
ਮੈਂ ਵੱਡੇ ‘ਪੰਥਕ ਵਿਦਵਾਨਾਂ ਤੇ ਬੁੱਧੀਜੀਵੀਆਂ’ ਵਾਂਗ ਏਸ ਬਿਆਨ ਦਾ ਚੀਰ ਹਰਨ ਨਹੀਂ ਕਰਾਂਗਾ…… ਤੇ ਨਾ ਹੀ ਇਸ ਰੌਲੇ ਵਿਚ ਪਵਾਂਗਾ ਕਿ ਇਹ ਬਿਆਨ ਤੁਸੀਂ ਕਿਉਂ ਦਿੱਤਾ……? ਕਿਸ ਦੇ ਆਖੇ ਦਿੱਤਾ ਹੈ……? ਕੀ ਕੋਈ ਦਬਾਅ ਸੀ ਜਾਂ ਤੁਹਾਡੀ ਜ਼ਮੀਰ ਨੇ ਆਵਾਜ਼ ਦਿੱਤੀ……? ਜਾਂ ਕੀ ਕੋਈ ਲਾਲਚ……? ਮੈਨੂੰ ਤਾਂ ਬਸ ਇਸ ਗੱਲ ਦੀ ਅਥਾਹ ਖੁਸ਼ੀ ਹੈ ਕਿ ਤੁਸੀਂ ਕਿਹਾ, “ਜੇ ਖਾਲਿਸਤਾਨ ਅਸੀਂ ਬਣਾਉਣਾ ਹੈ…… ਤੇ ਜਦੋਂ ਆਹ ਮੈਂ ਦੇਖਦਾ ਹਾਂ…… ਵਿਦੇਸ਼ਾਂ ਵਿਚ…… ਜਦੋਂ ਇਸੇ ਤਰ੍ਹਾਂ ਸਿਖੀ ਪ੍ਰਫੁੱਲਤ ਹੋਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ‘ਖਾਲਿਸਤਾਨ’ ਬਣਾ ਲਵਾਂਗੇ” ਅੱਗੇ ਤੁਸੀਂ ਕਿਹਾ, “ ਦੁਨੀਆਂ ਦੀ ਹਰੇਕ ਕੌਮ ਆਪਣਾ ਘਰ ਚਾਹੁੰਦੀ ਹੈ ਤੇ ਜੇ ਸਿਖ ਵੀ ਚਾਹੁੰਦੇ ਹਨ ਤਾਂ ਇਸ ਵਿਚ ਮਾੜੀ ਗੱਲ ਕੀ ਹੈ…… ਤੇ ਅਸੀਂ ਕੋਈ ਭੀਖ ਨਹੀਂ ਮੰਗ ਰਹੇ, ਅਸੀਂ ਆਪਣਾ ਹੱਕ ਮੰਗਦੇ ਹਾਂ……”
ਸ਼ਾਇਦ ਤੁਸੀਂ ਇਹ ਸਭ ਕੁਝ ਸਹਿ ਸੁਭਾਏ ਹੀ ਕਿਸੇ ਰੌਅ ਵਿਚ ਕਹਿ ਗਏ ਹੋਵੋ…… ਪਰ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਇਹਨਾਂ ਚਾਰ ਬੋਲਾਂ ਨੇ ਕਿੰਨੇ ਮੁਰਝਾਏ ਚਿਹਰਿਆਂ ‘ਤੇ ਰੌਣਕ ਲਿਆਂਦੀ ਹੈ, ਕਿੰਨਿਆਂ ਹੀ ਉਦਾਸ ਬੈਠਿਆਂ ਨੂੰ ਖੁਸ਼ ਹੋਣ ਦਾ ਇਕ ਮੌਕਾ ਦਿੱਤਾ ਹੈ, ਕਈ ਦਰਦ ਨਾਲ ਕਰਾਹ ਰਹੇ ਸਰੀਰਾਂ ਵਿਚ ਨਹੀਂ ਜਾਣ ਪਾਈ ਹੈ ਤੁਹਾਡੇ ਇਹਨਾਂ ਚੰਦ ਸ਼ਬਦਾਂ ਨੇ……, ਸੈਕੜੇ ਪਰਿਵਾਰਾਂ ਦੇ ਨਾਸੂਰ ਬਣ ਚੁੱਕੇ ਫੱਟਾਂ ‘ਤੇ ਤੁਹਾਡੇ ਇਹ ਬੋਲ ਮੱਲਮ ਬਣ ਕੇ ਲੱਗੇ ਹਨ ਤੇ ਉਹਨਾਂ ਦੀ ਪੀੜ ਕੁਝ ਘੱਟ ਹੋਈ ਹੈ। ਦਹਾਕਿਆਂ ਤੋਂ ਜ਼ੇਲ੍ਹਾਂ ਅੰਦਰ ਕੈਦ ਸਿਖ ਜੁਝਾਰੂਆਂ ਨੂੰ ਜੈਕਾਰਾ ਛੱਡਣ ਦਾ ਕੋਈ ਮੌਕਾ ਮਿਲਿਆ ਹੈ।
ਧੰਨਵਾਦ ਜਥੇਦਾਰ ਸਾਹਬ…… ਬਹੁਤ ਬਹੁਤ ਧੰਨਵਾਦ। ਅੱਜ ਸੱਚਮੁੱਚ ਤੁਸੀਂ ਜਥੇਦਾਰਾਂ ਵਾਲੀ ਗੜ੍ਹਸ ਨਾਲ ਬੋਲੇ ਹੋ। ਮੈਂ ਹਰ ਵਾਰ 6 ਜੂਨ ‘ਤੇ ਦਰਬਾਰ ਸਾਹਿਬ ਆਉਂਦਾ ਹਾਂ। ਹਰ ਵਾਰ ਤੁਹਾਨੂੰ ਬੋਲਦੇ ਸੁਣਦਾ ਹਾਂ, ਇਸ ਆਸ ਨਾਲ ਕਿ ਸ਼ਾਇਦ ਇਸ ਵਾਰ ਤੁਸੀਂ ਕੌਮ ਦੇ ਆਪਣੇ ਘਰ ਬਾਰੇ ਦੋ ਸ਼ਬਦ ਜਰੂਰ ਬੋਲੋਗੇ। ਪਰ ਹਰ ਵਾਰ ਮੈਂ ਨਿਰਾਸ਼ ਹੀ ਮੁੜਦਾ ਹਾਂ। ਪਰ ਸੱਚ ਪੁੱਛੋ ਤਾਂ ਤੁਹਾਡੇ ਇਸ ਬਿਆਨ ਨੇ ਸਾਰੇ ਗਿਲੇ ਸ਼ਿਕਵੇ ਦੂਰ ਕਰ ਦਿੱਤੇ।
ਜਥੇਦਾਰ ਸਾਹਬ, ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਦੁਆਰਾ ਕੁਝ ਸ਼ਬਦ ‘ਖਾਲਿਸਤਾਨ’ ਦੇ ਹੱਕ ਵਿਚ ਸੁਣ ਕੇ ਉਹਨਾਂ ਪਰਿਵਾਰਾਂ ਨੂੰ ਕਿੰਨਾ ਹੌਸਲਾ ਮਿਲਿਆ ਹੈ, ਜਿਨ੍ਹਾਂ ਦਾ ਕੋਈ ਨਾ ਕੋਈ ਜੀਅ ‘ਆਜ਼ਾਦੀ ਦੀ ਇਸ ਲਹਿਰ’ ਵਿਚ ਕੁਰਬਾਨ ਹੋਇਆ ਹੈ। ਲੋਕ ਉਹਨਾਂ ਨੂੰ ਮੇਹਣੇ ਮਾਰਦੇ ਸਨ, “ਥੋਡੇ ਪੱਤ ਐਵੇਂ ਭੰਗ ਦੇ ਭਾੜੇ ਹੀ ਜਾਨ ਗਵਾ ਗਏ, ਐਵੇਂ ਫਾਲਤੂ ਹੀ ਮਾਰੇ ਗਏ, ਬਿਨਾ ਕਿਸੇ ਨਿਸ਼ਾਨੇ ਤੋਂ ਲੜਦੇ ਰਹੇ… ਤੇ ਅੱਜ ਹਿੰਦੂਆਂ ਦੇ ਨਾਲ ਨਾਲ ਸਿਖ ਵੀ ਉਨ੍ਹਾਂ ਨੂੰ ਅੱਤਵਾਦੀ ਕਹਿ ਰਹੇ ਹਨ……”। ਪਰ ਅੱਜ ਉਹ ਪਰਿਵਾਰ ਜਵਾਬ ਦੇ ਰਹੇ ਹਨ, “ਸਾਡੇ ਪੁੱਤ ਐਵੇਂ ਲੜਦੇ ਨਹੀਂ ਮਰੇ…… ਅਸਲ ਵਿਚ ਉਹ ਮਰੇ ਨਹੀਂ ‘ਸ਼ਹੀਦ’ ਹੋਏ ਨੇ…… ਉਹ ਨਿਸ਼ਾਨੇ ਤੋਂ ਬਿਨਾ ਨਹੀਂ ਲੜੇ, ਵੇਖੋ ਕੌਮ ਦਾ ਜਥੇਦਾਰ ਉਹਨਾਂ ਦੇ ਮਿੱਥੇ ਨਿਸ਼ਾਨੇ ਬਾਰੇ ਕਿੱਡਾ ਸੋਹਣਾ ਬੋਲਿਆ ਹੈ ਤੇ ਉਸ ਨੇ ਕਿਹਾ ਹੈ ਕਿ ਅਸੀਂ ਉਸ ਨਿਸ਼ਾਨੇ ‘ਤੇ ਜਲਦੀ ਹੀ ਪਹੁੰਚਾਂਗੇ…… ਸਾਨੂੰ ਮਾਣ ਹੈ ਸਾਡੇ ਸੂਰਮੇਂ ਪੁੱਤਰਾਂ ‘ਤੇ, ਜਿਹੜੇ ਆਪਣੇ, ਆਪਣੀ ਕੌਮ ਦੇ ‘ਘਰ’ ਲਈ ਕੁਰਬਾਨ ਹੋਏ ਨੇ……”
ਜਥੇਦਾਰ ਸਾਹਬ ਜੇ ਤੁਸੀਂ ਆਪਣੇ ਇਸ ਬਿਆਨ ‘ਤੇ ਅਡੋਲ ਖੜ੍ਹੇ ਰਹੋਂ, ਡਟ ਕੇ ਪਹਿਰਾ ਦਿਉਂ ਤਾਂ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਦੁਸ਼ਮਨ ਨਾਲ ਸਾਰੇ ਅਗਲੇ ਪਿਛਲੇ ਸਾਰੇ ਹਿਸਾਬ ਬਰਾਬਰ ਕਰਾਂਗੇ। ਸਾਡੀ ਧਰਤੀ ਨੂੰ ਲਹੂ ਨਾਲ ਲਾਲ ਕਰ ਗਈ ਹਰੇਕ ਗੋਲੀ ਦਾ ਹਿਸਾਬ ਲਵਾਂਗੇ। ਇਕ ਇਕ ਲਾਵਾਰਸ ਲਾਸ਼ ਦਾ ਵਾਰਸ ਲੱਭਾਂਗੇ। ਅੰਨ੍ਹਾਂ ਅਣਮਨੁੱਖੀ ਤਸ਼ੱਦਦ ਕਰਕੇ ਮਾਰੇ ਗਏ ਇਕ ਇਕ ਨੌਜੁਆਨ ਦੇ ਕਾਤਲਾਂ ਦੀ ਪਛਾਣ ਕਰਾਂਗੇ ਤੇ ਉਹਨਾਂ ਨੂੰ ਲੱਭ ਕੇ ਪੁੱਛਾਂਗੇ ਕਿ ਕਿਸ ਦੇ ਹੁਕਮ ‘ਤੇ ਤੁਸੀ ਇਹ ਅਣਮਨੁੱਖੀ ਵਿਹਾਰ ਪੰਜਾਬ ਦੇ ਜਾਇਆਂ ਨਾਲ ਕੀਤਾ। ਕਿਉਂ ਤੁਸੀਂ ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਦੀਆਂ ਲੱਤਾਂ ਦੋ ਜੀਪਾਂ ਨਾਲ ਬੰਨ੍ਹ ਕੇ ਤੇ ਦੋਵੇਂ ਜੀਪਾਂ ਉਲਟ ਦਿਸ਼ਾਵਾਂ ਵੱਲ ਭਜਾ ਕੇ ਉਹਨਾਂ ਨੂੰ ਵਿਚਾਲੋਂ ਪਾੜਿਆ…… ਕਿਉਂ ਭਾਈ ਹਰਦੇਵ ਸਿੰਘ ਦੇਬੂ ਦੇ ਸਰੀਰ ਦਾ ਸਾਰਾ ਮਾਸ ਉੱਬਲਦੇ ਪਾਣੀ ਨਾਲ ਉਚੇੜਿਆ…… ਕਿਉਂ ਭਾਈ ਵਰਿਆਮ ਸਿੰਘ ਖੱਪਿਆਂਵਾਲੀ ਵਾਲਿਆਂ ਦੇ ਪੱਟ ਚੀਰ ਕੇ ਵਿਚ ਲੂਣ, ਮਿਰਚਾਂ ਭਰੀਆਂ…… ਕਿਉਂ ਭਾਈ ਰਛਪਾਲ ਸਿੰਘ ਛੰਦੜਾਂ ਦੇ ਪਲਾਸ ਨਾਲ ਦੰਦ ਖਿੱਚੇ ਤੇ ਕਈ ਥਾਵਾਂ ਤੋਂ ਲੱਤਾਂ ਤੋੜੀਆਂ…… ਕਿਉਂ ਭਾਈ ਅਵਤਾਰ ਸਿੰਘ ਸ਼ਤਰਾਣੇ ਦਾ ਸਰੀਰ ਗਰਮ ਪ੍ਰੈਸ ਲਾ ਕੇ ਸਾੜਿਆ…… ਕਿਉਂ ਭਾਈ ਅਨੋਖ ਸਿੰਘ ‘ਬੱਬਰ’ ਦੀਆਂ ਗਰਮ ਲੋਹੇ ਦੀਆਂ ਸਲਾਖਾਂ ਨਾਲ ਅੱਖਾਂ ਕੱਢੀਆਂ…… ਕਿਉਂ ਇਕ ਸੱਪ ਸਾਰਾ ਥਾਣਾ ਲੰਘ ਕੇ ਭਾਈ ਗੁਰਮੀਤ ਸਿੰਘ ਮਚਾਕੀ ਦੀ ਬੈਰਕ ਵਿਚ ਵੜ੍ਹ ਕੇ ਸਿਰਫ ਉਹਨਾਂ ਦੇ ਹੀ ਲੜਿਆ…… ਕਿਉਂ ਭਾਈ ਬਸ਼ੀਰ ਮੁਹੰਮਦ ‘ਬੱਬਰ’ ਦੀ ਪਤਨੀ ਤੇ ਅਣਜੰਮੇ ਬੱਚੇ ਵਿਚ ਦੀ ਸਰਕਾਰੀ ਗੋਲੀਆਂ ਲੰਘਾਈਆਂ ਗਈਆਂ…… ਕਿਉਂ…… ਕਿਉਂ…… ਆਖਰ ਕਿਉਂ……ਸਾਰੇ ਕਿਉਂਆਂ ਦੇ ਜਵਾਬ ਲਵਾਂਗੇ ਜਥੇਦਾਰ ਸਾਹਬ, ਬਸ ਤੁਸੀਂ ਸਾਡੇ ਪਿੱਛੇਂ ਇਸੇ ਜ਼ੋਰ ਨਾਲ ਖੜ੍ਹੇ ਰਿਹੋ। ਤੁਹਾਡੇ, ਪਿੱਛੇ ਖੜ੍ਹੇ ਰਹਿਣ ਨਾਲ ਵੀ ਸਾਨੂੰ ਵੱਡਾ ਹੌਸਲਾ ਮਿਲੇਗਾ।
…… ਤੇ ਮੈਂ ਇਹ ਵੀ ਜਾਣਦਾਂ ਕਿ ਤੁਹਾਨੂੰ ਆਪਣੇ ਇਸ ਬਿਆਨ ਦੀ ਭਾਰੀ ਕੀਮਤ ਵੀ ਚੁਕਾਉਣੀ ਪੈ ਸਕਦੀ ਹੈ। ਬਾਦਲ ਲਾਣਾ ਤੁਹਾਨੂੰ ਜਥੇਦਾਰੀ ਤੋਂ ਬਰਖਾਸਤ ਕਰਨ ਦੀਆਂ ਸਕੀਮਾਂ ਘੜ੍ਹਣ ਵੀ ਲੱਗ ਪਿਆ ਹੈ। ਪਰ ਜਥੇਦਾਰ ਸਾਹਿਬ ਅਸੀਂ ਇਤਿਹਾਸ ਤੋਂ ਸਿੱਖਿਆ ਹੈ ਕਿ ਜ਼ਮੀਰ ਜਿਉਂਦੀ ਰੱਖਣ ਲਈ ਕਈ ਵਾਰ ਅਹੁਦੇਦਾਰੀਆਂ ਨੂੰ ਲੱਤ ਮਾਰਨੀ ਪੈਂਦੀ ਹੈ। ਸਾਡੇ ਲਈ ਸਾਡਾ ਪੰਥਕ ਫਰਜ਼, ਸਾਡਾ ਕੌਮੀ ਨਿਸ਼ਾਨਾ, ਸਾਡਾ ਆਪਣਾ ਘਰ ਅਹੁਦੇਦਾਰੀਆਂ ਜਾਂ ਜਥੇਦਾਰੀਆਂ ਤੋਂ ਵੱਧ ਕੀਮਤੀ ਹੈ। ਨਵਾਬ ਕਪੂਰ ਸਿੰਘ ਤਾਂ ਤੁਹਾਨੂੰ ਭੁੱਲਿਆ ਨਹੀਂ ਹੋਵੇਗਾ ਜਿਸ ਨੇ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਬਦਲੇ ਨਵਾਬੀ ਨੂੰ ਠੋਕਰ ਮਾਰ ਦਿੱਤੀ ਸੀ। ਥੱਕੇ ਖਾਣ ਐਸੀਆਂ ਜਥੇਦਾਰੀਆਂ, ਜੇ ਉਸ ਬਦਲੇ ਸਾਨੂੰ ਆਪਣਾ ਜ਼ਮੀਰ ਹੀ ਬਾਦਲਕਿਆਂ ਕੋਲੇ ਗਹਿਣੇ ਧਰਨਾ ਪਵੇ।
ਜਥੇਦਾਰ ਸਾਹਬ, ਤੁਸੀਂ ਤੇ ਅਸੀਂ, ਸਾਰੇ ਜਾਣਦੇ ਹਾਂ ਕਿ ਸਿਖਾਂ ਦੇ ਹਰੇਕ ਮਸਲੇ ਦਾ ਸੰਪੂਰਨ ਹੱਲ ਸਾਡਾ ਆਪਣਾ ਘਰ ਹੈ। ਸਾਡੀ ਸਾਰੀ ਊਰਜਾ, ਜਿਹੜੀ ਹੋਰ ਸੈਕੜੇ ਮਸਲਿਆਂ ਵਿਚ ਬਰਬਾਦ ਹੋ ਰਹੀ ਹੈ, ਨੂੰ ਜੇ ਅਸੀਂ ‘ਕੌਮੀ ਘਰ ਦਾ ਕਿਲਾ’ ਉਸਾਰਣ ਵਿਚ ਲਾਈਏ ਤਾਂ ਸਾਡੇ ਬਾਕੀ ਸਾਰੇ ਮਸਲੇ ਆਪਣੇ ਆਪ ਹੱਲ ਹੋ ਜਾਣਗੇ। ਜਿੰਨਾ ਚਿਰ ਕੋਈ ਕੌਮ ‘ਬੇਘਰੀ’ ਹੁੰਦੀ ਹੈ, ਉੋਹ ਹਮੇਸ਼ਾਂ ਰੁਲਦੀ ਹੈ ਤੇ ਅਨੇਕਾਂ ਸਮੱਸਿਆਵਾਂ ਉਸ ਨੂੰ ਘੇਰੀ ਰੱਖਦੀਆਂ ਹਨ, ਪਰ ਜਦੋਂ ਉਹੀਂ ਕੌਮ ਆਪਣਾ ਘਰ ਬਣਾ ਲੈਂਦੀ ਹੈ ਤਾਂ ਉਸ ਦੇ ਸਾਰੇ ਮਸਲੇ ਹੱਲ ਹੋ ਜਾਂਦੇ ਹਨ। ਇਜ਼ਰਾਈਲ ਦੇ ਯਹੂਦੀਆਂ ਸਮੇਤ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਨੇ।
ਸੱਚ ਪੁੱਛੋਂ ਤਾਂ ਜਥੇਦਾਰ ਸਾਹਬ ਅਸੀਂ ਬਥੇਰਾ ਚਿਰ ‘ਸਿਆਲਾਂ’ ਦੀਆਂ ਚੂਰੀਆਂ ਖਾ ਲਈਆਂ। ਹੀਰ ਨੇ ਚੂਰੀ ਖਵਾ ਕੇ ਸਾਡਾ ਬਥੇਰਾ ਚੰਮ ਨੋਚ ਲਿਆ, ਹੁਣ ਸਾਥੋਂ ਹੋਰ ਮੱਝਾਂ ਤੋਂ ਪੈਰ ਨਹੀਂ ਮਿਧਾਏ ਜਾਂਦੇ। ਹੁਣ ਅਸੀਂ ਸਿਰਫ ਕੌਲੀ ਚੂਰੀ ਪਿੱਛੇ ਆਪਣੇ ਹੋਰ ਹੱਡ ਨਹੀਂ ਤੁੜਵਾ ਸਕਦੇ। ਅਸੀਂ ਤਾਂ ਹੁਣ ‘ਆਪਣੇ ਘਰ’ ਨੂੰ ਪਰਤਣਾ ਚਾਹੁੰਦੇ ਹਾਂ, ਫੇਰ ਭਾਵੇਂ ਰੁੱਖੀ ਮਿੱਸੀ ਹੀ ਨਸੀਬ ਹੋਵੇ। ਅਸੀਂ ਤਾਂ ਵਾਪਸ ਮੁੜਣਾ ਚਾਹੁਮਦੇ ਹਾਂ, 1849 ਵਿਚ ਖੁੱਸੇ ਓਸ ‘ਕੌਮੀ ਘਰ’ ਵੱਲ, ਜਿੱਥੇ ਸਾਡੀ ਹੋਂਦ, ਸਾਡੇ ਸਿਧਾਂਤ ਤੇ ਸਾਡੀ ਨਸਲ ਨੂੰ ਕੋਈ ਖਤਰਾ ਨਹੀਂ।
ਜਥੇਦਾਰ ਸਾਹਬ, ਸਿਆਣੇ ਕਹਿੰਦੇ ਹਨ ਕਿ ਆਪਣਾ ਘਰ ਤਾਂ ਆਪਣਾ ਹੀ ਹੁੰਦਾ ਹੈ ਫਿਰ ਭਾਵੇਂ ਕੱਚਾ ਕੋਠਾ ਹੀ ਕਿਉਂ ਨਾ ਹੋਵੇ। ਨਾਲੇ ਕਿੰਨਾ ਕੁ ਚਿਰ ਹੋਰ ਅਸੀਂ ਕਿਰਾਏਦਾਰਾਂ ਵਾਂਗ ਜੀਵਨ ਬਸਰ ਕਰਦੇ ਰਹਾਂਗੇ। ਹੋਰ ਕੀ, ਹਿੰਦੋਸਤਾਨ ਵਿਚ ਅਸੀਂ ਕਿਰਾਏਦਾਰ ਹੀ ਤਾਂ ਹਾਂ, ਦਿੰਦੇ ਨਹੀਂ ਕਿਰਾਇਆ, ਪਾਣੀ, ਕਣਕ ਤੇ ਝੋਨੇ ਦੇ ਰੂਪ ਵਿਚ। ਜਿੱਦੇਂ ਅਸੀਂ ਦੇਣ ਤੋਂ ਨਾਂਹ ਕਰ ਦਿੱਤੀ ਓਦੇਂ ਹੀ ‘ਅਗਲੇ’ ਸਾਡੀ ਸਾਰੀ ਦੇਸ਼ ਭਗਤੀ ਵਗਾਹ ਮਾਰਨਗੇ ਤੇ ਝੱਟ ਸਾਨੂੰ ‘ਅੱਤਵਾਦੀ’ ਦਾ ਖਿਤਾਬ ਬਖਸ਼ ਦੇਣਗੇ।
ਸਾਡਾ ‘ਪੰਥ ਤੇ ਗ੍ਰੰਥ’ ਦੋਵੇਂ ਹੀ ਸਿਰਫ ‘ਆਪਣੇ ਕੌਮੀਂ ਘਰ’ ਵਿਚ ਹੀ ਸੁਰੱਖਿਅਤ ਰਹਿ ਸਕਦੇ ਹਨ। ਨਹੀਂ ਤਾਂ ਅਗਲਿਆਂ ਨੂੰ ਸਾਡੇ ਸ਼ਬਦ ਚੁੱਭਣ ਲੱਗ ਪਏ ਹਨ,
“ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ॥
ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥108॥
ਜਾਂ
“ਛੋਡਹਿ ਅੰਨੁ ਕਰਹਿ ਪਾਖੰਡ ॥
ਨਾ ਸੋਹਾਗਨਿ ਨਾ ਓਹਿ ਰੰਡ ॥
ਕਿਉਂਕਿ ਵਰਤ ਉਹਨਾਂ ਦੇ ਸੱਭਿਆਚਾਰ ਦਾ ਹਿੱਸਾ ਹਨ ਤੇ ਅਗਲੇ ਕਹਿੰਦੇ ਹਨ ਕਿ ਜਦੋਂ ਤੁਸੀਂ ਗੁਰਦੁਆਰਿਆਂ ਵਿਚ ਇਹ ਸ਼ਬਦ ਪੜ੍ਹਦੇ ਹੋ ਤਾਂ ਸਾਡਾ ਦਿਲ ਦੁਖਦਾ ਹੈ ਤੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।(ਇਹ ਘਟਨਾ 2005 ਸੰਨ ਵਿਚ ਤਰਨਤਾਰਨ ਦੇ ਇਕ ਗੁਰਦੁਆਰਾ ਸਾਹਿਬ ਵਿਚ ਵਾਪਰ ਚੁੱਕੀ ਹੈ। ਜਦੋਂ ਕਰਵਾ ਚੌਥ ਵਾਲੇ ਦਿਨ ਸਾਡੇ ਇਕ ਗ੍ਰੰਥੀ ਸਿੰਘ ਨੇ ਇਹ ਸ਼ਬਦ ਗੁਰਦੁਆਰਾ ਸਾਹਿਬ ਵਿਚ ਪੜ੍ਹ ਦਿੱਤੇ ਤਾਂ ਸ਼ਿਵ ਸੈਨਾ ਤੇ ਬਜ਼ਰੰਗ ਦਲੀਆਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਹੋ-ਹੱਲਾ ਕਰਕੇ ਇਸ ਦਾ ਵਿਰੋਧ ਕੀਤਾ।)
ਤੇ ਮੈਂ ਸੋਚਦਾ ਹਾਂ ਕਿ ਜੇ ਅਸੀਂ ਕਿਸੇ ਸਟੇਜ ਤੋਂ ਬਾਬਾ ਨਾਮਦੇਵ ਜੀ ਦੇ ਇਹਨਾਂ ਸ਼ਬਦਾਂ ਦੀ ਵਿਆਖਿਆ ਕਰ ਦਿੱਤੀ, ਕਿ
“ਗੋਂਡ ॥
ਭੈਰਉ ਭੂਤ ਸੀਤਲਾ ਧਾਵੈ ॥ ਖਰ ਬਾਹਨੁ ਉਹੁ ਛਾਰੁ ਉਡਾਵੈ ॥1॥
ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥1॥ ਰਹਾਉ ॥
ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥2॥
ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥3॥
ਤੂ ਕਹੀਅਤ ਹੀ ਆਦਿ ਭਵਾਨੀ ॥ ਮੁਕਤਿ ਕੀ ਬਰੀਆ ਕਹਾ ਛਪਾਨੀ ॥4॥
ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥”
ਜਾਂ
“ਬਿਲਾਵਲੁ ਗੋਂਡ ॥
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥
ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥1॥
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥
ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥2॥
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥3॥
ਹਿੰਦੂ ਅੰਨ੍ਾ ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥”
ਤਾਂ ਫੇਰ ਕੀ ਬਣੇਗਾ। ਅਗਲੇ ਤਾਂ ਕਹਿਣਗੇ ਕਿ ਇਹ ‘ਗ੍ਰੰਥ’ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਂਦਾ ਹੈ, ਇਸ ‘ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਉਹ ਤਾਂ ਜਥੇਦਾਰ ਸਾਹਬ ਸਾਡੇ ਕਿਸੇ ਕਥਾਵਾਚਕ ਨੇ ਕਦੇ ਏਨੀ ਹਿੰਮਤ ਹੀ ਨਹੀਂ ਕੀਤੀ ਕਿ ਇਹਨਾਂ ਸ਼ਬਦਾਂ ਦੀ ਕਥਾ ਕਰ ਸਕੇ ਨਹੀਂ ਤਾਂ…… ਫੇਰ ਕੀ ਹੋਵੇਗਾ ਜਥੇਦਾਰ ਸਾਹਬ……
ਲਿਖਣ ਨੂੰ ਤਾਂ ੳਜੇ ਬਥੇਰਾ ਕੁਝ ਬਾਕੀ ਹੈ, ਪਰ ਬਾਕੀ ਬਾਤ ਕਦੇ ਫੇਰ ਪਾਵਾਂਗੇ। ਸੋ ਮੇਰੀ ਜਾਚੇ, ਤੁਹਾਡਾ ਕਹਿਣਾ ਬਿਲਕੁਲ ਸਹੀ ਹੈ ਕਿ, “ਅਸੀਂ ਤਾਂ ਆਪਣਾ ਹੱਕ ਮੰਗਦੇ ਹਾਂ, ਕੋਈ ਭੀਖ ਨਹੀਂ ਚਾਹੁੰਦੇ”। ਅੱਜ ਸਾਡੀ ਹਰੇਕ ਸਿਖ ਦੀ ਅਰਦਾਸ ਵਿਚ ਇਹ ਸ਼ਾਮਲ ਹੋ ਜਾਣਾ ਚਾਹੀਦਾ ਹੈ ਕਿ ਅਸੀਂ ਅਕਾਲ ਪੁਰਖ ਪਾਸੋਂ ਕੌਮ ਲਈ ਉਸਦਾ ਖੁੱਸਿਆ ਹੋਇਆ ‘ਆਪਣਾ ਘਰ’ ਮੰਗੀਏ। ਇਹੀ ਸਾਡੀ ਫੌਰੀ ਲੋੜ ਤੇ ਸਾਡੇ ਕੌਮੀ ਮਸਲਿਆਂ ਦਾ ਹੱਲ ਹੈ।
ਅੰਤ ਵਿਚ ਜਥੇਦਾਰ ਸਾਹਬ ਮੇਰੇ ਕੋਲ ਸ਼ਬਦ ਨਹੀਂ ਹਨ ਜਿਨ੍ਹਾਂ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ। ਕੁਝ ਸਮਾਂ ਪਹਿਲਾਂ ਮੈ ਤੁਹਾਡੇ ਕਿਸੇ ਬਿਆਨ ਦੇ ਵਿਰੋਧ ਵਿਚ ਇਕ ਲੇਖ ਲਿਖਿਆ ਸੀ (ਭਾਵੇਂ ਕਿ ਤੁਹਾਡਾ ਉਹ ਬਿਆਨ ਤੇ ਇਹ ਬਿਆਨ ਆਪੋਂ ਵਿਚ ਬਿਲਕੁਲ ਮੇਲ ਨਹੀਂ ਖਾਂਦੇ, ਤੇ ਜੇ ਕਿਸੇ ਨੂੰ ਇਹ ਦੋਵੇਂ ਬਿਆਨ ਸੁਣਾਈਏ ਤਾਂ ਉਹ ਕਹੇਗਾ ਕਿ ਇਹ ਦੋਵੇ ਬਿਆਨ ਦੋ ਵਿਰੋਧੀ ਆਦਮੀਆਂ ਦੇ ਹਨ, ਪਰ ਖੈਰ ਮੈ ਪਹਿਲਾਂ ਕਿਹਾ ਹੈ ਕਿ ਮੈਂ ਤੁਹਾਡੇ ਬਿਆਨ ਦੀ ਚੀਰ ਫਾੜ ਨਹੀਂ ਕਰਾਂਗਾ……)। ਪਰ ਸਿਖ ਦਾ ਕਿਸੇ ਨਾਲ ਨਿੱਜੀ ਵਿਰੋਧ ਨਹੀਂ ਹੁੰਦਾ। ਇਸ ਲਈ ਤੁਹਾਡੇ ਇਸ ਬਿਆਨ ‘ਤੇ ਮੇਰਾ ਜੀਅ ਕੀਤਾ ਕਿ ਤੁਹਾਡਾ ਧੰਨਵਾਦ ਜਰੁਰ ਕਰਨਾ ਚਾਹੀਦਾ ਹੈ। ਸੋ ਕੌਮ ਨੂੰ ਉਸ ਦੇ ਅਸਲ ਨਿਸ਼ਾਨੇ ਦੀ ਯਾਦ ਦਿਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਤੁਸੀਂ ‘ਕੌਮੀ ਘਰ ਦੀ ਪ੍ਰਾਪਤੀ ਸੰਭਵ ਕਿਵੇਂ ਹੋਵੇ’ ਬਾਰੇ ਵੀ ਸੰਗਤਾਂ ਨੂੰ ਸੇਧ ਦਿਓਗੇ। ਅੰਤ ਵਿਚ ਉਸ ਬੋਲੇ, ਜੋ ਮੈਂ ਅਰਦਾਸ ਵਿਚ ਦੋਹਰੇ ਤੋਂ ਬਾਅਦ ਪੜ੍ਹਦਾ ਹਾਂ, ਨਾਲ ਸਮਾਪਤੀ ਕਰਾਂਗਾ,
“ਦਿੱਲੀ ਤਖ਼ਤ ਪਰ ਬਹੇਗੀ, ਆਪ ਗੁਰੂ ਕੀ ਫੌਜ,
ਛਤਰ ਝੂਲੇਂਗੇ ਸੀਸ ਪਰ, ਬੜੀ ਕਰੇਗੀ ਮੌਜ”
- ਆਪ ਸਭ ਦਾ ਨਿੱਕਾ ਵੀਰ,
ਜਗਦੀਪ ਸਿੰਘ ਫਰੀਦਕੋਟ (9815763313)
Views and opinion expressed in guest editorials/columns are of the author and do not necessarily reflect the view or opinion of Panthic.org or Khalsa Press.