Indigenous Peoples, Native Tribes, Sikligars, Dalits and Sikh Institutions
Continuation of Part1 : ਸਿਕਲੀਗਰ ! ਸਿੱਖ ਕੌਮ ਦਾ ਅਟੁੱਟ ਅੰਗ
ਵਿਸ਼ਵ ਆਦਿਵਾਸੀ ਅਤੇ ਐਨ.ਜੀ.ਓ ਗਰੁੱਪ :-
ਸੰਚਾਰ ਸਾਧਨਾ ਦੀ ਅਸੀਮਤ ਖੋਜ਼ ਨੇ ਸਮੁੱਚੇ ਵਿਸ਼ਵ ਨੂੰ ਇੱਕ ਛੋਟੇ ਜਿਹੇ ਪਿੰਡ 'ਚ ਤਬਦੀਲ ਕਰ ਦਿੱਤਾ ਹੈ ਹਜ਼ਾਰਾਂ ਮੀਲ ਦੂਰ ਦੁਨੀਆਂ ਦੇ ਹਰੇਕ ਕੋਨੇ 'ਚ ਬੈਠਾ ਇੱਕ ਮਨੁੱਖ ਸਕਿੰਟਾਂ 'ਚ ਹੀ ਦੂਜ਼ੇ ਮਨੁੱਖ ਨਾਲ ਸਬੰਧ ਕਾਇਮ ਕਰਕੇ ਆਹਮੋ-ਸਾਹਮਣੇ ਗੱਲਾਂ ਕਰ ਸਕਦਾ ਹੈ ਉਸਦੇ ਜੀਵਣ ਦੀਆਂ ਸਾਰੀਆਂ ਕਿਰਿਆਵਾਂ ਨੇੜਿਉਂ ਦੇਖ ਸਕਦਾ ਹੈ। ਪੰਜਾਬੀ ਦੀ ਕਹਾਵਤ '' ਦੁਨੀਆ ਮੇਰੀ ਮੁੱਠੀ ਵਿੱਚ '' ਸੱਚ ਸਾਬਿਤ ਹੋ ਗਈ ਹੈ। ਕਿਉਂਕਿ ਹਰੇਕ ਦੇ ਹੱਥ ਵਿੱਚ ਸਮਾਰਟ ਫੋਨ 'ਚ ਹੀ ਸਾਰੀ ਦੁਨੀਆ ਸਮਾਈ ਹੋਈ ਹੈ। ਸੰਚਾਰ ਸਾਧਨਾ ਦੀ ਬੇਮਿਸਾਲ ਖੋਜ਼ ਨੇ ਦੁਨੀਆ ਦੇ ਬਹੁਤ ਹੀ ਰਹੱਸਮਈ ਤੱਥ ਸਾਹਮਣੇ ਲਿਆਂਦੇ ਹਨ ।
ਇਨ੍ਹਾਂ ਸਾਧਨਾਂ ਨੇ ਜਿੱਥੇ ਅਮੀਰ ਲੋਕਾਂ ਦੀ ਚਕਾਚੌਂਦ ਭਰੀ ਦੁਨੀਆ ਨੂੰ ਸਾਹਮਣੇ ਲਿਆਂਦਾ ਹੈ ਉਥੇ ਡੈਨਮਾਰਕ, ਜਰਮਨੀ , ਨੀਦਰਲੈਂਡ , ਸਵਿਟਜਰਲੈਂਡ , ਯੂ.ਕੇ , ਅਮਰੀਕਾ , ਅਸਟ੍ਰੇਲੀਆ , ਬੁਲੀਵੀਆ , ਬੋਸਟਵਾਨਾ , ਬ੍ਰਾਜ਼ੀਲ , ਕੈਨੇਡਾ , ਕੋਲੰਬੀਆ , ਚਿੱਲੀ , ਇਕਵਾਡੋਰ , ਇੰਡੋਨੇਸ਼ੀਆ , ਮੈਕਸੀਕੋ , ਨਾਮੀਬੀਆ , ਨਾਈਜ਼ੀਰੀਆ , ਨੌਰਵੇ , ਪੇਰੂ , ਰੂਸ , ਫਿਲਪੀਨਜ਼ ਅਤੇ ਅਫ਼ਰੀਕਾ ਵਰਗੇ ਹੋਰ ਅਨੇਕਾਂ ਦੇਸ਼ਾਂ ਦੇ ਉਨ੍ਹਾਂ ਆਦਿਵਾਸੀ ਜਾਤੀਆਂ ਨੂੰ ਵੀ ਦੁਨੀਆ ਦੇ ਰੁ-ਬਰੂ ਕੀਤਾ ਹੈ । ਜੋ ਐਸੇ ਸੰਘਣੇ ਜੰਗਲਾਂ 'ਚ ਰਹਿੰਦੇ ਹਨ ਜਿੱਥੇ ਸੂਰਜ ਦੀਆਂ ਕਿਰਨਾਂ ਵੀ ਕਈ ਵਾਰ ਨਹੀਂ ਪਹੁੰਚਦੀਆਂ । ਜੰਗਲਾਂ 'ਚ ਰਹਿਣ ਵਾਲੇ ਪਸ਼ੂਆਂ ਵਾਂਗ ਸ਼ਿਕਾਰ ਕਰਕੇ ਭੁੱਖ ਪੂਰੀ ਕਰਨ ਵਾਲੇ ਨੰਗ ਧੜੰਗੇ ਆਦਿਵਾਸੀ ਜਦੋਂ ਸੰਸਾਰ ਸਾਹਮਣੇ ਆਏ ਤਾਂ ਸੰਸਾਰ ਦੇ ਦਰਦਮੰਦ ਲੋਕਾਂ ਨੇ ਇਹਨਾਂ ਨੂੰ ਮਨੁੱਖ ਹੋਣ ਦਾ ਅਹਿਸਾਸ ਕਰਵਾਉਣ ਅਤੇ ਸੰਸਾਰ ਦੇ ਦੂਜ਼ੇ ਮਨੁੱਖਾਂ ਨਾਲ ਮੇਲ ਮਿਲਾਪ ਕਰਵਾ ਕੇ ਜਿੰਦਗੀ ਜਿਊਣ ਦੇ ਢੰਗ ਤਰੀਕੇ ਸਿਖਾਉਣ ਲਈ ਕਈ ਐਨ.ਜੀ.ਓ ਗਰੁੱਪ ਬਣਾਏ ਹਨ ਜਿੰਨ੍ਹਾਂ ਵਿਚੋਂ ਡਬਲਿਊ.ਆਰ.ਐਮ , ਆਰ.ਆਰ.ਆਈ , ਆਈ.ਪੀ.ਐਲ.ਪੀ , ਆਈ.ਪੀ.ਏ.ਸੀ.ਸੀ , ਕੇ.ਐਲ.ਸੀ ਅਤੇ ਯੂ.ਐਨ.ਓ ਦੇ ਅਧੀਨ ਯੂ.ਐਨ.ਪੀ.ਐਫ਼ , ਆਈ.ਆਈ ਵਰਗੀਆਂ ਸੈਂਕੜੇ ਸੰਸਥਾਵਾਂ ਦੇ ਨਾਮ ਵਰਨਣਯੋਗ ਹਨ । ਇਨ੍ਹਾਂ ਸਰੀਰ ਤੋਂ ਨੰਗੇ , ਘਾਹ-ਫੂਸ ਦੀਆਂ ਝੌਂਪੜੀਆਂ 'ਚ ਰਹਿਣ ਵਾਲਿਆਂ ਨੂੰ ਅਸੀਂ ਯੂ-ਟਿਊਬ , ਹਿਸਟਰੀ ਚੈਨਲ , ਡਿਸਕਵਰੀ ਚੈਨਲ ਅਤੇ ਨੈਟ.ਜੀਓ ਵਰਗੇ ਚੈਨਲਾਂ 'ਤੇ ਆਮ ਹੀ ਵੇਖ ਸਕਦੇ ਹਾਂ । ਸੰਸਾਰ ਪੱਧਰ 'ਤੇ ਇਨ੍ਹਾਂ ਆਦਿਵਾਸੀਆਂ ਨੂੰ ਸਿੱਖਿਅਕ ਕਰਨਾ , ਸਿਹਤ ਸੰਭਾਲ , ਸੰਚਾਰ ਅਤੇ ਆਵਾਜਾਈ ਦੇ ਨਵੀਨਤਮ ਸਾਧਨਾ ਦੀ ਵਰਤੋਂ ਬਾਰੇ ਸਿਖਾਉਣ ਜਾਂ ਇਨ੍ਹਾਂ ਲਈ ਹੋਰ ਕੋਈ ਵੀ ਸੇਵਾ ਕਾਰਜ ਕਰਦਿਆਂ ਇਹ ਐਨ.ਜੀ.ਓ ਗਰੁੱਪ ਕਦੇ ਵੀ ਇਨ੍ਹਾਂ ਦੀਆਂ ਰਹੁ-ਰੀਤਾਂ ਜਾਂ ਮੂਲ ਸਿਧਾਤਾਂ ਨਾਲ ਕੋਈ ਵੀ ਖਿਲਵਾੜ ਨਹੀਂ ਕਰਦੇ ਸਗੋਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਕਿ ਸੇਵਾ ਕਾਰਜ਼ ਕਰਦਿਆਂ ਆਦਿਵਾਸੀਆਂ ਨੂੰ ਕੋਈ ਵੀ ਮਾਨਸਿਕ ਪ੍ਰੇਸ਼ਾਨੀ ਪੇਸ਼ ਨਾ ਆਵੇ ਅਤੇ ਉਹ ਆਪਣੇ ਆਪ ਨੂੰ ਐਨ.ਜੀ.ਓ ਗਰੁੱਪ ਮੈਂਬਰਾਂ ਨਾਲੋਂ ਵੱਖਰਾ ਮਹਿਸੂਸ ਨਾ ਕਰਨ ।
ਜਿਥੇ ਕਿਤੇ ਵੀ ਇਨ੍ਹਾਂ ਆਦਿਵਾਸੀਆਂ ਜਾਂ ਦੱਬੇ ਕੁਚਲੇ ਗਰੀਬ ਲੋਕਾਂ ਦੀ ਆਸਥਾ ਨੂੰ ਕਿਸੇ ਅਮੀਰ ਦੇਸ਼ ਜਾਂ ਧਰਮ ਦੀ ਆੜ 'ਚ ਧਰਮ ਪਰਿਵਰਤਨ ਕਰਵਾਉਣ ਵਾਲੇ ਐਨ.ਜੀ.ਓ ਗਰੁੱਪਾਂ ਨੇ ਮਾੜੀ ਜਿਹੀ ਵੀ ਚੋਟ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਸ ਦੇ ਬਹੁਤ ਹੀ ਭਿਆਨਕ ਸਿੱਟੇ ਸਾਹਮਣੇ ਆਏ ਹਨ। ਭੁੱਖ ਨਾਲ ਮਰ ਰਹੇ ਦੇਸ਼ ਸੋਮਾਲੀਆ ਦਾ ਜੰਗ ਦਾ ਅਖ਼ਾੜਾ ਬਣਨ ਦੀ ਉਦਾਹਰਣ ਸਮੁੱਚੇ ਵਿਸ਼ਵ ਦੇ ਸਾਹਮਣੇ ਹੈ ਪਰ ਬਹੁਤ ਸਾਰੇ ਐਨ.ਜੀ.ਓ ਗਰੁੱਪਾਂ ਦੇ ਸੇਵਾ ਕਾਰਜ ਅਤਿ ਸਲਾਹੁਣਯੋਗ ਹਨ ਇਨ੍ਹਾਂ ਨੇ ਹੀ ਜੰਗਲੀ ਜੀਵਣ ਬਤੀਤ ਕਰਨ ਵਾਲੇ ਆਦਿਵਾਸੀਆਂ ਨੂੰ ਸੰਸਾਰ ਦੇ ਲੋਕਾਂ ਕੋਲ ਸੁੱਖ ਸਹੂਲਤਾਂ ਦੇ ਸਾਧਨ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਸਾਧਨਾ ਦੀ ਵਰਤੋਂ ਬਾਰੇ ਸਿਖਾਇਆ ਵੀ ਹੈ ਇਹੋ ਕਾਰਨ ਹੈ ਕਿ ਦੁਨੀਆ 'ਚ ਸਭ ਤੋਂ ਨੀਂਵਾ ਜੀਵਣ ਬਤੀਤ ਕਰਨ ਵਾਲੇ ਅਫ਼ਰੀਕਨ ਆਦਿਵਾਸੀ ਹੁਣ ਸੰਸਾਰ ਦੇ ਹਾਸ਼ੀਏ 'ਤੇ ਉਭਰ ਕੇ ਨਵੀਆਂ ਪੁਲਾਂਘਾ ਪੁੱਟ ਰਹੇ ਹਨ।
ਭਾਰਤੀ ਮੂਲ ਨਿਵਾਸੀ ਐਨ.ਜੀ.ਓ :-
ਭਾਰਤ ਇਕ ਅਜਿਹਾ ਦੇਸ਼ ਹੈ ਜਿੱਥੇ ਅਜ਼ਾਦੀ ਤੋਂ ਜਲਦ ਬਾਅਦ ਹੀ ਆਦਿਵਾਸੀਆਂ , ਘੱਟ ਗਿਣਤੀ ਅਤੇ ਦਲਿਤ ਕੌਮਾਂ ਨੂੰ ਹਾਸ਼ੀਏ ਤੋਂ ਹੋਰ ਪਿਛਾਂਹ ਧੱਕਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ । ਇਨ੍ਹਾਂ ਲਈ ਬਣਾਈਆਂ ਬਹੁਤ ਸਾਰੀਆਂ ਭਲਾਈ ਸਕੀਮਾਂ ਕੇਵਲ ਦਫ਼ਤਰੀ ਕਾਗਜ਼ਾਂ ਤੱਕ ਹੀ ਸੀਮਤ ਹਨ ਅਤੇ ਇਹੋ ਕਾਰਨ ਹੈ ਕਿ ਸਰਕਾਰੀ ਰਿਕਾਰਡ ਜੋ ਨਤੀਜ਼ੇ ਦੱਸਦੇ ਹਨ ਉਹ ਨਤੀਜੇ ਸਮਾਜਿਕ ਪੱਧਰ 'ਤੇ ਨਜ਼ਰ ਨਹੀਂ ਆਉਂਦੇ । ਸਰਕਾਰੀ ਵਿਭਾਗਾਂ ਦੇ ਅੰਕੜੇ ਹੀ ਦੱਸਦੇ ਹਨ ਕਿ ਸਰਕਾਰੀ ਨੌਂਕਰੀਆਂ ਵਿੱਚ ਅੱਜ ਵੀ ਉਚੇ ਅਹੁਦਿਆਂ ਅਤੇ ਰਾਜਨੀਤੀ ਵਿੱਚ ਉਚ ਜਾਤੀ ਲੋਕ ਹੀ ਕਾਬਜ਼ ਹਨ। ਕਿਸੇ ਸਰਕਾਰੀ ਅਹੁਦੇ ਤੋਂ ਨੀਵੀਂ ਜਾਤੀ ਦੇ ਕਰਮਚਾਰੀ ਦੀ ਬਦਲੀ 'ਤੇ ਉਥੇ ਬਦਲ ਕੇ ਆਏ ਊਚ ਜਾਤੀ ਅਫ਼ਸਰਾਂ ਵਲੋਂ ਦਫ਼ਤਰ ਗੰਗਾ ਜਲ ਨਾਲ ਧਵਾ ਕੇ ਅਤੇ ਨਾਲ ਹੀ ਹਵਣ ਕਰਵਾ ਕੇ ਸੁੱਚਾ ਕਰਨ ਦੀਆਂ ਸੁਰਖੀਆਂ ਅਖ਼ਬਾਰਾਂ ਅਤੇ ਸ਼ੋਸ਼ਲ ਮੀਡੀਆ 'ਚ ਚਰਚਾ ਬਣਦੀਆਂ ਹੀ ਰਹਿੰਦੀਆਂ ਹਨ। ਦਲਿਤਾਂ ਅਤੇ ਆਦਿਵਾਸੀਆਂ ਨਾਲ ਇਹੋ ਜਿਹੇ ਕਈ ਹੋਰ ਵਿਤਕਰਿਆਂ ਵਿਰੁੱਧ ਅਤੇ ਇਨ੍ਹਾਂ ਦੀ ਭਲਾਈ ਲਈ ਭਾਰਤ 'ਚ ਵੀ ਕਈ ਸੰਸਥਾਵਾਂ ਅਤੇ ਐਨ.ਜੀ.ਓ ਗਰੁੱਪ ਕੰਮ ਕਰ ਰਹੇ ਹਨ। ਇਹਨਾਂ ਵਿਚੋਂ ਹੀ ਇੱਕ ਐਨ.ਜੀ.ਓ '' ਮੂਲ ਨਿਵਾਸੀ ਸੰਘ '' ਦਾ ਵਿਸ਼ੇਸ਼ ਯੋਗਦਾਨ ਹੈ ਜੋ ਮਹਾਰਾਸ਼ਟਰ , ਮੱਧ ਪ੍ਰਦੇਸ਼ , ਕਰਨਾਟਕਾ , ਗੁਜ਼ਰਾਤ , ਯੂ.ਪੀ , ਬਿਹਾਰ , ਰਾਜਸਥਾਨ , ਉਤਰਾਖੰਡ , ਹਰਿਆਣਾ ਆਦਿ ਹੋਰ ਰਾਜ਼ਾ 'ਚ ਦਲਿਤਾਂ ਅਤੇ ਆਦਿਵਾਸੀਆਂ ਲਈ ਊਚ ਕੋਟੀ ਦੇ ਕੰਮ ਕਰ ਰਿਹਾ ਹੈ। ਦਲਿਤਾਂ ਲਈ ਕੀਤੇ ਜਾ ਰਹੇ ਭਲਾਈ ਕਾਰਜ਼ਾਂ ਲਈ ਸੇਵਾਮੁਕਤ ਜਸਟਿਸ ਕੁਲਸੇ ਪਾਟਿਲ ਅਤੇ ਜਸਟਿਸ ਬੀ.ਆਰ ਸਾਵੰਤ ਦੇ ਨਾਮ ਅਤੇ ਕਾਰਜਸ਼ੈਲੀ ਵਿਸ਼ੇਸ਼ ਵਰਨਣਯੋਗ ਹੈ। ਇਹਨਾਂ ਦੀ ਐਨ.ਜੀ.ਓ ਵਲੋਂ ਸਭ ਤੋਂ ਪਹਿਲਾਂ ਦਲਿਤਾਂ ਦੇ ਜਨਮ ਪ੍ਰਮਾਣ ਪੱਤਰ , ਮੂਲ ਨਿਵਾਸੀ ਪ੍ਰਮਾਣ ਪੱਤਰ ਅਤੇ ਰਾਖਵਾਂ ਸ਼੍ਰੇਣੀ ਜਾਤੀ ਪ੍ਰਮਾਣ ਪੱਤਰ ਬਨਾਉਣ ਦੀ ਸ਼ੁਰੂਆਤ ਕੀਤੀ ਗਈ । ਬਾਅਦ 'ਚ ਵੋਟਰ ਕਾਰਡ , ਰਾਸ਼ਣ ਕਾਰਡ , ਬੀ.ਪੀ.ਐਲ ਕਾਰਡ ਅਤੇ ਆਧਾਰ ਕਾਰਡ ਬਨਾਉਣ ਦੀ ਸ਼ੁਰੂਆਤ ਕੀਤੀ ਗਈ ।
ਹਰੇਕ ਦਲਿਤ ਦਾ ਜਨਮ, ਵਿਆਹ ਅਤੇ ਮੌਤ ਪੰਜੀਕਰਣ ਲਾਜ਼ਮੀ ਕਰਨ ਤੋਂ ਬਾਅਦ ਇਨ੍ਹਾਂ ਵਲੋਂ ਦਲਿਤਾਂ ਲਈ ਵਿਦਿਆ , ਸਿਹਤ ਸਹੂਲਤਾਂ ਅਤੇ ਸਰਕਾਰੀ ਸਹੂਲਤਾਂ ਦੀ ਪ੍ਰਾਪਤੀ ਲਈ ਲਹਿਰ ਚਲਾਈ ਗਈ ਇਨ੍ਹਾਂ ਭਲਾਈ ਕਾਰਜ਼ਾਂ ਦੇ ਆਧਾਰ 'ਤੇ ਅੱਜ ਦਲਿਤ ਸਰਕਾਰੀ ਨੌਂਕਰੀਆਂ , ਸਰਕਾਰੀ ਸਹੂਲਤਾਂ ਅਤੇ ਰਾਜਨੀਤੀ 'ਚ ਵੱਧ ਤੋਂ ਵੱਧ ਪ੍ਰਾਪਤੀਆਂ ਕਰ ਰਹੇ ਹਨ ਵੱਡੇ ਪੱਧਰ 'ਤੇ ਸੈਮੀਨਾਰ , ਕਾਨਫਰੰਸਾਂ ਆਦਿ ਕਰਵਾ ਕੇ ਦਲਿਤਾਂ ਨੂੰ ਚੇਤੰਨ ਤੇ ਲਾਮਬੰਦ ਕੀਤਾ ਜਾ ਰਿਹਾ ਹੈ। ਅੱਜ ਇਸ ਐਨ.ਜੀ.ਓ '' ਮੂਲ ਨਿਵਾਸੀ ਸੰਘ '' ਕੋਲ ਦਲਿਤਾਂ ਦਾ ਹਰੇਕ ਤਰ੍ਹਾਂ ਦਾ ਰਿਕਾਰਡ ਮੌਜ਼ੂਦ ਹੈ। ਬੇਮਿਸਾਲ ਸਲਾਹੁਣਯੋਗ ਭਲਾਈ ਕਾਰਜ਼ ਕਰਦੇ ਹੋਏ ਵੀ ਇਸ ਐਨ.ਜੀ.ਓ ਦੇ ਕੋਈ ਵੀ ਮੈਂਬਰ ਸਿੱਖ ਲੀਡਰਸ਼ਿਪ ਵਾਂਗ '' ਸੰਘ ਪਰਿਵਾਰ '' ਦੇ ਦਬਾਅ ਹੇਠ ਨਹੀਂ ਹੈ ਕਿਉਂਕਿ ਇਨ੍ਹਾਂ ਵਿਚੋਂ ਬਹੁਤੇ ਸਿੱਖ ਲੀਡਰਸ਼ਿਪ ਵਾਂਗ ਨਿੱਜ ਪ੍ਰਸਤ ਜਾਂ ਲਾਲਚੀ ਨਹੀਂ ਹਨ ਇਹੋ ਕਾਰਨ ਹੈ ਕਿ ਦਲਿਤਾਂ ਨਾਲ '' ਸੰਘ ਪਰਿਵਾਰ '' ਜਾਂ ਇਸਦੀ ਹਮਾਇਤੀ ਕਿਸੇ ਵੀ ਜਥੇਬੰਦੀ ਵਲੋਂ ਜ਼ੁਲਮ ਜਾਂ ਧੱਕਾ ਹੋਣ ਦੀ ਹਾਲਤ ਵਿੱਚ ਇਹ ਸੂਮੋਹਿਕ ਜ਼ਬਰਦਸਤ ਵਿਰੋਧ ਪ੍ਰਗਟ ਕਰਦੇ ਹਨ।
ਸਿਕਲੀਗਰ ਅਤੇ ਸਿੱਖ ਐਨ.ਜੀ.ਓ :-
ਪਿਛਲੇ ਸਮੇਂ ਭਾਰਤ 'ਚ ਹੋਈ ਜਨਗਨਣਾ ਅਨੁਸਾਰ ਭਾਰਤ ਦੀ ਕੁੱਲ ਆਬਾਦੀ 127 ਕਰੋੜ ਦੱਸੀ ਗਈ ਸੀ ਜੋ ਹੁਣ ਕਾਫ਼ੀ ਵੱਧ ਚੁੱਕੀ ਹੈ ਪਰ ਸਿਕਲੀਗਰ ਜੋ (ਰਵਿਦਾਸੀਏ , ਕਬੀਰ-ਪੰਥੀਏ , ਸਤਨਾਮੀਏ , ਵਣਜਾਰੇ) ਦੇ ਰੂਪ 'ਚ ਭਾਰਤ ਵਿੱਚ ਰਹਿੰਦੇ ਹਨ ਇਹਨਾਂ ਦੀ ਭਾਰਤ ਦੇ ਬਹੁਤੇ ਰਾਜਾਂ ਵਿੱਚ ਸ਼ਹਿਰ ਪੱਧਰ , ਜਿਲ੍ਹਾ ਪੱਧਰ ਅਤੇ ਰਾਜ ਪੱਧਰ 'ਤੇ ਕਿੰਨੀ ਆਬਾਦੀ ਹੈ , ਕਿੰਨ੍ਹੇ ਪੜ੍ਹੇ ਲਿਖੇ ਹਨ , ਕਿੰਨ੍ਹੇ ਸਰਕਾਰੀ ਨੌਂਕਰੀਆਂ ਕਰਦੇ ਹਨ , ਕਿੰਨ੍ਹੇ ਰਾਜਨੀਤੀ 'ਚ ਭਾਈਵਾਲ ਹਨ , ਕਿੰਨ੍ਹੇ ਉਦਯੋਗਪਤੀ ਹਨ ਸਬੰਧੀ ਕੋਈ ਵੀ ਸਰਕਾਰੀ ਰਿਕਾਰਡ ਮੌਜ਼ੂਦ ਨਹੀਂ ਹੈ । ਇਹਨ੍ਹਾਂ ਕੋਲ ਕਹਿੜੀਆਂ ਸਿਹਤ ਸਹੂਲਤਾਂ ਅਤੇ ਜਨਮ-ਮੌਤ ਦਰ ਕੀ ਹੈ ਸਬੰਧੀ ਕੋਈ ਵੀ ਸਰਕਾਰੀ ਰਿਕਾਰਡ ਨਹੀਂ ਹੈ। ਪਿਛਲੇ ਕੁੱਝ ਸਾਲਾਂ ਤੋਂ ਇੱਕਾ ਦੁੱਕਾ ਸਿੱਖ ਸੰਸਥਾਵਾਂ , ਸਿਕਲੀਗਰਾਂ 'ਚ ਭਲਾਈ ਕਾਰਜ਼ ਕਰ ਰਹੀਆਂ ਹਨ , ਉਨ੍ਹਾਂ ਕੋਲ ਵੀ ਇਸ ਸਬੰਧੀ ਅਜਿਹਾ ਕੋਈ ਰਿਕਾਰਡ ਨਹੀਂ ਹੈ । ਭਾਰਤ ਦੇ ਅਨੇਕਾਂ ਰਾਜਾਂ ਅਤੇ ਉਨ੍ਹਾਂ ਦੇ ਜਿਲ੍ਹਿਆਂ ਵਿੱਚ ਸਿੱਖ ਸਿਕਲੀਗਰ ਕਰੋੜਾਂ ਦੀ ਗਿਣਤੀ 'ਚ ਰਹਿ ਰਹੇ ਹਨ ਅਤੇ ਵੱਖ ਵੱਖ ਰਾਜਾਂ ਤੇ ਇਨ੍ਹਾਂ ਇਲਾਕਿਆਂ ਵਿੱਚ ਰਹਿਣ ਵਾਲੇ ਸਿਕਲੀਗਰਾਂ ਦੀਆਂ ਸਮੱਸਿਆਵਾਂ ਵੀ ਵੱਖੋ ਵੱਖਰੀਆਂ ਹਨ ਇਸ ਲਈ ਹਰੇਕ ਇਲਾਕੇ ਅੰਦਰ ਭਲਾਈ ਕਾਰਜ਼ ਵੀ ਵੱਖੋ ਵੱਖਰੇ ਹੀ ਕੀਤੇ ਜਾਣੇ ਬਣਦੇ ਹਨ ਪਰ ਸਿੱਖ ਸੰਸਥਾਵਾਂ ਕੋਲ ਅਜਿਹੀ ਕੋਈ ਵੀ ਠੋਸ ਨੀਤੀ ਨਹੀਂ ਹੈ । ਸਿੱਖ ਸੰਸਥਾਵਾਂ ਸਿਕਲੀਗਰ ਬੱਚਿਆਂ ਨੂੰ ਥੌੜ੍ਹੀ ਜਿਹੀ ਸੰਸਾਰਿਕ ਵਿਦਿਆ ਅਤੇ ਗੁਰਬਾਣੀ ਸੰਥਿਆ ਦੇ ਪ੍ਰੋਗਰਾਮ ਹੀ ਚਲਾ ਰਹੀਆਂ ਹਨ । ਸਦੀਆਂ ਤੋਂ ਉਚ ਜਾਤੀ ਦੇ ਦੁਰਕਾਰੇ ਜੰਗਲਾਂ 'ਚ ਰਹਿਣ ਵਾਲੇ ਆਦਿਵਾਸੀ , ਜੰਗਲੀ ਕਬੀਲੇ ਕਿਵੇਂ ਝੱਟਪਟ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਮਹਾਨ ਕਾਰਜ਼ ਕਰ ਗਏ ਇਸ ਸਬੰਧੀ ਇਤਿਹਾਸ ਤੋਂ ਵੀ ਸੇਧ ਲੈਣੀ ਪਵੇਗੀ ।
ਸਿੱਖ ਇਤਿਹਾਸ ਅਨੁਸਾਰ ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਜਗਤ ਉਧਾਰ ਫੇਰੀ ਸਮੇਂ ਇਨ੍ਹਾਂ ਦੀ ਜਾਤੀ ਵਿਚੋਂ ਅਯੋਕੇ ਮੱਧ ਪ੍ਰਦੇਸ਼ ਦੇ ਰਾਜ ਝਬੂਆ ਦੇ ਰਹਿਣ ਵਾਲੇ ਕੌਡੇ ਭੀਲ ਅਤੇ ਉਸਦੀ ਜਾਤੀ ਜੋ ਜਾਨਵਰਾਂ ਦੇ ਨਾਲ ਨਾਲ ਹੋਰ ਵੀ ਗੈਰ ਜਾਤੀ ਮਨੁੱਖਾਂ ਦਾ ਸ਼ਿਕਾਰ ਕਰਕੇ ਖਾ ਜਾਂਦੀ ਸੀ ਨੂੰ ਗੁਰਬਾਣੀ ਦੇ ਉਪਦੇਸ਼ ਰਾਂਹੀ ਇੱਕ ਮਹੀਨੇ ਤੋਂ ਵੱਧ ਸਮਾਂ ਇਹਨਾਂ ਕੋਲ ਰਹਿ ਕੇ ਇਨ੍ਹਾਂ ਨੂੰ ਜੀਵਣ ਜਾਚ ਸਿਖਾਈ ਤੇ ਇਹਨ੍ਹਾਂ ਦਾ ਜੀਵਣ ਪੱਧਰ ਐਸਾ ਉਚਾ ਚੁੱਕ ਦਿੱਤਾ ਕਿ ਇਹੋ ਕੌਡਾ ਭੀਲ ਅਤੇ ਉਸਦੀ ਜਾਤੀ ਹੁਣ ਆਪਣੇ ਇਲਾਕੇ ਵਿਚੋਂ ਲੰਘਣ ਵਾਲੇ ਰਾਹਗੀਰਾਂ ਲਈ ਲੰਗਰ , ਫਲ ਅਤੇ ਹੋਰ ਵਸਤਾਂ ਨਾਲ ਸੇਵਾ ਕਰਨ ਲੱਗ ਪਈ । ਇਤਿਹਾਸਕ ਪ੍ਰਮਾਣ ਦੱਸਦੇ ਹਨ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਜਿਹੇ ਹੋਰ ਵੀ ਕਬੀਲਿਆਂ ਨੂੰ ਉਚਾ-ਸੁੱਚਾ ਮਨੁੱਖੀ ਜੀਵਣ ਬਖਸ਼ਿਆ ਜੋ ਗੁਰੂ ਕਾਲ ਤੋਂ ਲੈਕੇ ਅੱਜ ਤੱਕ ਸਿੱਖੀ ਨਾਲ ਜੁੜੇ ਹੋਏ ਹਨ ਬਾਕੀ ਗੁਰੂ ਪਾਤਸ਼ਾਹ ਜੀ ਨੇ ਵੀ ਅਜਿਹੇ ਆਦਿਵਾਸੀਆਂ , ਦਲਿਤ , ਸਿਕਲੀਗਰ ਭਾਈਚਾਰਿਆਂ ਦੇ ਪਸੰਦੀਦਾ ਰਾਗ ਗੌਂਡ , ਸੋਰਠ , ਗੁਜਰੀ , ਨੱਟ ਨਾਰਾਇਣ , ਟੋਡੀ ਅਤੇ ਇਨ੍ਹਾਂ ਦੀ ਧੁਨੀਆਂ ਅਨੁਸਾਰ ਗੁਰਬਾਣੀ ਰਚ ਕੇ ਇਹਨ੍ਹਾਂ ਦੀ ਰਾਗ ਕਲਾ ਨੂੰ ਸਦਾ ਲਈ ਅਮਰ ਕਰ ਦਿੱਤਾ । ਸਿੱਖ ਗੁਰੂਆਂ ਨੇ ਹੀ ਇਹਨ੍ਹਾਂ ਭਾਈਚਾਰਿਆਂ ਦੀ ਵਾਰ ਪ੍ਰੰਪਰਾ , ਸਾਹਿਤ , ਸੰਗੀਤ ਅਤੇ ਹੋਰ ਲੋਕ ਕਲਾਵਾਂ ਜਿੰਨ੍ਹਾਂ ਦਾ ਗਲਾ ਬ੍ਰਾਹਮਣਵਾਦ ਨੇ ਘੁੱਟ ਦਿੱਤਾ ਸੀ ਨੂੰ ਫਿਰ ਗੁਰਬਾਣੀ ਅਨੁਸਾਰ ਦਰਜ਼ ਕਰਕੇ ਹਮੇਸ਼ਾ ਲਈ ਜੀਵਤ ਕਰ ਦਿੱਤਾ ਇਸ ਲਈ ਫੌਰੀ ਤੌਰ 'ਤੇ ਕਰਨ ਵਾਲੇ ਕੰਮਾਂ ਦੇ ਨਾਲ ਸਿੱਖ ਜਥੈਬੰਦੀਆਂ ਦੀਰਘ ਕਾਲ ਪ੍ਰੋਗਰਾਮ ਵੀ ਗੁਰਬਾਣੀ ਇਤਿਹਾਸ ਦੀ ਰੌਸ਼ਣੀ 'ਚ ਹੀ ਉਲੀਕਣ।
ਅੱਜ ਮੌਦੀ ਸਰਕਾਰ ਕਦੇ ਪਲਾਸਟਿਕ ਮਨੀ , ਕਦੇ ਕੈਸ਼ਲੇਸ ਮਨੀ ਜਿਹੇ ਲੋਕ ਲੁਭਾਊ ਨਾਅਰਿਆਂ ਨਾਲ ਦੇਸ਼ ਸੇਵਾ ਦਾ ਢੁਕਵੰਜ ਕਰ ਰਹੀ ਹੈ ਪਰ ਦੁਨੀਆ ਭਰ ਦੇ ਥਿੰਕ ਟੈਂਕ ਡਾਟਾਬੇਸ ਸੰਸਥਾਵਾਂ ਨੇ ਖੁਲਾਸਾ ਕੀਤਾ ਹੈ ਕਿ 70 ਪ੍ਰਤੀਸ਼ਤ ਤੋਂ ਵਧੇਰੇ ਪੇਂਡੂ ਭਾਰਤੀਆਂ ਦੇ ਬੈਂਕ ਖ਼ਾਤੇ ਹੀ ਨਹੀਂ ਹਨ। ਹਾਲਾਂਕਿ ਸਰਕਾਰ ਨੇ 15 ਲੱਖ ਹਰੇਕ ਦੇ ਖ਼ਾਤੇ 'ਚ ਦੇਣ ਦਾ ਝੂਠ ਬੋਲ ਕੇ ਜਨ-ਧਨ ਯੋਜਨਾ ਰਾਂਹੀ ਕਰੋੜਾਂ ਬੈਂਕ ਖ਼ਾਤੇ ਖੋਲੇ ਹਨ ਫਿਰ ਵੀ 98 ਪ੍ਰਤੀਸ਼ਤ ਸਿਕਲੀਗਰਾਂ ਦੇ ਬੈਂਕ ਖ਼ਾਤੇ ਨਹੀਂ ਹਨ ਤੇ ਇਹਨ੍ਹਾਂ ਨੇ ਕਦੇ ਬੈਂਕ ਦਾ ਮੂੰਂਹ ਤੱਕ ਨਹੀਂ ਦੇਖਿਆ ਕਿਉਂਕਿ ਬੈਂਕ ਖ਼ਾਤੇ ਖੋਲਣ ਅਤੇ ਚਾਲੂ ਰੱਖਣ ਲਈ ਸਿਕਲੀਗਰਾਂ ਕੋਲ ਲੋੜੀਂਦੇ ਦਸਤਾਵੇਜ਼ ਤੇ ਜਾਨਕਾਰੀ ਹੀ ਨਹੀਂ ਹੈ । ਭਾਰਤ ਦੀ ਭਾਜਪਾ ਸਰਕਾਰ ਵਲੋਂ ਕਾਲਾ ਧੰਨ ਖ਼ਤਮ ਕਰਕੇ ਤੇ ਅੱਤਵਾਦ ਦਾ ਲੱਕ ਤੋੜਣ ਦੇ ਨਾਂਅ 'ਤੇ ਕਰੰਸੀ ਨੋਟ ਬਦਲ ਕੇ ਸਮੁੱਚੇ ਭਾਰਤੀਆਂ ਦਾ ਪੈਸਾ ਬੈਂਕਾਂ ਵਿੱਚ ਜਮ੍ਹਾਂ ਕਰਵਾ ਲਿਆ ਹੈ ਪਰ ਇਸ ਪੈਸੇ ਵਿਚੋਂ ਵੀ ਬਹੁਤਾ ਅੰਬਾਨੀ , ਅਡਾਨੀ ਵਰਗੇ ਵੱਡੇ ਉਦਯੋਗਤੀਆਂ ਨੂੰ ਕਰਜ਼ ਦੇ ਰੂਪ 'ਚ ਦੇ ਦਿੱਤਾ ਹੈ ਜਾਂ ਹਜ਼ਾਰਾਂ ਕਰੋੜ ਦਾ ਕਰਜ਼ ਮੁਆਫ਼ ਕਰ ਦਿੱਤਾ ਹੈ ਪਰ ਜਨ ਧਨ ਯੋਜਨਾ , ਅਕਸ਼ੈ ਭਾਰਤ ਯੋਜਨਾ ਜਾਂ ਕਿਸੇ ਵੀ ਹੋਰ ਸਰਕਾਰੀ ਯੋਜਨਾ ਰਾਂਹੀ ਅਤਿ ਗਰੀਬੀ ਦੀ ਹਾਲਤ 'ਚ ਰਹਿ ਰਹੇ ਸਿਕਲੀਗਰਾਂ ਦੀ ਕੋਈ ਆਰਥਿਕ ਮਦਦ ਨਹੀਂ ਕੀਤੀ ਜਦਕਿ ਹੁਣ ਜਦੋਂ ਸਿਕਲੀਗਰ ਵੀਰਾਂ 'ਤੇ ਭਾਜਪਾ ਦੀ ਮੱਧ ਪ੍ਰਦੇਸ਼ ਸਰਕਾਰ ਵਲੋਂ ਜ਼ੁਲਮ ਦਾ ਮੁੱਦਾ ਭਖਿਆ ਹੈ ਤਾਂ ਸਿਕਲੀਗਰਾਂ ਦੀ ਭਲਾਈ ਲਈ ਬਹੁਤ ਸਾਰੇ ਸਿੱਖ ਐਨ.ਜੀ.ਓ ਗਰੁੱਪ ਸੇਵਾ ਕਾਰਜ਼ ਲਈ ਤੱਤਪਰ ਹੋ ਗਏ ਹਨ । ਇਸ ਲਈ ਸਿਕਲੀਗਰ ਭਾਈਚਾਰੇ ਲਈ ਭਲਾਈ ਕਾਰਜ਼ ਸ਼ੁਰੂ ਕਰਨ ਤੋਂ ਪਹਿਲਾਂ ਸਿੱਖ ਸੰਸਥਾਵਾਂ ਇਹਨ੍ਹਾਂ ਲਈ ਫੌਰੀ ਕਰਨ ਵਾਲੇ ਕੰਮ ਜੇਲ੍ਹਾਂ 'ਚ ਬੰਦ ਸਿਕਲੀਗਰਾਂ ਲਈ ਵਕੀਲ ਅਤੇ ਪਿੱਛੇ ਘਰ ਰਹਿ ਰਹੇ ਅੌਰਤਾਂ ਬੱਚਿਆਂ ਲਈ ਭੋਜਣ ਕੱਪੜੇ ਪੈਸੇ ਦਾ ਪ੍ਰਬੰਧ ਕਰਨ । ਪਹਿਲਾਂ ਹੋ ਚੁੱਕੇ ਕੰਮਾਂ ਦੀ ਰਿਪੋਰਟ ਤਿਆਰ ਕਰਨ ਬਾਕੀ ਰਹਿੰਦੇ ਕੰਮਾਂ 'ਚ ਰਾਖਵਾਂਕਰਣ , ਸਿਹਤ ਸਹੂਲਤਾਂ , ਵਿਦਿਆ , ਜਨਮ-ਮੌਤ , ਵਿਆਹ ਪ੍ਰਮਾਣ ਪੱਤਰ , ਬੀ.ਪੀ.ਐਲ ਕਾਰਡ , ਰਾਸ਼ਨ ਕਾਰਡ , ਵੋਟਾਂ ਅਤੇ ਆਧਾਰ ਕਾਰਡ ਬਨਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇ ।
ਵਿਦੇਸ਼ਾਂ ਤੋਂ ਫੰਡ ਪ੍ਰਾਪਤ ਕਰਨ ਜਾਂ ਫੌਕੀ ਸ਼ੋਹਰਤ ਲਈ ਕੇਵਲ ਬਿਆਨਬਾਜ਼ੀ ਹੀ ਨਾ ਕੀਤੀ ਜਾਵੇ ਕਿਉਂਕਿ ਕੜ੍ਹੀ ਦੇ ਉਬਾਲ ਵਾਂਗ ਉਠਣਾ ਅਤੇ ਫਿਰ ਕਿਸੇ ਹੋਰ ਮਸਲੇ 'ਚ ਉਲਝ ਜਾਣਾ ਇਹ ਵੀ ਸਾਡੀਆਂ ਸਿੱਖ ਜਥੈਬੰਦੀਆਂ ਦੀ ਪੁਰਾਣੀ ਆਦਤ ਹੈ ਇਸ ਲਈ ਹਰੇਕ ਸੰਸਥਾਂ ਇਹਨ੍ਹਾਂ ਲਈ ਭਲਾਈ ਕਾਰਜ਼ ਗੁਰੂ ਪੰਥ ਦੀ ਸੇਵਾ ਸਮਝ ਕੇ ਹੀ ਕਰੇ । ਸਿਕਲੀਗਰਾਂ ਦੀ ਹਰੇਕ ਸਮੱਸਿਆ ਹਰੇਕ ਢੰਗ ਨਾਲ ਵਿਸ਼ਵ ਪੱਧਰ 'ਤੇ ਉਠਾਈ ਜਾਵੇ , ਆਪਣੇ ਕੋਲੋਂ ਜਾਂ ਸਿੱਖ ਸੰਗਤਾਂ ਤੋਂ ਦਸਵੰਤ ਬੇਹੱਦ ਜਰੂਰਤ ਸਮੇਂ ਹੀ ਲੈ ਕੇ ਵਰਤਿਆ ਜਾਵੇ ਬਾਕੀ ਸਥਾਂਨਕ ਰਾਜ ਸਰਕਾਰਾਂ ਜਾਂ ਭਾਰਤ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾ ਸਕੇ । ਸਿਕਲੀਗਰ ਸਿੱਖਾਂ 'ਚ ਭਲਾਈ ਕਾਰਜ਼ ਕਰਦਿਆਂ ਸਿੱਖ ਸੰਸਥਾਵਾਂ ਵਿੱਚ ਵਲੰਟੀਅਰ ਬੀਬੀਆਂ ਦੀਆਂ ਸੇਵਾਵਾਂ ਵੀ ਲਈਆਂ ਜਾਣ ਕਿਉਂਕਿ ਸਿਕਲੀਗਰ ਆਮ ਲੋਕਾਂ ਕੋਲੋਂ ਦੂਰ ਰਹਿਣ ਕਰਕੇ ਸੁਭਾਅ ਮੁਤਾਬਿਕ ਗੈਰ ਮਰਦਾਂ ਨੂੰ ਆਪਣੇ ਘਰ 'ਚ ਦਾਖਲ ਨਹੀਂ ਹੋਣ ਦਿੰਦੇ ਅਜਿਹੇ ਵਿੱਚ ਸਿਕਲੀਗਰ ਅੌਰਤਾਂ ਦੀਆਂ ਸਮੱਸਿਆਵਾਂ ਸਿੱਖ ਬੀਬੀਆਂ ਹੀ ਸਮਝ ਸਕਦੀਆਂ ਹਨ। ਸਿਕਲੀਗਰ ਅੌਰਤਾਂ ਵਿੱਚ ਹੋਰ ਸਮੱਸਿਆਵਾਂ ਦੇ ਨਾਲ ਇੱਕ ਸਮੱਸਿਆ ਮਾਸਿਕ ਧਰਮ ਸਮੇਂ ਗੰਦੇ ਫਟੇ ਪੁਰਾਣੇ ਖ਼ਤਰਨਾਕ ਕਿਟਾਣੂਆਂ ਵਾਲੇ ਕੱਪੜਿਆਂ ਦੀ ਵਰਤੋਂ ਵੀ ਹੈ ਜਿਸ ਕਾਰਨ ਸਿਕਲੀਗਰ ਅੌਰਤਾਂ ਯੌਨ ਰੋਗਾਂ ਦੀਆਂ ਸ਼ਿਕਾਰ ਵੀ ਹਨ ਜਿਸ ਕਾਰਨ ਇਹਨ੍ਹਾਂ ਦੇ ਜਨਮ ਲੈਣ ਵਾਲੇ ਬੱਚੇ ਵੀ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ ਤੇ ਇਹ ਜਨਮ ਤੋਂ ਹੀ ਅਪਾਹਜ਼ ਅਤੇ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਸਿੱਖ ਸੇਵਾਦਾਰ ਬੀਬੀਆਂ ਹੀ ਸਿਕਲੀਗਰ ਅੌਰਤਾਂ ਨੂੰ ਸਿੱਖ ਰਹੁ-ਰੀਤਾਂ ਦਾ ਗਿਆਨ ਦੇ ਸਕਦੀਆਂ ਹਨ ਕਿਉਂਕਿ ਸਿਕਲੀਗਰ ਅੌਰਤਾਂ ਲੰਬਾ ਸਮਾਂ ਸਿੱਖ ਕੌਮ ਤੋਂ ਦੂਰ ਤੇ ਹਿੰਦੂ ਬਹੁ-ਗਿਣਤੀ ਦੇ ਪ੍ਰਭਾਵ ਹੇਠ ਰਹਿਣ ਕਰਕੇ ਬ੍ਰਾਹਮਣੀ ਕਰਮ ਕਾਂਡ , ਕਈ ਤਰ੍ਹਾਂ ਦੇ ਵਰਤ , ਧਾਗੇ ਤਵੀਤ , ਵਹਿਮ ਭਰਮ ਅਤੇ ਸੁੱਚ ਭਿਟ ਦਾ ਸ਼ਿਕਾਰ ਹੋ ਗਈਆਂ ਹਨ। ਬ੍ਰਾਹਮਣੀ ਸੁੱਚ ਭਿਟ ਅਨੁਸਾਰ ਮਾਸਿਕ ਧਰਮ 'ਚ ਅੌਰਤ ਪਲੀਤ ਹੋ ਜਾਂਦੀ ਹੈ ਅਤੇ ਉਸਨੂੰ ਕਿਸੇ ਵੀ ਮੰਦਿਰ , ਧਾਰਮਿਕ ਕਾਰਜ਼ ਜਾਂ ਰਸੌਈ 'ਚ ਦਾਖਲ ਹੋਣ ਦੀ ਮਨਾਹੀ ਹੈ ਇਹ ਪਾਖੰਡ ਵੀ ਸਿਕਲੀਗਰ ਅੌਰਤਾਂ 'ਚ ਘਰ ਕਰ ਗਿਆ ਹੈ ਜਦਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਦੀ ਪਾਉੜੀ '' ਜਿਉਂ ਜੋਰੂ ਸਿਰ ਨਾਵਣੀ '' ਵਾਲੇ ਸ਼ਬਦ 'ਚ ਇਸ ਕਰਮ ਕਾਂਡ ਦਾ ਜ਼ੋਰਦਾਰ ਖੰਡਣ ਕੀਤਾ ਹੈ । ਜੇ ਸਮੇਂ ਸਿਰ ਸਿਕਲੀਗਰ ਅੌਰਤਾਂ ਨੂੰ ਅਜਿਹੇ ਵਹਿਮ ਭਰਮ ਜਾਂ ਬ੍ਰਾਹਮਣੀ ਕਰਮਕਾਂਡਾ ਤੋਂ ਸੁਚੇਤ ਨਾ ਕੀਤਾ ਗਿਆ ਤਾਂ ਉਨ੍ਹਾਂ ਵਿੱਚ ਦਹੇਜ਼ , ਤਲਾਕ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਵੀ ਜ਼ੋਰ ਫੜ ਲੈਣਗੀਆਂ ।
ਅੱਜ ਜਦੋਂ ਸਿਕਲੀਗਰਾਂ ਕੋਲ ਸਿਹਤ ਸਹੂਲਤਾਂ ਨਾ ਦੇ ਬਰਾਬਰ ਹਨ ਤਾਂ ਪਾਠਕ ਸੋਚਦੇ ਹੋਣਗੇ ਕਿ ਸਿਕਲੀਗਰ ਗੰਭੀਰ ਬਿਮਾਰੀਆਂ ਤੋਂ ਆਪਣਾ ਬਚਾਅ ਕਿਵੇਂ ਕਰਦੇ ਹੋਣਗੇ ਤਾਂ ਪਾਠਕਾਂ ਅਤੇ ਸਿੱਖ ਸੰਸਥਾਵਾਂ ਨੂੰ ਇਹ ਵੀ ਦੱਸ ਦੇਈਏ ਕਿ ਸਿੱਖ ਸਿਕਲੀਗਰ ਬਜ਼ੁਰਗਾਂ ਕੋਲ ਜੰਗਲੀ ਜੜ੍ਹੀ ਬੂਟੀਆਂ ਦੀ ਵਰਤੋਂ ਸਬੰਧੀ ਡੂੰਘਾ ਗਿਆਨ ਵੀ ਹੈ। ਭਾਰਤ ਦੇ ਵੱਡੇ ਵੱਡੇ ਵੈਦਾ ਆਚਾਰੀਆ ਵੀ ਇਹਨ੍ਹਾਂ ਦੀ ਸੂਝ ਬੂਝ ਸਾਹਮਣੇ ਬੌਣੇ ਨਜ਼ਰ ਆਉਂਦੇ ਹਨ । ਸਿਕਲੀਗਰ ਬਜ਼ੁਰਗ ਜੰਗਲੀ ਜੜ੍ਹੀ-ਬੂਟੀਆਂ ਅਤੇ ਧਾਤਾਂ ਤੋਂ ਦੇਸੀ ਦਵਾਈਆਂ , ਭਸਮਾਂ ਅਤੇ ਦੇਸੀ ਰਸਾਇਣ ਬਨਾਉਣ ਦੀ ਅੱਵਲ ਦਰਜ਼ੇ ਦੀ ਸੌਝੀ ਰੱਖਦੇ ਹਨ ਜੇਕਰ ਇਹਨ੍ਹਾਂ ਬਜ਼ੁਰਗਾਂ ਨੂੰ ਅਜੌਕੇ ਸਾਧਨ ਮੁਹੱਈਆ ਕਰਵਾ ਦਿੱਤੇ ਜਾਣ ਤਾਂ ਗੁਰੂ ਹਰਿ ਰਾਏ ਸਾਹਿਬ ਜੀ ਵਲੋਂ ਬਿਮਾਰਾਂ ਦੇ ਇਲਾਜ਼ ਲਈ ਕੀਰਤਪੁਰ ਸਾਹਿਬ ਵਿਖੇ ਵਿਸ਼ਵ ਦੇ ਸਭ ਤੋਂ ਵੱਡੇ ਮਹਾਨ ਦਵਾਖ਼ਾਨੇ ਦੇ ਰੂਪ 'ਚ ਹੋਰ ਦਵਾਖ਼ਾਨੇ ਵੀ ਹੌਂਦ ਵਿੱਚ ਲਿਆਂਦੇ ਜਾ ਸਕਦੇ ਹਨ ਜਿਸ ਤੋਂ ਭਾਰਤ ਸਮੇਤ ਪੂਰੀ ਦੁਨੀਆ ਲਾਭ ਪ੍ਰਾਪਤ ਕਰ ਸਕਦੀ ਹੈ। ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਸਿਕਲੀਗਰ ਬੱਚਿਆਂ ਨੂੰ ਬਾਹਰਵੀਂ ਤੱਕ ਪੜ੍ਹਾਈ ਕਰਵਾ ਕੇ ਵੈਦਗਿਰੀ ਦਾ ਕੋਰਸ ਵਰਵਾਇਆ ਜਾ ਸਕੇ ਤਾਂ ਜੋ ਸਿਕਲੀਗਰ ਬਜ਼ੁਰਗਾਂ ਵਲੋਂ ਪੀੜ੍ਹੀ ਦਰ ਪੀੜ੍ਹੀ ਚੱਲੇ ਆ ਰਹੇ ਜੰਗਲੀ ਜੜ੍ਹੀ-ਬੂਟੀਆਂ ਦੇ ਗਿਆਨ ਇਹਨ੍ਹਾਂ ਦੀ ਵਰਤੋਂ ਅਤੇ ਲਾਭ ਸਮੁੱਚੀ ਲੋਕਾਈ ਤੱਕ ਪਹੁੰਚਣ । ਸਿਕਲੀਗਰ ਸਿੱਖਾਂ ਲਈ ਭਲਾਈ ਕਾਰਜ਼ ਕਰਦਿਆਂ ਸਿੱਖ ਸੰਸਥਾਵਾਂ , ਭਾਰਤ ਦੇਸ਼ ਦੇ ਰਾਜਾਂ ਵਿੱਚ ਕੰਮ ਕਰ ਰਹੇ ਮਨੁੱਖੀ ਅਧਿਕਾਰ ਸੰਗਠਨ ਅਤੇ ਇੰਨਸਾਫ਼ ਪਸੰਦ ਬੁੱਧੀਜੀਵੀ ਲੋਕਾਂ ਨੂੰ ਵੀ ਨਾਲ ਲੈ ਕੇ ਜਰੂਰ ਚੱਲਣ ਕਿੳਂਕਿ ਸਿਕਲੀਗਰਾਂ 'ਤੇ ਝੂਠੇ ਕੇਸ ਦਾ ਕੇ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਹੈ ਇਸ ਸਬੰਧੀ ਕੁੱਝ ਨੁਕਤੇ ਵਿਚਾਰਨਯੋਗ ਹਨ ਜੋ ਮਨੁੱਖੀ ਅਧਿਕਾਰ ਸੰਗਠਨਾਂ ਰਾਂਹੀ ਹੀ ਸੰਸਾਰ ਭਰ 'ਚ ਨਸ਼ਰ ਕੀਤੇ ਜਾ ਸਕਦੇ ਹਨ। ਸਭ ਤੋਂ ਪਹਿਲੀ ਗੱਲ ਹਰੇਕ ਹਥਿਆਰ ਬਨਾਉਣ ਲਈ ਬਿਜਲਈ ਮਸ਼ੀਨਾਂ ਦਾ ਹੋਣਾਂ ਅਤਿ ਜਰੂਰੀ ਹੈ ਪਰ 90 ਪ੍ਰਤੀਸ਼ਤ ਸਿਕਲੀਗਰਾਂ ਕੋਲ ਬਿਜਲੀ ਹੈ ਹੀ ਨਹੀਂ ਅਤੇ ਉਹ ਰੌਸ਼ਣੀ ਲਈ ਤੇਲ ਜਾਂ ਹੋਰ ਸਾਧਨ ਵਰਤਦੇ ਹਨ ਅਤੇ ਬਹੁਤੇ ਸਿਕਲੀਗਰਾਂ ਦੇ ਘਰ ਤਾਂ ਪਲਾਸਟਿਕ ਦੀਆਂ ਪੁਰਾਣੀਆਂ ਬੋਰ੍ਹੀਆਂ ਅਤੇ ਪਾਟੇ ਫਲੈਕਸ ਬੋਰਡਾਂ ਦੇ ਹਨ ਅਜਿਹੇ 'ਚ ਉਥੇ ਮਸ਼ੀਨਾਂ ਅਤੇ ਬਿਜਲੀ ਨਾਂ ਹੋਣ ਕਰਕੇ ਹਥਿਆਰ ਕਿਵੇਂ ਤਿਆਰ ਕੀਤੇ ਜਾ ਸਕਦੇ ਹਨ।
ਸਿਕਲੀਗਰ ਸਿੱਖਾਂ 'ਤੇ ਪਾਏ ਜਾ ਰਹੇ ਝੂਠੇ ਕੇਸਾਂ 'ਚ ਹਥਿਆਰ ਅਤੇ ਖਾਲ੍ਹੀ ਕਾਰਤੂਸਾਂ ਤੋਂ ਦੋਬਾਰਾ ਤਿਆਰ ਕੀਤੇ ਕਾਰਤੂਸ ਹਨ। ਇਸ ਸਬੰਧੀ ਜੋ ਸੂਚਨਾਵਾਂ ਪ੍ਰਾਪਤ ਹੋ ਰਹੀਆਂ ਹਨ ਹਥਿਆਰਾਂ ਅਤੇ ਕਾਰਤੂਸਾਂ ਦੇ ਸਾਈਜ਼ ਨੀਮ ਸੁਰੱਖਿਆ ਬਲ ਅਤੇ ਪੁਲੀਸ ਫੋਰਸ ਕੋਲ ਮੌਜ਼ੂਦ ਹਥਿਆਰਾਂ ਅਨੁਸਾਰ ਹਨ ਅਤੇ ਬਹੁਤ ਹੀ ਘੱਟ ਸਿਵਲ ਬੋਰ ਸਾਈਜ਼ ਦੇ ਹਨ ਭਾਰਤ ਅਸਲਾ ਲਾਈਸੰਸ ਐਕਟ ਅਨੁਸਾਰ ਹਰੇਕ ਲਾਈਸੰਸ ਧਾਰੀ ਨਾਗਰਿਕ ਕੇਵਲ 25 ਕਾਰਤੂਸ ਹੀ ਕੋਲ ਰੱਖ ਸਕਦਾ ਹੈ ਅਤੇ ਇਨ੍ਹਾਂ ਵਿਚੋਂ ਚਲਾਏ ਗਏ ਖਾਲ੍ਹੀ ਕਾਰਤੂਸ ਜਮ੍ਹਾਂ ਕਰਵਾ ਕੇ ਹੀ ਹੋਰ ਖ੍ਰੀਦ ਸਕਦਾ ਹੈ । ਪੁਲੀਸ ਫੋਰਸ ਅਤੇ ਸੁਰੱਖਿਆ ਬਲਾਂ ਵਲੋਂ ਵੀ ਚਲਾਏ ਗਏ ਖਾਲ੍ਹੀ ਕਾਰਤੂਸ ਜਮ੍ਹਾਂ ਕਰਵਾ ਕੇ ਹੀ ਹੋਰ ਚੱਲਣਯੋਗ ਕਾਰਤੂਸ ਪ੍ਰਾਪਤ ਕਰਨੇ ਹੁੰਦੇ ਹਨ। ਕਥਿਤ ਤੌਰ 'ਤੇ ਜੋ ਸਿਕਲੀਗਰਾਂ ਨੇ ਕਾਰਤੂਸ ਤਿਆਰ ਕੀਤੇ ਇਨ੍ਹਾਂ ਲਈ ਪੁਰਾਣੇ ਚੱਲੇ ਕਾਰਤੂਸਾਂ ਦੇ ਖੋਲ੍ਹ ਅਤੇ ਇਨ੍ਹਾਂ 'ਚ ਭਰਨ ਲਈ ਬਾਰੂਦ ਕਿਸਨੇ ਦਿੱਤਾ ਹੈ ਇਸ ਸਬੰਧੀ ਸਿੱਖ ਸੰਸਥਾਵਾਂ ਆਪ ਜਾਂਚ ਕਰਕੇ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਸਹਿਯੋਗ ਨਾਲ ਸੱਚ ਦੁਨੀਆ ਸਾਹਮਣੇ ਲਿਆਉਣ ਅਤੇ ਅਯੋਕੇ ਸਮੇਂ ਇਹ ਹੋਰ ਵੀ ਜਰੂਰੀ ਹੈ ਕਿਉਂਕਿ ਮੀਡੀਆ ਰਿਪੋਰਟਾਂ ਖੁਲਾਸੇ ਕਰ ਰਹੀਆਂ ਹਨ ਭਾਰਤ ਵਿਚਲੀ ਜਥੈਬੰਦੀ '' ਸੰਘ ਪਰਿਵਾਰ '' ਭਾਰਤ ਅੰਦਰ ਗ੍ਰਹਿ ਯੁੱਧ ਕਰਵਾਉਣ ਲਈ ਖ਼ਤਰਨਾਕ ਯੋਜਨਾਵਾਂ ਘੜ੍ਹ ਰਹੇ ਹਨ ਇਸ ਸਬੰਧੀ ਮੱਧ ਪ੍ਰਦੇਸ਼ 'ਚ ਵਾਪਰੀਆਂ ਘਟਨਾਵਾਂ ਸਾਡੇ ਸਾਹਮਣੇ ਹਨ ਜਿਵੇਂ ਕਿ 13 ਸਤਬੰਰ 2015 ਨੂੰ '' ਸੰਘ ਪਰਿਵਾਰ '' ਦੇ ਅਹਿਮ ਕਾਰਕੁੰਨ ਅਤੇ ਭਾਜਪਾ ਟ੍ਰੇਡ ਸੈਲ ਦੇ ਸਟੇਟ ਮੁਖੀ ਰਜਿੰਦਰ ਕੇਸ਼ਵ ਜੋ ਭਾਜਪਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦਾ ਅਤਿ ਨਜ਼ਦੀਕੀ ਸੀ ਇਸਦੇ ਪੇਟਲਵਾਡ ਜਿਲ੍ਹਾ ਝੱਭੂਆ ਦੀ ਚਾਰ ਮੰਜ਼ਿਲੀ ਇਮਾਰਤ ਵਿੱਚ ਜਮ੍ਹਾਂ ਗੈਰ ਕਾਨੂੰਨੀ ਬਾਰੂਦੀ ਛੜ੍ਹਾਂ ਦੇ ਧਮਾਕੇ ਕਾਰਨ 104 ਬੱਚੇ , ਅੌਰਤਾਂ ਅਤੇ ਮਰਦ ਮਾਰੇ ਗਏ ਅਤੇ 150 ਤੋਂ ਵੱਧ ਜ਼ਖਮੀ ਹੋਏ ।
ਮੀਡੀਆ ਅਨੁਸਾਰ ਇਹੋ '' ਸੰਘ ਪਰਿਵਾਰ '' ਕਾਰਕੁੰਨ ਰਜਿੰਦਰ ਕੇਸ਼ਵ 1981 ਵਿੱਚ ਵੀ ਗੈਰ ਕਾਨੂੰਨੀ ਬਰੂਦੀ ਛੜ੍ਹਾਂ ਸਮੇ ਫੜਿਆ ਗਿਆ ਸੀ ਪਰ ਬਾ-ਇੱਜ਼ਤ ਰਿਹਾਅ ਕਰ ਦਿੱਤਾ ਗਿਆ । ਦੂਜ਼ੀ ਘਟਨਾ 15 ਫਰਵਰੀ 2017 ਅਨੁਸਾਰ '' ਸੰਘ ਪਰਿਵਾਰ '' ਕਾਰਕੁੰਨ ਅਤੇ ਭਾਜਪਾ ਆਈ.ਟੀ ਸੈਲ ਦਾ ਮੁਖੀ ਧਰੁਵ ਸਕਸੈਨਾ ਪਾਕਿਸਤਾਨ ਦਾ ਬਦਨਾਮ ਖੂਫ਼ੀਆ ਏਜੰਸੀ ( ਆਈ.ਐਸ.ਆਈ ) ਲਈ ਜਸੂਸੀ ਕਰਦਿਆਂ ਜਾਣਕਾਰੀ ਇੰਟਰਸੈਪਟ ਕਰਨ ਲਈ ਇੱਕ ਨਿੱਜੀ ਟੈਲੀਫੋਨ ਐਕਸਚੈਂਜ ਚਲਾਉਂਦਿਆਂ 11 ਸਾਥੀਆਂ ਸਮੇਤ ਐਮ.ਪੀ ਨਗਰ ਸਾਕੇਤ ਹੁਸ਼ੰਗਾਬਾਦ ਰੌਡ ਤੋਂ ਫੜਿਆ ਗਿਆ ਸੀ । ਇਨ੍ਹਾਂ ਕੋਲੋਂ 3 ਹਜ਼ਾਰ ਸਿਮ ਕਾਰਡ , 50 ਮੋਬਾਇਲ ਫੋਨ ਅਤੇ 35 ਸਿਮ ਬੋਕਸ ਬ੍ਰਾਮਦ ਹੋਏ ਸਨ। ਤੀਜ਼ੀ ਘਟਨਾ 18 ਮਾਰਚ 2017 ਅਨੁਸਾਰ ਇੰਦੌਰ ਦੇ ਮਲਹਾਰ ਗੰਜ ਥਾਣੇ ਅਧੀਨ ਕੰਡੀਲਪੁਰਾ ਵਿਖੇ ਵਿਰੇਸ਼ਵਰ ਮੰਦਿਰ ਦੇ ਗੌਦਾਮ ਵਿਚੋਂ 30 ਬਾਰੂਦੀ ਛੜ੍ਹਾਂ ਅਤੇ 45 ਡੈਟੋਨੇਟਰ ਬ੍ਰਾਮਦ ਹੋਏ ਪਰ ਇਸਨੂੰ ਮੰਦਿਰ ਪ੍ਰਬੰਧਕਾਂ ਦੀ ਆਪਸੀ ਖਹਿਬਾਜ਼ੀ ਕਰਾਰ ਦੇ ਕੇ ਰਫ਼ਾਦਫਾ ਕਰਨ ਦੀ ਕੋਸ਼ਿਸ ਕੀਤੀ ਗਈ । ਮੱਧ ਪ੍ਰਦੇਸ਼ ਦੀਆਂ ਇਹ ਘਟਨਾਵਾਂ ਪੂਰੇ ਭਾਰਤ 'ਚ ਅਜਿਹੀਆਂ ਹੋਰ ਵਾਪਰ ਰਹੀਆਂ ਘਟਨਾਵਾਂ ਪੰਜਾਬੀ ਦੀ ਇੱਕ ਕਹਾਵਤ ਅਨੁਸਾਰ '' ਗੋਹਲੇ ਚੋਂ ਪੂਣੀ ਕੱਤਣ '' ਬਰਾਬਰ ਹਨ। ਅਜਿਹੀਆਂ ਘਟਨਾਵਾਂ ਕਰਕੇ ਹੀ ਭਾਰਤ ਦੇ ਇਨਸਾਫ਼ ਪਸੰਦ ਅਤੇ ਬੁੱਧੀਜੀਵੀ ਲੋਕ '' ਸੰਘ ਪਰਿਵਾਰ '' 'ਤੇ ਭਾਰਤ ਨੂੰ ਗ੍ਰਹਿ ਯੁੱਧ ਵੱਲ ਧੱਕਣ ਦੇ ਸੰਕੇਤ ਦੇ ਰਹੇ ਹਨ । ਸਾਬਕਾ ਆਈ.ਪੀ.ਐਸ ਪੁਲੀਸ ਅਫ਼ਸਰ ਐਸ.ਐਮ ਮੁਸ਼ਰਿਫ ਤਾਂ '' ਸੰਘ ਪਰਿਵਾਰ '' ਦੇ ਮਨਸੂਬਿਆਂ ਦੀ ਪੋਲ ਖੋਲਦੀ ਕਿਤਾਬ '' ਦਾ ਲਾਰਜੈਸਟ ਟੈਰੋਰਿਸਟ ਆਰਗੇਨਾਈਜੇਸ਼ਨ ਆਫ਼ ਇੰਡੀਆ '' ਲਿਖ ਕੇ ਸੱਚ ਦੁਨੀਆ ਸਾਹਮਣੇ ਰੱਖ ਚੁੱਕਿਆ ਹੈ ਪਰ ਕਦੇ ਵੀ ਭਾਰਤ ਸਰਕਾਰ ਅਤੇ ਇਸਦੀਆਂ ਰਾਜਨੀਤਕ ਪਾਰਟੀਆਂ ਨੇ ਵੋਟਾਂ ਦੀ ਰਾਜਨੀਤੀ ਕਾਰਨ '' ਸੰਘ ਪਰਿਵਾਰ '' ਦੇ ਕਾਰਕੁੰਨਾਂ ਕੋਲੋਂ ਬਾਰੂਦੀ ਛੜ੍ਹਾਂ ਬ੍ਰਾਮਦ ਹੋਣ ਦੀ ਜਾਂਚ ਕਰਵਾਉਣ ਦੀ ਹਿੰਮਤ ਨਹੀਂ ਕੀਤੀ ।
ਕਿਸੇ ਨੇ ਵੀ ਰਾਜਸਥਾਨ ਦੇ ਪੱਥਰ ਖਾਨਾਂ ਦੇ ਮਾਲਕ ਜੋ ਬਹੁਤੇ ਭਾਜਪਾਈ ਹਨ ਨੂੰ ਦਿੱਤੀਆਂ ਅਧਿਕਾਰਤ ਬਾਰੂਦੀ ਛੜ੍ਹਾਂ ਦੀ ਇਹ ਜਾਂਚ ਨਹੀਂ ਕਰਵਾਈ ਕਿ ਪੱਥਰ ਤੋੜਣ ਲਈ ਕਿੰਨੀਆਂ ਵਰਤੀਆਂ ਗਈਆਂ ਅਤੇ ਬਾਕੀ ਇਨ੍ਹਾਂ ਕੋਲੋਂ ਕਿੰਨੀਆਂ ਬਚ ਜਾਂਦੀਆਂ ਹਨ। ਅਜਿਹੇ 'ਚ ਭਾਰਤ ਵਿਚਲੇ ਆਦਿਵਾਸੀ ਦਲਿਤ ਅਤੇ ਸਿਕਲੀਗਰ ਸਮੇਤ ਘੱਟ ਗਿਣਤੀਆਂ ਜਦੋਂ ਸਹਿਮ ਵਿੱਚ ਜੀਵਣ ਬਤੀਤ ਕਰ ਰਹੀਆਂ ਹਨ ਤਾਂ ਸਿੱਖ ਸੰਸਥਾਵਾਂ ਸਿਕਲੀਗਰਾਂ ਲਈ ਭਲਾਈ ਦੇ ਕਾਰਜ਼ ਕਰਦਿਆਂ ਹੋਇਆਂ ਭਾਰਤ ਵਿੱਚ ਇਹਨ੍ਹਾਂ ਸਰਕਾਰੀ ਜ਼ੁਲਮਾਂ ਅਤੇ ਅੱਤਿਆਚਾਰ ਵਿਰੁੱਧ ਕਿਵੇਂ ਅਵਾਜ਼ ਉਠਾ ਸਕਦੇ ਹਨ ਇਹ ਵਿਸ਼ਾ ਵੀ ਵਿਚਾਰਨਯੌਗ ਹੈ। ਕੀ ਸੇਵਾ ਕਾਰਜ਼ ਕਰਦਿਆਂ ਹੋਇਆਂ ਸਿੱਖ ਕੌਮ ਅਤੇ ਇਸਦੀਆਂ ਸੰਸਥਾਵਾਂ ਭਾਰਤ ਵਿੱਚ ਸ਼ਾਂਤੀ ਦੂਤ ਵਜੋਂ ਸਥਾਪਿਤ ਹੋ ਸਕਣਗੀਆਂ । ਆਓ ਸਿਕਲੀਗਰਾਂ ਲਈ ਸੇਵਾ ਕਾਰਜ਼ , ਜਨਮ-ਮੌਤ , ਵਿਆਹ , ਜਾਤੀ , ਰਾਖਵਾਂਕਰਨ ਪ੍ਰਮਾਣ ਪੱਤਰ ਅਤੇ ਬੀ.ਪੀ.ਐਲ , ਵੋਟਰ ਕਾਰਡ , ਰਾਸਣ ਕਾਰਡ , ਆਧਾਰ ਕਾਰਡ ਲਈ ਮੁਹਿੰਮ ਸ਼ੁਰੂ ਕਰਦਿਆਂ ਹੋਇਆਂ ਇਹਨ੍ਹਾਂ ਲਈ ਵਿਦਿਅਕ , ਸਿਹਤ ਸਹੂਲਤਾਂ ਅਤੇ ਰਾਜਨੀਤਕ ਭਾਈਵਾਲੀ ਲਈ ਤੱਤਪਰ ਹੋਈਏ।
ਲੇਖਕ - ਗੁਰਦਰਸ਼ਨ ਸਿੰਘ ਖ਼ਾਲਸਾ , ਬਟਾਲਾ
ਸੰਪਰਕ ਨੰਬਰ- 08283029248