
ਵਾਰ ਸ੍ਰੀ ਭਗਉਤੀ ਜੀ ਕੀ
(ਸ.ਸ. ਅਮੋਲ)
ਮੂਲ ਰੂਪ ਵਿਚ ਤੇ ਆਕਾਰ ਦੇ ਦ੍ਰਿਸ਼ਟੀਕੋਣ ਤੋਂ ਭੀ ਗੁਰੂ ਗੋਬਿੰਦ ਸਿੰਘ ਜੀ ਬ੍ਰਿਜ ਭਾਸ਼ਾ ਤੇ ਸੰਤ-ਭਾਸ਼ਾ (ਸਾਧੂਕੜੀ) ਦੇ ਬਹੁਤ ਮਹਾਨ ਤੇ ਉਚਤਮ ਕਵੀ ਹੁੰਦੇ ਹਨ। ਪੰਜਾਬੀ ਵਿਚ ਉਨ੍ਹਾਂ ਦੀ ਰਚਨਾ ਅਤੇ ਉਹ ਭੀ ਇਕੋ ਇਕ ਲੰਮੀ ਰਨਾ ‘ਵਾਰ’ ਹੈ ਜੋ ਕਾਵਿ ਰੂਪ ਵਿਚ ਭਗਉਤੀ ਦੀ ਵਾਰ, ਤੇ ਜਿਸ ਦਾ ਪ੍ਰਸਿੱਧ ਨਾਂ “ਚੰਡੀ ਦੀ ਵਾਰ” ਹੈ। ਪੰਜਾਬ ਵਿਚ ਨਿਹੰਗ ਸਿੰਘਾਂ ਦੇ ਡੇਰਿਆਂ ਵਿਚ ਅਤੇ ਨਿੱਜੀ ਤੌਰ ਤੇ ਕਈ ਪ੍ਰੇਮੀ ਨਿਹੰਗ ਸਿੰਘਾਂ, ਜਿਨ੍ਹਾਂ ਨੂੰ ਅੱਗੇ ‘ਅਕਾਲੀ ਫੌਜ’ ਜਾਂ ਗੁਰੂ ਕੀਆਂ ਲਾਡਲੀਆਂ ਫੌਜ਼ਾਂ ਭੀ ਆਖਿਆ ਜਾਂਦਾ ਸੀ, ਇਹ ਬਾਣੀ ਨਿਤਨੇਮ ਦਾ ਭਾਗ ਸੀ ਤੇ ਹੈ। “ਅਕਾਲੀ ਫੌਜਾਂ” ਦਾ ਹੀ ਸੰਖੇਪ “ਅਕਾਲੀ” ਸ਼ਬਦ ਪ੍ਰਚਲਿਤ ਹੋਇਆ ਹੈ। ਅਕਾਲੀ ਫੂਲਾ ਸਿੰਘ ਨਿਹੰਗ (ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਵਿਚ) ਅਤੇ ਅਕਾਲੀ ਕੌਰ ਸਿੰਘ ਨਿਹੰਗ (ਕਰਤਾ ‘ਤੁਕ ਤਤਕਰਾ’, ਗੁਰੂ ਗ੍ਰੰਥ ਸਾਹਿਬ, ਅਸਲ ਨਾਂ “ਗੁਰ ਸ਼ਬਦ ਪ੍ਰਕਾਸ਼” ਦੇ ਦ੍ਰਿਸ਼ਟਾਂਤ ਹੀ ਕਾਫ਼ੀ ਹੋਣਗੇ।
ਨਿਹੰਗ ਸਿੰਘ ਦਾ ਸਦਾ ਸ਼ਸਤ੍ਰ-ਬਧ ਰਹਿਣਾ, ਗਤਕੇ ਅਤੇ ਘੋੜ-ਸਵਾਰੀ ਦਾ ਨਿਤ-ਅਭਿਆਸ ਉਨ੍ਹਾਂ ਦੇ ਸੂਰਮੱਤ ਤੇ ਜੰਗ-ਜੂ ਜਥੇਬੰਦੀ ਦੇ ਸਦਸਯ ਹੋਣ ਦਾ ਪ੍ਰਮਾਣ ਹੈ। ‘ਚੰਡੀ ਦੀ ਵਾਰ’ ਦਾ ਨਿਤ ਪਾਠ ਉਨ੍ਹਾਂ ਅੰਦਰ ਬੀਰਤਾ ਤੇ ਜੋਸ਼ ਭਰਨ ਦਾ ਅਤੇ ਇਹ ਜੋਤ-ਜਗਾਈ ਰਖਣ ਦਾ ਇਕ ਸਾਧਨ ਅਤੇ ਕਈਆਂ ਅਨੁਸਾਰ ਇਕ ਕਾਰਨ ਮੰਨਿਆ ਗਿਆ ਹੈ। ਇਸ ਵਾਰ ਵਿਚ ਵਰਤੇ ਗਏ ਬੀਰ-ਰਸ ਦਾ ਇਕ ਪ੍ਰਮਾਣ-ਪੱਤਰ ਇਸ ਲੋਕ ਮੱਤ ਨੂੰ ਮੰਨਣਾ ਹੀ ਪੈਂਦਾ ਹੇ। ਇਹ ਵਿਚਾਰ ਏਥੋਂ ਤਕ ਜਨ-ਸਾਧਾਰਨ ਵਿਚ ਪ੍ਰਚਲਿਤ ਹੋ ਚੁੱਕਾ ਸੀ ਕਿ ਬਹੁਤੇ ਸਿੱਖ-ਸੱਜਣ ਗੁਰੂ ਗੋਬਿੰਦ ਸਿੰਘ ਜੀ ਨੂੰ ਨਿਰੋਲ ਬੀਰ-ਰਸ ਦਾ ਕਵੀ ਮੰਨਣ ਲਗ ਪਏ ਸਨ ਅਤੇ ਉਹ ਇਥੋਂ ਤਕ ਪੁਜਦੇ ਸਨ ਕਿ ਕਈ ‘ਜਾਪੁ’ ਨਾਂ ਦੀ ਬਾਣੀ ਵਿਚਲੀ ‘ਨਮਸਤੰ’ ਤੇ ‘ਨਮਸੱਤਸਤ’ ‘ਅਨਾਮੰ’ ‘ਨ੍ਰਿਧਾਤੇ’ ‘ਨ੍ਰਿਘਾਤੇ’ ਆਦਿ ਸ਼ਬਦਾਵਲੀ ਤੋਂ ਹੀ ਇਸ ਨਿਰੋਲ ਭਗਤੀ-ਰਸ ਦੀ ਰਚਨਾ ਨੂੰ ਭੀ ਬੀਰ-ਰਸ-ਕਾਵਿ ਘੋਸ਼ਿਤ ਕਰ ਦੇਂਦੇ ਸਨ। ਉਹ ਭੁੱਲ ਜਾਂਦੇ ਸਨ (ਤੇ ਅਜੇ ਭੀ ਹਨ) ਕਿ ਅਕਾਲ-ਉਸਤਤਿ (ਠੀਕ ਨਾਂ ਕਾਲ ਉਸਤਤਿ ਤੇ “ਰੇ ਮਨ ਐਸੋ ਕਰ ਸੰਨਿਆਸਾ” ਵਾਲੇ ਸ਼ਬਦ “ਮਿੱਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ” ਆਦਿ ਕਾਫ਼ੀ ਰਚਨਾ ਗੁਰੂ ਜੀ ਨੇ ਸ਼ਾਂਤ-ਰਸ (ਭਗਤੀ-ਭਵਨਾ) ਦੀ ਭੀ ਕੀਤੀ ਹੈ। ਆਪ ਦੀ ਫ਼ਾਰਸੀ ਰਚਨਾ ‘ਜ਼ਫਰਨਾਮਾ’ ਤੇ “ਹਾਕਇਤਾਂ” ਭੀ ਬੀਰ-ਕਾਵਿ ਨਹੀਂ। ਨਾ ‘ਚਾਰ ਸੋ ਚਾਰ ਚਰਿਤ੍ਰਾ ਤੇ ਬਚਿਤ੍ਰ ਨਾਟਕ ਦਾ ਹੋਰ ਬਹੁਤ ਸਾਰਾ ਭਾਗ ਬੀਰ-ਕਾਵਿ ਹੈ। ਇਸ ਲੇਖਕ ਨੂੰ ਤਾਂ ਇਉਂ ਪ੍ਰਤੀਤ ਹੁੰਦਾ ਹੇ ਕਿ ਗੁਰੂ ਗੋਬਿੰਦ ਸਿੰਘ ਸਚਮੁਚ ਹੀ ‘ਮਰਦਿ-ਕਾਮਲ’ ਜਾ ਸੋਲਾਂ ਕਲਾ ਸੰਪੂਰਨ ਕਵੀ ਸਨ। ਮੈਨੂੰ ਉਨ੍ਹਾਂ ਦੀ ਬਾਣੀ ਵਿਚ ਕਾਵਿਕ-ਗੁਣ, ਪ੍ਰਭਾਵ ਤੇ ਮਿੱਥ ਇੰਨੀ ਦਿਸਦੀ ਹੈ ਕਿ “ਕੋਈ ਦੂਸਰ ਹੋਇ ਤਾ ਕਹੀਐ”। ਜਿਵੇਂ ਉਨ੍ਹਾਂ ਦੀ ਸ਼ਖ਼ਸੀਅਤ ਬਹੁ-ਪੱਖੀ ਸੀ ਤਿਵੇਂ ਹੀ ਉਨ੍ਹਾਂ ਦਾ ਰਚਿਆ “ਕਾਵਿ-ਭੰਡਾਰ’ ਅਦੁਤੀ ਹੈ।
“ਚੰਡੀ ਦੀ ਵਾਰ” ਦੇ ਬੀਰ-ਕਾਵਿ-ਰਸ ਦੀ ਵਿਚਾਰ ਕਰਨ ਤੋਂ ਪਹਿਲਾਂ ਕਾਵਿ-ਰੂਪ ‘ਵਾਰ’ ਉੱਤੇ ਭੀ ਸੰਖੇਪ ਜੇਹੀ ਚਰਚਾ ਆਵਸ਼ਕ ਹੈ। ਸੰਨ 1940 ਤੋਂ ਪਹਿਲਾਂ ਤਕ ‘ਵਾਰ’ ਦਾ ਅਟੁਟ ਸੰਬੰਧ ਬੀਰ-ਰਸ ਨਾਲ ਪੰਜਾਬੀ ਪਾਠਕਾਂ ਤੇ ਰਸੀਆਂ ਵਿਚ ਮੰਨਿਆਂ ਜਾਂਦਾ ਸੀ। ਗੁਰਬਾਣੀ ਦੇ ਇਕ ਪ੍ਰਸਿੱਧ ਟੀਕਾਕਾਰ ਨੇ ਗੁਰੂ ਗ੍ਰੰਥ ਸਾਹਿਬ ਵਿਚ ਆਈਆਂ ਵਾਰਾਂ ਵਿਚੋਂ ਭੀ ਕੁਝ ਤੁਕਾਂ ਦੇ ਕੇ ਉਨ੍ਹਾਂ ਨੂੰ ਬੀਰ-ਕਾਵਿ ਦੇ ਰੰਗ ਵਾਲੀਆਂ ਵਾਰਾਂ ਕਿਹਾ ਹੈ। ਇਸ ਭੁਲੇਖੇ ਦਾ ਕਾਰਨ ਕੇਵਲ ਇਹ ਸੀ ਕਿ ਬੀਰ-ਰਸ ਤੋਂ ਭਾਵ ਕੇਵਲ ‘ਜੋਧ ਮਹਾਂ ਬਲ ਸੂਰਾ’ ਦਾ ਵਰਣਨ ਸਮਝਿਆ ਜਾਂਦਾ ਸੀ ਕਿਉਂਕਿ ਕਈ ਪੁਰਾਣੀਆਂ ਵਾਰਾਂ ਵਿਚ ਜੰਗਾਂ ਜੁੱਧਾਂ ਵਿਚ ਯੋਧਿਆਂ ਦੀ ਦਿਖਾਈ ਬੀਰਤਾ ਦਾ ਵਰਣਨ ਮਿਲਦਾ ਸੀ, ਹਾਲਾਂ ਕਿ ਕਾਵਿ-ਸ਼ਾਸਤ੍ਰੀ ‘ਬੀਰ-ਬਹਾਦਰ’ ਚਾਰ ਪ੍ਰਕਾਰ ਦੇ ਮੰਨਦੇ ਹਨ:
1. ਯੁਧ-ਵੀਰ
2. ਦਾਨ-ਵੀਰ
3. ਦਯਾ-ਵੀਰ
4. ਧਰਮ-ਵੀਰ
ਵਾਰ ਦੇ ਸਿਰ ਯਸ਼ ਜਾਂ ਜੱਸ ਗਾਉਣਾ ਹੈ। ਉਹ ਜੱਸ ਬੀਰਤਾ ਦਾ ਭੀ ਹੋ ਸਕਦਾ ਹੈ, ਦਾਨ ਤੇ ਧਰਮ ਨਿਭਾਉਣ ਦਾ ਜਾਂ ਕਿਸੇ ਹੋਰ ਸ਼ੁਭ-ਕਾਰਜ ਨਾਲ ਜੱਸ ਖਟਣਾ ਸੰਭਵ ਹੈ। ਇਹ ਭੀ ਧਿਆਨ ਰਖਣ ਯੋਗ ਹੈ ਕਿ ‘ਰਸ’ ਭੀ ਕਾਵਿਸ਼ਾਸਤ੍ਰ ਦੀ ਤਕਨੀਕੀ ਭਾਸ਼ਾ ਹੈ। ਬਹੁਤ ਸਾਧਾਰਨ ਭਾਸ਼ਾ ਵਿਚ ਇਸ ਨੂੰ ਅਸੀਂ ਪਾਠਕ ਦੇ ਮਨ ਉਂਤੇ ਪੈਣ ਵਾਲਾ ਪ੍ਰਭਾਵ ਕਰ ਸਕਦੇ ਹਾਂ ਜਾਂ ਕਵੀ ਦੀ ਮਨੋ-ਵਸਥਾ ਜੋ ਉਹ ਪਾਠਕਾਂ ਦੇ ਮਨ ਵਿਚ ਭੀ ਉਪਜਾਉਣ ਲਈ ਲਿਖ ਰਿਹਾ ਹੈ, “ਰਸ” ਹੈ, ਜਿਵੇਂ ਰੋਦ੍ਰ, ਭਿਆਨਕ ਜਾਂ ਹਾਸ-ਰਸ ਤੇ ਸ਼ਾਂਤ-ਰਸ। ਭਾਈ ਕਾਹਨ ਸਿੰਘ ਨੇ ‘ਮਹਾਨ ਕੋਸ਼’ ਵਿਚ ਰਸ ਦੀ ਪਰਿਭਾਸ਼ਾ ਇੰਜ ਲਿਖੀ ਹੈ:
“ਕਾਵਯ ਅਨੁਸਾਰ ਮਨ ਵਿਚ ਉਪਜਣ ਵਾਲਾ ਉਹ ਭਾਵ ਜੋ ਕਾਵਯ ਪੜ੍ਹਨ, ਸੁਣਨ ਅਥਵਾ ਨਾਟਕ ਆਦਿ ਦੇਖਣ ਤੋਂ ਉਤਪੰਨ ਹੁੰਦਾ ਹੈ”।
ਇਸ ਤੋਂ ਪਹਿਲਾਂ ਇਹ ਵੀ ਦਸਿਆ ਗਿਆ ਹੈ ਕਿ “ਭਾਵ” ਹੈ ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (ੲਮੋਟੋਿਨ)।
ਪ੍ਰਸਿਧ ਨੌ ਰਸਾਂ ਦੇ ਕੁਝ ਸਥਾਈ ਭਾਵ ਹਨ ਅਤੇ ਵੀਰ-ਰਸ ਵਿਚ ਉਤਸ਼ਾਹ ਦਾ ਭਾਵ ਸਥਾਈ ਅਥਵਾ ਪੱਕਾ ਤੇ ਸਦੀਵੀ ਹੁੰਦਾ ਹੈ।
ਉਪ੍ਰੋਕਤ ਸੰਖਿਪਤ ਵਰਣਨ ਦੀ ਕਸਵੱਟੀ ਉਂਤੇ ਪਰਖਦਿਆਂ ਅਸੀਂ ਕਹ ਸਕਦੇ ਹਾਂ ਕਿ ਬੀਰ-ਰਸ ਦੀਆਂ ਵਾਰਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਪੰਜਾਬੀ ਵਿਚ ਘਟ ਹੀ ਕੋਈ ਮਿਸਾਲਾਂ ਮਿਲਦੀਆਂ ਹਨ। ਯੁੱਧਾਂ ਦੇ ਸੰਕੇਤ ਹਨ, ਸ਼ਸਤ੍ਰਾਂ ਦੇ ਬਿਉਰੇ ਤੇ ਲੜਾਈ ਦੇ ਮਧਮ ਜੇਹੇ ਚਿਤ੍ਰ (ਸ਼ਬਦ-ਚਿਤ੍ਰ) ਤਾਂ ਮਿਲਣੇ ਸੰਭਵ ਹਨ ਪਰ “ਉਤਸ਼ਾਹ” ਭਰੀ ਬੀਰਤਾ ਦੁਰਲੱਭ ਹੀ ਜਾਪਦੀ ਹੈ। ਪੰਜਾਬ ਬੀਰਤਾ ਨਾਲ ਤੇ ਜੋਸ਼ ਨਾਲ ਲੜਦਾ ਤਾਂ ਚਿਰਾਂ ਤੋਂ ਆ ਰਿਹਾ ਹੈ ਪਰ ਉਹ ਲਿਖਣ ਲਈ ਕਲਮਾਂ ਵਾਹੁਣ ਦੀ ਥਾਂ ਪੰਜਾਬੀਆਂ ਦਾ ਸਮਾਂ ਹਲ ਤੇ ਤਲਵਾਰਾਂ ਵਾਹੁਣ ਉਂਤੇ ਹੀ ਲਗਦਾ ਰਿਹਾ ਹੈ।
ਫੇਰ, ਜੋ ਕਲਮ ਦੇ ਅਭਿਆਸ ਵੱਲ ਪਏ ਉਨ੍ਹਾਂ ਨੂੰ ਜੰਗ ਦੇ ਮੈਦਾਨ ਦਾ ਨਾ ਗਿਆਨ ਸੀ ਨਾ ਤਜ਼ੁਰਬਾ। ਇਨ੍ਹਾਂ ਦੋਹਾਂ ਦਾ ਸੁਮੇਲ ਅਰਥਾਤ ਆਪ ਜੰਗ ਜੂ ਹੋਣਾ ਤੇ ਨਾਲ ਹੀ ਕਵੀ ਜਾਂ ਲੇਖਕ ਭੀ ਹੋਣਾ ਗੁਰੂ ਗੋਬਿੰਦ ਸਿੰਘ ਜੀ ਦੇ “ਚਰਿਤ੍ਰ” (ਸੁਭਾਅ) ਦਾ ਵਿਸ਼ੇਸ਼ ਲੱਛਣ ਹੈ ਜਿਸ ਦਾ ਕੋਈ ਦ੍ਰਿਸ਼ਟਾਂਤ ਦੇਣ ਦੀ ਲੋੜ ਨਹੀਂ ਰਹਿੰਦੀ ਜਦ ਉਨ੍ਹਾਂ ਦੀ ਰਚਨਾ ਦਾ ਇਹ ਬੰਦ ਵਾਚ ਲਈਏ:
ਧੰਨ ਜੀਉ ਤਿਹ ਕੋ ਜੁਗ ਮਹਿ
ਮੁਖ ਤੇ ਹਰਿ ਚਿਤ ਮੈਂ ਜੁਧ ਬਿਚਾਰੇ।
ਦੇਹ ਅਨਿਤ ਨਾ ਨਿਤ ਰਹੈ
ਜਸ ਨਾਵ ਚੜੇ ਭਵ ਸਾਗਰ ਤਾਰੈ।
ਧੀਰਜ ਧਾਮ ਬਾਨਇ ਇਹੈ ਤਨ
ਬੁਧ ਸੁ ਦੀਪਕ ਜਿਉ ਉਜੀਆਰੈ।
ਗਿਆਨੈ ਕੀ ਬਢਨੀ ਮਨੋ ਹਾਥ ਲੈ
ਕਾਤੂਰਤਾ ਕੁਤਵਾਰ ਬੁਹਾਰੈ।
(ਪੰਨਾ 570)
ਭਗਉਤੀ (ਜਿਸ ਦੇ ਨਾਂ ਚੰਡਿਕਾ, ਚੰਡੀ, ਦੁਰਗਾ, ਕਾਲਕਾ ਆਦਿ ਭੀ ਹਨ) ਦੇ ਕਲਾਕਾਰ ਦੀ ਆਪਣੇ ਸਿਰਜਨਹਾਰ ਤੋਂ ਮੰਗ ਹੀ ਇਹ ਹੈ:
ਦੇਹ ਸਿਵਾ ਬਰ ਮੁਹੈ ਇਹੈ ਸੁਭ ਕਰਮਨ ਤੇ ਕਬਹੂੰ ਨ ਟਰਉਂ।
ਨ ਡਰੋਂ ਅਰਿ ਸਿਉਂ ਜਬ ਜਾਇ ਲਰੋਂ ਨਿਸਚੈ ਕਰ ਆਪਨੀ ਜੀਤ ਕਰੌਂ।
(ਪੰਨਾ 99)
ਅਤੇ ਜੋ ਆਪਣੀ ਇਕ ਹੋਰ ਰਚਨਾ ਦੇ ਅੰਤ ਉਤੇ ਘੋਸ਼ਨਾ ਕਰਦਾ ਹੈ ਕਿ:
ਦਸਮ ਕਥਾ ਭਗਉਤ ਕੀ, ਭਾਖਾ ਕਰੀ ਬਨਾਇ।
“ਅਉਰ ਬਾਸਨਾ ਨਾਹਿ ਕਿਛ ਧਰਮਯੁਧ ਕੋ ਚਾਇ। (ਪੰਨਾ 570)
ਦੀ ਤੁਲਨਾ ਬੀਰ-ਰਸ-ਕਾਵਿ ਵਿਚ ਕਿਸ ਨਾਲ ਕੀਤੀ ਜਾਵੇ।
ਇਨ੍ਹਾਂ ਦ੍ਰਿਸ਼ਟਾਂਤਾਂ ਤੋਂ ਪ੍ਰਤੱਖ ਹੈ ਕਿ ‘ਕਵੀ’ ਇਹ ਵਾਰ ਲਿਖਦਿਆਂ ਭੀ ਸੁਹਿਰਦ ਹੈ, ਮਨ ਦੀ ਸਹੀ ਆਵਾਜ਼ ਦਾ ਸਹੀ ਅਨੁਵਾਦ, ਯੋਗ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਰ ਰਿਹਾ ਹੈ ਅਤੇ ਉਹ ਬੀਰ-ਰਸ ਦੀ ਸਥਾਈ ਭਾਵਨਾ “ਉਤਸ਼ਾਹ” ਇਨ੍ਹਾਂ ਛੰਦਾਂ ਰਾਹੀਂ ਪ੍ਰਗਟਾਅ ਤੇ ਉਪਜਾਅ ਰਿਹਾ ਹੈ। ਅੰਤ ਕਵੀ-ਹਿਰਦੇ ਨੇ ਹੀ ਪਾਠਕ-ਹਿਰਦੇ ਤਕ ਪਹੁੰਚਣਾ ਹੈ ਅਤੇ ਅਸਰ ਕਰਨਾ ਹੈ।
ਇਸ ਵਾਰ ਦੀ ਪਹਿਲੀ ਪਉੜੀ (ਛੰਡ, ਬੰਦ) ਸਿੱਖ ਇਕਤ੍ਰਾਵਾਂ ਵਿਚ ਕੀਤੀ ਜਾਣ ਵਾਲੀ ਅਰਦਾਸ ਦਾ ਪਹਿਲਾ ਪੈਰਾ ਹੈ। ਇਸ ਤਥ ਦੇ ਦੋ ਸਿਟੇ ਨਿਕਲੇ ਹਨ-ਇਕ ਤਾਂ ਇਹ ਕਿ ਹਰ ਸਿੱਖ ਨੂੰ ਇਸ ਵਾਰ ਦਾ ਨਾਂ ਪਤਾ ਹੈ ਅਤੇ ਬਹੁਤੇ ਜਾਣਦੇ ਹਨ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਦੂਜਾ ਨਤੀਜਾ ਕਈ ਅਨੁਮਤੀਆਂ ਨੇ ਪ੍ਰਚਾਰਿਆ ਹੈ ਕਿ ਗੁਰੂ ਗੋਬਿੰਦ ਸਿੰਘ “ਭਗਉਤੀ” ਦੇਵੀ ਦੇ ਉਪਾਸ਼ਕ ਸਨ। ਗੁਰੂ ਜੀ ਦੀ ਰਚਨਾ ਵਿਚ ਥਾਂ ਥਾਂ ਇਸ ਵਿਚਾਰ ਦਾ ਖੰਡਨ ਮਿਲ ਜਾਂਦਾ ਹੈ। ਦੂਰ ਨਾ ਭੀ ਜਾਈਏ ਇਸੇ ਵਾਰ ਦੀ ਦੂਜੀ ਪਉੜੀ ਦਾ ਪਾਠ ਹੀ ਸਭ ਸ਼ੰਕੇ ਨਿਵਿਰਤ ਕਰ ਦੇਂਦਾ ਹੈ ਜਿਸ ਵਿਚ ਇਕ ਪੰਗਤੀ ਇਹ ਭੀ ਹੈ:
ਤੈਂ ਹੀ ਦੁਰਗਾ ਸਾਜ ਕੈ, ਦੈਂਤਾਂ ਦਾ ਨਾਸ ਕਰਾਇਆ। (ਪੰਨਾ 119)
ਕੀ ਦੁਰਗਾ ਨੇ ਹੀ ਦੁਰਗਾ ਸਾਜੀ? ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਅਨੇਕ ਥਾਈਂ ਘੋਸ਼ਨਾ ਕੀਤੀ ਹੈ:
ਪਖਾਨ ਪੂਜਾ ਹੋਂ ਨਹੀਂ। ਨਾ ਭੇਖ ਭੀਜ ਹੋ ਕਹੀਂ। (ਪੰਨਾ 57)
ਅਤੇ
ਪਾਹਿੰ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੈ ਨਹੀਂ ਆਨਯੋ।
ਰਾਮ, ਰਹੀਮ, ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਯੋ।
ਸਿਮਿਤ੍ਰ ਸ਼ਾਸਤ੍ਰ ਬੇਦ ਸਭੈ, ਬਹੁ ਭੇਦ ਕਹੈ ਹਮ ਏਕ ਨਾ ਜਾਨਯੋ। (ਰਹਿਰਾਸ ਵਿਚੋਂ)
ਫੇਰ ਗੁਰੂ ਜੀ ਨੇ ਭਗਉਤੀ ਦੀ ਵਾਰ ਤੇ ਚੰਡੀ ਚਰਿਤ੍ਰ ਕਿਉਂ ਲਿਖੀਆਂ? ਗੁਰੂ ਜੀ ਦਾ ਆਪਣਾ ਉਤਰ, ਚੰਡੀ ਚਰਿਤ੍ਰ ਦੇ ਅੰਤ ਵਿਚ ਇਉਂ ਅੰਕਿਤ ਹੈ:
ਕਉਤਕ ਹੇਤ ਕਰੀ ਕਵਿ ਨੇ ਸਤਸਯ ਕੀ ਕਥਾ ਇਹ ਪੂਰੀ ਭਈ ਹੈ। (ਪੰਨਾ 99)
ਗੁਰੂ ਜੀ ਨੇ ਤੇਗ, ਤਲਵਾਰ ਦੇ ਅਰਥਾਂ ਵਿਚ ਭੀ ਸ਼ਬਦ ‘ਭਗਉਤੀ ਦਾ ਉਪਯੋਗ ਕੀਤਾ ਹੈ ਤੇ ‘ਪ੍ਰਿਥਮ ਭਗੌਤੀ ਸਿਮਰ ਕੈ’ ਵਿਚ ਭਗਉਤੀ ਵਾਹਿਗੁਰੂ ਵਾਸਤੇ ਹੈ ਜਿਸ ਨੂੰ ਦੂਜੀ ਪਉੜੀ ਵਿੱਚ ਇਉਂ ਚਿਤ੍ਰਿਆ ਹੈ:
ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੰਸਾਰ ਉਪਾਇਆ।
ਬ੍ਰਹਮਾ ਬਿਸ਼ਨ ਮਹੇਸ਼ ਸਾਜ ਕੁਦਰਤਿ ਦਾ ਖੇਲ ਰਚਾਇਆ।
ਸਿੰਧ ਪਰਬਤ ਮੇਦਨੀ, ਬਿਨ ਥੰਮਾਂ ਗਗਨ ਰਹਾਇਆ।
ਸਿਰਜੈ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ।
ਤੈ ਹੀ ਦੁਰਗਾ ਸਾਜ ਕੈ ਦੈਤਾਂ ਦਾ ਨਾਸ ਕਰਾਇਆ। (ਪੰਨਾ 119)
ਇਕ ਪ੍ਰਸ਼ਨ ਇਹ ਉਤਪੰਨ ਹੁੰਦਾ ਹੈ ਅਤੇ ਅਜ ਕੱਲ੍ਹ ਆਮ ਇਸ ਉਤੇ ਚਰਚਾ ਹੁੰਦੀ ਰਹਿੰਦੀ ਹੈ ਕਿ ਇਹ ਦੇਵਤੇ ਤੇ ਦਾਨਵ (ਦੈਂਤ, ਰਾਖਸ਼) ਆਦਿ ਕੌਣ ਹਨ? ਇਹ ਲੜਦੇ ਭੀ ਰਹਿੰਦੇ ਹਨ ਤੇ ਹਾਰਦੇ ਜਿਤਦੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦਾ ਸ਼ਿਕਾਰ ਭੀ ਸਾਡੇ ਵਾਂਗ ਹੁੰਦੇ ਦੱਸੇ ਜਾਂਦੇ ਹਨ ਜਿਵੇਂ ਕਿਸੇ ਦਾ ਗੌਤਮ ਦੀ ਇਸਤ੍ਰੀ ਉਂਤੇ ਮੋਹਿਤ ਹੋਣਾ ਆਦਿ ਅਨੇਕ ਪੌਰਾਣਿਕ ਕਥਾਵਾਂ ਹਨ।
ਗੁਰੂ ਗੋਬਿੰਦ ਸਿੰਘ ਜੀ ਦਾ ਇਸ ਬਾਬਤ ਨਿਰਣਾ ਇੰਜ ਸਪਸ਼ਟ ਹੈ ਜੋ ਆਧੁਨਿਕ ਭੀ ਹੈ ਤੇ ਇਸ ਲਈ ਮੰਨਿਆ ਭੀ ਜਾਂਦਾ ਹੈ:
ਸਾਧ ਕਰਮ ਜੇ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ।
ਕੁਕ੍ਰਿਤ ਕਰਮ ਜੇ ਜਗ ਮੈ ਕਰਹੀ। ਨਾਮ ਅਸੁਰ ਤਿਨ ਕੋ ਸਭ ਧਰਹੀ।
(ਪੰਨਾ 48)
ਗੁਰੂ ਜੀ ਨੇ ਇਹ ਫ਼ੈਸਲਾ ਭੀ ਦਿਤਾ:
ਰਚਾ ਬੈਰ ਬਾਦੰ ਬਿਧਾਤੇ ਅਪਾਰੰ, ਜਿਸੈ ਸਾਧ ਸਾਕਿਓ ਨਾ ਕੋਉ ਸੁਧਾਰੰ।
ਬਲੀ ਕਾਮ ਭਾਯੰ, ਮਹਾ ਲੋਭ ਮੋਹੰ। ਗਯੋ ਕੌਨ ਬੀਰੰ ਸੋ ਯਾ ਤੇ ਅਲੌਹੰ। (ਪੰਨਾ 49)
ਸੋ ਇਉਂ ਮੰਨ ਲੈਣਾ ਸੁਭਾਵਿਕ ਹੈ ਕਿ ਇਹ “ਚੰਡੀ (ਭਗਉਤੀ) ਦੀ ਵੀ ਵਾਰ” ਤੇ ਇਸਤ੍ਰੀ ਪਹਿਲੇ ਅਧਿਆਏ ਵਿਚ “ਚੰਡੀ ਚਰਿਤ੍ਰ” ਭੀ ਇਸੇ ‘ਬੇਰਬਾਦੰ’ ਤੇ ਇਸੇ ਹੰਕਾਰੂ ਆਦਿ ਮਹਾਂ ਬਲੀਆਂ ਦੇ ਅਵਸਾਧੇ ਭਾਵਾਂ ਦਾ ਹੀ ਫਲ ਸਰੂਪ ਹੈ। ਗੁਰੂ ਜੀ ਨੇ ਇਹ ਪੌਰਾਣਿਕ ਕਥਾ ਵਿਸ਼ੇਸ਼ ਕਰ ਕੇ ਸਾਡੀ ਵਿਚਾਰ ਅਧੀਨ ਭਗਉਤੀ ਦੀ ਵਾਰ, ਕਿਸੇ ਵਖਰੇ ਸਪਸ਼ਟ ਜਾਂ ਗੁਪਤ ਵਸਤੂ(ਟਹੲਮੲ) ਨੂੰ ਉਘਾੜਨ ਜਾਂ ਪ੍ਰਚਾਰਨ ਦੇ ਉਦੇਸ਼ ਨਾਲ ਨਹੀਂ ਲਿਖੀ। ਬੀਰਤਾ ਤੇ ਇਉਂ ਯੁਧ, ਲੜਾਈ, ਉਨ੍ਹਾਂ ਦਾ ਮਨਭਾਉਂਦਾ ਵਿਸ਼ਾ ਹੈ ਜੋ ਇਸ ਸਾਰੇ ਗ੍ਰੰਥ ‘ਬਚਿਤ੍ਰ ਨਾਟਕ’ ਵਿਚੋਂ ਥਾਂ ਥਾਂ ਉਘੜ ਕੇ ਸਾਹਮਣੇ ਆਉਂਦਾ ਹੈ। “ਸ਼ਸਤ੍ਰ ਨਾਮ ਮਾਲਾ” ਉਨ੍ਹਾਂ ਦੀ ਇਕ ਹੋਰ ਬਾਣੀ ਹੈ ਤੇ ਉਸ ਦਾ ਨਾਂ ਹੀ ਸਾਡੇ ਵਿਚਾਰ ਦੀ ਪ੍ਰੋੜ੍ਹਤਾ ਲਈ ਕਾਫ਼ੀ ਹੈ।
ਇਸ ਵਿਚਾਰ ਵਿਚ ਕਥਾ ਬਹੁਤ ਸਿਧੀ ਤੇ ਸੰਖੇਪ ਹੈ ਕਿ ਦੈਂਤਾਂ ਨੇ ਦੇਵਤਿਆਂ ਨੂੰ ਇਕ ਜੰਗ ਵਿਚ ਹਾਰ ਦਿਤੀ। ਜਿਵੇਂ ਕਿ ਪਹਿਲਾਂ ਭੀ ਕਈ ਵਾਰ ਹੋਇਆ ਕਿ ਸਦਾ ਦੇਵਤਿਆਂ ਦੀ ਹਾਰ ਹੁੰਦੀ ਤੇ ਦੈਂਤਾਂ ਦਾ ਪਲੜਾ ਭਾਰੀ ਰਹਿੰਦਾ। ਨਾ ਕੋਊ ਜ਼ੋਰ(ਧਨ) ਨਾ ਜੋਰੂ(ਇਸਤ੍ਰੀ) ਨਾ ਜ਼ਮੀਨ(ਜਾਇਦਾਦ, ਮਿਲਖ, ਦੇਸ) ਇਸ ਉਪਾਧੀ ਦਾ ਮੂਲ ਹੈ ਨਾ ਮਾਰੇ ਜਾਣ, ਨਾ ਅਹਦਨ ਨਾਮ ਤੇ ਇਕਰਾਰ ਨਾਮੇ ਜਾਂ ਸ਼ਰਤਾਂ ਉਤੇ ਕੋਈ ਸਮਝੋਤਾ ਹੁੰਦਾ ਹੈ। ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਨੇਕੀ ਬਦੀ ਦਾ ਜੰਗ ਹੈ ਜੋ ਸਦਾ ਤੋਂ ਚਲਦਾ ਆ ਰਿਹਾ ਹੈ। ਕੀ ਇਹ ਸਦਾ ਹੀ ਅਮਰ ਰਹੇਗਾ। ਗੁਰੂ ਜੀ ਦਾ ਵਿਸ਼ਵਾਸ਼ ਹੋਰ ਹੈ:
ਦਾਨਵ ਦੇਵ ਫਨਿੰਦ ਨਿਸਾਚਰ, ਭੂਤ ਭਵਿਖ ਭਵਾਨ ਜਪੈਂਗੇ।
… … … … … …
ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ।
(ਸੁਧਾ ਸਵਈਏ)
ਇਸੇ ਆਸ਼ਾਵਾਦ ਦੀ ਸੁਰ ਵਿਚ ਹੀ ਉਨ੍ਹਾਂ ਨੇ ਕਿਹਾ ਪ੍ਰਤੀਤ ਹੁੰਦਾ ਹੈ।
“ਸਵਾ ਲਾਖ ਸੇ ਏਕ ਲੜਾਊਂ”।
ਸਾਝਾ ਵਿਚਾਰ ਹੈ ਕਿ ਇਹ ਰਚਨਾ ਕੇਵਲ ਇਕ ‘ਬਿਆਨੀਆ’ ਢੰਗ ਵਿਚ ਲਿਖੀ ਵਾਰਤਾ (ਦਸਿਚਰਪਿਟਵਿੲ ਨੳਰਰੳਟਵਿੲ) ਹੈ, ਜੋ ਬਹਾਦਰੀ ਤੇ ਨੇਕੀ ਦੀ ਜੈ ਦਾ ਗੁਪਤ ਸੰਦੇਸ਼ਾ ਦੇਂਦੀ ਹੈ।
ਕਥਾ ਇਥੇ ਇਉਂ ਆਰੰਭ ਹੁੰਦੀ ਹੈ ਕਿ ਹਾਰ ਖਾ ਕੇ ਦੇਵਤੇ ਦੇਵੀ ਭਗਉਤੀ ਜਾਂ ਦੁਰਗਾ ਦਾ ਆਸਰਾ ਆਪਣੇ ਆਗੂ ਇੰਦ੍ਰ ਰਾਹੀਂ ਲੈਂਦੇ ਹਨ ਤੇ ਸਹਾਇਤਾ ਮੰਗਦੇ ਹਨ:
ਇਕ ਦਿਹਾੜੇ ਨਾਵਣ ਆਈ ਦੁਰਗਸ਼ਾਹ।
ਇੰਦ੍ਰ ਬਿਰਥਾ ਸੁਣਾਈ ਆਪਣੇ ਹਾਲ ਦੀ। (ਪਉੜੀ 4)
ਸੋ ਉਧਰੋਂ ਮਹਾਂ ਮਾਈ ਦੁਰਗਾ ਆਪਣੇ ਸ਼ੇਰ ਉਂਤੇ ਚੜ੍ਹ ਕੇ ਆਉਂਦੀ ਹੈ ਤੇ ਨਾਲ ਦੇਵਤਿਆਂ ਦੀ ਫ਼ੌਜ ਹੈ।
ਦੂਜੇ ਪਾਸੇ
ਰਾਖਸ਼ ਆਏ ਰੋਹਲੇ ਤਰਵਾਰੀ ਬਖਤਰ ਸਜੇ।
ਫੇਰ ਸੰਖਾਂ ਤੇ ਢੋਲਾਂ ਦੀ ਕੁਰਕੁਟ ਵਿਚ
ਦੁਰਗਾ ਦਾਨੋ ਡਹੇ ਰਣ, ਨਾਦ ਵਜਨ ਖੇਤ ਭੀਹਾਵਲੇ।
(ਪਉਵੀ ਸਤਵੀਂ ਤੋਂ ਉਨ੍ਹੀਵੀਂ ਪਉੜੀ ਤਕ)
ਹਰ ਪਉੜੀ ਵਿਚ ਨਾਦ, ਨਗਾਰੇ, ਢੋਲ, ਦਮਾਮੇ, ਧਉਂਸੇ, ਜਮਧਾਣੀ, ਧੌਸਾਂ ਆਦਿ ਦਾ ਸ਼ੋਰ ਦਸਿਆ ਹੈ। ਸ਼ਸਤ੍ਰ ਕੇਵਲ ਵਧੇਰੇ ਤਲਵਾਰਾਂ ਹੀ ਤਲਵਾਰਾਂ ਹਨ ਖੰਡੇ ਦਾ ਨਾਂ ਆਉਂਦਾ ਹੈ ਅਤੇ ਬਰਛੀ, ਤੀਰਾਂ ਤੁਫੰਗਾਂ ਤੇ ਕੈਬਰ ਦੇ ਨਾਂ ਭੀ ਮਿਲਦੇ ਹਨ। ਸੂਰਮੇ ਘੋੜ ਸਵਾਰ, ਹਾਥੀ-ਸਵਾਰ ਤੇ ਰਥ ਸਵਾਰ ਭੀ ਹਨ ਅਤੇ ਪੈਦਲ ਭੀ। ਦੇਵੀ ਦੀ ਸਵਾਰੀ ਸਦਾ ਵਾਂਗ ਸ਼ੇਰ ਦੀ ਹੈ। ਕਈ ਇਕ ਪ੍ਰਸਿਧ ਦੈਤਾਂ ਦੇ ਨਾਂ ਭੀ ਮਿਲਦੇ ਹਨ ਜਿਵੇਂ ਸੁੰਭ ਨਿਸੁੰਭ, ਮਹਖਾਸੁਰ, ਸ੍ਰਣਵਤ ਬੀਰ ਦੇਵਤਿਆਂ ਵਲੋਂ ਬਸ ਭਵਾਨੀ ਹੀ ਦਿਸਦੀ ਹੈ।
ਇਕ ਵਾਰ ਦੈਂਤਾਂ ਨੂੰ ਭਜਾ ਕੇ, ਇੰਦ੍ਰ ਤੇ ਭਵਾਨੀ ਜੈ ਦੇ ਡੰਕੇ ਵਜਾਉਂਦੇ ਖੁਸ਼ੀ ਖੁਸ਼ੀ ਆ ਜਾਂਦੇ ਹਨ। ਕੁਝ ਦੇਰ ਬਾਅਦ ਦੈਂਤਾਂ ਦੇ ਕੈਂਪ ਵਿਚ:
ਇੰਦ੍ਰਪੁਰੀ ਤੇ ਧਾਵਣਾ ਵਡ ਜੋਧੀ ਮਤਾ ਪਕਾਇਆ। (ਪਉੜੀ 22)
ਸੋ ਫੇਰ:
“ਸਟ ਪਈ ਜਮਧਾਣੀ” ਅਤੇ ਛੇਤੀ ਹੀ ‘ਦਿਤੇ ਦੇਉ ਭਜਾਈ ਮਿਲ ਕੈ ਰਾਕਸਾਂ”।
ਦੂਜੀ ਵਾਰ ਭੀ:
ਦੁਰਗਾ ਦੀ ਸਾਮ ਤਕਾਈ ਦੇਵਾਂ ਡਰਦਿਆਂ।
ਆਂਦੀ ਚੰਡ ਚੜ੍ਹਾਈ ਉਤੇ ਰਾਕਸਾਂ। (ਪਉੜੀ 25)
ਸੋ ਪਹਿਲਾਂ ਵਾਂਗ ਹੀ ਵਾਰ ਦਾ ਰਹਿੰਦਾ ਅਧ ਖ਼ਾਸ ਦੈਂਤਾਂ ਨਾਲ ਲੜਦਿਆਂ ਤੇ ਅੰਤ ਦੇਵਤਿਆਂ ਦੀ ਜਿਤ ਤਕ ਪੁਜਦਿਆਂ ਲੰਘ ਜਾਂਦਾ ਹੈ। ਦੇਵਤਿਆਂ ਦੇ ਰਾਹ ਦੀ ਇਕ ਵਡੀ ਰੁਕਾਵਟ ਸ੍ਰਵਣਤਬੀਜ ਦੈਂਤ ਹੈ, ਜਿਸ ਦੀ ਇਕ ਲਹੂ ਦੀ ਬੂੰਦ ਜੋ ਧਰਤੀ ਉਤੇ ਡਿਗਦੀ ਸੀ, ਵਿਚੋਂ ਕਈ ਦੈਂਤ ਫੁਟ ਪੈਂਦੇ ਤੇ ਲੜਾਕੇ ਬਣ ਕੇ ਉਸੇ ਵੇਲੇ ਲੜਦੇ ਸਨ। ਦੇਵਤਿਆਂ ਨੇ ਅਜਿਹਾ ਪ੍ਰਬੰਧ ਕੀਤਾ ਕਿ ਉਸ ਦਾ ਖ਼ੂਨ ਧਰਤੀ ਤੇ ਨਾ ਡਿੱਗੇ। ਬਾਕੀ ਦੈਂਤ ਬਹੁਤ ਸੂਰਮੱਤ ਦਿਖਾਉਂਦੇ ਹਨ। ਅੰਤ ਨੂੰ ਉਨ੍ਹਾਂ ਦੀ ਹਾਰ ਹੋ ਜਾਂਦੀ ਹੈ। ਇਨ੍ਹਾਂ ਦਾ ਆਗੂ ਸੁੰਭ ਨਿਸੁੰਭ ਹੈ। ਦੇਵਤਿਆਂ ਵੱਲੋਂ ਬਸ ਦੇਵੀ ਹੀ ਵਖਰੀ ਲੜਦੀ ਵਖਾਈ ਹੈ। ਇੰਦ੍ਰ ਸ਼ਾਇਦ ਉਸ ਦੀ ਸ਼ਰਨ ਲੈ ਕੇ ਆਪ ਰਾਜ-ਪ੍ਰਬੰਧ ਕਰਨ ਚਲਾ ਗਿਆ ਹੈ।
ਲੜਾਈਆਂ ਦਾ ਵਰਣਨ ਕਰਦਿਆਂ, ਵਡੀ ਔਕੜ ਇਹ ਹੁੰਦੀ ਹੈ ਕਿ ਉਸ ਵਰਨਣ ਨੂੰ ਮੁੜ ਮੁੜ ਕੇ ਪੀਠੇ ਹੋਏ ਨੂੰ ਪੀਹ ਤੋਂ ਬਚਾ ਕੇ ਕਿਸ ਤਰਾਂ ਰੰਗ-ਬਰੰਗਾ, ਵੰਨ-ਸੁਵੰਨਾ ਤੇ ਰਸਦਾਇਕ ਬਣਾ ਕੇ ਰਖਿਆ ਜਾਵੇ, ਪੁਰਾਤਨ ਸਮਿਆਂ ਵਿਚ ਮੈਦਾਨ ਤੋਂ ਬਾਹਰ ਤੇ ਉਹਲੇ ਵਿਚ ਘਟ ਹੀ ਕੁਝ ਦਸਣ ਤੇ ਵਿਖਾਉਣ ਵਾਲਾ ਹੁੰਦਾ ਸੀ-ਨਾ ਨਕਸ਼ੇ, ਨਾ ਟੈਲੀਫ਼ੋਨ, ਨਾ ਦਫਤਰ ਤੇ ਨਾ ਨਾਲੋਂ ਨਾਲ ਪੁਜਣ ਵਾਲੀਆਂ ਸੇਧਾਂ ਤੇ ਅਗਵਾਈ।
ਵੰਨਗੀ ਲਈ, ਦ੍ਰਿਸ਼ ਵਰਣਨ ਵਿਚ ਜੋ ਸਮੁੱਚੇ ਤੌਰ ਤੇ ਕੇਵਲ ਰਣ-ਖੇਤ੍ਰ ਦਾ ਹੀ ਇਕੋ ਇਕ ਦ੍ਰਿਸ਼ ਹੁੰਦਾ ਸੀ, ਕਲਾਕਾਰ ਕਲਪਨਾ ਸ਼ਕਤੀ ਤੇ ਤਜ਼ਰਬੇ ਦਾ ਸਹਾਰਾ ਲੈ ਕੇ ਨਵੀਆਂ ਅਤੇ ਅਦਭੁਤ ਘਟਨਾਵਾਂ, ਯੋਧਿਆਂ ਦੇ ਭਿੰਨ-ਭਿੰਨ ਨਾ, ਸੁਭਾਅ, ਤੇ ਕਰਤੱਵ ਆਦਿ ਵੰਨ-ਸੁਵੰਨੇ ਸ਼ਬਦਾਂ ਤੇ ਸ਼ਬਦ ਚਿਤ੍ਰਾਂ ਰਾਹੀਂ ਨਵੀਨ ਬਿੰਬਾਂ ਦਵਾਰਾ ਚਿਤ੍ਰਦਾ ਹੈ। “ਭਗਉਤੀ ਦੀ ਵਾਰ” ਨੇ ਇਨ੍ਹਾਂ ਸਾਰੇ ਕਾਵਿ-ਸਾਧਨਾਂ ਨੂੰ ਵਰਤਿਆਂ ਤੇ ਭਵਿਖ ਲਈ ਸਾਂਭਿਆਂ ਹੋਇਆ ਹੈ।
ਘਟਨਾਵਾਂ ਦੀ ਵੰਨਗੀ ਤਾਂ ਇੰਨੀ ਕੁ ਹੀ ਹੈ ਕਿ ਇੰਦ੍ਰ ਕੋਲੋਂ ਦੇਵਤਿਆਂ ਦੀ ਹਾਰ ਦੀ ਗੱਲ ਸੁਣ ਕੇ ਦੇਵੀ “ਰਾਖਸ਼ ਖਾਵੈ ਸ਼ੇਰ” ਉਤੇ ਚੜ੍ਹ ਕੇ ਆ ਜਾਂਦੀ ਹੈ। ਦੂਜੀ ਘਟਨਾ ਰਾਖਸ਼ਾਂ ਦੀ ਫ਼ੌਜ ਦਾ ਨਿਤਰਨਾ ਹੈ, ਤੀਜੀ ਘਟਨਾ ਰਾਖਸ਼ਾਂ ਦਾ ਹਾਰ ਕੇ ਭੀ ਨਾ ਹਾਰਨਾ ਤੇ ਮੁੜ ਜੰਗ ਵਿਚ ਆਉਣਾ ਤੇ ਮੁੜ ਲੜਾਈ ਹੋਣੀ ਤੇ ਫੇਰ ਦੇਵੀ ਦੀ ਜੈ ਹੋਣੀ ਹੈ। ਹੋਰ ਵੰਨਗੀ ਵਖ-ਵਖ ਦਾਨਵਾਂ (ਦੈਂਤਾਂ) ਦੇ ਲੜਨ ਤੇ ਘੋੜਿਆਂ ਆਦਿ ਉਂਤੇ ਦੋਪਾਸੜ ਵਾਰਾਂ ਦਾ ਕਰਨਾ ਆਦਿ ਦੇ ਵਰਣਨ ਵਿਚ ਹੈ। ਹਥਿਆਰਾਂ ਦੇ ਨਾਵਾਂ ਵਿਚ ਗਦਾ, ਤ੍ਰਿਸੂਲ, ਤੀਰਾਂ ਤੇ ਬਰਛੀਆਂ ਆਦਿ ਦੇ ਨਾਮ ਭੀ ਗਿਣੇ ਹਨ ਜਿਵੇਂ:
ਗਦਾਂ, ਤ੍ਰਿਸੂਲਾਂ ਬਰਛੀਆਂ ਤੀਰ ਵੱਗਨ ਖਰੇ ਉਤਾਵਲੇ।
ਅਦਭੁਤ ਘਟਨਾਵਾਂ ਵਿਚ “ਸ੍ਰਵਣਤਬੀਜ” ਨਾਂ ਦਾ ਦੈਂਤ ਵੀ ਹੈ ਜਿਸ ਦੀ ਇਕ ਲਹੂ ਦੀ ਡਿੱਗੀ ਬੂੰਦ ਉਸ ਵਰਗੇ ਹੋਰ ਕਈ ਯੋਧੇ ਪੈਦਾ ਕਰ ਦੇਂਦੀ ਹੈ ਇਸੇ ਲਈ ਉਸ ਦਾ ਨਾਂ ਰਕਤ-ਬੀਜ ਭੀ “ਚੰਡੀ-ਚਰਿਤ੍ਰ” ਵਿਚ ਵਰਤਿਆ ਮਿਲਦਾ ਹੈ (ਪੰਨਾ 105) ਇਸੇ ਕਵੀ ਦੇ ਸ਼ਬਦਾਂ ਵਿਚ:
ਜਿਤੀ ਭੁਮ ਮਧੰ ਪਰੀ ਸ੍ਰੋਣ ਧਾਰੰ। ਜਗੇ ਸੂਰ ਤੇਤੇ ਕੀਏ ਮਾਰ ਮਾਰੰ।
(ਚੰਡੀ ਚਰਿਤ੍ਰ, ਪੰਨਾ 106)
ਤੇ ਇਸ ਅਨੋਖੀ ਫ਼ੌਜ ਨੂੰ ਜੋ ਤਾਜ਼ੀ ਤੇ ਨਾਲੋ ਨਾਲ ਉਪਜੀ ਆਉਂਦੀ ਹੈ, ਕਿਵੇਂ ਠਲ੍ਹਿਆ ਜਾਵੇ?
ਇਸ ਵਾਰ ਵਿਚ ਇਸ ਦਾ ਵਰਣਨ ਕਵੀ ਦੇ ਸ਼ਬਦਾਂ ਵਿੱਚ ਤੇ ਅਤਿ ਸੰਖੇਪ ਇਉਂ ਹੈ:
ਹੂਰਾਂ ਸ੍ਰਵਣਤ ਬੀਜ ਨੂੰ ਘਤ ਘੇਰ ਖਲੋਈਆਂ।
ਲਾੜਾ ਦੇਖਨ ਲਾੜੀਆਂ, ਚਉਗਿਰਦੈ ਹੋਈਆਂ। (ਪਾਉੜੀ 42)
ਅਤੇ ਫੇਰ
ਜੋਗਣੀਆਂ ਮਿਲ ਧਾਈਆਂ, ਲਹੂ ਭਖਣਾ।
… … … … …
ਭੁਈਂ ਨਾ ਪਉਣੈ ਪਾਈਆਂ ਬੂੰਦਾਂ ਰਕਤ ਦੀਆਂ। (ਪਉੜੀ 43)
ਸ਼ਬਦ-ਚਿਤ੍ਰ ਸ਼ਬਦਾਂ ਨਾਲ ਉਘੜਦੇ ਹਨ, ਤੇ ਸ਼ਬਦਾਂ ਦੀਆਂ ਰੇਖਾਂ ਨਾਲ ਹੀ ਉਨ੍ਹਾਂ ਦੀ ਰੂਪ-ਰੇਖਾ ਉਲੀਕੀ ਜਾਂਦੀ ਹੈ। ਬਿੰਬ ਤੇ ਅਲੰਕਾਰ ਉਨ੍ਹਾਂ ਵਿਚ ਰੰਗ ਭਰਨ ਦਾ ਕਾਰਜ ਸਵਾਰਦੇ ਹਨ। ਇਉਂ ਸਭੇ ਇਕੋ ਸਰੀਰ ਦੇ ਅੰਗ ਹਨ ਜੋ ਕਵਿਤਾ ਦੇ ਸਰੀਰ ਨੂੰ ਸੰਪੂਰਨ ਤੇ ਸੁੰਦਰ ਸਰੂਪ ਵਿਚ ਸਾਕਾਰ ਕਰਦੇ ਹਨ।
ਵਿਆਖਿਆ ਤੇ ਵਿਸਥਾਰ ਦੇ ਲੰਮੇ ਮਾਰਗ ਤੋਂ ਬਚਣ ਲਈ ਵਾਰ ਵਿਚੋਂ ਹੀ ਕੁਝ ਦ੍ਰਿਸ਼ਟਾਂਤ ਨਿਮਨ-ਲਿਖਤ ਹਨ। ਸੁਘੜ ਪਾਠਕ ਕਾਵਿ-ਰਸ, ਬੀਰ-ਰਸ, ਤੇ ਸ਼ਬਦ-ਰਸ ਦੇ ਨਾਲ ਹੀ ਕਾਵਿ ਦਾ ਨਾਦ-ਰਸ, ਰਵਾਨੀ ਤੇ ਸਾਦਗੀ ਅਤੇ ਭਿੰਨ-ਭਿੰਨ ਅਲੰਕਾਰਾਂ ਤੇ ਬਿੰਬਾਂ ਦਾ ਰਸ ਚੱਖ ਸਕਦੇ ਹਨ ਅਤੇ ਹਾਸ-ਰਸ ਨਾਲ ਪੜ੍ਹਨ ਦਾ ਥਕੇਂਵਾਂ ਲਾਹ ਸਕਦੇ ਹਨ।
1. ਬੀਰ ਪਰੁਤੇ ਬਰਛੀਐ ਜਣ ਡਾਲ ਚਮੁਟੇ ਆਵਲੇ।
2. ਮਾਰੇ ਜਾਪਨ ਬਿਜਲੀ, ਸਿਰ ਭਾਰ ਮੁਨਾਰੇ। (ਪਉੜੀ 8)
3. ਪੇਟ ਮਲੰਦੇ ਲਾਈ ਮਹਖੇ ਦੈਂਤ ਨੂੰ। (ਪਉੜੀ 10)
4. ਉਖਲੀਆਂ ਨਾਸਾਂ ਜਿਨਾਂ ਮੂੰਹ ਜਾਪਨ ਆਲੇ। (ਪਉੜੀ 3)
5. ਡੁਬ ਰਤੂ ਨਾਲਹੁੰ ਨਿਕਲੀ ਬਰਛੀ ਦੁਧਾਰੀ।
ਜਾਣ ਰਜਾਦੀ ਉਤਰੀ ਪਹਨ ਸੂਹੀ ਸਾਰੀ। (ਪਉੜੀ 53)
ਅਸੀਂ ਲਿਖ ਚੁੱਕੇ ਹਾਂ ਕਿ ਬੀਰ-ਰਸ-ਕਾਵਿ ਦਾ ਇਕ ਵਿਸ਼ੇਸ਼ ਗੁਣ ਜਾਂ ਪੱਕਾ ਪ੍ਰਭਾਵ (ਸਥਾਈ ਭਾਵ) “ਉਤਸ਼ਾਹ” ਹੈ। ਇਸ ਵਿਚ ਹਾਸ-ਰਸ ਸਹਾਈ ਹੁੰਦਾ ਹੈ ਜੋ ਉਪਰ ਦਿਤੀਆਂ ਪੰਗਤੀਆਂ ਵਿਚ (ਅੰਕ 3, 4) ਪ੍ਰਤੱਖ ਹੈ। ਉਤਸ਼ਾਹਜਨਕ ਸਾਰੀ ਵਾਰ ਹੀ ਹੈ ਤੇ ਕਿਤੇ ਕਰੁਣਾ-ਰਸ (ਤਰਸ, ਸੋਗ, ਰੋਣ) ਤੇ ਸ਼ਾਂਤਿ-ਰਸ (ਸੰਸਾਰ ਤੋਂ ਉਪਰਾਮਤਾ) ਦੀ ਮਧਮ ਜੇਹੀ ਛੋਹ ਭੀ ਨਹੀਂ, ਨਾ ਇੰਨੇ ਖ਼ੂਨ ਖਰਾਬੇ ਅਤੇ ਮੌਤਾਂ ਤੋਂ ਭਿਆਨਕਤਾ ਉਤਪੰਨ ਹੋਣ ਦਿਤੀ ਹੈ। ਭੇਤ ਕੁਝ ਬਿੰਬਾਵਲੀ ਦੀ ਚੋਣ ਕੁਝ ਸ਼ਬਦਾਵਲੀ ਤੇ ਸਭ ਤੋਂ ਵਧ ਲੇਖਕ ਦਾ ਆਪਾ ਹੈ। ਕੇਵਲ ਨਮੂਨੇ ਲਈ ਕੁਝ ਪੰਗਤੀਆਂ ਪੜ੍ਹਲ ਦੀ ਖੇਚਲ ਕਰੋ:
ਜਦ ਨ੍ਹਾਵਣ ਆਈ ਦੁਰਗਾ ਨੂੰ ਇੰਦ੍ਰ ਨੇ ਆਪਣੇ ਹਾਲ ਦੀ ਕਥਾ ਸੁਣਾਈ ਕਿ “ਛੀਨ ਲਈ ਠਕੁਰਾਈ ਸਾਥੈ ਦਾਨਵੀ” ਤਾਂ ਦੇਵੀ ਹਮਦਰਦੀ ਤੇ ਦੁੱਖ ਪ੍ਰਗਟਾਉਣ ਦੀ ਥਾਂ:
ਦੁਰਗਾ ਬੈਣ ਸੁਣੰਦੀ ਹਸੀ ਹੜ ਹੜਾਇ।
… … … …
ਚਿੰਤਾ ਕਰਹੁ ਨਾ ਕਾਈ ਦੇਵਾਂ ਨੂੰ ਆਖਿਆ। (ਪਉੜੀ 5)
ਨਗਾਰਿਆਂ, ਢੋਲਾਂ, ਸੰਖਾਂ ਤੇ ਭੇਰੀਆਂ ਦਾ ਸੰਗੀਤ ਤੇ ਨਾਦ ਜੋਸ਼ ਤੇ ਉਤਸ਼ਾਹ ਦੇਣ ਲਈ ਹੀ ਹੁੰਦਾ ਹੈ।
ਏਸ ਤਰ੍ਹਾਂ ਦਾ ਉਤਸ਼ਾਹ ਬਣਾਈ ਰਖਣ ਲਈ ਹੀ ਦ੍ਰਿਸ਼ਟਾਂਤ ਤੇ ਰੂਪਕ ਭੀ ਅਜੇਹੇ ਹੀ ਵਰਤੇ ਹਨ:
1. ਜਾਪਣ ਖੇਡ ਖਿਡਾਰੀ ਸੁਤੇ ਫਾਗ ਨੂੰ। (ਪਉੜੀ 34)
2. ਚਲੋ ਸਉਹੇਂ ਦੁਰਗਸਾਹ ਜਣ ਕਾਬੈ ਹਾਜੀ।
ਬੀਰ ਪਰੁਤੇ ਬਰਛੀਏ ਜਿਉਂ ਝੁਕ ਪੌਣ ਨਿਵਾਜੀ। (ਪਉੜੀ 45)
ਇਸ ਸਾਰੇ ਵਰਣਨ ਨੂੰ ਪੜ੍ਹਦਿਆਂ ਕਿਤੇ-ਕਿਤੇ ਤਾਂ ਇਉਂ ਜਾਪਣ ਲਗ ਪੈਦਾ ਹੈ ਕਿ ਸਾਰਾ ਦ੍ਰਿਸ਼ ਕਵੀ ਨੂੰ ਸਾਹਮਣੇ ਪ੍ਰਤੱਖ ਦਿਸ ਰਿਹਾ ਹੈ ਤੇ ਉਹ ਆਪ ਇਸ ਵਿਚੋਂ ਸੁਹਜ-ਸਵਾਦ ਲੈ ਰਿਹਾ ਹੈ, ਜਿਵੇਂ ਅੱਜ ਅਸੀਂ ਹਾਕੀ ਜਾਂ ਕ੍ਰਿਕਟ ਦਾ ਮੈਚ ਵੇਖਦੇ ਤੇ ਨਾਲ ਨਾਲ ਆਪਣੇ ਮਨੋ-ਭਾਵਾਂ ਨੂੰ ਪ੍ਰਗਟਾਈ ਜਾਂਦੇ ਹੋਈਏ।
ਸ਼ਸਤ੍ਰ-ਧਾਰੀ ਹੋਣ ਦੇ ਨਾਲ ਹੀ ਕਵੀ ਘੋੜ-ਸਵਾਰੀ ਦਾ ਵੀ ਮਾਹਰ ਹੈ ਅਤੇ ਰਚਨਾ ਕਰਦਾ ਦੋਹਾਂ ਹੁਨਰਾਂ ਦਾ ਰਸ ਮਾਣ ਰਿਹਾ ਹੈ ਜਿਵੇਂ ਦੁਰਗਾ ਦੀ ਤਲਵਾਰ ਦੇ ਵਾਰ ਨਾਲ ਬੀਰ ਪਲਾਣੋ ਡਿਗਿਆ, ਕਰ ਸਿਜਦਾ ਸੁੰਭ ਸੁਜਾਣ ਕਉ।
ਸਾਬਾਸ ਸਲੋਣੇ ਖਾਨ ਕਉ।
ਸਦ ਸਾਬਾਸ ਤੇਰੇ ਤਾਣ ਕਉ।
ਤਰੀਫ਼ਾਂ ਪਾਨ ਚਬਾਨ ਕਉ।
ਸਦ ਰਹਮਤ ਕੈਫਾਂ ਖਾਨ ਕਉ।
ਸਦ ਰਹਮਤ ਤੁਰੇ ਨਚਾਣ ਕਉ। (ਪਉੜੀ 50)
ਇਸ ਵਾਰ ਵਿਚ ਕਈ ਤੋਲ ਤੇ ਕਈ ਤੁਕਾਂਤ ਵਰਤੇ ਗਏ ਹਨ ਅਤੇ ਸਿਰਖੰਡੀ ਛੰਦ ਦੀ ਵਰਤੋਂ ਭੀ ਸੁਚੱਜ ਤੇ ਸੁਘੜਤਾ ਨਾਲ ਕੀਤੀ ਹੈ। ਸਮੁੱਚੀ ਵਾਰ ਇਕ ਛੋਟੀ ਕਹਾਣੀ ਕਵਿਤਾ ਵਿਚ ਰਚੀ ਪ੍ਰਤੀਤ ਹੁੰਦੀ ਹੈ ਜਿਸ ਵਿਚੋਂ ਇਕੋ ਸਮੇਂ ਤੇ ਸਥਾਨ ਉਂਤੇ ਇਕੋ ਮੁਖ ਘਟਨਾ ਤੋਂ ਇਕ ਮੁਖ ਪ੍ਰਭਾਵ ਹੈ।
ਇਸ ਲਈ ਨਿਰ-ਸੰਕੋਚ ਕਿਹਾ ਜਾ ਸਕਦਾ ਹੈ ਕਿ “ਭਗਉਤੀ ਦੀ ਵਾਰ” ਬੀਰ-ਰਸ-ਕਾਵਿ ਦਾ ਇਕ ਸੁੰਦਰ ਤੋਂ ਸੰਪੂਰਨ ਨਮੂਨਾ ਅਤੇ ਪੰਜਾਬੀ ਭਾਸ਼ਾ ਤੇ ਸਭਿਆਚਾਰ ਦਾ ਇਕ ਸਾਂਭਣ-ਯੋਗ ਭੰਡਾਰ ਹੈ।