Bachittar Natak
ਨਾਟਕ ਸਦਾ ਹੀ ਰਮਜ਼ ਵਾਲੀ ਘਟਨਾ ਹੁੰਦੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਅੰਤ ਨਾਟਕ ਦੇਖੇ। ਆਪ ਨੇ ਅਨੰਤ ਸਮੇਂ ਵਿਚ ਨਾਟਕ ਬ੍ਰਿਤਾਂਤ ਵੇਖੇ। ਆਪ ਨੇ ਆਪਣੇ ਤੋਂ ਪਹਿਲਾਂ ਹੋ-ਵਾਪਰ ਚੁੱਕੇ- ਬੇਅੰਤ ਯੁਗਾਂ ਦੇ ਨਾਟਕ ਦੇਖੇ ਅਤੇ ਅੱਗੋਂ ਆਉਣ ਵਾਲੇ ਵੀ ਕਈ ਨਾਟਕ ਵੇਖੇ। ਆਪ ਨੇ ਆਤਮ-ਕਥਾ ਨੂੰ ਵੀ ਨਾਟਕ ਦੇ ਰੂਪ ਵਿਚ ਹੀ ਵੇਖਿਆ। ਪਰ ਇਸ ਸਭ ਕੁਝ ਨੂੰ ਆਪ ਨੇ ਬਚਿੱਤ੍ਰ ਨਾਟਕ ਮੰਨਿਆ ਤੇ ਵੇਖਿਆ। ਆਪ ਨੇ ਜੀਵਨ-ਸਾਰ ਨੂੰ 'ਬਚਿੱਤ੍ਰ -ਨਾਟਕ' ਦਾ ਨਾਮ ਦਿੱਤਾ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਬਚਿਤ੍ਰ ਨਾਟਕ’ ਦੀ ਆਦਿ ਜੁਗਾਦਿ ਤੋਂ ਤੁਰੀ ਆ ਰਹੀ ਲੜੀ ਨੂੰ ਵੇਖਿਆ। ‘ਜਾਪ’ ਤੇ ‘ਅਕਾਲ ਉਸਤਤਿ’ ਵਿਚ ਅਦ੍ਵੈਤ ਬ੍ਰਹਮ ਦੇ ਬਚਿਤ੍ਰ ਨਾਟਕ ਨੂੰ ਦਰਸਾਇਆ। ਬਚਿਤ੍ਰ ਨਾਟਕ ਵਿਚ ਸੂਰਜਬੰਸੀ ਤੇ ਚੰਦਰਬੰਸੀ ਰਾਜਿਆਂ ਦੇ ਬਚਿਤ੍ਰ ਨਾਟਕ ਨੂੰ ਦਰਸਾਇਆ। ਫਿਰ ਬੇਦੀ ਤੇ ਸੋਢੀ ਬੰਸ ਦੀ ਕਥਾ ਸੁਣਾਈ। ਫਿਰ ਆਤਮ-ਕਥਾ ਦਾ ਬਚਿਤ੍ਰ ਨਾਟਕ ਦਰਸਾਇਆ।
ਬ੍ਰਹਮ ਦੇ ਸੱਤ ਅਤੇ ਰੁਦਰ ਦੇ ਦੋ ਅਵਤਾਰਾਂ ਦਾ ਰੂਪ ਨਾਟਕ ਦਰਸਾਇਆ ਹੈ, ਚੰਡੀ ਚਰਿਤ੍ਰ ਦੇ ਮਹਾਨ ਬਚਿਤ੍ਰ ਨਾਟਕ ਨੂੰ ‘ਦਸਮ ਗ੍ਰੰਥ’ ਵਿਚ ਪੰਜ ਵਾਰੀ ਸਾਕਾਰ ਕੀਤਾ ਹੈ। ‘ਗਿਆਨ ਪ੍ਰਬੋਧ’ ਵਿਚ ਬੇਅੰਤ ਰਾਜਿਆਂ ਦੀ ਯਗ-ਕਥਾ ਦੇ ਬਚਿਤ੍ਰ ਨਾਟਕ ਨੂੰ ਰੂਪਮਾਨ ਕੀਤਾ ਹੈ। ਤ੍ਰਿਆ ਚਰਿੱਤ੍ਰ ਵੀ ੪੦੪ ਬਚਿਤ੍ਰ ਨਾਟਕ ਹੀ ਹਨ। ਆਪ ਦੀ ਪ੍ਰਤਿਭਾ ਪ੍ਰਮੁੱਖ ਤੌਰ ਤੇ ਨਾਟਕੀ ਸੀ। ਸਾਰੇ ਜੀਵਨ ਨੂੰ ਆਪ ਨੇ ਬਚਿਤ੍ਰ ਨਾਟਕ ਸਮਝ ਕੇ ਜੀਵਿਆ ਹੈ।
ਬਚਿਤ੍ਰ ਨਾਟਕ ਦਾ ਭਾਵ ਇਹੋ ਹੈ ਕਿ ਹਰ ਕਥਾ ਵਿਚ ਕੋਈ ਗੋਹਜ-ਭੇਦ ਹੈ। ਘਟਨਾ ਸਥਾਨਕ ਤੇ ਸਮਈ ਵੀ ਹੈ ਪਰ ਅਨੰਤ ਕਾਲ ਲਈ ਉਸ ਵਿਚ ਕੋਈ ਸੰਦੇਸ਼ ਵੀ ਹੁੰਦਾ ਹੈ।
ਜਿਵੇਂ ਪਹਿਲੇ ਸਾਰੇ ਗੁਰੂ ਸਾਹਿਬ ‘ਬਚਿਤ੍ਰ ਨਾਟਕ’ ਖੇਡ ਖੇਡ ਕੇ ਜੀਵਨ-ਜਾਚ ਸਿਖਾਉਂਦੇ ਰਹੇ ਸਨ, ਤਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਅਨੇਕ ਬਚਿਤ੍ਰ ਨਾਟਕ ਖੇਡਦੇ ਰਹੇ ਹਨ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪਾਂਧੇ, ਮੁੱਲਾਂ, ਸੱਜਣ, ਭੂਮੀਏ, ਨਾਲ ਨਾਟਕ ਖੇਡੇ। ਹਰਿਦੁਆਰ, ਕੁਰੂਕਸ਼ੇਤਰ ਤੇ ਕਾਮਰੂਪ ਵਿਚ ਬਚਿਤ੍ਰ ਨਾਟਕ ਖੇਡੇ, ਸ਼ਿਵਨਾਭ ਤੇ ਕੌਡੇ ਨਾਲ ਨਾਟਕ ਖੇਡੇ। ਮੱਕੇ ਤੇ ਬਗ਼ਦਾਦ ਵਿਖੇ ਨਾਟਕ ਖੇਡੇ। ਹਸਨ-ਅਬਦਾਲ ਵਿਚ ਵਲੀ ਕੰਧਾਰੀ ਨਾਲ, ਅਚਲ ਵਿਚ ਜੋਗੀਆਂ ਨਾਲ, ਮੁਲਤਾਨ ਵਿਚ ਪੀਰਾਂ ਨਾਲ ਬਚਿਤ੍ਰ ਨਾਟਕ ਦਾ ਵਿਵਹਾਰ ਕੀਤਾ।
ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਲਹਿਣਾ ਜੀ ਦੀ ਪ੍ਰੀਖਿਆ ਕਰਦਿਆਂ ਬਚਿਤ੍ਰ ਨਾਟਕ ਖੇਡੇ, ਜਿਨ੍ਹਾਂ ਵਿਚ ਰਮਜ਼ਾਂ ਸਨ ਅਤੇ ਉਹ ਰਮਜ਼ਾਂ ਸਦਾ ਲਈ ਸਾਰਥਕ ਹਨ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸ਼੍ਰੀ ਗੁਰੂ ਅਮਰਦਾਸ ਜੀ ਦੀ ਪ੍ਰੀਖਿਆ ਕਰਦਿਆਂ ਕੁਝ ਬਚਿਤ੍ਰ ਨਾਟਕ ਖੇਡੇ ਜਿਨ੍ਹਾਂ ਦੀਆਂ ਰਮਜ਼ਾਂ ਸਦਾ ਲਈ ਸਾਰਥਕ ਹਨ। ਫਿਰ ਸ਼੍ਰੀ ਗੁਰੂ ਅਮਰਦਾਸ ਜੀ ਨੇ ਥੜ੍ਹੇ ਬਣਵਾ ਕੇ ਤਖ਼ਤ ਦੇ ਦਿੱਤਾ। ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਤੱਤੀ ਲੋਹ ਤੇ ਬਚਿਤ੍ਰ ਨਾਟਕ ਖੇਡ ਕੇ ਦੱਸਿਆ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਪਾ ਕੇ ਬਚਿਤ੍ਰ ਨਾਟਕ ਦਰਸਾਏ ਅਤੇ ੫੨ ਰਾਜਿਆਂ ਨੂੰ ਬੰਦੀ ਵਿਚੋਂ ਕੱਢ ਕੇ ਬੰਦੀ ਛੋੜ ਦਾ ਨਾਟਕ ਰਚਿਆ। ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਸਾਰਾ ਜੀਵਨ ਦੀਰਘ ਜਾਮੇ ਦਾ ਨਾਟਕ ਖੇਡਦੇ ਰਹੇ। ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦ੍ਰਿਸ਼ਟਿ ਨਾਲ ਖਲ-ਮੂਰਖਾਂ ਨੂੰ ਪੰਡਿਤ ਕਰਦੇ ਰਹੇ। ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ 'ਵੱਡਾ ਸਾਕਾ' ਕਰਕੇ ਸੰਸਾਰ ਦਾ ਅਲੌਕਿਕ ਨਾਟਕ ਖੇਡਿਆ। ਇਸੇ ਤਰ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਸਾਰਾ ਜੀਵਨ -ਨਾਟਕ ਵੇਖਦੇ ਤੇ ਖੇਡਦੇ ਰਹੇ ਅਤੇ ਮਨੁੱਖਤਾ ਨੂੰ ਬੜੀਆਂ ਡੂੰਘੀਆਂ ਰਮਜ਼ਾਂ ਸਮਝਾਉਂਦੇ ਰਹੇ। ਅਸੀਂ ਉਨ੍ਹਾਂ ਨਾਟਕਾਂ ਦਾ ਮੁੜ ਅਭਿਨੈ ਕਰਦੇ ਹਾਂ।
੨.
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ। ਪੀਰ ਭੀਖਣਸ਼ਾਹ ‘ਪਸਚਮ ਦਿਸਿ ਕੋ ਦ੍ਰਿਸਟੀ ਫੇਰ’ ਨੇ ਨਮਾਜ਼ ਅਦਾ ਕੀਤੀ ਅਤੇ ਸਣੇ ਆਪਣੇ ਮੁਰੀਦਾਂ ਦੇ ਗੁਰੂ ਦਰਸ਼ਨ ਲਈ ਤੁਰ ਪਿਆ -
ਲਈ ਕੁਰਾਨ ਮੁਸੱਲਾ ਧਾਰੇ।
ਦ੍ਵੈ ਮੁਰੀਦ ਸੋ ਚਲੇ ਪਿਛਾਰੇ।
ਸਨੇ ਸਨੇ ਗਮਨ ਮਗ ਜਾਹਿੰ।
ਨਿਸ ਬਿਸਰਾਮਹਿ ਦਿਵਸ ਚਲਾਹਿੰ।
(ਗੁ: ਪ੍ਰ: ਸੂ: ਗ੍ਰੰਥ, ਰਾ: ੧੨, ਅੰਸ ੧੪)
ਅਤੇ - ‘ਪੁਰਿ ਪਟਣੇ ਦੇ ਪਹੁੰਚੇ ਪਾਸ।’
ਬੜੇ ਜਤਨ ਮਗਰੋਂ ਗੁਰ-ਦਰਸ਼ਨ ਪ੍ਰਾਪਤ ਹੋਇਆ ਤੇ ਇਹ ਨਾਟਕ ਰਚਿਆ ਗਿਆ।
ਉਸ ਨੇ ਦੋ ਘੜੇ ਚੁੱਕੇ ਹੋਏ ਸਨ।
ਸ਼ਾਹਿ ਭੀਖ ਘਟਕਾ ਜਬ ਦੋਨੋਂ।
ਕਰੀ ਸਮੀਪ ਹੋਇ ਕਰ ਨਮੋਂ।
ਸ੍ਰੀ ਗੁਰ ਦੋਨਹੁ ਹਾਥ ਪਸਾਰੇ।
ਘਟੀ ਸਪਰਸ਼ਨ ਕੋ ਤਿਸ ਬਾਰੇ।
ਤਊ ਨ ਪਹੁੰਚੇ ਜਾਇ ਤਹਾਂ ਲੌਂ।
ਪਰੇ ਅੰਕੁ ਮੈਂ ਛੁਵੈਂ ਕਹਾਂ ਲੌਂ।
ਸ਼ਾਹੁ ਭੀਖ ਕੇ ਮਨ ਕੀ ਜਾਨਿ।
ਕਰੀ ਵਧਾਵਨ ਬਾਹੁ ਮਹਾਨ।
ਦੋਨੋਂ ਦ੍ਵੈ ਘਟ ਕਾ ਪਰ ਲਾਏ।
ਸੰਗਤਿ ਖਰੀ ਨ ਕਿਨਹੁੰ ਲਖਾਏ।
(ਰਾ: ੧੨, ਅੰਸ ੧੬)
ਬਾਲਕ ਗੁਰੂ ਜੀ ਨੇ ਭੀਖਣਸ਼ਾਹ ਨੂੰ ਇਸ ਨਿੱਕੇ ਜਿਹੇ ਬਚਿਤ੍ਰ ਨਾਟਕ ਦੁਆਰਾ ਰਮਜ਼ ਸਮਝਾ ਦਿੱਤੀ ਅਤੇ ਉਸ ਨੂੰ ਰਮਜ਼ ਸਮਝ ਆਈ। ਗੁਰੂ ਆਪਣਾ ਪੰਥ ਚਲਾਵੇਗਾ ਅਤੇ ਨਾ ਹੀ ਹਿੰਦੂ ਮੱਤ ਨਾਸ਼ ਹੋਵੇਗਾ, ਨਾ ਹੀ ਇਸਲਾਮ। ਗੁਰੂ ਦੋਹਾਂ ਦੀ ਰੱਖਿਆ ਕਰੇਗਾ।
੩
ਉਪਰ ਦੱਸੇ ਨਾਟਕ ਦੀ ਭਾਵਨਾ ਨੂੰ ਸਾਖਿਆਤ ਕਰਨ ਲਈ ਆਪ ਨੇ ਇਕ ਬਚਿਤ੍ਰ ਨਾਟਕ ਦਾ ਰੂਪ ਧਾਰਨ ਕੀਤਾ। ਐਸਾ ਨਾਟਕ ਕਿਸੇ ਨਹੀਂ ਸੀ ਦੇਖਿਆ। ਆਪ ਨੇ ਨੀਲੇ ਘੋੜੇ ਦੀ ਸਵਾਰੀ ਕੀਤੀ। ਚਿੱਟਾ ਬਾਜ਼ ਹੱਥ ਤੇ ਬਿਠਾਇਆ ਅਤੇ ਸੋਹਣੀ ਕਲਗੀ ਸਿਰ ਤੇ ਸਜਾਈ। ਸੰਸਾਰ ਦੇ ਬਚਿਤ੍ਰ ਨਾਟਕੀ ਬ੍ਰਹਿਮੰਡ ‘ਤੇ ਇਹ ਨਾਇਕ-ਸਰੂਪ ਬੜਾ ਹੀ ਬਚਿਤ੍ਰ ਸੀ ਪਰ ਇਸ ਵਿਚ ਸਦਾ ਲਈ ਡੂੰਘੀ ਰਮਜ਼ ਸੀ। ਆਪ ਦਾ ਘੋੜਾ ਸ਼ਕਤੀ ਦਾ ਪ੍ਰਤੀਕ ਹੈ ਜਿਸ ਦੁਆਰਾ ਸਾਰੇ ਯੋਧੇ ਅਨਿਆਂ ਦਾ ਨਾਸ਼ ਕਰਦੇ ਰਹੇ ਹਨ। ਪਰ ਆਪ ਦੀ ਨਿਵੈਰਤਾ ਦੀ ਸਾਖੀ ਨੀਲਾ ਰੰਗ ਹੈ। ਆਪ ਦਾ ਨੀਲਾ ਘੋੜਾ ਵਿਸ਼ਾਲਤਾ ਤੇ ਨਿਰਵੈਰਤਾ ਦਾ ਸ਼ਕਤੀਮਾਨ ਚਿੰਨ੍ਹ ਹੈ। ਨੀਲਾਹਟ ਵਿਚ ਸਾਗਰ ਤੇ ਗਗਨ ਦੀ ਵਿਸ਼ਾਲਤਾ ਦਮਕਦੀ ਹੈ, ਇਹ ਬ੍ਰਹਮ ਗਿਆਨੀ ਦੀ ਨੀਲਾਹਟ ਹੈ। ਇਹ ਨੀਲਾਹਟ ਹੀ ‘ਅਕਾਲ ਉਸਤਤਿ’ ਵਿਚ ਸਾਖਿਆਤ ਕੀਤੀ ਹੈ ਜਿਸ ਦੁਆਰਾ ਆਪ ਨੇ ਸਾਰੇ ਸੰਸਾਰ ਦੇ ਧਰਮਾਂ ਤੇ ਸਾਰੀਆਂ ਕੌਮਾਂ ਨੂੰ ਇਕੋ ਜਿੰਨਾ ਪਿਆਰ ਤੇ ਸਤਿਕਾਰ ਦਿੱਤਾ ਹੈ। ਇਸ ਰੰਗ ਨੇ ਸਿੱਖਾਂ ਨੂੰ ਛੋਹਿਆ ਤੇ ਗੁਰੂ-ਮੁੱਖ ਵਿਚੋਂ ਇਹ ਮਾਨਵੀ ਰੰਗਤ ਦਾ ਸੁਨੇਹਾ ਨਿਕਲਿਆ -
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ॥
ਕਰਤਾ ਕਰੀਮ ਸੋਈ ਰਾਜਕ ਰਹੀਮ ਓਈ
ਦੂਸਰੋ ਨ ਭੇਦ ਕੋਦੀ ਭੂਲ ਭ੍ਰਮ ਮਾਨਬੋ ॥
(ਅਕਾਲ ਉਸਤਤਿ ੮੫)
ਅਤੇ: -
ਦੇਹਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ
ਮਾਨਸ ਸਬੈ ਏਕ ਪੈ ਅਨੇਕ ਕੋ ਭਰਮਾਉ ਹੈ ॥
ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੱਦੂ
ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ ॥
(ਅਕਾਲ ਉਸਤਤਿ ੮੬)
ਆਪ ਦਾ ‘ਚਿੱਟਾ ਬਾਜ਼’ ਵੀ ਇਸੇ ਰਮਜ਼ ਦਾ ਲਖਾਇਕ ਸੀ ਜਿਸ ਦਾ ਲਖਾਇਕ ‘ਨੀਲਾ ਘੋੜਾ’ ਸੀ - ਬਾਜ ਦੀ ‘ਸ਼ਕਤੀ’ ਦੀ ਸਿਖ਼ਰ ਅਤੇ ਚਿੱਟਾ ਰੰਗ ਉਸ ਸ਼ਕਤੀ ਦੀ ਸੁਲ੍ਹਾ ਕੁਲ ਵਰਤੋਂ ਦਾ ਲਖਾਇਕ ਹੈ। ਆਪ ਜੀ ਦੀ ਕਲਗੀ ਵਿਚ ਮੀਰੀ ਤੇ ਪੀਰੀ ਦਾ ਸੁਮੇਲ ਹੈ। ਇਹਨਾਂ ਚਿੰਨ੍ਹਾਂ ਵਿਚ ਜੋ ਨਾਟਕ ਆਪ ਨੇ ਖੇਡਿਆ, ਉਸ ਨੇ ਹੀ ਖ਼ਾਲਸੇ ਨੂੰ ਮੀਰੀ-ਪੀਰੀ, ਰਾਜ-ਜੋਗ ਤੇ ਸੰਤ-ਸਿਪਾਹੀ ਦਾ ਚਿੰਨ੍ਹ ਬਣਾ ਦਿੱਤਾ। ਖ਼ਾਲਸਾ ਆਪਣਾ ਬਚਿਤ੍ਰ ਨਾਟਕ ਦਿਖਾਉਣ ਲੱਗਾ। ਸੰਸਾਰ ਦੇ ਰੰਗ-ਮੰਚ ਤੇ ਉਸ ਦੇ ਬਚਿੱਤ੍ਰ ਨਾਟਕ ਨੂੰ ਅਨੇਕ ਥਾਈਂ ਸੰਸਾਰ ਨੇ ਦੇਖਿਆ ਤੇ ਹੁਣ ਤੀਕ ਇਸ ਨਾਟਕ ਨੂੰ ਸੰਸਾਰ ਦੇਖ ਰਿਹਾ ਹੈ। ਸਾਰਾ ਸਿੱਖ ਇਤਿਹਾਸ ਇਸ ਨਾਟਕ ਦਾ ਅਭਿਨੈ ਹੈ।
੪.
ਸੰਸਾਰ ਦਾ ਅਤਿਅੰਤ ਬਚਿਤ੍ਰ ਨਾਟਕ ਆਪ ਨੇ ੧੬੯੯ ਈਸਵੀ ਨੂੰ ਖੇਡਿਆ। ਭਾਰੀ ਸੰਗਤ ਕੇਸਗੜ੍ਹ ਸਜੀ ਹੋਈ ਸੀ। ਗੁਰੂ ਜੀ ਨੇ ਤਲਵਾਰ ਖਿੱਚ ਲਈ -
ਖੜਗ ਖੈਂਚ ਕਰ ਲੀਨਸਿ ਚਮਕਤਿ।
ਬਹਿਰਤਿ ਮਨਹੁ ਦਾਮਨੀ ਦਮਕਤਿ।
ਘਨਸੁਰ ਸਮ ਬੋਲੇ ਗੁਨਖਾਨੀ।
ਸਭਿ ਸੰਗਤਿ ਗੁਰ ਪ੍ਰਿਯਾ ਮਹਾਨੀ।
ਅਤਿ ਪ੍ਰਿਯ ਸਿਖ ਅਹੈ ਕੋ ਮੇਰਾ?
ਅਪਨੋ ਸੀਸ ਦੇਹਿ ਇਸ ਬੇਰਾ।
ਖਾਰਜ ਪਰਯੋ ਅਟਕ ਇਸ ਕਾਲਾ।
ਪੁਰਬਹਿ ਸਿਰ ਦੇ ਅਬਹਿ ਬਿਸਾਲਾ।
(ਗੁ: ਪ੍ਰ: ਸੂ: ਗ੍ਰੰਥ, ਰੁਤ ੩, ਅੰਸੁ ੭੦)
ਪੰਜਾਂ ਸਿਖਾਂ ਨੇ ਵਾਰੋ-ਵਾਰੀ ਸਿਰ ਪੇਸ਼ ਕਰ ਦਿੱਤਾ। ਹਰ ਇਕ ਨੂੰ ਤੰਬੂ ਵਿਚ ਲੈ ਗਏ ਅਤੇ ਅੱਗੇ ਇਹ ਨਾਟਕ ਰਚਿਆ
ਉਹ ਤਾਂ ਨਾਟਕ ਸੀ ਬਚਿਤ੍ਰ। ਆਪ ਅੰਤ ਤੇ ਉਹਨਾਂ ਪੰਜਾਂ ਨੂੰ ਹੀ ਸਜਾ ਕੇ, ਨੀਲਾ ਬਾਣਾ ਪੁਆ ਕੇ ਬਾਹਰ ਲੈ ਆਏ ਤੇ ਕਿਹਾ -
ਮਮ ਸਰੂਪ ਤੁਮ ਅਬ ਭਏ
ਹੌਂ ਭਾ ਤੁਮਹਿੰ ਸਰੂਪ।
ਬ੍ਰਹਮ ਗਿਆਨ ਦਿਢ ਰਿਦੈ ਹ੍ਵੈ
ਪਦ ਅਤਿ ਲੀਨਿ ਅਨੂਪ।
ਤੇ ਉਹਨਾਂ ਨੂੰ ਕਿਹਾ ਕਿ -
‘ਸੀਭ ਕੀ ਰਾਖ ਲੀਨਿ ਪਤਿ ਮਹਾ।
ਧਰਿ ਧੀਰਜ ਊਚੋ ਪਦ ਲਹਾ।’
ਇਹ ਸਿੱਖ ਦੀ ਪਰਖ ਦਾ ਬਚਿਤ੍ਰ ਨਾਟਕ ਹੈ। ਇਸ ਤਰ੍ਹਾਂ ਆਪ ਨੇ ਚੰਡੀ ਵਿਚੋਂ ਖਾਲਸਾ ਪੈਦਾ ਕਰ ਦਿੱਤਾ। ਇਹੋ ਰਮਜ਼ ਹੈ ਖਾਲਸੇ ਦੀ।
ਇਸ ਨਾਟਕ ਨੂੰ ਜਾਰੀ ਰਖਦਿਆਂ, ਆਪ ਨੇ ਅੰਮ੍ਰਿਤ ਤਿਆਰ ਕੀਤਾ। ਪੰਜਾਂ ਪਿਆਰਿਆਂ ਨੂੰ ਛਕਾਇਆ ਤੇ ਫਿਰ ਆਪ ਛਕਿਆ! ਇਹ ਵੀ ਕਿੰਨੀ ਵਡੀ ਰਮਜ਼ ਹੈ।
ਤਿਹ ਛਿਨ ਇਕ ਬਾਸਨ ਮੰਗਵਾਵਾ।
ਸਤੁਦ੍ਰਵ ਕੇ ਜਲ ਸੁਚਿ ਅਨੁਵਾਵਾ।
ਨਿਜ ਆਗੇ ਰਖਵਾਰਨਿ ਕੀਯੋ।
ਜੋ ਕ੍ਰਿਪਾਨ ਸ੍ਰੀ ਦੇਵੀ ਦੀਯੋ।
ਤਾਂ ਮੈਂ ਲਗੇ ਫੇਰਨੇ ਸੁਆਮੀ।
ਬਦਨ ਬਦਤਿ ਬਾਨੀ ਅਭਿਰਾਮੀ।
ਦਇਆ ਸਿੰਘ ਤੇ ਆਦਿਕ ਜੇਈ।
ਪੰਚਹੁ ਖਰ ਆਗਰੇ ਕਰਿ ਤੇਈ।
(ਰੁਤ ੩, ਅੰਸੂ ੧੯)
ਮਾਤਾ ਜੀ ਨੇ ਉਸ ‘ਨੀਰ ਬਿਖੈ ਪਾਈ ਮਧੁਰਾਈ’ ਪਤਾਸੇ ਪਾ ਕੇ ਖ਼ਾਲਸੇ ਨੂੰ ਮਿੱਠਾ ਬਣਾ ਦਿੱਤਾ, ਇਹ ਵੀ ਨਾਟਕ ਹੈ।
ਖ਼ਾਲਸਾ ਪ੍ਰਗਟ ਹੋ ਗਿਆ -
ਵਾਹਿਗੁਰੂ ਜੀ ਕਾ ਭਯੋ ਖਾਲਸਾ ਸੁ ਨੀਕਾ,
ਵਾਹਿਗੁਰੂ ਜੀ ਕੀ ਮਿਲ ਫਤੇ ਸੋ ਬੁਲਾਈ ਹੈ।
ਪੀਰ ਪਾਤਿਸ਼ਾਹ ਕਰਾਮਾਤੀ ਜੇ ਅਪਰ ਪੰਥ,
ਹਿੰਦੂ ਕਿ ਤੁਰਕ ਹੂੰ ਕੀ ਕਾਨ ਕੋ ਮਿਟਾਈ ਹੈ।
ਤੀਸਰਾ ਮਜਬ ਜਗ ਦੇਖ ਕੇ ਅਜਬ ਮਹਾਂ,
ਬੈਰੀ ਕੇ ਗਜਬ ਪਰਯੋ ਛੀਨੈ ਠਕੁਰਾਈ ਹੈ।
ਧਰਮ ਸਥਾਪਨੇ ਕੋ ਪਾਪਨ ਕੇ ਖਾਪਨੇ ਕੋ
ਗੁਰੂ ਜਾਪਨੇ ਕੋ ਨਈ ਰੀਤਿ ਯੋਂ ਚਲਾਈ ਹੈ।
(ਗੁ: ਪ੍ਰ: ਸੂ: ਗ੍ਰੰਥ)
ਗੁਰੂ ਜੀ ਨੇ ਇਸੇ ਖ਼ਾਲਸੇ ਨੂਮ ‘ਖ਼ਾਲਸਾ ਗੁਰੂ ਹੈ, ਗੁਰੂ ਖ਼ਾਲਸਾ ਕਹੋਂ ਮੈਂ’ ਆਪਣਾ ਇਸ਼ਟ ਗੁਰੂ ਸਥਾਪਨ ਕਰ ਦਿੱਤਾ। ਇਹ ਹੀ ਤਾਂ ਬਚਿਤ੍ਰ ਨਾਟਕ ਹੈ।
ਸਤਿਗੁਰੂ ਜੀ ਨੇ ਪੰਜ ਪਿਆਰੇ ਸਜਾਏ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਮਾਰ ਦਿੱਤੇ ਅਤੇ ਦਇਆ, ਧਰਮ, ਮੋਹਕਮ, ਹਿੰਮਤ ਤੇ ਸਾਹਿਬੀ ਦੇ ਗੁਣ ਪ੍ਰਵੇਸ਼ ਕਰਕੇ ਸਿੱਖਾਂ ਨੂੰ ਸਿੰਘ (ਸ਼ੇਰ) ਬਣਾ ਦਿੱਤਾ। ਪੰਚ ਰੁਸਾ ਦਿੱਤੇ ਅਤੇ ਪੰਚ ਮਨਾ ਲਏ। ਕਾਇਰਤਾ ਤੇ ਬੇਗ਼ੈਰਤੀ ਨੂੰ ਆਪ ਨੇ ਮਾਰ ਦਿੱਤਾ ਅਤੇ ਬੀਰਤਾ ਤੇ ਗ਼ੈਰਤ ਨੂੰ ਜਨਮ ਦਿੱਤਾ।
‘ਸਿੰਘ’ ਦੇ ਘਰ ਚਾਰ ਪੁੱਤਰ ਜਨਮੇ, ਅਜੀਤ, ਜੁਝਾਰ, ਜ਼ੋਰਾਵਰ, ਫ਼ਤਿਹ। ‘ਸਿੰਘ’ ਦੇ ਪੰਜ ਹੀ ਸਾਥੀ ਹਨ - ‘ਦਇਆ, ਧਰਮ, ਮੋਹਕਮ, ਸਾਹਿਬ ਤੇ ਹਿੰਮਤ’। ਫ਼ਤਿਹ ਤੇ ਸਾਹਿਬੀ ਫਲ ਰੂਪ ਹਨ, ਪਹਿਲੇ ਗੁਣਾਂ ਦੇ। ੪੦ ਮੁਕਤੇ ਉਹ ਹੀ ਦੋ ਫ਼ੌਜਾਂ ਹਨ ਜਿਨ੍ਹਾਂ ਦਾ ਗੁਰੂ ਜੀ ਨੇ ਅਬਿਬੇਕ ਅਤੇ ਬਿਬੇਕ ਦੀਆਂ ਫ਼ੌਜਾਂ ਦੇ ਤੌਰ ਤੇ ਰੁਦਰ-ਅਵਤਾਰ ਵਿਚ ਬਿਆਨ ਕੀਤਾ ਹੋਇਆ ਹੈ। ਅਬਿਬੇਕ ਹੀ ਬੇਦਾਵਾ ਹੈ ਅਤੇ ਬਿਬੇਕ ਹੀ ਮੁਕਤੀ ਹੈ।
੫.
ਗੁਰੂ ਜੀ ਨੇ ਖ਼ਾਲਸੇ ਨੂੰ ਅੰਮ੍ਰਿਤਪਾਨ ਕਰਾ ਦਿੱਤਾ ਅਤੇ ਰਹਿਤ ਸਮਝਾ ਦਿੱਤੀ -
ਧਰੋ ਸਦਾ ਸਿੰਘ ਮਨ, ਵੇਸਵਾ ਸੋਂ ਰਮਨ ਨਹਿੰ
ਕੀਜੈ ਕਬਿ ਸ਼ੰਕ ਕਰਿ।
ਸੁਚ ਸੋਂ ਰਹਨਿ ਉਠ ਪ੍ਰਾਤ ਮੇਂ ਸੁਨਾਨੋ ਤਨ
ਸ਼ਸਤ੍ਰਨ ਤੇ ਛੂਛੇ ਨਹੀਨ ਰਹੁ ਰਿਪੁ ਭੰਗ ਕਰਿ।
ਕੇਸ ਕੱਛ ਕਰਦ ਗੁਰੂ ਕੀ ਤੀਨ ਮੁਦ੍ਰਾ ਇਹ
ਪਾਸ ਤੇ ਨ ਦੂਰ ਕਰਹੁ, ਸਦਾ ਅੰਗ ਸੰਗ ਧਰਿ।
(ਰ: ੩, ਅੰ: ੨੦)
ਖ਼ਾਲਸੇ ਨੂੰ ਸੰਤ-ਸਿਪਾਹੀ ਦਾ ਆਚਰਨ ਸਮਝਾ ਦਿੱਤਾ। ਹਿਦਾਇਤ ਕਰ ਦਿੱਤੀ ਕਿ ਉਸ ਨੇ ਅੰਮ੍ਰਿਤ ਵਰਗਾ ਮਿੱਠਾ, ਪਵਿੱਤਰ, ਸੀਤਲ ਤੇ ਸਵੱਛ ਹੋਣਾ ਹੈ। ਅੰਮ੍ਰਿਤ ਲੱਛਣ ਹੀ ਖ਼ਾਲਸੇ ਦੇ ਲੱਛਣ ਹੋਣੇ ਚਾਹੀਦੇ ਹਨ।
ਪਰ ਨਾਲ ਇਕ ਬਚਿੱਤਰ ਨਾਟਕ ਕਰਕੇ ਦੱਸਿਆ। ਕਿਸੇ ਗਧੇ ਨੂੰ ਸ਼ੇਰ ਦੀ ਖੱਲ ਪੁਆ ਦਿੱਤੀ ਅਤੇ ਖੇਤਾਂ ਵਿਚ ਛੱਡ ਦਿੱਤਾ। ਪਹਿਲਾਂ ਤਾਂ ਲੋਕੀਂ ਬੜੇ ਡਰੇ, ਕੋਈ ਖੇਤ ਵੱਲ ਜਾਵੇ ਨਹੀਂ, ਪਰ ਕੁਝ ਸਮੇਂ ਮਗਰੋਂ ਖੋਤਾ ਘੁਮਿਆਰ ਦੇ ਘਰ ਅੱਗੇ ਆ ਖੜੋਤਾ। ਉਸ ਦੀ ਜਾਤ ਪਛਾਣੀ ਗਈ। ਲੋਕਾਂ ਨੇ ਮਾਰ ਮੁਕਾਇਆ। ਇਹ ਨਾਟਕ ਖੇਡ ਕੇ ਖ਼ਾਲਸੇ ਨੂੰ ਦੱਸਿਆ ਕਿ ਜਦੋਂ ਤੀਕ ਤੁਸੀਂ ਨਿਆਰੇ ਰਹੋਗੇ ਤੁਹਾਨੂੰ ਸਾਰਾ ਤੇਜ ਪ੍ਰਾਪਤ ਰਹੇਗਾ, ਜਦੋਂ ਤੀਕ ਤੁਹਾਡੇ ਵਿਚ ਅੰਮ੍ਰਿਤ ਆਚਰਨ ਰਹੇਗਾ, ਤਦੋਂ ਤੀਕ ਤੁਹਾਡਾ ਸਤਿਕਾਰ ਰਹੇਗਾ, ਪਰ ਜਦੋਂ ਤੁਸੀਂ ਪਾਖੰਡੀ ਰਹਿ ਗਏ ਤਦ ਨਾ ਮੈਂ ਤੁਹਾਡਾ ਇਤਬਾਰ ਕਰਾਂਗਾ ਅਤੇ ਨਾ ਹੀ ਲੋਕ ਤੁਹਾਡਾ ਸਤਿਕਾਰ ਕਰਨਗੇ। ਤੁਹਾਡਾ ਹਾਲ ਇਸੇ ਖੋਤੇ ਵਾਲਾ ਹੋਵੇਗਾ, ਜਿਸ ਨੇ ਸ਼ੇਰ ਦੀ ਖੱਲ ਪਾਈ ਹੋਈ ਸੀ ਪਰ ਜਿਸ ਪਾਸ ਸ਼ੇਰ ਦਾ ਆਚਰਨ ਨਹੀਂ ਸੀ।
ਇਹ ਦ੍ਰਿਸ਼ਟਾਂਤ ਤੁਮਹਿੰ ਦਿਖਰਾਯੋ।
ਜਾਤਿ ਪਾਤਿ ਮਹਿੰ ਰਾਸਭ ਜੈਸੇ।
ਬਸੀ ਕੁਲਾਲ ਲਾਜ ਮੇਂ ਤੈਸੇ।
ਤਿਸ ਤੇ ਸਤਿਗੁਰ ਲਏ ਨਿਕਾਸ।
ਬਖਸ਼ੇ ਸਗਲ ਪਦਾਰਥ ਪਾਸ।
ਸ੍ਰੀ ਅਸਧੁਜ ਕੋ ਦੇ ਕਰਿ ਬਾਣਾ।
ਸਭਿ ਤੇ ਊਚੇ ਕਰੇ ਸੁ ਤਾਣਾ।
ਹਲਤਿ ਬਿਖੇ ਸ਼ੁਭ ਭੋਗ ਬਿਸਾਲੇ।
ਪਲਤ ਬਿਖੇ ਮੈਂ ਕਰੋ ਸੰਭਾਲੇ।
ਉਤਮ ਪਦ ਮੈਂ ਤਬ ਪਹੁੰਚਾਊਂ।
ਜਮ ਬਸ ਪਰਬੇ ਤੇ ਛੁਟਕਾਊਂ।
ਜਿਮ ਰਾਸ਼ਭ ਪਰਿ ਕੇਹਰਿ ਖਾਨਾ।
ਬਿਨ ਡਰ ਕਰਯੋ ਖੇਤ ਗਨ ਬਾਨਾ।
ਪੁਨ ਹਲਾਲ ਕੇ ਪ੍ਰਵਿਸ਼ਣੋ ਜਾਈ।
ਲਾਦ ਗੁਨ ਕੋ ਲਸ਼ਟ ਲਗਾਈ।
ਤਿਮ ਹੁਇ ਸਿੰਘ ਜਾਤਿ ਮੈ ਪਰੈ।
ਤਜਹਿ ਸ਼ਸਤ੍ਰ ਭੈ ਕੋਇ ਨ ਧਰੈ।
ਹਲਤ ਕਾਰ ਕੋ ਕਰਤਿ ਗਵਾਵੈ।
ਪਲਤਿ ਸਹਾਇਕ ਕੋਇ ਨ ਪਾਵੈ।
ਤਜਹਿ ਸ਼ਸਤ੍ਰ ਭੈ ਕਰਹਿ ਨ ਕੋਈ।
ਭਯੋ ਗਧੇ ਕੋ ਗਧਾ ਸੋਈ।
ਯਾਂ ਤੇ ਸ੍ਰੀ ਅਕਾਲ ਕੋ ਬਾਨਾ।
ਦੇ ਮੈਂ ਕੀਨੇ ਸਿੰਘ ਸਮਾਨਾ।
ਇਸ ਕੇ ਧਰੇ ਸਦਾ ਸੁਖ ਹੋਈ।
ਤਯਾਗੋ ਦੋਨਹੁ ਲੋਕ ਨ ਢੋਈ।
(ਗੁ: ਪ੍ਰ: ਸੂ: ਗ੍ਰੰਥ, ਰੁਤ ੩, ਅੰਸੁ ੨)
੬.
ਸ੍ਰੀ ਗੁਰੂ ਜੀ ਨੇ ਸਾਰਾ ਜੀਵਨ ਬੜੇ ਅਲੌਕਿਕ ਤੇ ਬਚਿੱਤਰ ਨਾਟਕ ਖੇਡੇ। ਹੋਲੇ ਮਹੱਲੇ ਦੇ ਨਾਟਕ ਦਿਖਾਏ। ਕੜਾਹ ਪ੍ਰਸ਼ਾਦਿ ਦੀ ਦੇਗ਼ ਲੁਟਵਾਈ। ਆਪ ਤਾਂ ਉਦੋਂ ਵੀ ਨਾਟਕ ਹੀ ਖੇਡਦੇ ਰਹੇ ਜਦੋਂ ਬਾਹਰ ਮੁਗ਼ਲ ਸੈਨਾ ਨੇ ਘੇਰੇ ਘੱਤੇ ਹੋਏ ਸਨ, ਬਲਦਾਂ ‘ਤੇ ਚਿੱਤਰ ਤੇ ਲਿੱਦ ਲੱਦ ਕੇ ਕਿਲ੍ਹੇ ਵਿਚੋਂ ਬਾਹਰ ਕੱਢ ਦਿੱਤੇ ਅਤੇ ਸ਼ਾਹੀ ਸੈਨਾ ਨੇ ਲੁੱਟ ਲਏ। ਕੀ ਪ੍ਰਾਪਤ ਹੋਇਆ? ਆਪ ਨੇ ੪੦ ਮੁਕਤਿਆ ਦਾ ਨਾਟਕ ਵੇਖਿਆ ਤੇ ਵਿਖਾਇਆ, ਆਪ ਉੱਚ ਦੇ ਪੀਰ ਹੋ ਕੇ ਨਾਟਕ ਖੇਡਿਆ ਆਦਿ। ਬਚਿੱਤਰ ਨਾਟਕ ਹੀ ਆਪ ਦੇ ਜੀਵਨ ਦਾ ਸਾਰ ਹੈ। ਆਪ ਨੇ ਗੰਗਾ ਦੇ ਕੰਢੇ ‘ਤੇ ਜਨਮ ਧਾਰਿਆ ‘, ਫਿਰ ਆਪ ਜਮਨਾ ਦੇ ਕੰਢੇ ਤੇ ਰਹੇ ਅਤੇ ਦਸਮ ਗ੍ਰੰਥ ਜੀ ਦੀ ਸਾਹਿਤ ਰਚਨਾ ਕੀਤੀ -ਫਿਰ ਆਪ ਗੋਦਾਵਰੀ ਦੇ ਤੱਟ ‘ਤੇ ਜਾ ਰਹੇ। ਇਹ ਤ੍ਰਿਬੇਣੀ ਦਾ ਵਾਸ ਵੀ ਇਕ ਬਚਿੱਤ੍ਰ ਨਾਟਕ ਹੈ । ਜੁਗਾਂ ਜੁਗਾਂਤਰਾਂ ਤੋਂ ਆਪ ਬਚਿੱਤਰ ਨਾਟਕ ਖੇਡ ਰਹੇ ਸਨ, ਇਹ ਸਾਰੀ ਕਥਾ ਆਪ ਜੀ ਦੀ ਹੀ ਕਥਾ ਹੈ।
੭.
ਜਦੋਂ ਕੁਝ ਸਾਲ ਦੇਹਧਾਰੀ ਜੀਵਨ ਰਹਿ ਗਿਆ, ਆਪ ਦੱਖਣ ਵਿਚ ਜਾ ਬਿਰਾਜੇ ਤੇ ਬੰਦੇ ਨੂੰ ਜਾ ਘੱਲਿਆ । ਨਾਂਦੇੜ ਆਪ ਦਾ ਹੀ ਕਿਸੇ ਜੁਗ ਦਾ ਪੁਰਾਤਨ ਅਸਥਾਨ ਸੀ। ਆਪ ਭਾਰਤ ਦੇ ਚੱਪੇ-ਚੱਪੇ ਵਿਚ ਫਿਰ ਰਹੇ ਸਨ, ਉੱਥੇ ਜਿੱਥੇ ਪੰਡ ਰਾਜਿਆਂ ਨੇ ਯੋਗ ਕਮਾਇਆ ਸੀ, ਉੱਥੇ ਵੀ ਆਪ ਹੀ ਵਿਚਰੇ ਸਨ - ਫਿਰ ਆਪ ਉੱਥੇ ਗੋਦਾਵਰੀ ਤੱਟ ‘ਤੇ ਜਾ ਬਿਰਾਜੇ ਜਿੱਥੇ ਰਾਮ ਜੀ ਨੇ ਬਨਵਾਸ ਗੁਜ਼ਾਰਿਆ ਸੀ। ਦੱਖਣ ਵਿਚ ਗਏ ਤੇ ਗੁਰਦੁਆਰਾ ਮਾਲਟੇਕਰੀ ਤੋਂ ਆਪਣੇ ਹੀ ਪੁਰਾਣੇ ਦੱਬੇ ਹੋਏ ਖ਼ਜ਼ਾਨੇ ਜਾ ਕੱਢੇ ਅਤੇ ਪਠਾਣਾਂ ਨੂੰ ਤਨਖ਼ਾਹ ਬਖ਼ਸ਼ੀ। ਸੋ ਇਹ ਸਾਰਾ ਦੇਸ਼ ਪਿਛਲੇ ਕਈ ਰੂਪਾਂ ਤੇ ਜਨਮਾਂ ਵਿਚ ਆਪ ਫਿਰ ਚੁੱਕੇ ਸਨ, ਆਪ ਆਪਣੇ ਪੁਰਾਣੇ ਥਹੁ ਮੁੜ ਵੇਖਦੇ ਫਿਰਦੇ ਸਨ। ਇਹ ਬਚਿੱਤਰ ਲੀਲ੍ਹਾ ਸੀ - ਹੋਰ ਕੀ?
ਆਪ ਦਾ ਸਸਕਾਰ ਕੀ ਹੋਣਾ ਸੀ, ਆਪ ਸਣ-ਦੇਹ ਤੁਰ ਗਏ, ਜਿਵੇਂ ਈਸਾ ਦੇ ਰੂਪ ਵਿਚ, ਫਿਰ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ, ਫਿਰ ਗੁਰੂ ਅਰਜਨ ਦੇਵ ਜੀ ਦੇ ਰੂਪ ਵਿਚ, ਆਪ ਸਣ-ਦੇਹ ਹੀ (੍ਰੲਸੁਰਰੲਚਟੋਿਨ) ਉਠ ਸਿਧਾਂਦੇ ਰਹੇ ਸਨ। ਪਰਮਾਤਮਾ ਦੀ ਦੇਹ ਕਿਹੜੀ ਹੁੰਦੀ ਹੈ ਅਤੇ ਉਸਦਾ ਸਸਕਾਰ ਕੀ ਹੋਣਾ ਹੁੰਦਾ ਹੈ। ਪਰਮਾਤਮਾ ਤਾਂ ਬਸ ਇਹੋ ਹੈ- ਕਦੇ ਦ੍ਰਿਸ਼ਟਮਾਨ ਹੋ ਜਾਂਦਾ ਹੈ, ਕਦੇ ਅਦ੍ਰਿਸ਼ਟ ਹੋ ਜਾਂਦਾ ਹੈ, ਨਾ ਜੰਦਾ ਹੈ, ਨਾ ਮਰਦਾ ਹੈ।
ਇਹੋ ਹੀ ਹਾਲ ਥਾਵਾਂ ਦਾ ਵੀ ਹੈ। ਜਿੱਥੇ ਪੰਜਾਂ ਸਾਹਿਬ ਹੈ ਇੱਥੇ ਹੀ ਪਹਿਲਾਂ ਬੋਧੀ ਮੰਦਰ ਰਿਹਾ ਸੀ। ਹੋਰ ਕੋਈ ਕੀ ਜਾਣਦਾ ਹੈ ਕਿ ਇਹ ਛੱਪੜੀਆਂ ਜਿਹੜੀਆਂ ਅੰਮ੍ਰਿਤ ਸਰੋਵਰ ਬਣੀਆਂ, ਪਹਿਲਾਂ ਕਿੰਨੀ ਵਾਰੀ ਅੰਮ੍ਰਿਤ ਸਰੋਵਰ ਬਣ ਚੁੱਕਿਆਂ ਸਨ, ਕਿੰਨੀ ਵਾਰੀ ਅਲੋਪ ਹੋਈਆਂ ਸਨ ਅਤੇ ਅਗੋਂ ਕਿੰਨੀ ਵਾਰੀ ਉਪਜਣ ਅਤੇ ਅਲੋਪ ਹੋਣਗੀਆਂ।
ਕੁਝ ਵੀ ਸੰਸਾਰ ਵਿਚ ਪਹਿਲੀ ਵਾਰੀ ਨਹੀਂ ਹੋ ਰਿਹਾ। ਬੇਅੰਤ ਵਾਰੀ ਹੋ ਚੁੱਕਾ ਹੈ ਅਤੇ ਬੇਅੰਤ ਵਾਰੀ ਹੋਵੇਗਾ। ਖ਼ਾਲਸਾ ਬੇਅੰਤ ਵਾਰੀ ਗੁਰੂ ਗੋਬਿੰਦ ਸਿੰਘ ਜੀ ਪਹਿਲਾਂ ਸਾਜ ਚੁੱਕੇ ਸਨ ਅਤੇ ਬੇਅੰਤ ਵਾਰੀ ਸਾਜਣਗੇ। ਬੇਅੰਤ ਵਾਰੀ ਖ਼ਾਲਸਾ ਅਲੋਪ ਵੀ ਹੋਇਆ ਹੈ ਅਤੇ ਬੇਅੰਤ ਵਾਰੀ ਪ੍ਰਗਟ ਹੋਇਆ ਹੈ। ਇਹੋ ਹੈ ਵਿਆਖਿਆ ਸਾਰੇ ਦਸਮ ਗ੍ਰੰਥ ਦੇ ਚੰਡੀ ਚਰਿੱਤਾਂ ਦੀ ਅਤੇ ਇਹੋ ਕਥਾ ਹੈ ਅਵਤਾਰਾਂ ਦੀ। (ਬਿਸ਼ਨ ਦੇ ੨੪, ਬ੍ਰਹਮਾ ਦੇ ੭ ਅਤੇ ਰੁਦਰ ਦੇ ੨) । ਇਹ ਸਾਰੇ ਇਕੋ ਦੇ ਹੀ ਅਵਤਾਰ ਹਨ ਜੋ ਵੱਖ-ਵੱਖ ਰੂਪ ਵਟਾਉਂਦੇ ਰਹੇ।
ਇਹੋ ਅਵਤਾਰਾਂ ਦੇ ਨਾਟਕ ਇੱਥੇ ਅਲੋਪ ਹੋ ਕੇ ਕਿਸੇ ਹੋਰ ਪਾਤਾਲ ਆਕਾਸ਼ ‘ਤੇ ਹੋਣ ਲੱਗਦੇ ਹਨ। ਚੱਕਰ ਚੱਲਦਾ ਰਹਿੰਦਾ ਹੈ।
ਬੜੀ ਬਚਿੱਤਰ ਕਥਾ ਹੈ ਸ੍ਰੀ ਦਸਮੇਸ਼ ਜੀ ਦੀ।