
ਜਿਸਨੋ ਆਪਿ ਖੁਆਇ ਕਰਤਾ…
ਅਮਰਜੀਤ ਸਿੰਘ ਖੋਸਾ
ਸਤਿਨਾਮ ਪ੍ਰਕਾਸ਼ਨ ਚੰਡੀਗੜ੍ਹ ਵੱਲੋਂ ਛਾਪੀ ‘ਵਿਸ਼ੇਸ਼ ਗੁਰਮਤਿ ਲੇਖ’ ਪੁਸਤਕ ਲਿਖਣ ਅਤੇ ਚੰਡੀਗੜ੍ਹ ਰਹਿਣ ਵਾਲੇ ਪ੍ਰਿੰ. ਹਰਿਭਜਨ ਸਿੰਘ ਜੀ ਆਪਣੇ ਪਹਿਲੇ ਲੇਖ ‘ਮੂਲ ਮੰਤਰ ਤਥਾ ਮੰਗਲਾਚਰਣ’ ਵਿਚ ਪੰ: 50 ਉਪਰ ਉਹ ਪ੍ਰਮਾਤਮਾਂ ਦੇ ਨਿਰਵੈਰ ਗੁਣ ਦੀ ਵਿਆਖਿਆ ਕਰਦੇ ਲਿਖਦੇ ਹਨ –“ਸ੍ਰੀ ਦਸਮੇਸ਼ ਜੀ ਦਾ ਫੁਰਮਾਣ ਹੈ, ਕਿ ਵਾਹਿਗੁਰੂ ਸਾਡੇ ਔਗੁਣਾਂ ਨੂੰ ਵੇਖਦਾ ਹੋਇਆ ਵੀ ਆਪਣੀਆਂ ਬਖਸ਼ਿਸ਼ਾਂ ਦੇ ਦਰਵਾਜ਼ੇ ਸਾਡੇ ਲਈ ਬੰਦ ਨਹੀਂ ਕਰਦਾ।
ਦੀਨ ਦਇਆਲ ਦਇਆ ਨਿਧਿ ਦੋਖਨ ਦੇਖਤ ਹੈ ਪਰ ਦੇਤ ਨ ਹਾਰੇ॥ (ਤ੍ਵ੍ਵ ਪ੍ਰਸਾਦਿ ਸ੍ਵੈਯੇ)” {ਦ.ਗ੍ਰੰ.}
ਇਸੇ ਪੁਸਤਕ ਦੇ ‘ਗੁਰਬਾਣੀ ਵਿਚ ਗੁਰੂ ਦਾ ਸੰਕਲਪ’ ਲੇਖ ਅੰਦਰ ਪਿੰਰ.ਹਰਿਭਜਨ ਸਿੰਘ ਪੰ:82 ਉਪਰ ‘ਗਿਆਨੀ ਗੁਰੂ ਨਿਰਭਉ ਤੇ ਨਿਰਲੇਪ ਹੈ’ ਦੀ ਵਿਚਾਰ ਇਸ ਤਰ੍ਹਾਂ ਲਿਖਦੇ ਹਨ-“ਜੋ ਨਿਰਭਉ ਹੈ, ਉਹ ਨਿਰਵੈਰ ਵੀ ਹੋਵੇਗਾ ਅਤੇ ਜੋ ਨਿਰਵੈਰ ਹੈ, ਉਹੀ ਭੈ-ਰਹਿਤ ਹੋ ਸਕੇਗਾ:_
1.ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ॥ ਸਲੋਕ ਮ: ਨੌਵਾਂ
2.ਸਤਿਗੁਰ ਨਿਰਵੈਰ ਪੁਤ੍ਰ ਸਤ੍ਰ ਸਮਾਨੇ ਅਉਗਣ ਕਰੇ ਸੁਧੁ ਦੇਹਾ॥ ਰਾਮਕਲੀ ਮ:ਪੰਜਵਾਂ
3.ਇਹ ਕਾਰਨ ਪ੍ਰਭੂ ਮੋਹਿ ਪਠਾਯੋ॥ ਤਬ ਮੈ ਜਗਤ ਜਨਮ ਧਰਿ ਆਯੋ॥
ਜਿਮ ਤਿਨ ਕਹੀ ਤਿਨੈ ਤਿਮ ਕਹਿਹੋ॥ ਔਰ ਕਿਸੂ ਤੇ ਵੈਰ ਨ ਗਹਿਹੋ॥ (ਬਚਿਤ੍ਰ ਨਾਟਕ)”
ਅਤੇ ਪੰ:89-90 ਉਪਰ ਇਹ ਲਿਖਦੇ ਹਨ-“ਏਥੇ ਇਹ ਗੱਲ ਵੀ ਸਾਫ ਹੋ ਜਾਂਦੀ ਹੈ, ਕਿ ਗੁਰੂ ਨਾਨਕ ਦੇਵ ਜੀ ਦਾ ਗੁਰੂ ਸ਼ਬਦ, ਅਥਵਾ ਅਕਾਲ ਪੁਰਖ ਵਾਹਿਗੁਰੂ ਹੀ ਸੀ। ਇਸ ਹਕੀਕਤ ਨੂੰ ਗੁਰਬਾਣੀ ਇਉਂ ਸਪਸ਼ਟ ਕਰਦੀ ਹੈ:
- ਹਰਿ ਗੁਰ ਮੂਰਤਿ ਏਕਾ ਵਰਤੈ ਨਾਨਕ ਹਰਿ ਗੁਰ ਭਾਇਆ॥ (ਮਾਰੂ ਮ:ਪਹਿਲਾ)
ਅਤੇ- ਆਦਿ ਅੰਤ ਏਕੈ ਅਵਤਾਰਾ॥ ਸੋਈ ਗੁਰੂ ਸਮਝਿਯਹੁ ਹਮਾਰਾ॥ (ਬੇਨਤੀ ਚੌਪਈ)” {ਦਸਮ ਗ੍ਰੰਥ}
ਫਿਰ ਪ੍ਰਿ.ਹਰਿਭਜਨ ਸਿੰਘ ‘ਵਿਸ਼ੇਸ਼ ਗੁਰਮਤਿ ਲੇਖ’ ਪੁਸਤਕ ਵਿਚ ‘ਦਸੇ ਗੁਰੂ ਸਾਹਿਬਾਨ ਏਕ ਜੋਤ’ ਬਾਰੇ ਇਸ ਤਰ੍ਹਾਂ ਲਿਖਦੇ ਹਨ-“…ਗੁਰੂ ਸਾਹਿਬਾਨ ਜੋਤਿ ਤੇ ਜੁਗਤੀ ਕਰਕੇ ਇਕ-ਮਿਕ ਤੇ ਸ਼ਬਦ ਸਰੂਪ ਹਨ। ਫਿਰ ਵੀ ਇਸ ਅਤਿ ਅਹਿਮ ਨੁਕਤੇ ਦੀ ਪੁਸ਼ਟੀ ਲਈ ਕੁਝ ਕੁ ਹੋਰ ਪ੍ਰਮਾਣ ਦੇਣੇ ਯੋਗ ਸਮਝੇ ਗਏ ਹਨ:
1.ਇਕਾ ਬਾਣੀ ਇਕ ਗੁਰੁ ਇਕੋ ਸ਼ਬਦੁ ਵੀਚਾਰਿ॥ ਮ:ਤੀਜਾ,
2.ਦੀਪਕ ਤੇ ਦੀਪਕ ਪ੍ਰਗਾਸਿਆ ਤ੍ਰਿਭਵਣ ਜੋਤਿ ਦਿਖਾਈ॥ ਵਾਰ ਰਾਮਕਲੀ ਮ:ਦੂਜਾ,
3.ਜੋਤਿ ਓਹਾ ਜੁਗਤਿ ਸਾਇ ਸਹਿਕਾਇਆ ਫੇਰਿ ਪਲਟੀਐ॥ ਪੰ:966 ਅਤੇ ਹੋਰ ਸਪਸ਼ਟਤਾ ਲਈ ਨੰ:
6.ਨਾਨਕ ਅੰਗਦ ਕੋ ਬਪੁ ਧਰਾ॥ …ਸ੍ਰੀ ਨਾਨਕ ਅੰਗਦ ਕਰ ਮਾਨਾ॥
…ਅਮਰਦਾਸ ਰਾਮਦਾਸ ਕਹਾਯੋ॥ ਸਾਧਨ ਲਖਾ ਮੂੜ੍ਹ ਨਹਿ ਪਾਯੋ॥
ਭਿੰਨ ਭਿੰਨ ਸਬਹੂੰ ਕਰ ਜਾਨਾ॥ ਏਕ ਰੂਪ ਕਿਨਹੂ ਪਹਿਚਾਨਾ॥
ਜਿਨ ਜਾਨਾ ਤਿਨ ਹੀ ਸਿਧਿ ਪਾਈ॥ ਬਿਨ ਸਮਝੇ ਸਿਧਿ ਹਾਥ ਨ ਆਈ॥ (ਬਚਿਤਰ ਨਾਟਕ)”(ਦ.ਗ੍ਰੰ.)
‘ਖਾਲਸੇ ਦੀ ਸਿਰਜਨਾ’ ਵਾਲੇ ਲੇਖ ਪੰ:119 ਤੇ ਹਰਿਭਜਨ ਸਿੰਘ ਲਿਖਦੇ ਹਨ-“ਆਓ, ਇਸ ਅਹਿਮ ਪੱਖ ਨੂੰ ਹੋਰ ਵਧੇਰੇ ਗਹੁ ਨਾਲ ਵੇਖੀਏ,ਵੀਚਾਰੀਏ:1.ਸ੍ਰੀ ਦਸਮੇਸ਼ ਜੀ ਨੇ ਖਾਲਸੇ ਨੂੰ ਕੇਵਲ “ਜਾਗਦੀ ਜੋਤਿ” ਭਾਵ ਇਕ ਅਕਾਲ ਪੁਰਖ ਦੇ ਪੁਜਾਰੀ ਹੋਣ ਦੀ ਤਾਕੀਦ ਕੀਤੀ ਹੈ ਤੇ ਕਿਹਾ ਹੈ ਕਿ ਖਾਲਸਾ ਹੁਣ ਕੇਵਲ ਗੁਰ ਸ਼ਬਦ (ਨਾਮ) ਵਿਚ ਹੀ ਪਰਚੇਗਾ, ਭੁੱਲ ਕੇ ਵੀ ਮੜ੍ਹੀਆਂ*, ਮਸਾਣਾ, ਮੱਠਾਂ ਤੇ ਕਬਰਾਂ ਆਦਿ ਦੀ ਪੂਜਾ ਨਹੀਂ ਕਰੇਗਾ ਅਤੇ ਤੀਰਥਾਂ ਆਦਿ ਦੇ ਇਸ਼ਨਾਨ ਦੀ ਪ੍ਰਚੱਲਤ ਰੀਤ ਤੋਂ ਦੂਰ ਰਹੇਗਾ।
*ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾਂ ਮਨ ਨੈਕ ਨ ਆਨੈ॥
ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜ੍ਹੀ ਮੱਠ ਭੂਲ ਨ ਮਾਨੈ॥ ” (ਅਸਫੋਟਕ ਕਬਿੱਤ)
ਸ੍ਰੀ ਦਸਮੇਸ਼ ਜੀ ਨੇ ਸੰਕੇਤ ਵਜੋਂ ਪੰਜਾਂ ਵੱਖ ਵੱਖ ਜਾਤੀਆਂ ਦੇ ਸਿੱਖਾਂ ਨੂੰ ਇੱਕੇ ਬਾਟੇ ਵਿਚ ਖੰਡੇ ਦੀ ਪਾਹੁਲ ਦੇ ਕੇ ਤੇ ‘ਪਿਆਰੇ’ ਥਾਪ ਕੇ ਆਦੇਸ਼ ਦਿੱਤਾ ਕਿ ‘ਮਾਨਸ ਕੀ ਜਾਤ’* ਕੇਵਲ ਇਕ ਹੀ ਹੈ ਅਤੇ ਉਹ ਹੈ, ਉਸ ਦਾ ਮਾਨਵ ਹੋਣਾ।
*ਦੇਹੁਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ॥ (ਅ.ਉਸਤਤ) ਪੰ:133 ਉਪਰ-ਖਾਲਸੇ ਦੀ ਮਹਿਮਾ, ਪਦਵੀ ਤੇ ਸਤਿਗੁਰਾਂ ਦੀ ਨਿਮ੍ਰਤਾ:
(ਅ) ਜੁਧ ਜਿਤੇ ਇਨਹੀ ਕੇ ਪ੍ਰਸਾਦਿ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ॥
ਅਘ ਓਘ ਟਰੈ ਇਨ ਹੀ ਕੇ ਪ੍ਰਸਾਦਿ ਇਨਹੀ ਕੀ ਕ੍ਰਿਪਾ ਫੁਨ ਧਾਮ ਭਰੇ॥
ਇਨ ਹੀ ਕੇ ਪ੍ਰਸਾਦਿ ਸੁਬਿਦਿਆ ਲਈ ਇਨ ਹੀ ਕੀ ਕ੍ਰਿਪਾ ਸਭ ਸਤ੍ਰ ਮਰੇ॥
ਇਨ ਹੀ ਕ੍ਰਿਪਾ ਕੇ ਸਜੇ ਹਮ ਹੈਂ ਨਹੀਂ ਮੋ ਸੋ ਗਰੀਬ ਕਰੋਰ ਪਰੇ॥
(ੲ)ਸੇਵ ਕਰੀ ਇਨ ਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨ ਜੀ ਕੋ॥
ਦਾਨ ਦਯੋ ਇਨ ਹੀ ਕੋ ਭਲੋ ਅਉਰ ਆਨ ਕੋ ਦਾਨ ਨ ਲਾਗਤ ਨੀਕੋ॥
ਆਗੇ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ॥
ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਭ ਹੀ ਇਨ ਹੀ ਕੋ॥ {ਖਾਲਸਾ ਮਹਿਮਾ,ਦਸਮ ਗ੍ਰੰਥ}
‘ਵਿਸ਼ੇਸ਼ ਗੁਰਮਤਿ ਲੇਖ’ ਪੁਸਤਕ ਦਾ ਆਖਰੀ ਲੇਖ ‘ਸਿੱਖੀ ਤੇ ਸਮਾਜਵਾਦ’ ਵਿਚ ਪਿੰਰ.ਹਰਿਭਜਨ ਸਿੰਘ ਨੇ ਸ਼ਕਤੀ ਦੀ ਵਰਤੋਂ ਬਾਰੇ ਪੰ:153 ਤੇ ਲਿਖਿਆ ਹੈ –“(ੲ)ਸ਼ਕਤੀ ਦੀ ਵਰਤੋਂ ਉਦੋਂ ਤੇ ਕੇਵਲ ਉਦੋਂ ਹੀ ਕਰਨੀ ਹੈ, ਜਦ ਹੋਰ ਸਾਰੇ ਸਾਧਨ ਅਜ਼ਮਾਏ ਜਾ ਚੁੱਕੇ ਹੋਣ। ਇਸ ਸੰਬੰਧੀ ਸਿੱਖ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜ਼ਫਰਨਾਮੇ ਵਿਚ ਦਿੱਤੀ ਇਸ ਸੇਧ ਨੂੰ ਮੁਖ ਰੱਖਣਾ ਹੈ:_
ਚੂ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸਤ॥ ਹਲਾਲ ਅਸਤ ਬੁਰਦਨ ਬ-ਸ਼ਮਸ਼ੀਰ ਦਸਤ॥ ਫਿਰ ਪੰਨਾ 162 ਤੇ ‘ਵੰਡ ਛਕਣ’ ਦੇ ਅਧਿਆਏ ਵਿਚ ਲਿਖਦੇ ਹਨ ਕਿ-“ਜਦੋਂ ਸਰਬੱਤ ਦੇ ਸਾਂਝੇ ਲੰਗਰ (ਦੇਗ) ਦੀ ਰਾਖੀ ਲਈ ਤੇਗ ਦੀ ਲੋੜ ਪਈ ਤਾਂ ਇਹ ਨਾਅਰਾ ਲਾਉਣ ਦੀ ਹਦਾਇਤ ਕੀਤੀ…
ਦੇਗ ਤੇਗ ਜਗ ਮੈ ਦੋਊ ਚਲੈ॥ ਰਾਖ ਆਪ ਮੋਹਿ ਅਵਰ ਨ ਦਲੈ॥ (ਕ੍ਰਿਸ਼ਨਾਵਤਾਰ) {ਦਸਮ ਗ੍ਰੰਥ}
ਇਸ ‘ਸਿੱਖੀ ਅਤੇ ਸਮਾਜਵਾਦ’ ਵਾਲੇ ਲੇਖ ਨੂੰ ਟਰੈਕਟ ਰੂਪ ਵਿਚ ਸ਼੍ਰੋ.ਗੁ.ਪ੍ਰ.ਕ.ਸ੍ਰੀ ਅੰਮ੍ਰਿਤਸਰ ਨੇ ਲੱਖਾਂ ਦੀ ਗਿਣਤੀ ਵਿਚ ਛਪਵਾ ਕੇ ਭੇਟਾ ਰਹਿਤ ਵੰਡਿਆ ਹੈ।
ਪ੍ਰਿੰ.ਹਰਿਭਜਨ ਸਿਘ ਜੀ ਦੀ ਇਕ ਹੋਰ ਪੁਸਤਕ ‘ਸਾਚੀ ਪ੍ਰੀਤਿ’ ਗਜ਼ਲਾਂ ਭਾਈ ਨੰਦ ਲਾਲ ਜੀ ਸਟੀਕ ਪੜ੍ਹਨ ਨੂੰ ਮਿਲੀ। ਇਸ ਵਿਚ ਜੋ ਉਨ੍ਹਾਂ ਦੇ ਆਪਣੇ ਦਿਲੀ ਵਲਵਲੇ ਦਸਮੇਸ਼ ਜੀ ਬਾਰੇ ਜਾਂ ਉਨ੍ਹਾਂ ਦੀ ਲਿਖਤ (ਸ੍ਰੀ ਦਸਮ ਗ੍ਰੰਥ)ਬਾਰੇ ਹਨ, ਉਹ ਬਹੁਤ ਕਮਾਲ ਦੀ ਪੇਸ਼ਕਾਰੀ ਹੈ, ਤੇ ਹੂ-ਬਹੂ ਇਸ ਤਰ੍ਹਾਂ ਹੈ:_
ਪੰ:39 “ਗੁਰਮਤਿ ਅਜਿਹੇ ਤਿਆਗ ਦਾ ਬੜੇ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕਰਦੀ ਹੈ। ਨੌਵੇਂ ਸਤਿਗੁਰਾਂ ਦਾ ਇਹ ਸ਼ਬਦ ਕਿਤਨੀ ਸਰਲਤਾ ਤੇ ਸਪਸ਼ਟਤਾ ਨਾਲ ਪ੍ਰਭੂ ਦੀ ਲਖਤਾ ਲਈ ਜੰਗਲਾਂ ਨੂੰ ਭੱਜਣ ਦੀ ਨਿਖੇਧੀ ਦਾ ਨਕਸ਼ਾ ਬੰਨਦਾ ਹੈ:-
ਕਾਹੇ ਰੇ ਬਨ ਖੋਜਨ ਜਾਈ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥ ਤਥਾ ਪਾ:10-ਰੇ ਮਨ ਐਸੋ ਕਰਿ ਸੰਨਿਆਸਾ॥ ਬਨ ਸੇ ਸਦਨ ਸਬੈੇ ਕਰ ਸਮਝਹੁ ਮਨ ਹੀ ਮਾਹਿ ਉਦਾਸਾ॥ ਪ੍ਰਭੂ ਹਰ ਥਾਂ ਵਿਆਪਕ ਹੈ, ਸੋ “ਬਾਹਰਿ ਟੋਲੈ ਸੋ ਭਰਮ ਭੁਲਾਹੀ” (ਮਾਝ ਮ: ਪੰਜਵਾਂ) ਵਾਲੇ ਔਝੜ ਰਾਹੇ ਸਿੱਖ ਨੇ ਨਹੀਂ ਪੈਣਾ”।
‘ਸਾਚੀ ਪ੍ਰੀਤਿ’ ਦੇ ਪੰ:117 “…ਪ੍ਰਭੂ ਸਾਡੇ ਹਿਰਦੇ ਵਿਚ ਵੱਸਦਾ ਹੈ। ਉਸਦੀ ਭਾਲ ਅੰਦਰ ਕਰਨੀ ਹੈ:_ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂੰਢੇਹਿ॥ (ਪੰ:1372) ਦੀ ਸਚਾਈ ਨੂੰ ਸਮਝਣਾ ਚਾਹੀਦਾ ਹੈ। ਤੀਜਾ ਖਿਆਲ ਇਹ ਹੈ ਕਿ ਆਸ਼ਕ ਦਾ ਦਿਲ ਪ੍ਰੀਤਮ ਦੇ ਰੰਗ ਵਿਚ ਰੰਗਿਆ ਜਾਕੇ ਉਸ ਨਾਲ ਇਕ ਮਿੱਕ, ਅਥਵਾ ਇਕ ਜੋਤ ਹੋ ਜਾਂਦਾ ਹੈ:_
ਹਰਿ ਹਰਿਜਨ ਦੁਇ ਏਕ ਹੈਂ ਬਿਬ ਬਿਚਾਰ ਕਛੁ ਨਾਂਹਿ॥
ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹਿ॥ ”(ਬਚਿਤ੍ਰ ਨਾਟਕ) ਧਿ:6 {ਦਸਮ ਗ੍ਰੰਥ}
ਪ੍ਰਿੰ.ਹਰਿਭਜਨ ਸਿੰਘ ਪੰ:121 ਤੇ ਲਿਖਦੇ ਹਨ- “ਕਹਿਣ ਮਾਤਰ ਨੂੰ ਤਾਂ ਅਕਾਲ ਪੁਰਖ ਦੇ ਦੋ ਸਰੂਪ ਮੰਨੇ ਜਾਂਦੇ ਹਨ-ਇਕ ਨਿਰਗੁਣ ਤੇ ਦੂਜਾ ਸਰਗੁਣ; ਪਰ ਵਾਸਤਵ ਵਿਚ ਉਹ ਇਕੇ ਸਮੇਂ ਇੱਕੋ ਹੀ ਹਸਤੀ ਨਿਰਗੁਣ ਵੀ ਹੈ, ਤੇ ਸਰਗੁਣ ਵੀ। ਗੁਰਵਾਕ ਹੈ:_ਨਿਰਗੁਨ ਆਪਿ ਸਰਗੁਨ ਭੀ ਓਹੀ॥ ਕਲਾਧਾਰਿ ਜਿਨਿ ਸਗਲੀ ਮੋਹੀ॥ (ਸੁਖਮਨੀ) ਉਸਦੇ ਨਿਰਗੁਣ ਰੂਪ ਬਾਰੇ ਸਾਹਿਬਾਂ ਦਾ ਫੁਰਮਾਨ ਹੈ:_
ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰ ਪਾਤਿ ਨਹਿਨ ਜਿਹ॥
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ॥ (ਜਾਪੁ ਸਾਹਿਬ)
ਤਥਾ- ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥
ਤਿਸਹਿ ਬੁਝਾਇ ਨਾਨਕਾ ਜਿਸੁ ਹੋਵੈ ਸੁਪ੍ਰਸੰਨ॥ ”(ਸੁਖਮਨੀ)
‘ਸਾਚੀ ਪ੍ਰੀਤਿ’ ਦੇ ਪੰ:127 ਤੇ ਬਲੀ ਕਾਲ ਦਾ ਜ਼ਿਕਰ ਕਰਦੇ ਹੋਏ ਪਿੰਰ. ਸਾਹਿਬ ਲਿਖਦੇ ਹਨ-“ ਸ੍ਰੀ ਦਸਮੇਸ਼ ਜੀ ‘ਅਕਾਲ ਉਸਤਤਿ’ ਵਿਚ ਲਿਖਦੇ ਹਨ:_
ਜੋਗੀ ਜਤੀ ਬ੍ਰਹਮਚਾਰੀ ਬਡੇ ਬਡੇ ਛਤ੍ਰਧਾਰੀ ਛਤ੍ਰ ਹੀ ਕੀ ਛਾਇਆ ਕਈ ਕੋਸ ਲੌ ਚਲਤ ਹੈ॥
…ਦਾਰਾ ਸੇ ਦਿਲੀਸਰ ਦੁਰਜੋਧਨ ਕੇ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈਂ॥ ਜਦ ਕਾਲ ਦੀ ਕ੍ਰਿਪਾਨ ਨੇ ਸਭ ਛੋਟੇ ਵੱਡੇ ਨੂੰ ਅਵੱਸ਼ ਪਾਰ ਬੁਲਾਣਾ ਹੈ, ਤਾਂ ਓਹੀ ਘੜੀ ਸੁਲੱਖਣੀ ਹੈ ਜੋ ਪਿਆਰੇ ਦੀ ਯਾਦ ਅਥਵਾ ਦੀਦਾਰ ਦੀ ਸਿੱਕ ਵਿਚ ਗੁਜ਼ਰੇ”।
‘ਸਾਚੀ ਪ੍ਰੀਤਿ’ ਦੇ ਪੰ:174- “ਜੇ ਨਿਰੰਕਾਰੀ ਨਾਨਕ ਨੇ ਪ੍ਰੇਮ ਦੀ ਖੇਡ ਖੇਡਣ ਵਾਲਿਆਂ ਨੂੰ ਸਿਰ ਤਲੀ ਉਤੇ ਰੱਖ ਕੇ ਪ੍ਰੇਮ-ਗਲੀ ਵਿਚ ਪੈਰ ਰੱਖਣ ਲਈ ਵੰਗਾਰਿਆ, ਤਾਂ ਉਨ੍ਹਾਂ ਦੇ ਹੀ ਦਸਵੇਂ ਸਰੂਪ ਨੇ ਪ੍ਰਭੂ-ਪ੍ਰਾਪਤੀ ਦਾ ਇੱਕੋ ਇੱਕ ਵਸੀਲਾ ਪ੍ਰੇਮ ਨੂੰ ਹੀ ਜਤਾਇਆ:-
ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ”॥ {ਦਸਮ ਗ੍ਰੰਥ}
ਪਿੰਰ.ਹਰਿਭਜਨ ਸਿੰਘ ‘ਸਾਚੀ ਪ੍ਰੀਤਿ’ ਦੇ ਪੰ:199 ਤੇ ਬੜੀ ਖੁਲ੍ਹ ਕੇ ਵਿਚਾਰ ਕਰਦੇ ਹਨ ਕਿ:_ “ਇਸ ਗਜ਼ਲ ਵਿਚ ਇਕ ਤਰ੍ਹਾਂ ਨਾਲ ਭਾਈ ਸਾਹਿਬ (ਭਾਈ ਨੰਦ ਲਾਲ ਜੀ) ਹੇਮਕੁੰਟ ਦੇ ਅਲੌਕਿਕ ਤਪੱਸਵੀ ਦੀ ਉਸ ਝਾਕੀ ਦਾ ਵਰਨਣ ਕਰਦੇ ਹਨ, ਜਦ ਸੰਸਾਰ ਉਤੇ ਜ਼ੋਰ, ਜ਼ਬਰ, ਈਰਖਾ, ਦ੍ਵੈਤ, ਅੱਨਿਆਏ ਤੇ ਕੂੜ-ਕੁਸੱਤ ਦੇ ਛਾ ਰਹੇ ਗੁਬਾਰ ਨੂੰ ਸੱਚ, ਸੰਤੋਖ, ਸੇਵਾ ਤੇ ਕੁਰਬਾਨੀ ਦੇ ਦੈਵੀ ਗੁਣਾਂ ਦੀਆ ਕਿਰਨਾਂ ਨਾਲ ਦੂਰ ਕਰਨ ਤੇ ਧਰਮ ਚਲਾਵਣ ਲਈ, ਅਕਾਲ ਪੁਰਖ ਨੇ ਆਪਣੇ ਨਿਵਾਜੇ ਸੁਤ-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਥਾਪੜਾ ਦੇਕੇ ਮਾਤ ਲੋਕ ਵਿਚ ਭੇਜਿਆ ਸੀ ਅਤੇ ਵਿਸ਼ਵਾਸ਼ ਦਿਵਾਇਆ ਸੀ ਕਿ “ਤੁਹਾਡਾ ਰੱਬ ਰਾਖਾ ਹੋਵੇਗਾ”। ਇਤਿਹਾਸ ਗਵਾਹ ਹੈ, ਕਿ ਇਸ ਮਰਦ ਅਗੰਮੜੇ ਨੇ ਆਪਣੇ ਜ਼ਿੰਮੇਂ ਲੱਗੇ “ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥ ” (ਬ.ਨਾਟਕ) ਦੇ ਅੱਤਿ ਬਿਖਮ ਕੰਮ ਨੂੰ ਕਿਤਨੀ ਦ੍ਰਿੜਤਾ ਤੇ ਖੂਬਸੂਰਤੀ ਨਾਲ ਨਿਭਾਇਆ। …ਇਸ ਅਦੁੱਤੀ ਕ੍ਰਿਸ਼ਮੇਂ ਤੇ ਕਰਾਮਾਤ ਦਾ ਭੇਦ ‘ਸ੍ਰੀ ਅਕਾਲ ਪੁਰਖ’ ਦੀ ਉਹ ਸਹਾਇਤਾ ਸੀ, ਜਿਸਦਾ ਵਿਸ਼ਵਾਸ਼ ਆਪ ਨੂੰ ਆਦਿ ਵਿਚ ਦਿਵਾਇਆ ਗਿਆ ਸੀ ”।
‘ਸਾਚੀ ਪ੍ਰੀਤਿ’ ਦੇ ਪੰ:206 ਤੇ:_ “ਕਲਗੀਧਰ ਜੀ ਦੇ ‘ਬਚਿਤ੍ਰ ਨਾਟਕ’ ਵਿਚ ਪਾਈ ਦੱਸ ਅਨੁਸਾਰ, ਪ੍ਰਮੇਸ਼ਰ ਨੇ ਆਪ ‘ਬਾਬੇ’ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ‘ਦੀਨ ਸ਼ਾਹ’ ਅਤੇ ਬਾਬਰ ਨੂੰ ‘ਦੁਨੀ-ਪੱਤਿ’ ਥਾਪਿਆ।
ਪਿੰਰ.ਹਰਿਭਜਨ ਸਿੰਘ ਪੰ:231ਉਪਰ ਲਿਖਦੇ ਹਨ:_ “ਸੋ ਭਾਈ ਸਾਹਿਬ (ਭਾਈ ਨੰਦ ਲਾਲ ਜੀ) ਇਥੇ ਉਨ੍ਹਾਂ ਲੋਕਾਂ ਨੂੰ, ਜੋ ਬਹੁਤ ਪ੍ਰਪੰਚ ਕਰਕੇ ਧਨ ਖੱਟਦੇ ਤੇ ਰਾਤ ਦਿਨੇ ਲੁੱਟ ਖਸੁੱਟ ਨਾਲ ਹੋਰਨਾਂ ਦੀ ਬੁਰਕੀ ਖੋਂਹਦੇ ਹਨ, ਅਤੇ ਹਰ ਸਮੇਂ ਮਾਲ ਦੌਲਤ ਨੂੰ ਇਕੱਠਾ ਕਰਨਾ ਹੀ ਜੀਵਨ-ਮਨੋਰਥ ਗਿਣ ਬੈਠੇ ਹਨ, ਚੇਤਾਵਨੀ ਕਰਾਉਂਦੇ ਹਨ ਕਿ ਵਾਹਿਗੁਰੂ ਸਭ ਦਾ ਰਾਜ਼ਕ ਹੈ, ਪੱਥਰਾਂ ਵਿਚ ਗੁਪਤ ਬੈਠੇ ਕੀੜਿਆਂ ਨੂੰ ਵੀ ਖੁਰਾਕ ਪਹੁੰਚਾਉਂਦਾ ਹੈ। ਤੂੰ ਚਿੰਤਾਤੁਰ ਹੋਕੇ ਐਧਰ ਓਧਰ ਹੱਥ ਪੈਰ ਕਿਉਂ ਮਾਰਦਾ ਹੈ? ਤੂੰ ਕਿਉਂ ਭੁੱਲ ਬੈਠਾ ਹੈਂ ਕਿ ਉਹ:_
ਪੋਖਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੇ ਨਹੀਂ ਕਰਮ ਬਿਚਾਰੇ॥
ਤਥਾ:_ਰੋਜ਼ ਹੀ ਰਾਜ਼ ਬਿਲੋਕਤ ਰਾਜ਼ਿਕ ਰੋਖਿ ਰੁਹਾਨ ਕੀ ਰੋਜ਼ੀ ਨ ਟਾਰੈ”॥ (ਤ੍ਵ ਪ੍ਰਸਾਦਿ ਸਵੈਯੇ)
ਹਰਿਭਜਨ ਸਿੰਘ ‘ਸਾਚੀ ਪ੍ਰੀਤਿ’ ਦੇ ਪੰ:247 ਤੇ ਲਿਖਦੇ ਹਨ:_ “{ਮੈਂ ਤੂੰ ਹੋ ਗਿਆ, ਤੂੰ ਮੈਂ ਹੋ ਗਿਆ। (ਜੇ) ਮੈਂ ਜਾਨ ਹੋਇਆ ਹਾਂ, ਤਾਂ ਤੂੰ ਸਰੀਰ ਹੋ ਗਿਓਂ; ਤਾਂ ਜੁ ਬਾਅਦ ਵਿਚ ਕੋਈ ਇਹ ਨ ਕਹਿ ਸਕੇ, ਕਿ ਮੈਂ ਹੋਰ ਹਾਂ ਤੇ ਤੂੰ ਹੋਰ। } ਇਹ ਹੈ ਪ੍ਰਭੂ ਅਥਵਾ ਪ੍ਰੀਤਮ ਨਾਲ ਅਭੇਦਤਾ ਦਾ ਦ੍ਰਿਸ਼। ਸ੍ਰੀ ਦਸਮੇਸ਼ ਜੀ ਫੁਰਮਾਉਂਦੇ ਹਨ:-
ਹਰਿ ਹਰਿਜਨ ਦੁਇ ਏਕ ਹੈਂ ਬਿਬ ਬਿਚਾਰ ਕਛੁ ਨਾਂਹਿ॥
ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹਿ”॥ (ਬਚਿਤ੍ਰ ਨਾਟਕ){ਦਸਮ ਗ੍ਰੰਥ}
ਪ੍ਰਿੰ.ਹਰਿਭਜਨ ਸਿੰਘ ਦਾ ਇਹ ਉਪਰਾਲਾ ਤਾਂ ਜਿੰਨਾਂ ਵੀ ਸਲਾਹਿਆ ਜਾਵੇ ਥੋੜਾ ਹੈ। ਜਿਹੜੇ ਉਪਮਾਨ-ਉਪਮੇਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਜਾਪੁ, ਅਕਾਲ ਉਸਤਤਿ, ਚਰਿਤ੍ਰੋਪਾਖਯਾਨ, ਬਚਿਤ੍ਰ ਨਾਟਕ, ਸਵੈਯੇ, ਕ੍ਰਿਸ਼ਨਾਵਤਾਰ ਆਦਿ ਤੇ ਅਸਫੋਟਕ ਕਬਿੱਤ ਦਸਮ-ਗ੍ਰੰਥ ਸਾਹਿਬ ਵਿਚੋਂ ਹਰਿਭਜਨ ਸਿੰਘ ਉਪਰ ਵਰਤ ਰਿਹਾ ਹੈ, ਇਸ …‘ਖੁਸਿ ਲਏ ਚੰਗਿਆਈ’॥ ਵਾਲੇ (ਗੁਰੂ ਮਾਰੇ) ਨੇ, ਉਸੇ ਗ੍ਰੰਥ ਬਾਰੇ ਜਦੋਂ ‘ਦਸਮ ਗ੍ਰੰਥ ਬਾਰੇ ਚੋਣਵੇਂ ਲੇਖ’ ਲਿਖ ਦਿੱਤੇ, ਤਾਂ ਕੀ ਉਸ ਨਾਲ ਸਭ ਕੀਤੇ ਕੱਤਰੇ ਤੇ ਪਾਣੀ ਨਹੀਂ ਫਿਰ ਗਿਆ?,ਜਿਸ ਵਿਚ ਉਸਨੇ ਦਸਮ ਗ੍ਰੰਥ ਨੂੰ ਭੰਡਣ ਬਾਰੇ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ। ਇੰਨ੍ਹਾਂ ਦੀ ਬਦੌਲਤ ਹੀ ਅੱਜ ਕੱਲ ਦੇ ਅਖੌਤੀ ਪੜ੍ਹਾਕੂ ਅਤੇ ਅਗਾਂਹਵਧੂ ਤਰਕਵਾਦੀ, ਸਿੱਖਾਂ ਦੇ ਨਿੱਤਨੇਮ ਅਤੇ ਅੰਮ੍ਰਿਤ ਸੰਚਾਰ ਵਿਚ ਪੜ੍ਹਨ ਵਾਲੀ ਬਾਣੀ ‘ਬੇਨਤੀ ਚੌਪਈ’ ਨੂੰ ‘ਕੰਜਰ ਕਵਿਤਾ’ ਕਹਿਣ ਦਾ ਹੌਸਲਾ ਰੱਖਦੇ ਹਨ। ਕੋਈ ਹੈ ਜੱਗ ਯਾ ਰੱਬ ਦਾ ਡਰ। ਕੀ ਕੋਈ ਸਿੱਖ ਇਸ ਤਰ੍ਹਾਂ ਲਿਖ ਸਕਦਾ ਹੈ?, ਤੇ ਕੀ ਸਿੱਖਾਂ ਨੂੰ ਇਸ ਸਭ ਕੁੱਝ ਲਈ ਇਸੇ ਤਰ੍ਹਾਂ ਹੀ ਮੂਕ ਦਰਸ਼ਕ ਬਣਕੇ ਬੈਠੇ ਰਹਿਣਾ ਚਾਹੀਦਾ ਹੈ? ਦਸਮੇਸ਼ ਬਾਣੀ ਵਾਸਤੇ ਨਿਰਾਦਰੀ ਭਰੇ ਇਹ ਲਫਜ਼ ਹਰਦੇਵ ਸਿੰਘ ਸ਼ੇਰਗਿਲ ਦੀ ਦੇਖ ਰੇਖ ਵਿਚ ਛਪਦਾ ਮਾਹਵਾਰੀ ਮੈਗਜ਼ੀਨ ‘ਦ ਸਿੱਖ ਬੁਲਿਟਨ’ ਦੇ ਅਗਸਤ, 2003 ਦੇ ਪੰ:24 ਉਪਰ ਕਿਰਪਾਲ ਸਿੰਘ ਵੱਲੋਂ ਛਪਿਆ ਹੈ।
ਇਹ ਪ੍ਰਿੰ. ਹਰਿਭਜਨ ਸਿੰਘ ਆਪਣੇ ਕਹੇ ਨੂੰ ਹੀ ਨਹੀਂ, ਸਗੋਂ ਆਪਣੀ ਲਿਖਤ ਨੂੰ ਭੀ ਹਜ਼ਮ ਨਹੀਂ ਕਰ ਸਕਿਆ। “ਗੁਰੂ-ਪੰਥ” ਤੇ ਕੋਈ ਯਕੀਨ ਨਹੀਂ, ਸਿੱਖ ਰਹਿਤ ਮਰਿਯਾਦਾ ਤੋਂ ਇਨਕਾਰੀ ਹੈ। ਦਸਮੇਸ਼ ਦੇ ਅੰਮ੍ਰਿਤ ਉਪਰ ਕਿੰਨਾਂ ਕੁ ਨਿਸ਼ਚਾ ਹੋਵੇਗਾ ?, ਅਤੇ ਕਿਹੜੇ ਨਿਤਨੇਮ ਦਾ ਧਾਰਨੀ ਹੋਵੇਗਾ ?ਮਰੇ ਤੇ ਮੁੱਕਰੇ ਦਾ ਕੋਈ ਦਾਰੂ ਨਹੀਂ ਹੁੰਦਾ। ਇਸ ਨਾਲ ਇਹ ਦੋਵੇਂ ਭਾਣੇ ਵਰਤ ਚੁੱਕੇ ਹਨ। ਸੱਜਣੋ ! ਹੁਣ ਖੁਦ ਹੀ ਨਿਰਣਾ ਕਰੋ, ਕਿ ਇਸ ਤਰ੍ਹਾਂ ਦੇ ਨੂੰ ਕਿਸ ਤਰ੍ਹਾਂ ਦੇ ਖਿਤਾਬ ਨਾਲ ਨਿਵਾਜਿਆ ਜਾਏ, ਅਤੇ ਇੰਨ੍ਹਾਂ ਦੀਆਂ ਲਕੀਰਾਂ ਦੇ ਫਕੀਰਾਂ ਦਾ ਕੀ ਇਲਾਜ ਕੀਤਾ ਜਾਏ???