
GURU KHALSA PANTH
ਖਾਲਸੇ ਦੀ ਸਿਰਜਨਾ ਬਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫ਼ੁਰਮਾਇਆ ਕਿ ਇਕ 'ਖੰਡਾ ਕੁਲ ਛੱਤਰੀ' ਹੈ। ਪਰ ਇਹ ਵਿਚਾਰ ਦਾ ਵਿਸ਼ਾ ਹੈ ਕਿ ਅਧਿਆਤਮਿਕ ਅਤੇ ਇਤਿਹਾਸਕ ਧਰਾਤਲ ਤੇ ਕੁਲ ਦੀ ਕੋਈ ਮਹੱਤਤਾ ਹੈ ਵੀ ਹੈ?
ਅਫ਼ਗਾਨਿਸਤਾਨ ਦੇ ਬਾਦਸ਼ਾਹ ਨਾਦਰ ਨੇ ਹਿੰਦੁਸਤਾਨ 'ਤੇ ਹਮਲੇ ਸਮੇਂ ਦਿੱਲੀ ਵਿੱਚ ਬੇਪਨਾਹ ਲੁੱਟਮਾਰ ਅਤੇ ਕਤਲੇਆਮ ਕੀਤਾ। ਇਤਿਹਾਸਕਾਰ ਦੱਸਦੇ ਹਨ ਕਿ ਉਹ ਆਪਣੇ ਹੱਥ ਵਿੱਚ ਤਲਵਾਰ ਲੈ ਕੇ ਸਾਰਾ ਦਿਨ ਖੁਦ ਇਸ ਕਤਲੋਗਾਰਤ ਵਿੱਚ ਸ਼ਾਮਿਲ ਹੋਇਆ। ਸ਼ਾਮ ਸਮੇਂ ਉਸਦਾ ਹੱਥ ਸੁੱਜ ਕੇ ਮਿਆਨ ਵਿੱਚੋਂ ਬਾਹਰ ਨਹੀਂ ਸੀ ਆ ਰਿਹਾ ਤਾਂ ਮਿਆਨ ਦਾ ਦਸਤਾ ਕੱਟ ਕੇ ਨਾਦਰ ਦਾ ਹੱਥ ਬਾਹਰ ਕੱਢਣਾ ਪਿਆ। ਹਿੰਦੁਸਤਾਨ ਦੇ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਨੇ ਆਪਣੀ ਧੀ ਦਾ ਰਿਸ਼ਤਾ ਨਾਦਰ ਦੇ ਪੁੱਤਰ ਨਾਸਰ ਨਾਲ ਕਰਕੇ ਆਪਣਾ ਖਹਿੜਾ ਛੁਡਾਇਆ। ਰਿਸ਼ਤੇ ਦੀ ਰਸਮ ਸਮੇਂ ਜਦੋਂ ਇਕੱਠੀਆਂ ਹੋਈਆਂ ਕੁੜੀਆਂ ਨੇ ਨਾਸਰ ਨੂੰ ਆਪਣਾ ਕੁਲਨਾਮਾ ਜਾਂ ਕੁਰਸੀਨਾਮਾ ਦੱਸਣ ਲਈ ਕਿਹਾ। ਨਾਸਰ ਲਈ ਇਹ ਬੜੀ ਕਸੂਤੀ ਹਾਲਤ ਵਿੱਚ ਪਾਉਣ ਵਾਲਾ ਸਵਾਲ ਸੀ ਕਿਉਂਕਿ ਨਾਦਰ ਦਾ ਬਾਪ ਅਤੇ ਖ਼ੁਦ ਨਾਦਰ ਭੇਡਾਂ ਚਾਰਨ ਵਾਲੇ ਆਜੜੀ ਸਨ। ਉਹ ਆਪਣਾ ਕੁਰਸੀ ਨਾਮਾ ਕੀ ਦੱਸੇ? ਜਦ ਕਾਫ਼ੀ ਚਿਰ ਨਾਸਰ ਕੋਈ ਜਵਾਬ ਨਾ ਦੇ ਸਕਿਆ ਤਾਂ ਨਾਦਰ ਨੇ ਉਸ ਨੂੰ ਕਿਹਾ ਕਿ ਦੱਸਦਾ ਕਿਉਂ ਨਹੀਂ ਕਿ, 'ਮਨਮ ਨਾਸਰ ਵ ਪਿਦਰ ਨਾਦਰ। ਵ ਪਿਦਰ ਨਾਦਰ ਸ਼ਮਸ਼ੀਰ।' ਯਾਨਿ ਕਿ ਮੇਰਾ ਨਾਮ ਨਾਸਰ ਹੈ ਤੇ ਮੇਰੇ ਬਾਪ ਦਾ ਨਾਮ ਨਾਦਰ ਹੈ ਤੇ ਉਸਦੇ ਪਿਉ ਦਾ ਨਾਮ ਤਲਵਾਰ ਹੈ। ਇਸ ਤਰ੍ਹਾਂ ਨਾਦਰ ਨੇ ਆਪਣੀ ਕੁਲ ਤਲਵਾਰ ਦੀ ਕੁਲ ਦੱਸੀ। ਸ਼ਸਤ੍ਰਧਾਰੀ ਸੂਰਮਿਆਂ ਦੀ ਕੁਲ ਤਲਵਾਰ ਹੀ ਹੋਇਆ ਕਰਦੀ ਹੈ। ਇਸੇ ਲਈ ਖਾਲਸੇ ਨੂੰ ਵੀ ਗੁਰੂ ਸਾਹਿਬ ਨੇ ਖੰਡਾਕੁਲ ਛੱਤ੍ਰੀ ਕਹਿ ਕੇ ਸੰਬੋਧਨ ਕੀਤਾ ਹੈ।
ਕੁਲ ਦੀ ਵਿਚਾਰ ਕਰਦਿਆਂ ਇਹ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਕੁਲ ਲਫ਼ਜ਼ ਦੋ ਰੂਪਾਂ ਵਿੱਚ ਲਿਆ ਜਾਂਦਾ ਹੈ। ਇਕ ਬਿੰਦੀ ਸੰਤਾਨ ਅਤੇ ਦੂਸਰੀ ਨਾਦੀ ਸੰਤਾਨ। ਪਹਿਲੀ ਤਾਂ ਖ਼ੂਨ ਦੇ ਰਿਸ਼ਤੇ ਮੁਤਾਬਿਕ ਕਿਸੇ ਖਾਨਦਾਨ ਵਿੱਚ ਜਨਮ ਲੈਣ ਕਰਕੇ ਤੇ ਦੂਸਰਾ ਅਧਿਆਤਮਿਕ ਪੱਧਰ 'ਤੇ ਕਿਸੇ ਨੂੰ ਆਪਣਾ ਪਿਤਾ ਮੰਨ ਕੇ।
ਪਹਿਲਾ ਅਵਸਥਾ ਦੀ ਮਹੱਤਤਾ ਗੁਰਮਤਿ ਵਿੱਚ ਪ੍ਰਵਾਨ ਨਹੀਂ। ਦੁਨਿਆਵੀ ਤੌਰ 'ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬੇਦੀ ਕੁਲ ਵਿੱਚੋਂ ਸਨ ਅਤੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਤ੍ਰੇਹਣ ਕੁਲ ਵਿੱਚੋਂ। ਪਰ ਗੁਰਬਾਣੀ ਨੇ ਗਿਆਨ ਬਂਸ਼ਿਸ਼ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਨਿਰਮਲ ਕੁਲ ਵਿੱਚ ਗੁਰੂ ਅੰਗਦ ਸਾਹਿਬ ਦਾ ਪ੍ਰਕਾਸ਼ ਹੋਇਆ।
ਨਾਨਕ ਕੁਲਿ ਨਿੰਮਲੁ ਅਵਤਰ੍ਹਿਉ
ਅੰਗਦ ਲਹਣੇ ਸੰਗਿ ਹੁਅ॥
ਗੁਰ ਅਮਰਦਾਸ ਤਾਰਣ ਤਰਣ
ਜਨਮ ਜਨਮ ਪਾ ਸਰਣਿ ਤੁਅ॥
(ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੩੯੫)
ਸੋ ਸਪੱਸ਼ਟ ਹੈ ਕਿ ਗੁਰਮਤ ਕਿਸ ਕੁਲ ਨੂੰ ਮੰਨਦੀ ਹੈ। ਦੂਸਰੇ ਪਾਸੇ ਗੁਰੂ ਅੰਸ਼ ਬਾਰੇ ਗੁਰਬਾਣੀ ਨੇ ਹੀ ਗਵਾਹੀ ਦੇ ਦਿੱਤੀ,
ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ॥
ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਰ ਮੁਰਟੀਐ॥
ਦਿਲਿ ਖੋਟੈ ਆਕੀ ਫਿਰਨ੍ਰਿ ਬੰਨ੍ਰ ਭਾਰੁ ਉਚਾਇਨ੍ਰਿ ਛਟੀਐ॥
(ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੯੬੭)
ਦੁਨਿਆਵੀ ਤੌਰ 'ਤੇ ਕਈ ਵਾਰ ਦੇਵ ਪੁਰਸ਼ਾਂ ਦੀ ਸੰਤਾਨ ਨਾ-ਅਹਿਲ ਹੋ ਨਿਬੜਦੀ ਹੈ ਤੇ ਦਾਨਵੀ ਬਿਰਤੀ ਵਾਲਿਆਂ ਦੇ ਘਰ ਦੇਵਤੇ ਜਨਮ ਧਾਰਨ ਕਰ ਲੈਂਦੇ ਹਨ। ਆਂਿਰ ਬਾਬਾ ਪ੍ਰਿਥੀ ਚੰਦ, ਰਾਮ ਰਾਇ, ਧੀਰ ਮਲ ਆਦਿ ਵੀ ਤਾਂ ਗੁਰੂ ਕੁਲ ਵਿੱਚੋਂ ਹੀ ਸਨ ਪਰ ਪ੍ਰਵਾਨ ਨਾ ਹੋਏ। ਪੰਥ ਦੀ ਅਨਿੰਨ ਸੇਵਾ ਕਰਨ ਵਾਲਾ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਪੰਥ ਘਾਤਕ ਲਹਿਣਾ ਸਿੰਘ ਸੰਧਾਵਾਲੀਆ ਦਾ ਪੁੱਤਰ ਸੀ। ਭਾਈ ਗੁਰਦਾਸ ਜੀ ਆਪਣੇ ਕਬਿੱਤ ੪੦੭ ਵਿੱਚ ਕਈ ਪੌਰਾਣਿਕ ਹਸਤੀਆਂ ਦਾ ਵਿਸਥਾਰ ਨਾਲ ਜ਼ਿਕਰ ਕਰਦੇ ਹਨ,
ਦੈਤ ਸੁਤ ਭਗਤ ਪ੍ਰਗਟਿ ਪ੍ਰਹਿਲਾਦ ਭਏ
ਦੇਵ ਸੁਤ ਜੁਗ ਮੈ ਸਨੀਚਰ ਬਖਾਨੀਐ॥
ਮਧੁਪੁਰ ਬਾਸੀ ਕੰਸ ਅਧਮ ਅਸੁਰ ਭਏ।
ਲੰਕਾ ਬਾਸੀ ਸੇਵਕ ਭਭੀਖਨ ਪਛਾਨੀਐ॥
ਸਾਗਰ ਗੰਭੀਰ ਬਿਖੈ ਬਿਖਿਆ ਪ੍ਰਗਾਸ ਭਈ।
ਅਹਿ ਮਸਤਕਿ ਮਨ ਉਦੈ ਉਨਮਾਨੀਐ॥
ਬਰਨ ਸਥਾਨ ਲਘੁ ਦੀਰਘ ਜਤਨ ਪਰੈ
ਅਕਥ ਕਥਾ ਬਿਨੋਦ ਬਿਸਮ ਨ ਜਾਨੀਐ॥
ਚਮਕੌਰ ਦੀ ਗੜ੍ਹੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਜਦੋਂ ਸਿੰਘਾਂ ਨੇ ਬੇਨਤੀ ਕੀਤੀ ਸੀ ਕਿ ਤੁਸੀਂ ਆਪਣੇ ਸਾਹਿਬਜ਼ਾਦੇ ਤਾਂ ਬਚਾ ਲਉ ਤਾਂ ਚੋਜੀ ਪਿਤਾ ਨੇ ਇਹੋ ਪੁੱਛਿਆ ਸੀ ਕਿ ਕੀ ਤੁਸੀਂ ਮੇਰੇ ਪੁੱਤਰ ਨਹੀਂ?
ਭਾਈ ਸੁਬੇਗ ਸਿੰਘ ਜੰਬਰ ਦੇ ਪੁੱਤਰ ਭਾਈ ਸ਼ਾਹਬਾਜ਼ ਸਿੰਘ ਨੂੰ ਜਦੋਂ ਚਰਖੜੀ ਨਾਲ ਬੰਨ ਦਿੱਤਾ ਅਤੇ ਭਾਈ ਸਾਹਿਬ ਨੂੰ ਕਿਹਾ ਕਿ ਤੇਰਾ ਇਕੋ ਇਕ ਪੁੱਤਰ ਹੈ ਤੂੰ ਆਪਣੀ ਕੁਲ ਬਚਾ ਲੈ। ਭਾਈ ਸਾਹਿਬ ਨੇ ਕਿਹਾ ਕਿ ਜੇਕਰ ਕੁਲ ਬਚਾਣੀ ਹੈ ਇੰਨੀ ਅਹਿਮੀਅਤ ਰੱਖਦੀ ਹੈ ਤਾਂ ਤੇ ਫਿਰ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕੁਲ ਨਹੀਂ ਸੀ ਬਚ ਜਾਣੀ ਚਾਹੀਦੀ? ਭਾਈ ਸਾਹਿਬ ਨੇ ਕਿਹਾ,
ਹਮ ਕਾਰਨ ਗੁਰ ਕੁਲਹਿ ਗਵਾਈ॥
ਹਮ ਕੁਲ ਰਾਖਹਿਂ ਕਵਨ ਵਡਾਈ?
ਸੋ ਜਿੱਥੋਂ ਤੱਕ ਪਹਿਲੀ ਅਵਸਥਾ ਦਾ ਸਵਾਲ ਹੈ ਤਾਂ ਗੁਰਮਤਿ ਇਹ ਗੱਲ ਮੰਨਦੀ ਹੈ ਕਿ ਅਸੀਂ ਅੱਜ ਜਿਸ ਮੁਕਾਮ 'ਤੇ ਪਹੁੰਚੇ ਹਾਂ ਇਹ ਕਈ ਜੂਨਾਂ ਵਿੱਚੋਂ ਲੰਘ ਕੇ ਆਏ ਹਾਂ।
ਕਈ ਜਨਮ ਭਏ ਕੀਟ ਪਤੰਗਾ॥
ਕਈ ਜਨਮ ਗਜ ਮੀਨ ਕੁਰੰਗਾ॥
ਕਈ ਜਨਮ ਪੰਖੀ ਸਰਪ ਹੋਇਓ॥
ਕਈ ਜਨਮ ਹੈਵਰ ਬ੍ਰਿਖ ਜੋਇਓ॥
(ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੭੬)
ਜਿਸ ਵੀ ਗਲੀ ਵਿੱਚੋਂ ਇਨਸਾਨ ਲੰਘ ਕੇ ਆਉਂਦਾ ਹੈ ਉਸ ਦੀ ਕੁਝ ਧੂੜ ਜਾਣੇ ਜਾਂ ਅਣਜਾਣੇ ਵਿੱਚ ਆਪਣੇ ਨਾਲ ਲੈ ਹੀ ਲੈਂਦਾ ਹੈ। ਸ਼ਾਇਦ ਇਸੇ ਲਈ ਸਾਡੇ ਅੰਦਰ ਬਾਂਦਰ, ਕੁੱਤੇ, ਗਿੱਦੜ, ਸ਼ੇਰ, ਗਾਂ ਆਦਿ ਦੀਆਂ ਬਿਰਤੀਆਂ ਉਜਾਗਰ ਹੁੰਦੀਆਂ ਰਹਿੰਦੀਆਂ ਹਨ। ਦਸ ਅਵਤਾਰਾਂ ਵਿੱਚ ਵੀ ਵਰਾਹ (ਸੂਰ), ਕੱਛ, ਮੱਛ, ਨਰ+ਸਿੰਘ ਦਾ ਜ਼ਿਕਰ ਆਉਂਦਾ ਹੈ। ਮੁੱਢਲੇ ਤੌਰ 'ਤੇ ਅਸੀਂ ਪਸ਼ੂ ਹਾਂ ਤੇ ਇਹ ਬਿਰਤੀ ਸਹਿਜੇ ਜਾਂਦੀ ਨਹੀਂ। ਇਨਸਾਨ ਦੀ ਇਸ ਕੁਲ ਦੇ ਸੋਮੇ ਬਾਰੇ ਜਗਤ ਪ੍ਰਵਾਨਤ ਸਾਇੰਸਦਾਨ ਡਾਰਵਿਨ ਨੇ ਤਾਂ ਸਿੱਧ ਕੀਤਾ ਹੈ ਕਿ ਇਨਸਾਨ ਦਰਅਸਲ ਬਾਂਦਰ ਦੀ ਹੀ ਔਲਾਦ ਹੈ। ਮਸ਼ਹੂਰ ਸ਼ਾਇਰ ਜੱਜ ਅਕਬਰ ਅਲਾਹਾਬਾਦੀ ਨੇ ਇਸ 'ਤੇ ਵਿਅੰਗ ਕੀਤਾ ਸੀ,
ਡਾਰਵਿਨ ਸਾਹਿਬ ਹਕੀਕਤ ਸੇ ਬਹੁਤ ਦੂਰ ਥੇ॥
ਹਮ ਨਾ ਮਾਨੇਂ ਗੇ ਕਿ ਮੂਰਸ ਆਪ ਕੇ ਲੰਗੂਰ ਥੇ॥
ਇਸਲਾਮ ਨੇ ਵਾਹਿਗੁਰੂ ਨੂੰ ਰੱਬੁਲਆਲਮੀਨ' ਯਾਨਿ ਕਿ ਸਾਰੇ ਆਲਮ, ਸੰਸਾਰ ਦਾ ਰੱਬ ਕਿਹਾ ਹੈ ਤੇ ਇਸੇ ਤਰਾਂ ਭਾਰਤੀ ਸੰਸਕ੍ਰਿਤੀ ਨੇ ਵੀ ਸਾਰੇ ਸੰਸਾਰ ਨੂੰ 'ਵਸੁਦੇਵ ਕਟੁੰਬਕਮ' ਯਾਨਿ ਕਿ ਸਾਰਾ ਵਿਸ਼ਵ ਇਕ ਪਰਿਵਾਰ ਹੈ ਕਿਹਾ। ਪਰ ਗੱਲ ਜਦੋਂ ਅਮਲ ਦੀ ਆਈ ਤਾਂ ਜਾਤ, ਜਨਮ, ਦੇਸ਼, ਕੁਲ, ਕਰਮ ਕਰਕੇ ਇਸ ਵਿੱਚ ਨਾ ਮਿਟਣ ਵਾਲੀਆਂ ਡੂੰਘੀਆਂ ਤ੍ਰੇੜਾਂ, ਖਾਈਆਂ, ਪਾੜੇ ਤੇ ਵੰਡੀਆਂ ਪਾ ਦਿੱਤੀਆਂ ਗਈਆਂ। ਧਰਮ, ਜਾਤ, ਦੇਸ਼, ਨਸਲ, ਕੁਲ, ਵਰਣ apartheid
ਦੇ ਨਾਮ 'ਤੇ ਹੀ ਇਨਸਾਨੀਅਤ ਦਾ ਹਨਨ, ਜ਼ੁਲਮੋ-ਤਸ਼ੱਦਦ, ਕਤਲੇਆਮ ਅਤੇ ਨਸਲਕੁਸ਼ੀ ਕੀਤੀ ਗਈ। ਇਹ ਸਿਲਸਿਲਾ ਰੁਕਿਆ ਨਹੀਂ ਬਲਕਿ ਪ੍ਰਫੁੱਲਿਤ ਹੋਇਆ ਹੈ। ਸਾਰੇ ਸੰਸਾਰ ਦੇ ਪੰਛੀਆਂ ਬਾਰੇ ਡੂੰਘੀ ਸੋਝੀ ਰੱਖਣ ਵਾਲੇ ਪ੍ਰਸਿੱਧ ਸਲੀਮ ਅਲੀ ਨੂੰ ਕਿਸੇ ਨੇ ਇਕ ਵਾਰ ਪੁੱਛਿਆ ਸੀ ਕਿ ਕੀ ਪੰਛੀਆਂ ਵਿੱਚ ਸਾਡੇ ਵਾਂਗ ਨਫ਼ਰਤ, ਲੋਭ, ਤ੍ਰਿਸ਼ਨਾ, ਕ੍ਰੋਧ ਹੁੰਦਾ ਹੈ? ਸਲੀਮ ਨੇ ਜਵਾਬ ਦਿੱਤਾ ਸੀ, 'ਨਹੀਂ ਨਹੀਂ, ਉਹ ਵਿਚਾਰੇ ਸਾਡੀ ਤਰਾਂ ਤਹਜ਼ੀਬਯਾਫ਼ਤਾ, ਸੱਭਿਅ ਨਹੀਂ ਹੁੰਦੇ।' ਸੋ ਕੀ ਇਹ ਮਨੁੱਖ ਦੀ ਤਰੱਕੀ ਦੀਆਂ ਨਿਸ਼ਾਨੀਆਂ ਜਾਂ ਅਲਾਮਤਾਂ ਹਨ? ਪਰ ਇਸ ਸੰਸਾਰੀ ਕੁਲ ਦੇ ਘਮੰਡ ਨੇ ਮਾਨਵਤਾ ਦਾ ਅਥਾਹ ਘਾਤ ਕੀਤਾ ਹੈ? ਗੁਰਮਤਿ ਨੇ ਕੁਲ ਕਰਕੇ ਕਿਸੇ ਵਿਅਕਤੀ ਨੂੰ ਕੋਈ ਵਡਿਆਈ ਨਹੀਂ ਦਿੱਤੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਅਗਵਾਈ ਦਿੰਦੇ ਹਨ ਕਿ ਅੰਤ ਸਮੇਂਕੁਲ ਨੇ ਕੰਮ ਨਹੀਂ ਆਉਣਾ,
ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨਿ॥
ਤਬ ਕੁਲੁ ਕਿਸ ਕਾ ਲਾਜਸੀ ਜਬ ਲੇ ਧਰਹਿ ਮਸਾਨਿ॥
(ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੩੭੩)
ਗੁਰਮਤ ਦੇ ਮਾਰਗ ਤੇ ਆਉਣ ਲੱਗਿਆ ਇਸ ਸੰਸਾਰਕ ਕੁਲ ਨਹੀਂ ਬਲਕਿ ਇਸਦੇ ਮਾਣ ਦਾ ਤਿਆਗ ਪਹਿਲੀ ਸ਼ਰਤ ਸੀ,
ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਇਓ॥
ਜਾਤਿ ਜਨਮ ਕੁਲ ਖੋਟੀਐ ਹਉ ਗਾਵਉ ਹਰਿ ਹਰੀ॥੧॥
(ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੨੩੧)
ਇਸੇ ਲਈ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀਖਾਲਸੇ ਦੀ ਸਿਰਜਣਾ ਕੀਤੀ ਤਾਂ ਸਪੱਸ਼ਟ ਰੂਪ ਵਿੱਚ ਇਹ ਆਦੇਸ਼ ਦਿੱਤਾ ਕਿ ਅੱਜ ਤੋਂ ਤੁਸੀਂ ਸਤਿਗੁਰ ਕੇ ਜਨਮੇ ਗਵਨ ਮਿਟਾਇਆ ਹੈ ਅਤੇ ਪਿਛਲੀ ਕੁਲ, ਦੇਸ਼, ਕਰਮ, ਧਰਮ ਦਾ ਖ਼ਿਆਲ ਤੱਕ ਤਿਆਗ ਦੇਣਾ ਹੈ। ਸ੍ਰੀ ਅਕਾਲ ਤਂਤ ਸਾਹਿਬ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਹਰ ਸਿੱਖ ਨੂੰ ਅੰਮ੍ਰਿਤ ਦੀ ਦਾਤ ਪ੍ਰਦਾਨ ਕਰਨ ਲੱਗਿਆਂ ਇਹੋ ਲਫ਼ਜ਼ ਦ੍ਰਿੜ੍ਹ ਕਰਵਾਏ ਜਾਂਦੇ ਹਨ। ਇਹ ਸਿੱਖ ਦੀ ਰਹਿਤ ਹੈ ਅਤੇ ਵਿਚ। ਇਸ ਦੇ ਉਲਟ ਆਚਰਣ ਕਰਨ ਜਾਂ ਕਰਵਾਉਣ ਵਾਲੇ ਨੂੰ ਸਿੱਖ ਰਹਿਤ ਮਰਿਯਾਦਾ ਮੁਤਾਬਿਕ ਤਨਂਖ਼ਾਹੀਆ ਕਰਾਰ ਦਿੱਤਾ ਗਿਆ ਹੈ।
ਕਲਗੀਧਰ ਪਿਤਾ ਨੇ ਤਾਂ ਬਂਸ਼ਿਸ਼ਾਂ ਦੀ ਝੜੀ ਲਗਾਉਂਦਿਆਂ ਵਰ ਦਿੱਤਾ,
ਜਿਨਕੀ ਜਾਤ ਗੋਤ ਕੁਲ ਮਾਹੀਂ ਸਰਦਾਰੀ ਨਾ ਭਈ ਕਦਾਹੀਂ॥
ਇਨਹੀ ਕੋ ਸਰਦਾਰ ਬਨਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ॥
ਗੁਰਮਤਿ ਦਾ ਅਸਲ ਨਿਸ਼ਾਨਾ ਇਨਸਾਨ ਨੂੰ ਅਸਲੀ ਪਰਮਪਿਤਾ ਪ੍ਰਮਾਤਮਾ ਦੇ ਲੜ ਲਾਉਣਾ ਹੈ। ਵਾਹਿਗੁਰੂ ਨੂੰ ਗੁਰੂ ਸਾਹਿਬ ਨੇ ਬਾਰ-ਬਾਰ ਅਕੁਲ ਨਿਰੰਜਨ ਜਾਂ ਅਕੁਲ ਪੁਰਂ ਯਾਨਿ ਕਿ ਜਿਸਦੀ ਕੋਈ ਕੁਲ ਨਹੀਂ ਹੈ, ਕਿਹਾ ਹੈ।
ਅਕੁਲ ਪੁਰਖ ਇਕੁ ਚਲਿਤੁ ਉਪਾਇਆ॥
ਘਟਿ ਘਟਿ ਅੰਤਰਿ ਬ੍ਰਹਮੁ ਲੁਕਾਇਆ॥੧॥
(ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੩੫੧)
ਜਿਸੁ ਰੂਪੁ ਨ ਰੇਖਿਆ ਕੁਲੁ ਨਹੀ ਜਾਤੀ॥
ਪੂਰਨ ਪੂਰਿ ਰਹਿਆ ਦਿਨੁ ਰਾਤੀ॥
ਜੋ ਜੋ ਜਪੈ ਸੋਈ ਵਡਭਾਗੀ ਬਹੁੜਿ ਨ ਜੋਨੀ ਪਾਵਣਾ॥
(ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੦੮੬)
ਅਕੁਲ ਨਿਰੰਜਨ ਪੁਰਖੁ ਅਗਮੁ ਅਪਾਰੀਐ॥
ਸਚੋ ਸਚਾ ਸਚੁ ਸਚੁ ਨਿਹਾਰੀਐ॥
(ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੫੧੮)
ਗੁਰੂ ਸਾਹਿਬ ਨੇ ਤਾਂ ਬਂਸ਼ਿਸ਼ ਕਰਕੇ ਅਕੁਲ ਅਕਾਲ ਦੇ ਲੜ ਇਨਸਾਨੀਅਤ ਨੂੰ ਲਾਇਆ ਹੈ। ਇਸ ਬਾਰੇ ਭਾਈ ਗੁਰਦਾਸ ਜੀ
ਆਪਣੇ ਕਬਿੱਤ ੩੬ ਵਿੱਚ ਫ਼ੁਰਮਾਉਂਦੇ ਹਨ-
ਨਿਰਗੁਨ ਸਰਗੁਨ ਕੈ ਅਲਖ ਅਬਿਗਤ ਗਤਿ॥
ਪੂਰਨ ਬ੍ਰਹਮ ਗੁਰ ਰੂਪ ਪ੍ਰਗਟਾਏ ਹੈ॥
ਸਰਗੁਨ ਸ੍ਰੀ ਗੁਰ ਦਰਸ ਕੈ ਧਿਆਨ ਰੂਪ॥
ਅਕੁਲ ਅਕਾਲ ਗੁਰਸਿਖਨੁ ਦਿਖਾਏ ਹੈ॥
ਹੁਣ ਜਿਸ ਕਰਤਾ ਪੁਰਂ ਦੇ ਲੜ ਗੁਰੂ ਸਾਹਿਬ ਨੇ ਸਿੱਖਾਂ ਨੂੰ ਲਗਾਇਆ ਹੈ ਉਸਦੀ ਤਾਂ ਕੋਈ ਕੁਲ ਹੀ ਨਹੀਂ ਹੈ। ਗੁਰੂ ਕਲਗੀਧਰ ਪਿਤਾ ਨੇ ਤਾਂ ਗੁਰ ਸੰਗਤ ਕੀਨੀ ਖਾਲਸਾ ਕਰਕੇ ਗੂਰ ਦੀ ਸੰਗਤ ਨੂੰ ਵਾਹਿਗੁਰੂ ਜੀ ਕਾਖਾਲਸਾ ਬਣਾ ਦਿੱਤਾ। ਗੁਰੂ ਸਾਹਿਬ ਨੇ ਖ਼ੁਦ ਆਪਣੇ ਬਾਰੇ ਵੀ ਕਹਿ ਦਿੱਤਾ ਕਿ ਮੈਂ ਵੀਖਾਲਸੇ ਦਾ ਹਾਂ, ਮੈਂ ਵੀਖਾਲਸਾ ਹਾਂ ਤੇ ਅਸੀਂ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਹਾਂ। ਗੁਰਮਤਿ ਦੇ ਮਾਰਗ 'ਤੇ ਤਾਂ ਗੁਰੂ ਵੀ ਸੰਗਤ ਦਾ ਹਮਸਫ਼ਰ ਬਣ ਗਿਆ।ਖਾਲਸਾ ਦਾ ਅਰਥ ਹੁੰਦਾ ਹੈ ਵਿਚੋਲੇ ਰਹਿਤ ਉਹ ਸਰਕਾਰੀ ਜ਼ਮੀਨ ਜੋ ਸਿੱਧੀ ਬਾਦਸ਼ਾਹ ਦੇ ਅਧੀਨ ਹੋਵੇ। ਅੰਮ੍ਰਿਤ ਦੀ ਦਾਤ ਦੇਣ ਲੱਗਿਆਂ ਬਾਰ-ਬਾਰ ਦ੍ਰਿੜ੍ਹ ਕਰਾਇਆ ਜਾਂਦਾ ਹੈ ਕਿ ਬੋਲ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ॥ ਗੁਰੂ ਦਾ ਸਿੱਖ ਇਸ ਅਕਾਲੀ ਆਦੇਸ਼ ਨੂੰ ਰੋਜ਼ ਬਾਰ-ਬਾਰ ਦੁਹਰਾਉਂਦਾ ਹੈ ਕਿ ਖਾਲਸਾ ਵਾਹਿਗੁਰੂ ਜੀ ਕਾ ਹੈ ਕਿਸੇ ਹੋਰ ਦਾ ਨਹੀਂ। ਖਾਲਸਾ ਨਾ ਤਾਂ ਸੂਰਜ ਬੰਸੀ ਹੈ ਤੇ ਨਾ ਹੀ ਚੰਦ੍ਰ ਬੰਸ਼ੀ ਇਹ ਤਾਂ ਨਮੋ ਸੂਰਜ ਸੂਰਮੇ ਅਤੇ ਨਮੋ ਚੰਦ੍ਰ ਚੰਦ੍ਰੇ ਹੋਣ ਕਰਕੇ ਅਕਾਲ ਪੁਰਂ ਦੀ ਕੁਲ ਵਿੱਚੋਂ ਹੈ ਸਿੱਖ ਦੀ ਨਿਤਨੇਮ ਦੀ ਬਾਣੀ ਵਿੱਚ ਕਲਗੀਧਰ ਪਿਤਾ ਰਹਿਮਤ ਕਰਦੇ ਹਨ,
ਪਾਂਇ ਗਹੈ ਜਬ ਤੇ ਤੁਮਰੇ
ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ॥
ਰਾਮ ਰਹੀਮ ਪੁਰਾਨ ਕੁਰਾਨ
ਅਨੇਕ ਕਹੈਂ ਮਤ ਏਕ ਨ ਮਾਨਯੋ॥
(ਸ੍ਰੀ ਦਸਮ ਗ੍ਰੰਥ ਸਾਹਿਬ)
ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਹੁਕਮ ਕਰਦੇ ਹਨ ਕਿ ਇਕ ਕਰਤਾ ਪੁਰਂ ਨੂੰ ਛੱਡ ਕੇ ਕਿਸੇ ਹੋਰ ਦਾ ਧਿਆਨ ਦਿਵਾਉਣ ਵਾਲਾ ਲਿਖਾਰੀ ਸਣੇ ਉਸਦੀ ਲਿਖਣ ਸਮੱਗਰੀ ਸਾਰੀ ਹੀ ਸੜ ਜਾਣੀ ਚਾਹੀਦੀ ਹੈ,
ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ ਜਲਿ ਜਾਉ॥
ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ॥
(ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੮੪)
ਕੋਈ ਅਵਤਾਰੀ ਪੁਰਸ਼ ਜਿੰਨਾ ਵੀ ਉੱਚੀ ਅਵਸਥਾ 'ਤੇ ਪਹੁੰਚ ਜਾਏ ਗੁਰੂ ਘਰ ਵਿੱਚ ਉਦਾਸੀ ਯੋਗ ਉਸਤਤਾ ਤਾਂ ਹੈ ਪਰ ਉਪਾਸ਼ਨਾ ਕੇਵਲ ਅਤੇ ਕੇਵਲ ਵਾਹਿਗੁਰੂ, ਅਕੁਲ ਪੁਰਂ, ਅਕੁਲ ਨਿਰੰਜਨ ਦੀ ਹੈ। ਸੋ ਖਾਲਸੇ ਨੂੰ ਵਾਹਿਗੁਰੂ ਦੇ ਇਲਾਵਾ ਕਿਸੇ ਹੋਰ ਦਾ ਦੱਸਣਾ ਸਿੱਖੀ ਦੇ ਮੁੱਢਲੇ ਅਸੂਲ ਅਤੇ ਮਰਿਯਾਦਾ ਦੀ ਘੋਰ ਉਲੰਘਣਾ ਕਰਨਾ ਹੈ।
ਗੁਰਮੁਖਿ ਸਾਧ ਚਰਨਾਮ੍ਰਤ ਨਿਧਾਨ ਪਾਨ
ਕੁਲ ਅਕੁਲੀਨ ਭਏ ਦੁਬਿਧਾ ਨਿਵਾਰੀਐ॥
ਸੋ ਅਰਦਾਸ ਕਰੀਏ ਕਿ ਗੁਰੂ ਦੀ ਬਂਸ਼ਿਸ਼ ਸਦਕਾ ਅਸੀਂ ਵੀ ਅਕੁਲੀਨ ਹੋ ਨਿਬੜੀਏ ਤੇ ਇਨ੍ਹਾਂ ਦੁਨਿਆਵੀ ਕੁਲਾਂ ਦੇ ਜੰਜਾਲ ਵਿੱਚੋਂ ਮੁਕਤੀ ਪ੍ਰਾਪਤ ਕਰੀਏ ਤਾਂ ਹੀ
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫ਼ਤਹਿ॥ ਕਹਿਣਾ ਸਾਰਥਕ ਹੈ।
Views and opinion expressed in guest editorials/columns are of the author and do not necessarily reflect the view or opinion of Panthic.org or Khalsa Press.