 
        						        						ਦਸਮ ਗ੍ਰੰਥ ਵਿਚ ਸੰਗੀਤਿਕ ਤੱਤ
- ਨਿਵੇਦਿਤਾ ਸਿੰਘ
ਗੁਰੂ ਗੋਬਿੰਦ ਸਿੰਘ ਰਚਿਤ ਦਸਮ ਗ੍ਰੰਥ ਅਨੇਕਾਂ ਬਾਣੀਆਂ ਦਾ ਸੰਕਲਨ ਹੈ, ਜਿਨ੍ਹਾਂ ਵਿਚ ਜਾਪੁ ਸਾਹਿਬ, ਅਕਾਲ ਉਸਤਤਿ, ਬਿਚਿਤ੍ਰ ਨਾਟਕ, ਚੰਡੀ ਚਰਿਤ੍ਰ, ਵਾਰ ਦੁਰਗਾ ਕੀ, ਚਉਬੀਸ ਅਵਤਾਰ, ਸ਼ਸਤ੍ਰਨਾਮ ਮਾਲਾ, ਗਿਆਨ ਪ੍ਰਬੋਧ, ਜ਼ਫਰਨਾਮਾ, ਸਵੈਯੈ, ਹਕਾਯਤਾਂ ਆਦਿ ਸ਼ਾਮਿਲ ਹਨ। ਇਨ੍ਹਾਂ ਬਾਣੀਆਂ ਦਾ ਕਾਵਿ-ਸੌਂਦਰਯ ਅਤੇ ਸੰਗੀਤਾਤਮਕਤਾ ਜਗਿਆਸੂਆਂ ਨੂੰ ਅਚੰਭੇ ਵਿਚ ਪਾਉਂਦੇ ਹਨ। ਦਸਮ ਗ੍ਰੰਥ ਦਾ ਕਾਵਿ-ਪ੍ਰਬੰਧ, ਛੰਦ-ਪਰਕਾਰ, ਸੰਗੀਤਿਕ-ਸੰਰਚਨਾ, ਧੁਨੀਆਂ ਦਾ ਨਾਦ, ਰਸ, ਲੈਅ ਅਤੇ ਪ੍ਰਗੀਤ, ਪਾਠਕ, ਸ੍ਰੋਤੇ ਅਤੇ ਗਾਇਕ ਨੂੰ ਆਹਤ ਤੋਂ ਅਨਾਹਤ ਵੱਲ ਸਹਿਜੇ ਹੀ ਲੈ ਤੁਰਦੇ ਹਨ। ਪੂਰਵ ਗੁਰੂ ਜਨਾਂ ਦੁਆਰਾ ਸਥਾਪਿਤ ਗੁਰਮਤਿ ਸੰਗੀਤ ਦੀ ਪਰੰਪਰਾ ਨੂੰ ਨਿਸ਼ਠਾ ਨਾਲ ਨਿਭਾਉਂਦਿਆਂ ਹੋਇਆਂ ਆਪਣੇ ਮਹਾਨ ਯੋਗਦਾਨ ਰਾਹੀਂ ਗੁਰੂ ਜੀ ਨੇ ਹੋਰ ਸੁਦ੍ਰਿੜ ਅਤੇ ਪ੍ਰਫੁੱਲਿਤ ਕੀਤਾ।
ਦਸਮ ਗ੍ਰੰਥ ਦੀ ਰਾਗਾਤਮਿਕਤਾ: ਗੁਰਮਤਿ ਸੰਗੀਤ ਦੀ ਪਰੰਪਰਾ ਅਨੁਸਾਰ ਗੁਰੂ ਸਾਹਿਬਾਨ ਨੇ ਲੱਗਭੱਗ ਹਰ ਸ਼ਬਦ ਲਈ ਵਿਸ਼ੇਸ਼ ਰਾਗ ਨਿਰਧਾਰਿਤ ਕੀਤਾ ਹੈ। ਗੁਰੂ ਗ੍ਰੰਥ ਵਿਸ਼ਵ ਦਾ ਅਜਿਹਾ ਧਾਰਮਿਕ ਗ੍ਰੰਥ ਹੈ ਜਿਸ ਦਾ ਸੰਕਲਨ ਹੀ ਰਾਗਾਂ ਨੂੰ ਆਧਾਰ ਬਣਾ ਕੇ ਕੀਤਾ ਗਿਆ ਹੈ। ਗੁਰੂ ਸਾਹਿਬਾਨ ਨੇ ਸ਼ੰਗੀਤ ਨੂੰ ਬਾਣੀ ਵਿਚ ਦਰਸਾਏ ਭਾਵ ਨੂੰ ਸੰਚਾਰਿਤ ਕਰਨ ਹਿਤ ਬਖੂਬੀ ਵਰਤਿਆ ਹੈ। ਇਸੇ ਪਰੰਪਰਾ ਨੂੰ ਅੱਗੇ ਤੋਰਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਨੇ ਦਸਮ ਗ੍ਰੰਥ ਵਿਚ ਅਨੇਕ ਰਾਗਾਂ ਦੀ ਵਰਤੋਂ ਕੀਤੀ ਹੈ। ਇਸ ਵਿਚ ਪਰਜ, ਕਾਫ਼ੀ, ਸੋਰਠਿ, ਸੂਹੀ, ਰਾਮਕਲੀ, ਸਾਰੰਗ, ਗਉਰੀ, ਧਨਾਸਰੀ, ਤਿਲੰਗ, ਕਿਦਾਰਾ, ਦੇਵਗੰਧਾਰੀ, ਕਲਿਆਨ, ਮਾਰੂ, ਭੈਰੋ, ਅਡਾਨ, ਬਸੰਤ ਅਤੇ ਬਿਲਾਵਲ ਰਾਗਾਂ ਵਿਚ ਬਾਣੀ ਉਪਲਬਧ ਹੈ। ਪਰਜ, ਕਾਫ਼ੀ ਅਤੇ ਅਡਾਨ ਰਾਗਾਂ ਨੂੰ ਛੱਡ ਕੇ ਬਾਕੀ ਦੇ ਰਾਗ ਗੁਰੂ ਗ੍ਰੰਥ ਸਾਹਿਬ ਵਿਚ ਵੀ ਮਿਲਦੇ ਹਨ।
‘ਦਸਮ ਗ੍ਰੰਥ’ ਵਿਚ ਅਨੇਕ ਥਾਵਾਂ ਤੇ ਰਾਗਾਂ ਦੇ ਨਾਵਾਂ ਨੂੰ ਅਤਿਅੰਤ ਖੂਬਸੂਰਤ ਕਾਵਿਮਈ ਅੰਦਾਜ਼ ਵਿਚ ਵਰਤਿਆ ਗਿਆ ਹੈ:
  -ਲਲਤ ਧਨਾਸਰੀ, ਬਜਾਵਹਿ ਸੰਗਿ ਬਾਂਸੁਰੀ, 
  ਕਿਦਾਰਾ ਔਰ ਮਾਲਵਾ ਬਿਹਾਗੜਾ ਅਉ ਗੂਜਰੀ। 
  ਮਾਰੂ ਅਉ ਪਰਜ ਔਰ ਕਾਨ੍ਹੜਾ ਕਲਿਆਨ ਸ਼ੁਭ, 
  ਕੁਕਭ ਬਿਲਾਵਲੁ ਸੁਨੈ ਤੇ ਆਵੈ ਮੂਜਰੀ। 
  ਭੈਰਵ ਪਲਾਸੀ-ਭੀਮ, ਦੀਪਕ ਸੁ ਗਉਰੀ ਨਟ, 
  ਠਾਢੋ ਦ੍ਰੁਮ ਛਾਇ ਮੈਂ, ਸੁ ਗਾਵੈ ਕਾਨ੍ਹ ਪੂਜ ਰੀ।  (ਕ੍ਰਿਸ਼ਨਾਵਤਾਰ, 232)
  -ਨਟ ਨਾਇਕ ਸੁੱਧ ਮਲ੍ਹਾਰ ਬਿਲਾਵਲ, ਗਾਰਿਨ ਬੀਚ ਧਮਾਰਨ ਗਾਵੈ। 
  ਸੋਰਠਿ ਸਾਰੰਗ ਰਾਮਕਲੀ, ਸੁ ਬਿਭਾਸ ਭਲੇ ਹਿਤ ਸਾਥ ਬਸਾਵੈਂ।  
(ਕ੍ਰਿਸ਼ਨਾਵਤਾਰ, 293)
  -ਸੋਰਠਿ ਸਾਰੰਗ ਅਉ ਗੂਜਰੀ, ਲਲਤਾ ਅਰੁ ਭੈਰਵ ਦੀਪਕ ਗਾਵੈਂ। 
  ਟੋਡੀ ਅਉ ਮੇਘ ਮਲ੍ਹਾਰ ਅਲਾਪਤ, ਗੌਂਡ ਅਉ ਸੁੱਧ ਮਲ੍ਹਾਰ ਸੁਨਾਵੈਂ। 
        (ਕਿਸ਼ਨਾਵਤਾਰ, 231)
 
  ਗੁਰੂ ਸਾਹਿਬ ਦੁਆਰਾ ਵਰਤੇ ਗਏ ਰਾਗ ਅਤੇ ਰਾਗ-ਨਾਂ ਮੱਧਕਾਲ ਵਿਚ ਪਰਚਾਰ ਵਿਚ ਸਨ। ਇਹ ਸਾਰੇ ਹੀ ਰਾਗ ਆਧੁਨਿਕ ਸਮੇਂ ਵਿਚ ਹੀ ਪਰਯੋਗ ਹੋ ਰਹੇ ਹਨ। ਸੰਭਵ ਹੈ ਕਿ ਇਨ੍ਹਾਂ ਦੇ ਸਰੂਪ ਵਿਚ ਜ਼ਰੂਰ ਪਰਿਵਰਤਨ ਆਇਆ ਹੋਵੇ।
ਦਸਮ ਗ੍ਰੰਥ ਵਿਚ ਪ੍ਰਯੁਕਤ ਛੰਦ-ਪਰਕਾਰ: ‘ਦਸਮ ਗ੍ਰੰਥ’ ਵਿਚਲੀ ਬਾਣੀ ਸੈਯਾ, ਦੋਹਰਾ, ਚੌਪਈ, ਕਾਬਿੱਤ, ਸੋਰਠਾ ਅਤੇ ਛੰਦ ਕਾਵਿ-ਰੂਪਾਂ ਵਿਚ ਰਚੀ ਗਈ ਹੈ। ਇਸ ਬਾਣੀ ਵਿਚ ਵਰਤੇ ਗਏ ਛੰਦ ਗੁਰੂ ਗੋਬਿੰਦ ਸਿੰਘ ਦੀ ਸਾਹਿਤਿਕ ਅਤੇ ਸੰਗੀਤਿਕ ਕਲਾਕ੍ਰਿਤੀ ਦਾ ਉੱਚਤਮ ਨਮੂਨਾ ਹਨ। ਛੰਦ ਇਕ ਵਿਸ਼ੇਸ ਕਾਵਿ-ਪਰਕਾਰ ਹੈ ਜਿਸ ਵਿਚ ਸ਼ਬਦਾਂ ਦੇ ਲੈਅ-ਬੱਧ ਪਰਯੋਗ ਰਾਹੀਂ ਕਾਵਿ ਵਿਚ ਇਕ ਅਨੋਖੀ ਗਤੀ ਅਤੇ ਪ੍ਰਵਾਹ ਉਤਪੰਨ ਹੁੰਦਾ ਹੈ। ਸ਼ਬਦਾਂ ਦੇ ਲੈਅਦਾਰ ਪਰਯੋਗ ਨਾਲ ਛੰਦ ਵਿਚ ਸੰਗੀਤਿਕ ਸੰਭਾਵਨਾਵਾਂ ਬਹੁਤ ਵੱਧ ਜਾਂਦੀਆਂ ਹਨ। ਅਜਿਹਾ ਕਾਵਿ ਜਿਸ ਨੂੰ ਸਹਿਜੇ ਹੀ ਗਾਇਆ ਜਾ ਸਕੇ, ਸਾਹਿਤ ਅਤੇ ਸੰਗੀਤ ਦੀ ਪਰਾਕਾਸ਼ਠਾ ਨੂੰ ਅੱਪੜ ਜਾਂਦਾ ਹੈ। ਵਰਨਨਯੋਗ ਹੈ ਕਿ ਦਸਮ ਗ੍ਰੰਥ ਵਿਚਲੀ ਸਾਰੀ ਬਾਣੀ ਰਾਗ-ਬੱਧ ਨਾ ਹੋ ਕੇ ਛੰਦ ਬੱਧ ਵਧੇਰੇ ਹੈ।
‘ਜਾਪੁ ਸਾਹਿਬ’ ਵਿਚ ਕੁੱਲ ਦਸ ਵੱਖ ਵੱਖ ਛੰਦ ਪਰਕਾਰਾ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਛੰਦਾਂ ਦਾ ਸੁਹਜ ਇਨ੍ਹਾਂ ਦੀਆਂ ਮਾਤਰਾਵਾਂ, ਸਮਾਂ-ਚੱਕਰ, ਚਾਲ ਅਤੇ ਵਜ਼ਨ ਤੇ ਨਿਰਭਰ ਹੈ।
 ਛਪੈ ਛੰਦ:
  ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ।  
  ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ। 
 ਭੁਜੰਗ ਪ੍ਰਯਾਤ:
  ਨਮਸਤੰ ਅਕਾਲੇ। ਨਮਸਤੰ ਕ੍ਰਿਪਾਲੇ। 
  ਨਮਸਤੰ ਅਰੂਪੇ। ਨਮਸਤੰ ਅਨੂਪੇ।
 ਚਾਚਰੀ:
  ਅਰੂਪ ਹੈਂ। ਅਨੂਪ ਹੈਂ। ਅਜੂ ਹੈਂ। ਅਭੂ ਹੈਂ।
 ਚਰਪਟ:
  ਅੰਮ੍ਰਿਤ ਕਰਮੇ। ਅੱਬ੍ਰਿੱਤ ਧਰਮੇ। 
  ਅਖਿੱਲ ਜੋਗੇ। ਅਚੱਲ ਭੋਗੇ।
 ਰੂਆਲ:
  ਆਦਿ ਰੂਪ ਅਨਾਦਿ ਮੂਰਤਿ ਅਜੋਨਿ ਪੁਰੁਖ ਅਪਾਰ। 
  ਸ਼ਰਬ ਮਾਨ ਤ੍ਰਿਮਾਨ ਦੇਵ, ਅਭੇਵ ਆਦਿ ਉਦਾਰ।
 ਮਧੁਭਾਰ:
  ਗੁਨ ਗੁਨ ਉਦਾਰ। ਮਹਿਮਾ ਅਪਾਰ। 
  ਆਸਨ ਅਭੰਗ। ਉਪਮਾ ਅਨੰਗ।
 ਭਗਵਤੀ:
  ਕਿ ਆਛਿੱਗ ਦੇਸੈ। ਕਿ ਆਭਿੱਗ ਭੇਸੈ। 
  ਕਿ ਆਗੰਜ ਕਰਮੈ। ਕਿ ਆਭੰਜ ਭਰਮੈ।
 ਰਸਾਵਲ:
  ਨਮੋ ਨਰਕ ਨਾਸੇ। ਸਦੈਵੰ ਪ੍ਰਕਾਸੇ। 
  ਅਨੰਗੰ ਸਰੂਪੇ। ਅਭੰਗੰ ਬਿਭੂਤੇ।
 ਹਰਿ ਬੋਲਮਨਾ ਛੰਦ:
  ਕਰੁਣਾਲਯ ਹੈਂ। ਅਰਿ ਘਾਲਯ ਹੈਂ। 
  ਖਲ ਖੰਡਨ ਹੈਂ। ਮਹਿ ਮੰਡਨ ਹੈਂ।
 ਏਕ ਅੱਛਰੀ ਛੰਦ:
  ਅਜੈ। ਅਲੈ। ਅਭੈ। ਅਬੈ। 
 
 ਉਪਰੋਕਤ ਛੰਦਾਂ ਤੋਂ ਇਲਾਵਾ ‘ਅਕਾਲ ਉਸਤਤਿ’ ਵਿਚ ਤੋਮਰ ਛੰਦ, ਲਘੁਨਰਾਜ ਛੰਦ, ਪਾਧੜੀ, ਨਰਾਜ, ਦੀਘਰ ਤ੍ਰਿਭੰਗੀ ਛੰਦ ਦੀ ਵਰਤੋਂ ਵੀ ਕੀਤੀ ਗਈ ਹੈ। ‘ਰਾਮਾਵਤਾਰ’ ਵਿਚ ਵੀ ਅਨੇਕ ਨਵੇਂ ਛੰਦਾਂ ਦਾ ਪਰਯੋਗ ਦ੍ਰਿਸ਼ਟੀਗਤ ਹੁੰਦਾ ਹੈ। ਇਨ੍ਹਾਂ ਛੰਦ-ਪਰਕਾਰਾਂ ਵਿਚ ਤੋਟਕ, ਮਧੁਰ ਧੁਨਿ, ਨਗਸਰੂਪੀ, ਉਗਾਧ, ਉਗਾਥਾ, ਮਨੋਹਰ, ਬਿਰਾਜ, ਨਵ ਨਾਮਕ, ਸਿਰਖਿੰਡੀ, ਤਿਲਕੜੀਆਂ, ਮੋਹਣੀ, ਹੋਹਾ, ਅਜਬਾ, ਤ੍ਰਿਗਤਾ, ਅਨਹਦ, ਬਹੜਾ ਆਦਿ ਸ਼ਾਮਿਲ ਹਨ। ਛੰਦਾਂ ਦਾ ਐਨਾ ਵਿਆਪਕ ਪਰਯੋਗ ਸੁਨਣ ਵਾਲਿਆਂ ਨੂੰ ਨਿਸਚੈ ਹੀ ਅਚੰਭੇ ਵਿਚ ਪਾ ਦਿੰਦਾ ਹੈ। ਸ਼ਬਦਾਂ ਦਾ ਚਮਤਕਾਰੀ ਪਰਯੋਗ ਹਿਰਦੇ ਨੂੰ ਸਹਿਜੇ ਹੀ, ਹੁਲਾਰਾ ਦੇ ਜਾਂਦਾ ਹੈ। 
 ‘ਦਸਮ ਗ੍ਰੰਥ’ ਵਿਚ ਪ੍ਰਯੁਕਤ ‘ਸੰਗੀਤ ਛੰਦ’ ਗੁਰੂ ਗੋਬਿੰਦ ਸਿੰਘ ਦੀ ਸੰਗੀਤਿਕ ਕਲਾਕ੍ਰਿਤੀ ਦੀ ਬੇਮਿਸਾਲ ਉਦਾਹਰਨ ਹਨ। ਇਨ੍ਹਾਂ ਵਿਚ ਮ੍ਰਿਦੰਗ ਦੇ ਭਿੰਨ ਭਿੰਨ ਬੋਲਾਂ ਨੂੰ ਅਧਾਰ ਬਣਾ ਕੇ ਕਾਵਿ ਰਚਨਾ ਕੀਤੀ ਗਈ ਹੈ। ਇਨ੍ਹਾਂ ਵਿਚਲੀ ਲੈਅ, ਸ਼ਬਦਾਂ ਦਾ ਪਰਵਾਹ ਅਤੇ ਤਾਲ-ਬੱਧ ਸੰਰਚਨਾ, ਇਕ ਅਦਭੁਤ ਰਸ ਦਾ ਸਿਰਜਨ ਕਰਦੇ ਹਨ:
 ਸੰਗੀਤ ਮਧੁਭਾਰ:
  ਕਾਗੜਦੰ ਕੜਾਕ। ਤਾਗੜਦੰ ਤੜਾਕ। 
  ਸਾਗੜਦੰ ਸੁ ਬੀਰ। ਗਾਗੜਦੰ ਗਹੀਰ।   (ਚੰਡੀ ਚਰਿਤ੍ਰ, ਦੂਜਾ)
 ਸੰਗੀਤ ਭੁਜੰਗ ਪ੍ਰਯਾਤ:
  ਨਾਗੜਦੰ ਨਾਦੰ। ਬਾਗੜਦੰ ਬਾਜੇ। 
  ਸਾਗੜਦੰ ਸੂਰੰ। ਰਾਗੜਦੰ ਰਾਜੇ।    (ਚੰਡੀ ਚਰਿਤ੍ਰ, ਦੂਜਾ)
 ਸੰਗੀਤ ਛਪੈ ਛੰਦ:
  ਕਾਗੜਦੀ ਕੁੱਪਯੋ ਕਪਿ ਕਟਕ, 
  ਬਾਗੜਦੀ ਬਾਜਨ ਰਣ ਬੱਜੀਯ।    (ਰਾਮਾਵਤਾਰ)
 ਸੰਗੀਤ ਪਧਿਸ਼ਟਕਾ ਛੰਦ:
  ਕਾਂਗੜਦੰ ਕੋਪ ਕੈ ਦਈਤ ਰਾਜ। 
  ਜਾਗੜਦੰ ਜੁੱਧ ਕੋ ਸਜਯੋ ਸਾਜ।    (ਰਾਮਾਵਤਾਰ)
 ਸੰਗੀਤ ਬਹੜਾ ਛੰਦ:
  ਸਾਗੜਦੀ ਸਾਂਗ ਸੰਗ੍ਰਹੈਂ, 
  ਤਾਗੜਦੀ ਰਣਿ ਤੁਰੀਂ ਨਚਾਵਹਿੰ। 
  ਝਾਗੜਦੀ ਝੂਮਿ ਗਿਰਿ ਭੂਮਿ, 
  ਚਾਗੜਦੀ ਸੁਰ ਪੁਰਹਿ ਸਿਧਾਵਹਿੰ।   (ਰਾਮਾਵਤਾਰ)
 ਸੰਗੀਤ ਨਰਾਜ ਛੰਦ:
  ਸੁਬੀਰ ਜਾਗੜਦੰ ਜਗੇ ਲੜਾਕ ਸਾਗੜਦੰ ਪਗੇ।  (ਚੰਡੀ ਚਰਿਤ੍ਰ, ਦੂਜਾ)
 ਸੰਗੀਤ ਪਾਧੜੀ:
  ਤਾਗੜਦੰ ਤਾਲ ਬਾਜਤ ਮੁਚੰਗ।
ਦਸਮ ਗ੍ਰੰਥ ਵਿਚ ਪ੍ਰਯੁਕਤ ਸੰਗੀਤਿਕ ਸ਼ਬਦਾਵਲੀ:
 ‘ਦਸਮ ਗ੍ਰੰਥ’ ਵਿਚ ਸੰਗੀਤ ਦੇ ਅਨੇਕਾਂ ਪਰਿਭਾਸ਼ਕ ਸ਼ਬਦ ਇਸ ਗੱਲ ਦੇ ਸੂਚਕ ਹਨ ਕਿ ਗੁਰੂ ਗੋਬਿੰਦ ਸਿੰਘ ਨੂੰ ਸੰਗੀਤ ਦਾ ਗਹਿਰਾ ਗਿਆਨ ਸੀ। ਪਰਿਭਾਸ਼ਕ ਸ਼ਬਦਾਂ ਜਿਵੇਂ ਤਾਲ, ਸੁਰ, ਗੰਧ੍ਰਬ, ਕਿੰਨਰ, ਤਾਨ, ਨਾਦ, ਗੀਤ, ਨ੍ਰਿਤ, ਰਾਸ, ਧੁਨੀ, ਕੋਲਾਹਲ, ਤੰਤੀ ਆਦਿ ਦਾ ਪਰਯੋਗ ਕਾਵਿ ਨੂੰ ਸੰਗੀਤਿਕ ਰੰਗਣ ਦਿੰਦਾ ਹੈ। 
 ‘ਦਸਮ ਗ੍ਰੰਥ’ ਵਿਚ ਵਰਤੀ ਗਈ ਸੰਗੀਤਿਕ ਸ਼ਬਦਾਵਲੀ ਅਤੇ ਪ੍ਰਤੀਕ, ਗੁਰੂ ਜੀ ਦੀ ਸੰਗੀਤਿਕ ਸੂਝ ਦੇ ਪਰਿਚਾਯਕ ਹਨ। ਸੰਗੀਤਿਕ ਸ਼ਬਦਾਵਲੀ ਦੀ ਅਨੂਪਮ ਵਰਤੋਂ ਦੀਆਂ ਕੁਝ ਉਦਾਹਰਣਾ ਇਸ ਪਰਕਾਰ ਹਨ:
  -ਉਦਘਟਤ ਤਾਨ ਤਰੰਗ ਰੰਗ ਅਤਿ
  ਬਜਾਵਤ ਢੋਲ ਮ੍ਰਿਦੰਗ ਨਗਾਰੇ। 
  -ਝਾਲਰ ਤਾਲ ਮ੍ਰਿਦੰਗ ਉਪੰਗ
  ਰਬਾਬ ਲੀਏ ਸੁਰ ਸਾਜ ਮਿਲਾਵੈ।     (ਚੰਡੀ ਚਰਿਤ੍ਰ)
  ਮਿਲਿ ਸੁੰਦਰ ਗਾਵਤ ਗੀਤ ਸਬੈ,
  ਸੁ ਬਜਾਵਤ ਹੈਂ ਕਰ ਤਾਲ ਤਬੈ।     (ਕ੍ਰਿਸ਼ਨਾਵਤਾਰ)
  ਬਾਜਤ ਜੰਗ ਮੁਦੰਗ ਆਪਰੰ, 
  ਢੋਲ ਮ੍ਰਿਦੰਗ ਸੁਰੰਗ ਸੁਧਾਰੰ। 
  ਗਾਵਤ ਗੀਤ ਚੰਚਲਾ ਨਾਰੀ। 
  ਨੈਨ ਨਚਾਇ ਬਜਾਵਤ ਤਾਰੀ।     (ਰਾਮਾਵਤਾਰ)
‘ਸ੍ਰੀ ਦਸਮ ਗ੍ਰੰਥ’ ਦੀਆਂ ਬਹੁਤੀਆਂ ਬਾਣੀਆਂ ਵਿਚ ਸੰਗੀਤਮਈ ਦ੍ਰਿਸ਼ਾਂ, ਪ੍ਰਤੀਕਾਂ ਅਤੇ ਬਿੰਬਾਂ ਦੀ ਵਰਤੋਂ ਅਨੇਕ ਸਥਾਨਾਂ ਤੇ ਮਿਲੀ ਹੈ। ‘ਕ੍ਰਿਸ਼ਨਾਵਤਾਰ’ ਵਿਚ ਕਾਨ੍ਹ ਅਤੇ ਗੋਪੀਆਂ ਦੀ ਰਾਸ ਲੀਲ੍ਹਾ ਦਾ ਸੰਗੀਤਮਈ ਵਰਨਨ ਅਦੁੱਤੀ ਹੈ:
  -ਕਾਨ੍ਹ ਬਜਾਵਤ ਹੈ ਮੁਰਲੀ, ਅਤਿ ਆਨੰਦ ਕੈ ਮਨਿ ਡੇਰਨ ਆਏ। 
  ਤਾਲ ਬਜਾਵਤ ਕੂਦਤ ਆਵਤ, ਗੋਪ ਸਭੋ ਮਿਲਿ ਮੰਗਲ ਗਾਏ। 
  -ਗਾਵਤ ਏਕ ਨਚੈ ਇਕ ਗਾਰਨਿ ਤਾਰਿਨ ਕਿੰਕਨ ਕੀ ਧੁਨਿ ਬਾਜੈ। 
  ਜਿਉਂ ਮ੍ਰਿਗ ਰਾਜਤ ਬੀਚ ਮ੍ਰਿਗੀ, ਹਰਿ ਤਿਉ ਗਨ ਗਾਰਿਨ ਬੀਚ ਬਿਰਾਜੈ।
ਦਸਮ ਗ੍ਰੰਥ ਦੀ ਸੰਗੀਤਾਤਮਕਤਾ ਦਾ ਸਿਖਰ ਰਣ-ਭੂਮੀ ਵਿਚਲੇ ਦ੍ਰਿਸ਼ਾਂ ਦਾ ਸੰਗੀਤਿਕ ਬਿੰਬਾਂ ਨਾਲ ਓਤ-ਪੋਤ ਵਰਨਨ ਹੈ। ਜਿਵੇ:
 ਬਜੰਤ ਤਾਲੇ ਤੰਬੁਰੰ, ਬਿਸੇਖ ਬੀਨ ਬੇਣਯੰ। 
  ਮ੍ਰਿਦੰਗ ਝਾਲ ਨਾ ਫਿਰੰ, ਸੁ ਨਾਇ ਭੇਰਿ ਭੈਕਰੰ। 
  ਉਠੰਤ ਨਾਦਿ ਨਿਰਮਲੰ, ਤੁਟੰਤ ਤਾਲ ਤੱਥਿਯੰ। 
  ਬਦੰਤ ਕਿੱਤ ਬੰਦੀਅੰ, ਕਬਿੰਦ੍ਰ ਕਾਬਯ ਕੱਬਿਯੰ।   (ਰਾਮਾਵਤਾਰ)
 ‘ਚੰਡੀ ਚਰਿਤ੍ਰ’ ਵਿਚਲੇ ਯੁੱਧ ਦਾ ਵਰਨਨ ਕਰਦੇ ਹੋਏ ਲਿਖਦੇ ਹਨ:
  -ਤੁਰਹੀ ਢੋਲ ਨਗਾਰੇ ਬਾਜੇ। ਭਾਂਤਿ ਭਾਂਤਿ ਜੋਧਾ ਰਣਿ ਗਾਜੇ। 
  ਢਡਿ ਡੱਢ ਡਮਰੁ ਡੁਗਡੁਗੀ ਘਨੀ। ਨਾਇ ਨਫੀਰੀ ਜਾਤ ਨ ਗਨੀ। 
        (ਚੰਡੀ ਚਰਿਤ੍ਰ, ਦੂਜਾ)
  -ਬਜੈ ਸੰਖ ਭੇਰੀ, ਉਠੈ ਸੰਖ ਨਾਦੰ। 
  ਰਣੰਕੇ ਨਫੀਰੀ, ਧੁਣ ਨਿਰਬਿਖਾਦੰ। 
        (ਉਹੀ)
  ਢੋਲ ਨਗਾਰੇ ਵਾਏ, ਭੇਰੀ ਸੰਖ ਵਜਾਏ। 
  ਉਠੇ ਨੱਦ ਨਾਦੰ, ਢਮੱਕਾਰ ਢੋਲੇ, ਬਜੇ ਡੰਕ ਬੰਕੇ।   (ਵਾਰ ਦੁਰਗਾ ਕੀ)
ਪਰਮਾਤਮਾ ਦੀ ਸਰਬੋਤਮ ਸੰਗੀਤਕਾਰ ਵਜੋਂ ਉਪਮਾ:
ਭਾਰਤੀ ਅਧਿਆਤਮਿਕ ਪਰੰਪਰਾ ਅਨੁਸਾਰ ਪਰਮਾਤਮਤਾ ਦੇ ਇਕ ਰੂਪ ਨੂੰ ‘ਨਾਦ-ਬ੍ਰਹਮ’ ਦਾ ਨਾਮ ਵੀ ਦਿੱਤਾ ਗਿਆ ਹੈ। ਉਸ ਦੇ ਇਹ ਨਾਦਾਤਮਿਕ ਰੂਪ ਦੀ ਉਪਾਸਨਾ ਕਰਨ ਵਾਲੇ ‘ਨਾਦ-ਯੋਗੀ ਕਹਿਲਾਉਂਦੇ ਹਨ। ਗੁਰੂ ਜੀ ਨੇ ਉਸ ਅਕਾਲ ਪੁਰਖ ਨੂੰ ਮਹਾਂ-ਸੰਗੀਤਕਾਰ ਦਸਦੇ ਹੋਏ ਉਸ ਦੀ ਉਸਤਤਿ ਵਿਚ ਲਿਖਿਆ ਹੈ:
  ਨਮੋ ਗੀਤ ਗੀਤੇ। ਨਮੋ ਤਾਨ ਤਾਨੇ। 
  ਨਮੋ ਨ੍ਰਿਤ ਨ੍ਰਿੱਤੇ। ਨਮੋ ਨਾਦ ਨਾਦੇ।    (ਜਾਪੁ ਸਾਹਿਬ)
‘ਅਕਾਲ ਉਸਤਤਿ’ ਵਿਚ ਪਰਮਾਤਮਾ ਦੇ ਵੱਖ ਵੱਖ ਸੰਗੀਤਿਕ ਰੂਪਾਂ ਦਾ ਵਰਨਣ ਬੜੀ ਸੰਗੀਤਮਈ ਕਵਿਤਾ ਵਿਚ ਕਰਦੇ ਹਨ:
  ਕਹੂੰ ਗੀਤ ਕੇ ਗਵੱਯਾ। ਕਹੁੰ ਬੇਨੁ ਕੇ ਬਜੱਯਾ;
  ਕਹੂੰ ਨ੍ਰਿਤ ਕੇ ਨਚੱਯਾ। ਕਹੂੰ ਨਰ ਕੋ ਅਕਾਰ ਹੋ।
ਅਤੇ
ਗਾਏ ਗਾਏ ਹਟੇ ਗੰਧ੍ਰਬ, ਗਵਾਇ ਕਿੰਨਰ ਗਰਬ।
‘ਬਿਚਿਤ੍ਰ ਨਾਟਕ’ ਵਿਚ ਪ੍ਰਭੂ ਦੀ ਉਪਮਾ ਵਿਚ ਲਿਖਦੇ ਹਨ:
  ਘੁਰੰ ਘੁੰਘਰੇਯੰ। ਧੁਣੰ ਨੇਵਰਯੰ। 
  ਮਹਾਂ ਨਾਦ ਨਾਦੰ। ਸੁਰੰ ਨਿਰਬਿਖਾਦੰ।
ਦਸਮ ਗ੍ਰੰਥ ਵਿਚ ਪ੍ਰਯੁਕਤ ਸਾਜ਼: ਦਸਮ ਗ੍ਰੰਥ ਦੀ ਬਾਣੀ ਵਿਚ ਢੋਲ, ਮਿਰਦੰਗ, ਦੰਗ, ਸੰਖ, ਨਗਾਰੇ, ਭੇਰੀ, ਨਫ਼ੀਰ, ਮੁਰਲੀ, ਡੱਫ਼, ਢੱਡ, ਧੌਂਸੇ, ਰਬਾਬ, ਤੰਬੂਰ, ਘੁੰਘਰੂ, ਮਰਤਾਲ, ਬੀਨ ਆਦਿ ਸਾਜ਼ਾਂ ਦਾ ਵਰਨਨ ਹੈ। ਭਾਰਤੀ ਸੰਗੀਤ ਦੇ ਸਾਜ਼ਾਂ ਨੂੰ ਚਾਰ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ, ਤੰਤੀ ਸਾਜ਼, ਅਵਨੱਧ ਸਾਜ਼ (ਚਮੜੇ ਮੜ੍ਹੇ ਹੋਏ), ਸੁਸ਼ਿਰ ਸਾਜ਼ (ਹਵਾ ਨਾਲ ਵੱਜਣ ਵਾਲੇ) ਅਤੇ ਘਨ ਸਾਜ਼ (ਧਾਤ ਦੇ ਬਣੇ ਹੋਏ) ਜੋ ਆਪਸੀ ਰਗੜ ਨਾਲ ਧੁਨੀ ਉਤਪੰਨ ਕਰਦੇ ਹਨ। ਦਸਮ ਗ੍ਰੰਥ ਵਿਚ ਵਰਣਿਤ ਸਾਜ਼ ਇਨ੍ਹਾਂ ਸਾਰੀਆਂ ਹੀ ਸ਼੍ਰੇਣੀਆਂ ਦੇ ਹਨ। ਰਬਾਬ ਅਤੇ ਤੰਬੂਰ, ਤੰਤੀ ਸਾਜ਼ ਹਨ। ਢੋਲ, ਮਿਰਦੰਗ, ਨਗਾਰੇ, ਡੱਫ, ਢੱਡ, ਧੌਂਸੇ, ਅਵਨੱਧ ਸਾਜ਼ ਸਨ। ਸੰਖ, ਭੇਰੀ, ਨਫ਼ੀਰ, ਮੁਰਲੀ, ਬੀਨ, ਫੂਕ ਨਾਲ ਵੱਜਣ ਵਾਲੇ ਸਾਜ਼ ਹਨ ਅਤੇ ਘੁੰਘਰੂ ਤੇ ਕਰਤਾਲ ਘਨ ਸਾਜ਼ਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ। ਦਸਮ ਗ੍ਰੰਥ ਦੀ ਹੇਠਲੀ ਤੁਕ ਵਿਚ ਭਾਰਤੀ ਸੰਗੀਤ-ਸਾਜ਼ਾਂ ਦੇ ਪਰਕਾਰਾਂ ਦੀ ਜਾਣਕਾਰੀ ਬੜੀ ਸਪਸ਼ਟਤਾ ਨਾਲ ਦਿੱਤੀ ਗਈ ਹੈ:
  ਤੱਤ ਬਿਤ ਘਨ ਸੁਖਰਸ ਸਬ ਬਾਜੈ, 
  ਸੁਨਿ ਮਨ ਰਾਗੰ ਗੁਨਿ ਗਨ ਲਾਜੈ।
ਸਮਕਾਲੀਨ ਗਾਇਨ-ਸ਼ੈਲੀਆਂ ਨੂੰ ਮਾਨਤਾ: ਗੁਰੂ ਗੋਬਿੰਦ ਸਿੰਘ ਨੇ ਆਪਣੀ ਇਕ ਰਚਨਾਉੱਪਰ ‘ਖਿਆਲ’ ਸਿਰਲੇਖ ਦੇ ਕੇ ਉਸ ਸਮੇਂ ਉਭਰ ਰਹੀ ਇਸ ਗਾਇਨ ਸ਼ੈਲੀ ਨੂੰ ਮਾਨਤਾ ਦਿੱਤੀ ਹੈ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਆਪਣੇ ਸਮਕਾਲੀ ਸੰਗੀਤਿਕ ਹਾਲਤਾਂ ਦੀ ਉਨ੍ਹਾਂ ਨੂੰ ਨਿੱਗਰ ਜਾਣ ਕਾਰੀ ਸੀ। ‘ਖਿਆਲ’ ਸਿਰਲੇਖ ਹੇਠ ਦਰਜ ਇਹ ਸ਼ਬਦ ਹੈ:
   ਖਿਆਲ ਖਾਤਸ਼ਾਹੀ 10॥
  ਮਿਤ੍ਰ ਪਿਯਾਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ। 
  ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣੁ; ਨਾਗ ਨਿਵਾਸਾਂ ਦੇ ਰਹਣਾ। 
  ਸੂਲ ਸੁਰਾਹੀ ਖੰਜਰੁ ਪਿਆਲਾ; ਬਿੰਗੁ ਕਸਾਈਆਂ ਦਾ ਸਹਿਣਾ। 
  ਯਾਰੜੇ ਦਾ ਸਾਨੂੰ ਸੱਥਰੁ ਚੰਗਾ; ਭੱਠ ਖੇੜਿਆਂ ਦਾ ਰਹਿਣਾ।
ਇਸ ‘ਖਿਆਲ’ ਵਿਚ ਆਪਣੇ ਮਿਤਰ ਪਿਆਰੇ ਤੋਂ ਜੁਦਾ ਹੋਇਆਂ ਕਵੀ ਬਿਰਹਾ ਦੀ ਤੜਪ ਨੂੰ ਕਲਪਨਾ ਦੇ ਵੱਖ-ਵੱਖ ਬਿੰਬਾਂ ਰਾਹੀਂ ਜ਼ਾਹਰ ਕਰਦਾ ਹੈ। ਖਿਆਲ ਗੀਤ ਦੀ ਸੰਖੇਪ ਰਚਨਾ ਵਿਚ ਸਥਾਈ ਅਤੇ ਅੰਤਰਾ ਦੋ ਭਾਗ ਹੁੰਦੇ ਹਨ। ਕਾਵਿ ਬੜਾ ਕਲਾਤਮਕ ਅਤੇ ਕਲਪਨਾ ਭਰਪੂਰ ਹੁੰਦਾ ਹੈ। ਵਿਸ਼ਾ-ਵਸਤੂ ਬਹੁਤਾ ਕਰਕੇ ਸ਼ਿੰਗਾਰ ਰਸ ਨਾਲ ਓਤ-ਪੋਤ ਹੁੰਦਾ ਹੈ। ਇਸ ਪੱਖੋਂ ਗੁਰੂ ਜੀ ਦੇ ਉਪਰੋਕਤ ਖਿਆਲ ਦੀ ਬਣਤਰ ਬੜੀ ਸੁਚੱਜੀ ਹੇ। ਵਰਨਨਯੋਗ ਹੈ ਕਿ ਖਿਆਲ-ਗੀਤਾਂ ਦੇ ਮਹਾਨ ਰਚਨਾਕਾਰ, ਮੁਹੰਮਦ ਸ਼ਾਹ ਰੰਗੀਲੇ (1719-1748 ਈ:) ਦੇ ਦਰਬਾਰੀ ਗਾਇਕ ਸਦਾਰੰਗ ਦੇ ਖਿਆਲ-ਗੀਤਾ ਦੀ ਰਚਨਾ ਗੁਰੂ ਜੀ ਦੇ ਉਪਰੋਕਤ ਦਸਮ ਗ੍ਰੰਥ ਵਿਚਲੀ ‘ਕ੍ਰਿਸ਼ਨਾਵਤਾਰ’ ਬਾਣੀ ਵਿਚ ਦਰਜ (ਬਾਰਾਂ ਮਾਂਹ) ਜਿੱਥੇ ਸਾਹਿਤ ਪੱਖੋਂ ਉਤਕ੍ਰਿਸ਼ਟਤਾ ਦਾ ਨਮੂਨਾ ਹੈ, ਓਥੇ ਸੰਗੀਤਕ ਪੱਖੋਂ ਵੀ ਇਸ ਦੀ ਬਹੁਤ ਮਹੱਤਤਾ ਹੈ। ਸਾਲ ਦੇ ਬਾਰਾਂ ਮਹੀਨਿਆਂ ਦੇ ਮੌਸਮ ਅਤੇ ਮਾਹੌਲ ਦਾ ਅਨੂਪਮ ਵਰਨਨ ਇਨ੍ਹਾਂ ਪਦਾਂ ਵਿਚ ਮਿਲਦਾ ਹੈ। ਰਿਤੂਆਂ ਅਤੇ ਰਾਗਾਂ ਦਾ ਆਪਸ ਵਿਚ ਗਹਿਰਾ ਸੰਬੰਧ ਹੈ। ਵੱਖ ਵੱਖ ਰਿਤੂਆਂ ਵਿਚ ਪ੍ਰਕਿਰਤੀ ਦੇ ਵਿਵਿਧ ਰੂਪਾਂ ਦਾ ਵਰਨਨ ਰਾਗਮਈ ਰਚਨਾਵਾਂ ਵਿਚ ਅਕਸਰ ਮਿਲਦਾ ਹੈ। ਦਸਮ ਗ੍ਰੰਥ ਵਿਚਲੇ ਬਾਰਾਂ ਮਾਹ ਦੇ ਸਵੈਯੇ ਅਨੰਤ ਸੰਗੀਤਿਕ ਸੰਭਾਵਨਾਵਾਂ ਆਪਣੇ ਅੰਦਰ ਸਮੋਈ ਬੈਠੇ ਹਨ:
  -ਫਾਗੁਨ ਮੈ ਸਖੀ ਡਾਰਿ ਗੁਲਾਲ, ਸਭੈ ਹਰਿ ਸਿਉਂ ਬਨ ਬੀਚ ਰਮੈ। 
  -ਜੇਠ ਸਮੈ ਸਖੀ ਤੀਰ ਨਦੀ, ਹਮ ਖੇਲਤ ਚਿੱਤਿ ਹੁਲਾਸ ਬਢਾਈ। 
  -ਜੋਰਿ ਘਟਾ ਘਨ ਆਏ ਜਹਾਂ ਸਖੀ, ਬੂੰਦਨ ਮੇਘ ਭਲੀ ਛਬਿ ਪਾਈ।
‘ਕ੍ਰਿਸ਼ਨਾਵਤਾਰ’ ਵਿਚ ਹੀ ਇਕ ਹੋਰ ਸਥਾਨ ਤੇ ‘ਖੇਲਤ ਸਯਾਮ ਧਮਾਰ ਅਨੂਪ’ ਰਾਹੀਂ ਫੱਗਣ ਮਹੀਨੇ ਦੀ ਹੋਰੀ ਦਾ ਵਰਨਨ ਕੀਤਾ ਹੈ। ਫੱਗਣ ਦੀ ਰੁੱਤ ਵਿਚ ਹੋਈ ਖੇਡਣ ਨੂਮ ‘ਖੇਲਤ ਧਮਾਰ’ ਕਹਿਣਾ, ਪਰਸਿੱਧ ਗਾਇਨ ਸ਼ੈਲੀ ਧਮਾਰ ਸੰਬੰਧੀ ਜਾਣਕਾਰੀ ਨੂੰ ਦਰਸਾਉਣ ਅਤੇ ਵਿਸ਼ੈ-ਵਸਤੂ ਦੀ ਕਲਾ ਕੌਸ਼ਲਤਾ ਨੂੰ ਬਿਆਨਣਾ ਹੈ। ‘ਕ੍ਰਿਸ਼ਨਾਵਤਾਰ’ ਵਿਚ ਅੰਕਿਤ ਹੈ:
  -ਮਾਘ ਬਿਤੀਤ ਭਏ ਰੁਤਿ ਫਾਗੁਨ, ਆਇ ਗਈ ਸਭ ਖੇਲਤ ਹੋਰੀ। 
  ਖੇਲਤ ਸਯਾਮ ਧਮਾਰ ਅਨੂਪ, ਮਹਾਂ ਮਿਲਿ ਸੁੰਦਰਿ ਸਾਂਵਲ ਗੋਰੀ।  
 ਸ੍ਰੀ ਦਸਮ ਗ੍ਰੰਥ ਵਿਚਲੀ ਬਾਣੀ ਵਿਚਲਾ ਉੱਚ ਸਤਰ ਦਾ ਸਾਹਿਤ, ਸੰਗੀਤ ਵਿਚ ਵਰੋਸਾਇਆ ਅਤੇ ਪਰਣਾਇਆ ਹੋਇਆ ਹੈ।  ਉਪਰੋਕਤ ਤੁਕਾਂ ਨੂੰ ਪੜ੍ਹ ਕੇ ਸਹਿਜੇ ਹੀ ਇਹ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਦਸਮ ਗ੍ਰੰਥ ਵਿਚ ਸੰਗੀਤ ਅਤੇ ਸਾਹਿਤ ਦਾ ਕਿੰਨਾ ਅਨਮੋਲ ਖਜ਼ਾਨਾ ਛੁਪਿਆ ਹੋਇਆ ਹੈ।  ਇਸ ਨੂੰ ਜਿਵੇਂ ਜਿਵੇਂ ਪੜ੍ਹੀਏ, ਤਿਉਂ ਤਿਉਂ ਹੋਰ ਅਗੇਰੇ ਸੰਗੀਤਿਕ ਗਹਿਰਾਈਆਂ ਦੇ ਨਾਦ ਸਾਗਰ ਵਿਚ ਡੂੰਘੇ ਉਤਰਦੇ ਜਾਈਦਾ ਹੈ।  
 


 
  										 
  										 
  										 
  										 
  										 
  										 
  										 
  										