An In Depth Report Regarding the Sikligar Sikhs - Background and Current Struggles
The article below by Sardar Gurdarshan Singh Khalsa is an in-depth report on the forgotten and much isolated Sikligar Sikh community, their unique background dating back to Guru Sahiban`s period, and the current struggles they face across Hindu dominated India.
Currently, the poverty stricken Sikhligar Sikh community in Madhya Pardes have become victims to Police excesses and atrocities, and the wrath of right-wing Hindu fundamentalists. Sardar Gurdarshan Singh also highlights why it is pertinent for the Sikh community at-large to assist and support our Sikligar brethren.
ਕੀ ਇਹ ਜ਼ਰਾਇਮ ਪੇਸ਼ਾ ਹਨ ? ਇਨ੍ਹਾਂ ਦੀ ਅਤਿ ਗਰੀਬੀ ਦੀ ਹਾਲਤ ਦਾ ਜਿੰਮ੍ਹੇਦਾਰ ਕੌਣ ?
ਸਿਕਲੀਗਰ ਸਿੱਖਾਂ `ਤੇ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਵਲੋਂ ਜ਼ੁਲਮ ਦਾ ਮੁੱਦਾ ਅੱਜ ਦੇਸ਼ ਵਿਦੇਸ਼ `ਚ ਛਾਇਆ ਹੋਇਆ ਹੈ। ਸਿਕਲੀਗਰ ਸ਼ਬਦ ਸੁਣਦਿਆਂ ਹੀ ਸੁਰਤ ਬਚਪਣ ਦੇ ਅਤੀਤ `ਚ ਗਵਾਚ ਜਾਂਦੀ ਹੈ। ਮੈਲੇ ਕੁਚੇਲੈ ਕੱਪੜੇ , ਸਾਧਾਰਨ ਜਿਹੀ ਮਟਮੈਲੀ ਪੱਗ , ਕਮਜ਼ੋਰ ਜਿਹਾ ਸਰੀਰ , ਸਾਇਕਲ `ਤੇ ਤਾਲੇ , ਚਾਬੀਆਂ , ਕੈਂਚੀਆਂ, ਕਰਦਾਂ ਟੰਗੀ ਇਨ੍ਹਾਂ ਨੂੰ ਤਿੱਖੀਆਂ ਅਤੇ ਠੀਕ ਕਰਨ ਵਾਲਾ ਚੇਹਰਾ ਅੱਖਾਂ ਅੱਗੇ ਆ ਜਾਂਦਾ ਹੈ । ਬਚਪਨ ਵਿੱਚ ਪਤਾ ਨਹੀਂ ਸੀ ਇਹ ਕੌਣ ਹਨ , ਇਨ੍ਹਾਂ ਦੀ ਜਾਤ ਧਰਮ ਕੀ ਹੈ ਪਰ ਦੇਖਣ ਤੋਂ ਇਹ ਸਿੱਖਾਂ ਵਰਗੇ ਸਾਬਤ ਸੂਰਤ ਸਨ ।
ਸੰਨ੍ਹ 1999 ਦੀ ਵਿਸਾਖੀ ਇੱਕ ਪੰਥਕ ਸਟੇਜ ਤੋਂ ਸੁਣਿਆ ਕਿ ਸਿੱਖਾਂ ਦੀ ਗਿਣਤੀ ਕੇਵਲ 2 ਕਰੋੜ ਨਹੀਂ ਬਲਕਿ ਸਿਕਲੀਗਰ ਵਣਜ਼ਾਰੇ ਦੇ ਰੂਪ ਵਿੱਚ ਪੂਰੇ ਭਾਰਤ `ਚ 13 ਕਰੋੜ ਹੋਰ ਵੀ ਸਿੱਖ ਹਨ ਜੋ ਅੱਤ ਗਰੀਬੀ ਦੀ ਹਾਲਤ `ਚ ਜੀਵਣ ਬਤੀਤ ਕਰ ਰਹੇ ਹਨ। ਸੰਨ 2006 `ਚ ਸਿਕਲੀਗਰ ਵੀਰਾਂ ਦੀ ਭਲਾਈ ਲਈ ਬਣੀ ਜਥੈਬੰਦੀ ਗੁਰੂ ਅਮਰਦਾਸ ਭਲਾਈ ਕੇਂਦਰ ਦੇ ਮੁੱਖ ਸੇਵਾਦਾਰ ਸ. ਸੁਖਦੇਵ ਸਿੰਘ ਜੀ ਰਾਂਹੀ ਇਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਬਚਪਣ `ਚ ਦੇਖਿਆ ਚੇਹਰਾ ਯਾਦ ਆ ਗਿਆ । ਇਨ੍ਹਾਂ `ਚ ਇੱਕ ਦਿਨ ਬਤੀਤ ਕਰਕੇ ਹੀ ਮੈਂ ਸਮਝ ਗਿਆ ਕਿ ਇਹ ਸਿਕਲੀਗਰ ਸਾਡੀ ਕੌਮ ਮੇਰੇ ਹੀ ਸਿੱਖ ਭਰਾ ਹਨ। ਪਰ ਇਹ ਮੇਰੇ ਗੁਰੂ ਦੇ ਸੰਗੀ ਸਾਥੀ , ਸੱਚੀ ਸੁੱਚੀ ਕਿਰਤ ਕਰਨ ਵਾਲੇ , ਨਿਰਛੱਲ , ਚੋਰੀ-ਠੱਗੀ ਤੋਂ ਦੂਰ ਰਹਿਣ ਵਾਲੇ ਅਤਿ ਗਰੀਬੀ ਦਾ ਜੀਵਣ ਬਤੀਤ ਕਰਦੇ ਹਨ ਬਾਅਦ `ਚ ਮੈਂ ਭਾਰਤ ਵਿੱਚ ਹੋਰ ਵੀ ਕਈ ਥਾਵਾਂ `ਤੇ ਇਨ੍ਹਾਂ ਨੂੰ ਨੇੜੇ ਤੋਂ ਤੱਕਿਆ । ਬੜੀ ਹੈਰਾਨੀ ਦੀ ਗੱਲ ਹੈ ਕਿ ਸਿਕਲੀਗਰਾਂ ਨੂੰ ਅੱਜ ਜ਼ਰਾਇਮ ਪੇਸ਼ਾ ਕਿਹਾ ਜਾ ਰਿਹਾ ਹੈ ਅਤੇ ਦੌਸ਼ ਲਗਾਏ ਜਾ ਰਹੇ ਹਨ ਕਿ ਇਹ ਹਥਿਆਰ ਬਣਾ ਕੇ ਵੇਚਦੇ ਹਨ ਅਤੇ ਨਜਾਇਜ਼ ਸ਼ਰਾਬ ਦਾ ਧੰਦਾ ਕਰਦੇ ਹਨ। ਮੇਂ ਕਿਉਂਕਿ ਸਿਕਲੀਗਰ ਵੀਰਾਂ ਨੂੰ ਬਹੁਤ ਨੇੜਿੳਂ ਤੱਕਿਆ ਹੈ ਤਾਂ ਇਨ੍ਹਾਂ `ਤੇ ਅਜਿਹੇ ਇਲਜ਼ਾਮਾਂ ਨੇ ਮੇਨੂੰ ਬੇਚੈਨ ਕਰਕੇ ਇਹ ਲੇਖ ਲਿਖਣ ਲਈ ਮਜ਼ਬੂਰ ਕਰ ਦਿੱਤਾ ਹੈ। ਇਸ ਲੇਖ `ਚ ਮੇਂ ਆਪਣੀ ਤੁਛ ਬੁੱਧੀ ਅਨੁਸਾਰ ਸਿਕਲੀਗਰਾਂ `ਤੇ ਲਗਾਏ ਜਾ ਰਹੇ ਬੇਬੁਨਿਆਦ ਦੋਸ਼ਾਂ ਦੀ ਗੁਰਬਾਣੀ ਇਤਿਹਾਸ ਰਾਂਹੀ ਪੜਚੋਲ ਕੀਤੀ ਹੈ ਅਤੇ ਨਾਲ ਹੀ ਸਮਾਜ `ਚ ਇਨ੍ਹਾਂ ਦੇ ਅਯੋਕੇ ਹਾਲਾਤ ਅਤੇ ਇਨ੍ਹਾਂ ਨੂੰ ਸਮਾਜਕ ਪੱਧਰੂ `ਤੇ ਉਚਾ ਚੁੱਕਣ ਲਈ ਕੁੱਝ ਸੁਝਾਅ ਵੀ ਪੇਸ਼ ਕਰ ਰਿਹਾ ਹਾਂ ਜੋ ਹੇਠ ਲਿਖੇ ਅਨੁਸਾਰ ਹੈ। ਸਭ ਤੋਂ ਪਹਿਲਾਂ ਅਸੀਂ ਸਿਕਲੀਗਰਾਂ `ਤੇ ਲਗਾਏ ਜਾ ਰਹੇ ਬੇਬੁਨਿਆਦ ਦੌਸ਼ਾਂ ਦੀ ਪੜਚੋਲ ਕਰਾਂਗੇ ।
ਕੀ ਸਿਕਲੀਗਰ ਵੀਰਾਂ ਵਲੋਂ ਹਥਿਆਰ ਬਨਾਉਣੇ ਅਤੇ ਰੱਖਣੇ ਗੁਰਮੱਤ ਵਿਰੋਧੀ ਕਰਮ ਹੈ :-
ਸਿੱਖ ਧਰਮ `ਚ ਹਥਿਆਰ ਰੱਖਣ ਦੀ ਸ਼ੁਰੂਆਤ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਨੇ ਕੀਤੀ। ਪੁਰਾਤਨ ਜਨਮ ਸਾਖੀਆਂ `ਚ ਦਰਜ਼ `` ਆਸਾ ਹੱਥ ਕਿਤਾਬ ਕੱਛ `` ਅਨੁਸਾਰ ਪਹਿਲੇ ਪਾਤਸ਼ਾਹ ਸੰਸਾਰਿਕ ਉਦਾਸੀਆਂ ਦੌਰਾਣ ਆਪਣੇ ਕੋਲ ਆਪਣੀ ਤੇ ਹੋਰ ਭਗਤਾਂ ਤੋਂ ਪ੍ਰਾਪਤ ਹੋਈ ਬਾਣੀ ਅਤੇ ਇੱਕ ਹੱਥ ਵਿੱਚ ਡਾਂਗ ਅਤੇ ਦੂਜ਼ੀ ਵਿੱਚ ਕਰਦ (ਛੋਟੀ ਕ੍ਰਿਪਾਨ) ਰੱਖਦੇ ਸਨ । ਕੁੱਝ ਵਿਦਵਾਨਾਂ ਨੇ ਇੰਨ੍ਹਾ ਜਨਮ ਸਾਖੀਆਂ ਦੀ ਪੜਚੋਲ ਕਰਦੇ ਸਮੇਂ ਪਹਿਲੇ ਪਾਤਸ਼ਾਹ ਜੀ ਕੋਲ ਹਥਿਆਰ ਨੇਜ਼ਾ ਵੀ ਲਿਖਿਆ ਹੈ ਅਤੇ ਤੀਜ਼ੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਵਲੋਂ ਸਰੀਰਕ ਮਜ਼ਬੂਤੀ ਲਈ ਮੱਲ ਅਖ਼ਾੜੇ ਕਾਇਮ ਕੀਤੇ ਗਏ। ਜਿਨ੍ਹਾਂ `ਚ ਕੁਸ਼ਤੀਆਂ ਤੋਂ ਇਲਾਵਾ ਹਥਿਆਰ ਗਦਾ ਯੁੱਧ ਦੀ ਸਿਖਲਾਈ ਵੀ ਦਿੱਤੀ ਜਾਂਦੀ ਸੀ ਜਿਸ ਦੀ ਯਾਦ `ਚ ਖਡੂਰ ਸਾਹਿਬ ਵਿਖੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਅੱਜ ਵੀ ਸ਼ੁਸ਼ੋਬਿਤ ਹੈ। ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਸਤਰ ਕਲਾ `ਚ ਇਤਨੇ ਨਿਪੁੰਨ ਸਨ ਕਿ ਆਪਣੇ ਆਨੰਦ ਕਾਰਜ਼ ਸਮੇਂ ਸੋਹਰੇ ਪਰਿਵਾਰ ਵਲੋਂ ਸੂਰਬੀਰਤਾ ਪਰਖਣ ਸਮੇਂ ਘੋੜੇ `ਤੇ ਚੜ੍ਹ ਕੇ ਪੂਰੀ ਜੰਡ ਹੀ ਜੜ੍ਹਾਂ ਸਮੇਤ ਨੇਜ਼ੇ ਨਾਲ ਇੱਕੋ ਵਾਰ ਪੁੱਟ ਸੁੱਟੀ ਜਿਸ ਦੀ ਯਾਦ ਵਿੱਚ ਵੀ ਪਿੰਡ ਹੇਰਾਂ ਵਿਖੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਕੇਵਲ ਗੁਰੂ ਅਰਜਨ ਦੇਵ ਜੀ ਹੀ ਨਹੀਂ ਸਗੋਂ ਇਨ੍ਹਾਂ ਦੇ ਮਹਿਲ ਮਾਤਾ ਗੰਗਾ ਜੀ ਵੀ ਹਥਿਆਰ ਚਲਾ ਲੈਂਦੇ ਸਨ । ਪ੍ਰਮਾਣਿਕ ਇਤਿਹਾਸ ਅਨੁਸਾਰ ਛੇਵੇਂ ਪਾਤਸ਼ਾਹ ਸ਼੍ਰੀ ਹਰਿਗੋਬਿੰਦ ਸਾਹਿਬ ਜੀ ਨੂੰ ਬਚਪਨ ਸਮੇਂ ਸ਼ਸਤਰ ਕਲਾ ਮਾਤਾ ਗੰਗਾ ਜੀ ਨੇ ਹੀ ਸਿਖਾਈ ਸੀ।
ਪੰਚਮ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਘਰ ਦੇ ਵਜ਼ੀਰ ਬਾਬਾ ਬੁੱਢਾ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਜੀ ਨੂੰ ਸ਼ਸਤਰ ਕਲਾ ਵਿੱਚ ਨਿਪੁੰਨ ਕੀਤਾ । ਛੇਵੇਂ ਪਾਤਸ਼ਾਹ ਸਮੇਂ ਜੰਗਾਂ `ਚ ਭਾਈ ਯੋਧਾ ਜੀ , ਭਾਈ ਲੰਗਾਹ ਜੀ , ਭੱਟ ਕੀਰਤ ਜੀ , ਭੱਟ ਕੱਲ ਜੀ , ਭਾਈ ਪੈੜਾ ਜੀ ਆਦਿ ਨੇ ਪੂਰੀ ਸੂਰਬੀਰਤਾ ਦਿਖਾਈ ਜਿਸ ਤੋਂ ਪਤਾ ਲੱਗਦਾ ਹੈ ਕਿ ਕੇਵਲ ਗੁਰੂ ਸਾਹਿਬ ਹੀ ਨਹੀਂ ਬਲਕਿ ਸਿੱਖ ਸੇਵਕ ਵੀ ਸ਼ਸਤਰ ਕਲਾ `ਚ ਪੂਰੀ ਤਰ੍ਹਾਂ ਮਾਹਿਰ ਸਨ ਅਤੇ ਆਪਣੇ ਕੋਲ ਹਥਿਆਰ ਰੱਖਦੇ ਸਨ। ਛੇਵੇਂ ਪਾਤਸ਼ਾਹ ਜੀ ਨੇ ਤਾਂ ਸਿੱਖਾਂ ਨੂੰ ਹਥਿਆਰ ਰੱਖਣ ਦਾ ਹੁਕਮ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਗਿਆ ਸੀ ਅਤੇ ਸੰਗਤਾਂ ਨੂੰ ਹੁਕਮਨਾਮੇ ਵੀ ਭੇਜੇ ਸਨ ਕਿ ਹੁਣ ਅੱਗੇ ਤੋਂ ਸਾਨੂੰ `` ਚੰਗੀਆਂ ਜਵਾਨੀਆਂ , ਚੰਗੇ ਘੋੜੇ ਅਤੇ ਚੰਗੇ ਹਥਿਆਰ `` ਹੀ ਭੇਂਟ ਕੀਤੇ ਜਾਣ । ਇਸ ਸਮੇਂ ਸਿਕਲੀਗਰ ਵੀਰਾਂ ਨੇ ਸਭ ਤੋਂ ਵੱਧ ਹਥਿਆਰ ਪਾਤਸ਼ਾਹ ਜੀ ਨੂੰ ਭੇਂਟ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ । ਸਿਕਲੀਗਰਾਂ ਵਲੋਂ ਛੇਵੇਂ ਪਾਤਸ਼ਾਹ ਜੀ ਨੂੰ ਭੇਂਟ ਕੀਤੀ ਗਈ ਲੱਕੜ ਦੀ ਤੋਪ ਅੱਜ ਵੀ ਕਿਲ੍ਹਾ ਲੋਹਗੜ੍ਹ ਅੰਮ੍ਰਿਤਸਰ ਵਿਖੇ ਮੌਜ਼ੂਦ ਹੈ। ਗੁਰੂ ਪਾਤਸ਼ਾਹ ਜੀ ਦਾ ਹਥਿਆਰਾਂ ਨਾਲ ਕਿਨ੍ਹਾ ਮੋਹ ਸੀ ਇਸਦੀ ਉਦਾਹਰਣ ਇਤਿਹਾਸ ਵਿਚੋਂ ਮਿਲਦੀ ਹੈ ਕਿ ਆਪਣੇ ਇੱਕ ਸਪੁੱਤਰ ਜਿਸਦਾ ਨਾਮ ਤਿਆਗ ਮੱਲ ਸੀ ਨੇ ਜਦੋਂ ਇੱਕ ਜੰਗ ਵਿੱਚ ਹਥਿਆਰਾਂ ਦੇ ਜ਼ੋਹਰ ਦਿਖਾਏ ਤਾਂ ਆਪ ਜੀ ਨੇ ਇੰਨ੍ਹਾਂ ਦਾ ਨਾਂਅ ਬਦਲ ਕੇ ਤਿਆਗ ਮੱਲ ਤੋਂ ਤੇਗ ਬਹਾਦੁਰ ਹੀ ਰੱਖ ਦਿੱਤਾ । ਛੇਵੇਂ ਪਾਤਸ਼ਾਹ ਜੀ ਨੇ ਚਾਰ ਹਥਿਆਰਬੰਦ ਜੰਗਾਂ ਲੜੀਆਂ ਜਿਸ ਵਿੱਚ ਆਪ ਜੀ ਅਤੇ ਆਪ ਦੇ ਸਿੱਖ ਸੇਵਕਾਂ ਨੇਂ ਹਥਿਆਰਾਂ ਦੇ ਐਸੇ ਜ਼ੋਹਰ ਦਿਖਾਏ ਕਿ ਮੂਗਲਾਂ ਨੂੰ ਭਾਜੜਾਂ ਪੈ ਗਈਆਂ ਅਤੇ ਚਾਰਾਂ ਜੰਗਾਂ `ਚ ਜਿੱਤ ਪ੍ਰਾਪਤ ਕੀਤੀ । ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਜੀ ਜਿੱਥੇ ਆਪ ਹਥਿਆਰ ਰੱਖਦੇ ਸਨ ਉਥੇ ਆਪਣੇ ਕੋਲ 2200 ਹਥਿਆਰਬੰਦ ਘੋੜ ਸਵਾਰ ਵੀ ਰੱਖਦੇ ਸਨ । ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੱਕ ਹਰੇਕ ਸਿੱਖ ਆਪਣੇ ਕੋਲ ਹਥਿਆਰ ਰੱਖਣ ਲਗ ਪਿਆ ਸੀ । ਵਿਸ਼ਵ ਪ੍ਰਸਿੱਧ ਵਿਦਵਾਨ ਟਰੰਪ ਲਿਖਦਾ ਹੈ ਕਿ ਕਿ 1699 ਦੀ ਵਿਸਾਖੀ ਨੂੰ ਇਕ ਹਫ਼ਤੇ ਅੰਦਰ 20 ਹਜ਼ਾਰ ਸਿੱਖ ਅੰਮ੍ਰਿਤ ਛਕ ਤੇ ਸਿੰਘ ਬਣੇ ਅੰਮ੍ਰਿਤ ਛਕਣ ਸਮੇਂ ਹਰ ਸਿੱਖ ਨੂੰ ਕ੍ਰਿਪਾਨ ਪਹਿਨਣੀ ਲਾਜ਼ਮੀ ਹੈ ਇੰਨ੍ਹੀ ਵੱਡੀ ਗਿਣਤੀ `ਚ ਅੰਮ੍ਰਿਤ ਛਕ ਕੇ ਕ੍ਰਿਪਾਨ ਪਹਿਨਣ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਕੋਲ ਹਥਿਆਰ , ਕ੍ਰਿਪਾਨ ਪਹਿਲਾਂ ਹੀ ਮੌਜ਼ੂਦ ਸਨ ।
ਦਸ਼ਮੇਸ਼ ਪਿਤਾ ਜੀ ਵਲੋਂ ਹਰੇਕ ਸਿੱਖ ਨੂੰ ਸਪਸ਼ਟ ਹੁਕਮ ਸੀ ਕਿ ਜਦੋਂ ਵੀ ਸਾਡੇ ਦਰਸ਼ਨਾਂ ਨੂੰ ਆਉ ਤਾਂ ਸਰੀਰ `ਤੇ ਸ਼ਸਤਰ ਪਹਿਣ ਕੇ , ਹਥਿਆਰ ਬੰਦ ਹੋ ਕੇ ਹੀ ਆਉ। ਮੁੱਖਵਾਕ ਹੈ :- ਜਬ ਹਮਰੇ ਦਰਸ਼ਨ ਕੋ ਆਵਹੁ ਬਨ ਸੁਚੇਤ ਤਨ ਸ਼ਸਤਰ ਸਜਾਵਹੁ ! ਇਹੈ ਮੋਰਿ ਆਗਿਆ ਸੁਣੋ ਹੇ ਪਿਆਰੇ ਬਿਨਾਂ ਤੇਗੰ ਸ਼ਸਤਰੰ ਨਾ ਦੇਵਹੁ ਦਿਦਾਰੇ !! ਹਥਿਆਰ ਰੱਖਣ ਤੋਂ ਬਿਨਾਂ ਕੇਸ ਰੱਖ ਕੇ ਸਿੱਖ ਅਖਵਾਉਣ ਵਾਲੇ ਨੂੰ ਆਪ ਜੀ ਭੇਖੀ , ਮੂਰਖ , ਅਤੇ ਪਾਪੀ ਦਾ ਦਰਜ਼ਾ ਦਿੰਦੇ ਸਨ ।ਧਰੇ ਕੇਸ ਪਹੁਲ ਬਿਨ ਭੇਖੀ ਮੂੜਾ ਸਿੱਖ ਮੇਰੇ ਦਰਸ਼ਨ ਨਾਹੀ ਤਿਸ ਪਾਪੀ ਤਿਆਗੇ ਭਿਖ !! ਆਪ ਜੀ ਦਾ ਇੱਕ ਮੁੱਖ ਵਾਕ ਇਹ ਵੀ ਹੈ ਕਿ ਇਹ ਹਥਿਆਰ ਮੇਰੇ ਲਈ ਅਕਾਲ ਪੁਰਖ ਦਾ ਦੂਜ਼ਾ ਰੂਪ ਹਨ :- ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ਼ ਸਰੋਹੀ ਸੈਹਥੀ ਜਹੈ ਹਮਾਰੇ ਪੀਰ !! ਦਸ਼ਮੇਸ਼ ਪਿਤਾ ਜੀ ਨੇ ਆਪਣੀ ਰਚੀ ਸੁਮੱਚੀ ਬਾਣੀ ਵਿਚੋਂ ਹਥਿਆਰਾਂ ਦੀ ਉਸਤਤ ਲਈ ਇੱਕ ਬਾਣੀ ਦਾ ਨਾਮ ਹੀ ਸ਼ਸਤਰ ਨਾਮ ਮਾਲਾ ਰੱਖਿਆ ਹੈ ਅਤੇ ਸ਼੍ਰੀ ਆਨੰਦਪੁਰ ਸਾਹਿਬ ਜੀ ਵਿਖੇ ਬਣਵਾਏ ਪੰਜ ਕਿਲ੍ਹਿਆਂ ਵਿਚੋਂ ਇੱਕ ਦਾ ਨਾਮ ਕਿਲ੍ਹਾ ਲੋਹਗੜ੍ਹ ਸਾਹਿਬ ਰੱਖਿਆ ਜਿੱਥੇ ਸਿਕਲੀਗਰ ਵੀਰ ਵਧੀਆ ਹਥਿਆਰ ਬਣਾ ਕੇ ਸਿੱਖ ਫੌਜ਼ਾਂ ਨੂੰ ਦਿੰਦੇ ਰਹੇ । ਆਪ ਜੀ ਨੇ ਕੇਵਲ ਕ੍ਰਿਪਾਨ , ਖੰਡਾ , ਨੇਜ਼ਾ , ਤੀਰ ਕਮਾਨ , ਕਟਾਰ ਆਦਿ ਹਥਿਆਰ ਹੀ ਰੱਖਣ ਲਈ ਨਹੀਂ ਬਲਕਿ ਪਿਸਤੋਲਾਂ , ਬੰਦੂਕਾਂ ਅਤੇ ਤੋਪਾਂ ਤੱਕ ਰੱਖਣ ਦਾ ਹੁਕਮ ਵੀ ਸਿੱਖਾਂ ਨੂੰ ਕੀਤਾ ਹੈ। ਇਸ ਸਬੰਧੀ ਆਪ ਜੀ ਦਾ ਮੁੱਖ ਵਾਕ ਹੈ :- ਤੀਰੋ ਤੁਫੰਗੋ ਬਢੋ ਰਾਮ ਜੰਗੋ ਧਨੁਖ ਅਨੀਅਰ ਕੁਮੰਦ ਕੋਟਲਾ ਪੰਜ ਸ਼ਸਤਰ ਪ੍ਰਵਾਨ ਇਤਿਹਾਸ `ਚ ਦਰਜ਼ ਹੈ ਦਸ਼ਮੇਸ਼ ਪਿਤਾ ਜੀ ਪਿਸਤੋਲ , ਬੰਦੂਕਾਂ ਆਦਿ ਹਥਿਆਰ ਭੇਟ ਕਰਨ ਵਾਲਿਆਂ ਨੂੰ ਅਪਾਰ ਬਖਸ਼ਿਸ਼ਾਂ ਦੇ ਕੇ ਨਿਵਾਜਦੇ ਰਹੇ । ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪੰਜ ਕਲਾ ਸ਼ਸਤਰ ਬੰਦੂਕ ਅਤੇ ਕਈ ਹੋਰ ਇਤਿਹਾਸਕ ਅਸਥਾਨਾਂ `ਤੇ ਸਿੰਘਾਂ ਵਲੋਂ ਭੇਂਟ ਕੀਤੇ ਸ਼ਸਤਰ ਪਿਸਤੋਲ ਬੰਦੂਕ ਅੱਜ ਵੀ ਮੌਜ਼ੂਦ ਹਨ। ਇਤਿਹਾਸਕ ਗੁਰਬਾਣੀ ਪ੍ਰਮਾਣਾਂ ਅਤੇ ਗੁਰੂ ਸਾਹਿਬਾਨ ਦੇ ਹੁਕਮਾਂ ਅਨੁਸਾਰ ਸਿੱਖ ਲਈ ਹਥਿਆਰ ਬਨਾਉਣਾ , ਕੋਲ ਰੱਖਣਾ ਅਤੇ ਆਪਣੇ ਦੂਸਰੇ ਸਾਥੀ ਸਿੰਘਾਂ ਨੂੰ ਭੇਂਟ ਕਰਨਾ ਧਰਮ ਹੈ ਜਦਕਿ ਹਥਿਆਰ ਨਾਂ ਰੱਖਣੇ `` ਬਿਨਾਂ ਸ਼ਸਤਰੰ ਕੇਸੰ ਨਰੰ ਭੇਢ ਜਾਣਹੁ `` ਅਧਰਮ ਹੈ । ਅੱਜ ਗੁਰੂ ਸਾਹਿਬ ਜੀ ਦੇ ਗੁਰਬਾਣੀ ਇਤਿਹਾਸ ਨੂੰ ਭੁੱਲ ਚੁੱਕੇ ਬਹੁਤ ਸਾਰੇ ਭੁੱਲੜ ਸਿੱਖ ਜੇਹੜੇ ਧਰਮ ਦੇ ਬਾਣੇ ਹੇਠ ਕੇਵਲ ਫੋਕੀ ਰਾਜਨੀਤੀ ਕਰ ਰਹੇ ਹਨ ਅਤੇ ਬਹੁ ਗਿਣਤੀ `` ਸੰਘ ਪਰਿਵਾਰ `` ਦੇ ਪ ੍ਰਭਾਵ ਹੇਠ ਹਨ। ਸਿਕਲਗਰ ਵੀਰਾਂ ਨੂੰ ਪੁੱਠੀਆਂ ਸਲਾਹਾਂ ਦੇ ਰਹੇ ਹਨ ਕਿ ਆਪਣੇ ਵਡ ਵਡੇਰਿਆਂ ਦੇ ਪਿਤਾ ਪੁਰਖੀ ਹੁਨਰ ਹਥਿਆਰ ਬਨਾਉਣੇ ਛੱਡ ਦਿਉ ਇਹ ਜ਼ੁਰਮ ਹੈ। ਤੁਹਾਡੇ ਅਜਿਹਾ ਕਰਨ ਨਾਲ ਸਮੁੱਚੀ ਸਿਕਲੀਗਰ ਸਿੱਖ ਕੌਮ ਤੇ ਜ਼ਰਾਇਮ ਪੇਸ਼ਾ ਹੋਣ ਦਾ ਧੱਬਾ ਲੱਗਦਾ ਹੈ। ਮੇਂ ਅਜਿਹੇ ਅਖੌਤੀ ਧਰਮ ਦੇ ਬੁਰਕੇ ਹੇਠ ਰਾਜਨੀਤਿਕਾਂ ਨੂੰ ਯਾਦ ਦਿਵਾਉਣਾ ਚਹੁੰਦਾਂ ਹਾਂ ਕਿ ਸਮੁੱਚੀ ਸਿੱਖ ਕੌਮ `ਤੇ ਜ਼ਰਾਇਮ ਪੇਸ਼ਾ ਹੋਣ ਦਾ ਧੱਬਾ ਅਜ਼ਾਦੀ ਤੋਂ 56 ਦਿਨ ਬਾਅਦ 10 ਅਕਤੂਬਰ 1947 ਨੂੰ ਭਾਰਤ ਦੇ ਲੋਹ ਪੁਰਸ਼ ਤੇ ਗ੍ਰਹਿ ਮੰਤਰੀ ਵੱਲਭ ਭਾਈ ਪਟੇਲ ਲਗਾ ਚੁੱਕੇ ਹਨ ਉਦੋਂ ਕਹਿੜੇ ਸਿੱਖਾਂ ਨੇ ਹਥਿਆਰ ਬਨਾਉਣ ਦੀਆਂ ਫੈਕਟਰੀਆਂ ਲਗਾਈਆਂ ਸਨ। ਸਿਕਲੀਗਰ ਵੀਰਾਂ ਵਲੋਂ ਹਥਿਆਰ ਬਨਾਉਣੇ ਭਾਰਤੀ ਸ਼ਸਤਰ ਅਧਿਨਿਯਮ ਤਹਿਤ ਜ਼ੁਰਮ ਹੋ ਸਕਦਾ ਹੈ ਪਰ ਗੁਰਬਾਣੀ , ਗੁਰ ਇਤਿਹਾਸ ਅਨੁਸਾਰ ਇਹ ਬਿਲਕੁੱਲ ਵੀ ਜ਼ੁਰਮ ਨਹੀਂ ਹੈ ।
ਹਥਿਆਰਾਂ ਸਬੰਧੀ ਭਾਰਤੀ ਸਿਆਸਤ ਦੀ ਦੋਗਲੀ ਨੀਤੀ :-
ਇਤਿਹਾਸ ਗਵਾਹ ਹੈ 1839 ਈ. ਵਿੱਚ ਅੰਗ੍ਰੇਜ਼ਾਂ ਵਲੋਂ ਪੰਜਾਬ ਸਮੇਤ ਪੂਰੇ ਭਾਰਤ `ਤੇ ਕਬਜ਼ਾ ਕਰਨ ਤੋਂ ਬਾਅਦ ਸਿੱਖਾਂ ਸਮੇਤ ਸਮੁੱਚੀ ਭਾਰਤੀ ਕੌਮਾਂ ਨੂੰ ਸਦਾ ਲਈ ਗੁਲਾਮ ਬਣਾਏ ਰੱਖਣ ਲਈ ਬਹੁਤ ਹੀ ਕਠੋਰ ਕਾਨੂੰਨ ਬਣਾਏ ਸਨ। ਇੰਨ੍ਹਾਂ ਵਿਚੋਂ ਹੀ ਇੱਕ ਕਾਨੂੰਨ `` ਇੰਡੀਅਨ ਆਰਮਜ਼ ਐਕਟ `` ਜਿਸਨੂੰ ਅੱਜ `` ਭਾਰਤੀ ਸ਼ਸਤਰ ਅਧਿਨਿਯਮ 25 `` ਕਿਹਾ ਜਾਂਦਾ ਹੈ । ਅੰਗ੍ਰੇਜ਼ਾਂ ਨੇ ਇਸੇ ਐਕਟ ਤਹਿਤ ਕਿਸੇ ਵੀ ਭਾਰਤੀ ਵਲੋਂ ਕਿਸੇ ਵੀ ਤਰ੍ਹਾਂ ਦੀ ਹਥਿਆਰ ਬਨਾਉਣ ਅਤੇ ਰੱਖਣ `ਤੇ ਪਾਬੰਦੀ ਲਗਾ ਦਿੱਤੀ ਇਥੋਂ ਤੱਕ ਕਿ ਛੇ ਇੰਚ ਲੰਬੀ ਤੇ ਇੱਕ ਇੰਚ ਤੋਂ ਵੱਡੀ ਕ੍ਰਿਪਾਨ ਰੱਖਣ ਨੂੰ ਅਪਰਾਧ ਮੰਨਿਆ ਗਿਆ । ਬਾਅਦ ਵਿੱਚ ਕੇਵਲ ਸਿੱਖਾਂ ਨੂੰ ਛੋਟ ਦਿੱਤੀ ਗਈ ਕਿ ਹਰੇਕ ਸਿੱਖ ਆਪਣੀ ਮਰਜ਼ੀ ਦੀ ਲੰਬਾਈ ਅਨੁਸਾਰ ਕ੍ਰਿਪਾਨ ਰੱਖ ਸਕਦਾ ਹੈ ਪਰ ਨਿਹੰਗ ਸਿੰਘ ਅਤੇ ਗੁਰੂ ਦੇ ਹੁਕਮ `ਚ ਚੱਲਣ ਵਾਲੇ ਸਿੱਖਾਂ ਨੇ ਕਦੇ ਵੀ ਅੰਗ੍ਰੇਜ਼ਾਂ ਦੇ ਇਸ ਕਾਨੂੰਨ ਨੂੰ ਨਹੀਂ ਮੰਨਿਆ ਸਗੋ ਅੰਗ੍ਰੇਜ਼ਾਂ ਵਿਰੁੱਧ ਹਥਿਆਰਬੰਦ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਭਾਰਤ ਨੂੰ ਅਜ਼ਾਦੀ ਦਿਵਾਈ । ਨਿਹੰਗ ਸਿੰਘ ਅੱਜ ਵੀ ਪੰਜ ਸ਼ਸਤਰ ਕ੍ਰਿਪਾਨ , ਨੇਜ਼ਾ, ਤੀਰ , ਕਟਾਰ ਅਤੇ ਬੰਦੂਕ ਆਪਣੇ ਕੋਲ ਰੱਖਦੇ ਹਨ। ਨਿਹੰਗ ਸਿੰਘ ਜਥੈਬੰਦੀਆਂ ਵਲੋਂ ਅੱਜ ਵੀ ਜਥੈਬੰਦੀ ਵਿੱਚ ਸ਼ਾਮਲ ਹੋਣ ਵਾਲੇ ਸਿੰਘ ਨੂੰ ਜੋ ਸ਼ਨਾਖਤੀ ਕਾਰਡ ਜਾਰੀ ਕੀਤਾ ਜਾਂਦਾ ਹੈ ਉਸ ਅਨੁਸਾਰ ਉਹ ਬਿਨ੍ਹਾਂ ਲਾਇਸੰਸ `ਤੇ ਬਾਕੀ ਹਥਿਆਰਾਂ ਦੇ ਨਾਲ ਬੰਦੂਕ ਵੀ ਰੱਖ ਸਕਦਾ ਹੈ । ਬੇਸ਼ੱਕ ਹਥਿਆਰਾਂ `ਤੇ ਪਾਬੰਦੀ ਅੰਗ੍ਰੇਜ਼ਾਂ ਨੇਂ ਲਗਾਈ ਸੀ ਪਰ ਭਾਰਤੀ ਹੁਕਮਰਾਨ ਵੀ ਅੰਗ੍ਰੇਜ਼ਾਂ ਦੇ ਬਣਾਏ ਕਾਨੂੰਨਾਂ ਅਨੁਸਾਰ ਹੀ ਦੇਸ਼ ਨੂੰ ਅੱਜ ਤੱਕ ਚਲਾ ਰਹੇ ਹਨ।
ਸਿੱਖ ਕੌਮ ਜਿਸਨੇ ਅੰਗ੍ਰੇਜ਼ਾਂ ਦੀ ਗੁਲਾਮੀ ਨਹੀਂ ਸੀ ਮੰਨੀ ਅਤੇ ਭਾਰਤ ਵਲੋਂ ਸੰਘੀ ਢਾਂਚਾ ਲਾਗੂ ਕਰਨ ਦੇ ਵਿਸ਼ਵਾਸ ਦਿਵਾਉਣ `ਤੇ ਭਾਰਤ ਵਿੱਚ ਸ਼ਾਮਲ ਹੋਏ ਸਨ ਪਰ ਜਦੋਂ ਭਾਰਤ ਸਰਕਾਰ ਸਿੱਖਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰੀ ਤਾਂ ਸਿੱਖਾਂ ਦੀਆਂ ਵਾਜਬ ਹੱਕੀ ਮੰਗਾਂ ਲਈ ਲੱਗੇ ਧਰਮ ਯੁੱਧ ਮੋਰਚੇ ਦੌਰਾਣ ਆਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਗਿਆ ਸੀ ਉਸ ਸਮੇਂ ਦੀ ਅੱਜ ਵੀ ਜਿਊਂਦੀ ਅਕਾਲੀ ਅਤੇ ਸਿੱਖ ਲੀਡਰਸ਼ਿਪ ਨੂੰ ਯਾਦ ਹੋਵੇਗਾ ਕਿ ਉਨਾਂ ਨੇਂ ਹੀ ਇਸ ਮਤੇ ਵਿੱਚ ਇੱਕ ਮਤਾ ਪਾਸ ਕੀਤਾ ਸੀ ਕਿ ਹਰੇਕ ਸਿੱਖ ਨੂੰ ਭਾਰਤ ਵਿੱਚ ਕਿਤੇ ਵੀ ਬਿਨਾਂ ਲਾਈਸੰਸ ਤੋਂ 12 ਬੋਰ ਦੀ ਬੰਦੂਕ ਤੋਂ ਲੈ ਕੇ ਕਾਰਬਾਈਨ ਤੱਕ ਰੱਖਣ ਦਾ ਹੱਕ ਮਿਲੇ ਪਰ ਅਫ਼ਸੋਸ ਅੱਜ ਇਹੀ ਲੀਡਰਸ਼ਿਪ ਸਿਕਲੀਗਰ ਸਿੱਖਾਂ ਨੂੰ ਕੁਰਾਹੇ ਪਾ ਰਹੀ ਹੈ ਕਿ ਹਥਿਆਰ ਬਨਾਉਣੇ ਛੱਡ ਦਿਉ । ਸ਼ਾਇਦ ਅਜਿਹੀ ਲੀਡਰਸ਼ਿਪ ਦੇ ਦੋਗਲੇ ਕਿਰਦਾਰ ਨੂੰ ਪਛਾਣਦੇ ਹੋਏ 20ਵੀਂ ਸਦੀ ਦੇ ਮਹਾਨ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਕਹਿੰਦੇ ਹੁੰਦੇ ਸਨ `` ਸਿੰਘੋ ! ਹਰਿਗੋਬਿੰਦ ਪਾਤਸ਼ਾਹ ਨੇ ਕੇਹੜਾ ਜਹਾਂਗੀਰ ਕੋਲੋਂ ਅਤੇ ਦਸ਼ਮੇਸ਼ ਪਿਤਾ ਜੀ ਨੇ ਕੇਹੜਾ ਅੌਰੰਗੇ ਤੋਂ ਹਥਿਆਰਾਂ ਦੇ ਲਾਇਸੰਸ ਲਏ ਸਨ ਇਸ ਲਈ ਵਧੀਆ ਤੋਂ ਵਧੀਆ ਹਥਿਆਰ ਤਾਅਬੇ ਰੱਖੋ ਪਰ ਯਾਦ ਰੱਖਣਾ ਹਥਿਆਰ ਰੱਖ ਕੇ ਕਿਸੇ ਦੀ ਧੀ-ਭੈਣ ਵੱਲ ਮਾੜੀ ਨਿਗਾਹ ਨਾਲ ਨਹੀਂ ਤੱਕਣਾ , ਕਿਤੇ ਚੋਰੀ-ਡਾਕਾ ਨਹੀਂ ਮਾਰਨਾ , ਕਿਤੇ ਨਜਾਇਜ਼ ਕਬਜ਼ਾ ਨਹੀਂ ਕਰਨਾ `` ।
ਹਥਿਆਰ ਰੱਖਣ ਦੇ ਮਾਮਲੇ `ਚ ਭਾਰਤ ਵਿੱਚ ਅੱਜਤਕ ਸਭ ਤੋਂ ਵੱਧ ਝੂਠੇ ਕੇਸ ਸਿੱਖਾਂ ਅਤੇ ਹੋਰ ਘੱਟ ਗਿਣਤੀ ਕੌਮਾਂ `ਤੇ ਹੀ ਬਣਾਏ ਗਏ ਹਨ ਪਰ ਭਾਰਤ `ਤੇ ਰਾਜ ਕਰਨ ਵਾਲੇ ਅਯੋਕੇ ਹਿੰਦੂ ਹੁਕਮਰਾਨ ਸ਼ਾਇਦ ਆਪਣੇ ਇਤਿਹਾਸ ਨੂੰ ਭੁੱਲ ਗਏ ਹਨ ਅੱਜ ਵੀ ਇੰਨ੍ਹਾ ਦੇ ਦੇਵੀ ਦੇਵਤਿਆਂ ਦੀਆਂ ਕਾਲਪਨਿਕ ਤਸਵੀਰਾਂ , ਮੂਰਤੀਆਂ ਵਿੱਚ ਇੰਨ੍ਹਾਂ ਨੂੰ ਤ੍ਰਿਸ਼ੂਲ , ਕਟਾਰ , ਗਦਾ , ਤੀਰ ਕਮਾਨ , ਕੁਹਾੜੇ ਨਾਲ ਦਿਖਾਇਆ ਜਾਂਦਾ ਹੈ। ਕਿਤੇ ਵੀ ਇੰਨ੍ਹਾਂ ਦੇ ਦੇਵਤਿਆਂ ਵਲੋਂ ਪਿਸਤੋਲ , ਬੰਦੂਕ ਰੱਖਣ ਦਾ ਇਤਿਹਾਸਕ ਪ੍ਰਮਾਣ ਨਹੀਂ ਮਿਲਦਾ ਪਰ ਸਿੱਖ ਅਤੇ ਗੁਰੂ ਸਾਹਿਬਾਨ ਅਜਿਹੀ ਕਿਸਮ ਦੇ ਬਾਰੂਦੀ ਹਥਿਆਰ ਵੀ ਰੱਖਦੇ ਰਹੇ ਹਨ। ਅੰਗ੍ਰੇਜ਼ਾਂ ਵਲੋਂ `` ਇੰਡੀਅਨ ਆਰਮਜ਼ ਐਕਟ `` ਤਹਿਤ ਕ੍ਰਿਪਾਨ ਰੱਖਣ ਦੀ ਛੋਟ ਕੇਵਲ ਸਿੱਖਾਂ ਨੂੰ ਮਿਲੀ ਸੀ ਬਲਕਿ ਹੋਰ ਕਿਸੇ ਵੀ ਕੌਮ ਨੂੰ ਨਹੀਂ ਇਹੀ ਕਾਨੂੰਨ ਅੱਜ ਤੱਕ ਲਾਗੂ ਹੈ ਪਰ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਹਿੰਦੂ ਸੰਸਥਾਵਾਂ ਦੇ ਨਾਗੇ ਸਾਧੂ , ਆਚਾਰੀਆ , ਅਖਾੜਿਆਂ ਦੇ ਮਹੰਤਾਂ ਅਤੇ ਉਨਾਂ ਦੇ ਚੇਲਿਆਂ ਨੂੰ ਅਕਸਰ ਕੁੰਭ ਅਤੇ ਹੋਰ ਹਿੰਦੂ ਮੇਲਿਆਂ `ਤੇ ਤ੍ਰਿਸ਼ੂਲ , ਕ੍ਰਿਪਾਨਾਂ , ਟੱਕੂਏ ਆਦਿਕ ਹੋਰ ਹਥਿਆਰਾਂ ਦਾ ਪ੍ਰਦਰਸ਼ਲ ਖੁੱਲ ਕੇ ਕਰਦੇ ਹਨ ਦੇਖਿਆ ਜਾ ਸਕਦਾ ਹੈ ਉਹ ਆਪਣੇ ਡੇਰਿਆਂ ਅਤੇ ਅਖਾੜਿਆਂ `ਤੇ ਅਜਿਹੇ ਹਥਿਆਰ ਵੱਡੀ ਪੱਧਰ `ਤੇ ਰੱਖਦੇ ਵੀ ਹਨ।
ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁਖੀ ਪ੍ਰਵੀਨ ਤੋਗੜੀਆ ਲੱਖਾਂ ਦੀ ਗਿਣਤੀ ਵਿੱਚ ਤ੍ਰਿਸ਼ੂਲ ਕਿਸ ਕਾਨੂੰਨ ਤਹਿਤ ਵੰਡ ਚੁੱਕੇ ਹਨ `` ਸੰਘ ਪਰਿਵਾਰ `` ਅਕਸਰ ਪਿਸਤੋਲਾਂ , ਬੰਦੂਕਾਂ ਅਤੇ ਹੋਰ ਮਾਰੂ ਹਥਿਆਰਾਂ ਦਾ ਪ੍ਰਦਰਸ਼ਨ ਕਰਦਾ ਹੀ ਰਹਿੰਦਾ ਹੈ । ਹੋਰ ਤੇ ਹੋਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਦੀਆਂ ਪਿਸਤੋਲ ਬੰਦੂਕਾਂ ਅਤੇ ਹੋਰ ਮਾਰੂ ਹਥਿਆਰਾਂ ਦੀ ਪੂਜਾ ਕਰਦਿਆਂ ਦੀਆਂ ਤਸਵੀਰਾਂ ਕਈ ਵਾਰ ਸ਼ੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ `ਤੇ ਨਸ਼ਰ ਹੋ ਚੁੱਕੀਆਂ ਹਨ। ਦੇਸ਼ ਦੀਆਂ ਬਹੁਤ ਸਾਰੀਆਂ ਅਖ਼ਬਾਰਾਂ ਵਿੱਚ ਇਹ ਰਿਪੋਰਟਾਂ ਆ ਚੁੱਕੀਆਂ ਹਨ ਕਿ ਉਤਰ ਪ੍ਰਦੇਸ਼ , ਮੱਧ ਪ੍ਰਦੇਸ਼ , ਬਿਹਾਰ , ਮਹਾਰਾਸ਼ਟਰ , ਸਮੇਤ ਕਈ ਰਾਜਾਂ ਵਿੱਚ ਨਜਾਇਜ਼ ਹਥਿਆਰਾਂ ਦੀਆਂ ਫੈਕਟਰੀਆਂ ਹਨ ਜਿਸਨੂੰ ਹਿੰਦੂ ਚਲਾਉਂਦੇ ਹਨ। ਇੰਨ੍ਹਾਂ ਰਾਜਾਂ ਦੇ ਖਾਸ ਕਰ ਪਿੰਡਾਂ `ਚ ਰਹਿਣ ਵਾਲੇ ਬਹੁ ਗਿਣਤੀ ਨਾਗਰਿਕਾਂ ਕੋਲ ਦੇਸੀ ਕੱਟੇ (ਤਮੰਚਾ) ਵਰਕੇ ਨਜਾਇਜ਼ ਹਥਿਆਰ ਹਨ ਪਰ ਕਦੇ ਵੀ ਭਾਰਤ ਦੇ ਕਿਸੇ ਰਾਜਨੀਤਿਕ ਪਾਰਟੀ ਜਾਂ ਲੀਡਰ ਨੂੰ ਇੰਨ੍ਹਾਂ ਨੂੰ ਜ਼ਰਾਇਮ ਪੇਸ਼ਾ ਹੋਣ ਦਾ ਸਰਟੀਫਿਕੇਟ ਨਹੀਂ ਦਿੱਤਾ । ਜਦੋਂ ਵੀ ਇੰਨ੍ਹਾਂ ਰਾਜਾਂ ਵਿੱਚ ਫਿਰਕੂ ਫ਼ਸਾਦ , ਬਲਾਤਕਾਰ , ਡਾਕੇ , ਲੁੱਟ-ਖੋਹ ਆਦਿ ਹੁੰਦੀ ਹੈ ਤਾਂ ਇੰਨ੍ਹਾ ਨਜਾਇਜ਼ ਹਥਿਆਰਾਂ ਨਾਲ ਹੀ ਇੰਨ੍ਹਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਸਿਕਲੀਗਰ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਹਿਣ ਵਾਲੀ ਭਾਰਤੀ ਹਕੂਮਤ ਨੂੰ ਚਾਹੀਦਾ ਹੈ ਕਿ ਪੂਰੇ ਭਾਰਤ ਵਿੱਚ ਹਥਿਆਰਾਂ ਸਬੰਧੀ ਸਰਵੇਖਣ ਕਰਵਾਏ ਕਿ ਇਥੇ ਹਿੰਦੂ, ਸਿੱਖ , ਇਸਾਈ , ਮੁਸਲਮਾਨ ਅਤੇ ਹੋਰ ਕਿਸੇ ਵੀ ਕੌਮ ਕੋਲ ਕਿੰਨ੍ਹਾਂ ਲਾਈਸੰਸੀ ਜਾਂ ਨਜਾਇਜ਼ ਅਸਲਾ ਹੈ ਤਾਂ ਆਪੇ ਸੱਚ ਸਾਹਮਣੇ ਆ ਜਾਵੇਗਾ ਕਿ ਅਸਲ `ਚ ਜ਼ਰਾਇਮ ਪੇਸ਼ਾ ਕੌਣ ਹਨ। ਭਾਰਤ ਨੂੰ ਗੁਲਾਮ ਬਨਾਉਣ ਵਾਲੇ ਅੰਗ੍ਰੇਜ਼ਾਂ ਵਲੋਂ ਹਥਿਆਰਾਂ ਸਬੰਧੀ ਕਾਨੂੰਨ ਨੂੰ ਭਾਰਤੀ ਹੁਕਮਰਾਨ ਕੇਵਲ ਸਿੱਖਾਂ ਅਤੇ ਘੱਟ ਗਿਣਤੀ ਕੌਮਾਂ ਨੂੰ ਦਬਾਉਣ ਲਈ ਵਰਤ ਰਹੀ ਹੈ ਪਰ ਖੁਦ ਇਹ ਕਾਨੂੰਨ ਮੰਨਣ ਤੋਂ ਇਨਕਾਰੀ ਹੈ । ਜਦਕਿ ਅੰਗ੍ਰੇਜ਼ਾਂ ਦੇ ਅਮਰੀਕ , ਕੈਨੇਡਾ ਵਰਗੇ ਯੂਰਪੀਅਨ ਦੇਸ਼ਾਂ ਵਿੱਚ ਕਿਸੇ ਵੀ ਕੌਮ ਦਾ ਭਾਵੇਂ ਉਹ ਹਿੰਦੂ ਹੀ ਕਿਉਂ ਨਾ ਹੋਵੇ ਬਿਨਾਂ ਲਾਈਸੰਸ ਦੇ ਸਿਟੀਜ਼ਨਸ਼ਿਪ ਜਾਂ ਸ਼ਨਾਖਤੀ ਕਾਰਡ ਦਿਖਾ ਕੇ ਹਥਿਆਰ ਮੁੱਲ ਲੈ ਕੇ ਰੱਖ ਸਕਦਾ ਹੈ ਇਥੋਂ ਤੱਕ ਕਿ ਜੇਕਰ ਕੋਈ ਪਹਿਲਾਂ ਨਾਲੋਂ ਵਧੀਆ ਜਾਂ ਵੱਖਰੀ ਕਿਸਮ ਦੇ ਹਥਿਆਰ ਦੀ ਖੋਜ਼ ਕਰੇ ਤਾਂ ਅੰਗ੍ਰੇਜ਼ ਤੁਰੰਤ ਹੀ ਉਕਤ ਹਥਿਆਰ ਉਸਦੇ ਨਾਂਅ ਪੈਟੰਟ ਕਰਕੇ ਹੋਰ ਅਜਿਹੇ ਹਥਿਆਰ ਬਨਾਉਣ ਲਈ ਉਦਯੋਗ ਵੀ ਲਗਾ ਕੇ ਦਿੰਦੇ ਹਨ। ਚਾਹੀਦਾ ਇਹ ਸੀ ਕਿ ਆਨੰਦਪੁਰ ਮਤੇ ਅਨੁਸਾਰ 12 ਬੋਰ ਤੋਂ ਲੈ ਕੇ ਕਾਰਬਾਈਨ ਤੱਕ ਬਿਨਾਂ ਲਾਈਸੰਸ ਤੋਂ ਹਥਿਆਰ ਰੱਖਣ ਦੀ ਮੰਗ ਕਰਨ ਵਾਲੀ ਸਿੱਖ ਲੀਡਰਸ਼ਿਪ ਸੱਤਾ `ਚ ਆਉਣ ਸਮੇਂ ਪੰਜਾਬ ਵਿੱਚ ਆਪ ਇਹ ਕਾਨੂੰਨ ਪਾਸ ਕਰਕੇ ਪਹਿਲ ਕਰਦੀ ਪਰ ਅਫ਼ਸੋਸ ਸੱਤਾ ਦਾ ਸੁੱਖ ਮਾਣਦੇ ਹੋਏ ਸਿੱਖ ਲੀਡਰਸ਼ਿਪ ਆਨੰਦਪੁਰ ਸਾਹਿਬ ਦਾ ਮਤਾ ਪੂਰੀ ਤਰ੍ਹਾਂ ਭੁੱਲ ਚੁੱਕੀ ਹੈ। ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਜੋ ਹਜ਼ਾਰਾਂ ਦੀ ਗਿਣਤੀ ਵਿੱਚ ਛੋਟੀਆਂ ਕ੍ਰਿਪਾਨਾਂ ਜੋ ਘਟੀਆ ਕਿਸਮ ਦੀਆਂ ਹੁੰਦੀਆਂ ਹਨ ਲੈ ਕੇ ਅੰਮ੍ਰਿਤ ਛਕਾਉਣ ਸਮੇਂ ਮੁਫ਼ਤ ਵੰਡਦੀ ਹੈ ਉਹ ਸਿਕਲੀਗਰ ਸਿੱਖਾਂ ਨੂੰ ਜੋ ਵਧੀਆ ਕ੍ਰਿਪਾਨਾਂ ਬਨਾਉਂਦੇ ਹਨ ਨੂੰ ਉਦਯੋਗ ਲਗਾ ਕੇ ਦੇਵੇ । ਜੰਮੂ ਵਾਂਗ ਪੰਜਾਬ ਵਿੱਚ ਵੀ ਸਿਕਲੀਗਰ ਸਿੱਖਾਂ ਨੂੰ ਹਥਿਆਰ ਬਨਾਉਣ ਦੇ ਲਾਈਸੰਸ ਦਿਵਾ ਕੇ ਉਦਯੋਗ ਸਥਾਪਿਤ ਕਰਵਾਉਣ ਤਾਂ ਕਿ ਇਹ ਆਪਣੇ ਪਿਤਾ ਪੁਰਖੀ ਧੰਦੇ ਨਾਲ ਜੁੜੇ ਰਹਿ ਕੇ ਸਮਾਜਿਕ ਜੀਵਣ ਪੱਧਰ ਉਚਾ ਚੁੱਕ ਸਕਣ ।
ਸਿਕਲੀਗਰ ਸਿੱਖਾਂ `ਤੇ ਦੇਸੀ ਸ਼ਰਾਬ ਕੱਢਣ ਦਾ ਦੌਸ਼ :-
ਸਿਕਲੀਗਰ ਭਰਾਵਾਂ ਨੂੰ ਜ਼ਰਾਇਮ ਪੇਸ਼ਾ ਸਾਬਿਤ ਕਰਨ ਲਈ ਇਹ ਦੂਜ਼ਾ ਵੱਡਾ ਇਲਜ਼ਾਮ ਲਗਾਇਆ ਜਾਂਦਾ ਹੈ ਜਦਕਿ ਕੋਈ ਵਿਰਲਾ ਟਾਵਾਂ ਹੀ ਇੰਨ੍ਹਾਂ ਵਿਚੋਂ ਇਹ ਕੰਮ ਕਰਦਾ ਹੈ । ਇੰਨ੍ਹਾਂ ਲਈ ਭਲਾਈ ਕਾਰਜ਼ ਕਰਦਿਆਂ ਮੇਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਦੇ ਰਹਿਤਨਾਮੇ ਅਨੁਸਾਰ ਇਹ ਪਰਾਈ ਨਾਰ , ਜੂਆ , ਝੂਠ , ਚੋਰੀ , ਸ਼ਰਾਬ ਪੀਣ ਵਰਗੇ ਪੰਜ ਐਬਾਂ ਤੋਂ ਪੂਰੀ ਤਰ੍ਹਾਂ ਮੁਕਤ ਹਨ। ਇੰਨ੍ਹਾਂ ਦੇ ਇੱਕ ਬਜ਼ੁਰਗ ਵਲੋਂ ਦੱਸਣ ਅਨੁਸਾਰ ਗੁਰੂ ਪਿਤਾ ਜੀ ਦਾ ਹੁਕਮ :- ਪਰ ਨਾਰੀ , ਜੂਆ , ਅਸੱਤ , ਚੋਰੀ , ਮੱਦਿਰਾ ਪਾਣ , ਪਾਂਚ ਐਬ ਇਹ ਜਗਤ ਮਹਿ ਤਜੈ ਸੋ ਸਿੰਘ ਸੁਜਾਨ `` ਪੂਰੀ ਤਰ੍ਹਾਂ ਦ੍ਰਿੜ ਹੈ ਅਤੇ ਆਪਣੀ ਅੌਲਾਦ ਨੂੰ ਵੀ ਇਸ ਅਨੁਸਾਰ ਚੱਲਣ ਦੀ ਪ੍ਰੇਰਣਾ ਦਿੰਦੇ ਹਨ ਇਹ ਜਾਣਦੇ ਹਨ ਕਿ ਹਰੇਕ ਨਸ਼ਾ ਗੁਰਮੱਤ ਅਨੁਸਾਰ ਵਰਜਿਤ ਹੈ ਫਿਰ ਵੀ ਆਟੇ `ਚ ਲੂਣ ਬਰਾਬਰ ਇੰਨ੍ਹਾਂ ਵਿਚੋਂ ਕੋਈ ਇੱਕ ਅੱਧ ਗਰੀਬੀ ਵੱਸ ਇਹ ਧੰਦਾ ਕਰਦਾ ਵੀ ਹੈ ਤਾਂ ਇਸ ਨਾਲ ਸਾਰਾ ਭਾਈਚਾਰਾ ਜ਼ਰਾਇਮ ਪੇਸ਼ਾ ਨਹੀ ਬਣ ਜਾਂਦਾ । ਇੰਨ੍ਹਾਂ ਨੂੰ ਜ਼ਰਾਇਮ ਪੇਸ਼ਾ ਕਹਿਣ ਵਾਲਿਆਂ ਨੂੰ ਕਦੇ ਵੀ ਇਹ ਪੜਚੋਲ ਨਹੀਂ ਕੀਤੀ ਕਿ ਇਹ ਧੰਦਾ ਇੰਨ੍ਹਾਂ ਤੋਂ ਕੌਣ ਕਰਵਾ ਰਿਹਾ ਹੈ । ਅਸਲ ਵਿੱਚ ਇਸ ਧੰਦੇ ਪਿੱਛੇ ਵੀ ਵੱਡੇ ਸ਼ਰਾਬ ਮਾਫੀਆ ਹਨ ਪਰ ਹਕੂਮਤਾਂ ਕਦੇ ਵੀ ਵੱਡੇ ਮਗਰਮੱਛਾਂ ਨੂੰ ਹੱਥ ਨਹੀਂ ਪਾਉਂਦੀਆਂ । ਮੀਡੀਆ ਰਿਪੋਰਟਾਂ ਅਨੁਸਾਰ ਗੋਆ ਅਤੇ ਦੱਖਣੀ ਭਾਰਤ `ਚ ਇਸਾਈ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਕੱਚੀ ਸ਼ਰਾਬ ਕੱਢਕੇ ਵੇਚਦੇ ਹਨ ਅਤੇ ਮੇਰੇ ਇਲਾਕੇ ਨੇੜਲੇ ਪਿੰਡਾਂ ਕੋਟਲਾ ਨਵਾਬ , ਦੁੰਬੀਵਾਲ , ਖ਼ਤੀਬ , ਸ਼ਾਮਪੁਰਾ , ਹਸਨਪੁਰਾ , ਕੁਤਬੀਨੰਗਲ , ਸ਼ੁਗਰ ਮਿੱਲ , ਗਿੱਲਾਂਵਾਲੀ , ਭਾਗੋਵਾਲ ਆਦਿ ਪਿੰਡਾਂ ਵਿੱਚ ਇਸਾਈ ਭਾਈਚਾਰੇ ਦੇ ਲੋਕ ਸ਼ਰਾਬ ਕੱਢਦੇ ਹਨ ਅਤੇ ਅੱਗੋਂ ਹਿੰਦੂ ਭਾਈਚਾਰੇ ਦੇ ਲੋਕ ਗਾਂਧੀ ਨਗਰ ਕੈਂਪ , ਚੰਦਰ ਨਗਰ , ਵੱਡਾ ਦਰਵਾਜ਼ਾ , ਗਾਉਂਸਪੁਰਾ , ਈਸਾ ਨਗਰ , ਖਜ਼ੂਰੀ ਗੇਟ , ਪ੍ਰੇਮ ਨਗਰ , ਬੈਂਕ ਕਲੌਨੀ ਆਦਿ ਵਿੱਚ ਵੇਚਦੇ ਹਨ। ਮੁੰਬਈ , ਗੁਜ਼ਰਾਤ , ਬਿਹਾਰ , ਉਤਰ ਪ੍ਰਦੇਸ਼ , ਰਾਜਸਥਾਨ , ਦਿੱਲੀ ਆਦਿ ਵੱਡੇ ਮਹਾਂਨਗਰਾਂ ਵਿੱਚ ਹਿੰਦੂ ਭਾਈਚਾਰੇ ਦੇ ਲੋਕ ਸ਼ਰਾਬ ਕੱਢ ਕੇ ਵੇਚਦੇ ਹਨ ਪਰ ਕਦੇ ਵੀ ਇੰਨ੍ਹਾਂ ਨੂੰ ਜ਼ਰਾਇਮ ਪੇਸ਼ਾ ਨਹੀਂ ਕਿਹਾ ਗਿਆ ।
ਭਾਰਤੀ ਅਧਿਨਿਯਮ ਐਨ.ਡੀ.ਪੀ.ਐਸ ਐਕਟ ਅਤੇ ਆਬਕਾਰੀ (ਐਕਸਾਇਜ਼) ਐਕਟ ਤਹਿਤ ਹਰੇਕ ਪ੍ਰਕਾਰ ਦਾ ਨਸ਼ਾ ਬਨਾਉਣ ਅਤੇ ਵੇਚਣ `ਤੇ ਪਾਬੰਦੀ ਹੈ ਪਰ ਭਾਰਤ ਸਰਕਾਰ ਆਪ ਸ਼ਰਾਬ , ਅਫ਼ੀਮ , ਭੁੱਕੀ ਅਤੇ ਭੰਗ ਦੇ ਠੇਕੇ ਖੋਲਦੀ ਹੈ। ਸਰਕਾਰਾਂ ਆਪ ਨਸ਼ੇ ਬਣਾ ਕੇ ਵੇਚਣ ਤਾਂ ਸਮਾਜ ਭਲਾਈ ਅਤੇ ਜੇਕਰ ਲੋਕ ਅਜਿਹੇ ਧੰਦੇ ਕਰਨ ਤਾਂ ਕਿਵੇਂ ਜ਼ੁਰਮ ਹੋ ਗਿਆ ਹੋਰ ਤਾਂ ਹੋਰ ਉਤਰੀ ਭਾਰਤ ਦੇ ਹਿੰਦੂ ਮੱਠਾਂ ਅਤੇ ਸਾਧੂ ਸਨਿਆਸੀਆਂ ਦੇ ਅਖਾੜਿਆਂ ਵਿੱਚ ਨਸ਼ਿਆਂ ਦੀ ਵਰਤੋਂ ਵੱਡੀ ਪੱਧਰ `ਤੇ ਹੋ ਰਹੀ ਹੈ । ਕੁੰਭ ਅਤੇ ਹੋਰ ਹਿੰਦੂ ਮੇਲਿਆਂ `ਤੇ ਇੰਨ੍ਹਾਂ ਸਾਧੂ ਸਨਿਆਸੀਆਂ ਨੂੰ ਗਾਂਜਾ , ਅਫ਼ੀਮ , ਭੰਗ ,ਚਰਸ , ਸ਼ਰਾਬ ਅਤੇ ਭੁੱਕੀ ਦੀ ਵਰਤੋਂ ਕਰਦਿਆਂ ਆਮ ਹੀ ਦੇਖਿਆ ਜਾ ਸਕਦਾ ਹੈ । ਇੱਕ ਮੀਡੀਆ ਰਿਪੋਰਟ ਅਨੁਸਾਰ ਰੋਜ ਹੀ ਟਨਾਂ ਦੇ ਹਿਸਾਬ ਨਾਲ ਇੰਨ੍ਹਾਂ ਨੂੰ ਅਜਿਹੇ ਨਸ਼ਿਆਂ ਦੀ ਸਪਲਾਈ ਕੀਤੀ ਜਾਂਦੀ ਹੈ । ਇੰਡੀਅਨ ਐਕਸਪਰੈਸ ਅਨੁਸਾਰ ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਸੰਸਥਾ ਏਮਜ਼ (ਆਲ ਇੰਡੀਆ ਮੈਡੀਕਲ ਇੰਸੀਚਿਊਟ) ਨੇਂ ਖੁਲਾਸਾ ਕੀਤਾ ਹੈ ਕਿ ਹਿੰਦੂ ਸੰਸਥਾਵਾਂ ਦੇ 70 ਪ੍ਰਤੀਸ਼ਤ ਤੋਂ ਵੱਧ ਸਾਧੂ ਸਨਿਆਸੀ ਨਸ਼ਾ ਕਰਦੇ ਹਨ ਅਤੇ ਹੋਰ ਨੌਜਾਵਾਨਾਂ ਨੂੰ ਵੀ ਉਤਸ਼ਾਹਤ ਕਰਦੇ ਹਨ। ਕੀ ਕਦੇ ਭਾਰਤੀ ਹਕੂਮਤ ਨੇ ਇੰਨ੍ਹਾਂ ਨੂੰ ਜ਼ਰਾਇਮ ਪੇਸ਼ਾ ਹੋਣ ਦਾ ਖ਼ਿਤਾਬ ਦਿੱਤਾ ? ਫਿਰ ਕਿਉਂ ਸਿਕਲੀਗਰਾਂ ਵਿਚੋਂ ਵਿਰਲੇ ਟਾਂਵੇ ਵਲੋਂ ਸ਼ਰਾਬ ਮਾਫ਼ੀਆ ਨੂੰ ਸ਼ਰਾਬ ਕੱਢ ਕੇ ਦੇਣ `ਤੇ ਪੂਰੇ ਸਿਕਲੀਗਰ ਕੌਮ ਨੂੰ ਜ਼ਰਾਇਮ ਪੇਸ਼ਾ ਕਰਾਰ ਦਿੱਤਾ ਗਿਆ । ਭਾਰਤ ਦੀ ਅਜ਼ਾਦੀ ਤੋਂ 70 ਸਾਲ ਬਾਅਦ ਵੀ ਅੱਜ ਤੱਕ ਕਿਸੇ ਵੀ ਭਾਰਤੀ ਹੁਕਮਰਾਨ ਨੇ ਇੰਨ੍ਹਾਂ ਦੀ ਆਰਥਿਕ, ਵਿਦਿਅਕ , ਅੌਰਤਾਂ ਦੀ ਪਰਿਵਾਰਕ ਹਾਲਤ ਅਤੇ ਸਮਾਜਿਕ ਜੀਵਣ ਨੂੰ ਸਮਝਣ ਦਾ ਕੋਈ ਯਤਨ ਨਹੀਂ ਕੀਤਾ ਅਤੇ ਨਾਂ ਹੀ ਇੰਨ੍ਹਾਂ ਨੂੰ ਇੰਨ੍ਹਾਂ ਦੇ ਮੌਲਿਕ ਅਧਿਕਾਰ ਦਿੱਤੇ ! ਆਉ ਇਹਨਾਂ ਨੂੰ ਜ਼ਰਾਇਮ ਪੇਸ਼ਾ ਕਹਿਣ ਦੀ ਬਜਾਏ ਇੰਨ੍ਹਾਂ ਦੇ ਆਰਥਿਕ , ਵਿਦਿਅਕ , ਸਮਾਜਿਕ , ਰਾਜਨੀਤਿਕ ਅਤੇ ਪਰਿਵਾਰਕ ਹਾਲਤ ਨੂੰ ਸਮਝਣ ਦਾ ਉਪਰਾਲਾ ਕਰੀਏ।
ਸਿਕਲੀਗਰ ਵੀਰਾਂ ਦੀ ਆਰਥਿਕ ਹਾਲਤ :-
ਸਿਕਲੀਗਰਾਂ ਦੀ ਆਰਥਿਕ ਹਾਲਤ ਬਹੁਤ ਹੀ ਮਾੜੀ ਹੈ। ਇਹ ਆਮ ਕਰਕੇ ਰੋਜ਼ਾਨਾਂ ਘਰੇਲੂ ਵਰਤੋਂ ਵਿੱਚ ਆਉਣ ਵਾਲੇ ਤਰਖਾਣਾਂ ਅਤੇ ਰਾਜ ਮਿਸਤਰੀਆਂ ਦੇ ਲੋਹੇ ਦੇ ਸੰਦ ਆਦਿ ਤਿਆਰ ਕਰ ਰਹੇ ਹਨ ਇਸ ਕੰਮ ਵਿੱਚ ਇਹਨਾਂ ਦੀਆਂ ਅੌਰਤਾਂ ਅਤੇ ਬੱਚੇ ਵੀ ਰਾਤ ਦਿਨ ਇੰਨ੍ਹਾਂ ਨਾਲ ਕੰਮ ਵਿੱਚ ਹੱਥ ਵਟਾਉਂਦੇ ਹਨ। ਪੂਰੀ ਤਰ੍ਹਾਂ ਅਨਪੜ੍ਹ ਹੋਣ ਕਰਕੇ ਇੰਨ੍ਹਾਂ ਨੂੰ ਅਜੇ ਤੱਕ ਇਸ ਗੱਲ ਦਾ ਵੀ ਗਿਆਨ ਨਹੀਂ ਕਿ ਸਮਾਨ ਬਨਾਉਣ `ਤੇ ਕਿੰਨੀ ਲਾਗਤ ਆਉਂਦੀ ਹੈ ਅਤੇ ਵੇਚਣਾ ਕਿੰਨੇ ਦਾ ਹੈ । ਇਹ ਆਮ ਕਰਕੇ ਬਾਂਸਾ , ਕਾਨਿਆਂ ਦੇ ਛੱਪਰਾਂ ਵਾਲੇ ਕੱਚੇ ਮਕਾਨਾਂ ਵਿੱਚ ਰਹਿੰਦੇ ਹਨ। ਇਹਨਾਂ ਕੋਲ ਬਿਜਲੀ ਪਾਣੀ ਅਤੇ ਸਿਹਤ ਸਹੂਲਤਾਂ ਨਾਂਹ ਦੇ ਬਰਾਬਰ ਹਨ । ਬਿਮਾਰੀ ਜਾਂ ਕਿਸੇ ਹੋਰ ਮੁਸੀਬਤ ਸਮੇਂ ਇਹ ਅਕਸਰ ਸਥਾਂਨਕ ਅਮੀਰ ਲੋਕਾਂ ਕੋਲੋਂ ਵਿਆਜ਼ੀ ਪੈਸੇ ਲੈ ਲੈਂਦੇ ਹਨ ਜਿਸਦਾ ਸਾਰੀ ਜਿੰਦਗੀ ਇਹਨਾਂ ਕੋਲੋਂ ਵਿਆਜ਼ ਹੀ ਨਹੀਂ ਉਤੱਰਦਾ । ਇਹਨਾਂ ਦੀ ਰੋਜ਼ਾਨਾ ਖਾਧ-ਖੁਰਾਕ ਵੀ ਅਤਿ ਨੀਵੇਂ ਦਰਜ਼ੇ ਦੀ ਹੈ ਜਿਸ ਕਰਕੇ ਇਨ੍ਹਾਂ ਦੇ ਸਰੀਰ ਨੂੰ ਕੋਈ ਨਾ ਕੋਈ ਬਿਮਾਰੀ ਲੱਗੀ ਰਹਿੰਦੀ ਹੈ। ਇਹਨਾਂ ਵਿਚੋਂ ਬਹੁਤ ਹੀ ਘੱਟ ਖੁਸ਼ ਨਸੀਬ ਹੋਣਗੇ ਜਿੰਨ੍ਹਾਂ ਨੂੰ ਵਿਆਹ ਸ਼ਾਦੀ ਸਮੇਂ ਹੀ ਨਵਾਂ ਕੱਪੜਾ ਪਾਉਣ ਨੂੰ ਮਿਲਿਆ ਹੋਏਗਾ । ਇਹ ਆਮ ਕਰਕੇ ਦਾਨ ਵਿੱਚ ਮਿਲੇ ਕੱਪੜੇ , ਫੜੀ ਬਜ਼ਾਰਾਂ ਵਿਚੋਂ ਪੁਰਾਣੇ ਕੱਪੜੇ ਜਾਂ ਆਪਣੀਆਂ ਬਣਾਈਆਂ ਵਸਤਾਂ ਬਦਲੇ ਘਰਾਂ ਵਿਚੋਂ ਪੁਰਾਣੇ ਕੱਪੜੇ ਲੈ ਕੇ ਪਹਿਣਦੇ ਹਨ ਜੋ ਕਿ ਸੋਨੇ ਅਤੇ ਸੰਗਮਰਮਰ ਦੇ ਗੁਰਦੁਆਰਿਆਂ ਵਾਲੀ ਸਿੱਖ ਕੌਮ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ ।
ਅਯੋਕੇ ਸਮੇਂ ਉਦਯੋਗਿਕ ਮਸ਼ੀਨੀ ਕ੍ਰਾਂਤੀ ਨੇ ਇਹਨਾਂ ਦੇ ਪਿਤਾ ਪੁਰਖੀ ਕੰਮਾਂ ਦੇ ਵਸੀਲੇ ਖੋਹ ਲਏ ਹਨ ਕਿਉਂਕਿ ਹੱਥ ਨਾਲ ਬਨਣ ਵਾਲੀਆਂ ਵਸਤਾਂ ਨਾਲੋਂ ਮਸ਼ੀਨੀ ਵਸਤਾਂ ਵਧੇਰੇ ਸੁੰਦਰ , ਮਜ਼ਬੂਤ ਅਤੇ ਸਸਤੀਆਂ ਹੁੰਦੀਆਂ ਹਨ ਇਸ ਲਈ ਇੰਨ੍ਹਾਂ ਨੂੰ ਹੁਣ ਆਪਣੇ ਗੁਜ਼ਾਰੇ ਲਈ ਗੰਦਗੀ ਭਰੇ ਸੂਰ , ਪਾਲਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਇਹ ਕੰਮ ਵੀ ਇੱਕ ਨੀਤੀ ਤਹਿਤ ਇਹਨਾਂ ਕੋਲੋਂ ਕਰਵਾਇਆ ਜਾ ਰਿਹਾ ਹੈ ਤਾਂ ਜੋ ਇਹਨਾਂ ਨਾਲ ਮੁਸਲਮਾਨ ਨਫ਼ਰਤ ਕਰਨ ਅਤੇ ਇਹ ਮਜ਼ਬੂਰ ਹੋ ਕੇ ਧਰਮ ਤਿਆਗ ਕੇ ਹਿੰਦੂ ਧਰਮ ਦਾ ਅੰਗ ਬਣ ਜਾਣ । ਗੰਦੇ ਸੂਰ ਖਾਣ ਕਰਕੇ ਇਹ ਦਿਨੋ ਦਿਨ ਹੋਰ ਵੀ ਸਰੀਰਕ ਤੌਰ `ਤੇ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਅੱਜ ਜਦੋਂ ਭਾਰਤ ਸਰਕਾਰ ਵਲੋਂ ਵੱਖ ਵੱਖ ਦਸਤਕਾਰੀ ਹੁਨਰ ਜਿਵੇਂ ਪਿੱਤਲ , ਤਾਂਬਾ , ਕੈਂਹ , ਪੱਥਰ , ਬੈਂਤ ਆਦਿ ਨੂੰ ਉਤਸ਼ਾਹਤ ਕਰਨ ਲਈ ਇਹਨਾਂ ਦੇ ਦਸਤਕਾਰਾਂ ਨੂੰ ਵਿਆਜ਼ ਮੁਕਤ ਕਰਜ਼ਾ ਦੇ ਕੇ ਉਦਯੋਗ ਸਥਾਪਿਤ ਕਰਵਾ ਰਹੀ ਹੈ ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹਨਾਂ ਸਿਕਲੀਗਰਾਂ ਨੂੰ ਜ਼ਰਾਇਮ ਪੇਸ਼ਾ ਕਹਿਣ ਦੀ ਬਜਾਏ ਇਨ੍ਹਾਂ ਲਈ ਲੋਹਾ ਹਸਤਸ਼ਿਲਪ ਹੁਨਰ ਕੇਂਦਰ ਸਥਾਪਿਤ ਕਰਵਾਏ ਨਾਲ ਹੀ ਸ਼੍ਰੋਮਣੀ ਕਮੇਟੀ , ਦਿੱਲੀ ਕਮੇਟੀ ਨੂੰ ਚਾਹੀਦਾ ਹੈ ਕਿ ਇਹਨਾਂ ਸਿਕਲੀਗਰਾਂ ਨੂੰ ਗੰਦੇ ਸੂਰ ਪਾਲਣ ਦੀ ਬਜਾਏ ਮੱਝਾਂ ਗਾਵਾਂ ਦੇ ਕੇ ਡੇਅਰੀ ਫਾਰਮਿੰਗ ਦਾ ਧੰਦਾ ਸ਼ੁਰੂ ਕਰਵਾਏ ਇਸ ਨਾਲ ਸ਼੍ਰੋਮਣੀ ਕਮੇਟੀ , ਦਿੱਲੀ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਅਤੇ ਭਾਰਤ ਵਿਚਲੇ ਸਾਰੇ ਗੁਰਦੁਅਰਿਆਂ ਨੂੰ ਕੜਾਹ ਪ੍ਰਸ਼ਾਦਿ ਦੀ ਦੇਗ ਲਈ ਜੋ ਦੇਸੀ ਘਿਉ ਦੀ ਜਰੂਰਤ ਹੁੰਦੀ ਹੈ ਸਿਕਲੀਗਰ ਵੀਰਾਂ ਦੇ ਡੇਅਰੀ ਫਾਰਮ ਧੰਦੇ ਰਾਂਹੀ ਪੂਰੀ ਹੋ ਸਕੇ ਇਸ ਨਾਲ ਜਿੱਥੇ ਸਿਕਲੀਗਰ ਵੀਰ ਸਾਫ਼ ਸੂਥਰਾ ਜੀਵਣ ਬਤੀਤ ਕਰਨਗੇ ਉਥੇ ਬਾਕੀ ਸਿੱਖ ਕੌਮ ਨਾਲ ਵੀ ਇਹਨਾਂ ਦੀ ਨੇੜਤਾ ਹੋਰ ਵੀ ਵਧੇਗੀ ।
ਸਿਕਲੀਗਰ ਵੀਰਾਂ ਦੀ ਵਿਦਿਅਕ ਸਥਿਤੀ :-
ਸਿਕਲੀਗਰ ਵੀਰਾਂ ਦੀ ਵਿਦਿਅਕ ਸਥਿਤੀ ਅਤਿ ਚਿੰਤਾਜਨਕ ਹੈ । ਸਿਕਲੀਗਰ ਭਾਈਚਾਰੇ ਦੇ ਜੀਵਣ ਹਾਲਾਤ ਉਤੇ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਇਕ ਸਿੱਖ ਬੀਬੀ ਹਰਪ੍ਰੀਤ ਕੌਰ ਖੁਰਾਣਾ ਨੇ ਪੀ.ਐਚ.ਡੀ ਵੀ ਕੀਤੀ ਹੈ । ਇਸ ਬੀਬੀ ਨੇ ਸਿਕਲੀਗਰਾਂ ਦੇ ਜੀਵਣ `ਤੇ ਦੋ ਕਿਤਾਬਾਂ `` ਪ੍ਰੰਪਰਾ ਏਂਵ ਪਰਿਵਰਤਨ ਕੇ ਆਇਨੇ ਮੇਂ ਸਿੱਖ ਸਿਕਲੀਗਰ `` ਅਤੇ `` ਸਿੱਖ ਸਿਕਲੀਗਰ ਅਤੀਤ ਕੇ ਜ਼ਰੋਖੇ ਸੇ ਵਰਤਮਾਨ ਤੱਕ `` ਲਿਖੀਆਂ ਹਨ ਜੋ ਸਿੱਖ ਕੌਮ ਨੂੰ ਇੰਨ੍ਹਾਂ ਸਿਕਲੀਗਰਾਂ ਬਾਰੇ ਪੂਰਾ ਗਿਆਨ ਕਰਵਾਉਂਦੀਆਂ ਹਨ। ਬੀਬੀ ਹਰਪ੍ਰੀਤ ਕੌਰ ਖੁਰਾਣਾ ਦੀ ਜਿੰਨ੍ਹਾਂ ਨੇ ਚਿੱਕੜ ਭਰੇ ਮੁਸ਼ਕਿਲ ਰਾਹਾਂ `ਤੇ ਚਲ ਕੇ ਇਹਨਾਂ ਤੱਕ ਪਹੁੰਚ ਕੀਤੀ ਅਨੁਸਾਰ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ 90 ਪ੍ਰਤੀਸ਼ਤ ਸਿਕਲੀਗਰ ਕਦੇ ਸਕੂਲ ਹੀ ਨਹੀਂ ਗਏ ਉਹ ਆਪਣੇ ਦਸਤਖ਼ਤ ਵੀ ਨਹੀਂ ਕਰ ਸਕਦੇ ਬਾਕੀ 10 ਪ੍ਰਤੀਸ਼ਤ ਵਿਚੋਂ ਕੋਈ ਵੀ 5ਵੀਂ ਜਮਾਤ ਤੋਂ ਵੱਧ ਨਹੀਂ ਪੜਿਆ ਅਤੇ ਗਰੈਜੁਏਟ ਤਾਂ ਇਹਨਾਂ ਵਿਚੋਂ ਲੱਭਿਆਂ ਵੀ ਨਹੀਂ ਲੱਭਦੇ ਪਰ ਹੈਰਾਨਗੀ ਦੀ ਗੱਲ ਹੈ ਕਿ ਮੱਧ ਪ੍ਰਦੇਸ਼ ਵਿੱਚ ਸਿਕਲੀਗਰਾਂ ਲਈ ਆਈ.ਟੀ.ਆਈ ਦਾ ਬਹੁਤ ਵੱਡਾ ਤਕਨੀਕੀ ਕਾਲਜ਼ ਖੁੱਲ ਰਿਹਾ ਹੈ । ਅਸਲ ਵਿੱਚ ਇਹ ਵੀ ਇੱਕ ਢੁਕਵੰਜ ਹੈ ਜੋ `` ਸੰਘ ਪਰਿਵਾਰ `` ਦੇ ਜ਼ਰਖਰੀਦ ਟੁੱਕੜਬੋਚ ਡਾ. ਅਮਰਜੀਤ ਭੱਲਾ , ਜਸਬੀਰ ਗਾਂਧੀ , ਮਨਜੀਤ ਰਿਕੂ ਭਾਟੀਆ , ਇੰਦਰਜੀਤ ਖਨੂਜ਼ਾ ਵਰਗਿਆਂ ਨੂੰ ਮਾਇਕ ਫਾਇਦਾ ਪਹੁੰਚਾਉਣ ਲਈ ਹੀ ਹੈ। ਇਸ ਕਾਲਜ਼ ਰਾਂਹੀ ਸਿਕਲੀਗਰਾਂ ਦੀ ਭਲਾਈ ਲਈ ਸਰਕਾਰ ਅਤੇ ਸਿੱਖ ਸੰਗਤਾਂ ਤੋਂ ਪੈਸੇ ਲੈ ਕੇ ਦੁਰ-ਉਪਯੋਗ ਕੀਤਾ ਜਾਵੇਗਾ । ਇਹ ਵੱਡਾ ਸਵਾਲ ਵੀ ਮੂੰਂਹ ਅੱਡੀ ਖੜ੍ਹਾ ਹੈ ਕਿ ਸਿਕਲੀਗਰ ਵੀਰਾਂ ਨੂੰ ਇਸ ਤਕਨੀਕੀ ਕਾਲਜ਼ ਵਿੱਚ ਦਾਖਲਾ ਕਿਵੇਂ ਮਿਲੇਗਾ ਕਿਉਂਕਿ ਸਰਕਾਰੀ ਨਿਯਮਾਂ ਤਹਿਤ ਅਜਿਹੇ ਤਕਨੀਕੀ ਕਾਲਜ਼ਾਂ ਵਿੱਚ ਡਿਪਲੋਮੇ ਲਈ ਦਾਖ਼ਲਾ ਮੈਟ੍ਰਿਕ ਅਤੇ ਡਿਗਰੀ ਲਈ ਇੰਗਲਿਸ਼ , ਕੈਮਿਸਟਰੀ , ਹਿਸਾਬ , ਫਿਜਿਕਸ ਦੇ ਵਿਸ਼ਿਆਂ ਨਾਲ ਬਾਰ੍ਹਵੀਂ ਪਾਸ ਕਰਕੇ ਹੀ ਮਿਲਦਾ ਹੈ ਪਰ ਇਹਨਾਂ ਵਿਚੋਂ 10 ਪ੍ਰਤੀਸ਼ਤ ਤੋਂ ਵੀ ਘੱਟ ਕੇਵਲ ਪੰਜ ਜਮਾਤਾਂ ਤੱਕ ਹੀ ਪੜ੍ਹੇ ਹਨ ਫਿਰ ਅਜਿਹੇ `ਚ ਤਕਨੀਕੀ ਕਾਲਜ਼ ਦਾ ਫਾਇਦਾ ਸਿਕਲੀਗਰਾਂ ਨੂੰ ਕਿਵੇਂ ਹੋਵੇਗਾ ਇਸ ਲਈ ਸਭ ਤੋਂ ਜਰੂਰੀ ਹੈ ਸ਼੍ਰੋਮਣੀ ਕਮੇਟੀ , ਦਿੱਲੀ ਕਮੇਟੀ ਆਦਿ ਆਪਣੇ ਅਧੀਨ ਚਲ ਰਹੇ ਸਕੂਲਾਂ ਵਿੱਚ ਇਨ੍ਹਾਂ ਦੇ ਬੱਚਿਆਂ ਨੂੰ ਬਾਰ੍ਹਵੀਂ ਤੱਕ ਮੁਫ਼ਤ ਵਿਦਿਆ ਦਾ ਪ੍ਰਬੰਧ ਕਰਨ ਫਿਰ ਹੀ ਇਹਨਾਂ ਦੇ ਨਾਂਅ `ਤੇ ਬਣ ਰਹੇ ਤਕਨੀਕੀ ਕਾਲਜ਼ ਦਾ ਸਿਕਲੀਗਰਾਂ ਨੂੰ ਫ਼ਾਇਦਾ ਹੋਵੇਗਾ । ਹੁਣ ਜਦੋਂ ਕਿ ਬੜੂ ਸਾਹਿਬ ਸੰਸਥਾ ਦੇ ਮੁਖੀ ਬਾਬਾ ਇਕਬਾਲ ਸਿੰਘ ਜੀ ਪੂਰੇ ਭਾਰਤ ਵਿੱਚ 500 ਅਕਾਲ ਅਕੈਡਮੀਆਂ ਖੋਲਣ ਦਾ ਐਲਾਨ ਕਰ ਚੁੱਕੇ ਹਨ ਤਾਂ ਇਹਨਾਂ ਨੂੰ ਚਾਹੀਦਾ ਹੈ ਕਿ ਇਹਨਾਂ 500 ਅਕਾਲ ਅਕੈਡਮੀਆਂ ਵਿਚੋਂ ਕੁੱਝ ਅਕੈਡਮੀਆਂ ਸਿਕਲੀਗਰ ਇਲਾਕਿਆਂ ਵਿੱਚ ਵੀ ਖੋਲ ਦੇਣ ਤਾਂ ਜੋ ਸਿਕਲੀਗਰਾਂ ਦੇ ਬੱਚੇ ਪੜ੍ਹ ਲਿਖ ਕੇ ਅਯੋਕੇ ਸਮਾਜ ਦੇ ਹਾਣੀ ਬਣ ਸਕਣ।
ਸਿਕਲੀਗਰ ਅੌਰਤਾਂ ਦੀ ਸਥਿਤੀ :-
ਸਿਕਲੀਗਰ ਅੌਰਤਾਂ ਦੀ ਹਾਲਤ ਵੀ ਬਦ ਤੋਂ ਬਦਤਰ ਹੈ । ਰੋਜ਼ਾਨਾ ਘਰੇਲੂ ਕੰਮ ਕਰਨ ਤੋਂ ਇਲਾਵਾ ਇਹ ਆਪਣੇ ਪਰਿਵਾਰਕ ਮਰਦਾਂ ਨਾਲ ਸਵੇਰ ਤੋਂ ਲੈ ਕੇ ਰਾਤ ਤੱਕ ਉਨਾਂ ਦੀ ਦਸਤਕਾਰੀ ਵਿੱਚ ਹੱਥ ਵਡਾਉਂਦੀਆਂ ਹਨ। ਹੱਡਤੋੜਵੀਂ ਮੇਹਨਤ ਕਰਦਿਆਂ ਵੀ ਇਹਨਾਂ ਦੇ ਸਰੀਰਾਂ `ਤੇ ਫਟੇ ਪੁਰਾਣੇ ਮੈਲੇ ਕੱਪੜੇ ਹੀ ਨਜ਼ਰ ਆਉਂਦੇ ਹਨ। ਬਹੁਤੀਆਂ ਅੌਰਤਾਂ ਨੂੰ ਪੈਰੀਂ ਜੁੱਤੀ ਵੀ ਨਸੀਬ ਨਹੀਂ ਹੁੰਦੀ ਅਤੇ ਵਿਦਿਅਕ ਯੋਗਤਾ ਵਿੱਚ ਪੂਰੀ ਤਰ੍ਹਾਂ ਅਨਪੜ੍ਹ ਹਨ । ਅਤਿ ਗਰੀਬੀ ਦੀ ਹਾਲਤ `ਚ ਵੀ ਇਨ੍ਹਾਂ ਵਿੱਚ ਭਰੂਣ ਹੱਤਿਆ , ਦਹੇਜ਼ ਅਤੇ ਤਲਾਕ ਵਰਗੀਆਂ ਸਮਾਜਿਕ ਬੁਰਾਈਆਂ ਬਿਲਕੁੱਲ ਨਹੀਂ ਹਨ । ਇਹ ਬੱਚਿਆਂ ਨੂੰ ਜਨਮ ਘਰ ਵਿੱਚ ਹੀ ਦਿੰਦਿਆਂ ਹਨ ਕਿਉਂਕਿ ਇਹਨਾਂ ਕੋਲ ਪੈਸੇ ਦੀ ਬਹੁਤ ਘਾਟ ਹੈ , ਹਸਪਤਾਲ ਡਿਸਪੈਂਸਰੀਆਂ ਵੀ ਇੰਨ੍ਹਾਂ ਦੀਆਂ ਝੁੱਗੀ ਝੌਂਪੜੀਆਂ ਤੋਂ ਕੋਹਾਂ ਦੂਰ ਹਨ ਅਤੇ ਰਸਤੇ ਵੀ ਚਿੱਕੜ ਭਰੇ ਕੱਚੇ ਹਨ। ਜਨਮ ਸਮੇਂ ਤੋਂ ਹੀ ਗੰਭੀਰ ਬਿਮਾਰੀਆਂ ਦਾ ਕੋਈ ਵੀ ਟੀਕਾਕਰਨ ਇਹਨਾਂ ਦੇ ਬੱਚਿਆਂ ਦਾ ਨਹੀਂ ਹੁੰਦਾ ਜਿਸ ਕਰਕੇ ਬਹੁਤੇ ਬੱਚੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ । ਇਹਨ੍ਹਾਂ ਦੇ ਬਹੁਤੇ ਬੱਚੇ ਕੁਪੋਸ਼ਨ ਦਾ ਸ਼ਿਕਾਰ ਹਨ ਅਤੇ ਬੱਚਿਆਂ ਦੀ ਮੌਤ ਦਰ ਬਹੁਤ ਜ਼ਿਆਦਾ ਹੈ । ਸਿਕਲਗਰ ਅੌਰਤਾਂ ਦੀ ਪੜ੍ਹਾਈ ਵੱਲ ਵਿਸ਼ੇਸ ਧਿਆਨ ਦੇਣ ਦੀ ਲੋੜ ਹੈ । ਸਿੱਖ ਸੰਸਥਾਵਾਂ ਖਾਸ ਕਰ ਦਿੱਲੀ ਕਮੇਟੀ , ਸ਼੍ਰੋਮਣੀ ਕਮੇਟੀ ਇਹਨਾਂ ਦੀਆਂ ਲੜਕੀਆਂ ਨੂੰ ਪੜ੍ਹਾ ਕੇ ਟੀਚਰ ਟ੍ਰੈਨਿੰਗ ਅਤੇ ਨਰਸਿੰਗ ਦੇ ਕੋਰਸ ਕਰਵਾਏ ਜਿਸ ਨਾਲ ਸਿਕਲੀਗਰਾਂ ਦੀ ਪੜ੍ਹਾਈ ਅਤੇ ਸਿਹਤ ਸਹੂਲਤਾਂ ਦੀ ਪੂਰਤੀ ਜਲਦ ਤੋਂ ਜਲਦ ਹੋ ਸਕੇਗੀ । ਸਿਕਲੀਗਰਾਂ ਦੀਆਂ ਅੌਰਤਾਂ ਨੂੰ ਪਾਪੜ ਵੜੀਆਂ , ਜੈਮ , ਆਚਾਰ , ਸਿਲਾਈ ਕਢਾਈ ਆਦਿ ਦੀ ਟ੍ਰੈਨਿੰਗ ਦੇ ਕੇ ਲਘੁ ਉਦਯੋਗ ਸਥਾਪਿਤ ਕੀਤੇ ਜਾਣ ਤਾਂ ਜੋ ਪਸ਼ੂਆਂ ਵਰਗੀ ਜਿੰਦਗੀ ਬਤੀਤ ਕਰ ਰਹੀਆਂ ਸਿਕਲੀਗਰ ਅੌਰਤਾਂ ਸਮਾਜ ਵਿੱਚ ਸੁਚੱਜਾ ਮਨੁੱਖੀ ਜੀਵਣ ਬਤੀਤ ਕਰ ਸਕਣ ।
ਸਿਕਲੀਗਰਾਂ ਦੀ ਰਾਜਨੀਤਿਕ , ਸਮਾਜਿਕ ਹਾਲਾਤ ਅਤੇ ਅਧਿਕਾਰਾਂ ਦੀ ਸਥਿਤੀ :-
ਸਿਕਲੀਗਰਾਂ ਵੀਰਾਂ ਦੀ ਰਾਜਨੀਤਿਕ ਅਤੇ ਸਮਾਜਿਕ ਹਾਲਤ ਵੀ ਤਰਸਯੋਗ ਹੀ ਹੈ ਕਿਉਂਕਿ ਅਨਪੜ੍ਹਤਾ ਅਤੇ ਗਰੀਬੀ ਹੋਣ ਕਰਕੇ ਇਹਨਾਂ ਨੂੰ ਆਪਣੇ ਅਧਿਕਾਰਾਂ ਦਾ ਹੀ ਨਹੀਂ ਪਤਾ ਹੈ ਰਾਜਨੀਤਿਕ ਅਤੇ ਸਮਾਜਿਕ ਹਾਲਤ ਤਾਂ ਹੀ ਸੁਧਰ ਸਕਦੇ ਹਨ ਜੇਕਰ ਆਪਣੇ ਅਧਿਕਾਰਾਂ ਦਾ ਪਤਾ ਹੋਵੇ। ਸਮੁੱਚੇ ਭਾਰਤ ਵਿੱਚ ਅਜ਼ਾਦੀ ਤੋਂ ਬਾਅਦ ਨਿਸ਼ਾਨਦੇਹੀ ਕਰਕੇ ਦਲਿਤ ਵਰਗ ਦੇ ਲੋਕਾਂ ਦਾ ਜੀਵਣ ਪੱਧਰ ਉਚਾ ਚੁੱਕਣ ਲਈ ਉਨ੍ਹਾਂ ਦੀ ਵੰਡ ਪੱਛੜੀਆਂ ਸ਼੍ਰੇਣੀਆਂ , ਪੱਟੀਦਰਜ਼ ਕਬੀਲੇ ਅਤੇ ਹੋਰ ਪੱਛੜੀਆਂ ਜਨਜਾਤੀ ਸ਼੍ਰੇਣੀਆਂ ਦੇ ਰੂਪ ਵਿੱਚ ਕੀਤੀ ਗਈ ਅਤੇ ਇਨ੍ਹਾਂ ਨੂੰ ਸਰਕਾਰੀ ਨੌਂਕਰੀਆਂ ਅਤੇ ਰਾਜਨੀਤੀ ਵਿੱਚ ਰਾਖਵੇਂਕਰਨ ਦੇ ਅਧਿਕਾਰ ਦਿੱਤੇ ਗਏ ਪਰ ਸਿਕਲੀਗਰਾਂ ਨੂੰ ਰਾਖਵੇਂਕਰਨ ਦਾ ਅਜਿਹਾ ਕੋਈ ਵੀ ਅਧਿਕਾਰ ਪ੍ਰਾਪਤ ਨਹੀਂ ਹੈ। ਭਾਰਤ ਦੇ ਸਾਰੇ ਸੂਬਿਆਂ ਵਿਚੋਂ ਕੇਵਲ 5 ਸੂਬਿਆਂ ਦਿੱਲੀ , ਪੰਜਾਬ , ਹਰਿਆਣਾ , ਚੰਡੀਗੜ੍ਹ ਅਤੇ ਹਿਮਾਚਲ ਵਿੱਚ ਸਿਕਲੀਗਰਾਂ ਨੂੰ ਪੱਛੜੀ ਸ਼੍ਰੇਣੀਆਂ ਵਿੱਚ ਰੱਖਿਆ ਗਿਆ ਹੈ ਜੋ ਕਿ ਇਹਨਾਂ `ਤੇ ਲਾਗੂ ਨਹੀਂ ਹੁੰਦਾ ਕਿਉਂਕਿ ਪੱਛੜੀਆਂ ਸ਼੍ਰੇਣੀਆਂ ਵਿੱਚ ਮੈਲਾ ਚੁੱਕਣਾ , ਮਰੇ ਪਸ਼ੂ ਚੁੱਕਣਾ ਜਾਂ ਇਨ੍ਹਾਂ ਤੋਂ ਹੋਰ ਵਰਤੋਂ ਯੋਗ ਵਸਤਾਂ ਬਨਾਉਣ ਵਾਲੇ ਹੀ ਆਉਂਦੇ ਹਨ ਕਿਉਂਕਿ ਸਿਕਲੀਗਰ ਇਹ ਕੰਮ ਨਹੀਂ ਕਰਦੇ ਇਸ ਲਈ ਇਹਨ੍ਹਾਂ ਨੂੰ ਪੱਟੀਦਰਜ਼ ਕਬੀਲਿਆਂ ਦੇ ਰਾਖਵੇਂਕਰਨ ਦੇ ਅਧਿਕਾਰ ਮਿਲਣੇ ਚਾਹੀਦੇ ਹਨ। ਭਾਰਤ ਦੇ ਬਾਕੀ ਰਾਜਾਂ ਸਮੇਤ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਜਿੱਥੇ ਸਿਕਲੀਗਰ ਸਭ ਤੋਂ ਵੱਧ ਗਿਣਤੀ ਵਿੱਚ ਹਨ ਉਥੇ ਹਿੰਦੂ ਆਦੀਵਾਸੀਆਂ ਅਤੇ ਮੁਸਲਮਾਨ ਆਦੀਵਾਸੀਆਂ ਨੂੰ ਹੋਰ ਪੱਛੜੀਆਂ ਜਨਜਾਤੀਆਂ ਦੇ ਰਾਖਵੇਂਕਰਨ ਦੇ ਅਧਿਕਾਰ ਪ੍ਰਾਪਤ ਹਨ ਪਰ ਸਿੱਖ ਸਿਕਲੀਗਰਾਂ ਨੂੰ ਅਜਿਹੇ ਕਿਸੇ ਵੀ ਰਾਖਵੇਂਕਰਨ ਦੇ ਅਧਿਕਾਰ ਪ੍ਰਾਪਤ ਨਹੀਂ ਹਨ । ਸਿਕਲੀਗਰਾਂ ਦੇ ਜੀਵਣ `ਤੇ ਪੀ.ਐਚ.ਡੀ ਕਰਨ ਵਾਲੀ ਸਿੱਖ ਬੀਬੀ ਹਰਪ੍ਰੀਤ ਕੌਰ ਖੁਰਾਨਾ ਸੰਨ 2007 ਤੋਂ ਹੀ ਸਿਕਲੀਗਰਾਂ ਲਈ ਰਾਖਵਾਂਕਰਨ ਦੇ ਅਧਿਕਾਰਾਂ ਦੀ ਮੰਗ ਰਹੀ ਹੈ ।
ਸ਼੍ਰੋਮਣੀ ਕਮੇਟੀ , ਦਿੱਲੀ ਕਮੇਟੀ ਅਤੇ ਸਿੱਖ ਸੰਸਥਾਵਾਂ ਨੂੰ ਸਿਕਲੀਗਰਾਂ ਲਈ ਰਾਖਵਾਂਕਰਨ ਦੀ ਸ਼੍ਰੇਣੀ ਵਿੱਚ ਸ਼ਾਮਲ ਕਰਵਾਉਣ ਲਈ ਜ਼ੋਰਦਾਰ ਹੰਭਲਾ ਮਾਰਨਾ ਚਾਹੀਦਾ ਹੈ ਜਿੰਨ੍ਹਾਂ 5 ਰਾਜਾਂ ਵਿੱਚ ਇਹਨਾਂ ਨੂੰ ਰਾਖਵਾਂਕਰਨ ਮਿਲ ਚੁੱਕਾ ਹੈ ਉਥੇ ਇੰਨ੍ਹਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਕਰਨਾ ਚਾਹੀਦਾ ਹੈ। ਸਾਡੇ ਪੰਜਾਬ ਵਿੱਚ ਭਈਆਂ ਦੇ ਰਾਸ਼ਣ ਕਾਰਡ , ਵੋਟਾਂ ਅਤੇ ਅਧਾਰ ਕਾਰਡ ਬਣੇ ਹੋਏ ਹਨ ਪਰ ਸਿਕਲੀਗਰਾਂ ਕੋਲ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਰਾਸ਼ਣ ਕਾਰਡ , ਵੋਟਰ ਕਾਰਡ ਅਤੇ ਅਧਾਰ ਕਾਰਡ ਨਹੀਂ ਹਨ । ਪੰਜਾਬ ਦੇ ਪਿੰਡਾਂ ਵਿੱਚ ਦੋ ਮੰਜ਼ਿਲੀ ਕੋਠੀਆਂ ਵਾਲਿਆਂ ਦੇ ਵੀ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਬੀ.ਪੀ.ਐਲ ਕਾਰਡ ਬਣੇ ਹੋਏ ਹਨ ਪਰ ਘਾਹ ਫੂਸ , ਕਾਨਿਆਂ ਦੀਆਂ ਛੱਪਰੀਆਂ ਵਿੱਚ ਰਹਿਣ ਵਾਲੇ ਸਿਕਲੀਗਰਾਂ ਕੋਲ ਪੂਰੇ ਭਾਰਤ ਵਿੱਚ ਬੀ.ਪੀ.ਐਲ ਕਾਰਡ ਨਹੀਂ ਹਨ ਇਸ ਲਈ ਸਮੁੱਚੀਆਂ ਸਿੱਖ ਸੰਸਥਾਵਾਂ ਇਹਨਾਂ ਦੇ ਬੀ.ਪੀ.ਐਲ ਕਾਰਡ , ਰਾਸ਼ਣ ਕਾਰਡ , ਵੋਟਰ ਕਾਰਡ ਅਤੇ ਅਧਾਰ ਕਾਰਡ ਬਨਾਉਣ ਲਈ ਯਤਨਸ਼ੀਲ ਹੋਣ ਅਜਿਹਾ ਕਰਨ ਨਾਲ ਪੰਚਾਇਤ , ਨਗਰ ਕੌਂਸਲ , ਵਿਧਾਨ ਸਭਾ ਅਤੇ ਲੋਕ ਸਭਾ ਤੱਕ ਦੀ ਰਾਜਨੀਤੀ ਵਿੱਚ ਸਿਕਲੀਗਰ ਵੀਰਾਂ ਦਾ ਸੰਤੁਲਨ ਬਣੇਗਾ । ਦੇਸ਼ ਦੇ ਰਾਜਨੀਤਿਕਾਂ ਨੂੰ ਵੀ ਇਹਨਾਂ ਦੀ ਲੋੜ ਮਹਿਸੂਸ ਹੋਵੇਗੀ ਅਤੇ ਫਿਰ ਹੀ ਸਿਕਲੀਗਰਾਂ ਤੋਂ ਜ਼ਰਾਇਮ ਪੇਸ਼ਾ ਹੋਣ ਦਾ ਦਾਗ ਲੱਥੇਗਾ । ਇਹਨਾਂ ਨੂੰ ਰਾਜਨੀਤੀ ਵਿੱਚ ਵੀ ਸਰਗਰਮ ਕਰਨਾ ਪਵੇਗਾ ਨਹੀਂ ਤਾਂ ਇਹ ਇੰਝ ਹੀ ਜੇਲ੍ਹਾਂ ਵਿੱਚ ਸੜ੍ਹਦੇ ਰਹਿਣਗੇ । ਸਮੁੱਚੀਆਂ ਸਿੱਖ ਸੰਸਥਾਵਾਂ ਦੇ ਲੀਡਰਾਂ ਨੂੰ ਕੇਵਲ ਅਖ਼ਬਾਰੀ ਬਿਆਨਬਾਜ਼ੀ ਤੋਂ ਉਪਰ ਉਠ ਕੇ ਯੋਜਨਾਬੰਦੀ ਨਾਲ ਇਨ੍ਹਾਂ ਦੇ ਭਵਿੱਖ ਲਈ ਠੋਸ ਕਾਰਜ ਕਰਨੇ ਚਾਹੀਦੇ ਹਨ। ਭਾਰਤ `ਚ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਖੇਤੀਬਾੜੀ ਕਰਨ ਨਹੀ ਸ਼ਾਮਲਾਟ ਜਮੀਨਾਂ ਵੀ ਦਿੱਤੀਆਂ ਜਾਂਦੀਆਂ ਹਨ ਇਸ ਲਈ ਸਾਨੂੰ ਭਾਰਤ ਸਰਕਾਰ ਅੱਗੇ ਇਹ ਮੰਗ ਜ਼ੋਰਦਾਅ ਢੰਗ ਨਾਲ ਉਠਾਉਣੀ ਚਾਹੀਦੀ ਹੈ ਕਿ ਸਰਕਾਰ ਇਨ੍ਹਾਂ ਦਾ ਜੀਵਣ ਪੱਧਰ ਉਚਾ ਚੁੱਕਣ ਲਈ ਸਿਕਲੀਗਰਾਂ ਨੂੰ ਖੇਤੀਯੋਗ ਸ਼ਾਮਲਾਟ ਜਮੀਨ ਅਤੇ ਰਾਖਵਾਂਕਰਨ ਦੀ ਸ਼੍ਰੇਣੀ ਵਿੱਚ ਲਿਆ ਕੇ ਸਰਕਾਰੀ ਨੌਂਕਰੀਆਂ ਅਤੇ ਬਣਦੀਆਂ ਸਰਕਾਰੀ ਸਹੂਲਤਾਂ ਦੇਵੇ ਤਾਂ ਜੋ ਸਿਕਲੀਗਰ ਵੀ ਮਨੁੱਖੀ ਜੀਵਣ ਦਾ ਆਨੰਦ ਮਾਣ ਸਕਣ ।
ਸਿੱਖ ਸੰਸਥਾਵਾਂ ਕੀ ਕਰਨ :-
ਸਿਕਲੀਗਰਾਂ ਦਾ ਜੀਵਣ ਪੱਧਰ ਉਚਾ ਚੁੱਕਣ ਲਈ ਸਿੱਖ ਸੰਸਥਾਵਾਂ ਆਪਣੀਆਂ ਸੰਸਥਾਵਾਂ ਵਿੱਚ ਇਹਨ੍ਹਾਂ ਦੀ ਸ਼ਮੂਲੀਅਤ ਯਕੀਨੀ ਬਨਾਉਣ । ਅੱਜ ਦੇਖਣ ਵਿੱਚ ਆਉਂਦਾ ਹੈ ਕਿ ਸ਼੍ਰੋਮਣੀ ਕਮੇਟੀ , ਦਿੱਲੀ ਕਮੇਟੀ ਅਤੇ ਹੋਰ ਬਹੁਤ ਸਾਰੇ ਗੁਰਦੁਆਰਿਆਂ ਅਧੀਨ ਸਕੂਲਾਂ , ਸਰਾਵਾਂ , ਅਤੇ ਲੰਗਰਾਂ ਆਧਿਕ ਵਿੱਚ ਯੂ.ਪੀ ਬਿਹਾਰ ਦੇ ਭਈਏ ਪੂਰੀ ਤਰ੍ਹਾਂ ਕਾਬਜ਼ ਹੋ ਚੁੱਕੇ ਹਨ ਇਥੋਂ ਤੱਕ ਕਿ ਯੂ.ਪੀ ਵਿੱਚ ਬਹੁਤ ਸਾਰੇ ਭਈਏ ਪਾਠੀ ਸਿੰਘ ਵੀ ਬਣੇ ਹੋਏ ਹਨ ਪਰ ਇਹਨਾਂ ਦੇ ਪਰਿਵਾਰਕ ਮੈਂਬਰ ਸਿੱਖ ਰਹੁ-ਰੀਤਾਂ ਤੋਂ ਕੋਹਾਂ ਦੂਰ ਹਨ ਅਤੇ ਇਨ੍ਹਾਂ ਨੇ ਸਿੱਖੀ ਸਰੂਪ ਕੇਵਲ ਪੈਸੇ ਦੀ ਕਮਾਈ ਲਈ ਹੀ ਬਣਾਇਆ ਹੈ । ਭਈਆਂ ਵਿਚੋਂ ਬਹੁਤੇ ਲੁਕਵੇਂ ਰੂਪ `ਚ ਲੰਗਰਾਂ , ਸਰਾਵਾਂ ਜਾਂ ਸਕੂਲਾਂ ਵਿੱਚ ਬੀੜ੍ਹੀ , ਸਿਗਰਟ , ਤੰਬਾਕੂ ਆਦਿ ਜਗਤ ਜੂਠਾਂ ਦਾ ਸੇਵਨ ਵੀ ਕਰਦੇ ਹਨ ਅਤੇ ਭਈਆਂ ਦੇ ਇੰਝ ਕਰਨ ਨਾਲ ਸਿੱਖ ਮਰਿਆਦਾ ਤੇ ਪ੍ਰੰਪਰਾਵਾਂ ਦਾ ਘਾਣ ਹੁੰਦਾ ਹੈ ਇਸ ਲਈ ਸਮੁੱਚੀਆਂ ਸਿੱਖ ਸੰਸਥਾਵਾਂ ਆਪਣੇ ਅਧਾਰਿਆਂ ਅੰਦਰ ਸੇਵਾਦਾਰ ਤੋਂ ਲੈ ਕੇ ਉਪਰਲੇ ਪੱਧਰ ਤੱਕ ਸਿਕਲੀਗਰਾਂ ਨੂੰ ਰੋਜ਼ਗਾਰ ਦੇਣ । ਇਨ੍ਹਾਂ ਸੰਸਥਾਵਾਂ ਵਿੱਚ ਨੌਂਕਰੀਆਂ ਦਾ ਕੁੱਝ ਪ੍ਰਤੀਸ਼ਤ ਸਿਕਲੀਗਰਾਂ ਲਈ ਰਾਖਵਾਂ ਕੀਤਾ ਜਾਵੇ । ਸ਼੍ਰੋਮਣੀ ਕਮੇਟੀ ਸਿਕਲੀਗਰ ਵੀਰਾਂ ਨੂੰ ਵੀ ਰਾਗੀ , ਢਾਡੀ , ਪ੍ਰਚਾਰਕ ਦੀ ਸਿੱਖਿਆ ਦੇ ਕੇ ਇਹਨਾਂ ਨੂੰ ਸਿੱਖੀ ਦੇ ਪ੍ਰਚਾਰ ਲਈ ਸਰਗਰਮ ਕਰੇ ਇੰਝ ਕਰਨ ਨਾਲ ਸਿਕਲੀਗਰ ਵੀਰਾਂ ਦਾ ਸਮੁੱਚੀ ਸਿੱਖ ਕੌਮ ਨਾਲ ਤਾਲਮੇਲ ਵੀ ਵਧੇਗਾ ਅਤੇ ਸੇਵਾ ਸੰਭਾਲ ਦਾ ਪੱਧਰ ਵੀ ਹੋਰ ਉਚਾ ਹੋਵੇਗਾ ।
ਸਿਕਲੀਗਰਾਂ ਦਾ ਵੱਸੋਂ ਖੇਤਰ :-
ਪੰਜਾਬ ਵਿੱਚ ਲੁਧਿਆਣਾ , ਜਲੰਧਰ , ਪਟਿਆਲਾ , ਫ਼ਾਜਿਲਕਾ , ਅਬੋਹਰ , ਪਠਾਨਕੋਟ, ਤਰਨਤਾਰਨ , ਜੰਡਿਆਲਾ ਗੁਰੂ , ਬਟਾਲਾ ਤੋਂ ਇਲਾਵਾ ਹੋਰ ਵੀ ਇੱਕਾ ਦੁੱਕਾ ਥਾਵਾਂ `ਤੇ ਇਹ ਵੱਸਦੇ ਹਨ ਜਦਕਿ ਹਰਿਆਣਾ , ਹਿਮਾਚਲ `ਚ ਇਹ ਪੰਜਾਬ ਦੀ ਸਰਹੱਦ ਨੇੜੇ ਕਸਬਿਆਂ ਵਿੱਚ ਜ਼ਿਆਦਾ ਰਹਿੰਦੇ ਹਨ । ਚੰਡੀਗੜ੍ਹ ਅਤੇ ਦਿੱਲੀ ਦੇ ਬਾਹਰੀ ਇਲਾਕਿਆਂ `ਚ ਇਨ੍ਹਾਂ ਦਾ ਵਸੇਬਾ ਹੈ । ਮੱਧ ਪ੍ਰਦੇਸ਼ ਦੇ 51 ਜਿਲ੍ਹਿਆਂ ਵਿਚੋਂ 22 ਜਿਲ੍ਹੇ ਜਿਵੇਂ ਭੁਪਾਲ, ਰਾਏਸਨ , ਹੋਸ਼ੰਗਾਬਾਦ , ਹਾਰਦਾ , ਬੁਰਹਾਨਪੁਰ , ਖੜਗੌਣ , ਬਡਵਾਣੀ , ਧਾਰ , ਇੰਦੌਰ , ਦੇਵਾਸ , ਝੱਭੂਆ , ਰਤਲਾਮ , ਮੰਦਸੌਰ , ਨੀਮਚ , ਗਵਾਲੀਅਰ , ਭਿੰਡ , ਸਾਗਰ , ਜਬਲਪੁਰ , ਨਰਸਿੰਘਪੁਰ , ਬਾਲਾਘਾਟ , ਸਿੰਦਵਾੜਾ ਤੇ ਬੇਤੁੱਲ ਵਿੱਚ ਇਹਨਾਂ ਦੀ ਬਹੁਤ ਵੱਡੀ ਵਸੋਂ ਹੈ । ਮਹਾਰਾਸ਼ਟਰ ਵਿੱਚ ਸਿਕਲਗਰ ਸ਼੍ਰੀ ਰਾਮਪੁਰ , ਸਿਤਾਰਾ , ਨਾਗਪੁਰ , ਅਮਰਾਵਤੀ , ਨਾਂਦੇੜ , ਅੌਰੰਗਾਬਾਦ , ਅਹਿਮਦ ਨਗਰ , ਕੋਹਲਾਪੁਰ , ਸੋਲਾਪੁਰ , ਮੁੰਬਈ ਅਤੇ ਲਾਤੂਰ `ਚ ਰਹਿੰਦੇ ਹਨ । ਦੱਖਣ ਭਾਰਤ `ਚ ਕਰਨਾਟਕਾ ਦੇ ਬੇਲਗਾਮ , ਬਿਦਰ , ਬਿਜਾਪੁਰ , ਹੁਗਲੀ , ਧਾੜਵਾੜ , ਮੱਥੀਕੇਰੇ ਅਤੇ ਬੰਗਲੌਰ ਵਿੱਚ ਇਨ੍ਹਾਂ ਦੀ ਚੌਖੀ ਵਸੋਂ ਹੈ ਅਤੇ ਇਸ ਤੋਂ ਇਲਾਵਾ ਯੂ.ਪੀ , ਬਿਹਾਰ , ਰਾਜਸਥਾਨ , ਉਤਰਾਖੰਡ , ਮਦਰਾਸ ਅਤੇ ਝਾੜਖੰਡ ਆਦਿਕ ਭਾਰਤ ਦੇ ਅਨੇਕਾਂ ਹੀ ਹੋਰ ਰਾਜਾਂ ਵਿੱਚ ਇਹ ਵੱਡੀ ਗਿਣਤੀ `ਚ ਰਹਿੰਦੇ ਹਨ ਜਿਸ ਸਬੰਧੀ ਇਹਨਾਂ ਦੇ ਇਲਾਕਿਆਂ ਅਤੇ ਵਸੋਂ ਦੀਆਂ ਹੋਰ ਸੂਚਨਾਵਾਂ ਵੀ ਸਾਹਮਣੇ ਆ ਰਹੀਆਂ ਹਨ । ਇਹ ਸਿਕਲੀਗਰ ਵੀਰ ਸਿੱਖ ਕੌਮ ਦਾ ਅਟੁੱਟ ਅੰਗ ਹਨ ਜੋ ਭਾਰਤੀ ਹਕੂਮਤ ਦੇ ਜ਼ਬਰ ਜ਼ੁਲਮ ਝੱਲ ਕੇ ਅਤਿ ਗਰੀਬੀ ਰੇਖਾ ਤੋਂ ਹੇਠਾਂ ਰਹਿੰਦਿਆਂ ਵੀ ਸਿੱਖੀ ਨੂੰ ਪੂਰੀ ਤਰ੍ਹਾਂ ਸੰਭਾਲੀ ਬੈਠੇ ਹਨ ।
ਸਿਕਾਲੀਗਰਾਂ `ਤੇ ਹੋ ਰਹੇ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਪਿਛਲੇ ਦਿਨੀਂ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੇ ਗੁਰਦੁਆਰਾ ਬੇਟਮਾ ਸਾਹਿਬ ਵਿਖੇ `` ਸੰਘ ਪਰਿਵਾਰ `` ਦੇ ਟੁੱਕੜਬੋਚ ਡਾ.ਅਮਰਜੀਤ ਭੱਲਾ , ਜਸਬੀਰ ਗਾਂਧੀ , ਮਨਜੀਤ ਰਿੰਕੂ ਭਾਟੀਆ , ਇੰਦਰਜੀਤ ਖਨੂਜ਼ਾ ਆਦਿ ਵਲੋਂ ਸਿਕਲੀਗਰ ਮਹਾਂ ਪੰਚਾਇਤ ਦਾ ਢੁਕਵੰਜ ਰਚਿਆ ਗਿਆ ਜਿਸ ਵਿੱਚ ਮੱਧ ਪ੍ਰਦੇਸ਼ ਦੇ 22 ਜਿਲ੍ਹਿਆਂ ਵਿਚੋਂ ਕੇਵਲ 4 ਜਿਲ੍ਹਿਆਂ ਦੇ ਕੁੱਝ ਕੁ ਸਿਕਲੀਗਰ ਹੀ ਸ਼ਾਮਲ ਹੋਏ । ਇਸ ਮਹਾਂ ਪੰਚਾਇਤ ਦੀਆਂ ਵੀਡੀਉ ਅਤੇ ਅਖ਼ਬਾਰੀ ਖ਼ਬਰਾਂ ਅਨੁਸਾਰ ਬਹੁਤੇ ਸਿੱਖ ਆਗੂ ਸਿਕਲੀਗਰਾਂ `ਤੇ ਹੋ ਰਹੇ ਜ਼ੁਲਮ ਵਿਰੁੱਧ ਠੋਸ ਨੀਤੀ ਬਨਾਉਣ ਦੀ ਬਜਾਏ ਸਿਕਲੀਗਰ ਭਰਾਵਾਂ ਨੂੰ ਮੀਰੀ ਪੀਰੀ ਦਾ ਸਿਧਾਂਤ ਛੱਡ ਦੇਣ ਦੀਆਂ ਨਸੀਹਤਾਂ ਦੇ ਕੇ ਕਹਿੰਦੇ ਰਹੇ ਕਿ ਤੁਸੀਂ ਜ਼ੁਲਮ ਦਾ ਰਸਤਾ ਛੱਡ ਦਿਉ ਜਿਸ ਨਾਲ ਸਿਕਲੀਗਰਾਂ ਦਾ ਕੋਈ ਵੀ ਭਲਾ ਨਹੀਂ ਹੋਇਆ ਸਗੋਂ ਭਾਰਤੀ ਹਕੂਮਤ ਵਲੋਂ ਉਨ੍ਹਾਂ `ਤੇ ਲਗਾਇਆ ਜ਼ਰਾਇਮ ਪੇਸ਼ਾ ਹੋਣ ਦਾ ਇਲਜ਼ਾਮ ਹੀ ਸੱਚਾ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਗਈ । ਇਸ ਮਹਾਂ ਪੰਚਾਇਤ ਸੰਮੇਲਣ ਹੋਣ ਤੋਂ ਬਾਅਦ ਬਡਵਾਨੀ , ਧਾਰ , ਬੁਰਹਾਨਪੁਰ ਅਤੇ ਖੜਗੌÎਣ ਵਿੱਚ ਸਿਕਲੀਗਰ ਵੀਰਾਂ `ਤੇ ਪੁਲਸ ਦਾ ਕਹਿਰ ਹੋਰ ਵੀ ਵਧ ਜਾਣ ਦੀਆਂ ਰਿਪੋਰਟਾਂ ਆ ਰਹੀਆਂ ਹਨ । ਸਿੱਖ ਸੰਸਥਾਵਾਂ ਦੀ ਸਮੁੱਚੀ ਲੀਡਰਸ਼ਿਪ ਜੇਕਰ ਵਾਕਿਆ ਹੀ ਸਿਕਲੀਗਰ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਹੁੰਦੀਆਂ ਹਨ ਤਾਂ ਇਨ੍ਹਾਂ ਨੂੰ ਚਾਹੀਦਾ ਹੈ ਕਿ ਪੂਰੇ ਭਾਰਤ ਵਿੱਚ ਸਿਕਲੀਗਰ ਭਾਈਚਾਰੇ ਦੀਆਂ ਵਸੋਂ ਦੇ ਇਲਾਕਿਆਂ ਦੀਆਂ ਸਹੀ ਸੂਚੀਆਂ ਤਿਆਰ ਕਰਕੇ ਉਥੇ ਸਕੂਲ ਅਤੇ ਸਿਹਤ ਸਹੂਲਤਾਂ ਲਈ ਡਿਸਪੈਂਸਰੀਆਂ ਦਾ ਪ੍ਰਬੰਧ ਕੀਤਾ ਜਾਵੇ । ਸਿਕਲੀਗਰਾਂ ਦੇ ਅਧਾਰ ਕਾਰਡ , ਰਾਸ਼ਣ ਕਾਰਡ , ਵੋਟਰ ਕਾਰਡ ਅਤੇ ਬੀ.ਪੀ.ਐਲ ਕਾਰਡ ਤੁਰੰਤ ਬਣਾਏ ਜਾਣ ਸਿਕਲੀਗਰਾਂ ਨੂੰ ਰਾਖਵਾਂਕਰਨ ਦਾ ਅਧਿਕਾਰ ਦਿਵਾ ਕੇ ਉਨ੍ਹਾਂ ਨੂੰ ਸਰਕਾਰੀ ਨੌਂਕਰੀਆਂ , ਰਾਜਨੀਤੀ ਅਤੇ ਸਰਕਾਰੀ ਸਹੂਲਤਾਂ `ਚ ਹਿੱਸੇਦਾਰ ਬਣਾਇਆ ਜਾਵੇ । ਜੇਕਰ ਅੱਜ ਅਸੀਂ ਕੋਈ ਠੋਸ ਨੀਤੀ ਬਣਾ ਕੇ ਸਿਕਲੀਗਰਾਂ ਦੀ ਭਲਾਈ ਲਈ ਕਾਰਜ਼ ਨਾ ਕੀਤੇ ਤਾਂ ਆਉਣÎ ਵਾਲੀਆਂ ਨਸਲਾਂ ਸਾਨੂੰ ਮੁਆਫ਼ ਨਹੀਂ ਕਰਨਗੀਆਂ ।
Part 2: ਆਦਿਵਾਸੀ, ਮੂਲ ਨਿਵਾਸੀ ਅਤੇ ਸਿਕਲੀਗਰਾਂ ਦੀ ਭਲਾਈ ਲਈ ਗਲੋਬਲ, ਦਲਿਤ ਅਤੇ ਸਿੱਖ ਸੰਸਥਾਵਾਂ
ਲੇਖਕ :- ਗੁਰਦਰਸ਼ਨ ਸਿੰਘ ਖ਼ਾਲਸਾ , ਬਟਾਲਾ (ਪੰਜਾਬ) ।
ਲੇਖਕ ਪਿਛਲੇ ਕਾਫ਼ੀ ਸਮੇਂ ਤੋਂ ਸਮਾਜ ਭਲਾਈ ਅਤੇ ਪੱਤਰਕਾਰੀ ਦੇ ਖੇਤਰ ਨਾਲ ਜੁੜੇ ਹੋਏ ਹਨ।
ਸੰਪਰਕ :- 08283029248