ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ
ਸੇਵਾ ਦਾ ਜਿਕਰ ਚਲਦਾ ਹੈ ਤਾਂ ਭਾਈ ਘਨੱਈਆ ਦਾ ਨਾਂ ਆਪਣੇ ਆਪ ਜ਼ੁਬਾਨ 'ਤੇ ਆ ਜਾਂਦਾ ਹੈ। ਭਾਈ ਘਨੱਈਆ ਪਹਿਲਾਂ-ਪਹਿਲ ਸਿੱਖਾਂ ਦੇ ਸੱਤਵੇਂ ਗੁਰੂ, ਗੁਰੂ ਹਰਿ ਰਾਏ ਜੀ ਦੇ ਸੰਪਰਕ ਵਿਚ ਆਏ ਅਤੇ ਆਪਣੀ ਸੇਵਾ ਭਾਵਨਾ ਸਦਕਾ ਗੁਰੂ ਤੇਗ ਬਹਾਦਰ ਸਾਹਿਬ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਨੇੜੇ ਹੋ ਗਏ। ਉਨ੍ਹਾਂ ਨੇ ਖ਼ੁਦ ਨੂੰ ਵਿੱਚ ਇੱਕ ਹੋਰ ਪੰਥ 'ਸੇਵਾ ਪੰਥ' ਦੀ ਨੀਂਹ ਪਈ।
ਭਾਈ ਘਨੱਈਆ ਦੇ ਸੇਵਾ ਭਾਵ ਨੂੰ ਦਰਸਾਉਣ ਵਾਲੇ ਕੁਝ ਚਿੱਤਰ ਵੱਖ-ਵੱਖ ਚਿੱਤਰਕਾਰਾਂ ਨੇ ਉਲੀਕੇ ਹਨ। ਉਨ੍ਹਾਂ ਚਿੱਤਰਕਾਰਾਂ ਵਿੱਚੋਂ ਇੱਕ ਚਿੱਤਰਕਾਰ ਕ੍ਰਿਪਾਲ ਸਿੰਘ ਹੈ।
ਭਾਈ ਘਨੱਈਆ ਦਾ ਜਨਮ ੧੬੪੮ ਵਿੱਚ ਸੋਧਰਾ ਕਸਬੇ (ਅਜੋਕੇ ਪਾਕਿਸਤਾਨ) ਵਿੱਚ ਹੋਇਆ ਸੀ। ਇਹ ਕਸਬਾ ਚਨਾਬ ਦਰਿਆ ਕੰਢੇ ਵਸਦੇ ਵਜ਼ੀਰਾਬਾਦ ਤੋਂ ਪੰਜ ਕੁ ਮੀਲ ਦੀ ਵਿੱਥ ਉੱਪਰ ਸਥਿਤ ਹੈ। ਭਾਈ ਘਨੱਈਆ ਦਾ ਪਿਤਾ ਨੱਥੂ ਰਾਮ ਵਪਾਰੀ ਸੀ, ਜੋ ਸ਼ਾਹੀ ਫ਼ੌਜਾਂ ਨੂੰ ਰਸਦ ਅੱਪੜਦੀ ਕਰਦਾ ਸੀ। ਘਰ ਪੈਸੇ ਦੀ ਕਮੀ ਨਹੀਂ ਸੀ। ਭਾਈ ਘਨੱਈਆ ਚੜ੍ਹਦੀ ਉਮਰ ਤੋਂ ਹੀ ਸੰਸਾਰੀ ਹੋਣ ਦੀ ਬਜਾਏ ਸੇਵਾ, ਤਿਆਗ ਅਤੇ ਪ੍ਰਭੂ ਭਗਤੀ ਵੱਲ ਤੁਰ ਪਏ। ਘਰੋਂ ਮਿਲਣ ਵਾਲੇ ਪੈਸੇ ਸਾਧੂ, ਸੰਤਾਂ ਅਤੇ ਲੋੜਵੰਦਾਂ ਵਿੱਚ ਵੰਡ ਦਿੰਦੇ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਕਰਦੇ। ਮਾਪਆਿਂ ਨੇ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਮੋੜਾ ਨਾ ਪਿਆ। ਥੱਕ ਹਾਰ ਕੇ ਉਨ੍ਹਾਂ ਨੇ ਘਰ ਵਿੱਚ ਹੀ ਇੱਕ ਕਮਰਾ ਪਾ ਦਿੱਤਾ, ਜਿੱਥੇ ਉਹ ਖ਼ੁਦ ਰਹਿੰਦੇ ਅਤੇ ਆਏ ਗਏ ਦੀ ਦੇਖ ਰੇਖ ਕਰਦੇ। ਖ਼ਰਚੇ ਦੇ ਸਾਰੇ ਪੈਸੇ ਘਰੋਂ ਹੀ ਮਿਲ ਜਾਂਦੇ।
ਜਦੋਂ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਪਹੁੰਚੇ ਤਾਂ ਭਾਈ ਘਨੱਈਆ ਨੇ ਉੱਥੇ ਪਹੁੰਚ ਕੇ ਸੰਗਤ ਦੀ ਸੇਵਾ ਆਰੰਭ ਦਿੱਤੀ। ਇਸ ਉਪਰੰਤ ਲੰਗਰ ਅਤੇ ਘੋੜਿਆ ਦੀ ਦੇਖ-ਭਾਲ ਵਿੱਚ ਰੁੱਝ ਗਏ। ਭਾਈ ਘਨੱਈਆ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਜੀ ਨੇ ਕਿਹਾ, "ਤੁਸੀਂ ਹੁਣ ਕਿਸੇ ਹੋਰ ਥਾਂ ਜਾ ਕੇ ਸੇਵਾ ਜਾਰੀ ਰੱਖੋ।"
ਘਰ ਵੱਲ ਜਾਂਦਿਆ ਪਿਆਸ ਲੱਗਣ ਕਾਰਨ ਰਾਹ ਵਿੱਚ ਰੁਕਣਾ ਪਿਆ। ਜਿਸ ਕੋਲੋਂ ਪੀਣ ਵਾਸਤੇ ਪਾਣੀ ਮੰਗਿਆ ਉਸ ਨੇ ਇਹ ਕਹਿ ਕੇ ਮੋੜ ਦਿੱਤਾ ਕਿ ਇੱਥੇ ਪਾਣੀ ਦੀ ਕਿੱਲਤ ਹੈ। ਆਪਣੀ ਪਿਆਸ ਬੁਝਾਉਣ ਤੋਂ ਬਾਅਦ ਉਨ੍ਹਾਂ ਉੱਥੇ ਟਿਕੇ ਰਹਿਣ ਦਾ ਮਨ ਬਣਾ ਲਿਆ। ਉਹ ਥੋੜ੍ਹੀ ਵਿੱਥ 'ਤੇ ਵਗਦੀ ਨਦੀ ਵਿਚੋਂ ਪਾਣੀ ਦਾ ਘੜਾ ਭਰ ਲਿਆਉਂਦੇ। ਉਨ੍ਹਾਂ ਵੱਲੋਂ ਪਿਆਸਿਆਂ ਨੂੰ ਜਲ ਛਕਾਉਣ ਦੀ ਕੀਰਤੀ ਸਮੇਂ ਨਾਲ ਦੂਰ ਦੂਰ ਤਕ ਫੈਲ ਗਈ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ (੧੬੭੫) ਉਪਰੰਤ ਬਾਲ ਗੋਬਿੰਦ ਰਾਏ ਗੱਦੀ 'ਤੇ ਬੈਠੇ। ੧੬੭੮ ਵਿੱਚ ਭਾਈ ਘਨੱਈਆ, ਗੁਰੂ ਗੋਬਿੰਦ ਰਾਏ ਜੀ ਪਾਸ ਆਨੰਦਪੁਰ ਆ ਗਏ। ਮੋਢੇ 'ਤੇ ਲਮਕਦੀ ਮੁਸ਼ਕ ਜਾਂ ਸਿਰ ਉਪਰ ਰੱਖਿਆ ਘੜਾ ਉਨ੍ਹਾਂ ਦੀ ਨਿਸ਼ਾਨੀ ਸੀ। ਛੇਤੀ ਹੀ ਆਨੰਦਪੁਰ ਦੀ ਧਰਤੀ ਜੰਗ ਦੇ ਮੈਦਾਨ ਵਿੱਚ ਬਦਲ ਗਈ। ਇੱਕ ਪਾਸੇ ਸ਼ਸਤਰਾਂ ਦੇ ਆਪਸ ਵਿੱਚ ਭਿੜਨ ਅਤੇ ਜ਼ਖ਼ਮੀ ਸਿਪਾਹੀਆਂ ਦੀਆਂ ਦਰਦੀਲੀਆਂ ਆਵਾਜ਼ਾਂ ਸਨ ਤਾਂ ਦੂਜੇ ਪਾਸੇ ਉਸ ਦੁਆਲੇ ਨੂੰ ਚੀਰ ਕੇ ਮਸ਼ਕ ਵਿੱਚੋਂ ਨਿਕਲਦੇ ਪਾਣੀ ਦੀ ਕਲ-ਕਲ ਦੀ ਆਵਾਜ਼ ਸੁਣਨ ਨੂੰ ਮਿਲਣ ਲੱਗੀ। ਬਿਨਾਂ ਭਿੰਨ-ਭੇਦ ਕੀਤਿਆਂ ਭਾਈ ਘਨੱਈਆ ਦੀ ਜਲ ਸੇਵਾ ਕਈ ਸਿੱਖਾਂ ਨੂੰ ਚੰਗੀ ਨਾ ਲੱਗੀ। ਗੁਰੂ ਜੀ ਨੇ ਸ਼ਿਕਾਇਤ ਦੇ ਨਿਪਟਾਰੇ ਲਈ ਭਾਈ ਘਨੱਈਆ ਨੂੰ ਬੁਲਾਇਆ। ਉਨ੍ਹਾਂ ਨੇ ਸਭ ਸਾਹਮਣੇ ਕਿਹਾ, "ਗੁਰੂ ਸਾਹਿਬ, ਮੈਨੂੰ ਮੈਦਾਨੇ ਜੰਗ ਵਿੱਚ ਕੋਈ ਹਿੰਦੂ, ਸਿੱਖ ਜਾਂ ਮੁਸਲਮਾਨ ਨਹੀਂ ਦਿੱਸਦਾ। ਮੈਨੂੰ ਤਾਂ ਸਭਨਾਂ ਵਿੱਚੋਂ ਤੁਸੀਂ ਨਜ਼ਰ ਆਉਂਦੇ ਹੋ। ਮੈਂ ਤਾਂ ਤੁਹਾਨੂੰ ਪਾਣੀ ਪਿਲਾਉਂਦਾ ਹਾਂ।" ਇਹ ਵਿਚਾਰ ਸੁਣ ਕੇ ਗੁਰੂ ਜੀ ਪ੍ਰਸੰਨ ਹੋਏ। ਉਨ੍ਹਾਂ ਨੇ ਭਾਈ ਘਨੱਈਆ ਨੂੰ ਮੱਲ੍ਹਮ ਬਖ਼ਸ਼ਦਿਆਂ ਕਿਹਾ, "ਹੁਣ ਤੁਸੀਂ ਪਾਣੀ ਪਿਲਾਉਣ ਦੇ ਨਾਲ ਨਾਲ ਜ਼ਖ਼ਮੀਆਂ ਦੁ ਜ਼ਖ਼ਮਾਂ 'ਤੇ ਮੱਲ੍ਹਮ ਵੀ ਲਗਾ ਦਿਆ ਕਰੋ।"
ਸਿੱਖ ਦੇ ਵਿਹਾਰ ਨੂੰ ਗੁਰੂ ਜੀ ਦੀ ਸਹਿਮਤੀ ਮਿਲਣ ਉਪਰੰਤ ਇਹ ਸਿੱਖੀ ਦਾ ਨੇਮ ਬਣ ਗਿਆ ਕਿ ਹਰ ਗੁਰਸਿੱਖ ਇਸੇ ਲੀਹ ਤੁਰੇ। ਭਾਈ ਘਨੱਈਆ ਦੀ ਕਾਰਜ ਸ਼ੇਲੀ ਨੇ 'ਸੇਵਾ ਪੰਥ' ਨੂੰ ਜਨਮ ਦਿੱਤਾ। ਸੇਵਾ ਪੰਥ ਸੰਪਰਦਾਇ ਦਾ ਪ੍ਰਮੁੱਖ ਡੇਰਾ ਗੋਨਿਆਣਾ ਮੰਡੀ (ਬਠਿੰਡਾ) ਵਿਖੇ ਸਥਿਤ ਹੈ।
ਆਮ ਲੋਕਾਂ ਤੋਂ ਇਲਾਵਾ ਲੇਖਕ ਅਤੇ ਚਿੱਤਰਕਾਰ ਵੀ ਭਾਈ ਘਨੱਈਆ ਦੀ ਜੀਵਨ ਸ਼ੈਲੀ ਵੱਲ ਖਿੱਚੇ ਗਏ ਹਨ। ਚਿੱਤਰਕਾਰਾਂ ਵਿੱਚੋਂ ਸੋਭਾ ਸਿੰਘ ਅਤੇ ਕ੍ਰਿਪਾਲ ਸਿੰਘ ਪ੍ਰਮੁੱਖ ਹਨ ਜਿਨ੍ਹਾਂ ਨੇ ਇਸ ਸੇਵਾਦਾਰ ਦੇ ਕਰਮ ਨੂੰ ਵਿਸ਼ਾ ਬਣਾ ਕੇ ਚਿੱਤਰ ਬਣਾਏ। ਚਿੱਤਰਾਂ ਦਾ ਕਰਮ ਭਾਵੇਂ ਇੱਕੋ ਹੈਂ, ਪਰ ਦੋਵਾਂ ਦ੍ਰਿਸ਼ ਭਿੰਨ ਭਿੰਨ ਹਨ। ਦੋਵੇਂ ਦ੍ਰਿਸ਼ ਰਚਨਾਕਾਰਾਂ ਦੀ ਮਾਨਸਿਕਤਾ ਅਤੇ ਇਤਿਹਾਸ ਪ੍ਰਤੀ ਦ੍ਰਿਸ਼ਟੀ ਨੂੰ ਰੇਖਾਂਕਤ ਕਰਦੇ ਹਨ।
ਕ੍ਰਿਪਾਲ ਸਿੰਘ ਦੀ ਰਚਨਾ ਦਾ ਆਕਾਰ ਚੌਂਤੀ ਗੁਣਾ ਪੰਜਤਾਲੀ ਇੰਚ ਹੈ। ਇਸ ਦੇ ਰਚੇ ਜਾਣ ਦਾ ਵਰ੍ਹਾ ੧੯੫੭ ਹੈ। ਇਤਿਹਾਸ ਤੋਂ ਮਿਲਦੀ ਜਾਣਕਾਰੀ ਮੁਤਾਬਿਕ ਇਹ ਸਥਾਨ ਆਨੰਦਪੁਰ ਦੇ ਆਸ ਪਾਸ ਦਾ ਹੈ ਜਦੋਂ ਮੁਗ਼ਲ ਫ਼ੌਜਾਂ ਅਤੇ ਪਹਾੜੀ ਰਾਜਿਆਂ ਨੇ ਮਿਲ ਕੇ ਸਿੰਘਾਂ ਨੂੰ ਘੱਤ ਲਿਆ ਸੀ।
ਦ੍ਰਿਸ਼ ਅਤੇ ਵੇਲਾ ਭਾਵੇਂ ਲੜਾਈ ਦਾ ਹੈ, ਪਰ ਇਹ ਗਹਿਗੱਚ ਲੜਾਈ ਨੂੰ ਨਹੀਂ ਦਰਸਾਉਂਦਾ। ਪੇਟਿੰਗ ਦਾ ਉਦੇਸ਼ ਅਤੇ ਸੰਦੇਸ਼ ਜੰਗ ਨਹੀਂ ਹੈ। ਇਸੇ ਲਈ ਮੂਲ ਪਾਤਰ ਰਵਾਇਤੀ ਹਥਿਆਰਾਂ ਨਾਲ ਲੈਸ ਨਹੀਂ ਹੈ। ਉਹ ਤਾਂ ਮੈਦਾਨ-ਏ-ਜੰਗ ਵਿੱਚ ਪਾਣੀ ਪਿਲਾ ਰਿਹਾ ਹੈ। ਇਉਂ ਇਹ ਸ਼ਖ਼ਸੀਅਤ ਆਪਣੇ ਨਿੱਤ ਦੇ ਕੰਮ ਅਤੇ ਆਪਣੀ ਜੀਵਨ ਸ਼ੈਲੀ ਕਰਕੇ ਇੱਕ ਵਿਲੱਖਣ ਯੋਧਾ ਹੈ। ਕ੍ਰਿਪਾਲ ਸਿੰਘ ਇਤਿਹਾਸਕ ਘਟਨਾ ਨੂੰ ਆਪਣੀ ਪੇਟਿੰਗ ਦਾ ਆਧਾਰ ਬਣਾਉਂਦਾ ਹੈ। ਲੜਾਈ ਉਜਾਗਰ ਕਰਦੇ ਦ੍ਰਿਸ਼ ਚਿੱਤਰ ਵਿੱਚ ਮੁਸੱਵਰ ਉਸ ਲੜਾਕੇ ਨੂੰ ਧਿਆਨ ਵਿੱਚ ਰੱਖਦਾ ਹੈ ਜਿਹੜਾ ਬਲਸ਼ਾਲੀ ਹੈ, ਵਿਲੱਖਣ ਹੈ। ਰਣ ਖੇਤਰ ਵਿੱਚ ਲੜਾਕਾ ਮਰਨ-ਮਾਰਨ ਦੀ ਨੀਅਤ ਲੈ ਕੇ ਜੂਝਦਾ ਹੈ। ਦੋਵਾਂ ਤਰ੍ਹਾਂ ਦੀ ਹੋਣੀ ਤੋਂ ਉਹ ਉਦੋਂ ਤਕ ਅਣਜਾਣ ਰਹਿੰਦਾ ਹੈ ਜਦੋਂ ਤਕ ਯੁੱਧ ਦਾ ਅੰਤ ਨਹੀਂ ਹੋ ਜਾਂਦਾ।
ਚਿੱਤਰ ਅਨੁਸਾਰ ਭਾਈ ਘਨੱਈਆ ਯੁੱਧ ਖੇਤਰ ਵਿੱਚ ਆਪਣੇ ਜਿਹੇ ਆਪ ਹਨ। ਉਨ੍ਹਾਂ ਦੇ ਮੁਕਾਬਲੇ ਵਿੱਚ ਕੋਈ ਹੋਰ ਨਹੀਂ ਹੈ। ਉਹ ਹਥਿਆਰਬੰਦ ਵੀ ਨਹੀਂ। ਯੁੱਧ ਖੇਤਰ ਵਿੱਚ ਬਿਨਾ ਹਥਿਆਰ ਵਿਚਰਨਾ ਦੋ ਗੱਲਾਂ ਵੱਲ ਧਿਆਨ ਖਿੱਚਦਾ ਹੈ। ਇੱਕ, ਉਸ ਦਾ ਮਾਨਸਿਕ ਸੰਤੁਲਨ ਸਹਿਜ ਨਹੀਂ। ਦੋ, ਉਹ ਵਾਧੂ ਆਤਮ ਵਿਸ਼ਵਾਸ ਦਾ ਭਰਿਆ ਹੋਇਆ ਹੈ। ਸਭ ਕੁਝ ਦੇ ਬਾਵਜੂਦ ਉਸ ਦੇ ਹੱਥ ਵਿੱਚ ਜੀਵਨ ਦੇਣ ਅਤੇ ਜੀਵਨ ਲੈਣ ਦੀ ਤਾਕਤ ਮੌਜੂਦ ਹੈ। ਉਹ ਪਾਣੀ ਨੂੰ ਹਥਿਆਰ ਵਾਂਗ ਵਰਤ ਸਕਦੇ ਸਨ, ਪਰ ਨਹੀਂ ਵਰਤ ਰਹੇ। ਇਹੋ ਗੁਣ ਲੱਛਣ ਸੂਰਬੀਰ ਦੀ ਵੱਖਰਤਾ ਥਾਪ ਰਿਹਾ ਹੈ।
ਚਿਤੇਰੇ ਨੇ ਉਨ੍ਹਾਂ ਦੇ ਮੁਕਾਬਲੇ 'ਤੇ ਕਿਸੇ ਨੂੰ ਬਣਾਇਆ ਹੀ ਨਹੀਂ ਕਿਉਂਕਿ ਉਹੋ ਜਿਹਾ ਵਿਹਾਰ ਕਰਨ ਵਾਲਾ ਕੋਈ ਹੋਰ ਨਹੀਂ ਹੈ। ਨਾ ਦ੍ਰਿਸ਼ ਵਿੱਚ ਅਤੇ ਨਾ ਦ੍ਰਿਸ਼ ਤੋਂ ਬਾਹਰ। ਪੇਟਿੰਗ ਵਿਚਾਰਨ ਦਾ ਇਹ ਕੇਂਦਰੀ ਸੰਦ ਹੈ ਜਿਸ ਨੂੰ ਵਰਤਦਿਆਂ ਅੱਗੇ ਵਧ ਸਕਦੇ ਹਾਂ। ਕੈਨਵਸ ਦੇ ਫਰੇਮ ਵਿੱਚ ਦੋ ਪ੍ਰਮੁੱਖ ਆਕਾਰ ਹਨ। ਸੱਜੇ ਪਾਸੇ ਵੱਲ ਮਸ਼ਕਧਾਰੀ ਭਾਈ ਘਨੱਈਆ ਹੈ ਅਤੇ ਖੱਬੇ ਵੱਲ ਉਨ੍ਹਾਂ ਸਾਹਮਣੇ ਜ਼ਖ਼ਮੀ ਮੁਗ਼ਲ ਸੈਨਿਕ ਹੈ। ਦੋਵੇਂ ਵਿਪਰੀਤ ਧਰਮੀ ਹਨ। ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਹਨ। ਇਸ ਦਾ ਜਾਗਦਾ ਉਦਾਹਰਣ ਇਸੇ ਫਰੇਮ ਵਿੱਚ ਮੌਜੂਦ ਹੈ।
ਪਾਣੀ ਪੀ ਰਹੇ ਸੈਨਿਕ ਦੀ ਪਿੱਠ ਪਿੱਛੇ ਘੋੜਸਵਾਰ ਸਿੱਖ ਸਿਪਾਹੀ ਨੇਜ਼ੇ ਨਾਲ ਮੁਗ਼ਲ ਸਿਪਾਹੀ ਨੂੰ ਮਾਰ ਰਿਹਾ ਹੈ। ਪਰ ਘਨੱਈਆ, ਸਿੱਖ ਹੋਣ ਦੇ ਬਾਵਜੂਦ ਰਣ ਖੇਤਰ ਵਿੱਚ ਜੀਵਨ ਲੈਣ ਵਾਲਾ ਨਹੀਂ, ਜੀਵਨ ਦੇਣ ਵਾਲਾ ਹੈ। ਇਉਂ ਹੁੰਦਾ ਨਹੀਂ, ਹੁਣ ਹੋ ਰਿਹਾ ਹੈ। ਚਿੱਤਰ ਚੌਪਾਸੀਂ ਹੋ ਰਹੀਆਂ ਮੌਤਾਂ ਦਰਮਿਆਨ ਜੀਵਨ ਸੰਦੇਸ਼ ਸੰਚਾਰ ਰਿਹਾ ਹੈ।
ਪਾਣੀ ਪਿਲਾਉਣ ਵਾਲਾ ਪੀਣ ਵਾਲੇ ਤੋਂ ਇਲਾਵਾ ਦੂਜਿਆਂ ਨੂੰ ਵੀ ਦੇਖ ਰਿਹਾ ਹੈ। ਇਉਂ ਉਹ ਵਡੇਰੇ ਸੰਸਾਰ ਨਾਲ ਜੁੜਿਆ ਹੋਇਆ ਹੈ ਜਦੋਂਕਿ ਪਾਣੀ ਪੀਣ ਵਾਲੇ ਦਾ ਆਪਣੇ ਤੋਂ ਛੁੱਟ ਕਿਸੇ ਹੋਰ ਵੱਲ ਨਿਮਖ ਮਾਤਰ ਧਿਆਨ ਨਹੀਂ ਹੈ।
ਚਿੱਤਰਕਾਰ ਕ੍ਰਿਪਾਲ ਸਿੰਘ, ਭਾਈ ਘਨੱਈਆ ਦੇ ਕੰਮ ਦਾ ਅਨੁਸਰਨ ਕਰ ਰਿਹਾ ਹੈ। ਉਹ ਸਿੱਖ ਵੱਲੋਂ ਸਿੱਖ ਨੂੰ ਜਲ ਛਕਾਉਣ ਦਾ ਦ੍ਰਿਸ਼ ਸਹਿਜ ਭਾਵ ਨਾਲ ਬਣਾ ਸਕਦਾ ਸੀ। ਇਸ ਨਾਲ ਚਿੱਤਰ ਤਾਂ ਪੂਰਾ ਹੋਇਆ ਕਿਹਾ ਜਾ ਸਕਦਾ ਸੀ, ਪਰ ਉਹ ਸੰਚਾਰੇ ਜਾਣ ਵਾਲੇ ਉਦੇਸ਼ ਤੋਂ ਥਿਰਕ ਜਾਣਾ ਸੀ। ਇਸ ਰਾਹ ਤੁਰਨ ਨਾਲ ਇਹ ਰਚਨਾ ਇਤਿਹਾਸਕ ਪੱਖੋਂ ਝੂਠੀ ਹੋ ਜਾਣੀ ਸੀ।
ਸਮੁੱਚੀ ਦ੍ਰਿਸ਼ਾਤਮਕ ਪੇਸ਼ਕਾਰੀ ਦੋ ਵਿਰੋਧੀ ਗੁੱਟਾਂ ਵਿੱਚ ਵੰਡੀ ਹੋਈ ਹੈ। ਉੰਜ ਵੀ ਯੁੱਧ ਭੂਮੀ ਦੋ ਵਿਰੋਧੀ ਗੁੱਟਾਂ ਵਿੱਚ ਵੰਡੀ ਹੁੰਦੀ ਹੈ। ਆਮ ਤੌਰ 'ਤੇ ਅਜਿਹੀਆਂ ਥਾਵਾਂ ਇਕਰਸ ਇਕਰੰਗੀ ਹੁੰਦੀਆਂ ਹਨ।
ਉੱਥੇ ਵੀਰਤਾ ਦਾ ਮਤਲਬ ਮਾਰਨ ਵਾਲਾ ਹੈ। ਹਰ ਕੋਈ ਆਪਣੇ ਵਿਰੋਧੀ ਨੂੰ ਖ਼ਤਮ ਕਰਨ ਵਿੱਚ ਰੁੱਝਿਆ ਰਹਿੰਦਾ ਹੈ। ਇਹ ਚਿੱਤਰ ਯੁੱਧ ਦੇ ਮੂਲ ਸੁਭਾਅ ਨੂੰ ਪਿਛਾਹ ਕਰਦਿਆਂ ਮਰਨ ਵਾਲੇ ਨੂੰ ਜੀਵਨ ਵੱਲ ਮੋੜਨ ਦਾ ਯਤਨ ਕਰਦਾ ਹੈ।
ਭਾਈ ਘਨੱਈਆ ਦੇ ਤਕੜੇ ਅਤੇ ਮਜ਼ਬੂਤ ਸਰੀਰ ਸਾਹਮਣਿਓ ਨਹੀਂ ਬਣਾਇਆ ਗਿਆ। ਚਿਹਰਾ ਇੱਕ ਚਸ਼ਮੀ ਅਤੇ ਪਿੱਠ ਨੂੰ ਜ਼ਿਆਦਾ ਮਹੱਤਵ ਦਿੱਤਾ ਹੈ। ਕਾਰਨ ਖੱਬੇ ਮੋਢੇ ਲਟਕੀ ਪਾਣੀ ਨਾਲ ਭਰੀ ਮਸ਼ਕ ਦਾ ਸੰਪੂਰਨ ਦੀਦਾਰ ਕਰਵਾਉਣਾ ਹੈ ਜਿਸ ਦੇ ਮੂੰਹ ਨੂੰ ਭਾਈ ਘਨੱਈਆ ਨੇ ਖੱਬੇ ਹੱਥ ਨਾਲ ਘੁੱਟ ਕੇ ਨੱਪਿਆ ਹੋਇਆ ਹੈ। ਮਸ਼ਕ ਦੇ ਧੁਰ ਦੂਜੇ ਪਾਸੇ ਨੂੰ ਸੱਜੇ ਹੱਥ ਦਾ ਆਸਰਾ ਮਿਲਿਆ ਦਿਖਦਾ ਹੈ। ਉਸੇ ਹੱਥ ਦੀ ਉੱਚੀ ਨੀਵੀਂ ਹਰਕਤ ਨਾਲ ਪਾਣੀ ਦੇ ਵਹਾਅ ਨੂੰ ਤੇਜ਼ ਜਾਂ ਮੱਠਾ ਕੀਤਾ ਜਾਂਦਾ ਹੈ।
ਵਸਤਰਾਂ ਦੇ ਨਾਂ 'ਤੇ ਕੁਝ ਵੀ ਸਜਾਵਟੀ ਨਹੀਂ। ਸਿਰ ਹਲਕੇ ਕੇਸਰੀ ਰੰਗ ਦੀ ਪੱਗ। ਪਿੰਡੇ ਉਪਰ ਨੀਲਾ ਚੋਲਾ ਜਿਸ ਦੀਆਂ ਬਾਹਾਂ ਉੱਪਰ ਨੂੰ ਚਾੜ੍ਹੀਆਂ ਹੋਇਆਂ ਹਨ, ਤੇੜ ਗੋਡਿਆਂ ਤਕ ਲੰਮਾ ਕਛਹਿਰਾ ਅਤੇ ਪੈਰੀਂ ਦੇਸੀ ਜੁੱਤੀ। ਤਨ ਢਕਣ ਨੂੰ ਇੰਨੇ ਕੁ ਵਸਤਰਾਂ ਤੋਂ ਇਲਾਵਾ ਹੋਰ ਕੁਝ ਨਹੀਂ। ਅਮੀਰੀ, ਸੁੰਦਰਤਾ ਅਤੇ ਆਕਰਸ਼ਕ ਵਸਤਾਂ ਵਿੱਚ ਨਹੀਂ, ਅਨੂਠੇ ਵਿਹਾਰ ਵਿੱਚ ਹੈ। ਸਿਆਹ ਦਰਮਿਆਨੀ ਦਾੜ੍ਹੀ ਭਾਈ ਘਨੱਈਆ ਦੀ ਉਮਰ ਤਾਂ ਦੱਸਦੀ ਹੈ, ਪਰ ਸਹੀ ਨਹੀਂ ਕਿਉਂਕਿ ਉਨ੍ਹਾਂ ਦਾ ਦੇਹਾਂਤ ੧੭੧੮ ਵਿੱਚ ਹੋਇਆ ਸੀ ਅਤੇ ਇਹ ਦ੍ਰਿਸ਼ ਆਨੰਦਪੁਰ ਦੀ ਲੜਾਈ ਦਾ ਜਦੋਂ ੧੭੦੪-੦੫ ਵਿੱਚ ਮੁਗ਼ਲਾਂ ਨਾਲ ਮਿਲ ਕੇ ਪਹਾੜੀ ਰਾਜਿਆਂ ਨੇ ਆਨੰਦਪੁਰ ਉੱਪਰ ਹਮਲਾ ਕੀਤਾ ਸੀ। ਚਿੱਤਰ ਵਿੱਚ ਦੂਰ ਖੱਬੇ ਵੱਲ ਦਿਸਦੀ ਇਮਾਰਤ ਆਨੰਦਪੁਰ ਦਾ ਕਿਲ੍ਹਾ ਹੈ।
ਜਲ ਸੇਵਾਦਾਰ ਮੈਦਾਨ-ਏ-ਜੰਗ ਵਿੱਚ ਆਪਣੇ ਦੋਵਾਂ ਪੈਰਾਂ ਵਿੱਚ ਆਪਣੇ ਦੋਵਾਂ ਪੈਰਾਂ ਬਲ ਖੜ੍ਹਾ ਹੈ। ਖੜ੍ਹੇ ਹੋਣ ਦਾ ਇਹ ਅੰਦਾਜ਼ ਕਿਰਦਾਰ ਦੇ ਗੁਣਾਂ ਸਥਿਰਤਾ, ਸੰਜਮ ਤੇ ਦ੍ਰਿੜ੍ਹਤਾ ਨੂੰ ਪ੍ਰਗਟਾਉਂਦਾ ਹੈ।
ਕੀ ਇਹ ਦ੍ਰਿਸ਼ ਲੜਾਈ ਖ਼ਤਮ ਹੋਣ ਉਪਰੰਤ ਦਾ ਹੈ? ਨਹੀਂ। ਭਾਈ ਘਨੱਈਆ ਦੁਆਲੇ ਹੋ ਰਹੀ ਨਕਲੋ-ਹਰਕਤ ਸੂਹ ਦਿੰਦੀ ਹੈ ਕਿ ਉਹ ਆਪਣਾ ਕੰਮ ਬਿਨਾਂ ਕਿਸੇ ਭੈਅ ਦੇ ਗਹਿਗੱਚ ਲੜਾਈ ਵੇਲੇ ਵੀ ਜਾਰੀ ਰੱਖ ਰਹੇ ਹਨ। ਸੱਜੇ ਪਾਸੇ ਵੱਲ ਦੌੜ ਰਹੇ ਚਿੱਟੇ ਘੋੜੇ ਦਾ ਪਿਛਲਾ ਹਿੱਸਾ ਨਜ਼ਰ ਆ ਰਿਹਾ ਹੈ। ਪਾਣੀ ਪੀ ਰਹੇ ਸਿਪਾਹੀ ਦੇ ਠੀਕ ਉੱਪਰ ਸਿੱਖ ਘੋੜਸਵਾਰ ਆਪਣੇ ਲੰਬੇ ਬਰਛੇ ਨਾਲ ਦੁਸ਼ਮਣ ਨੂੰ ਵਿੰਨ੍ਹ ਰਿਹਾ ਹੈ। ਕੁਝ ਅਸਪੱਸ਼ਟ ਆਕਾਰ ਵੀ ਨਕਲੋਂ-ਹਰਕਤ ਵਿੱਚ ਹਨ।
ਸੰਕੇਤ ਹੈ ਕਿ ਲੜਾਈ ਵੇਲੇ ਸਿੰਘਾਂ ਦਾ ਜ਼ਿਆਦਾ ਨੁਕਸਾਨ ਹੋਇਆ। ਭਾਈ ਘਨੱਈਆ ਦੇ ਪੈਰਾਂ ਕੋਲ ਜਾਨ ਗੁਆ ਚੁੱਕੇ ਦੋ ਸਿੰਘ ਪਏ ਹਨ ਜਿਨ੍ਹਾਂ ਦੀਆਂ ਮੀਟੀਆਂ ਅੱਖਾਂ ਵਾਲੇ ਚਿਹਰੇ ਸ਼ਾਂਤ ਦਿਖ ਰਹੇ ਹਨ ਜਦੋਂਕਿ ਸਾਹਮਣੇ ਦਿਖਾਈ ਦੇ ਰਹੇ ਜ਼ਖ਼ਮੀ ਮੁਗ਼ਲ ਸਿਪਾਹੀਆਂ ਦੇ ਚਿਹਰੇ ਭੈਅਗ੍ਰਸਤ ਅਤੇ ਡਰਾਉਣ ਵਾਲੇ ਹਨ। ਦੋਵਾਂ ਧਿਰਾਂ ਵਿੱਚ ਵਿਰੋਧੀ ਤੱਤ ਮੌਜੂਦ ਹੈ। ਜੋ ਮਰ ਚੁੱਕੇ ਹਨ ਉਨ੍ਹਾਂ ਦੇ ਚਿਹਰਿਆਂ ਉੱਪਰ ਰੰਚ ਮਾਤਰ ਭੈਅ ਦਾ ਪਰਛਾਵਾਂ ਨਹੀਂ। ਜਿਹੜੇ ਜੀਵਤ ਹਨ ਉਨ੍ਹਾਂ ਦੇ ਚਿਹਰਿਆਂ ਉੱਪਰ ਰੰਚ ਜਿੰਨੀ ਸ਼ਾਂਤੀ ਦੀ ਲਿਸ਼ਕ ਨਹੀਂ। ਲੁਕਵੇਂ ਰੂਪ ਵਿੱਚ ਇਹ ਸੱਚ-ਝੂਠ ਵੱਲ ਸੰਕੇਤ ਹੋ ਸਕਦਾ ਹੈ।
ਭਾਈ ਘਨੱਈਆ ਅਤੇ ਖੜ੍ਹੀ ਤੋਪ ਵਿਚਾਲੇ ਤਿੰਨ ਵਿਅਕਤੀ ਹਨ। ਤਿੰਨੋਂ ਗੰਭੀਰ ਜ਼ਖ਼ਮੀ ਹਨ। ਤਾਹੀਓ ਉਹ ਦੁਸ਼ਮਣ ਹੋਣ ਦੇ ਬਾਵਜੂਦ ਇੱਕ ਦੂਜੇ ਦੇ ਕੋਲ ਅਤੇ ਇੱਕ ਦੂਜੇ ਉੱਪਰ ਪਏ ਹਨ। ਜੋ ਮੁਗ਼ਲ ਬੁੱਕ ਨਾਲ ਪਾਣੀ ਪੀ ਰਿਹਾ ਹੈ ਤਾਂ ਥੋੜ੍ਹੀ ਵਿੱਥ 'ਤੇ ਜ਼ਖ਼ਮੀ ਸਿੰਘ ਆਪਣੀ ਵਾਰੀ ਉਡੀਕ ਰਿਹਾ ਹੈ। ਮਹਿਸੂਸ ਕੀਤਾ ਜਾ ਸਕਦਾ ਹੈ ਕਿ ਕ੍ਰਿਪਾਲ ਸਿੰਘ ਦੇ ਕਿਰਦਾਰ ਠਰੰਮੇ ਵਾਲੇ ਹਨ। ਕਿਸੇ ਵੱਲੋਂ ਅਜਿਹੀ ਕੋਈ ਹਰਕਤ ਨਹੀਂ ਹੋ ਰਹੀ ਜੋ ਚਿਤਰਿਤ ਚੌਗਿਰਦੇ ਨੂੰ ਸ਼ੋਰੀਲਾ ਕਰਦੀ ਹੋਵੇ। ਇੱਥੋਂ ਤਕ ਕਿ ਪਿਆਸੇ ਅਤੇ ਜ਼ਖ਼ਮੀ ਸਿਪਾਹੀਆਂ ਨੇ ਵੀ ਧੀਰਜ ਧਾਰਿਆ ਹੋਇਆ ਹੈ। ਚਿਤੇਰਾ ਆਪਣੇ ਚਿਤਵੇ ਨੇਮ ਦਾ ਅਨੁਸਰਨ ਕਰ ਰਿਹਾ ਹੈ।
ਮੂਲ ਕਿਰਦਾਰ ਜਾਣਦਾ ਹੈ ਕਿ ਕਿਸ ਕੋਲ ਜਾਣਾ ਹੈ ਅਤੇ ਜ਼ਰੂਰਤਮੰਦ ਨੂੰ ਗਿਆਨ ਹੈ ਕਿ ਕਿਸ ਕੋਲੋਂ ਉਸ ਦੀ ਜ਼ਰੂਰਤ ਪੂਰੀ ਹੋਣੀ ਹੈ। ਕੋਈ ਦੂਜਾ ਭਾਈ ਭਾਈ ਘਨੱਈਆ ਵੱਲ ਅੱਖ ਤਕ ਨਹੀਂ ਕਰਦਾ। ਬਿਲਕੁਲ ਨਜ਼ਰ ਦੀ ਜ਼ੱਦ ਵਿੱਚ ਇੱਕ ਘੋੜਸਵਾਰ ਜ਼ਮੀਨੀ ਸਿਪਾਹੀ ਨੂੰ ਮਾਰ ਰਿਹਾ ਹੈ। ਠੀਕ ਪਿਛਲੇ ਪਾਸੇ ਵੱਲੋਂ ਸਫ਼ੈਦ ਘੋੜੇ ਦਾ ਸਵਾਰ ਗੁਜ਼ਰ ਰਿਹਾ ਹੈ। ਇਸ ਪੇਟਿੰਗ ਵਿੱਚ ਮਾਰਨ, ਮਾਰਨ ਤੋਂ ਬਚਾਉਣਾ (ਭਾਈ ਘਨੱਈਆਂ ਨੂੰ) ਅਤੇ ਬਚਾਉਣ (ਪਾਣੀ ਪਿਆ ਅਤੇ ਮੱਲ੍ਹਮ ਲਗਾ ਕੇ) ਦੀ ਲੈਅ, ਸੰਜੋਗ ਅਤੇ ਨਿਖੇੜ ਦੀ ਅਨੂਠੀ ਪੇਸ਼ਕਾਰੀ ਮਿਲਦੀ ਹੈ। ਇਹ ਆਪਣੇ ਜਿਹੀ ਆਪ ਹੈ।
ਇੱਕ ਹੋਰ ਵਿਰੋਧੀ ਜੁਟ ਮੁੱਖ ਕਿਰਦਾਰ ਅਤੇ ਤੋਪ ਹੈ। ਦੋਵੇਂ ਮੈਦਾਨ-ਏ-ਜੰਗ ਵਿੱਚ ਆਪੋ-ਆਪਣਾ ਕੰਮ ਕਰ ਰਹੇ ਹਨ। ਜਿਥੇ ਤੋਪ ਹੈ ਸਿੱਖਾਂ ਵਾਸਤੇ ਇਹ ਦੁਸ਼ਮਣ ਦਾ ਇਲਾਕਾ ਹੈ। ਤੋਪ ਦਾ ਮੂੰਹ ਦੂਰ ਧੁੰਦਲੇ ਦਿਸਦੇ ਆਨੰਦਪੁਰ ਕਿਲ੍ਹੇ ਵੱਲ ਹੈ। ਇਸੇ ਕਿਲ੍ਹੇ ਨੂੰ ਹੀ ਮੁਗ਼ਲਾਂ ਅਤੇ ਪਹਾੜੀ ਰਾਜਿਆਂ ਨੇ ਘੇਰਿਆ ਹੋਇਆ ਹੈ। ਸਿੱਖ ਸਮੂਹ ਵਿੱਚ ਬਾਹਰ ਨਿਕਲ ਕੇ ਜੂਝਦੇ ਹਨ, ਮਰ ਮਿਟਦੇ ਹਨ। ਭਾਈ ਘਨੱਈਆ ਜਲ ਸੇਵਾ ਆਪਣੇ ਦੁਸ਼ਮਣ ਦੇ ਖੇਤਰ ਵਿੱਚ ਜਾ ਕਰ ਰਹੇ ਹਨ।
ਚਿੱਤਰ ਦੇਖਣ ਵਾਲਾ ਕਹਿ ਸਕਦਾ ਹੈ ਕਿ ਇਸ ਫਰੇਮ ਵਿੱਚ ਕਾਫ਼ੀ ਕੁਝ ਅਸਪਸ਼ਟ ਹੈ। ਪ੍ਰਸ਼ਨ ਵਾਜਬ ਹੈ। ਇਸ ਵਾਜਬ ਪ੍ਰਸ਼ਨ ਦਾ ਉੱਤਰ ਵੀ ਇਸੇ ਫਰੇਮ ਵਿੱਚ ਹੈ। ਆਨੰਦਪੁਰ ਦੀ ਧਰਤੀ ਸਮਤਲ ਨਹੀਂ ਅਤੇ ਇਹ ਰੇਤਲੀ ਹੈ। ਲੜਾਕਿਆਂ ਦੀ ਭੱਜ-ਨੱਠ, ਨੱਠਦੇ ਘੋੜਿਆਂ ਦੇ ਪੌੜਾਂ ਅਤੇ ਤੋਪਾਂ ਦੇ ਗੋਲਿਆਂ ਨਾਲ ਧੂੜ-ਮਿੱਟੀ ਦਾ ਉੱਡਣਾ ਸੁਭਾਵਿਕ ਹੈ। ਉੱਡਦੀ ਧੂੜ ਕਦੇ ਮਿੱਤਰ ਹੋ ਨਿੱਬੜਦੀ ਹੈ, ਕਦੇ ਦੁਸ਼ਮਣ। ਪੇਂਟਿੰਗ ਵਿੱਚ ਧਰਤੀ ਤੋਂ ਉੱਡੀ ਧੂੜ ਆਸਮਾਨ ਤਕ ਫੇਲੀ ਹੋਈ ਹੈ। ਇਸ ਦੇ ਨਾਲ-ਨਾਲ ਹਲਕੀ, ਪੇਤਲੀ ਬੱਦਲਵਾਈ ਦ੍ਰਿਸ਼ ਨੂੰ ਮਾਕੂਲ ਅਰਥ ਦਿੰਦੀ ਹੈ।
ਭਾਈ ਘਨੱਈਆ ਦਾ ਜੁੱਸਾ ਉਨ੍ਹਾਂ ਦੇ ਕਰਮ ਅਨੁਕੂਲ ਹੈ। ਬਾਹਾਂ ਤਾਕਤਵਰ ਹਨ। ਮਸ਼ਕ ਦੇ ਮੁੰਹ ਉੱਪਰ ਹੱਥ ਦੀ ਮਜ਼ਬੂਤ ਪਕੜ ਹੈ। ਪਹਿਨੇ ਚੇਲੇ ਦੀਆਂ ਬਾਹਾਂ ਨੂੰ ਕੰਮ ਵਿੱਚ ਰੁਕਾਵਟ ਬਣਨ ਤੋਂ ਰੋਕਣ ਲਈ ਉੱਪਰ ਵੱਲ ਚਾੜ੍ਹਿਆ ਹੋਇਆ ਹੈ। ਭਾਈ ਘਨੱਈਆ ਦਾ ਚਿਹਰਾ ਨਾ ਅਤਿ ਸੁੰਦਰ
ਹੈ, ਨਾ ਹੀ ਆਕਰਸ਼ਣ ਤੋਂ ਵਿਹੂਣਾ। ਅਸਲ ਵਿੱਚ ਚੰਗਾ ਵਿਹਾਰ ਆਪਣੇ ਅਨੁਰੂਪ ਰੂਪ ਨੂੰ ਥੌੜ੍ਹਾ ਬਹੁਤ ਘੜ ਲੈਂਦਾ ਹੈ। ਜਾਪਦਾ ਹੈ ਕਿ ਕ੍ਰਿਪਾਲ ਸਿੰਘ ਨੇ ਇਸੇ ਤੱਥ ਦਾ ਆਸਰਾ ਲਿਆ ਹੈ। ਇਹ ਕਾਮੇ ਦਾ ਸਰੀਰ ਹੈ। ਇਹ ਉਸੇ ਤਰ੍ਹਾਂ ਦਾ ਹੈ ਜਿਹੋ ਜਿਹਾ ਉਸ ਨੂੰ ਹੋਣਾ ਚਾਹੀਦਾ ਹੈ, ਭਿੰਨ-ਭਿੰਨ ਮੌਸਮਾਂ ਦੀ ਮਾਰ ਅਤੇ ਜੀਵਨ ਦੀਆਂ ਅੋਕੜਾਂ ਨੂੰ ਸਹਿੰਦਾ ਹੋਇਆ।
ਸਰੀਰ ਅਤੇ ਮਸ਼ਕ ਦਾ ਭਾਰ ਲੱਤਾਂਨੇ ਹੀ ਚੁੱਕਣਾ ਹੈ। ਸੁਡੌਲ ਪਿੰਨੀਆਂ ਉਸ ਦਾ ਸੰਕੇਤ ਕਰਦੀਆਂ ਹਨ। ਪੈਰ ਜੋ ਪੂਰੀ ਤਰ੍ਹਾਂ ਨਾਲ ਜ਼ਮੀਨ ਉਪਰ ਟਿਕੇ ਹਨ ਤਾਂ ਪਾਣੀ ਛਕਾਉਂਦੇ ਹੱਥਾਂ ਲਈ ਅੱਖਾਂ ਆਪਣੇ ਪਰਾਏ ਦੀ ਪਛਾਣ ਕੀਤੇ ਬਿਨਾਂ ਰਣ ਖੇਤਰ ਵਿਚੋਂ ਜ਼ਖ਼ਮੀ ਜੰਗਜੂ ਭਾਲ ਰਹੀਆਂ ਹਨ।
ਕ੍ਰਿਪਾਲ ਸਿੰਘ ਦਾ ਭਾਈ ਘਨੱਈਆ ਸਾਧਾਰਨ ਦਿੱਖ ਦਾ ਹੁੰਦਾ ਹੋਇਆ ਵੀ ਵਿਸ਼ੇਸ਼ ਕਰਮ ਕਰ ਰਿਹਾ ਹੈ। ਜਿਸ ਨਿਰਭੈਤਾ ਨਾਲ ਗੁਰੂ ਨੇ ਆਪਣੇ ਸਿੱਖ ਨੂੰ ਸਮਤਾ ਦਾ ਗਿਆਨ ਦਿੱਤਾ ਸੀ, ਉਨ੍ਹਾਂ ਦਾ ਸਿੱਖ ਅਡੋਲ ਭਾਵ ਨਾਲ ਉਸ ਮੰਤਰ ਨੂੰ ਉਸੇ ਨਿਰਭੈਤਾ ਨਾਲ ਵਿਹਾਰ ਵਿੱਚ ਤਬਦੀਲ ਕਰ ਰਿਹਾ ਹੈ ਜੋ ਅਦੁੱਤੀ ਹੈ।
ਗੁਰੂ ਅਤੇ ਸਿੱਖ ਦੇ ਸਬੰਧ ਦੀ ਕੜੀ ਵੱਲ ਵੀ ਇਹ ਰਚਨਾ ਚੁਪੀਤਿਆਂ ਇਸ਼ਾਰਾ ਕਰ ਰਹੀ ਹੈ। ਗੁਰੂ ਦਾ ਸਿੱਖ ਗੁਰੂ ਸਾਹਮਣੇ ਹੀ ਉਸ ਦੀ ਆਗਿਆ ਦਾ ਪਾਲਣ ਨਹੀਂ ਕਰਦਾ ਸਗੋਂ ਉਹ ਤਾਂ ਉਸ ਦੀ ਗ਼ੇਰਹਾਜ਼ਰੀ ਵਿੱਚ ਵੀ ਕੋਈ ਕੋਤਾਹੀ ਨਹੀਂ ਵਰਤਦਾ। ਇਸ ਚਿੱਤਰ ਉਸੇ ਰੂਪ ਦਾ ਉਤਾਰਾ ਹੈ।
Download/View Full Version of Artist Kirpal Singh's Painting