ ਯਤਨ ਕੀਤਾ ਹੈ। ਸੁਖਮਨੀ ਸਾਹਿਬ ਮੱਧਕਾਲ ਦੀ ਅਜਿਹੀ ਕਿਰਤ ਹੈ, ਜਿਸ ਦੀ ਭਾਸ਼ਾ ਦਾ ਸਤਹੀ ਅਵਲੋਕਣ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਹੁੰਦਾ ਹੈ ਅਰਥਾਤ ਇਸ ਰਚਨਾ ਨੇ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਆਪਣਾ ਸਰੂਪ ਅਖ਼ਤਿਆਰ ਕੀਤਾ ਹੋਇਆ ਹੈ।...

Read Full Article

ਚੰਡੀ ਦੀ ਵਾਰ : ਕਾਵਿ-ਕਲਾ

 

ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥...

Read Full Article

ਪੁਸਤਕ ਸਮੀਖਿਆ - ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

 

ਲੇਖਕ ਐਸ.ਐਮ.ਮੁੱਸ਼ਰਿਫ਼ ਸਾਬਕਾ ਆਈ.ਜੀ ਪੁਲਿਸ ਮਹਾਰਾਸ਼ਟਰ ਹੁਣ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੁਰੀ ਦੁਨੀਆ ਦੇ ਵਿੱਚ ਇੱਕ ਖੋਜੀ ਲੇਖਕ ਵਜੋਂ ਪਹਿਚਾਣ ਬਣਾ ਚੁੱਕੇ ਹਨ। ਇਨ੍ਹਾਂ ਨੇ ਆਪਣੀ ਖੋਜ ਭਰਪੂਰ ਕਲਮ ਦੀ ਵਰਤੋਂ ਆਪਣੀ ਪਲੇਠੀ ਕਿਤਾਬ ''ਕਰਕਰੇ ਦਾ ਕਾਤਲ ਕੌਣ?, ਭਾਰਤ ਵਿੱਚ ਅੱਤਵਾਦ ਦਾ ਅਸਲੀ ਚੇਹਰਾ'' ਲਿਖ ਕੇ ਕੀਤੀ। ਉਸ ਤੋਂ ਬਾਅਦ ਅਨੇਕਾਂ ਕਿਤਾਬਾਂ ਦੇਸ਼-ਪ੍ਰਦੇਸ਼ ਦੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਜੋ ਭਾਰਤ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਫਿਰਕਾਪ੍ਰਸਤ ਘਟਨਾਵਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ। | ...

Read Full Article

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article