A Khalsa Press Publication, ISSN: 1930-0107

PANTHIC.org


"ਸਰੀਰਕ ਮੌਤ ਨੂੰ ਮੈਂ ਮੌਤ ਨਹੀ ਮੰਨਦਾ ,ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ।
Physical death I do not fear, but death of the conscious is a sure death."

- Sant Jarnail Singh Khalsa (Bhinderanwale)

ਜ਼ਫ਼ਰਨਾਮਾ: ਜਿੱਤ ਦਾ ਪ੍ਰਚੰਡ ਰੂਪ DushtDaman.org

Author/Source: Tarik Kifa-ut-Ullah

ਜ਼ਫ਼ਰਨਾਮਾ: ਜਿੱਤ ਦਾ ਪ੍ਰਚੰਡ ਰੂਪ
ਤਾਰਿਕ ਕਿਫ਼ਾਇਤੳਲਾ

ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਫ਼ਾਰਸੀ ਰਚਨਾ ਹੈ।'ਜ਼ਫ਼ਰਨਾਮਾ' ਫ਼ਾਰਸੀ ਦੇ ਦੋ ਸ਼ਬਦਾਂ 'ਜ਼ਫ਼ਰ' ਅਤੇ 'ਨਾਮਾ' ਨਾਲ ਮਿਲਕੇ ਬਣਿਆ ਹੈ।ਜ਼ਫ਼ਰ ਦਾ ਅਰਥ ਹੈ ਜਿੱਤ, ਕਾਮਯਾਬੀ, ਤਕਮੀਨ ਅਤੇ ਨਾਮਾ ਦਾ ਅਰਥ ਹੈ ਲਿਖਤ, ਕਿਰਤ, ਚਿੱਠੀ, ਪੱਤਰ, ਪੁਸਤਕ ਆਦਿ।ਸਟੀਨਗੈਸ ਦੁਆਰਾ ਜ਼ਫ਼ਰਨਾਮਾ ਦਾ ਇੰਦਰਾਜ਼ ਅਧੀਨ ਲਿਖਿਆ ਗਿਆ ਹੈ: A congertulatoey Letter on a victory; Title of a Book on Politics and Morals.

'ਜ਼ਫ਼ਰਨਾਮਾ' ਦਾ ਜਿਹੜਾ ਪਾਠ 'ਦਸ਼ਮ ਗ੍ਰੰਥ' ਵਿਚ ਦਰਜ ਹੈ, ਉਸ ਵਿਚ ਕੇਵਲ 111 ਤੋਂ 115 ਬੈਂਤ ਜਾਂ ਸ਼ਿਅਰ ਸ਼ਾਮਲ ਹਨ।ਕੁਝ ਖੋਜੀਆਂ ਦਾ ਵਿਚਾਰ ਹੈ ਕਿ ਇਹ 'ਜ਼ਫ਼ਰਨਾਮਾ' ਦਾ ਸੰਪੂਰਨ ਪਾਠ ਨਹੀਂ ਹੈ ਸਗੋਂ ਜ਼ਫ਼ਰਨਾਮਾ ਦੇ ਮੂਲ ਪਾਠ ਦਾ ਕੇਵਲ ਇਕ ਭਾਗ ਹੈ।'ਜ਼ਫ਼ਰਨਾਮਾ' ਦੇ ਸ਼ੀਰਸ਼ਕ ਅਧੀਨ ਛਪੀਆਂ ਪੁਸਤਕਾਂ ਵਿਚ ਅਕਸਰ 861-867 ਸ਼ਿਅਰ ਮਿਲਦੇ ਹਨ।ਕਿਸੇ ਵੀ ਉਪਲਬਧ ਪ੍ਰਕਾਸ਼ਨ ਵਿਚ ਸ਼ਿਅਰਾਂ ਦੀ ਗਿਣਤੀ 904 ਤੋਂ ਵੱਧ ਨਹੀਂ ਹੈ।'ਦਸ਼ਮ ਗ੍ਰੰਥ' ਵਿਚ ਸ਼ਾਮਲ ਸ਼ਿਅਰਾਂ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਮਜ਼ਮੂਨ ਦੇ ਲਿਹਾਜ਼ ਨਾਲ ਲੜੀ ਵਿਚ ਜ਼ਰੂਰ ਕਿਤੇ ਵਿਘਨ ਪਿਆ ਹੈ।ਸਾਰੇ ਸ਼ਿਅਰ ਆਪਣੀ ਅਸਲੀ ਤਰਤੀਬ ਤੇ ਸਰੂਪ ਵਿਚ ਉਪਲੱਬਧ ਹੋ ਸਕਦੇ ਹਨ ਤਾਂ ਗੁਰੂ ਸਾਹਿਬ ਦੇ ਕਾਵਿ ਕੋਸ਼ਲ ਦਾ ਮੁਨੱਵਰ ਜਲਵਾ ਅਤੇ ਰਯਾਤੀਅਤਾ ਕਰਨ ਵਾਲੇ ਜਜ਼ਬਾਤ ਦਾ ਪ੍ਰਗਟਾਵਾ ਆਪਣੇ ਪੂਰੇ ਸ਼ਬਾਬ ਤੇ ਵੇਖਣ ਨੂੰ ਮਿਲਦਾ।ਇਹ ਫਾਰਸੀ ਸਾਹਿਤ ਦਾ ਇਕ ਨਿਵੇਕਲਾ ਨਮੂਨਾ ਹੋਣਾ ਸੀ।ਇਸ ਦਾ ਕੁੱਝ ਅੰਦਾਜ਼ਾ ਉਨ੍ਹਾਂ ਰਕਾਯਤਾਂ ਦੇ ਸ਼ਿਅਰਾਂ ਤੋਂ ਲਾਇਆ ਜਾ ਸਕਦਾ ਹੈ ਜਿਨ੍ਹਾਂ ਨੂੰ ਕਈ ਪ੍ਰਕਾਸ਼ਕਾਂ ਵੱਲੋਂ 'ਜ਼ਫ਼ਰਨਾਮਾ' ਦੇ ਹਿੱਸੇ ਵਜੋਂ ਹੀ ਪ੍ਰਕਾਸ਼ਤ ਕੀਤਾ ਗਿਆ ਹੈ ਅਤੇ ਪੁਰਾਤਨ ਬੀੜਾਂ ਵਿਚ ਇਹ 'ਜ਼ਫ਼ਰਨਾਮਾ' ਤੋਂ ਪਿਛੋਂ ਸ਼ਾਮਲ ਕੀਤੀਆਂ ਗਈਆਂ ਹਨ ਪਰ ਇਨ੍ਹਾਂ ਦਾ ਵਿਸ਼ਾ 'ਜ਼ਫ਼ਰਨਾਮਾ' ਤੋਂ ਵੱਖਰਾ ਹੈ।ਇਨ੍ਹਾਂ ਨੂੰ ਇਕੱਠਿਆਂ ਕਰਨ ਦਾ ਕਾਰਨ ਇਹ ਜਾਪਦਾ ਹੈ ਕਿ ਸਾਰੇ ਫ਼ਾਰਸੀ ਕਲਾਮ ਨੂੰ ਸੁਰੱੀਅਤ ਕਰ ਲਿਆ ਜਾਵੇ।ਫਿਰ ਇਨ੍ਹਾਂ ਸਭ ਦੀ ਬਹਿਰ 'ਮੁਰਕਾਰਿਬ ਮੁਸੱਮਨ ਮਹਿਜੂਫ਼ (ਮਕਸੂਰ)' ਅਰਥਾਤ ਫਊਲਨ ਫਊਲਨ ਫਊਲਨ ਫਊਲ ਹੈ, ਉਹੀ ਬਹਿਰ ਜਿਸ ਵਿਚ ਫਾਰਸੀ ਦੀਆਂ ਸ਼ਾਹਨਾਮਾ-ਏ-ਫਿਰਦੋਸੀ ਵਰਗੀਆਂ ਪ੍ਰਸਿੱਧ ਰਜ਼ਮੀਆਂ ਮਸਨਵੀਆਂ ਲਿਖੀਆਂ ਗਈਆਂ ਹਨ।ਇਨ੍ਹਾਂ ਦੇ ਕਥਾ ਪੱਖ ਨੂੰ ਛੱਡ ਕੇ ਇਨ੍ਹਾਂ ਦਾ ਜੋਸ਼, ਇਨ੍ਹਾਂ ਦਾ ਵਲਵਲਾ, ਇਨ੍ਹਾਂ ਦੀ ਕਾਟ, ਇਨ੍ਹਾਂ ਦੀ ਤੜਪ, ਹਰੇਕ ਜਜ਼ਬਾ ਸੀਨੇ ਵਿਚ ਅੱਗ ਬਾਲਦਾ ਨਜ਼ਰ ਆਉਂਦਾ ਹੈ।ਵਿਸ਼ੇਸ ਕਰਕੇ ਹਰੇਕ ਹਕਾਯਤ ਦੇ ਅਖੀਰ ਵਿਚ ਸਾਕੀਨਾਮੇ ਦੇ ਸ਼ਿਅਰ ਮੁਰਦਿਆਂ ਨੂਮ ਵੀ ਜੀਵਨ ਦਾਨ ਕਰਕੇ ਜੰਗ ਦੇ ਮੈਦਾਨ ਵਿਚ ਕੁੱਦ ਜਾਣ ਦਾ ਹੌਂਸਲਾ ਦਿੰਦੇ ਪ੍ਰਤੀਤ ਹੁੰਦੇ ਹਨ ਜਿਵੇਂ ਕਿ:

ਬ ਦਿਰ ਸਾਕੀਆ ਸਾਗਰ-ਏ-ਕੋਕਨਾਰ ਕਿ ਦਰ ਦਰ ਵਕਤ-ਏ ਜੰਗਸ਼ ਬਆਯਦਬਕਾਰ
ਕਿ ਖੂਬ ਅਸਤ ਦਰ ਵਕਤ-ਏ ਖਸਮ ਅਫਰਾਨੀ ਕਿ ਯਕ ਕਤਰਾ-ਅਸ਼ ਫ਼ੀਲ ਰਾ ਪੈ ਕੁਨੀ
ਬ ਦਿਹ ਸਾਕੀਆ ਸਾਗਰ-ਏ ਸਬਜ਼ਗੂੰ ਕਿ ਮਾਰਾ ਬਕਾਰ ਅਸਤ ਜੰਗ ਅੰਦਰੂੰ
ਲਬਾਲਬ ਬਕੁਨ ਦਮ-ਬ-ਦਮ ਨੋਸ਼ ਕੁਨ ਗਮ-ਏ-ਦਰਦੋਆਨਮ ਫ਼ਰਾਮੋਸ਼ ਕੁਨ


ਇਸ ਅਧਿਐਨ ਲਈ ਸਿਰਫ਼ ਉਸ ਪਾਠ ਨੂੰ ਹੀ ਆਧਾਰ ਬਣਾਇਆ ਗਿਆ ਹੈ ਜਿਹੜਾ 'ਦਸ਼ਮ ਗ੍ਰੰਥ' ਵਿਚ ਸ਼ਾਮਲ ਹੈ ਅਤੇ ਜਿਸ ਦੀ ਪ੍ਰਮਾਣਿਕਤਾ ਨਿਸ਼ਚਿਤ ਹੈ। ਭਾਵੇਂ ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ 'ਜ਼ਫ਼ਰਨਾਮਾ' ਇਕ ਪੱਤਰ ਨਾ ਹੋ ਕੇ ਇਕ ਮਸਨਵੀਂ ਦੇ ਰੂਪ ਵਿਚ ਲਿਖਿਆ ਗਿਆ ਸੀ।ਇਸੇ ਲਈ ਇਸ ਵਿਚ ਮਸਨਵੀ ਦੀ ਪਰੰਪਰਾ ਨੂੰ ਸਨਮੁੱਖ ਰਖਿਆ ਗਿਆ ਹੈ।ਪਰ ਸਾਡੇ ਵਿਚਾਰ ਅਨੁਸਾਰ ਫ਼ਾਰਸੀ ਵਿਚ ਪੱਤਰ ਲਿਖਣ ਲਈ ਵੀ ਕਈ ਰਵਾਇਤਾਂ ਨੂੰ ਸਾਹਮਣੇ ਰੱਖਿਆ ਜਾਂਦਾ ਸੀ।ਇਸ ਵਿਚ ਵੀ ਹਮਦ, ਮੁਨਾਮਾਤ, ਨਾਅਤ ਆਦਿ ਦੇ ਸ਼ਿਅਰ ਉਸੇ ਤਰ੍ਹਾਂ ਸ਼ੁਰੂ ਵਿਚ ਆਉਂਦੇ ਸਨ ਜਿਵੇਂ ਕਿ ਮਸਨਵੀ ਵਿਚ ਰੱਖੇ ਜਾਂਦੇ ਸਨ।'ਜ਼ਫ਼ਰਨਾਮਾ' ਜੇ ਹਮਦ ਨਾਲ ਸ਼ੁਰੂ ਹੋਇਆ ਹੈ ਅਤੇ ਇਸ ਵਿਚ ਨਾਅਤ ਦੇ ਸ਼ਿਅਰ ਵੀ ਹਨ ਤਾਂ ਇਸ ਤੋਂ ਇਸ ਗੱਲ ਸਾਬਿਤ ਹੁੰਦੀ ਕਿ ਇਸ ਨੂੰ ਪੱਤਰ ਰੂਪ ਵਿਚ ਨਹੀਂ, ਮਸਨਵੀਂ ਰੂਪ ਵਿਚ ਰਚਿਆ ਗਿਆ ਸੀ।ਫਿਰ ਇਹ ਵੀ ਕੋਈ ਪਾਬੰਦੀ ਨਹੀਂ ਕਿ ਪੱਤਰ ਲਈ ਮਸਨਵੀਂ ਦਾ ਕਾਵਿ-ਰੂਪ ਵਰਤਿਆ ਨਹੀਂ ਜਾ ਸਕਦਾ।

'ਜ਼ਫ਼ਰਨਾਮਾ' ਜਿਵੇਂ ਕਿ ਸਿਰਨਾਵਾਂ ਦੱਸਦਾ ਹੈ ਕਿ ਜਿੱਤ ਦਾ ਪ੍ਰਤੀਕ ਹੈ।ਇਹ ਜਿੱਤ ਗੁਰੂ ਸਾਹਿਬ ਨੂੰ ਕਿਵੇਂ ਅਤੇ ਕਿਹੜੀਆਂ ਕਿਹੜੀਆਂ ਕੁਰਬਾਨੀਆਂ ਦੇ ਸਿੱਟੇ ਵਿਚ ਪ੍ਰਾਪਤ ਹੋਈ, ਇਸ ਜਿੱਤ ਲਈ ਗੁਰੂ ਸਾਹਿਬ ਦੇ ਕਿਹੜੇ ਚਹੇਤੇ ਸ਼ਹੀਦ ਹੋਏ, ਕਿਹੜੇ ਵੈਰੀ ਫ਼ਨ੍ਹਾ ਜਾਂ ਜ਼ਲੀਲ ਹੋਏ, ਇਹ ਸਭ ਇਤਿਹਾਸ ਵਿਚ ਅੰਕਿਤ ਹੈ ਅਤੇ ਅਸੀਂ ਸਾਰੇ ਉਸ ਤੋਂ ਭਲੀ ਭਾਂਤ ਜਾਣੂ ਹਾਂ।ਔਰੰਗਜੇਬ, ਜਿਸ ਨੂੰ ਇਸ 'ਜ਼ਫਰਨਾਮੇ' ਰਾਹੀ ਸੰਬੋਧਿਤ ਕੀਤਾ ਗਿਆ ਸੀ ਕਿਵੇਂ ਮਾਨਿਸਕ ਤੌਰ 'ਤੇ ਪ੍ਰੇਸ਼ਾਨੀ ਦਾ ਸ਼ਿਕਾਰ ਹੋਇਆ, ਉਸ ਦੀ ਵਿਸ਼ਾਲ ਸਲਤਨਤ (ਮੁਗ਼ਲ ਰਾਜ) ਦੀ ਕੀ ਬੁਰੀ ਹਾਲਤ ਹੋਈ ਇਹ ਵੀ ਦੁਨੀਆਂ ਵੇਖ ਚੁੱਕੀ ਹੈ।ਇਸ ਤਾਰੀਖ਼ੀ ਪੱਖ ਨੂੰ ਛੱਡਦਿਆਂ ਅਸੀਂ ਤਾਂ 'ਜ਼ਫ਼ਰਨਾਮਾ' ਦੇ ਰੂਹਾਨੀ ਪੱਖ 'ਤੇ ਝਾਤ ਮਾਰਨੀ ਚਾਹੁੰਦੇ ਹਾਂ ਅਤੇ ਇਹ ਵੇਖਣਾ ਚਾਹੁੰਦੇ ਹਾਂ ਕਿ ਕੀ 'ਜ਼ਫਰਨਾਮਾ' ਇਸ ਪੱਖੋਂ ਵੀ ਆਪਣੇ ਸਿਰਨਾਵੇਂ ਅਨੁਸਾਰ ਵਾਕਈ ਜਿੱਤ ਦਾ ਰੂਪ ਹੈ।

ਹਾਰ ਅਤੇ ਜਿੱਤ ਦੋ ਪ੍ਰਕਾਰ ਦੀ ਹੁੰਦੀ ਹੈ।ਆਮ ਲੋਕ ਫ਼ੌਜਾਂ ਅਤੇ ਹਥਿਆਰਾਂ ਦੇ ਬਲਬੂਤੇ ਹਾਸਲ ਕੀਤੇ ਭੁਇ ਦੇ ਟੁੱਕੜੇ ਜਾਂ ਵੈਰੀ ਕੋਲੋਂ ਗਏ ਮਾਲ ਨੂੰ ਹੀ ਜਿੱਤ ਸਮਝਦੇ ਹਨ, ਪਰ ਇਹ ਜਿੱਤ ਕੇਵਲ ਜ਼ਾਹਰੀ ਤੇ ਆਰਜ਼ੀ ਹੁੰਦੀ ਹੈ।ਇਹ ਜਿੱਤ ਤਬਾਹੀ, ਬਰਬਾਦੀ ਅਤੇ ਨਫਰਤ ਲਿਆਉਂਦੀ ਹੈ।ਇਸ ਜਿੱਤ ਨਾਲ ਲੋਕਾਂ ਦੇ ਸ਼ਰੀਰਾਂ ਨੂੰ ਆਪਣੇ ਅਧੀਨ ਕਰਕੇ ਉਨ੍ਹਾਂ 'ਤੇ ਰਾਜ ਖਤਿ ਜਾ ਸਕਦਾ ਹੈ, ਪਰ ਉਹਨਾਂ ਦੇ ਮਨਾਂ ਉੱਤੇ ਜੇਤੂ ਦਾ ਕੋਈ ਵੱਸ ਨਹੀਂ ਹੁੰਦਾ।ਇਸ ਦੇ ਮੁਕਾਬਲੇ ਵਿਚ ਦੂਜੀ ਤਰ੍ਹਾਂ ਦੀ ਜਿੱਤ ਰੂਹਾਨੀ ਹੈ, ਜਿਸ ਵਿਚ ਮਨਾਂ ਨੂੰ ਜਿੱਤਿਆ ਜਾਂਦਾ ਹੈ।ਇਸ ਜਿੱਤ ਦਾ ਪ੍ਰਭਾਵ ਕਿਤੇ ਲਮੇਰਾ ਹੁੰਦਾ ਹੈ।ਇਹ ਜਿੱਤ ਹੀ ਅਸਲ ਜਿੱਤ ਹੈ ਅਤੇ ਇਸ ਦੇ ਹਥਿਆਰ ਈਮਾਨ, ਅਖ਼ਲਾਕ, ਖੁਦਾ-ਪ੍ਰਸਤੀ ਤੇ ਨਿਮਰਤਾ ਭਾਵ ਆਦਿ ਹੁੰਦੇ ਹਨ।ਇਸ ਜਿੱਤ ਦੇ ਸਿੱਟੇ ਵਜੋਂ ਪਿਆਰ ਮੁਹੱਬਤ ਅਤੇ ਭਾਈਚਾਰੇ ਦੀ ਫਸਲ ਪੁੰਗਰਦੀ ਹੈ।'ਜ਼ਫ਼ਰਨਾਮਾ' ਪਹਿਲੀ ਤਰ੍ਹਾਂ ਦੀ ਜਿੱਤ ਦਾ ਸੂਚਕ ਹੈ ਜਾਂ ਨਹੀਂ? ਇਹ ਗੱਲ ਬਾਅਦ ਦੀ ਹੈ, ਪਰ ਨਿਰਸੰਦੇਹ ਇਹ ਦੂਜੀ ਪ੍ਰਕਾਰ ਦੀ ਜਿੱਤ ਦਾ ਪ੍ਰਤੀਕ ਜ਼ਰੂਰ ਹੈ ਇਹ ਧਰਮ ਤੇ ਮਨੁੱਖਤਾ ਦੇ ਉੱਤੇ ਆਦਰਸ਼ਾਂ ਦਾ ਅਲਮਬਰਦਾਰ ਹੈ ਅਤੇ ਉਨ੍ਹਾਂ ਦੀ ਪਾਲਨਾ ਕਰਨ ਲਈ ਪ੍ਰੇਰਦਾ ਹੈ।'ਜ਼ਫ਼ਰਨਾਮਾ' ਇਸ ਗੱਲ ਦੀ ਸਾਖੀ ਭਰਦਾ ਹੈ ਕਿ ਧਰਮ ਦੀ ਪਾਲਨਾ ਇਕ ਸ਼ਹਿਨਸ਼ਾਹ ਲਈ ਵੀ ਉੱਨੀ ਹੀ ਜ਼ਰੂਰੀ ਹੈ ਜਿੰਨੀ ਇਕ ਸਾਧਾਰਨ ਮਨੁੱਖ ਲਈ, ਸਗੋਂ ਇਕ ਸ਼ਾਸ਼ਕ ਲਈ ਤਾਂ ਧਰਮ ਦਾ ਪਾਲਣ ਵਧੇਰੇ ਜ਼ਰੂਰੀ ਹੈ ਕਿਉਂ ਜੋ 'ਯਥਾ ਰਾਜਾ ਤਥਾ ਪਰਜਾ' ਅਤੇ 'ਐਨਾਸੁਅਲਾ ਦੀਨਿ ਮਲੂਕਿਹੁਮਾ' (ਪਰਜਾ ਉਸੇ ਧਰਮ ਨੂੰ ਅਪਣਾਉਂਦੀ ਹੈ ਜਿਹੜਾ ਰਾਜੇ ਦਾ ਹੁੰਦਾ ਹੈ) ਅਨੁਸਾਰ ਕਿਸੇ ਸ਼ਾਸ਼ਕ ਦਾ ਕੋਈ ਕਸਬ, ਜਾਤੀ ਜਾਂ ਵਿਅਕਤੀਗਤ ਨਹੀਂ ਰਹਿੰਦਾ ਸਗੋਂ ਸਮੂਹਕ ਹੋ ਜਾਂਦਾ ਹੈ ਅਤੇ ਇਸੇ ਕਾਰਨ ਜੇ ਰਾਜੇ ਨੂੰ ਵੇਖ ਕੇ ਪਰਜਾ ਵਿਗੜਦੀ ਹੈ ਤਾਂ ਉਸ ਦਾ ਗੁਨਹਾਗਾਰ ਵੀ ਰਾਜਾ ਹੀ ਹੁੰਦਾ ਹੈ।ਗੁਰੂ ਸਾਹਿਬ ਨੇ ਇਨ੍ਹਾਂ ਹੀ ਆਦਰਸ਼ਾਂ ਨੂੰ ਸਾਹਮਣੇ ਰਖਦਿਆਂ ਹੋਇਆਂ ਆਪਣਾ ਫਰਜ਼ ਅਦਾ ਕਰਦੇ ਹੋਏ ਔਰੰਗਜੇਬ ਨੂੰ ਆਪਣੀ ਜ਼ੁੰਮੇਵਾਰੀ ਸਮਝਾਉਣ ਲਈ ਇਹ ਪੱਤਰ ਲਿਖਿਆ।ਨੇਕ ਮਕਸਦ ਲਈ ਆਪਣੀ ਥਾਂ 'ਤੇ ਅਟੱਲ ਤੇ ਅਹਿੱਲ ਰਹਿਣਾ ਭਾਵੇਂ ਇਸ ਲਈ ਕਿੱਡੀ ਵੱਡੀ ਕੁਰਬਾਨੀ, ਜਾਂ ਤਿਆਗ ਦੀ ਲੋੜ ਪਵੇ।ਨਿਡਰਤਾ ਤੇ ਦਲੇਰੀ ਨਾਲ, ਨੰਗੀ ਤਲਵਾਰ ਵਾਂਗ, ਜ਼ਾਲਮ ਸ਼ਾਸਕ ਨੂੰ ਉਸ ਦੇ ਮੂੰਹ 'ਤੇ ਜਾਲਮ ਕਹਿਣਾ ਅਤੇ ਜ਼ੁਲਮ ਤੋਂ ਬਾਜ਼ ਆਉਣ ਲਈ ਤਾੜਨਾ ਕਰਨੀ ਅਤੇ ਸਭ ਤੋਂ ਵੱਧ ਇਹ ਕਿ ਹਰ ਹਾਲ ਵਿਚ ਆਪਣੇ ਰੱਬ ਦੀ ਰਜ਼ਾ ਵਿਚ ਰਹਿਣਾ, ਹਰ ਥਾਂ, ਹਰ ਸਮੇਂ ਉਸ ਦੇ ਨਾਮ ਦਾ ਸਿਮਰਨ ਅਤੇ ਉਸ ਦੀ ਉਸਤਤੀ ਦੇ ਨਾਲ ਉਸ ਦਾ ਸ਼ੁਕਰ ਕਰਨਾ, ਇਹ ਸਾਰੇ ਮਹਾਨ ਆਦਰਸ਼ ਗੁਰੂ ਸਾਹਿਬ ਦੇ ਆਪਣੇ ਮਹਾਨ ਚਰਿੱਤਰ ਦਾ ਹਿੱਸਾ ਹਨ, ਇਸੇ ਕਰਕੇ 'ਜ਼ਫ਼ਰਨਾਮੇ' ਵਿਚ ਵੀ ਪ੍ਰਗਟ ਹੋਏ ਹਨ।ਗੁਰੂ ਸਾਹਿਬ ਦਾ ਇਨ੍ਹਾਂ ਉੱਤੇ ਕਿੰਨਾਂ ਦ੍ਰਿੜ੍ਹ ਵਿਸ਼ਵਾਸ ਸੀ ਇਸ ਦਾ ਅਨੁਮਾਨ 'ਜ਼ਫ਼ਰਨਾਮੇ' ਦੇ ਸ਼ਿਅਰਾਂ ਤੋਂ ਭਲੀ ਭਾਂਤ ਲੱਗਦਾ ਹੈ।

'ਜ਼ਫ਼ਰਨਾਮਾ' ਜਿਸ ਬੁਨਿਆਦੀ ਨਜ਼ਰੀਏ ਨੂੰ ਸਭ ਤੋਂ ਵਧੇਰੇ ਉਘਾੜਦਾ ਹੈ ਉਹ ਹੈ ਗੁਰੂ ਸਾਹਿਬ ਦਾ ਆਪਣੇ ਵਾਹਿਗੁਰੂ ਪ੍ਰਤਿ ਅਹਿਲ ਵਿਸ਼ਵਾਸ ਅਤੇ ਉਸ ਦੀ ਮਦਦ ਬਾਰੇ ਬੇ-ਜੋੜ ਯਕੀਨ।ਗੁਰੂ ਸਾਹਿਬ ਵਲੋਂ ਇਸ ਸਦੀਵੀ ਹਕੀਕਤ ਨੂੰ ਪੂਰੇ ਜ਼ੋਰ ਨਾਲ ਬਿਆਨ ਕੀਤਾ ਗਿਆ ਹੈ ਕਿ ਮਨੁੱਖ ਜੇ ਕਿਸੇ ਸਹਾਰੇ ਉੱਤੇ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਦਾ ਹੈ ਤਾਂ ਉਹ ਹੈ ਰੱਬੀ ਤਾਕਤ ਜਿਹੜੀ ਰੱਬ ਦੇ ਉਨ੍ਹਾਂ ਬੰਦਿਆਂ ਨੂੰ ਜ਼ਰੂਰ ਰਸਤਾ ਵਿਖਾਉਂਦੀ ਹੈ ਜਿਹੜੇ ਉਸ 'ਤੇ ਯਕੀਨ ਰੱਖਦੇ ਹਨ।ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੂ ਸਾਹਿਬ ਦਾ ਇਹ ਵਿਸ਼ਵਾਸ, ਉਸ ਦਰਜੇ 'ਤੇ ਪਹੁੰਚਿਆ ਹੋਇਆ ਹੈ ਜਿਸ ਨੂੰ 'ਐਨ-ਉਲ-ਯਕੀਨ' ਦਾ ਨਾਂ ਦਿੱਤਾ ਗਿਆ ਹੈ ਅਤੇ ਜਿਸ ਨੂੰ ਇਕਬਾਲ ਵਲੋਂ ਆਪਣੇ ਨਿਮਨ ਦਰਜ ਸ਼ਿਅਰ ਰਾਹੀ ਚਿਤਰਿਆ ਗਿਆ ਹੈ:

ਗੁਮਾਂ-ਆਬਾਦ-ਏ ਹਸਤੀ ਮੇਂ ਯਕੀਂ ਮਰਦ-ਏ -ਮੁਸਲਮਾਂ ਕਾ
ਬਯਾਬਾਂ ਕੀ ਸ਼ਬ-ਏ-ਤਾਰੀਕ ਮੇਂ ਕਿੰਦੀਨ-ਏ-ਰੱਬਾਨੀ

ਵੈਰੀ ਕਿੰਨਾ ਵੀ ਜ਼ੋਰਾਵਰ ਹੋਵੇ, ਰੱਬ ਤੇ ਭਰੋਸਾ ਰੱਖਣ ਵਾਲੇ ਬੰਦੇ ਨੂੰ ਉਸ ਤੋਂ ਕੋਈ ਡਰ ਨਹੀਂ ਹੁੰਦਾ।ਉਹ ਉਸ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ।ਰੱਬੀ ਮਦਦ ਸਾਹਮਣੇ ਦੁਸ਼ਮਣ ਦੇ ਸਾਰੇ ਹਥਿਆਰ, ਸਾਰੇ ਲਸ਼ਕਰ, ਸਾਰੇ ਸਾਜ-ਸਾਮਾਨ ਅਰਥਹੀਨ ਹੋ ਜਾਂਦੇ ਹਨ।ਗੁਰੂ ਸਾਹਿਬ ਫਰਮਾਉਂਦੇ ਹਨ:

ਚੁ ਹੱਕ ਯਾਰ ਬਾਸ਼ਦ ਚਿੱਹ ਦੁਸ਼ਮਨ ਕਨਦ।
ਅਗਰ ਦੁਸ਼ਮਨੀ ਰਾ ਬਸਦ ਤਨ ਕੁਨਦ

(ਜਦੋਂ ਅਕਾਲ ਪੁਰਖ ਦੀ ਸਰਪ੍ਰਸਤੀ ਹਾਸਲ ਹੋਵੇ ਤਾਂ ਵੈਰੀ ਭਾਵੇਂ ਪੂਰਾ ਜ਼ੋਰ ਲਾ ਲਵੇ ਕੁੱਝ ਵੀ ਨਹੀਂ ਵਿਗਾੜ ਸਕਦਾ)

ਚਿਹ ਦੁਸ਼ਮਨ ਕੁਨਦ ਮਿਹਰਬਾਨ ਅਸਤ ਦੋਸਤ।
ਕਿ ਬਖ਼ਸ਼ਿੰਦਗੀ ਕਾਰ-ਬਖ਼ਸ਼ਿੰਦਹ ਓਸਤ

(ਦੁਸ਼ਮਨ ਕੀ ਕਰ ਸਕਦਾ ਜਦੋਂ ਮੇਰਾ ਯਾਰ ਮੇਰੇ ਉੱਤੇ ਮਿਹਰਬਾਨ ਹੈ ਅਤੇ ਕਿਸੇ ਨੂੰ ਵੀ ਸ਼ਕਤੀ ਪ੍ਰਦਾਨ ਕਰਨਾ ਜਾਂ ਨਿਰਬਲ ਬਣਾ ਦੇਣਾ ਉਸੇ ਦੇ ਵੱਸ ਹੈ)

ਰੱਬ ਸੱਚੇ 'ਤੇ ਗਾਮਿਲ ਭਰੋਸਾ ਹੀ ਇਸ ਤੁੱਛ ਜਿਹੇ ਮਨੁੱਖ ਨੂੰ ਉਹ ਬਲ, ਉਹ ਸ਼ਕਤੀ ਪ੍ਰਦਾਨ ਕਰਦਾ ਹੈ ਕਿ ਉਹ ਹੋਣੀ ਨੂੰ ਅਣਹੋਣੀ ਅਤੇ ਅਸੰਭਵ ਕਰ ਵਿਖਾਉਣ ਤੇ ਸਮਰਥ ਹੋ ਜਾਂਦਾ ਹੈ।'ਸਵਾ ਲਾਖ ਸੇ ਏਕ ਲੜਾਊ' ਕਹਿਣ ਦਾ ਹੀਆ ਉਹੀ ਸਿਦਕੀ ਮਹਾਂ ਪੁਰਸ਼ ਕਰ ਸਕਦਾ ਹੈ ਜਿਸ ਨੂੰ ਆਪਣੇ ਕਾਦਰ-ਏ-ਮੁਲਤਕ (ਸਰਬ ਸ਼ਕਤੀਮਾਨ) ਰੱਬ ਉੱਤੇ ਕਾਮਿਲ ਈਮਾਨ ਹੋਵੇ ਜਿਸ ਦੀ ਮੌਜੂਦਗੀ ਬੰਦੇ ਨੂੰ ਸ਼ੇਰ ਬਣਾ ਦਿੰਦੀ ਹੈ ਕਿ ਉਹ ਇਕੱਲਾ ਹੀ ਹਜ਼ਾਰਾਂ ਲੱਖਾਂ ਨਾਲ ਟੱਕਰ ਲੈਣ ਅਤੇ ਉਨ੍ਹਾਂ ਦਾ ਸਰਵਨਾਸ਼ ਕਰਨ ਦਾ ਯਕੀਨ ਰਖਦਾ ਹੈ, ਕਿਉਜੋ ਉਸ ਦਾ ਈਮਾਨ ਹੈ ਕਿ ਉਸ ਨੂੰ ਉਸ ਰੱਬ ਦੀ ਹਮਾਇਤ ਪ੍ਰਾਪਤ ਹੈ ਜਿਹੜਾ ਸਭ ਸ਼ਕਤੀਆਂ ਦਾ ਸੋਮਾ ਹੈ:

ਅਗਰ ਬਰ ਯਕ ਆਯਦ ਦਹੋ ਦਹ ਹਜ਼ਾਰ
ਨਿਗਾਹਬਾਨ ਊ ਰਾ ਸ਼ਵਦ ਕਿਰਦਗਾਰ

(ਜਦੋਂ ਮੇਰਾ ਯਾਰ ਮੇਰੇ ਉੱਤੇ ਮਿਹਰਬਾਨ ਹੈ ਤੇ ਮੇਰਾ ਸਾਥ ਦੇ ਰਿਹਾ ਹੈ ਤਾਂ ਮੈਂ ਉਸ ਦੀ ਮਿਹਰ ਸਦਕੇ ਹਜ਼ਾਰਾਂ ਲੱਖਾਂ ਨਾਲ ਲੜ ਸਕਦਾ ਹਾਂ)

ਇਸੇ ਤੱਥ ਨੂੰ ਇਕ ਹੋਰ ਥਾਂ ਗੁਰੂ ਸਾਹਿਬ ਇੰਜ ਬਿਆਨ ਕਰਦੇ ਹਨ:

ਬਬੀਂ ਕੁਦਰਤਿ ਨੇਕ ਯਜਦਾਨਿ ਪਾਕ
ਕਿ ਅਜ਼ ਯਕ ਬ ਦਹ ਲੱਕ ਰਸਾਨਦ ਹਲਾਕ

(ਪਵਿੱਤਰ ਅਕਾਲ ਪੁਰਖ ਦੀ ਅਪਰਮਪਾਰ ਮਹਿਮਾ ਨੂੰ ਵੇਖ ਉਸ ਦੀ ਸ਼ਕਤੀ ਦਾ ਇਕ ਪ੍ਰਗਟਾਵਾ ਇਵੇਂ ਹੀ ਹੁੰਦਾ ਹੈ ਕਿ ਜਦੋਂ ਉਹ ਚਾਹੁੰਦਾ ਹੈ ਤਾਂ ਆਪਣੇ ਕਿਸੇ ਇਕ ਬੰਦੇ ਨੂੰ ਉਹ ਦੈਵੀ ਸ਼ਕਤੀ ਬਖਸ਼ ਦਿੰਦਾ ਹੈ ਜਿਸ ਨਾਲ ਉਹ ਦਸ ਲੱਖਾਂ ਫ਼ੌਜਾਂ ਨੂੰ ਫ਼ਨ੍ਹਾ ਕਰ ਛੱਡਦਾ ਹੈ।)

ਇਕ ਨਾਸਤਕ ਅਤੇ ਖੁਦਾ ਪ੍ਰਸਤ ਬੰਦੇ ਵਿਚ ਇਹੀ ਫ਼ਰਕ ਹੈ ਕਿ ਰੱਬ ਤੋਂ ਮੁਨਕਰ ਜ਼ਾਹਰੀ ਵਸੇਬਿਆਂ ਉੱਤੇ ਨਿਰਭਰ ਕਰਦਾ ਹੈ।ਉਸ ਦੀ ਨਿਗਾਹ ਧਨ ਦੌਲਤ, ਹਥਿਆਰਾਂ ਤੇ ਲੜਾਕਿਆਂ ਦੀ ਗਿਣਤੀ 'ਤੇ ਹੁੰਦੀ ਹੈ।ਜਦੋਂ ਕਿ ਆਪਣੇ ਰੱਬ ਵਿਚ ਆਸਥਾ ਰੱਖਣ ਵਾਲਾ ਮਨੁਖ ਕੇਵਲ ਯਕੀਨ-ਏ-ਕਾਮਿਲ ਨੂੰ ਆਪਣਾ ਅਸਲਾ ਸਮਝਦਾ ਹੈ ਅਤੇ ਬਿਨਾਂ ਕੁਝ ਹੁੰਦਿਆਂ ਵੀ ਵੱਡੀ ਤਾਕਤ ਨਾਲ ਟਕਰਾ ਜਾਂਦਾ ਹੈ।ਇਕਬਾਲ ਨੇ ਕਿਹਾ ਸੀ:

ਕਾਫ਼ਿਰ ਹੋ ਤੋ ਤਲਵਾਰ ਪੇ ਕਰਤਾ ਹੈ ਭਰੋਸਾ
ਮੋਮਿਨ ਹੋ ਤੋ ਬੇਤੇਗ ਭੀ ਲੜਤਾ ਹੈ ਸਿਪਾਹੀ।

ਇਹੀ ਸਦੀਵੀ ਹਕੀਕਤ ਗੁਰੂ ਸਾਹਿਬ ਦੇ ਮੂੰਹੋ ਇਸ ਪ੍ਰਕਾਰ ਅਦਾ ਹੋਈ ਹੈ:

ਕਿ ਊ ਰਾ ਗ਼ਰੂਰ ਅਸਤ ਬਰ ਮੁਲਕੁ ਮਾਨ
ਵ ਮਾ ਰਾ ਪਨਾਹ ਅਸਤ ਯਜ਼ਦਾਂ ਅਕਾਲ

(ਉਸ ਨੂੰ ਆਪਣੇ ਮਾਨ ਤੇ ਮੁਲਕ ਦਾ ਘਮੰਡ ਹੈ ਤਾਂ ਸਾਨੂੰ ਇਹ ਇਤਮੀਨਾਨ ਹੈ ਕਿ ਅਸੀਂ ਆਪਣੇ ਅਕਾਲ ਪੁਰਖ ਦੀ ਸ਼ਰਣ ਵਿਚ ਹਾਂ) ਇਹ ਤੱਥ ਉਹ ਔਰੰਗਜੇਬ ਨੂੰ ਸਮਜਾਉਣ ਦਾ ਜਤਨ ਕਰਦੇ ਹਨ ਕਿ ਉਹ ਇਸ ਫ਼ਰਕ ਨੂੰ ਆਪਣੇ ਸਾਹਮਣੇ ਰਖੇ।
(ਤੈਨੂੰ ਆਪਣੀਆਂ ਫ਼ੌਜਾਂ ਅਤੇ ਧਨ ਦਾ ਅਭਿਆਨ ਮਾਰੀ ਜਾਂਦਾ ਹੈ ਸਾਡਾ ਹਥਿਆਰ ਸਿਰਫ਼ ਆਪਣੇ ਵਾਹਿਗੁਰੂ ਦਾ ਸ਼ੁਕਰ ਹੈ ਜਿਸ ਦੇ ਆਸਰੇ ਦੁਨੀਆਂ ਦੀ ਵੱਡੀ ਤੋਂ ਵੱਡੀ ਫ਼ੌਜ ਅਤੇ ਮਹਾਨ ਤੋਂ ਮਹਾਨ ਉੱਤੇ ਜਿੱਤ ਪ੍ਰਾਪਤ ਕਰਨ ਦਾ ਸਮਰੱਥ ਸਾਨੂੰ ਹਾਸਲ ਹੈ)

ਵੈਰੀ ਕਿੰਨਾ ਵੀ ਜ਼ੋਰਾਵਰ ਜਾਂ ਕਹਿਰਵਾਨ ਕਿਉਂ ਨਾ ਹੋਵੇ, ਸੱਚੇ ਪਾਤਸ਼ਾਹ ਦੀ ਸ਼ਰਣ ਵਿਚ ਆਏ ਹੋਏ ਬੰਦੇ ਦਾ ਉਹ ਵਾਲ ਵੀ ਵਿੰਗਾ ਨਹੀਂ ਕਰ ਸਕਦਾ।ਇਸੇ ਤੱਥ ਨੂੰ ਗੁਰੂ ਸਾਹਿਬ ਵਲੋਂ 'ਹੁਮਾ' ਅਤੇ 'ਸ਼ੇਰ-ਏ-ਨਰ' ਰੂਪਕਾਂ ਦੇ ਵਸੀਲੇ ਨਾਲ (ਜਿਹੜੇ ਪ੍ਰਮਾਤਮਾ ਲਈ ਵਰਤੇ ਗਏ ਹਨ) ਬੜੇ ਮਨਮੋਹਣੇ ਅੰਦਾਜ਼ ਵਿਚ ਬਿਆਨ ਕੀਤੇ ਗਿਆ ਹੈ:

ਹੁਮਾਂ ਰਾ ਕਸੇ ਸਾਯਹ ਆਯਦ ਬਜ਼ੇਰ।
ਬਰੋ ਦਸਤ ਦਾਰਦ ਨ ਜ਼ਾਗੇ ਦਿਲੇਰ।
ਕਸੇ ਪੁਸ਼ਤ ਉਫ਼ਤਦ ਪਸੇ ਸ਼ੋਰਿ ਨਰ।
ਨ ਗੀਰਦ ਬੁਜ਼ੋ ਮੇਸ਼ ਆਹੂ ਗੁਜ਼ਰ।

(ਜਿਹੜਾ ਕੋਈ ਹੁਮਾ {ਇਕ ਕਾਲਪਨਿਕ ਪੰਛੀ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਦੀ ਛਾਂ ਜਿਸ ਉੱਤੇ ਪੈ ਜਾਵੇ ਉਹ ਬਾਦਸ਼ਾਹ ਬਣ ਜਾਂਦਾ ਹੈ} ਦੀ ਛਾਂ ਥੱਲੇ ਆ ਗਿਆ, ਕਾਵਾਂ ਇੱਲ੍ਹਾਂ ਦੀ ਕੀ ਮਜਾਲ ਕਿ ਉਸ ਨੂੰ ਹੱਥ ਪਾ ਸਕਣ ਅਤੇ ਜਿਹੜਾ ਕੋਈ ਬੱਬਰ ਸ਼ੇਰ ਦੀ ਸਰਪ੍ਰਸਤੀ ਵਿਚ ਆ ਗਿਆ ਹੋਵੇ, ਛੋਟੇ ਜਾਨਵਰ ਤਾਂ ਉਸ ਦੇ ਨੇੜਿਓਂ ਲੰਘਣ ਦੀ ਵੀ ਹਿੰਮਤ ਨਹੀਂ ਕਰ ਸਕਦੇ)

ਇਸ ਲਈ ਕਿ ਸਰਬ ਸਮਰਥ ਰੱਬ ਭਲੀ ਭਾਂਤ ਜਾਣਦਾ ਹੈ ਕਿ ਆਪਣੇ ਵਫ਼ਾਦਾਰ ਨੇਕ ਬੰਦੇ ਨੂੰ ਉਸ ਦੇ ਵੈਰੀਆਂ ਤੋਂ ਕਿਵੇਂ ਸੁਰੱਖਿਅਤ ਰੱਖਣਾ ਹੈ।ਕਿਸੇ ਵੀ ਮਨੁੱਖ ਦੇ ਵੱਸ ਨਹੀਂ ਕਿ ਰੱਬ ਦੀ ਇਸ ਸਮਰਥਾ 'ਤੇ ਕਿੰਤੂ ਕਰ ਸਕੇ ਜਾਂ ਉਸ ਨੂੰ ਵੰਗਾਰ ਸਕੇ।ਵੰਗਾਰਨਾ ਤਾਂ ਇਕ ਪਾਸੇ ਰਿਹਾ ਬੰਦੇ ਲਈ ਰੱਬੀ ਸਾਧਨਾਂ ਨੂੰ ਸਮਝਣਾ ਵੀ ਅਸੰਭਵ ਹੈ, ਜਿਨ੍ਹਾਂ ਰਾਹੀਂ ਉਹ ਆਪਣੀ ਮਰਜ਼ੀ ਨੂੰ ਲਾਗੂ ਕਰਾਉਂਦਾ ਹੈ।ਮਨੁੱਖਾਂ ਦੀਆਂ ਸਾਰੀਆਂ ਜੁਗਤਾਂ ਰੱਬੀ ਫ਼ੈਸਲਿਆਂ ਸਾਹਮਣੇ ਧਰੀਆਂ ਦੀਆਂ ਧਰੀਆਂ ਹੀ ਰਹਿ ਜਾਂਦੀਆਂ ਹਨ।ਕਈ ਵਾਰੀ ਤਾਂ ਉਸ ਦੇ ਆਪਣੇ, ਉਸ ਦੇ ਸਰੀਰ ਦੇ ਅੰਗ ਵੀ ਉਸ ਦੀ ਪਾਲਣਾ ਨਹੀਂ ਕਰਦੇ।

ਖ਼ਸਮ ਦੁਸ਼ਮਨੀ ਗਰ ਹਜ਼ਾਰ ਆਵੁਰਦ।
ਨ ਯਕ ਮੂਇ-ਊ ਰਾ ਆਜ਼ਾਰ ਆਵੁਰਦ।
ਖ਼ਸਮ ਰਾ ਚੁ ਕੋਰ ਊ ਕੁਨਦ ਵਕਤਿ ਕਾਰ।
ਚਸ਼ਮ ਰਾ ਬਕੋਰ ਊ ਕੁਨਦ ਵਕਤ-ਏ-ਕਾਰ।
ਯਤੀਮਾਂ ਬਿਰੂੰ ਬੁਰਦ ਬੇ-ਜ਼ਖ਼ਮਿ ਖ਼ਾਰ।
ਜ਼ਿ ਪੈਮਾਂਨ ਬੈਰੂ ਬੁਰਦ ਬੇ ਅਜ਼ਾਰ।

(ਦੁਸ਼ਮਨ ਕਿੰਨਾ ਵੀ ਜ਼ੋਰ ਲਾ ਲਵੇ, ਉਹ ਰੱਬ ਦੀ ਸ਼ਰਣ ਆਏ ਬੰਦੇ ਦਾ ਕੁਝ ਨਹੀਂ ਵਿਗਾੜ ਸਕਦਾ।ਰੱਬ ਜਦੋਂ ਆਪਣੇ ਬੰਦੇ ਦੀ ਸੁਰੱਖਿਆ ਕਰਨੀ ਚਾਹੁੰਦਾ ਹੈ ਤਾਂ ਉਹ ਦੁਸ਼ਮਣ ਨੂੰ ਅੰਨ੍ਹਾਂ ਕਰ ਦਿੰਦਾ ਹੈ ਅਤੇ ਨਿਆਸਰਿਆਂ ਨੂੰ ਉਸ ਦੇ ਘੇਰੈ ਵਿਚੋਂ ਸਾਫ਼, ਬਿਨਾਂ ਕਿਸੇ ਹਾਨੀ ਤੋਂ, ਬਚਾ ਕੇ, ਕੱਢ ਲੈ ਜਾਂਦਾ ਹੈ)

ਪਰ ਸੱਚੇ ਪਾਤਸ਼ਾਹ ਦੀ ਮਦਦ ਦਾ ਪਾਤਰ ਉਹੀ ਸਖ਼ਸ ਹੋ ਸਕਦਾ ਹੈ ਜਿਹੜਾ ਉਸ ਉੱਤੇ ਕਾਮਿਨ ਇਮਾਨ ਰਖਦਾ ਹੀ ਹੋਵੇ, ਕਾਰ-ਵਿਹਾਰ ਵਿਚ ਵੀ ਸੱਚੇ-ਸੁੱਚੇ ਚਰਿੱਤਰ ਦਾ ਮਾਲਕ ਹੋਵੇ।ਵੱਡੀ ਤੋਂ ਵੱਡੀ ਮੁਸੀਬਤ ਦੇ ਮੁਕਾਬਲੇ ਵਿਚ ਵੀ ਉਹ ਆਪਣੇ ਆਦਰਸ਼ਾਂ 'ਤੇ ਅਡੋਲ ਤੇ ਅਹਿਲ ਚੱਟਾਨ ਬਣ ਜਾਵੇ।'ਜ਼ਫਰਨਾਮਾ' ਭਾਵੇ ਧਾਰਮਿਕ ਪ੍ਰਚਾਰ ਦੇ ਉਦੇਸ਼ ਨੂੰ ਸਾਹਮਣੇ ਰਖ ਕੇ ਨਹੀਂ ਰੱਚਆ ਗਿਆ ਪਰ ਜੇ ਇਸ ਪਖੋਂ ਵੇਖੀਏ ਤਾਂ ਇਹ ਇਕ ਅਦੁੱਤੀ ਤੇ ਬੇਜੋੜ ਕਿਰਤ ਹੈ, ਜਿਸ ਵਿਚ ਸੱਚੀਆਂ-ਸੁਚੀਆਂ ਕੀਮਤਾਂ ਦੀ ਮਹਾਨਤਾ ਨੂੰ ਉਜਾਗਰ ਕੀਤਾ ਗਿਆ ਹੈ ਅਤੇ ਜਿਸ ਰਾਹੀਂ ਇਨ੍ਹਾਂ ਨੂੰ ਆਪਣਾ ਜੀਵਨ ਆਧਾਰ ਬਣਾਉਣ ਲਈ ਪ੍ਰੇਰਣਾ ਤੇ ਅਗਵਾਈ ਪ੍ਰਾਪਤ ਹੁੰਦੀ ਹੈ।ਇਹ ਉਹ ਆਦਰਸ਼ ਹਨ ਜਿਹੜੇ ਗੁਰੂ ਸਾਹਿਬ ਨੇ ਖੁਦ ਅਪਣਾਏ ਹਨ।ਇਹ ਉਨ੍ਹਾਂ ਦੀ ਨੇਕ ਨੀਯਤੀ ਦਾ ਸਬੂਤ ਹੈ ਕਿ ਉਹ ਔਰੰਗਜ਼ੇਬ ਜਿਹੇ ਜਾਨੀ ਦੁਸ਼ਮਣ ਨੂੰ ਵੀ ਇਨ੍ਹਾਂ 'ਤੇ ਚੱਲ ਕੇ ਆਪਣਾ ਜੀਵਨ ਸਫਲ ਤੇ ਸਾਕਾਰ ਬਣਾ ਲੈਣ ਦਾ ਮੌਕਾ ਦੇਣਾ ਚਾਹੁੰਦੇ ਹਨ ਜਿਵੇਂ ਕਿ:

ਹਰੇਕ ਕੰਮ ਨੂੰ ਸ਼ੁਰੂ ਕਰਨ ਲੱਗਿਆਂ ਬੰਦੇ ਲਈ ਆਪਣੇ ਵਿਧਾਤਾ ਨੂੰ ਸੱਚੇ ਮਨੋਂ ਯਾਦ ਰੱਖਣਾ ਜ਼ਰੂਰੀ ਹੈ ਸਗੋਂ ਆਪਣੇ ਮਨ ਵਿਚ ਰੱਬ ਨੂੰ ਇੰਜ ਵਸਾ ਲੈਣਾ ਚਾਹੀਦਾ ਹੈ ਕਿ ਸਦਾ ਉਸ ਦੇ ਅੰਗ ਸੰਗ ਰਹੇ।ਰੱਬ ਦਾ ਜਿਕਰ ਜਾਂ ਨਾਮ ਸਿਮਰਨ ਹੀ ਦੂਜੀਆਂ ਸਾਰੀਆਂ ਨੇਕੀਆਂ ਦਾ ਆਧਾਰ ਹੈ।ਇਸੇ ਵਿਚ ਦੀਨ ਦੁਨੀਆਂ ਦੀ ਭਲਾਈ ਨਿਹਿਤ ਹੈ:

ਕਿ ਈਂ ਕਾਰਿ ਨੇਕ ਅਸਤ ਦੀ ਪਰਵਰੀ।
ਚੁ ਯਜ਼ਦਾਂ ਸ਼ਨਾਸੀ ਬ ਜਾਂ ਬਰਤਰੀ।
(ਇਹੀ ਸਰਬ ਉੱਚ ਨੇਕੀ ਹੈ ਤੇ ਸਭ ਤੋਂ ਵੱਡਾ ਧਰਮ ਹੈ ਕਿ ਤੂੰ ਰੱਬ ਨੂੰ ਪਛਾਣ ਕੇ ਆਪਣੇ ਮਨ ਵਿਚ ਵਸਾ ਲਵੇ)

ਜਦੋਂ ਵੀ ਬੰਦਾ ਰੱਬ ਦੀ ਯਾਦ ਮਨ ਵਿਚ ਵਸਾ ਕੇ, ਉਸ ਦੇ ਆਦੇਸ਼ਾਂ ਦੀ ਪਾਲਨਾ ਨੂੰ ਆਪਣਾ ਵਤੀਰਾ ਬਣਾ ਲੈਂਦਾ ਹੈ ਤਾਂ ਪ੍ਰਭੂ ਵੀ ਉਸ ਦੀ ਬਾਂਹ ਜ਼ਰੂਰ ਫੜ੍ਹਦਾ ਹੈ, ਉਸ ਨੂੰ ਕਦੀ ਨਿਰਾਸ਼ ਨਹੀਂ ਹੋਣ ਦਿੰਦਾ, ਨਾ ਹੀ ਉਸ ਨੂੰ ਆਪਣੀ ਮਿਹਰ ਦੀ ਛਾਂ ਤੋਂ ਮਹਿਰੂਮ ਕਰਦਾ ਹੈ, ਉਸ ਨੂੰ ਕਰਾਹੇ ਤੋਂ ਚੁੱਕ ਕੇ ਸਿੱਧੇ ਸਰਲ ਰਸਤੇ ਤੋਰਨ ਦਾ ਬੰਦੋਬਸਤ ਕਰਦਾ ਹੈ:

ਹਰਾਂ ਕਸ ਬ ਕਉਲਿ ਕੁਰਾ ਆਯਦੁਸ਼।
ਕਿ ਯਜ਼ਦਾਂ ਬਰੋ ਰਹਨੁਮਾ ਆਯਦਸ਼।
ਕਸੇ ਖ਼ਿਦਮਤ ਆਯਦ ਬਸੇ ਦਿਲੋ ਜਾਂ।
ਬ ਬਖ਼ਸਦ ਖੁਦਾਬੰਦ ਬਰ ਵੈ ਅਮਾਂ।

(ਜਿਹੜਾ ਵੀ ਕੋਈ ਕੁਰਆਨ ਅਨੁਸਾਰ ਚਲਦਾ ਹੈ ਖੁਦਾ ਉਸ ਨੂੰ ਅਗਵਾਈ ਬਖ਼ਸਦਾ ਹੈ ਅਤੇ ਜਿਹੜਾ ਸੁਹਿਰਦਤਾ ਨਾਲ ਉਸ ਦੀ ਭਗਤੀ ਵਿਚ ਲੀਨ ਹੁੰਦਾ ਹੈ ਖੁਦਾ ਹਰ ਤਰ੍ਹਾਂ ਉਸ ਨੂੰ ਸਲਾਮਤੀ ਤੇ ਸੁਰੱਖਿਆ ਦੀ ਦਾਤ ਅਦਾ ਕਰਦਾ ਹੈ।

ਇਸ ਦੇ ਵਿਪਰੀਤ ਜਿਹੜਾ ਕੋਈ ਰੱਬ ਨੂੰ ਵਿਸਾਰ ਦਿੰਦਾ ਹੈ ਤਾਂ ਰੱਬ ਵਲੋਂ ਵੀ ਉਹ ਵਿਸਾਰਿਆ ਜਾਂਦਾ ਹੈ:

ਵਗਰਨਹ ਤੂ ਈਂ ਰਹ ਫ਼ਰਾਮੁਸ਼ ਕੁਨਦ।
ਤੁਰਾ ਹਮ ਫਰਾਮੋਸ਼ ਯਜ਼ਦਾ ਕਰਨਦ।

(ਜੇ ਤੂੰ ਇਹ ਰਸਤਾ ਭੁੱਲ ਜਾਵੇਂ ਤਾਂ ਪ੍ਰਮਾਤਮਾ ਵੀ ਤੈਨੂੰ ਭੁੱਲ ਜਾਵੇਗਾ।

ਨੇਕ ਬੰਦੇ ਦਾ ਇਹ ਵਸਫ਼ ਹੋਣਾ ਚਾਹੀਦਾ ਹੈ ਕਿ ਉਸ ਦਾ ਜ਼ਾਹਿਰ ਅਤੇ ਬਾਤਿਨ ਇਕੋ ਹੋਵੇ, ਇਨ੍ਹਾਂ ਵਿਚ ਕੋਈ ਅੰਤਰਵਿਰੋਧ ਨਾ ਹੋਵੇ।

ਹਮੂੰ ਮਰਦ ਬਾਯਦ ਸ਼ਵਦ ਸੁਖ਼ਨਵਰ।
ਨ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ।

(ਅਸਲ ਮਰਦ ਅਖਵਾਉਣ ਦਾ ਹੱਕਦਾਰ ਉਹੀ ਹੈ, ਜਿਸ ਦੇ ਮਨ ਅਤੇ ਹੇਠਾਂ 'ਤੇ ਇਕੋ ਹੀ ਗੱਲ ਹੋਵੇ)

ਅਜਿਹਾ ਮਹਾਂ ਪੁਰਖ ਹਮੇਸ਼ਾਂ ਆਪਣੇ ਬਚਨਾਂ ਦਾ ਪਾਬੰਦ ਰਹਿੰਦਾ ਹੈ।ਪ੍ਰਾਣ ਦੇ ਕੇ ਵੀ ਉਹ ਆਪਣੇ ਵਚਨ ਦਾ ਪਾਲਣ ਕਰਦਾ ਹੈ:

ਹਰਾਂ ਕਸ ਕਿ ਈਮਾਂ ਪਰਸਤੀ ਕੁਨੰਦ।
ਨ ਪੈਮਾਂ ਖੁਦਸ਼ ਪੇਸ਼ੋ ਪਸਤੀ ਕੁਨੱਦ।

(ਜਿਹੜਾ ਵੀ ਕੋਈ ਮੋਮਿਨ ਹੈ ਉਹ ਕਦੇ ਵੀ ਆਪਣੇ ਇਕਰਾਰ ਤੋਂ ਨਹੀਂ ਫਿਰਦਾ)

ਇਹ ਇਸ ਲਈ ਕਿ ਇਹ ਸੰਸਾਰ ਤਾਂ ਇਕ ਆਰਜ਼ੀ ਟਿਕਾਣਾ ਹੈ ਅਸਲੀ ਮੰਜ਼ਿਲ ਤਾਂ ਆਖਰਤ ਦਾ ਘਰ ਹੈ।ਜੇ ਕੋਈ ਇੱਥੇ ਆਪਣੇ ਕੋਲ ਦਾ ਪਾਸ ਨਹੀਂ ਕਰੇਗਾ ਤਾਂ ਉਸ ਨੂੰ ਆਖਰਤ ਵਿਚ ਆਪਣੇ ਮਾਲਕ ਸਾਹਮਣੇ ਜਵਾਬਦੇਹੀ ਕਰਨੀ ਪਵੇਗੀ।

ਤੂ ਗ਼ਾਫ਼ਿਲ ਮਸ਼ਉ ਜੀ ਸਿਪੰਜੀ ਸਰਾਇ।
ਕਿ ਆੱਲਮ ਬਿਗੁਜ਼ਰਦ ਸਰੇ ਜਾ ਬਜਾਇ।

(ਤੂੰ ਇਕ ਹਕੀਕਤ ਨੂੰ ਨਾ ਭੁੱਲ, ਇਹ ਦੁਨੀਆਂ ਚਾਰ ਦਿਨਾਂ ਦੀ ਹੈ ੳਤੇ ਇੱਥੇ ਸਭ ਨੂੰ ਚਲ-ਚਲਾਓ ਲੱਗ ਰਿਹਾ ਹੈ)

ਗੁਰੂ ਸਾਹਿਬ ਵੱਲੋਂ 'ਜ਼ਫ਼ਰਨਾਮਾ' ਰਾਹੀਂ ਇਕ ਹੋਰ ਅਹਿਮ ਅਖ਼ਲਾਕੀ ਨੁਕਤੇ 'ਤੇ ਚਾਨਣਾ ਪਾਇਆ ਗਿਆ ਹੈ ਉਹ ਇਹ ਕਿ ਬੰਦੇ ਨੂੰ ਜ਼ੋਸ ਵਿਚ ਵੀ ਧੀਰਜ ਤੋਂ ਕੰਮ ਲੈਣਾ ਚਾਹੀਦਾ ਹੈ।ਦੁਸ਼ਮਣੀ ਵਿਚ ਵੀ ਪਹਿਲੀ ਕੋਸ਼ਿਸ ਇਹ ਹੋਣੀ ਚਾਹੀਦੀ ਹੈ ਕਿ ਮਾਮਲਾ ਗੱਲ ਬਾਤ ਰਾਹੀਂ ਨਜਿੱਠ ਲਿਆ ਜਾਵੇ ਪਰ ਜੇ ਗੱਲਬਾਤ ਰਾਹੀਂ ਕੋਈ ਹੱਲ ਸੰਭਵ ਨਾ ਹੋਵੇ ਤਾਂ ਪੂਰੀ ਦਲੇਰੀ ਤੇ ਮਰਦਾਨਗੀ ਨਾਲ ਕੰਮ ਲੈਂਦੇ ਹੋਏ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਇਸ ਵਿਚ ਕੋਈ ਢਿੱਲ ਨਹੀਂ ਕਰਨੀ ਚਾਹੀਦੀ।

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।
ਹਲਾਲੱਸਤ ਬੁਦਨ ਬ ਸ਼ਮਸ਼ੀਰ ਦਸਤ।

(ਜਦੋਂ ਗੱਲ ਬਾਤ ਤੇ ਵਾਰਤਾ ਦੇ ਸਾਰੇ ਉਪਾਅ ਅਸਫ਼ਲ ਹੋ ਜਾਣ ਤਾਂ ਫੇਰ ਤਲਵਾਰ ਚੁੱਕਣ ਜਾਇਜ਼ ਜ਼ਰੂਰੀ ਹੋ ਜਾਂਦਾ ਹੈ)

ਜ਼ੁਲਮ ਕਰਨਾ ਬੁਰਾ ਹੈ ਤਾਂ ਜ਼ੁਲਮ ਨੂੰ ਚੁੱਪਚਾਪ ਸਹਿੰਦੇ ਜਾਣਾ ਵੀ ਜ਼ੁਲਮ ਕਰਨ ਦੇ ਬਰਾਬਰ ਹੀ ਬੁਰਾ ਹੈ।ਇਸਲਾਮੀ ਵਿਚਾਰਧਾਰਾ ਅਨੁਸਾਰ ਤਕਵਾ (ਨੇਕੀ) ਦੇ ਤਿੰਨ ਦਰਜੇ ਹਨ।ਸਰਬ ਸ੍ਰੇਸ਼ਟ ਤਕਵਾ ਇਹ ਹੈ ਕਿ ਤੁਸੀਂ ਜੋ ਕੋਈ ਜ਼ੁਲਮ ਹੁੰਦਾ ਵੇਖੋ ਤਾਂ ਆਪਣੀ ਪੂਰੀ ਸ਼ਕਤੀ ਤੇ ਸਮਰੱਥਾ ਨਾਲ ਜ਼ਾਲਮ ਨੂੰ ਉਸ ਜ਼ੁਲਮ ਤੋਂ ਰੋਕਣ ਦਾ ਜਤਨ ਕਰੋ।ਮਧਿਅਮ ਦਰਜੇ ਦਾ ਤੱਕਵਾ ਇਹ ਹੈ ਕਿ ਮੂੰਹੋਂ ਉਸ ਜ਼ੁਲਮ ਨੂੰ ਭੈੜਾ ਆਖੋ ਅਤੇ ਜ਼ਾਲਮ ਦੀ ਨਿਖੇਧੀ ਖੁੱਲ੍ਹੇ ਆਮ ਕਰੋ, ਜੇ ਇਹ ਵੀ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਦਿਲ ਵਿਚ ਇਸ ਜ਼ੁਲਮ ਨੂੰ ਬੁਰਾ ਸਮਝੋ ਅਤੇ ਜ਼ਾਲਮ ਨਾਲ ਨਫ਼ਰਤ ਕਰੋ, ਪਰ ਇਹ ਸਭ ਤੋਂ ਨੀਵੇ ਦਰਜੇ ਦਾ ਤਕਵਾ ਹੈ।'ਜ਼ਫ਼ਰਨਾਮਾ' ਦੇ ਰਚੈਤਾ ਗੁਰੂ ਸਾਹਿਬ ਨੇ ਉੱਚਤਮ ਦਰਜ਼ੇ ਦੇ ਤੱਕਵੇ ਦਾ ਸਬੂਤ ਦਿੱਤਾ ਹੈ।'ਜ਼ਫਰਨਾਮਾ' ਇਸ ਕਰਕੇ ਵੀ ਬੇਮੀਸਾਲ ਹੈ ਕਿ ਇਹ ਅਮਲੀ ਰੂਪ ਵਿਚ ਇਸ ਹਦੀਸ ਦਾ ਪਾਤਰ ਬਣਦਾ ਹੈ ਜਿਸ ਅਨੁਸਾਰ 'ਜ਼ਾਲਮ ਹੁਕਮਰਾਨ ਸਾਹਮਣੇ ਸੱਚੀ ਗੱਲ ਆਖਣਾ ਜਿਹਾਦ ਹੈ'।'ਜ਼ਫਰਨਾਮਾ' ਦਾ ਪ੍ਰੇਖਣ ਇਸ ਤੱਥ ਨੂੰ ਸਪਸ਼ਟ ਕਰਦਾ ਹੈ ਕਿ ਇਸ ਦੀ ਰਚਨਾ ਦਾ ਅਸਲ ਉਦੇਸ਼ ਤਾਂ ਇਹੀ ਹੈ।ਏਨੇ ਵੱਡੇ ਤੇ ਵਿਸ਼ਾਲ ਸਾਮਰਾਜ (ਮੁਗਲ ਸਾਮਰਾਜ) ਨੂੰ ਵੰਗਾਰਨਾ, ਉਸ ਦੇ ਸਮਰਾਟ ਅਤੇ ਦੂਜੇ ਉੱਚ ਅਧਿਕਾਰੀਆਂ ਦੀ ਅਧਰਮੀ ਹਵਸ ਦਾ ਪਰਦਾ ਫਾਸ਼ ਕਰਨਾ ਬੇਮਿਸਾਲ ਮਰਦਾਨਗੀ ਅਤੇ ਉੱਚ ਕੋਟੀ ਦੀ ਅਖ਼ਲਾਕੀ ਬਰਤਰੀ ਦਾ ਪ੍ਰਤੱਖ ਸਬੂਤ ਹੈ।ਗੁਰੂ ਸਾਹਿਬ ਨੇ 'ਜ਼ਫ਼ਰਨਾਮੇ' ਰਾਹੀਂ ਇਸ ਸਾਮਰਾਜ ਦੇ ਅਨੇਕਾਂ ਕਾਰਿੰਦਿਆਂ ਤੇ ਫੌਜੀ ਆਹੁਦੇਦਾਰਾਂ ਦੀ ਬੁਜ਼ਦਿਲੀ ਤੇ ਬਦ-ਕਿਰਦਾਰੀ ਦਾ ਵਰਨਨ ਤਾਂ ਕੀਤਾ ਹੀ ਹੈ (ਜਿਹੜਾ ਇਸ ਰਚਨਾ ਦਾ ਪੁਰਜਨਾਲ ਭਾਗ ਹੈ) ਪਰ ਸਭ ਤੋਂ ਮਹਾਨ ਦਲੇਰੀ ਇਹ ਹੈ ਕਿ ਖੁਦ ਸ਼ਹਿਨਸ਼ਾਹ, ਦੇ ਇਸਲਾਮ-ਵਿਰੋਧੀ ਕੁਕਰਮਾਂ ਵਿਰੁੱਧ ਆਵਾਜ਼ ਉਠਾਉਂਦੇ ਹੋਏ ਉਸ ਨੂੰ ਉਨ੍ਹਾਂ ਦੇ ਭੈੜੇ ਅੰਜਾਮ ਤੋਂ ਬਾਖ਼ਬਰ ਕੀਤਾ ਹੈ।ਥਾਂ ਦੀ ਘਾਟ ਕਾਰਨ ਉਹ ਸਾਰੇ ਸ਼ਿਅਰਾਂ ਨੂੰ ਦਰਜ ਕਰਨਾ ਔਖਾ ਹੈ ਪਰ ਇੱਥੇ ਨਮੂਨੇ ਵਜੋਂ ਕੁਝ ਸ਼ਿਅਰ ਦਰਜ ਕੀਤੇ ਗਏ ਹਨ ਜੋ ਗੁਰੂ ਸਾਹਿਬ ਦੀ ਸ਼ੁਅਲਾ ਬਿਆਨੀ ਦਾ ਅਨੁਮਾਨ ਲਗਾਉਣ ਲਈ ਕਾਫ਼ੀ ਹਨ।ਸ਼ਹਿਨਸ਼ਾਹ ਦੀਆਂ ਵਧੀਕੀਆਂ, ਉਸ ਦੀ ਦੁਨੀਆਂ ਪ੍ਰਸਤੀ, ਨਸੀਹਤ ਅਤੇ ਤਾੜਨਾ ਸਭ ਕੁਝ ਇਨ੍ਹਾਂ ਵਿਚ ਮੌਜੂਦ ਹੈ:

ਤੁਰਾ ਮਨ ਨ ਦਾਨਮ ਕਿ ਯਜ਼ਦਾਂ ਸ਼ਨਾਸ।
ਬਰਾਮਦ ਜ਼ਿ ਤੂ ਕਾਰਹਾ ਪੁਰਖ਼ਰਾਸ਼।
(ਤੇਰੇ ਵਰਗੇ ਬੰਦੇ ਨੂੰ, ਜਿਸ ਦੇ ਹੱਥੋਂ ਇੰਨੇ ਜ਼ੁਲਮ ਹੋਏ ਹੋਣ ਮੈਂ ਕਿਵੇਂ ਵੀ ਖੁਦਾ ਸ਼ਨਾਸ ਨਹੀਂ ਸਮਝ ਸਕਦਾ)

ਤੂ ਮਸਨਦ ਨਸ਼ੀ ਸਰਵਰਿ ਕਾਇਨਾਤ।
ਕਿ ਅੱਜਬ ਅਸਤ ਇਨਸਾਫ਼ ਈਂ ਹਮ ਸਿਫ਼ਾਤ।
ਕਿ ਅੱਜਬ ਅਸਤ ਇਨਸਾਫ਼ ਦੀ ਪਰਵਾਰੀ।
ਕਿ ਹੈਫ਼ ਅਸਤ ਸਦ ਹੈਫ਼ ਈਂ ਸਰਵਰੀ।

(ਤੂੰ ਇੱਡਾ ਮਹਾਨ ਸ਼ਹਿਨਸ਼ਾਹ ਬਣਿਆ ਫਿਰਦਾ ਹੈ ਅਤੇ ਦੀਨਦਾਰੀ ਦਾ ਦਾਅਵਾ ਕਰਦਾ ਹੈ, ਤੇਰਾ ਇਨਸਾਫ 'ਤੇ ਤੇਰੀ ਦੀਨਦਾਰੀ ਬਸ ਇਹੀ ਹੈ? ਲਾਅਨਤ ਹੈ, ਇਸ 'ਤੇ)

ਕਿ ਅੱਜਬ ਅਸਤੁ ਅੱਜਬ ਫਤੁਵਾ ਸ਼ੁਮਾ।
ਬਜੁਜ ਰਾਸਤੀ ਸੁਖ਼ਨ ਗੁਫਤਨ ਜ਼ਯਾਂ।
ਨ ਦਾਨਮ ਕਿ ਈਂ ਮਰਦਿ ਪੈਮਾਂ ਸ਼ਿਕੱਨ।
ਕਿ ਦੌਲਤ ਪਰੱਸਤ ਅਸਤ ਈਮਾਂ ਫ਼ਿਕੱਨ।

(ਕਿ ਇਹੀ ਤੇਰੀ ਨੇਕੀ ਹੈ ਕਿ ਤੂੰ ਝੂਠ ਬੋਲਦਾ ਹੈ, ਮੈਂ ਨਹੀਂ ਜਾਣਦਾ ਸਾਂ ਇਹ ਵਾਅਦਾ ਫ਼ਰਾਮੋਸ਼ ਆਦਮੀ ਬੇਈਮਾਨ ਤੇ ਦੁਨੀਆਂ ਦਾ ਲੋਭੀ ਹੈ)

ਚਿਹ ਮਰਦੀ ਕਿ ਅਖ਼ਗਰ ਖ਼ਮੋਸ਼ਾਂ ਕੁਨੀ।
ਕਿ ਆਤਸ਼ ਦਮਾਂ ਰਾ ਬ ਦੌਰਾਂ ਕੁਨੀ।
ਬ ਬਾਯਸ ਕਿ ਯਜ਼ਦਾਂ ਪ੍ਰਸਤੀ ਕੁਨੀ।
ਨ ਗੁਫ਼ਤਾਹ ਕਸਾਂ ਕਸ ਖ਼ਰਾਸ਼ੀ ਕੁਨੀ।

(ਇਹ ਕੀ ਮਰਦਾਨਗੀ ਹੈ ਕਿ ਸੱਚ ਬੋਲਣ ਵਾਲਿਆਂ ਨੂੰ ਚੁੱਪ ਕਰਾ ਦਿੱਤਾ ਜਾਵੇ।ਤੈਨੂੰ ਚਾਹੀਦਾ ਹੈ ਕਿ ਰੱਬ ਤੋਂ ਡਰੇਂ ਅਤੇ ਐਵੇਂ ਕਿਸੇ ਦੇ ਆਖੇ ਲੱਗ ਕੇ ਨਿਆਸਰਿਆਂ ਤੋਂ ਜ਼ੁਲਮ ਨਾ ਕਮਾਵੇ)

ਮਜ਼ਨ ਤੇਗ਼ ਬਰ ਖੂਨਿ ਕਸ ਬੇ ਦਰੇਗ।
ਤੁਰਾ ਨੀਜ਼ ਖੂੰ ਚਰਖ ਰੇਜ਼ਦ ਬ-ਤੇਗ।

(ਕਿਸੇ ਬੇਗੁਨਾਹ ਦਾ ਖੂਨ ਵਗਾਉਣ ਲਈ ਤਲਵਾਰ ਨਾ ਚਲਾ, ਨਹੀਂ ਤਾਂ ਇਕ ਦਿਨ ਸਮਾਂ ਤੈਨੂੰ ਵੀ ਇਸੇ ਤਰ੍ਹਾਂ ਮਾਰ ਕੇ ਖ਼ਤਮ ਕਰ ਦੇਵੇਗਾ।
ਗੁਰੂ ਸਾਹਿਬ ਦੀ ਅਖ਼ਲਾਕੀ ਫ਼ਤਹ, ਜਿਸ ਦਾ ਪ੍ਰਤੀਕ 'ਜ਼ਫ਼ਰਨਾਮਾ' ਹੈ, ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋਵੇਗਾ ਕਿ ਆਪਣੇ ਦੁਸ਼ਮਣ ਜਿਸ ਦੇ ਕਾਰਿੰਦਿਆਂ ਵਲੋਂ ਗੁਰੂ ਸਾਹਿਬ ਨੂੰ ਸਤਾਉਣ ਵਿਚ ਕੋਈ ਕਸਰ ਨਹੀਂ ਛੱਡੀ ਗਈ, ਜਿਸ ਦੀਆਂ ਫੌਜਾਂ ਨੇ ਗੁਰੂ ਸਾਹਿਬ ਨੂੰ ਮਾਰ ਮਕਾਉਣ ਲਈ ਆਪਣੀ ਪੂਰੀ ਵਾਹ ਲਾ ਦਿੱਤੀ, ਅਜਿਹੇ ਦੁਸ਼ਮਣ ਨੂੰ ਵੀ ਜਦੋਂ ਗੁਰੂ ਸਾਹਿਬ ਸੰਬੋਧਨ ਕਰਦੇ ਹਨ ਤਾਂ ਸ੍ਰਿਸ਼ਟਾਚਾਰ ਤੇ ਤਹਿਜ਼ੀਬ ਦੇ ਤਕਾਜ਼ਿਆਂ ਨੂੰ ਅੱਖੋ ਪਰੋਖੇ ਨਹੀਂ ਕਰਦੇ ਜਿਸ ਦਾ ਪ੍ਰਮਾਣ ਇਹੋ ਜਿਹੇ ਸ਼ਿਅਰ ਹਨ:

ਖੁਸ਼ਸ਼ ਸ਼ਾਹਿ ਸ਼ਾਹਾਨ 'ਅਉਰੰਗਜੇਬ'।
ਕਿ ਚਾਲਾਕ ਦਸਤ ਅਸਤੁ ਚਾਬੁਕ ਰਕੇਬ।
ਕਿ ਤਰਤੀਬ ਦਾਨਿਸ਼ ਬਤਦਬੀਰਿ ਤੇਗ।
ਖੁਦਾਵੰਦਿ ਦੇਗਉ ਖੁਦਾਵੰਦਿ ਤੇਗ਼।
ਚਿ ਹੁਸਨੂਲ ਜਮਾਲ ਅਸਤ ਰੌਸ਼ਨ ਜ਼ਮੀਰ।
ਖੁਦਾਵੰਤ ਮੁਲਕ ਅਸਤੁ ਸਾਹਿਬਿ ਅਮੀਰ।

ਉਪਰੋਕਤ ਅਧਿਐਨ ਸਮੇਂ ਸਾਡੀ ਨਜ਼ਰ 'ਜ਼ਫ਼ਰਨਾਮੇ' ਦੇ ਕੇਵਲ ਦਾਰਸ਼ਨਿਕ ਤੇ ਨੈਤਿਕ ਪੱਖਾਂ ਤੇ ਹੀ ਰਹੀਂ ਹੈ।ਭਾਵੇਂ ਅਜਿਹਾ ਕਰਨ ਲੱਗਿਆਂ ਅਨੇਕਾਂ ਇਤਿਹਾਸਿਕ ਤੇ ਜੰਗੀ ਘਟਨਾਵਾਂ ਤੋਂ ਜਿਨ੍ਹਾਂ ਦਾ ਜ਼ਿਕਰ ਇਸ ਅਜ਼ੀਮ ਕਿਰਤ ਵਿਚ ਮੌਜੂਦ ਹੈ, ਸਾਨੂੰ ਆਪਣੇ ਆਪ ਨੂੰ ਲਾਂਭਿਆਂ ਕਰਨਾ ਬਹੁਤ ਔਖਾ ਲੱਗਾ ਹੈ।ਪਰ ਇੱਥੇ ਇਹ ਅਰਜ਼ ਕਰਨੀ ਜ਼ਰੂਰੀ ਹੈ ਕਿ 'ਜ਼ਫ਼ਰਨਾਮਾ' ਆਪਣੇ ਆਪ ਵਿਚ ਸੱਚਾਈ, ਹੌਂਸਲਾ, ਦਲੇਰੀ, ਮਰਦਾਨਗੀ ਜਾਹੋ-ਜਲਾਲ ਦਾ ਪ੍ਰਗਟਾਵਾ ਤਾਂ ਹੈ ਹੀ ਸੀ, ਆਪਣੇ ਯੁੱਗ ਦੀ ਭਵਿਖਬਾਣੀ ਵੀ ਸਾਬਿਤ ਹੋਇਆ ਕਿਉਂ ਜੋ ਉਹ ਮੁਗ਼ਲ ਸਾਮਰਾਜ ਜਿਹੜਾ ਆਪਣੀ ਵਿਸ਼ਾਲਤਾ ਵਿਚ ਆਪਣੀ ਮਿਸਾਲ ਆਪ ਸੀ, 'ਜ਼ਫ਼ਰਨਾਮੇ' ਦੀ ਸਿਆਹੀ ਹਾਲੇ ਸੁੱਕੀ ਵੀ ਨਹੀਂ ਸੀ ਕਿ ਉਹ ਪਿੰਜੀ ਹੋਈ ਰੂੰ ਦੀ ਢੇਰੀ ਵਾਂਗ ਖੇਰੂੰ ਖੇਰੂੰ ਹੁੰਦਾ ਦੁਨੀਆਂ ਨੇ ਆਪਣੀ ਅੱਖੀ ਵੇਖ ਲਿਆ।ਉਸ ਦੇ ਮੁਕਾਬਲੇ ਵਿਚ 'ਜ਼ਫ਼ਰਨਾਮਾ' ਅਤੇ ਉਸ ਦੇ ਮਹਾਨ ਰਚੈਤਾ ਦਾ ਨਾਂ ਅੱਜ ਵੀ ਹਾਫ਼ਿਜ਼ ਦੇ ਇਸ ਸ਼ਿਅਰ ਦੀ ਤਫ਼ਸੀਰ ਬਣਿਆ ਜ਼ਿੰਦਾ ਤੇ ਤਾਬਿੰਦਾ ਹੈ ਕਿ

ਹਰਗਿਜ਼ ਨ ਮੀਰਦ ਆ ਕਿ ਦਿਲਸ਼ ਜ਼ਿੰਦਾ ਸੂਦ ਬ-ਇਸ਼ਕ
ਸਬਤ ਅਸਤ ਬਰ ਜਰੀਦਾ-ਏ-ਆਲਮ ਦਵਾਮ-ਏ-ਮਾ

ਹਵਾਲੇ/ਟਿੱਪਣੀਆਂ:

F. Steingass : A Comprehensive Persian-English Dictionary,, ਪੰਨਾ 826
• ਜ਼ਫ਼ਰਨਾਮਾ ਗੋਸ਼ਟੀ (ਸੋਵੀਨਰ) 1969 ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਪੰਨਾ 2 ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਤ 'ਜ਼ਫ਼ਰਨਾਮਾ' (1973) ਵਿਚ 112 ਸ਼ਿਅਰ ਸ਼ਾਮਲ ਹਨ।ਗਿਣਤੀ ਦਾ ਫ਼ਰਕ ਵੱਖੋ ਵੱਖਰੀਆਂ ਬੀੜਾਂ ਦੇ ਪਾਠਾਂਤ੍ਰ ਕਾਰਨ ਹੈ।
• ਜ਼ਫ਼ਰਨਾਮਾ ਗੌਸ਼ਟੀ (ਉਪਰੋਤਕ) ਵਿਚ ਭਾਈ ਕੇਸਰ ਸਿੰਘ ਛਿਬਰ ਦੇ ਹਵਾਲੇ ਨਾਲ ਸ਼ਿਅਰਾਂ ਦੀ ਕੁੱਲ ਗਿਣਤੀ 1400 ਲਿਖੀ ਗਈ ਹੈ।'ਜ਼ਫ਼ਰਨਾਮਾ' ਮਨਜ਼ੂਮ ਉਰਦੂ ਤਰਜੁਮਾ ਅਨੁਵਾਦਕ : ਗੁਰਦਿਆਲ ਸਿੰਘ ਭੋਲਾ, ਅੰਮ੍ਰਿਤਸਰ, 1967 ਪੰਨਾ 21
• ਉਹੀ, ਪੰਨਾ 3
• ਉਹੀ, ਪੰਨਾ 22
• ਸ੍ਰੀ ਦਸਮ ਗ੍ਰੰਥ ਸਾਹਿਬ, ਪ੍ਰਕਾਸ਼ਕ ਭੁਵਨ ਵਾਨੀ ਟਰਸਟ, ਲਖਨਊ।
ਜ਼ਫ਼ਰਨਾਮਾ ਸਟੀਕ : ਛਾਪਕ ਭਾਈ ਪ੍ਰਤਾਪ ਸਿੰਘ ਸੁੰਦਰ ਸਿੰਘ, ਅੰਮ੍ਰਿਤਸਰ 1930 ਜ਼ਫ਼ਰਨਾਮਾ (ਮਅ ਤਰਜੁਮਾ ਜ਼ਬਾਨ-ਏ-ਉਰਦੂ) ਛਾਪਕ: ਭਾਈ ਗੁਰਦਿਆਲ ਸਿੰਘ ਲਾਹੌਰ ਜ਼ਫ਼ਰਨਾਮਾ (ਫ਼ਾਰਸੀ ਅਖਰਾਂ ਵਿਚ) ਛਾਪਕ ਲਾਲਾ ਖੁਸ਼ੀ ਰਾਮ ਆਰਿਫ਼, ਲਾਹੌਰ ਆਦਿ
• ਜ਼ਫਰਨਾਮਾ ਗੋਸ਼ਟੀ, ਪੰਨਾ 2
• ਗੁਰਦਿਆਲ ਸਿੰਘ ਭੋਲਾ, ਐਡਵੋਕੇਟ, ਜ਼ਫ਼ਰਨਾਮਾ ਮਨਜ਼ੂਮ ਉਰਦੂ ਤਰਜੁਮਾ, ਦਿੱਲੀ 1967 ਪੰਨਾ 29 ਇਸ਼ਰਤ, ਅੰਮ੍ਰਿਤ ਲਾਲ, ਸ੍ਰੀ ਗੁਰੂ ਗੋਬਿੰਦ ਸਿੰਘ ਕਾ ਜ਼ਫ਼ਰਨਾਮਾ (ਲੈਖ) ਮਾਸਕ 'ਪਾਸਥਾਨ' ਚੰਡੀਗੜ੍ਹ, ਫਰਵਰੀ 1966 ਪੰਨਾ 31


Comments

 

Disclaimer: Panthic.org does not necessarily endorse the views and opinions voiced in the feedback from our readers, and cannot be held responsible for their views.

Background and Psyche of Anti-Sikh Events of 1984 & the RSS : Video Interview with Bhai Ratinder Singh

Akaal Channel's interview with Panthic.org Senior Editor Bhai Ratinder Singh regarding anti-Sikh events in 1983, and 1984 in Indore Madhya Pardes and the RSS Psyche
Read Full Article


RECENT ARTICLE & FEATURES

ਸਿੱਖ ਸੰਘਰਸ਼ ਦਾ ਅਦੁੱਤੀ ਯੋਧਾ - ਸ਼ਹੀਦ ਭਾਈ ਜੋਗਿੰਦਰ ਸਿੰਘ ‘ਦਿੱਲੀ’

 

ਦਿੱਲੀ ਵਿੱਚ ਜਦੋਂ ਵੀ ਕਈ ਛੋਟੀ ਵੱਡੀ ਘਟਨਾ ਵਾਪਰਦੀ ਹੈ ਤਾਂ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਅਜਿਹਾ ਵਤੀਰਾ ਉਨ੍ਹਾਂ ਗੁਰਸਿੱਖ ਪਰਿਵਾਰਾਂ ਵਿਰੁੱਧ ਅਪਣਾਇਆ ਜਾਂਦਾ ਜਿੰਨ੍ਹਾਂ ਦੇ ਪੁੱਤਰ ਉਨ੍ਹਾਂ ਰਾਹਾਂ ਤੇ ਤੁਰ ਪਏ ਸਨ ਜਿੰਨ੍ਹਾਂ ਰਾਹਾਂ ਦੀਆਂ ਪੈੜ੍ਹਾਂ ਨਾਲ ਦਿੱਲੀ ਦਾ ਲਾਲ ਕਿਲ੍ਹਾ ਵੀ ਥਰ੍ਹ ਥਰ੍ਹ ਕੰਬਣ ਲੱਗ ਪਿਆ ਸੀ। ...

Read Full Article

Sant Giani Baba Mohan Singh Ji - Head of Bhinder Kalan Samperdai Passes Away

 

Sant Giani Mohan Singh Ji, the saintly centenarian head of the Bhindra Samperdai, has attained Akal Chalana, leaving his mortal body to merge with Akal Purakh Sahib. The revered Giani Ji headed the religious seminary (Taksal) for over half a century. ...

Read Full Article

Operation Blue Star: The Launch of a Decade of Systematic Abuse and Impunity

 

In June 1984, the Indian Army attacked Harmandir Sahib, popularly known as the Golden Temple, as well as over 40 other gurdwaras (Sikh places of worship) throughout Punjab. The attacks, codenamed “Operation Blue Star,” killed thousands of civilians trapped inside the gurdwaras. This assault marked the beginning of a policy of gross human rights violations in Punjab that continues to have profound implications for the rule of law in India....

Read Full Article

ਜਾਪੁ ਸਾਹਿਬ ਦਾ ਛੰਦ-ਵਿਧਾਨ

 

ਜਾਪੁ ਸਾਹਿਬ ਦਸਮ ਗ੍ਰੰਥ ਦੀ ਆਰੰਭਿਕ ਰਚਨਾ ਹੈ ਅਤੇ ‘ਦਸਮ ਗ੍ਰੰਥ’ ਅਜਿਹੀਆਂ ਰਚਨਾਵਾਂ ਦਾ ਸੰਗ੍ਰਹਿਤ ਗ੍ਰੰਥ ਹੈ, ਜਿਨ੍ਹਾਂ ਵਿਚ ਬਹੁਤ ਜ਼ਿਆਦਾ ਛੰਦ-ਗਤ ਵਿਵਧਤਾ ਦੇਖਣ ਨੂੰ ਮਿਲਦੀ ਹੈ। ਇਸ ਛੰਦ-ਬੱਧ ਵਿਵਧਤਾ ਦਾ ਪ੍ਰਮੁੱਖ ਪ੍ਰਮਾਣ ਇਹ ਹੈ ਕਿ ਸਮੁੱਚਾ ਗ੍ਰੰਥ ਇਕ ਸੌ ਚਾਲੀ ਪ੍ਰਕਾਰ ਦੇ ਵੱਖ-ਵੱਖ ਛੰਦ-ਰੂਪਾਂ ਦੁਆਰਾ ਸਿਰਜਿਆ ਗਿਆ ਹੈ, ਅਰਥਾਤ ਸਮੁੱਚੇ ਗ੍ਰੰਥ ਵਿਚ ੧੪੦ ਦੇ ਕਰੀਬ ਛੰਦ-ਰੂਪ ਵਰਤੇ ਗਏ ਹਨ, ਜਿਹੜੇ ਵੰਨਗੀ ਪੱਖੋਂ ਮਾਤ੍ਰਿਕ, ਵਰਣਿਕ ਅਤੇ ਗਣਿਕ ਤਿੰਨਾਂ ਪ੍ਰਕਾਰ ਦੇ ਛੰਦ ਵਰਗਾਂ ਦੇ ਅਨੁਸਾਰੀ ਹਨ। ...

Read Full Article

ਸੁਖਮਨੀ ਸਾਹਿਬ : ਭਾਸ਼ਾਈ ਰੂਪ

 

ਹੱਥਲੇ ਪਰਚੇ ਵਿਚ ਸੁਖਮਨੀ ਸਾਹਿਬ ਦੇ ਪਾਠ ਦੀ ਭਾਸ਼ਾ ਦੇ ਸਰੂਪ ਦੀਆਂ ਵੱਖ-ਵੱਖ ਵਿਆਕਰਨਕ ਵਿਸ਼ੇਸ਼ਤਾਵਾਂ ਨੂੰ ਉਜਾਗਰ ਜਰਨ ਦਾ ਯਤਨ ਕੀਤਾ ਹੈ। ਸੁਖਮਨੀ ਸਾਹਿਬ ਮੱਧਕਾਲ ਦੀ ਅਜਿਹੀ ਕਿਰਤ ਹੈ, ਜਿਸ ਦੀ ਭਾਸ਼ਾ ਦਾ ਸਤਹੀ ਅਵਲੋਕਣ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਹੁੰਦਾ ਹੈ ਅਰਥਾਤ ਇਸ ਰਚਨਾ ਨੇ ਗੁਰਮੁਖੀ ਔਰਥੋਗ਼੍ਰਾਫ਼ੀ ਰਾਹੀਂ ਆਪਣਾ ਸਰੂਪ ਅਖ਼ਤਿਆਰ ਕੀਤਾ ਹੋਇਆ ਹੈ।...

Read Full Article

ਸੁਖਮਨੀ ਸਾਹਿਬ : ਸੁਰਤ-ਸੰਚਾਰ

 

ਸੁਖਮਨੀ ਸਾਹਿਬ ਦਿਨ ਦੇ ਤੀਜੇ ਪਹਿਰ ਗਾਉਣ ਅਤੇ ਸ਼ਾਂਤ ਤੇ ਗੰਭੀਰ ਭਾਵਾਂ ਵਾਲੇ ਗਉਡ਼ੀ ਰਾਗ ਵਿਚ ਸਿਰਜਤ ਜਾਂ/ਅਤੇ ਸੰਪਾਦਿਤ ਬਾਣੀ ਹੈ। ਇਸ ਬਾਣੀ ਦੇ ਪਾਠ ਦਾ ਆਰੰਭ ਆਦਿ ਜੁਗਾਦਿ ਗੁਰੂ ਨੂੰ ਨਮਸਕਾਰ ਵਾਲੇ ਸਲੋਕ ਨਾਲ ਹੁੰਦਾ ਹੈ ਅਤੇ ਅੰਤ ਉਨ੍ਹਾਂ ਗੁਣਾਂ ਦੇ ਵਰਣਨ ਨਾਲ ਜਿਨ੍ਹਾਂ ਕਰਕੇ ਪ੍ਰਭੂ ਦਾ ਨਾਮ ਸੁਖਾਂ ਦੀ ਮਣੀ ਹੈ...

Read Full Article

ਚੰਡੀ ਦੀ ਵਾਰ : ਕਾਵਿ-ਕਲਾ

 

ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈਂ ਧਿਆਇ ॥...

Read Full Article

ਪੁਸਤਕ ਸਮੀਖਿਆ - ਆਰ.ਐਸ.ਐਸ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਸੰਗਠਨ

 

ਲੇਖਕ ਐਸ.ਐਮ.ਮੁੱਸ਼ਰਿਫ਼ ਸਾਬਕਾ ਆਈ.ਜੀ ਪੁਲਿਸ ਮਹਾਰਾਸ਼ਟਰ ਹੁਣ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੁਰੀ ਦੁਨੀਆ ਦੇ ਵਿੱਚ ਇੱਕ ਖੋਜੀ ਲੇਖਕ ਵਜੋਂ ਪਹਿਚਾਣ ਬਣਾ ਚੁੱਕੇ ਹਨ। ਇਨ੍ਹਾਂ ਨੇ ਆਪਣੀ ਖੋਜ ਭਰਪੂਰ ਕਲਮ ਦੀ ਵਰਤੋਂ ਆਪਣੀ ਪਲੇਠੀ ਕਿਤਾਬ ''ਕਰਕਰੇ ਦਾ ਕਾਤਲ ਕੌਣ?, ਭਾਰਤ ਵਿੱਚ ਅੱਤਵਾਦ ਦਾ ਅਸਲੀ ਚੇਹਰਾ'' ਲਿਖ ਕੇ ਕੀਤੀ। ਉਸ ਤੋਂ ਬਾਅਦ ਅਨੇਕਾਂ ਕਿਤਾਬਾਂ ਦੇਸ਼-ਪ੍ਰਦੇਸ਼ ਦੇ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਜੋ ਭਾਰਤ ਵਿੱਚ ਵਾਪਰ ਰਹੀਆਂ ਘਿਨਾਉਣੀਆਂ ਫਿਰਕਾਪ੍ਰਸਤ ਘਟਨਾਵਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੀਆਂ ਹਨ। | ...

Read Full Article

ਰੰਘਰੇਟਾ ਗੁਰੂ ਕਾ ਬੇਟਾ : ਚਿੱਤਰਕਾਰ ਜਸਵੰਤ ਸਿੰਘ ਦਾ ਚਿਤਰਿਆ ਭਾਈ ਜੈਤਾ

 

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਕਹਿ ਕੇ ਵਡਿਆਇਆ ਸੀ। ਜ਼ਿਆਰਾਤਰ ਚਿੱਤਰਾਂ ਵਿੱਚ ਭਾਈ ਜੈਤਾ, ਬਾਲ ਗੋਬਿੰਦ ਰਾਇ ਨੂੰ ਨੌਵੇਂ ਗੁਰੂ ਦਾ ਸੀਸ ਭੇਂਟ ਕਰਦੇ ਦਿਖਾਏ ਜਾਂਦੇ ਰਹੇ ਹਨ, ਪਰ ਉੱਘੇ ਚਿੱਤਰਕਾਰ ਸਿੰਘ ਵੱਲੋਂ ਬਣਾਇਆ ਗਿਆ ਚਿੱਤਰ ਭਾਈ ਜੈਤਾ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਇਸ ਦੀਆਂ ਬਾਰੀਕੀਆਂ ਵਿਚੋਂ ਉੱਭਰੀ ਤਫ਼ਸੀਲ ਪੇਸ਼ ਕਰਦੀ ਹੈ ਇਹ ਰਚਨਾ।...

Read Full Article