ਇਕ ਸਰਕਾਰ ਬਾਝੋਂ...
ਸ੍ਰ: ਗੁਰਚਰਨਜੀਤ ਸਿੰਘ ਲਾਂਬਾ
ਸੰਪਾਦਕ ਦੀ ਕਲਮ ਤੋਂ ਹੁਣ ਇਕ ਵਾਰ ਫਿਰ ਸਿਖਾਂ ਦਾ ਖੂਨ ਸ਼ਰੇਆਮ ਸੜਕਾਂ ਤੇ ਡੁਲਿਆ ਹੈ। ਡੁਲਿਆ ਵੀ ਉਹਨਾਂ ਦਰਿੰਦਿਆਂ ਦੇ ਹੱਥੋਂ ਹੈ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਾਬਦੀ ਦੇ ਮੌਕੇ ’ਤੇ ਸ਼ਬਦ ਗੁਰੂ ਦੇ ਸਿਧਾਂਤ ਦਾ ਘਾਣ ਕਰ ਰਹੇ ਹਨ। ਇਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦਾ ਕਾਨੂੰਨ ਬਣਾਇਆ ਜਾ ਰਿਹਾ ਹੈ, ਭਾਰਤ ਦੀ ਸਰਵੁੱਚ ਅਦਾਲਤ ਸੁਪਰੀਮ ਕੋਰਟ ਵਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤਿ ਮੰਨ ਕੇ ਕਾਨੂੰਨੀ ਹੈਸੀਅਤ ਪ੍ਰਦਾਨ ਕੀਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਸਾਰੇ ਦੇਸ਼ ਵਿਚ ਅਤੇ ਖਾਸ ਕਰਕੇ ਪੰਜਾਬ ਵਿਚ ਭੇਖੀ ਗੁਰੂਆਂ ਅਤੇ ‘ਨੀਮ-ਗੁਰੂਆਂ’ ਦੀ ਮੰਡੀ ਲਗੀ ਹੋਈ ਹੈ ਜੋ ਸਿੱਖੀ ਸਰੂਪ ਅਤੇ ਭੇਖ ਧਾਰ ਕੇ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਦੀ ਨਿਰਾਦਰੀ ਕਰ ਰਹੇ ਹਨ।
ਪੰਥ ਵਿਚ ਰੋਸ ਹੈ। ਪੰਥ ਵਿਚ ਜੋਸ਼ ਹੈ। ਪਰ ਇਸ ਜੋਸ਼ ਦੇ ਪ੍ਰਗਟਾਵੇ ਵਿਚ ਇਹ ਵੀ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਪੁਰਾਤਨ ਸਿੰਘ ਕਦੇ ਵੀ ਅਕਾਰਣ ਕਿਰਪਾਨ ਮਿਆਨ ’ਚੋਂ ਨਹੀਂ ਸੀ ਕਢਦੇ। ਉਹ ਮੰਨਦੇ ਸਨ ਕਿ ਜੇ ਇਹ ਬਾਹਰ ਨਿਕਲੇ ਗੀ ਤਾਂ ਖੂਨ ਮੰਗੇ ਗੀ। ਇਹ ਤਲਵਾਰ ਨਹੀਂ ਹੈ। ਇਹ ਤਾਂ ਗੁਰੂ ਕਲਗੀਧਰ ਪਿਤਾ ਦੀ ਬਖਸ਼ਿਸ਼, ਉਹਨਾਂ ਦੀ ਆਪਣੀ ਕਿਰਪਾ ਕ੍ਰਿਪਾਨ ਹੈ।
ਪ੍ਰੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਮੁਤਾਬਿਕ ‘ਸਿੱਖ’ ਉਹ ਹੈ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ (ਯਾਰਵਾਂ, ਬਾਰਵਾਂ ਜਾਂ ਤੇਰਵ੍ਹਾਂ ਨਹੀਂ), ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਨੂੰ ਆਪਣਾ ਇਸ਼ਟ ਅਤੇ ਮੁਕਤੀ ਦਾਤਾ ਮੰਨਦਾ ਹੈ। ਇਸ ਤਰਾਂ ਹਰ ਕਿੱਤੇ, ਧਰਮ, ਸੰਸਥਾਂ ਦੀ ਆਪਣੀ ਸ਼ਬਦਾਵਲੀ ਹੁੰਦੀ ਹੈ। ਇਸ ਨੂੰ ਅਣ-ਅਧਿਕਾਰਤ ਤੌਰ ਤੇ ਵਰਤਣਾ ‘ਬੋਲਣ ਦੀ ਆਜ਼ਾਦੀ’ ਦੇ ਅਧਿਕਾਰ ਵਿਚ ਸ਼ਾਮਲ ਨਹੀਂ ਹੈ। ਅੱਜ ਕੋਈ ਵਿਅਕਤੀ ਆਪਣੇ ਨਾਮ ਨਾਲ ਪ੍ਰਾਈਮ ਮਿਨਿਸਟਰ, ਚੀਫ ਮਿਨਿਸਟਰ, ਜਾਂ ਆਈ.ਜੀ. ਨਹੀਂ ਲਿਖ ਸਕਦਾ ਤਾਂ ਫਿਰ ਸਤਿਕਾਰਤ ਸਿੱਖ ਸ਼ਬਦਾਵਲੀ ਸੱਚਾ ਸੌਦਾ, ਸਤਿਗੁਰੂ, ਅੰਮ੍ਰਿਤ, ਪੰਜ ਪਿਆਰੇ, ਸਰੋਵਰ, ਹਰਿਮੰਦਿਰ, ਅਕਾਲ ਤਖ਼ਤ ਵਰਤਣ ਵਾਲਾ ਕਾਨੂੰਨੀ ਦੋਸ਼ੀ ਕਿਵੋਂ ਨਹੀਂ ਹੈ? ਪਰ ਜਾਪਦਾ ਹੈ ਕਿ ਝੂਠ ਅਤੇ ਪਾਖੰਡ ਦੇ ਵਪਾਰੀ ਇਹ ਕੂੜ ਦਾ ਵਪਾਰ ਕਰੀ ਜਾਣ, ਸਾਡੀ ਜਾਗ ਉਦੋਂ ਖੁਲਦੀ ਹੈ ਜਦੋਂ ਇਹ ਸਿੱਖਾਂ ਦਾ ਖੂਨ ਡੋਹਲਦੇ ਹਨ।
ਧੀਰ ਮਲੀਆਂ, ਰਾਮ ਰਾਈਆਂ ਆਦਿ ਪੰਥ ਵਿਰੋਧੀਆਂ ਦੀ ਸੰਗਤ ਨਾ ਕਰਣ ਦਾ ਗੁਰੂ ਸਾਹਿਬ ਦਾ ਨਿਜੀ ਹੁਕਮ ਬਰਕਰਾਰ ਸੀ ਜਿਸ ਵਿਚ ਪੰਥ ਨੇ ਨਕਲੀ ਨਿਰੰਕਾਰੀਆਂ ਨੂੰ ਸ਼ਾਮਲ ਕੀਤਾ। ਗੁਰੂ ਡੰਮ ਦੇ ਇਸ ਕੋਹੜ ਨੂੰ ਠੱਲ ਪਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਨੇ 12 ਅਕਤਬੂਰ 2001 ਨੂੰ ਵਿਸ਼ੇਸ਼ ਹੁਕਮਨਾਮੇ ਰਾਹੀਂ ਇਹ ਆਦੇਸ਼ ਵੀ ਜਾਰੀ ਕੀਤਾ ਕਿ ਕਿਸੇ ਐਸੇ ਸਥਾਨ ’ਤੇ ਜਿਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਕਿਸੇ ਦੇਹ ਧਾਰੀ ਨੂੰ ਗੁਰੂ ਕਰ ਕੇ ਜਾਣਿਆ ਜਾਏ ਜਾਂ ਉਸ ਦੀ ਪੂਜਾ ਪ੍ਰਤਿਸ਼ਟਾ ਹੋਏ ਉਥੇ ਕੋਈ ਸਿੱਖ ਜਾਂ ਸਿੱਖ ਜਥੇਬੰਦੀ ਅਤੇ ਪਾਰਟੀ ਦਾ ਕੋਈ ਕਾਰਕੁੰਨ ਨਾ ਜਾਏ। ਇਸ ਹੁਕਮਨਾਮੇ ਦੇ ਲਫ਼ਜ਼ ਸਨ-
ਅੱਜ ਮਿਤੀ 12-10-2001 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਸਮੂਹ ਰਾਜਸੀ ਪਾਰਟੀਆਂ ਅਤੇ ਹੋਰ ਜਥੇਬੰਦੀਆਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨ-ਸਨਮਾਨ, ਗੁਰੂ ਖਾਲਸਾ ਪੰਥ ਦੀ ਮਾਣ-ਮਰਯਾਦਾ ਅਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰਖਦਿਆਂ ਭਵਿੱਖ ਵਿਚ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਉਹਨਾਂ ਦੀ ਪਾਰਟੀ ਜਾਂ ਜਥੇਬੰਦੀ ਦਾ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਾ ਸਿੱਖ ਮੈਂਬਰ ਕਿਸੇ ਵੀ ਐਸੇ ਵਿਅਕਤੀ, ਡੇਰੇ ਜਾਂ ਅਸਥਾਨ ’ਤੇ ਜਾ ਕੇ ਉਸ ਨੂੰ ਮਾਨਤਾ ਨਾ ਦੇਵੇ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਰੂਪ ਵਿਚ ਸਨਮਾਨ ਨਾ ਰਖਿਆ ਜਾਂਦਾ ਹੋਵੇ ਅਤੇ ਆਪਣੀ ਪੂਜਾ ਮਾਨਤਾ ਕਰਵਾਈ ਜਾਂਦੀ ਹੋਵੇ।............ਹਰ ਗੁਰਸਿਖ ਮਾਈ ਭਾਈ ਨੂੰ ਵੀ ਸੁਚੇਤ ਕੀਤਾ ਜਾਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਇਕ ਸਰਕਾਰ ਬਾਝੋਂ...............ਡੇਰੇ ਜਾਂ ਅਸਥਾਨ ਬਣਾਕੇ ਆਪਣੀ ਪੂਜਾ ਮਾਨਤਾ ਕਰਵਾਉਣ ਵਾਲਿਆਂ ਨੂੰ ਹਰ ਪੱਖੋਂ ਪਛਾੜਿਆ ਜਾਵੇ ਅਤੇ ਉਹਨਾਂ ਦੀ ਡੇਰੇਦਾਰੀ ਨੂੰ ਠੱਲ ਪਾਉਣ ਲਈ ਸੁਚੇਤ ਹੋਇਆ ਜਾਵੇ।
ਪਰ ਇਹ ਤ੍ਰਾਸਦੀ ਹੀ ਕਹੀ ਜਾਏਗੀ ਕਿ ਭੇਖੀ ਦੇਹ ਧਾਰੀ ਗੁਰੂਆਂ ਦੇ ਡੇਰੇ ਤੇ ਹਾਜ਼ਰੀ ਭਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਆਦੇਸ਼ ਦੀ ਪਾਲਣਾ ਉ¦ਘਣਾ ਦੇ ਰੂਪ ਵਿਚ ਹੋਈ ਹੈ। ਇਸ ਲਈ ਪੰਥਕ ਆਗੂਆਂ ਵਲੋਂ ਅਗਵਾਈ ਅਤੇ ਕਾਰਵਾਈ ਨਾ ਕੀਤੇ ਜਾਣ ਦਾ ਕਾਰਣ ਸਮਝ ਆਉਂਦਾ ਹੈ। ਸਿੱਖ ਸੰਗਤਾਂ ਤਾਂ ਹਰ ਪੰਥਕ ਆਦੇਸ਼ ਨੂੰ ਗੁਰੂ ਦਾ ਪ੍ਰਤੱਖ ਹੁਕਮ ਮੰਨ ਕੇ ਉਸ ’ਤੇ ਅਮਲ ਕਰਣ ਅਤੇ ਫੁਲ ਚੜ੍ਹਾਉਣ ਲਈ ਤਿਆਰ ਹਨ। ਪਰ ਇਸ ਵਿਚ ਸਾਡੇ ‘ਜਰਨੈਲਾਂ’ ਦੀਆਂ ਕਾਠ ਦੀਆਂ ਟੰਗਾਂ ਇਹ ਕੌਮੀ ਭਾਰ ਚੁਕਣ ਤੋਂ ਅਸਮਰਥ ਜਾਪਦੀਆਂ ਹਨ।
ਇਸ ਤੋਂ ਵੀ ਗੰਭੀਰ ਅਤੇ ‘ਸ਼ਿਬਲੀ ਦੇ ਫੁਲ’ ਮਾਰਨ ਵਰਗਾ ਦੋਸ਼ ਇਹ ਵੀ ਹੈ ਕਿ ਸਿੱਖ ਧਾਰਮਿਕ ਅਤੇ ਰਾਜਨੀਤਕ ਆਗੂਆਂ ਵਲੋਂ ਹੀ ਇਸ ਝੂਠੇ ਸੌਦੇ ਸਾਧ ਨਾਲ ਸੌਦੇ ਦੀ ਗੰਢ ਤੁਪ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੁਕ-ਮੁਕਈਆਂ ਕਰਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਇਸ ਗੰਭੀਰ ਇਲਜ਼ਾਮ ਦੀ ਤਰਦੀਦ ਵੀ ਨਹੀਂ ਕੀਤੀ ਗਈ।
ਐਂਗਲੋ-ਸਿੱਖ ਵਾਰ, ਸਿੰਘਾਂ ਤੇ ਫ਼ਿਰੰਗੀਆਂ ਦੀ ਜੰਗ, ਜਿਸ ਨਾਲ ਸਿੱਖ ਰਾਜ ਦੀ ਸਮਾਪਤੀ ਹੋਈ, ਉਸ ਦੀ ਸਮਾਪਤੀ ਦੇ ਬਾਅਦ ਅੰਗਰੇਜ਼ ਕਮਾਂਡਰ ਲਾਰਡ ਗੱਫ ਨੇ ਟਿੱਪਣੀ ਕੀਤੀ ਸੀ ਕਿ ਸ਼ੇਰਾਂ ਦੀ ਫੌਜ ਦੀ ਕਮਾਂਡ ਗਧੇ ਕਰ ਰਹੇ ਸਨ। ਇਸ ਤੇ ਖਾਲਸਾ ਰਾਜ ਦੇ ਸ਼ਾਹੀ ਸ਼ਾਇਰ ਨੇ ਹੌਕਾ ਦਿੱਤਾ ਸੀ, ਸ਼ਾਹ ਮੁਹਮੰਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
ਸਿੱਖ ਰਾਜ ਦੀ ਸਮਾਪਤੀ ਤੇ ਜਦੋਂ ਨਿਰਾਸਤਾ ਅਤੇ ਨਮੋਸ਼ੀ ਦੇ ਬਦਲਾਂ ਨੇ ਸਿਖ ਮਾਨਸਕਤਾ ਨੂੰ ਘੇਰਿਆ ਹੋਇਆ ਸੀ ਉਸ ਸਮੇਂ ਕਹਿੰਦੇ ਹਨ ਕਿ ਲਾਹੌਰ ਸ਼ਹਿਰ ਵਿਚ ਅੰਗਰੇਜ਼ ਗਵਰਨਰ ਦਾ ਜਲੂਸ ਹਾਥੀ ਤੇ ਜਾ ਰਿਹਾ ਸੀ। ਕੋਈ ਸਿਖ ਬਾਹਰ ਨਹੀਂ ਸੀ ਨਜ਼ਰ ਆ ਰਿਹਾ। ਉਸ ਸਮੇਂ ਦੋ ਸਿਖ ਬੜੇ ਸ਼ਾਨਦਾਰ ਸ਼ਾਹੀ ਲਿਬਾਸ ਵਿਚ, ਰੇਸ਼ਮੀ ਦਸਤਾਰਾਂ ਅਤੇ ਤਿੱਲੇਦਾਰ ਜੁਤੀਆਂ ਪਾਈਆਂ ਸਾਹਮਣਿਉਂ ਤੁਰਦੇ ਆ ਰਹੇ ਸਨ। ਗਵਰਨਰ ਕੋਲੋਂ ਰਿਹਾ ਨਾ ਗਿਆ ਅਤੇ ਉਸਨੇ ਕਹਿ ਹੀ ਦਿੱਤਾ ਕਿ ਕਮਾਲ ਹੈ। ਤੁਹਾਡਾ ਰਾਜ ਖੁਸ ਗਿਆ ਤੇ ਤੁਸੀਂ ਇਸ ਤਰਾਂ ਘੁੰਮ ਰਹੇ ਹੋ ਜਿਵੇਂ ਜੰਝੇ ਆਏ ਹੋ। ਉਹਨਾਂ ਸਰਦਾਰਾਂ ਨੇ ਵਿਲੱਖਣ ਅੰਦਾਜ਼ ਵਿਚ ਜਵਾਬ ਦਿੱਤਾ, ਸਾਹਿਬ ਅਸੀਂ ਨਹੀਂ ਹਾਰੇ, ਸਾਡੇ ਲੀਡਰ ਹਾਰੇ ਹਨ। ਜਦੋਂ ਸਾਨੂੰ ਹਰਾਏਂ ਗਾ ਫਿਰ ਪਤਾ ਚਲੇਗਾ। ਇਹੀ ਜਜ਼ਬਾ ਹਾਲੇ ਵੀ ਜ਼ਿੰਦਾ ਹੈ।
ਕਈ ਸਫਲ ਅਤੇ ਕੁਝ ਅਸਫਲ ਮੋਰਚਿਆਂ ਦੇ ਲੜਾਕੂ ਜਰਨੈਲ ਮਾਸਟਰ ਤਾਰਾ ਸਿੰਘ ਜੀ ਵੀ ਹਮੇਸ਼ਾ ਇਹੀ ਕਿਹਾ ਕਰਦੇ ਸਨ ਕਿ ਹਾਰਦਾ ਉਹ ਹੈ ਜੋ ਦਿਲ ਹਾਰ ਜਾਏ। ਜੋ ਹਾਰ ਨਹੀਂ ਮੰਨਦਾ ਉਹ ਕਦੀ ਨਹੀਂ ਹਾਰਦਾ। ਕੌਮ ਨੇ ਨਾਂ ਤਾਂ ਦਿਲ ਹਾਰਿਆ ਹੈ ਤੇ ਨਾ ਹਾਰ ਮੰਨੀ ਹੈ। ਲੋੜ ਹੈ ਇਕ ਸੂਰਮੇ ਜਰਨੈਲ ਦੀ ਜੋ ਬਾਬਾ ਦੀਪ ਸਿੰਘ ਜੀ ਅਤੇ ਅਕਾਲੀ ਫੂਲਾ ਸਿੰਘ ਵਾਂਗਰ ਅਗਵਾਈ ਦੇ ਸਕੇ।
ਜਿਸ ਪੰਜੇ ਐਬ ਸ਼ਰਈ ਇਸ ਝੂਠੇ ਸਾਧ ਦੇ ਉਪਰ ਕਤਲ, ਇਸਮਤਰੇਜ਼ੀ, ਬਲਾਤਕਾਰ, ਸਾਜਸ਼ ਅਤੇ ਈਸ਼ ਨਿੰਦਾ ਦੇ ਇਤਨੇ ਸੰਗੀਨ ਅਤੇ ਗੰਭੀਰ ਦੋਸ਼ ਹੋਣ ਉਹ ਦਨਦਨਾਦਾਂ ਹੋਇਆ ਆਪਣੀਆਂ ਅਪਰਾਧਿਕ ਗਤੀਵਿਧੀਆਂ ਜਾਰੀ ਰੱਖ ਸਕੇ। ਇਹ ਕਾਨੂੰਨ ਦੇ ਰਾਜ ਦੇ ਸਿਧਾਂਤ ਤੇ ਵੀ ਗੰਭੀਰ ਟਿੱਪਣੀ ਕਰਦਾ ਹੈ। ਇਨਸਾਫ ਹੋਣਾ ਹੀ ਕਾਫੀ ਨਹੀਂ, ਇਨਸਾਫ ਹੁੰਦਾ ਦਿਸਣਾ ਵੀ ਚਾਹੀਦਾ ਹੈ। ਅਸੀਂ ਰੋਜ਼ ਅਰਦਾਸ ਵਿਚ ਜਪੀਆਂ, ਤਪੀਆਂ ਦੇ ਨਾਲ-ਨਾਲ ਹਠੀਆਂ ਦਾ ਵੀ ਜ਼ਿਕਰ ਕਰਕੇ ਉਹਨਾਂ ਦੇ ਨਾਮ ਤੇ ਧਰਮ ਦਾ ਜੈਕਾਰ ਕਰਦੇ ਹਾਂ। ਇਹ ਹਠ ਕਹਿ ਰਿਹਾ ਹੈ,
ਮੁਢੋਂ ਹੀ ਅਸੀਂ ਚਵਾਤੀ ਤੋਂ ਬਣਕੇ ਤੇ ਭਾਂਬਣ ਤੇ ਭਾਬਵ ਮੱਗੇ ਸਾਂ। ਵੈਰੀ ਨੂੰ ਓਵੇਂ ਲੈਣਾ ਏਂ ਜਿਵੇਂ ਮੁਗਲਾਂ ਪਿਛੇ ਲਗੇ ਸਾਂ। ਅਸੀਂ ਮੌਤ ਕੋਲੋਂ ਘਬਰਾਂਦੇ ਨਹੀਂ ਧੋਖੇ ਨਾਲ ਜਾਂਦੇ ਠੱਗੇ ਸਾਂ। ਇਹ ਰੱਬ ਈ ਸਾ²ਡਾ ਜਾਣਦਾ ਏ ਅਸੀਂ ਦੰਦ ਕਿਵੇਂ ਪਏ ਪਹਿਨੇ ਆਂ। ਕੀ ਹੋਇਆ ‘ਸਾਬਰ’ ਬਣਕੇ ਤੇ ਪਏ ਗਿਣਦੇ ਅਸੀਂ ਮਹੀਂਨੇ ਆਂ। ਜਦ ਮੌਕਾ ਮਿਲਿਆ ਦਸਾਂਗੇ ਅਸੀਂ ਮੁਰਦਾ ਨਹੀਂ ਪਏ ਜੀਨੇ ਆਂ। (ਪੰਥਕ ਕਵੀ ਤੇਜਾ ਸਿੰਘ ਸਾਬਰ)