
ਇਤਿਹਾਸ ਪਰੰਪਰਾ ਤੇ ਬਿਚਿਤ੍ਰ ਨਾਟਕ
ਸਵਰਨ ਸਿੰਘ ਸਨੇਹੀ
ਇਤਿਹਾਸਿਕ ਪੁਸਤਕਾਂ ਵਾਰਤਕ ਵਿਚ ਹੋਣ ਕਰਕੇ ਇਹ ਧਾਰਨਾ ਬਣ ਗਈ ਹੈ ਕਿ ਕਾਵਿ ਰਚਨਾ ਇਤਿਹਾਸ ਨਹੀਂ ਹੋ ਸਕਦੀ। ਸਾਡੀ ਜਾਚੇ ਇਤਿਹਾਸ ਕਵਿਤਾ ਤੇ ਵਾਰਤਕ ਦੋਹਾਂ ਰੂਪਾਂ ਵਿਚ ਹੀ ਲਿਖਿਆ ਜਾ ਸਕਦਾ ਹੈ। ਹਾਂ ਕਵਿਤਾ ਵਿਚ ਇਤਿਹਾਸ ਲਿਖਣਾ ਕਵੀ ਵਲੋਂ ਵਿਦਵਤਾ ਦੇ ਜੌਹਰ ਦਿਖਾਉਣ ਵਾਲੀ ਗੱਲ ਬਣ ਜਾਂਦੀ ਹੈ। ਜਿਵੇਂ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ। ਵਾਲੀ ਗੁਰੂ ਨਾਨਕ ਦੇਵ ਦੀ ਉਚਾਰੀ ਸਤਰ ਦਾ ਹਰ ਕੋਈ ਵਿਦਵਾਨ ਆਪੋ ਆਪਣੀ ਬੁਧੀ ਤੇ ਮਾਨਸਿਕ ਝੁਕਾਉ ਅਨੁਸਾਰ ਵੱਖ-ਵੱਖ ਅਰਥ ਕੱਢ ਲੈਂਦਾ ਹੈ।
ਵਿਦਵਾਨਾਂ ਦਾ ਮਤ ਹੈ ਕਿ ਪਹਿਲਾਂ ਕਾਵਿ ਸਾਹਿਤ ਦੀ ਉਤਪਤੀ ਹੁੰਦੀ ਹੈ। ਵਾਰਤਕ ਦੇ ਜਨਮ ਤਕ ਕਵਿਤਾ ਪ੍ਰੋੜ੍ਹ ਰੂਪ ਧਾਰਨ ਕਰ ਚੁਕਦੀ ਹੈ। ਕਵੀ ਆਪਣੀ ਕਾਵਿ ਯੋਗਤਾ ਅਨੁਸਾਰ ਕਠਨ ਵਿਸ਼ੇ ਵੀ ਕਾਵਿ ਮਾਧਿਅਮ ਰਾਹੀਂ ਨਿਭਾਉਣ ਦੇ ਸਮਰਥ ਹੁੰਦਾ ਹੈ ਜਾਂ ਦੂਸਰੇ ਸ਼ਬਦਾਂ ਵਿਚ, ਇਉਂ ਕਹਿ ਲੈਣਾ ਵਧੇਰੇ ਯੋਗ ਹੋਵੇਗਾ ਕਿ ਇਹ ਕਿਸੇ ਕਵੀ ਦੀ ਯੋਗਤਾ ਤੇ ਨਿਰਭਰ ਕਰਦਾ ਹੈ ਕਿ ਉਹ ਕਿਹੋ ਜਿਹੇ ਵਿਸ਼ਿਆਂ ਨੂੰ ਸਫਲਤਾ ਨਾਲ ਨਿਭਾ ਸਕਦਾ ਹੈ।
ਇਹ ਕਹਿਣਾ ਅਨਿਆਇ ਹੋਵੇਗਾ ਕਿ ਪ੍ਰਾਚੀਨ ਸਮੇਂ ਦੇ ਭਾਰਤੀਆਂ ਨੂੰ ਇਤਿਹਾਸ ਦੀ ਨਾ ਤਾਂ ਸੂਝ ਬੂਝ ਸੀ ਤੇ ਨਾ ਹੀ ਕਦਰ ਕੀਮਤ। ਸਹੀ ਗੱਲ ਤਾਂ ਇਹ ਹੈ ਕਿ ਇਤਿਹਾਸ ਵੱਲੋਂ ਉਹ ਅਵੇਸਲੇ ਨਹੀਂ ਸਨ। ਸਗੋਂ ਇਤਿਹਾਸ ਨੂੰ ਪ੍ਰਾਚੀਨ ਭਾਰਤ ਵਿਚ ਪੰਜਵੇ ਵੇਦ ਦਾ ਦਰਜਾ ਦਾ ਪ੍ਰਾਪਤ ਸੀ। ਜਿਸ ਤੋਂ ਇਹ ਅਨੁਮਾਨ ਲਗਾ ਸਕਣਾ ਔਖੀ ਗੱਲ ਨਹੀਂ ਕਿ ਸਾਡੇ ਬਜ਼ੁਰਗਾਂ ਨੇ ਇਤਿਹਾਸ ਨੂੰ ਉਚ ਦਰਜੇ ਦਾ ਸਮਝ ਕੇ ਉਸ ਦਾ ਸਤਿਕਾਰ ਕਾਇਮ ਰਖਿਆ। ਫਿਰ ਵੀ ਉਹਨਾਂ ਨੂੰ ਕਈ ਕਾਰਨਾ ਕਰਕੇ ਇਤਿਹਾਸ ਵੱਲੋਂ ਅਵੇਸਲੇਪਨ ਦੇ ਦੋਸ਼ ਦਾ ਭਾਗੀ ਬਣਨਾ ਪੈ ਗਿਆ ਹੈ। ਸਭ ਤੋਂ ਪੁਰਾਣੀ ਸਭਿਅਤਾ ਦੇ ਮਾਲਕ ਅਤੇ ਇਤਿਹਾਸ ਵਿਚ ਸਭ ਤੋਂ ਪਹਿਲੇ ਜਾਗ੍ਰਤ ਵਿਚ ਆਏ ਹੋਣ ਤੇ ਵੀ ਪਿਛਲੀਆਂ ਸਮੇਂ ਦੀਆਂ ਡੂੰਘਾਈਆਂ ਦਾ ਕੋਈ ਸਿਲਸਿਲੇਵਾਰ ਵਿਗਆਨਿਕ ਇਤਿਹਾਸ ਨਹੀਂ ਮਿਲਦਾ ਪਰ ਜੋ ਕੁਝ ਤੇ ਜਿਸ ਤਰ੍ਹਾਂ ਮਿਲਦਾ ਹੈ, ਉਸ ਵਿਚੋਂ ਉਹਨਾਂ ਦਾ ਨੁਕਤਾ ਖਿਆਲ ਨਾ ਸਮਝਣ ਕਰਕੇ ਹੀ ਉਹ ਤ੍ਰਿਸਕਾਰਿਤ ਹੁੰਦਾ ਹੈ।
ਭਾਰਤੀ ਤੇ ਪੰਜਾਬੀ ਸਾਹਿਤ ਵਿਚ ਪਹਿਲਾਂ ਕਾਵਿ ਸਿਰਜਣਾ ਹੋਈ। ਭਾਰਤੀ ਕਵੀਆਂ ਨੇ ਇਤਿਹਾਸ ਜਿਹੇ ਖੁਸ਼ਕ ਵਿਸ਼ੇ ਨੂੰ ਰੋਚਕ ਬਣਾ ਕੇ ਕਵਿਤਾ ਵਿਚ ਸਫਲਤਾ ਨਾਲ ਨਿਭਾਉਣ ਦੀ ਪੂਰੀ ਚੇਸ਼ਟਾ ਕੀਤੀ। ਇਹੋ ਕਾਰਨ ਹੈ ਕਿ ਭਾਰਤ ਵਿਚ, ਪਹਿਲੇ ਸਮਿਆਂ ਵਿਚ ਲਿਖਿਆ ਗਿਆ ਇਤਿਹਾਸ ਕਾਵਿ ਰੂਪ ਵਿਚ ਹੀ ਮਿਲਦਾ ਹੈ। ਆਪਣੇ ਦੇਸ਼ ਦੇ ਜਿਹੜੇ ਲੰਮੇ ਇਤਿਹਾਸ ਮਿਲਦੇ ਹਨ ਤੇ ਜਿਨ੍ਹਾਂ ਵਿਚ ਬਹੁਤ ਕੁਝ ਵਿਗਿਆਨਿਕ ਇਤਿਹਾਸ ਵਾਂਗ ਵੀ ਮਿਲਦਾ ਹੈ, ਉਹ ਕਵਿਤਾ ਵਿਚ ਹਨ ਤੇ ਅਲੰਕਾਰਕ ਸਾਹਿਤ ਵਿਚ ਵਰਣਿਤ ਹਨ ਜਿਨ੍ਹਾਂ ਨਾਲ ਇਨਸਾਨੀ ਆਚਰਣ ਤੇ ਚੰਗੇ ਅਸਰ ਪੈਂਦੇ ਹਨ। ਜੇ ਸਾਡੇ ਪੂਰਵਜ, ਇਤਿਹਾਸਿਕ ਮਹੱਤਵ ਵਾਲੀ ਕਿਸੇ ਘਟਨਾ ਦੇ ਵਰਣਨ ਨੂੰ ਕਾਵਿ ਰੂਪ ਵਿਚ ਲਿਖਿਆ ਹੋਣ ਕਾਰਨ ਹੀ ਇਤਿਹਾਸ ਦੇ ਖੇਤਰ ਵਿਚੋਂ ਖਾਰਜ ਕਰ ਦਿੰਦੇ ਤਾਂ ਵਾਰਤਕ ਇਤਿਹਾਸਕਾਰੀ ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਜਾਣਾ ਵੱਡੀ ਗੱਲ ਨਹੀਂ ਸੀ।
ਭਾਰਤੀ ਇਤਿਹਾਸ ਦੇ ਪ੍ਰਸਿੱਧ ਸੋਮਿਆਂ ਵਿਚ ਚੰਦ ਬਰਦਾਈ ਰਚਿਤ ਪ੍ਰਿਥਵੀ ਰਾਜ ਰਾਇਸੋ ਅਤੇ ਕਲਹਣ ਦੀ ਰਾਜ ਤ੍ਰੰਗਣੀ ਦੇ ਨਾਂ ਬੜੇ ਮਾਣ ਨਾਲ ਲਏ ਜਾਂਦੇ ਹਨ। ਇਹ ਦੋਵੇਂ ਇਤਿਹਾਸਿਕ ਗ੍ਰੰਥ ਕਵਿਤਾ ਵਿਚ ਹਨ ਤੇ ਭਾਰਤ ਦੇ ਮਹਾਨ ਕਵੀਆਂ ਦੀ ਮਿਹਨਤ ਦੇ ਸਿੱਟੇ ਹਨ। ਇਤਿਹਾਸ ਵਿਦਵਾਨਾਂ ਅਨੁਸਾਰ ਪ੍ਰਿਥਵੀ ਰਾਜ ਰਾਇਸੋ ਭਾਰਤ ਦੇ ਇਤਿਹਾਸ ਨੂੰ ਵਰਨਨ ਕਰਨ ਵਾਲਾ ਸਭ ਤੋਂ ਪਹਿਲਾ ਗ੍ਰੰਥ ਹੈ ਕਿਉਂਕਿ ਇਸ ਤੋਂ ਪਹਿਲਾਂ ਕੀਤੀ ਗਈ ਅਜਿਹੇ ਮਹੱਤਵ ਦੀ ਕਿਸੇ ਰਚਨਾ ਦਾ ਅਜੇ ਤਕ ਕੋਈ ਸੁਰਾਗ ਨਹੀਂ ਮਿਲਦਾ। ਪ੍ਰਿਥਵੀ ਰਾਜ ਰਾਇਸੋ ਦੇ ਕਰਤਾ ਚੰਦ ਬਰਦਾਈ ਨੇ ਆਪਣੇ ਇਸ ਗ੍ਰੰਥ ਦਾ ਮੁਢ, ਪ੍ਰਿਥਵੀ ਰਾਜ ਚੌਹਾਨ ਦੇ ਪਿਤਾਮਿਆਂ ਦੇ ਇਤਿਹਾਸ ਤੋਂ ਬੰਨ੍ਹਿਆ ਹੈ। ਭਾਵੇਂ ਇਸ ਗੰਰਥ ਵਿਚ ਸੰਸਕ੍ਰਿਤ ਭਾਸ਼ਾ ਦੇ ਸ਼ਲੋਕਾਂ ਅਤੇ ਫ਼ਾਰਸੀ, ਪੰਜਾਬੀ ਭਾਸ਼ਾ ਦੇ ਸ਼ਬਦਾਂ ਦਾ ਪ੍ਰਯੋਗ ਹੋਇਆ ਵੀ ਮਿਲਦਾ ਹੈ ਫਿਰ ਵੀ ਇਸ ਦੀ ਭਾਸ਼ਾ ਤਦਵਕਤੀ ਹਿੰਦੀ ਹੀ ਮੰਨੀ ਗਈ ਹੈ। ਇਸ ਗ੍ਰੰਥ ਦੀ ਕਾਵਿ ਪੱਧਰ ਅਜਿਹੀ ਹੈ ਕਿ ਵਿਦਵਾਨ ਇਸ ਦੇ ਅਰੰਭ ਵਿਚ ਕਵੀ ਵਲੋਂ ਲਿਖੇ ਗਏ ਮੰਗਲਾਚਰਨ ਦੇ ਛੰਦ ਦਾ ਹੀ ਸਹੀ ਨਿਰਨਾ ਨਹੀਂ ਕਰ ਸਕੇ।
ਦੂਸਰਾ ਪ੍ਰਸਿੱਧ ਇਤਿਹਾਸ ਸ੍ਰੋਤ ਮਹਾਂਕਵੀ ਕਲਹਣ ਰਚਿਤ ਰਾਜਤ੍ਰੰਗਣੀ ਹੈ ਜਿਸ ਵਿਚ ਕਸ਼ਮੀਰ ਦਾ ਇਤਿਹਾਸ ਵਰਨਨ ਕੀਤਾ ਹੋਇਆ ਹੈ। ਕਲਹਣ, ਚੰਪਕ ਮਹਾਂਮੰਤਰੀ ਦਾ ਪੁਤਰ ਸੀ। ਪਿਤਾ ਦੇ ਮਹਾਰਾਜ ਹਰਸ਼ਦੇਵ ਦੇ 1089 ਤੋਂ 1101 ਤਕ ਪ੍ਰਧਾਨ ਮੰਤਰੀ ਰਹਿ ਚੁਕਣ ਕਾਰਨ ਕਲਹਣ ਦਾ ਇਤਿਹਾਸ ਗਿਆਨ ਕਾਫੀ ਸੀ। ਵਿਦਵਾਨਾਂ ਨੇ ਰਾਜਤ੍ਰੰਗਣੀ ਦਾ ਰਚਨਾ ਕਾਲ 1148 ਤੋਂ 1150 ਦੇ ਵਿਚਕਾਰ ਦਾ ਮੰਨਿਆ ਹੈ। ਸਮੁੱਚੇ ਪ੍ਰਾਚੀਨ ਭਾਰਤੀ ਇਤਿਹਾਸ ਵਿਚ ਵਿਗਿਆਨਿਕ ਲੀਹਾਂ ਉੱਤੇ ਇਤਿਹਾਸ ਲਿਖਣ ਦਾ ਜੇ ਕੋਈ ਉਪਰਾਲਾ ਕੀਤਾ ਗਿਆ ਹੈ ਤਾ ਇਹ ਕਲਹਣ ਦੀ ਰਾਜਤ੍ਰੰਗਣੀ ਹੈ। ਅਜਿਹੇ ਕਈ ਹੋਰ ਇਤਿਹਾਸਾਂ ਦੇ ਲਿਖੇ ਜਾਣ ਦੀ ਸੂਹ ਵੀ ਲਗਦੀ ਹੈ, ਜਿਨ੍ਹਾਂ ਵਿਚ 12000 ਸਲੋਕਾਂ ਵਿਚ, ਹੇਲਾਰਾਜ ਵਿਪਰ ਰਚਿਤ ਪਾਰਥਾਵਲੀ ਤੇ ਖੇਮੇਂਦਰ ਰਚਿਤ ਤ੍ਰਿਪਾਵਲੀ ਦੇ ਨਾਂ ਗਿਣੇ ਜਾ ਸਕਦੇ ਹਨ। ਭਾਈ ਵੀਰ ਸਿੰਘ ਨੇ ਇਕ ਅਜਿਹੇ ਪ੍ਰਾਚੀਨ ਇਤਿਹਾਸ ਮੰਜੂਸਰੀ ਮੂਲਾ ਕਲਪ: ਦੀ ਦੱਸ ਪਾਈ ਹੈ ਜਿਸ ਵਿਚ ਈਸਾ ਪੂਰਵ 600 ਤੋਂ ਲੈ ਕੇ 700 ਈਸਵੀ ਤਕ ਦੇ ਹਾਲਾਤ ਦਰਜ ਹਨ ਤੇ ਜਿਸ ਨੂੰ ਟ੍ਰਾਵਨਕੋਰ ਰਿਆਸਤ ਨੇ ਪ੍ਰਕਾਸ਼ਿਤ ਕਰਵਾਇਆ ਸੀ।
ਇਸ ਤਰ੍ਹਾਂ ਦੇ ਕਾਵਿ ਇਤਿਹਾਸਾਂ ਵਿਚ ਸਾਨੂੰ ਸੰਖੇਪ ਤੇ ਵਿਸਤਰਿਤ ਦੋਹਾਂ ਤਰ੍ਹਾਂ ਦੇ ਇਤਿਹਾਸ ਮਿਲਦੇ ਹਨ। ਭਾਈ ਵੀਰ ਸਿੰਘ ਨੇ ਰਾਜਤ੍ਰੰਗਣੀ ਤੇ ਮੰਜੂਸਰੀ ਮੂਲਾ ਕਲਪ ਨੂੰ ਵਿਗਿਆਨਿਕ ਇਤਿਹਾਸਾਂ ਦੀਆਂ ਵੰਨਗੀਆਂ ਮੰਨਦੀਆਂ ਲਿਖਿਆਂ ਹੈ ਕਿ ਆਮ ਤੌਰ ਤੇ ਹਿੰਦ ਦੇ ਪਿਛਲਿਆਂ ਦੇ ਲਿਖੇ ਇਤਿਹਾਸ ਇਸ ਤਰਾਂ ਦੇ ਨਹੀਂ ਮਿਲਦੇ।
ਵਿਗਿਆਨਿਕ ਲੀਹਾਂ ਤੇ ਲਿਖੇ ਜਾਂਦੇ ਅੱਜ ਦੇ ਇਤਿਹਾਸਾਂ ਦੇ ਮੁਕਾਬਲੇ ਪੁਰਾਤਨ ਸਮੇਂ ਦੀਆਂ ਇਤਿਹਾਸਿਕ ਕਿਸਮ ਦੀਆਂ ਭਾਰਤੀ ਰਚਨਾਵਾਂ ਵਿਚ ਵਰਣਤ ਘਟਨਾਵਾਂ ਦੇ ਵਾਪਰਨ ਦੀਆਂ ਮਿਤੀਆਂ ਦਾ ਦਰਜ਼ ਨਾ ਹੋਣਾ, ਵਰਤਮਾਨ ਸਮੇਂ ਦੇ ਇਤਿਹਾਸ ਵਿਦਿਆਰਥੀਆਂ ਲਈ ਔਕੜਾਂ ਪੇਸ਼ ਕਰਦਾ ਹੈ ਤੇ ਰੜਕਦਾ ਵੀ ਹੈ। ਇਤਿਹਾਸ ਵਿਦਵਾਨ ਇਸ ਨੂੰ ਪੂਰਵਜਾਂ ਦੀ ਊਣਤਾਈ ਖਿਆਲ ਕਰਦੇ ਹਨ। ਕਈ ਵਿਦਵਾਨਾਂ ਨੇ ਇਸ ਰੀਤੀ ਨੂੰ ਅਨੇਕ ਜੂਨੀਏ ਹਿੰਦੂਆਂ ਦਾ ਇਤਿਹਾਸ ਵੱਲੋਂ ਅਵੇਸਲਾਪਨ ਵੀ ਗਰਦਾਨਿਆ ਹੈ। ਉਹਨਾਂ ਅਨੁਸਾਰ ਪ੍ਰਾਚੀਨ ਭਾਰਤੀ ਲੋਕ ਜੂਨ ਕਟੀ ਕਰਦੇ ਸਨ, ਜਿਉਂਦੇ ਨਹੀਂ ਸਨ। ਅਜਿਹੇ ਵਿਚਾਰਧਾਰੀਆਂ ਲਈ ਜਿੰਦਗੀ ਦੀ ਯਾਦ ਕਾਇਮ ਰੱਖਣਾ ਇਕ ਵਿਅਰਥ ਗੱਲ ਸੀ ਇਸੇ ਕਰਕੇ ਇਨ੍ਹਾਂ ਵਿਚ ਸਮੇਂ ਦੀ ਬਹੁਤੀ ਕਦਰ ਕੀਮਤ ਭੀ ਨਹੀਂ ਕਾਇਮ ਹੋ ਸਕੀ। ਸਾਡਾ ਖਿਆਲ ਹੈ ਕਿ ਮਿਤੀਆਂ ਦਰਜ ਨਾ ਕਰਨ ਦੀ ਇਹ ਕਿਰਿਆ ਓਨੀ ਉਹਨਾਂ ਪੂਰਵਜਾਂ ਦੀ ਅਣਗਹਿਲੀ ਦਾ ਸਿੱਟਾ ਨਹੀਂ ਸੀ ਜਿੰਨਾ ਉਹਨਾਂ ਸਮਿਆਂ ਵਿਚ ਪ੍ਰਚਲਿਤ ਰੀਤੀ ਦੇ ਅਨੁਸਰਣ ਦਾ। ਜਮਾਨੇ ਦੀ ਅਫਰਾ-ਤਫਰੀ ਵਿਚ ਪਿਛਲੇ ਇਤਿਹਾਸ ਸਾੜੇ ਫੂਕੇ ਵੀ ਗਏ ਪਰ ਜੋ ਕੁਛ ਵੀ ਮਿਲਦਾ ਹੈ ਉਸ ਵੱਲ ਨਜ਼ਰ ਮਾਰੀਏ ਤਾਂ ਜਾਪਦਾ ਹੈ ਕਿ ਲੇਖਕਾਂ ਦਾ ਖਿਆਲ ਇਤਿਹਾਸ ਦੇ ਅਸਰ ਵੱਲ ਵਧੇਰੇ ਗਿਆ ਹੈ। ਇਸ ਨੂੰ ਖੋਜਿਆਂ ਐਉਂ ਜਾਪਦਾ ਹੈ ਕਿ ਉਹਨਾਂ ਨੇ ਵਾਕਯਾਤ ਵਿੱਚੋਂ ਅਨੋਖੀਆਂ ਗੱਲਾਂ ਛਾਣਪੁਣ ਕੇ ਰੱਖ ਲਈਆਂ ਹਨ ਤੇ ਅਕਸਰ ਵਾਕਯਾਤ ਦੇ ਵਰਨਨ ਲਈ ਕਵਿਤਾ ਨੂੰ ਵਰਤਿਆ ਹੈ। ਇਸੇ ਸ਼ਕਲ ਵਿਚ ਵਾਕਯਾਤ ਤਾਂ ਚੁਣ ਕੇ ਸੰਭਾਲੇ ਹਨ ਪਰ ਉਹਨਾਂ ਦੀ ਤਫਸੀਲ ਦੀ ਦਰੁਸਤੀ ਦੀ ਪਰਵਾਹ ਨਹੀਂ ਕੀਤੀ ਤੇ ਨਾ ਹੀ ਸਾਰੀ ਤਫਸੀਲ ਰੱਖਣੀ ਲੋਂੜੀਦੀ ਸਮਝੀ ਹੈ। ਇਥੋਂ ਤਾਈਂ ਕਿ ਤਾਰੀਖਾਂ ਤੇ ਸਮੇਂ ਵੀ ਪੂਰੀ ਤਰ੍ਹਾਂ ਨਹੀਂ ਲਿਖੇ। ਜ਼ਰੂਰੀ ਨਹੀਂ ਕਿ ਸਾਰਿਆਂ ਨੇ ਇਸੇ ਲੀਹ ਨੂੰ ਵੀ ਅਪਣਾਇਆ ਹੋਵੇ। ਕਈ ਇਤਿਹਾਸਾਂ ਵਿਚ ਕਈ ਘਟਨਾਵਾਂ ਦੀਆਂ ਮਿਤੀਆਂ ਦਰਜ ਹੋਈਆਂ ਮਿਲਦੀਆਂ ਵੀ ਹਨ ਪਰ ਕਿਉਂਕਿ ਇਹ ਗੰ੍ਰਥ ਕਵਿਤਾ ਵਿਚ ਰਚੇ ਗਏ ਹਨ ਤੇ ਮਹਾਂਕਵੀ ਤਿਥੀ ਮਿਤੀ ਵੀ ਸੰਖਿਆ ਕੋਸ਼ ਵਿਚ ਦਿਤੀ ਗਈ ਗਿਣਤੀ ਅਨੁਸਾਰ ਸ਼ਬਦਾਵਲੀ ਵਿਚ ਹੀ ਦਰਜ ਕਰਦੇ ਸਨ ਜੋ ਜਨ ਸਾਧਾਰਨ ਲਈ ਸਮਝਣੀ ਸਹਿਲ ਨਹੀਂ ਸੀ ਹੁੰਦੀ। ਕਈ ਘਟਨਾਵਾਂ ਦੀਆਂ ਮਿਤੀਆਂ ਇਤਿਹਾਸਿਕ ਗੰ੍ਰਥਾਂ ਵਿਚ ਦਰਜ ਹੋਣ ਦੇ ਬਾਵਜੂਦ ਵੀ, ਵਿਦਵਾਨਾਂ ਵੱਲੋਂ ਉਹਨਾਂ ਦੇ ਵੱਖ ਵੱਖ ਅਰਥ ਕਢੇ ਜਾਣ ਦੇ ਫਲਸਰੂਪ, ਮੂਲ ਲਿਖਤ ਵਿਚ ਦਰਜ ਤਾਰੀਖਾਂ ਵਿਚ ਭੁਲੇਖੇ ਪੈਂਦੇ ਗਏ। ਉਦਾਹਰਣ ਵਜੋਂ ਪ੍ਰਿਥਵੀ ਰਾਜ ਰਾਇਸੋ ਵਿਚ ਪ੍ਰਿਥਵੀਰਾਜ ਚੌਹਾਨ ਦਾ ਜਨਮ ਸੰਮਤ ਚੰਦਬਰਦਾਈ ਨੇ ਦਰਜ ਤਾਂ ਕੀਤਾ ਹੈ ਪਰ ਲਿਖਿਆ ਇਸ ਤਰ੍ਹਾਂ ਦੀ ਕਾਵਿਮਈ ਗੂੜ੍ਹ ਭਾਸ਼ਾ ਵਿਚ ਹੈ ਕਿ ਵਿਦਵਾਨਾਂ ਨੇ ਕਾਵਿ ਪਦ ਦੇ ਸਹੀ ਅਰਥ ਆਪੋ ਆਪਣੇ ਹਿਸਾਬ ਅਨੁਸਾਰ ਕਰ ਕੇ ਜਨਮ ਸੰਮਤ ਹੀ ਇਕ ਤੋ ਅਨੇਕ ਬਣਾ ਦਿੱਤੇ ਹਨ। ਚੰਦਬਰਦਾਈ ਨੇ ਲਿਖਿਆ ਹੈ:
ਏਕਾਦਸ ਸੇ ਪੰਚਦਹ, ਅਨੰਦ ਬਿਕ੍ਰਮ ਸਾਲ।
ਅਰਥਾਤ 1115 ਦਾ ਅਨੰਦ ਸ਼ਕ ਸੰਮਤ ਜਿਸ ਵਿਚ ਦੁਸ਼ਮਣਾਂ ਨੂੰ ਜਿਤਣ ਤੇ ਨਗਰ ਅਥਵਾ ਦੇਸ਼ ਦੇਸਾਤਰਾਂ ਨੂੰ ਹਰਨ ਲਈ ਪ੍ਰਿਥਵੀਰਾਜ ਨਰਿੰਦਰ (ਮਹਾਰਾਜ ਉਤਪੰਨ ਹੋਏ। ਅਨੰਦ ਸ਼ਕ ਦੇ 90-91 ਵਰ੍ਹੇ ਜੋੜ ਕੇ 1205 ਬਿਕ੍ਰਮੀ ਸੰਮਤ ਬਣਦਾ ਸੀ। ਪਰ ਅਨੰਦ ਸ਼ਬਦ ਦੇ ਅਰਥ ਸਹੀ ਨਾ ਲਏ ਜਾਣ ਦੇ ਕਾਰਨ ਪ੍ਰਿਥਵੀਰਾਜ ਦਾ ਜਨਮ ਕਿਸੇ ਨੇ ਕਿਸੇ ਸੰਮਤ ਵਿਚ ਤੇ ਕਿਸੇ ਨੇ ਕਿਸੇ ਸੰਮਤ ਵਿਚ ਲਿਖ ਦਿੱਤਾ ਹੈ।
ਕਿਸੇ ਗ੍ਰੰਥ ਦੇ ਰਚਨਾ, ਜਾਂ ਸਮਾਪਤੀ ਕਾਲ ਦਰਜ ਕਰਨ, ਉਸ ਦੇ ਛੰਦਾਂ ਦੀ ਗਿਣਤੀ ਦਰਜ ਕਰਨ ਦੀ ਪਰੰਪਰਾ ਦਾ ਅਨੁਸਰਣ ਵੀ ਬਹੁਤ ਗ੍ਰੰਥਾਂ ਵਿਚ ਕੀਤਾ ਮਿਲਦਾ ਹੈ। ਜਿਵੇ:
ਨਭ ਨਾਗ ਸਿਧੀ ਸਸਿ ਸਾਵਣ ਸੰਬਤ ਮੰਗਨ ਥਿਤ ਛਟੀ ਪਖ ਸਿਯਾਮਾ।
ਚੁਹਣੀ ਪੁਰ ਮਾਹਿ ਅਰੰਭ ਕਰਯੋ ਇਤਿ ਸ੍ਰੀ ਲਵਧਾਮ ਸਭਾਜਿਤ ਠਾਮਾ।
ਅਰਥਾਤ ਚੂਹਣੀਆਂ (ਤਹਿਸੀਲ ਲਾਹੌਰ) ਵਿਚ ਅਰੰਭ ਕੀਤਾ ਗ੍ਰੰਥ ਸਾਵਣ ਵਦੀ ਛੇਂਵੀ ਸੰਮਤ 1990 ਨੂੰ ਲਾਹੌਰ ਵਿਚ ਸੰਪੂਰਨ ਹੋਇਆ।
ਸੰਬਤ ਸਸਿ ਰਸ ਵਾਰ ਸਸਿ ਕਾਤਕ ਸਤਿਵਾਰ,
ਤਾਂ ਤੈ ਢਾਕੈ ਸਹਰ ਮੈ ਉਪਜਯੋ ਪੁਰਪ ਪ੍ਰਚਾਰ।
ਸਸਿ 1, ਰਸ 6, ਵਾਰ 7, ਸਸਿ 1 1671 ਬਿ: ਕਤਕ ਦੇ ਮਹੀਨੇ ਵ੍ਰਿੰਦ ਸਤਸਈ ਢਾਕੇ ਸ਼ਹਿਰ ਵਿਚ ਸੰਪੂਰਨ ਹੋਇਆ।
ਭਾਰਤੀ ਇਤਿਹਾਸ ਪਰੰਪਰਾ ਦੇ ਇਸ ਸੰਦਰਭ ਵਿਚ ਗੁਰੂ ਗੋਬਿੰਦ ਸਿੰਘ ਰਚਿਤ ਬਿਚਿਤ੍ਰ ਨਾਟਕ ਦਾ ਅਧਿਐਨ ਕਰਨ ਤੋਂ ਪਹਿਲਾਂ ਦਸਮੇਸ਼ ਜੀ ਦੇ ਪੂਰਵਾਧਿਕਾਰੀ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਵਿਚ ਵਿਦਮਾਨ ਇਤਿਹਾਸ ਦੀ ਇਤਿਹਾਸਕਾਰੀ ਉਪਰ ਝਾਤ ਪਾ ਲੈਣੀ ਜ਼ਰੂਰੀ ਭਾਸਦੀ ਹੈ ਕਿਉਂਕਿ ਗੁਰੂ ਤੇਗ ਬਹਾਦਰ ਜੀ ਤੋਂ ਗੁਰੂ ਪਰੰਪਰਾ ਨੂੰ ਅੱਗੇ ਤੋਰਦਿਆਂ ਗੁਰੂ ਗੋਬਿੰਦ ਸਿੰਘ ਨੇ ਪੂਰਵ ਗੁਰੂ ਸਾਹਿਬਾਨ ਵੱਲੋਂ ਅਪਣਾਈ ਗਈ ਇਤਿਹਾਸ ਪਰੰਪਰਾ ਦਾ ਅਨੁਸਰਣ ਕਰਨ ਦੇ ਨਾਲ ਨਾਲ ਉਸ ਵਿਚ ਕੁਝ ਵਾਧਾ ਕੀਤਾ ਤੇ ਉਸ ਨੂੰ ਕੁਝ ਵਖਰੇਵਾਂ ਵੀ ਪਰਦਾਨ ਕੀਤਾ।
ਗੁਰੂ ਗੋਬਿੰਦ ਸਿੰਘ ਤੋਂ ਪਹਿਲੇ, ਸਭ ਗੁਰੂ ਸਾਹਿਬਾਨ ਨੇ ਵੀ ਇਤਿਹਾਸਿਕ ਘਟਨਾਵਾਂ ਗੁਰਬਾਣੀ ਵਿਚ ਦਰਜ ਕੀਤੀਆਂ ਹਨ ਪਰ ਵਡੇ ਪੈਮਾਨੇ ਦਾ ਉਦਮ ਗੁਰੂ ਨਾਨਕ ਤੇ ਗੁਰੂ ਅਰਜਨ ਦੇਵ ਵੱਲੋਂ ਕੀਤਾ ਗਿਆ ਜਾਪਦਾ ਹੈ। ਇਸ ਕਿਸਮ ਦੇ ਵਰਨਨਾਂ ਵਿਚ ਵਿਸਥਾਰ ਨਾਲੋਂ ਸੰਖੇਪਤਾ ਵਧੇਰੇ ਨਜ਼ਰ ਆਉਂਦੀ ਹੈ। ਬਾਬਰ ਦੇ ਭਾਰਤ ਉੱਤੇ ਹਮਲੇ ਦੇ ਸੰਬੰਧ ਵਿਚ ਰਚੀ ਬਾਣੀ ਵਿਚ ਭਾਵੇਂ ਗੁਰੂ ਨਾਨਕ ਦੇ ਸਥਾਨਕ ਜਨਤਾ ਵਿਚ ਉਸ ਦੇ ਪ੍ਰਤੀਕਰਮ ਤੇ ਜਨ-ਸਾਧਾਰਣ ਉਪਰ ਪਏ ਉਸਦੇ ਪ੍ਰਭਾਵ ਨੂੰ ਕਾਫੀ ਵਿਸਥਾਰ ਨਾਲ ਬਿਆਨਿਆ ਹੈ, ਫਿਰ ਵੀ ਵੀਹਵੀਂ ਸਦੀ ਦੇ ਜਗਿਆਸੂ ਪਾਠਕ ਦੀ ਭੁੱਖ ਇਸ ਨਾਲ ਪੂਰੀ ਹੁੰਦੀ ਨਹੀਂ ਜਾਪਦੀ ਕਿਉਂਕਿ ਬਾਬਰ ਦੇ ਹਮਲੇ ਦੇ ਚਸ਼ਮਦੀਦ ਗਵਾਹ ਅਤੇ ਹਮਲੇ ਦੇ ਫਲਸਰੂਪ ਪੈਦਾ ਹੋਈਆਂ ਪ੍ਰਸਥਿਤੀਆਂ ਵਿਚ ਵਿਚਰਨ ਵਾਲਾ ਅਨੁਭਵੀ ਸਾਇਰ ਇਸ ਤੋਂ ਵੀ ਬਹੁਤ ਕੁੱਛ ਵੱਧ ਦੱਸ ਸਕਦਾ ਸੀ। ਦੂਜੇ ਪਾਸੇ, ਗੁਰੂ ਨਾਨਕ ਨੇ ਤਾਂ ਕਈ ਵਾਰੀ ਇਕ ਇਕ ਸਤਰ ਵਿਚ ਵੀ ਘਟਨਾ ਦਾ ਸੰਕੇਤਕ ਵਰਨਨ ਕੀਤਾ ਹੈ। ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ਦੀ ਇਕ ਸਤਰੀ ਉਦਾਹਰਨ ਇਸ ਦਾ ਢੁਕਵਾਂ ਪ੍ਰਮਾਣ ਹੋ ਸਕਦਾ ਹੈ। ਇਤਿਹਾਸਕਾਰਾਂ ਅਨੁਸਾਰ ਇਹ ਸਤਰ ਬਾਬਰ ਵਲੋਂ ਭਾਰਤ ਉਪਰ 1524 ਵਿਚ ਕੀਤੇ ਗਏ ਹਮਲੇ ਸਮੇਂ ਲਾਹੌਰ ਵਿਚ ਹਮਲਾਵਰਾਂ ਦੇ ਅਤਿਆਚਾਰਾਂ ਦੀ ਮੂੰਹ ਬੋਲਦੀ ਤਸਵੀਰ ਹੈ। ਇਸ ਸਤਰ ਵਿਚੋਂ ਹੋਰ ਕਿੰਨੇ ਹੀ ਪ੍ਰਸ਼ਨ ਪੈਦਾ ਹੁੰਦੇ ਹਨ ਜਿਵੇਂ ਹਮਲਾ ਜਦੋਂ ਹੋਇਆ? ਕਹਿਰ ਕਿਸ ਰੂਪ ਵਿਚ ਵਾਪਰਿਆ? ਉਸ ਬਾਰੇ ਲੋਕਾਂ ਦਾ ਪ੍ਰਤੀਕਰਮ ਕੀ ਸੀ? ਉਸ ਨੇ ਆਮ ਲੋਕਾਂ ਨੂੰ ਕਿਸ ਤਰ੍ਹਾਂ ਪ੍ਰਭਾਵਤ ਕੀਤਾ? ਆਦਿ। ਇਸ ਵਰਨਨ ਵਿਚ ਵਰਤੀ ਗਈ ਸੰਵੇਪਤਾ ਕਾਰਨ ਅੱਜ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਲੱਭਣ ਲਈ ਸਾਨੂੰ ਹੋਰਨਾਂ ਇਤਿਹਾਸਾਂ ਦਾ ਆਸਰਾ ਲੈਣਾ ਪੈਂਦਾ ਹੈ।
ਇਸੇ ਤਰ੍ਹਾਂ ਗੁਰੂ ਅਰਜਨ ਦੇਵ ਦੇ ਕਈ ਸ਼ਬਦ ਵਿਚਾਰੇ ਜਾ ਸਕਦੇ ਹਨ। ਉਦਾਹਰਣ ਵਜੋਂ ਗਰੀਬਾ ਉਪਰਿਜਿ ਖਿੰਜੈ ਦਾੜ੍ਹੀ। ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ ਵਾਲਾ ਸ਼ਬਦ ਹੀ ਲਿਆ ਜਾ ਸਕਦਾ ਹੈ ਜਿਸ ਵਿਚ ਗੁਰੂ ਸਾਹਿਬ ਨੇ ਕਿਸੇ ਵਿਅਕਤੀ ਦੀ ਮੌਤ ਵਲ ਸੰਕੇਤ ਕਰਦਿਆਂ ਉਸ ਲਈ ਅਕਾਲਪੁਰਖ ਦਾ ਸ਼ੁਕਰ ਗੁਜ਼ਾਰਿਆ ਹੈ। ਪਰ ਇਸ ਘਟਨਾ ਦੇ ਅੱਗੇ ਪਿਛੇ ਤੇ ਖਲਨਾਇਕ ਦੀ ਪਛਾਣ ਸ਼ਬਦ ਵਿਚੋਂ ਨਹੀਂ ਹੁੰਦੀ। ਅਸਲ ਗੱਲ ਇਉਂ ਸੀ ਕਿ ਗੁਰੂ ਅਰਜਨ ਦੇਵ ਜੀ ਦੇ ਵਡੇ ਭਰਾ ਪਿਰਥੀਏ ਵੱਲੋਂ ਉਕਸਾਇਆ ਗਿਆ ਸਰਕਾਰੀ ਅਹਿਲਕਾਰ ਸੁਲਹੀਖਾਨ-ਦਾੜ੍ਹੀ ਉਪਰ ਹਥ ਫੇਰ ਕੇ ਦਿਲੀਉਂ ਇਹ ਪ੍ਰਣ ਕਰ ਕੇ ਤੁਰਿਆ ਸੀ ਕਿ ਉਹ ਗੁਰੂ ਅਰਜਨ ਦੇਵ ਜੀ ਨੂੰ ਗਦੀਉਂ ਲਾਹ ਕੇ ਬਾਬਾ ਪ੍ਰਿਥੀਚੰਦ ਨੂੰ ਗੁਰੂ ਬਣਾ ਕੇ ਆਵੇਗਾ ਪਰ ਗਰੀਬਾਂ ਉਪਰ ਖਿਝਣ ਵਾਲੀ ਦਾੜ੍ਹੀ ਆਵੇ ਦੀ ਅੱਗ ਵਿਚ ਸੜੀ। ਇਸ ਘਟਨਾ ਨਾਲ ਹੋਰ ਵੀ ਕਈ ਪ੍ਰਸ਼ਨ ਜੁੜੇ ਹੋਏ ਹਨ ਅਰਥਾਤ ਸੁਲਹੀਖਾਨ ਕੌਣ ਸੀ? ਉਹ ਗੁਰੂ ਜੀ ਤੇ ਕਿਉਂ ਤੇ ਕਦੋਂ ਚੜ੍ਹ ਕੇ ਆਇਆ? ਕਿਥੇ ਮਰਿਆ? ਉਸ ਦੀ ਮੌਤ ਦਾ ਸਿਖਾਂ ਅਤੇ ਸਿਖੀ ਉਪਰ ਕੀ ਪ੍ਰਭਾਵ ਪਿਆ? ਆਦਿ। ਇਹ ਇਤਿਹਾਸ ਸੰਖੇਪ ਹੈ।
ਅੱਜ ਕਲ੍ਹ ਇਤਿਹਾਸਕਾਰ, ਵਿਗਿਆਨਿਕ ਲੀਹਾਂ ਉੱਤੇ ਲਿਖੀ ਗਈ ਲ਼ਿਖਤ ਤੋਂ ਬਿਨਾਂ ਹੋਰ ਕਿਸੇ ਲਿਖਤ ਨੂੰ ਇਤਿਹਾਸ ਮੰਨਣ ਨੂੰ ਤਿਆਰ ਨਹੀਂ। ਡਾਕਟਰ ਗੰਡਾ ਸਿੰਘ ਦਾ ਵਿਚਾਰ ਹੈ ਕਿ ਹਿੰਦੁਸਤਾਨੀ ਲੋਕਾਂ ਨੂੰ ਇਤਿਹਾਸ ਦੀ ਸੂਝ ਹੀ ਮੁਸਲਮਾਨਾਂ ਦੇ ਆਗਮਨ ਤੋਂ ਪਿਛੋਂ ਆਈ। ਸਰਦਾਰ ਕਪੂਰ ਸਿੰਘ ਦਾ ਕਹਿਣਾ ਹੈ ਕਿ ਵਿਗਿਆਨਿਕ ਇਤਿਹਾਸ ਲਿਖੇ ਜਾਣ ਦਾ ਮੁਢ ਕਰੀਬ ਇਕ ਸਦੀ ਪਹਿਲਾਂ ਹੀ ਬਝਾ ਜਿਸ ਦੀਆਂ ਮੋਢੀ ਯੂਰਪੀਨ ਕੌਮਾਂ ਸਨ।
ਵਿਗਿਆਨਿਕ ਇਤਿਹਾਸਕਾਰ ਦਾ ਆਦਰਸ਼ ਹੁੰਦਾ ਹੈ ਬਿਆਨ ਦੀ ਸਚਾਈ ਤੇ ਭਰੋਸਾ ਬਣਾਈ ਰੱਖਣਾ। ਗੁਰਵੁਡ ਦਾ ਕਹਿਣਾ ਹੈ ਕਿ ਇਤਿਹਾਸ ਵਿਚ ਸਚ ਹੋਣਾ ਚਾਹੀਦਾ ਹੈ, ਸਚ ਤੋਂ ਬਿਨਾਂ ਹੋਰ ਕੁਝ ਵੀ ਨਹੀਂ। ਪ੍ਰਾਚੀਨ ਭਾਰਤੀ ਇਤਿਹਾਸਕਾਰਾਂ ਦੀ ਪਰੰਪਰਾ ਹੀ ਸਚ ਤੇ ਪਹਿਰਾ ਦੇਣ ਦੀ ਰਹੀ ਹੈ। ਉਹਨਾਂ ਨੇ ਕਿਸੇ ਲੋਭ ਲਾਲਚ ਖਾਤਰ ਆਪਣੇ ਇਤਿਹਾਸ ਨਹੀਂ ਲਿਖੇ। ਇਸ ਸਬੰਧ ਵਿਚ ਕਲਹਣ ਦੀ ਉਦਾਹਰਣ ਉਚੇਚੇ ਤੌਰ ਤੇ ਦਿੱਤੀ ਜਾ ਸਕਦੀ ਹੈ। ਜਿਸ ਨੇ ਇਹ ਇਤਿਹਾਸਿਕ ਮਹਾਂਕਾਵਿ ਕਿਸੇ ਰਾਜੇ ਤੋਂ ਪੁਰਸਕਾਰ ਪ੍ਰਾਪਤ ਕਰਨ ਲਈ ਨਹੀਂ ਲਿਖਿਆ ਸੀ; ਸਗੋਂ ਵਿਸ਼ਵ ਸਾਹਮਣੇ ਇਤਿਹਾਸਿਕ ਤਥ ਰੱਖਣ ਲਈ ਹੀ ਉਸ ਨੇ ਇਹ ਭਗੀਰਥ ਜਤਨ ਕੀਤਾ। ਇਸ ਕਾਵਿ ਗੰ੍ਰਥ ਵਿਚ ਮਹਾਂਕਵੀ ਨੇ ਇਕ ਨਿਰਪਖ ਇਤਿਹਾਸਕਾਰ ਦਾ ਫਰਜ਼ ਨਿਭਾਇਆ ਹੈ ਜਿਸ ਰਾਜੇ ਵਿਚ ਜੋ ਗੁਣ ਸਨ, ਉਹਨਾਂ ਨੂੰ ਖੁਲ੍ਹ ਕੇ ਬਿਆਨਿਆ ਹੈ ਤੇ ਜੋ ਔਗੁਣ ਸਨ ਉਹਨਾਂ ਨੂੰ ਡੰਕੇ ਦੀ ਚੋਟ ਨਾਲ ਜਨ ਸਧਾਰਨ ਸਾਹਮਣੇ ਪ੍ਰਗਟ ਕਰ ਦਿੱਤਾ, ਉਹ ਵੀ ਪ੍ਰਮਾਣਾਂ ਤੇ ਤਿਥੀ ਸੰਮਤ ਸਮੇਤ। ਕਲਹਣ ਨੇ ਲਿਖਿਆ, ਪੁਰਵਕਾਲ ਦੇ ਇਤਿਹਾਸਕਾਰਾਂ ਨੇ ਰਾਜਿਆਂ ਦੇ ਜੋ ਇਤਿਹਾਸ ਲਿਖੇ ਹਨ, ਉਹਨਾਂ ਨੂੰ ਦੇਖ ਕੇ ਅਤੇ ਉਹਨਾਂ ਦੀ ਸਚਾਈ ਤੇ ਅਸੱਤ ਨੂੰ ਪਰਖ ਕੇ ਸਚੇ ਇਤਿਹਾਸ ਨੂੰ ਜਨਸਧਾਰਣ ਦੇ ਸਨਮੁਖ ਰੱਖਣਾ ਹੀ ਨਿਪੁੰਨਤਾ ਦਾ ਕਾਰਜ ਹੈ? ਨਹੀਂ, ਇਸ ਲਈ ਪੂਰਨ ਨਿਰਦੋਸ਼ ਤੇ ਸਚੇ ਇਤਿਹਾਸ ਨੂੰ ਪ੍ਰਗਟ ਕਰਨ ਲਈ ਹੀ ਮੈਂ ਇਹ ਉਦਮ ਕਰ ਰਿਹਾਂ ਹਾਂ।
ਗੁਰੂ ਅਰਜਨ ਦੇਵ ਵਲੋਂ ਸਥਾਪਿਤ ਸੰਤਨ ਕੀ ਸੁਣਿ ਸਾਚੀ ਸਾਖੀ। ਸੋ ਬੋਲਹਿ ਜੋ ਪੇਖਹਿ ਆਖੀ। ਦਾ ਆਦਰਸ਼ ਸਿਧਾਂਤ ਵੀ ਵਿਗਿਆਨਿਕ ਇਤਿਹਾਸਕਾਰੀ ਦਾ ਮੁਢਲਾ ਸਿਧਾਂਤ ਮੰਨਿਆ ਜਾਂਦਾ ਹੈ।
ਭਾਰਤੀ ਇਤਿਹਾਸ ਪਰੰਪਰਾ ਸੰਭੰਧੀ ਉਕਤ ਵਿਚਾਰ ਦੇ ਦ੍ਰਿਸ਼ਟੀਕੋਣ ਤੋਂ ਗੁਰੂ ਗੋਬਿੰਦ ਸਿੰਘ ਰਚਿਤ ਬਿਚਿਤ੍ਰ ਨਾਟਕ ਦਾ ਆਲੋਚਨਾਤਮਿਕ ਅਧਿਐਨ ਵਰਤਮਾਨ ਸਮੇਂ ਦੀ ਲੋੜ ਹੈ। ਬਿਚਿਤ੍ਰ ਨਾਟਕ , ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ਦਰਜ ਇਤਿਹਾਸਿਕ ਰਚਨਾ ਹੈ ਜਿਸ ਦਾ ਬਹੁਤਾ ਹਿੱਸਾ ਗੁਰੂ ਸਾਬਿ ਦੇ ਵਡੇ ਵਡੇਰਿਆਂ ਤੇ ਆਪਣੇ ਜੀਵਨ ਨੂੰ ਸਮਰਪਤ ਹੈ। ਇਸ ਦੇ ਪਹਿਲੇ ਅਧਿਆਇ ਵਿਚ ਕਾਲ ਜੂ ਕੀ ਉਸਤਤ, ਦੂਜੇ ਵਿਚ ਕਵਿ ਵੰਸ ਕਰਨਣ, ਤੀਜੇ ਵਿਚ ਨਵੀਂ ਕੁਸ਼ੀ ਜੁਧ, ਚੌਥੇ ਵਿਚ ਬੇਦੀ ਕੁਲ ਤੇ ਰਾਜ ਭਾਗ ਸਾਂਭਣ ਤਕ ਦਾ ਇਤਿਹਾਸ ਦਰਜ ਹੈ। ਪੰਜਵੇਂ ਅਧਿਆਇ ਵਿਚ ਗੁਰੂ ਪਾਤਸ਼ਾਹੀ ਕਰਨਣ ਨਾਲ ਸਿੱਖ ਇਤਿਹਾਸ ਦਾ ਅਰੰਭ ਹੋ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਜੀਵਨ ਵਿਥਿਆ ਛੇਵੇਂ ਅਧਿਆਇ ਤੋਂ ਸ਼ੁਰੂ ਹੁੰਦੀ ਹੈ। ਸਤਵਾਂ ਅਧਿਆਇ ਬਹੁਤ ਹੀ ਸੰਖੇਪ ਹੈ ਜਿਸ ਵਿਚ ਗੁਰੂ ਸਾਹਿਬ ਨੇ ਆਪਣੇ ਜਨਮ ਦਾ ਇਤਿਹਾਸ ਵਰਨਨ ਕੀਤਾ ਹੈ। ਗੁਰੂ ਜੀ ਨੇ ਜੀਵਨ ਭਰ ਵਿਚ 20 ਯੁੱਧ ਲੜੇ ਜਿਨ੍ਹਾਂ ਵਿਚੋਂ 9 ਖਾਲਸਾ ਸਾਜੇ ਜਾਣ ਤੋਂ ਪਹਿਲਾਂ ਤੇ ਬਾਕੀ ਦੇ ਪਿਛੋਂ ਲੜੇ ਗਏ ਸਨ। ਅਠਵੇਂ ਅਧਿਆਇ ਤੋਂ ਯੁੱਧਾਂ ਦਾ ਹਾਲ ਅਰੰਭ ਹੁੰਦਾ ਹੈ। ਜੋ ਤੇਰਵੇਂ ਅਧਿਆਇ ਤਕ ਚਲਦਾ ਹੈ। ਚੌਧਵੇਂ ਅਧਿਆਇ ਵਿਚ ਸਰਬ ਕਾਲ ਕੀ ਬੇਨਤੀ ਨਾਲ ਬਿਚਿਤ੍ਰ ਨਾਟਕ ਦਾ ਇਤਿਹਾਸ ਵਰਨਨ ਭਾਗ ਸਮਾਪਤ ਹੋ ਜਾਂਦਾ ਹੈ। ਇਸ ਰਚਨਾ ਦੇ ਰਚਨਕਾਲ ਦਾ ਬਾਣੀ ਦੇ ਅੰਦਰੋਂ ਕੋਈ ਸੰਕੇਤ ਨਹੀਂ ਮਿਲਦਾ ਪਰ ਇਤਿਹਾਸ ਦੇ ਵਿਦਵਾਨਾ ਨੇ ਕਿਆਸ ਜਰੂਰ ਲਾਏ ਹਨ। ਬਿਚਿਤ੍ਰ ਨਾਟਕ ਦੀ ਕਹਾਣੀ ਵੱਧ ਤੋਂ ਵੱਧ 1695 ਤਕ ਆਉਂਦੀ ਹੈ। 1696 ਈ: ਵਿਚ ਸ਼ਾਹਜ਼ਾਦਾ ਮੁਅੱਜ਼ਮ ਦੀ ਫੌਜ ਨੇ ਪਹਾੜੀ ਰਿਆਸਤਾਂ ਉੱਤੇ ਹਮਲਾਂ ਕੀਤਾ। ਇਸ ਸਾਲ ਦੇ ਅਖੀਰ ਤੇ ਜਾਂ ਅਗਲੇ ਸਾਲ ਦੇ ਸ਼ੁਰੂ ਵਿਚ ਕੁਝ ਮੁਗਲ ਅਹਿਦੀਆਂ ਨੇ ਉਸੇ ਥਾਂ ਤੇ ਹਮਲੇ ਕੀਤਾ। ਇਨਹਾਂ ਹਮਲਿਆਂ ਦੇ ਵਰਨਨ ਨਾਲ ਹੀ ਬਿਚਿਤ੍ਰ ਨਾਟਕ ਦਾ ਅੰਤ ਹੋ ਜਾਂਦਾ ਹੈ। ਸਰਦਾਰ ਕਪੂਰ ਸਿੰਘ ਨੇ ਇਸ ਨੂੰ 1695 ਤੋਂ 1699 ਈ: ਦੇ ਵਿਚਾਰਲੀ ਰਚਨਾ ਮੰਨਿਆ ਹੈ ਜਦ ਕਿ ਸਰਦਾਰ ਰਣਧੀਰ ਸਿੰਘ ਨੇ ਇਸ ਦਾ ਰਚਨਾ ਕਾਲ 1685 ਤੋਂ 1699 ਈ: ਦੇ ਵਿਚਾਰਲੀ ਕਲਪਿਆ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਲਿਖਤੀ ਕਾਰਗੁਜ਼ਾਰੀ ਵਿਚ ਇਤਿਹਾਸਿਕ ਤਤ ਸ਼ਾਮਲ ਕਰ ਕੇ ਇਤਿਹਾਸ ਪ੍ਰਤੀ ਆਪਣੀ ਦਿਲਚਸਪੀ ਦਾ ਪ੍ਰਗਟਾਵਾ ਕੀਤਾ ਹੈ। ਸਮੁਚੇ ਗੁਰੂ ਕਾਲ ਵਿਚ ਇਹ ਕੇਵਲ ਗੁਰੂ ਗੋਬਿੰਦ ਸਿੰਘ ਸਬੰਧੀ ਕਿਹਾ ਜਾ ਸਕਦਾ ਹੈ ਜਦੋਂ ਕਿ ਉਹਨਾਂ ਦਾ ਮੁਨਸ਼ੀਖਾਨਾ ਬਾਕਾਇਦਾ ਕੰਮ ਕਰਦਾ ਜਾਪਦਾ ਹੈ। ਸੰਮਤ 1748 ਬਿਕਰਮੀ (ਸੰਨ 1691 ਈ) ਤੋਂ ਉਹਨਾਂ ਦੇ ਸਾਰੇ ਹੁਕਮਨਾਮਿਆਂ ਪੁਰ ਤਾਰੀਖਾਂ, ਸੰਮਤ ਅਤੇ ਮਹੀਨੇ ਦਿਤੇ ਹੋਏ ਹਨਇਹੋ ਹੀ ਨਹੀਂ; ਇਨ੍ਹਾਂ ਵਿਚ ਲ਼ਿਖਾਰੀ ਦੀ ਲਿਖਤ ਦੀਆਂ ਸਤਰਾਂ ਭੀ ਅੰਤ ਵਿਚ ਦਿਤੀਆਂ ਹੋਈਆਂ ਹਨ ਤਾਂ ਕਿ ਬਾਅਦ ਵਿਚ ਕੁਝ ਵਾਧਾ ਘਾਟਾ ਨਾ ਕੀਤਾ ਜਾ ਸਕੇ। ਬਹੁਤ ਸਾਰੇ ਹੁਕਮਨਾਮਿਆਂ ਪਰ ਤਾਂ ਮੁਨਸ਼ੀਖਾਨੇ ਦੇ ਰਜਿਸਟਰ (ਖਾਤੇ) ਦਾ ਨੰਬਰ ਵੀ ਦਿੱਤਾ ਹੋਇਆ ਹੈ। ਇਸ ਤੋਂ ਬਿਨਾਂ ਕਈਆਂ ਬਾਣੀਆਂ ਦਾ ਰਚਨਾ ਜਾਂ ਸਮਾਪਤੀਕਾਲ ਤੇ ਸਥਾਨ ਵੀ ਲਿਖਣ ਦਾ ਵਾਧਾ ਸਾਨੂੰ ਕੇਵਲ ਦਸਮੇਸ਼ ਦੀ ਰਚਨਾ ਵਿਚ ਹੀ ਮਿਲਦਾ ਹੈ। ਜਿਵੇਂ: ਚਰਿਤ੍ਰੋਪਖਯਾਨ ਦੀ ਸਮਾਪਤੀ ਦਾ ਸਮਾਂ
ਸੰਮਤ ਸਤਰਹ ਸਹਸ ਪਚਾਵਨ। ਭਣਿਜੈ। ਅਰਧ ਸਹਸ ਫੁਨਿ ਤੀਨ ਕਹਜੈ।
ਭਾਦਵ ਸੁਦੀ ਅਸਟਮੀਰਵਿਵਾਰਾ। ਤੀਰ ਸਤੁੱਦ੍ਰਵ ਗੰ੍ਰਥ ਸੁਧਾਰਾ।
ਅਰਥਾਤ ਇਹ ਰਚਨਾ ਸਤਿਲੁਜ ਦਰਿਆ ਦੇ ਕਿਨਾਰੇ, ਭਾਦੋਂ ਸੁਦੀ ਅਠਵੀ ਸੰਮਤ 1753 ਬਿ: ਦਿਨ ਐਤਵਾਰ ਨੂੰ ਸੰਪੂਰਨ ਹੋਈ। ਵਾਧਾ ਇਹ ਵੀ ਹੈ ਕਿ ਕਿਉਂਕਿ ਗੁਰੂ ਸਾਹਿਬ ਨੇ ਕੋਈ ਕਲਪਤ ਨਹੀਂ ਸਗੋਂ ਅਸਲ ਤੇ ਸਹੀ ਤਾਰੀਖ ਦਰਜ ਕੀਤੀ ਹੈ ਇਸ ਲਈ ਇਹ ਜੰਤਰੀ ਦੇ ਹਿਸਾਬ ਵੀ ਠੀਕ ਬੈਠਦੀ ਹੈ ਜਿਸ ਅਨੁਸਾਰ ਭਾਦੋਂ ਸੁਦੀ ਅਠਵੀਂ ਐਤਵਾਰ ਨੂੰ 15 ਭਾਦੋਂ ਤੇ 15 ਅਗਸਤ ਆਉਂਦਾ ਹੈ।
ਸਾਧਨਾਂ ਦੇ ਸੀਮਿਤ ਹੁੰਦਿਆਂ ਹੋਇਆਂ ਵੀ ਅਜ ਤੋਂ ਤਿੰਨ ਸਦੀਆਂ ਪਹਿਲਾਂ ਇਤਿਹਾਸ ਲਿਖਣ ਲਈ ਲੋੜੀਂਦੇ ਤਥ, ਉਹ ਵੀ ਦੁਸ਼ਮਣ ਨਾਲ ਸੰਬੰਧਿਤ, ਇਕਤਰ ਕਰਨ ਵਿਚ ਗੁਰੂ ਗੋਬਿੰਦ ਸਿੰਘ ਨੂੰ ਕਿੰਨੀ ਔਖਿਆਈ ਦਾ ਸਾਹਮਣਾ ਕਰਨਾ ਪਿਆ ਹੋਵੇਗਾ ਇਸ ਦਾ ਅਨੁਮਾਨ ਲਾ ਸਕਣਾ ਕੋਈ ਬਹੁਤੀ ਔਖੀ ਗਲ ਨਹੀਂ। ਜਾਪਦਾ ਇਉਂ ਹੋ ਜਿਵੇਂ ਆਪ ਨੇ ਗੁਪਰਚਰ ਵਿਭਾਗ ਸੰਗਠਤ ਕੀਤਾ ਹੋਇਆ ਹੋਵੇ ਜਿਸ ਰਾਹੀਂ ਆਪ ਨੂੰ ਸਰਕਾਰੀ ਕਾਰਾਈਆਂ ਵਿਉਂਤਬੰਦੀਆਂ ਤੇ ਰਾਜਦਰਬਾਰ ਦੀਆਂ ਮਸਲਹਤਾਂ ਦਾ ਪਤਾ ਲਗਦਾ ਰਿਹਾ ਹੋਵੇ। ਰਾਜ ਦਰਬਾਰ ਵਿਚ ਹੋਈਆਂ ਕਈ ਭੇਦਭਰੀਆਂ ਗੱਲਾਂ ਦਾ ਪਰਮਾਣੀਕ ਜ਼ਿਕਰ ਇਸ ਗੱਲ ਦੀ ਪ੍ਰੋੜਤਾ ਕਰਦਾ ਹੈ। ਉਦਾਹਰਨ ਵਜੋਂ ਇਹ ਤਥ ਕਿ ਆਲਿਫ ਖਾਂ ਨੂੰ ਪਹਾੜੀ ਰਾਜਿਆਂ ਉਪਰ ਚਾੜ੍ਹਨ ਵਾਲਾ, ਜੰਮੂ ਦਾ ਵਾਇਸਰਾਇ ਮੀਆਂ ਖਾਨ ਸੀ:
ਮੀਆ ਖਾਨ ਜੰਮੂ ਕਹ ਆਯੋ।
ਅਲਿਫਖਾਨ ਨਾਦੌਣ ਪਠਾਵਾ। ਭੀਮਚੰਦ ਤਨ ਬੈਰ ਬਢਾਵਾ।
ਗੁਰੂ ਸਾਹਿਬ ਕੋਲੋਂ ਹਾਰ ਖਾ ਕੇ ਦਿਲਾਵਰ ਖਾਂ ਦਾ ਪੁਤਰ ਵਾਪਸ ਆਪਣੇ ਪਿਤਾ ਕੋਲ ਜਾਂਦਾ ਹੈ ਪਰ ਸ਼ਰਮ ਦਾ ਮਾਰਾ ਦੱਸ ਕੁਝ ਨਹੀਂ ਸਕਿਆ। ਉਸ ਦੇ ਪਿਟਣ ਦੇ ਫਲਸਰੂਪ ਹੀ ਹੁਸੈਨ ਖਾਂ ਚੜ੍ਹਿਆ:
ਗਯੋ ਖਾਨਜ਼ਾਦਾ, ਪਿਤਾ ਪਾਸ ਭੱਜੰ। ਸਕੈ ਜਾਬੂ ਦੇ ਨਾ ਹਨੇ ਸੂਰ ਲੱਜੰ॥
ਤਹਾਂ ਠੋਕਿ ਬਾਹਾ, ਹੁਸੈਨੀ ਗਰੱਜਿਯੰ।
ਗੁਰੂ ਸਾਹਿਬ ਹਥੋਂ ਹੋਈਆਂ ਹਾਰਾਂ ਕਾਰਨ ਔਰਗਜ਼ੇਬ ਨੇ ਗੁਸੇ ਵਿਚ ਆ ਕੇ ਆਪਣੇ ਪੁਤਰ ਸ਼ਾਹਜ਼ਾਦਾ ਮੁਹੰਮਦ ਮੁਅਜ਼ਮ ਸ਼ਾਹ ਨੂੰ ਪੰਜਾਬ ਤੇ ਚਾੜ੍ਹਿਆ। ਮੁਆਸਰੇ ਆਲਿਮਗੀਰੀ ਅਨੁਸਾਰ ਉਹ 2 ਜੁਲਾਈ 1697 ਸ਼ੁਕਰਵਾਰ ਨੂੰ ਮੁਲਤਾਨ ਵੱਲ ਨੂੰ ਰਵਾਨਾ ਹੋ ਚੁਕਾ ਸੀ। ਇਥੇ ਹੀ ਬਸ ਨਹੀਂ, ਰੋਹ ਵਿਚ ਆ ਕੇ ਹੀ ਔਰੰਗਜੇਬ ਨੇ ਇਕ ਕਰਮਚਾਰੀ ਗੁਰੂ ਸਾਹਿਬ ਦੇ ਸਥਾਨ ਅਨੰਦਪੁਰ ਵੀ ਭੇਜਿਆ।
ਤਬ ਅਉਰੰਗ ਮਨ ਮਾਹਿ ਰਿਸਾਵਾ। ਮਦ੍ਰ ਦੇਸ ਕੋ ਪੂਤ ਪਠਾਵਾ।
ਤਿੱਹ ਆਵਤ ਸਭ ਲੋਕ ਡਰਾਨੇ। ਬਡੇ ਬਡੇ ਗਿਰਿ ਹੇਰਿ ਲੁਕਾਨੇ।
ਤਬ ਅਉਰੰਗ ਜੀਅ ਮਾਂਝ ਰਿਸਾਏ। ਏਕ ਅਹਦੀਆ ਈਹਾਂ ਪਠਾਏ।
ਇਹ ਹੀ ਨਹੀਂ, ਹਿੰਦੂ ਰਾਜਿਆਂ ਦੀਆਂ ਅੰਦਰੂਨੀ ਗੱਲਾਂ ਦੇ ਭੇਦ ਵੀ ਗੁਰੂ ਸਾਹਿਬ ਕੋਲ ਪੁਜਦੇ ਸਨ। ਨਦੌਣ ਯੁੱਧ ਸਮੇਂ ਦੁਸ਼ਮਣ ਦੀਆਂ ਫੌਜਾਂ ਸਾਹਮਣੇ ਡਟੀਆਂ ਖੜ੍ਹੀਆਂ ਸਨ ਪਰ ਇਹ ਰਾਜੇ ਅਫਸੋਸ ਵਿਚ ਡੁੱਬੇ ਖੜ੍ਹੇ ਸਨ ਤਕ ਜਿਤ ਦਾ ਪ੍ਰਬੰਧ ਕਰਨ ਲਈ ਭੀਮਚੰਦ ਹਨੂਮਾਨ ਮੰਤਰ ਦਾ ਜਾਪ ਕਰ ਰਿਹਾ ਸੀ:
ਉਤੈ ਵੈ ਖਰੇ ਬੀਰ ਬੰਬੈ ਬਜਾਵੈ। ਤਰੇ ਭੂਪ ਠਾਢੇ ਬਡੋ ਸੋਕੁ ਪਾਵੈ।
ਤਬੇ ਭੀਮਚੰਦੰ ਕੀਯੋ ਕੋਪ ਆਪੰ। ਹਨੂੰਮਾਨ ਕੇ ਮੰਤ੍ਰ ਕੋ ਮੁਖਿ ਜਾਪੇ।
ਫਿਰ ਜਦੋਂ ਯੁੱਧ ਖੇਤਰ ਵਿਚ ਜ਼ਖਮੀ ਹੋਏ ਡਿਗੇ ਹਿੰਮਤ ਨੂੰ ਦੇਖ ਕੇ ਰਾਮ ਸਿੰਘ ਨੇ ਗੋਪਾਲ ਨੂੰ ਕਿਹਾ ਕਿ ਸਾਰੇ ਕਲੇਸ਼ ਦੀ ਜੜ੍ਹ ਹੁਣ ਜ਼ਖਮੀ ਹਾਲਤ ਵਿਚ ਸਾਡੇ ਹੱਥ ਲਗਾ ਹੈ ਤਾਂ ਇਹ ਸੁਣ ਕੇ ਹੀ ਗੋਪਾਲ ਨੇ ਹਿੰਮਤ ਨੂੰ ਮਾਰ ਮੁਕਾਇਆ:
ਰਾਮ ਸਿੰਘ, ਗੋਪਾਲ ਸਿਉਂ ਕਹਾ।
ਜਿਨਿ ਹਿੰਮਤ ਅਸ ਕਲਹ ਬਢਾਯੋ।
ਘਾਇਲ ਆਜੁ ਹਾਥ ਵਹ ਆਯੋ।
ਜਬ ਗੁਪਾਲ ਐਸੇ ਸੁਨਿ ਪਾਵਾ।
ਮਾਰਿ ਦੀਯੋ ਜੀਅਤ ਨ ਉਠਾਵਾ।
ਵਾਪਰੀ ਹੋਈ ਘਟਨਾ ਨੂੰ ਇੰਨ ਬਿੰਨ ਕਿਸੇ ਝੇਪ ਦੇ ਦਰਜ ਕਰਨਾ ਗੁਰੂ ਗੋਬਿੰਦ ਸਿੰਘ ਦਾ ਆਦਰਸ਼ ਸੀ। ਇਸ ਆਦਰਸ਼ ਪ੍ਰਤੀ ਬਚਨਬਧਿਤਾ ਆਪਨੇ ਬਿਚਿਤ੍ਰ ਨਾਟਕ ਵਿਚ ਹੀ ਕਈ ਥਾਈ ਪ੍ਰਗਟਾਈ ਹੈ:
ਜੋ ਪ੍ਰਭ ਜਗਤਿ ਕਹਾ ਸੋ ਕਹਿ ਹੋ। ਮ੍ਰਿਤ ਲੋਗ ਤੇ ਮੋਨਿ ਨ ਰਹਿ ਹੋ।
ਕਹਯੋ ਪ੍ਰਭੂ ਸੁ ਭਾਖ ਹੋਂ। ਕਿਸੂ ਨ ਕਾਨ ਰਾਖਿ ਹੋ।
ਜੋ ਨਿਜ ਪ੍ਰਭ ਮੋ ਸੋ ਕਹਾ, ਸੋ ਕਹਿਹੋ ਜਗ ਮਾਹਿ।
ਜੋ ਤਿਨ ਕਹਾ ਸੁ ਸਭਨ ਉਚਰੋਂ। ਡਿੰਭ ਵਿੰਭ ਕਛੁ ਨੈਕ ਨ ਕਰੋ।
ਗੁਰੂ ਗੋਬਿੰਦ ਸਿੰਘ ਆਪਣੀ ਇਤਿਹਾਸ ਰਚਨਾ ਵਿਚ ਬੇਲੋੜੇ ਵਿਸਥਾਰ ਦਾ ਭਾਰ ਪਾਉਣ ਦੇ ਪੱਖ ਵਿਚ ਨਹੀਂ ਸਨ। ਇਕ ਸੂਰਬੀਰ ਕਵੀ ਹੋਣ ਦੇ ਨਾਤੇ ਜੰਗਾਂ ਯੁੱਧਾਂ ਦੇ ਵਰਨਨਾਂ ਵਿਚ ਯੁੱਧ ਖੇਤਰ ਦੇ ਦ੍ਰਿਸ਼ ਵਰਨਨ ਵਿਚ ਆਪ ਨੇ ਖੁੱਲ੍ਹ ਜਰੂਰ ਲਈ ਹੈ। ਆਮ ਕਰਕੇ ਸੰਖੇਪਤਾ ਤੋਂ ਹੀ ਕੰਮ ਲੈਣ ਦਾ ਜਤਨ ਕੀਤਾ ਹੈ:
ਅਬ ਮੈ ਕਥਾ ਸੰਛੇਪ ਤੇ, ਸਭਹੂੰ ਕਹਤ ਸੁਨਾਇ।
ਜੋ ਤਿਨ ਕੇ ਕਹਿ ਨਾਮ ਸੁਨਾਊ। ਕਥਾ ਬਢਨ ਤੇ ਅਧਿਕ ਡਰਾਊ।
ਕਹਾ ਲਗੇ ਕਰਿ ਕਥਾ ਸੁਨਾਊ। ਗ੍ਰੰਥ ਬਢਨ ਤੇ ਅਧਿਕ ਡਰਾਊ।
ਬਿਚਿਤ੍ਰ ਨਾਟਕ ਵਿਚ ਆਪ ਨੇ ਆਪਣੇ ਵੰਸ਼ ਦਾ ਪਿਛੋਕੜ ਵਰਨਨ ਕਰਦਿਆਂ ਬੇਦੀ ਤੇ ਸੋਢੀ ਖਾਨਦਾਨਾਂ ਦੇ ਮੁੱਢਲੇ ਇਤਿਹਾਸਾਂ ਤੇ ਵੀ ਰੌਸ਼ਨੀ ਪਾਈ ਹੈ, ਜਿਸ ਵਿਚ ਆਪਣੇ ਪੂਰਵਜਾਂ ਤੇ ਉਚ ਕਾਰਨਾਮਿਆਂ ਦੇ ਹਵਾਲੇ ਤਾਂ ਦਿੱਤੇ ਹਨ ਪਰ ਮਾਣ ਕਰਨ ਯੋਗ ਹੁੰਦਿਆਂ ਵੀ ਉਹਨਾਂ ਦੀਆਂ ਪਰਾਪਤੀਆਂ ਦੇ ਬਹੁਤੇ ਸੋਹਿਲੇ ਨਹੀਂ ਗਾਏ ਕਿਉਂਕਿ ਗੁਰੂ ਸਾਹਿਬ ਇਸ ਗਲੋਂ ਸਾਵਧਾਨ ਸਨ। ਉਹ ਲਿਖਦੇ ਹਨ:
ਕਹਾ ਲਗੈ ਵਹ ਕਥੋਂ ਲਰਾਈ।
ਆਪਨ ਪ੍ਰਭਾ ਨ ਬਰਨੀ ਜਾਈ।
ਇਤਿਹਾਸ ਵਰਨਨ ਕਰਦਿਆਂ ਆਪ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਬਿਆਨ ਕੀਤਾ ਹੈ। ਗਿਣਵੇ-ਚੁਣਵੇ ਸ਼ਬਦਾਂ ਵਿਚ, ਆਪਨੇ ਗੁਰੂ ਜੀ ਦਾ ਉੱਚ ਚਰਿਤਰ, ਸ਼ਹੀਦੀ ਦਾ ਕਾਰਨ, ਦਰਜਾ, ਸ਼ਹੀਦੀ ਲਈ ਜ਼ਿੰਮੇਵਾਰ ਵਿਅਕਤੀ ਤੇ ਅਲੌਕਿਕ ਕਾਰਨਾਮੇ ਪ੍ਰਤੀ ਲੋਕਾਂ ਦੇ ਪ੍ਰਤੀਕਰਮ ਦਾ ਜ਼ਿਕਰ ਵੀ ਕੀਤਾ ਹੈ:
ਤਿਲਕ-ਜੰਝੂ ਰਾਖਾ ਪ੍ਰਭ ਤਾਕਾ। ਕੀਨੋ ਬਡੋ ਕਲੂ ਮਹਿ ਸਾਕਾ।
ਸਾਧਨ ਹੇਤਿ ਇਤੀ ਜਿਨਿ ਕਰੀ। ਸੀਸੁ ਦੀਯਾ ਪਰੁ ਸੀ ਨ ਉਚਰੀ।
ਧਰਮ ਹੇਤ ਸਾਕਾ ਜਿਨਿ ਕੀਆ। ਸੀਸੁ ਦੀਆ ਪਰੁ ਸਿਰਰੁ ਨ ਦੀਆ।
ਠੀਕਰ ਫੋਰਿ ਦਿਲੀਸ ਸਿਰਿ, ਪ੍ਰਭਪੁਰਿ ਕੀਯਾ ਪਯਾਨ।
ਤੇਗਬਾਹਦੁਰ ਸੀ ਕ੍ਰਿਆ, ਕਰੀ ਨ ਕਿਨਹੂੰ ਆਨਿ।
ਤੇਗ ਬਹਾਦੁਰ ਕੇ ਚਲਤ, ਭਯੋ ਜਗਤ ਕੋ ਸੋਕ।
ਹੈ ਹੈ ਹੈ ਸਭ ਜਗ ਭਯੋ, ਜੈ ਜੈ ਜੈ ਸੁਰ ਲੋਕਿ।
ਦੂਜੇ ਸ਼ਬਦਾਂ ਵਿਚ, ਬਿਚਿਤ੍ਰ ਨਾਟਕ ਗੁਰੂ ਜੀ ਦੀ ਸਵੈਜੀਵਨੀ ਹੈ। ਸਾਹਿਤ ਦਾ ਇਹ ਰੂਪ ਇਤਿਹਾਸ ਦਾ ਭਰੋਸੇਯੋਗ ਅੰਗ ਮੰਨਿਆ ਜਾਂਦਾ ਹੈ ਕਿਉਂਕਿ ਇਤਿਹਾਸਕਾਰੀ ਤੇ ਅਦਾਲਤੀ ਕਾਰਵਾਈ ਵਿਚ ਚਸ਼ਮਦੀਦ ਗਵਾਹ ਤੋ ਇਹ ਆਸ ਕੀਤੀ ਜਾਂਦੀ ਹੈ ਕਿ ਉਹਨੇ ਅੱਖਾਂ ਨਾਲ ਦੇਖੀ ਘਟਨਾ ਨੂੰ ਇੰਨ ਬਿੰਨ ਬਿਆਨ ਕਰ ਦੇਣਾ ਹੁੰਦਾ ਹੈ ਤੇ ਉਹ ਬਿਆਨ ਅਸਲੀਅਤ ਜਾਂ ਸਚਾਈ ਦੇ ਵਧ ਤੋਂ ਵੱਧ ਨੇੜੇ ਹੁੰਦਾ ਹੈ।
ਮੁਢਲਾ ਸਿੱਖ ਇਤਿਹਾਸ ਸਾਖੀ ਰੂਪ ਵਿਚ ਲਿਖਿਆ ਮਿਲਦਾ ਹੈ। ਬਹੁਤੇ ਵਰਤਮਾਨ ਇਤਿਹਾਸਕਾਰਾਂ ਨੇ ਜਨਮਸਾਖੀ ਜਾਂ ਸਾਖੀ ਸਾਹਿਤ ਨੂੰ ਇਕ ਤਰ੍ਹਾਂ ਨਾਲ ਇਤਿਹਾਸ ਖੇਤਰ ਵਿਚੋਂ ਬੇਦਖਲ ਕੀਤਾ ਹੈ। ਪਰ ਸਿੱਖ ਵਿਦਵਾਨ ਸਾਖੀ ਤੋਂ ਚਸ਼ਮਦੀਦ ਗਵਾਹੀ ਦਾ ਅਰਥ ਲੈ ਕੇ ਇਸ ਨੂੰ ਪੂਰਨ ਭਰੋਸੇਯੋਗ ਇਤਿਹਾਸ ਦਾ ਦਰਜਾ ਦਿੰਦੇ ਹਨ। ਸਾਖੀ ਦਾ ਅਰਥ ਹੈ ਸ-ਅਕਸ਼ੀ=ਅਖੀਂ ਦੇਖਣਾ ਯਾ ਅਖੀਂ ਦੇਖੀ ਹੋਈ ਬਾਤ। ਇਸ ਦਾ ਦੂਸਰਾ ਅਰਥ ਹੈ ਅਖੀਂ ਦੇਖਣ ਵਾਲਾ ਉਗਾਹ। ਸੋ ਜਨਮ ਸਾਖੀ ਦਾ ਅਰਥ ਇਕ ਤਾਂ ਹੈ ਜਨਮ ਦੀ ਵਿਥਿਆ ਨੂੰ ਅਖੀਂ ਦੇਖਣ ਵਾਲਾ ਤੇ ਦੂਸਰਾ ਅਰਥ ਹੈ ਜਨਮ ਦੀ ਅਖੀਂ ਡਿਠੀ ਉਗਾਹੀ। ਇਥੋ ਉਗਾਹੀ ਦੇ ਅਰਥ ਬਣ ਗਏ ਵਿਥਿਆ... ਉਹ ਬਣ ਗਈ ਜਨਮ ਸਾਖੀ ਇਉਂ ਜਨਮ ਸਾਖੀ ਦਾ ਅਰਥ ਬਣਿਆ ਜਨਮ ਤੇ ਬਾਲਪਨ ਦੇ ਹਾਲਾਤ ਦੀ ਵਿਥਿਆ। ਤੇ ਅੱਜ ਅਸੀਂ ਇਸ ਪਦ ਜਨਮਸਾਖੀ ਦੇ ਅਰਥ ਜੀਵਨ ਵਿਥਿਆ ਸਮਝਦੇ ਹਾਂ।
ਸਵੈਜੀਵਨੀ ਜੀਵਨ ਵਿਥਿਆ ਤੋਂ ਅਗਲੀ ਵਸਤੂ ਹੈ। ਇਸ ਹਿਸਾਬ ਸਵੈਜੀਵਨੀ ਨੂੰ ਇਤਿਹਾਸ ਦੀ ਉਤਮ ਵੰਨਗੀ ਕਹਿ ਲੈਣਾ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਇਸ ਵਿਚ ਦਰਜ ਘਟਨਾਵਾਂ ਲੇਖਕ ਵਲੋਂ ਕੀਤਾ ਕੇਵਲ ਚਸ਼ਮਦੀਦ ਵਰਨਨ ਹੀ ਨਹੀਂ ਹੁੰਦਾ ਸਗੋਂ ਉਸ ਤੋਂ ਵੀ ਅਗਾਂਹ ਦੀ ਹੱਡਬੀਤੀ ਹੋਣ ਕਾਰਨ ਉਸ ਦਾ ਅਨੁਭਵੀ ਵਰਨਨ ਵੀ ਹੁੰਦਾ ਹੈ ਜਿਸ ਵਿਚ ਕਰਤਾ ਕਈ ਵਾਰੀ ਕਿਸੇ ਘਟਨਾ ਦਾ ਪ੍ਰਭਾਵ ਜਾਂ ਮੁਲਾਂਕਣ ਵੀ ਸਹਿਜ ਸੁਭਾਉ ਹੀ ਕਰ ਗਿਆ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਵਲੋਂ ਬਿਚਿਤ੍ਰ ਨਾਟਕ ਵਿਚਲੀ ਅਪਨੀ ਕਥਾ ਵਿਚ ਵਰਨਨ ਘਟਨਾਵਾਂ ਦੀ ਤਰਤੀਬ ਇੰਨੀ ਨਿਯਮਿਤ ਤੇ ਲੜੀਬਧ ਹੈ ਕਿ ਇਹ ਰਚਨਾ ਆਪਣੀ ਕਿਸਮ ਦਾ ਪਹਿਲਾ ਜਤਨ ਹੋਣ ਦੇ ਬਾਵਜੂਦ ਵੀ, ਲੇਖਕ ਜਾਂ ਕਵੀ ਦੀ ਉਚ ਦਰਜੇ ਦੀ ਇਤਿਹਾਸਿਕ ਸੂਝ-ਬੂਝ ਤੇ ਗੁਰੂ ਕਾਲ ਦੀ ਇਤਿਹਾਸ ਪਰੰਪਰਾ ਤੋਂ ਵਖਰੇਵੇਂ ਦਾ ਪ੍ਰਦਰਸ਼ਨ ਕਰਦੀ ਹੈ। ਹਿੰਦੁਸਤਾਨ ਦੇ ਗੈਰ ਮੁਸਲਮ ਮਹਾਂਪੁਰਖਾਂ ਵਿਚੋਂ ਗੁਰੂ ਗੋਬਿੰਦ ਸਿੰਘ ਸਭ ਤੋਂ ਪਹਿਲੇ ਹਨ ਜਿਨ੍ਹਾਂ ਨੇ ਕਿ ਆਪਣੀ ਕਥਾ ਲਿਖਣ ਦੀ ਰੀਤ ਤੋਰੀ। ਸੰਸਕ੍ਰਿਤ, ਬ੍ਰਜਭਾਖਾ, ਹਿੰਦੀ ਜਾਂ ਹੋਰ ਬੋਲੀ ਵਿਚ ਗੁਰੂ ਗੋਬਿੰਦ ਸਿੰਘ ਤੋਂ ਪਹਿਲਾਂ ਕਿਸੇ ਨੇ ਅਪਨੀ ਕਥਾ ਨਹੀਂ ਲਿਖੀ। ਇਸ ਦ੍ਰਿਸ਼ਟੀਕੋਣ ਤੋਂ ਗੁਰੂ ਗੋਬਿੰਦ ਸਿੰਘ ਨੂੰ ਸਤਾਰਵੀਂ ਸਦੀ ਦੇ ਉਚ ਇਤਿਹਾਸਕਾਰਾਂ ਵਿਚ ਗਿਣਿਆ ਜਾਣਾ ਕਿਸੇ ਵੀ ਤਰ੍ਹਾਂ ਅਨੁਚਿਤ ਨਹੀਂ ਹੋਵੇਗਾ।
ਬਿਚਿਤ੍ਰ ਨਾਟਕ ਵਿਚਲੀ ਵਚਿਤ੍ਰਤਾ ਦੇ ਅੰਤ੍ਰੀਵ ਭਾਵ ਦਾ ਅਨੁਮਾਨ ਲਾ ਸਕਣਾ ਔਖਾ ਹੈ ਪਰ ਕਿਆਸ ਕੀਤਾ ਜਾ ਸਕਦਾ ਹੈ ਕਿ ਆਪਣੀ ਕਿਸਮ ਦੀ ਪਹਿਲੀ ਤੇ ਉਹ ਵੀ ਕਾਵਿ-ਰਚਨਾ ਹੋਣ ਕਰਕੇ ਹੀ ਇਸ ਦਾ ਇਹ ਨਾਂ ਰਖਿਆ ਗਿਆ ਹੋਵੇ; ਜਾਂ ਫਿਰ ਇਸ ਵਿਚ ਪਰਲੋਕਿਕ ਘਟਨਾਵਾਂ ਦਾ ਵਰਨਨ ਜੋ ਇਸ ਰੂਪ ਵਿਚ ਪਹਿਲਾਂ ਕਦੇ ਨਹੀਂ ਸੀ ਹੋਇਆ, ਹੋਣ ਕਰਕੇ ਇਸ ਨੂੰ ਵਚਿਤ੍ਰ ਸਮਝਿਆ ਗਿਆ ਹੋਵੇ। ਇਸ ਸਵੈਜੀਵਨੀ ਦਾ ਮੁਢ ਗੁਰੂ ਜੀ ਦੇ ਪੂਰਬਲੇ ਜਨਮ ਅਤੇ ਸਦੀਆਂ ਪਹਿਲਾਂ ਹੋ ਗੁਜ਼ਰੇ ਆਪਦੇ ਖਾਨਦਾਨੀ ਵਡੇ ਵਡੇਰਿਆਂ ਦੇ ਇਤਿਹਾਸ ਦੇ ਵਰਨਨ ਨਾਲ ਬਝਦਾ ਹੈ:
ਅਬ ਮੈਂ ਅਪਨੀ ਕਥਾ ਬਖਾਨੋ।
ਤਪ ਸਾਧਤ ਜਿਹ ਬਿਧਿ ਮੁਹਿ ਆਨੋ।
ਤਿਨ ਪ੍ਰਭ ਜਬ ਆਇਸੁ ਮੁਹਿ ਦੀਆ।
ਤਬ ਹਮ ਜਨਮ ਕਲੂ ਮਹਿ ਲੀਆ।
ਚਿਤ ਨ ਭਯੋ ਹਮਰੋ ਆਵਨ ਕਹ।
ਚੁਭੀ ਰਹੀ ਸੁਤਿ ਪ੍ਰਭੁ ਚਰਨਨ ਮਹਿ।
ਜਿਉ ਤਿਉ ਪ੍ਰਭ ਹਮ ਕੋ ਸਮਝਾਯੋ।
ਇਮ ਕਹਿ ਕੈ ਇਹ ਲੋਕਿ ਪਠਾਯੋ।
ਬਿਚਿਤ੍ਰ ਨਾਟਕ ਵਿਚੋਂ ਸਮਾਜ ਦੇ ਚਰਿਤਰ ਦਾ ਚਿਤਰਣ ਵੀ ਮਿਲਦਾ ਹੈ। ਇਸ ਅਨੁਸਾਰ ਹਿੰਦੂ ਰਾਜਿਆਂ ਦਾ ਉਸ ਸਮੇਂ ਕੋਈ ਦੀਨ ਇਮਾਨ ਨਹੀਂ ਸੀ ਤੇ ਨਾ ਹੀ ਉਹਨਾਂ ਨੂੰ ਅਣਖ ਇਜਤ ਨਾਲ ਕੋਈ ਸਰੋਕਾਰ ਸੀ। ਮਤਲਬ ਕਢਣ ਲਈ ਉਹ ਕਿਸੇ ਨਾਲ ਵੀ ਮਿਤਰਚਾਰਾ ਗੰਢ ਸਕਦੇ ਸਨ। ਪੀਰ ਬੁਧੂ ਸ਼ਾਹ ਵਲੋਂ ਗੁਰੂ ਜੀ ਕੋਲ ਭਰਤੀ ਕਰਵਾਏ 500 ਪਠਾਣਾਂ ਵਿਚੋਂ 400 ਦਾ ਆਪਣੇ ਆਗੂ ਭੀਖਣ ਖਾਂ ਦੀ ਅਗਵਾਈ ਵਿਚ ਗੁਰੂ ਜੀ ਦਾ ਸਾਥ ਛਡ ਕੇ ਸੰਕਟ ਸਮੇਂ ਦੁਸ਼ਮਣਾਂ ਨਾਲ ਜਾ ਰਲਣਾ ਇਸ ਦੀ ਪ੍ਰਮੁਖ ਉਦਾਹਰਣ ਆਖੀ ਜਾ ਸਕਦੀ ਹੈ:
ਫਤੇ ਸ਼ਾਹ ਕੋਪਾ ਤਬਿ ਰਾਜਾ।
ਲੋਹ ਪਰਾ ਹਮਸੋ ਬਿਨੁ ਕਾਜਾ।
ਹਨਿਯੋ ਏਕ ਖਾਨੰ, ਖਿਆਲੰ ਖਤੰਗੰ।
ਡਸਿਯੋ ਸਤ੍ਰ ਕੋ ਜਾਨੁ ਸਯਾਮੰ ਭੁਜੰਗ।
ਗਿਰਿਯੋ ਭੁਮਿ ਸੋ, ਬਾਣ ਦੂਜੋ ਸੰਭਾਰਯੋ।
ਮੁਖੰ ਭੀਖਨੰ ਖਾਨ ਕੇ, ਤਾਨਿ ਮਾਰਿਯੋ।
ਬਿਚਿਤ੍ਰ ਨਾਟਕ ਗੁਰੂ ਸਾਹਿਬ ਦੇ ਪੂਰਵਜਾਂ ਤੇ ਉਹਨਾਂ ਦੀ ਆਪਣੀ ਜੀਵਨ ਯਾਤਰਾ ਦੇ ਮੁਢਲੇ ਸਮੇਂ ਦਾ ਇਤਿਹਾਸ ਹੋਣ ਦੇ ਨਾਲ ਨਾਲ ਪੰਜਾਬ ਦੇ ਸਿੱਖ ਇਤਿਹਾਸ ਦਾ ਦੁਰਲਭ ਸ੍ਰੋਤ ਵੀ ਹੈ ਜਿਸ ਵਿਚ ਕਵੀ ਨੇ ਪ੍ਰਮਾਣੀਕ ਤਥਾਂ ਦਾ ਉਲੇਖ ਕੀਤਾ ਹੈ।
ਭੰਗਾਣੀ ਦੇ ਯੁੱਧ ਵਿਚ ਸੂਰਮੇ ਆਹਮੋ ਸਾਹਮਣੇ ਜੁਟੇ ਹੋਏ ਹਨ। ਗੁੱਸੇ ਵਿਚ ਆ ਕੇ ਹਰੀਚੰਦ ਨੇ ਪਹਿਲਾ ਤੀਰ ਗੁਰੂ ਜੀ ਦੇ ਘੋੜੇ ਨੂੰ ਸ਼ਾਇਦ ਇਸ ਵਿਚਾਰ ਨਾਲ ਮਾਰਿਆ ਹੋਵੇ ਕਿ ਘੋੜਾ ਜ਼ਖਮੀ ਹੋਣ ਤੇ ਗੁਰੂ ਸਾਹਿਬ ਦਾ ਮੈਦਾਨੋ ਭੱਜਣਾ ਅਸੰਭਵ ਬਣਾ ਦਿੱਤਾ ਜਾਇ। ਉਸ ਤੋਂ ਅਗਲਾ ਤੀਰ ਗੁਰੂ ਸਾਹਿਬ ਵੱਲ ਛੱਡਿਆ। ਇਹ ਤੀਰ ਗੁਰੂ ਸਾਹਿਬ ਦੇ ਕੰਨ ਨੂੰ ਛੋਹ ਕੇ ਅੱਗੇ ਲੰਘ ਗਿਆ। ਯੁੱਧ ਦੇ ਬਿਆਨ ਦੀ ਇਹ ਬਾਰੀਕੀ ਹੋਰ ਕਿਸ ਇਤਿਹਾਸਿਕ ਸ੍ਰੋਤ ਤੋਂ ਨਹੀਂ ਮਿਲ ਸਕਦੀ।
ਹਰੀਚੰਦ ਕੋਪੇ ਕਮਾਣੰ ਸੰਭਾਰੰ।
ਪ੍ਰਥਮ ਬਾਜੀਯੰ, ਤਾਣ ਬਾ ਣੰ ਪ੍ਰਹਾਰੰ।
ਦੁਤੀਯ ਤਾਕ ਕੈ ਤੀਰ ਮੋ ਕੋ ਚਲਾਯੰ।
ਰਖਿਓ ਦਈਵ ਮੈ, ਕਾਨਿ ਛੈਕੈ ਸਿਧਾਯੰ।
ਭੀਖਨ ਖਾਨ ਗੁਰੂ ਜੀ ਨਾਲ ਲੜਦਾ ਹੋਇਆ ਮੈਦਾਨ ਵਿਚੋਂ ਭੱਜ ਜਾਂਦਾ ਹੈ ਪਰ ਉਹ ਘੋੜਾ ਮੈਦਾਨ ਵਿਚ ਹੀ ਛੱਡ ਜਾਂਦਾ ਹੈ। ਘੋੜਾ ਇੰਨਾਂ ਬਲਵਾਨ ਹੈ ਕਿ ਉਸ ਨੂੰ ਦੋ ਤੀਰ ਵੱਜਣ ਨਾਲ ਕਿਸੇ ਨੁਕਸਾਨ ਦਾ ਪਤਾ ਹੀ ਨਹੀਂ ਲਗਦਾ। ਤੀਜੇ ਤੀਰ ਨਾਲ ਉਹ ਧਰਤੀ ਤੇ ਡਿਗ ਪੈਂਦਾ ਹੈ:
ਭਜਿਯੋ ਖਾਨ ਖੂਨੀ ਰਹਿਯੋ ਖੇਤਿ ਤਾਜੀ।
ਤਜੇ ਪ੍ਰਾਣ ਤੀਜੇ, ਲਗੇ ਬਾਣ ਬਾਜੀ।
ਹਨਯੋ ਏਕ ਖਾਨੰ, ਖਿਆਲੰ ਖਤੰਗੰ।
ਡਸਿਯੋ ਸਤ੍ਰ ਕੋ ਜਾਨੁ ਸਯਾਮੰ ਭੁਜੰਗ।
ਗਿਰਿਯੋ ਭੂਮਿ ਸੋ, ਬਾਣ ਦੂਜੋ ਸੰਭਾਰਯੋ।
ਮੁਖੰ ਭੀਖੰਨ ਖਾਨ ਕੇ, ਤਾਨਿ ਮਾਰਯੋ।
ਹੁਸੈਨੀ ਯੁੱਧ ਕਿਉਂ ਛਿੜਿਆ? ਇਸ ਦੇ ਅਸਲ ਕਾਰਨ ਦਾ ਭੇਦ ਗੁਰੂ ਜੀ ਖੋਲ੍ਹਦੇ ਹਨ। ਰੌਲਾ ਦਸ ਹਜ਼ਾਰ ਰੁਪਏ ਬਟੋਰਨ ਦਾ ਸੀ। ਜਦੋਂ ਦਿਲਾਵਰ ਖਾਂ ਦਾ ਚਾੜ੍ਹਿਆ ਹੁਸੈਨ ਖਾਨ ਇਧਰ ਪਹਾੜਾਂ ਵੱਲ ਪੁੱਜਾ ਤਾਂ ਉਸ ਨੇ ਬੜਾ ਉਪੱਦਰ ਮਚਾਇਆ। ਕਾਇਰ ਰਾਜੇ ਅਧੀਨਗੀ ਮੰਨਦੇ ਗਏ। ਰਾਜਾ ਰਾਮ ਸਿੰਘ ਨੂੰ ਨਾਲ ਲੈ ਕੇ ਗੁਆਲੇਰੀਏ ਰਾਜੇ ਨੇ ਦਸ ਹਜ਼ਾਰ ਰੁਪਿਆ ਦੇ ਕੇ ਦਿਨ ਦੇ ਚੌਥੇ ਪਹਿਰ ਹੁਸੈਨ ਖਾਨ ਨੂੰ ਮਿਲ ਕੇ ਸੰਧੀ ਕਰਨ ਦੀ ਵਿਉਂਤ ਬਣਾਈ ਪਰ ਕਹਿਲੂਰੀਏ ਤੇ ਕਟੌਚ ਰਾਜਿਆਂ ਦੀ ਮਦਦ ਹੋਣ ਕਾਰਨ ਹੁਸੈਨ ਖਾਨ ਨੂੰ ਰਬ ਵੀ ਦਿਸਣੋ ਹਟ ਗਿਆ। ਉਹਨੇ ਗੁਆਲੇਰੀਏ ਦੀ ਪੇਸ਼ਕਸ਼ ਠੁਕਰਾ ਦਿੱਤੀ। ਫਿਰ ਉਸੇ ਧਨ ਬਦਲੇ ਉਹਨਾਂ ਨੂੰ ਮਾਰਨ ਦੀ ਧਮਕੀ ਦੇਣ ਲਗਾ। ਇਸ ਸਾਰੇ ਭੇਦ ਤੋਂ ਗੁਰੂ ਜੀ ਨੇ ਹੀ ਪਰਦਾ ਚੁੱਕਿਆ ਹੈ। ਆਪ ਲਿਖਦੇ ਹਨ ਕਿ ਆਪ ਜੀ ਵਲੋਂ ਭੇਜਿਆ ਸੰਗਤੀਆਂ, ਗੋਪਾਲ ਨੂੰ ਨਾਲ ਲਿਜਾ ਕੇ ਹੁਸੈਨ ਨਾਲ ਸਾਲਸੀ ਕਰਨ ਦਾ ਜਤਨ ਕਰਦਾ ਹੈ ਤਾਂ ਰਾਜਾ ਕ੍ਰਿਪਾਲਚੰਦ ਹੋਰਾਂ ਰਲ ਕੇ ਗੋਪਾਲ ਨੂੰ ਕੈਦ ਕਰ ਲੈਣ ਜਾਂ ਮਾਰ ਦੇਣ ਦੀ ਸਾਜ਼ਸ਼ ਰਚੀ ਜਿਸ ਦਾ ਪਤਾ ਲਗ ਜਾਣ ਤੇ ਗੋਪਾਲ ਦੇ ਭਜ ਜਾਣ ਦੇ ਫਲਸਰੂਪ ਹੀ ਯੁੱਧ ਸ਼ੁਰੂ ਹੋਇਆ।
ਕਹਲੂਰੀਯਾ ਕਟੋਚ ਸੰਗਿ ਲਹਿ। ਜਾਨਾ ਆਨ ਨ ਮੋ ਸਰਿ ਮਹਿ ਮਹਿ।
ਤਿਨ ਜੋ ਧਨ ਆਨੋ ਥਾ ਸਾਥਾ। ਤੇ ਦੇ ਰਹੇ ਹੁਸੈਨੀ ਹਾਥਾ।
ਦੇਤ ਲੇਤ ਆਪਨ ਕੁਰਰਾਨੇ। ਤੇ ਧੰਨਿ ਲੈ ਨਿਜਿ ਧਾਮ ਸਿਧਾਨੇ।
ਚੇਰੋ ਤਬੈ ਤੇਜ ਤਨ ਤਯੋ। ਭਲਾ ਬੁਰਾ ਕਛੁ ਲਖਤ ਨ ਭਯੋ।
ਪੰਦ੍ਹਹ ਪਹਰਿ ਗਿਰਦ ਤਿਹ ਕੀਯੋ। ਖਾਨਿ ਪਾਨਿ ਤਿਨ ਜਾਨ ਨ ਦੀਯੋ। 11
ਦਾਸ ਨਿਰਖਿ ਸੰਗ ਸੈਨ ਪਠਾਨੀ। ਫੂਲਿ ਗਯੋ ਤਿਨ ਕੀ ਨਹੀਂ ਮਾਨੀ।
ਦਸ ਸਹੰਸ੍ਰ ਅਬ ਹੀ ਕੈ ਦੇਹੂ। ਨਾਤਰ ਮੀਚ ਮੂੰਡ ਪਰ ਲੈਹੂ।
ਗੋਪਾਲੈ ਸੁ ਅਬੈ ਗਹਿ ਲੀਜੈ। ਕੈਦ ਕੀਜੀਐ ਕੈ ਬਧ ਕੀਜੈ।
ਤਨਿਕ ਭਨਕ ਜਬ ਤਿਨ ਸੁਨਿ ਪਾਈ। ਨਿਜ ਦਲ ਜਾਤ ਭਯੋ ਭਟ ਰਾਈ।
ਯੁੱਧਾਂ ਦੇ ਬਿਆਨ ਵਿਚ ਅਕਸਰ ਯੁੱਧ ਲੜੇ ਜਾਣ ਦਾ ਸਮਾਂ ਨਹੀਂ ਲਿਖਿਆ ਮਿਲਦਾ। ਗੁਰੂ ਜੀ ਦੀ ਸਵੈਜੀਵਨੀ ਵਿਚ ਕਈ ਯੁੱਧਾਂ ਦੇ ਸਮਿਆਂ ਦਾ ਵਰਣਨ ਇਕ ਅਨੋਖੀ ਗੱਲ ਹੈ। ਇਹ ਸਮੇਂ ਹਮਲਾਵਰਾਂ ਨੇ ਆਪਣੀ ਰਣਨੀਤੀ ਦੀ ਯੋਜਨਾ ਵਿਚ ਉਸ ਸਮੇਂ ਲਿਆਂਦੇ ਵੀ ਹੋਣ ਤਦ ਹੁਣ ਮਿਲ ਸਕਣੇ ਅਸੰਭਵ ਹਨ। ਭਵਿਖ ਦੇ ਇਤਿਹਾਸਕਾਰਾਂ ਲਈ ਗੁਰੂ ਸਾਹਿਬ ਨੇ ਇਹ ਮੁਸ਼ਕਲ ਹੱਲ ਕਰ ਦਿਤੀ ਹੋਈ ਹੈ। ਜੁਝਾਰ ਸਿੰਘ ਯੁੱਧ ਵਰਨਨ ਵਿਚ ਆਪ ਨੇ ਲਿਖਿਆ ਹੈ ਕਿ ਜੁਝਾਰ ਸਿੰਘ ਤੇ ਹਮਲਾ ਸਵੇਰੇ ਤੜਕਸਾਰ ਹੋਇਆ:
ਰਿਸ ਤਨ ਖਾਨ ਦਿਲਾਵਰ ਤਏ। ਇਤੈ ਸਊਰ ਪਠਾਵਤ ਭਏ।
ਉਤੈ ਪਠਿਓ ਉਨਿ ਸਿੰਘ ਜੁਝਾਰਾ। ਤਿੱਹ ਭਲਾਨ ਤੇ ਖੇਦਿ ਨਿਕਾਰਾ।
ਇਤਿ ਗਜ ਸਿੰਘ, ਪੰਮਾਂ ਦਲ ਜੋਰਾ। ਧਾਇ ਪਰੇ ਤਿਨ ਉਪਰ ਭੋਰਾ।
ਨਦੌਣ ਯੁੱਧ ਵਿਚ ਸ਼ਾਹੀ ਫੌਜ ਨੂੰ ਸ਼ਰਮਨਾਕ ਹਾਰ ਖਾ ਕੇ ਭੱਜਣਾ ਪਿਆ। ਇਸ ਬੇਇਜ਼ਤੀ ਦਾ ਬਦਲਾ ਲੈਣ ਲਈ ਦਿਲਾਵਰ ਖਾਂ ਨੇ ਗੁਰੂ ਸਾਹਿਬ ਤੇ ਖਿਰਾਜ ਉਗਰਾਹੁਣ ਦੇ ਬਹਾਨੇ ਆਪਣਾ ਪੁੱਤਰ ਅਨੰਦਪੁਰ ਵਲ ਚਾੜ੍ਹਿਆ। ਮੈਕਾਲਿਫ ਅਨੁਸਾਰ, ਔਰੰਗਜੇਬ ਦੇ ਦਖਣ ਵੱਲ ਰੁਝੇ ਰਹਿਣ ਦੇ ਸਮੇਂ ਪੰਜਾਬ ਵਿਚ ਤਾਕਤ ਫੜ ਲੈਣ ਵਾਲੇ ਦਿਲਾਵਰ ਖਾਂ ਨੇ, ਗੁਰੂ ਸਾਹਿਬ ਦੀ ਸਫਲਤਾ ਤੇ ਪ੍ਰਸਿੱਧੀ ਕਾਰਨ ਖਾਰ ਖਾ ਕੇ ਇਹ ਕਦਮ ਚੁਕਿਆ ਸੀ। ਗੁਰੂ ਸਾਹਿਬ ਦੇ ਹਿਸਾਬ ਇਹ ਇਕ ਹੋਰ ਹਮਲਾ ਸੀ ਕਿਉਂਕਿ ਆਪ ਇਸ ਵੇਲੇ ਬਿਰਾਜੇ ਹੋਏ ਸਨ ਤੇ ਸੇਵਾਦਾਰ ਵੱਲੋਂ ਅਚਾਨਕ ਉਹਨਾਂ ਨੂੰ ਜਗਾਇਆ ਗਿਆ। ਇਸ ਹਮਲੇ ਦਾ ਦੋ ਘੜੀਆਂ ਬੀਤੀ ਰਾਤ ਦਾ ਸਮਾਂ, ਗੁਰੂ ਜੀ ਦੇ ਬਿਰਾਜੇ ਹੋਣਾ, ਉਨ੍ਹਾਂ ਨੂੰ ਜਗਾਉਣ ਵਾਲੇ ਸੇਵਾਦਾਰ ਆਲਿਮ ਦਾ ਨਾਂ ਆਦਿ ਗੱਲਾਂ ਅਸੀਂ ਬਿਚਿਤ੍ਰ ਨਾਟਕ ਵਿਚੋਂ ਹੀ ਜਾਣ ਸਕਦੇ ਹਾਂ। ਇਸ ਹਮਲੇ ਸਮੇਂ ਅਨੰਦਪੁਰ ਦੇ ਵਸਨੀਕਾਂ ਦੀ ਚੜ੍ਹਦੀ ਕਲਾ ਦਾ ਵਰਨਨ ਬਿਆਨ ਨੂੰ ਹੋਰ ਵੀ ਚਾਰ ਚੰਨ ਲਾਉਂਦਾ ਹੈ:
ਤਬ ਲੋ ਖਾਨ ਦਿਲਾਵਰ ਆਏ। ਪੂਤ ਆਪਨ ਹਮ ਓਰਿ ਪਠਾਏ।
ਦੇਕੁ ਘਰੀ ਬੀਤੀ ਨਿਸਿ ਜਬੈ। ਚੜ੍ਹਤ ਕਰ ਹੀ ਖਾਨਨ ਮਿਲਿ ਤਬੈ।
ਜਬ ਦਲ ਪਾਰ ਨਦੀ ਕੇ ਆਯੋ। ਆਨਿ ਆਲਮੈ ਹਮੈ ਜਗਾਯੋ।
ਸੋਰੁ ਪੁਰਾ ਸਭ ਹੀ ਨਰ ਜਾਗੇ। ਗਹਿ ਗਹਿ ਸਸਤ੍ਰ ਬੀਰ ਰਿਸ ਪਾਗੇ।
ਛੂਟਨ ਲਗੀ ਤੁਫੰਗੈਂ ਤਬਹੀ। ਗਹਿ ਗਹਿ ਸਸਤ੍ਰ ਰਿਸਾਨੇ ਸਬਹੀ।
ਕ੍ਰੂਰ ਭਾਂਤਿ ਤਿਨ ਕਰੀ ਪੂਕਾਰਾ। ਸੋਰੁ ਸੁਨਾ ਸਰਤਾ ਕੇ ਪਾਰਾ।
ਆਲਿਫ ਖਾਂ ਦੀ ਰਣਨੀਤੀ ਦਾ ਪਤਾ ਵੀ ਸਾਨੂੰ ਬਿਚਿਤ੍ਰ ਨਾਟਕ ਵਿਚੋਂ ਹੀ ਲਗਦਾ ਹੈ। ਯੁੱਧ ਮੈਦਾਨ ਵਿਚ ਗੁਰੂ ਸਾਹਿਬ ਦਾ ਸਾਹਮਣਾ ਨਾ ਕਰ ਸਕਣ ਤੇ ਆਲਿਫ ਖਾਂ ਤੇ ਉਸ ਦੇ ਸਾਥੀ ਭੱਜ ਉਠਦੇ ਹਨ। ਦਿਨੇ ਭੱਜਦਿਆਂ ਨੂੰ ਜਿਵੇਂ ਸ਼ਰਮ ਆਉਂਦੀ ਹੋਵੇ ਇਸ ਲਈ ਰਾਤ ਦਾ ਅੱਧਾ ਪਹਿਰ ਬੀਤਣ ਪਿੱਛੋਂ ਉਹ ਮੈਦਾਨ ਛੱਡਦੇ ਹਨ। ਜਾਣ ਤੋਂ ਪਹਿਲਾਂ ਨਗਾਰਚੀਆਂ ਨੂੰ ਨਗਾਰਾ ਨਿਰੰਤਰ ਵਜਾਉਂਦੇ ਰਹਿਣ ਦਾ ਹੁਕਮ ਦੇ ਜਾਂਦੇ ਹਨ ਤਾਂ ਕਿ ਦੁਸ਼ਮਣ ਨੂੰ ਫੌਜ ਦੇ ਮੈਦਾਨ ਵਿਚ ਮੌਜੂਦ ਹੋਣ ਦਾ ਸੰਦੇਹ ਬਣਿਆ ਰਹੇ। ਆਲਿਫ ਖਾਂ ਨੂੰ ਭੱਜਣ ਵੇਲੇ ਭੋਜਣ ਦਾ ਵੀ ਖਿਆਲ ਨਾ ਰਿਹਾ। ਇਹ ਬਾਰੀਕਬੀਨੀ ਤੇ ਤਥ ਬਿਆਨੀ ਬਿਚਿਤ੍ਰ ਨਾਟਕ ਵਿਚੋਂ ਹੀ ਪਰਾਪਤ ਹੁੰਦੀ ਹੈ:
ਲੀਯੋ ਜੀਤਿ ਬੈਰੀ, ਕੀਆ ਆਨਿ ਡੇਰੰ। ਤੇਊ ਜਾਇ ਪਾਰੰ, ਰਹੇ ਬਾਰਿ ਕੇਰੰ।
ਭਈ ਰਾਤ੍ਰਿ ਗੁਬਾਰ ਕੇ, ਅਰਧ ਜਾਮੰ। ਤਬੈ ਛੋਰਿਗੇ ਬਾਰ ਦੇ ਵੈ ਦਮਾਮੰ।
ਸਬੈ ਰਾਤ੍ਰਿ ਬੀਤੀ, ਉਦਯੋ ਦਿਉ ਸਰਾਣੰ। ਚਲੇ ਬੀਰ ਚਾਲਾਕ, ਖੱਗ ਖਿਲਾਣੰ।
ਭੱਜਯੋ ਅਲਿਫ ਖਾਨੰ, ਨ ਖਾਨਾ ਸੰਭਾਰਿਯੋ। ਭਜੇ ਔਰ ਬੀਰੰ ਨ ਧੀਰੰ ਬਿਚਾਰਯੋ।
ਭੰਗਾਣੀ ਦੇ ਯੁੱਧ ਦੀ ਗੁਪਤ ਤੱਥੀ ਗੱਲ ਇਹ ਹੈ ਕਿ ਨਿਜਾਬਤ ਖਾਨ ਨੂੰ ਮਾਰਨ ਪਿਛੋਂ ਸੰਗੋਸ਼ਾਹ ਸ਼ਹੀਦ ਹੋ ਜਾਂਦਾ ਹੈ ਤੇ ਉਸ ਨੂੰ ਸ਼ਹੀਦ ਹੋਇਆ ਦੇਖ ਕੇ ਹੀ ਗੁਰੂ ਸਾਹਿਬ ਨੇ ਆਪਣਾ ਤੀਰ ਕਮਾਨ ਸੰਭਾਲਿਆ ਤੇ ਭੀਖਨ ਸ਼ਾਹ ਦੇ ਮੂੰਹ ਵਿਚ ਤੀਰ ਮਾਰਿਆ। ਉਹ ਤੀਰ ਮੂੰਹ ਵਿਚ ਹੀ ਲੈ ਕੇ ਮੈਦਾਨੋ ਭੱਜ ਤੁਰਿਆ ਤਾਂ ਬਾਕੀ ਸਾਰੇ ਵੀ ਨਸ ਉਠੇ:
ਮਾਰਿ ਨਿਜਾਬਤ ਖਾਨ ਕੋ, ਸੰਗੋ ਜੁਝੈ ਜੁਝਾਰ।
ਹਾ ਹਾ ਇਹ ਲੋਕ ਭਇਓ, ਸੁਰਗ ਲੋਕ ਜੈਕਾਰ।
ਲਖੇ ਸਾਹ ਸੰਗ੍ਰਾਮ ਜੁੱਝੇ ਜੁਝਾਰੰ, ਤਵੰ ਕੀਟ ਬਾਣੰ ਕਮਾਣੰ ਸੰਭਾਰੰ।
ਗੁਰੂ ਜੀ ਦੀ ਇਸ ਰਚਨਾ ਤੋਂ ਸਾਨੂੰ ਪਤਾ ਲਗਦਾ ਹੈ ਕਿ ਪਹਾੜੀ ਰਾਜੇ ਸਲਾਹ ਮਸ਼ਵਰੇ ਲਈ ਆਪ ਨੂੰ ਬੁਲਾ ਲਿਆ ਕਰਦੇ ਸਨ ਤੇ ਜਦੋਂ ਭੀੜ ਬਣਦੀ ਸੀ ਤਦ ਵੀ ਗੁਰੂ ਜੀ ਤੋਂ ਮਦਦ ਮੰਗਦੇ ਸਨ:
ਜੁੱਧ ਕਾਜ ਨ੍ਰਿਪ ਹਮੈ ਬੁਲਾਯੋ।
ਸਬੈ ਬੀਰ ਬੋਲੇ ਹਮੈ ਬੀ ਬੁਲਾਯੰ।
ਗੁਰੂ ਗੋਬਿੰਦ ਸਿੰਘ ਦੇ ਜੀਵਨ ਅਤੇ ਸਿੱਖ ਇਤਿਹਾਸ ਦੇ ਕੁੱਛ ਪੱਖ ਅਜਿਹੇ ਵੀ ਹਨ ਜੋ ਬਿਚਿਤ੍ਰ ਨਾਟਕ ਵਿਚ ਘੱਟ ਉਜਾਗਰ ਹੋਏ ਹਨ, ਜਿਨ੍ਹਾਂ ਬਾਰੇ ਸਿੱਖ ਵਿਦਵਾਨ ਤੇ ਇਤਿਹਾਸਕਾਰ ਸਹਿਮਤ ਨਹੀਂ ਤੇ ਜਿਨ੍ਹਾਂ ਬਾਰੇ ਵਿਵਾਦ ਨੂੰ ਨਜਿਠਣ ਵਿਚ ਬਿਚਿਤ੍ਰ ਵਿਚਲੇ ਸੰਕੇਤਕ ਇਤਿਹਾਸਿਕ ਤਥ ਬਹੁਤ ਸਹਾਈ ਹੋ ਸਕਦੇ ਹਨ। ਇਨ੍ਹਾਂ ਵਿਚੋਂ ਇਕ ਹੈ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਲਈ ਜਿੰਮੇਵਾਰ ਵਿਅਕਤੀ ਬਾਰੇ ਵਿਵਾਦ।
ਗੁਰੂ ਤੇਗ ਬਹਾਦਰੀ ਜੀ ਦੀ ਸ਼ਹੀਦੀ ਦੀ ਮਿਤੀ 11 ਮਘਰ 1732, ਮਘਰ ਸੁਦੀ ਪੰਜਵੀਂ ਦਿਨ ਵੀਰਵਾਰ ਬਾਰੇ ਤਾਂ ਲਗਪਗ ਸਭ ਇਤਿਹਾਸਕਾਰ ਸਹਿਮਤ ਹਨ ਪਰ ਇਕ ਗੱਲ ਸੰਬੰਧੀ ਵਿਵਾਦ ਹੈ ਕਿ ਗੁਰੂ ਜੀ ਦੀ ਸ਼ਹੀਦੀ ਸਮੇਂ ਬਾਦਸ਼ਾਹ ਔਰੰਗਜੇਬ ਦਿੱਲੀ ਵਿਚ ਮੌਜੂਦ ਸੀ ਜਾਂ ਨਹੀਂ। ਪੁਰਾਤਨ ਸਿੱਖ ਇਤਿਹਾਸਿਕ ਗ੍ਰੰਥਾਂ ਵਿਚ ਇਹ ਗੱਲ ਸਪਸ਼ਟ ਹੈ ਕਿ ਗੁਰੂ ਜੀ ਦਾ ਔਰੰਗਜੇਬ ਨਾਲ ਸੰਵਾਦ ਹੋਇਆ ਤੇ ਉਸ ਨੇ ਆਪ ਨੂੰ ਕੋਈ ਕਰਾਮਾਤ ਦਿਖਾਉਣ ਲਈ ਵੀ ਆਖਿਆ ਪਰ ਗੁਰੂ ਜੀ ਦੇ ਨਾ ਮੰਨਣ ਤੇ ਆਪ ਨੂੰ ਸ਼ਹੀਦ ਕਰ ਦਿੱਤਾ ਗਿਆ। ਦੂਜੇ ਬੰਨੇ ਨਵੀਂ ਖੋਜ ਵਿਚ ਵਿਸ਼ਵਾਸ ਰਖਣ ਵਾਲੇ ਕੁਝ ਇਤਿਹਾਸਕਾਰਾਂ ਦਾ ਮਤ ਹੈ ਕਿ ਸੰਵਾਦ ਵਾਲੀ ਕਹਾਣੀ ਕਲਪਤ ਹੈ ਕਿਉਂਕਿ ਔਰੰਗਜ਼ੇਬ ਉਨ੍ਹੀ ਦਿਨੀ ਦਿੱਲੀ ਵਿਚ ਹੈ ਹੀ ਨਹੀਂ ਸੀ। ਉਹ ਹਸਨਅਬਦਾਲ ਤੋਂ ਕਿਤੇ ਪਿਛੋਂ ਜਾ ਕੇ ਪਰਤਿਆ। ਇਸ ਗੱਲ ਦਾ ਨਿਰਨਾ ਬਿਚਿਤ੍ਰ ਨਾਟਕ ਦੀ ਲਿਖਤ ਦੇ ਆਧਾਰ ਤੇ ਕੀਤਾ ਜਾ ਸਕਦਾ ਹੈ। ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਂ:
ਨਾਟਕ ਚੇਟਕ ਕੀਏ ਕੁਕਾਜਾ। ਪ੍ਰਭ ਲੋਗਨ ਕਹ ਆਵਤ ਲਾਜਾ
* * *
ਠੀਕਰ ਫੋਰਿ ਦਿਲੀਸ ਸਿਰਿ ਪ੍ਰਭਪੁਰਿ ਕੀਯਾ ਪਯਾਨ।
ਇਹ ਲਿਖਤ ਗੁਰੂ ਜੀ ਦੀ ਸ਼ਹੀਦੀ ਦੀ ਨਿਕਟਤਮ ਗਵਾਹੀ ਹੈ ਜਿਸ ਤੇ ਕਿਸੇ ਕਿੰਤੂ ਪ੍ਰੰਤੂ ਦੀ ਗੁੰਜਾਇਸ਼ ਨਹੀਂ ਕਿਉਂਕਿ ਆਪ ਨੇ ਦਿੱਲੀ ਵਿਚ ਵਾਪਰੀ ਘਟਨਾ ਦੇ ਸੱਜਰੇ ਸਮਾਚਾਰ ਤੇ ਗੁਰੂ ਜੀ ਦਾ ਸੀਸ ਪਰਾਪਤ ਕਰਨ ਉਪਰੰਤ ਦਹ ਸੰਸਕਾਰ ਕੀਤਾ ਸੀ ਤੇ ਇਨ੍ਹਾਂ ਸਮਾਚਾਰਾਂ ਦੀ ਗੰਭੀਰਤਾ ਹੀ ਬਹੁਤ ਹਦ ਤੱਕ ਖਾਲਸਾ ਸਾਜਨ ਦੀ ਮਹਾਨ ਘਟਨਾ ਲਈ ਜਿੰਮੇਵਾਰ ਸਮਝੀ ਜਾਂਦੀ ਹੈ।
ਪਰੰਪਰਾਗਤ ਇਤਿਹਾਸ ਦਾ ਵਿਰੋਧ ਕਰਨ ਵਾਲਿਆਂ ਦਾ ਆਧਾਰ ਕੁਝ ਮੁਸਲਮਾਨੀ ਸਮਕਾਲੀ ਜਾਂ ਨਿਕਟ ਸਮਕਾਲੀ ਲਿਖਤਾਂ ਹਨ ਜਿਨ੍ਹਾਂ ਤੋਂ ਔਰੰਗਜੇਬ ਦੇ ਦਿਲੀਉਂ ਬਾਹਰ ਹੋਚ ਦੇ ਆਸਾਰ ਬਣਦੇ ਹਨ। ਨਵੀਂ ਖੋਜ ਨੂੰ ਲੰਮੇ ਹੱਥੀ ਲੈਦਿਆਂ ਸਰਦਾਰ ਕਪੂਰ ਸਿੰਘ ਦਾਅਵਾ ਕਰਦੇ ਹਨ ਕਿ ਔਰੰਗਜ਼ੇਬ ਵਲੋਂ ਉਹਨਾਂ ਦਿਨਾਂ ਵਿਚ ਇਤਿਹਾਸ ਲਿਖਣ ਤੇ ਸਰਕਾਰੀ ਪਾਬੰਦੀ ਲਾ ਦਿੱਤੇ ਜਾਣ ਕਾਰਨ ਮੁਸਲਮ ਲਿਖਤਾਂ ਵਿਚ ਬਹੁਤ ਵਾਧੇ ਘਾਟੇ ਕੀਤੇ ਗਏ ਮਿਲਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸਰ ਜਾਦੂ ਨਾਥ ਸਰਕਾਰ ਵਲੋਂ ਮੁਸਲਮ ਇਤਿਹਾਸ ਬਾਰੇ ਦਿੱਤੀਆਂ ਤਾਰੀਖਾਂ ਕਾਰਨ ਹੀ ਉਕਤ ਵਿਵਾਦ ਪੈਦਾ ਹੋਇਆ ਹੇ ਪਰ ਉਹ ਤਾਰੀਖਾਂ ਸਹੀ ਨਹੀਂ। ਸਤਨਾਮੀਆਂ ਦੀ ਬਗਾਵਤ ਦਬਾਏ ਜਾਣ ਦਾ ਵਰ੍ਹਾ ਸਰ ਸਰਕਾਰ ਨੇ 1673 ਦਿੱਤਾ ਹੈ ਜਦ ਕਿ ਇਕ ਸਮਕਾਲੀ ਪੁਰਤਗੇਜ਼ ਪਰਮਾਣੀਕ ਪੁਰਸ਼ ਓਮੇਜ਼ ਨੇ ਇਹ ਘਟਨਾ ਅਪਰੈਲ 1674 ਦੇ ਆਲੇ ਦੁਆਲੇ ਦੀ ਲਿਖੀ ਹੈ। ਇਸ ਓਮੇਜ਼ ਦੀਆਂ ਦਿੱਤੀਆਂ ਤਾਰੀਖਾਂ ਬਹੁਤ ਕਰ ਕੇ ਖਫੀ ਖਾਂ ਵੱਲੋਂ ਦਿੱਤੀਆਂ ਮਿਤੀਆਂ ਨਾਲ ਮੇਲ ਖਾਂਦੀਆਂ ਹਨ। ਇਕ ਹੋਰ ਪੁਰਤਗੇਜ਼ ਡਾਕਟਰ ਫਰਾਇਰ ਵੇਲ ਸਤੰਬਰ 1674 ਤੇ ਜਨਵਰੀ 1675 ਵਿਚਕਾਰ ਲਿਖੇ ਗਏ ਆਪਣੇ ਇਕ ਪੱਤਰ ਵਿਚ ਲਿਖਦਾ ਹੈ ਕਿ ਔਰੰਗਜ਼ੇਬ ਨੇ ਉਨ੍ਹਾਂ ਸਭਨਾਂ ਨੂੰ ਆਪਣੇ ਦੀਨ ਵਿਚ ਲਿਆਉਣ ਦੀ ਮੁਹਿੰਮ ਅਰੰਭੀ ਹੋਈ ਹੈ। ਸਰਦਾਰ ਕਪੂਰ ਸਿੰਘ ਹੋਰੀਂ ਇਕ ਲੰਮੀ ਚੌੜੀ ਵਿਚਾਰ ਪਿਛੋਂ ਇਸ ਸਿਟੇ ਤੇ ਪੁੱਜਦੇ ਹਨ ਕਿ ਔਰੰਗਜ਼ੇਬ ਹਸਨ ਅਬਦਾਲ ਤੋਂ ਮਾਰਚ 1675 ਵਿਚ ਵਾਪਸ ਆ ਚੁੱਕਾ ਸੀ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਮੇਂ ਉਹ ਦਿੱਲੀ ਵਿਚ ਮੌਜੂਦ ਸੀ। ਦਸਮੇਸ਼ ਵੱਲੋਂ ਦਿੱਤਾ ਗਿਆ ਸੰਕੇਤ ਕਿ ਦਿੱਲੀ ਦੇ ਬਾਦਸ਼ਾਹ ਦੇ ਸਿਰ ਭਾਂਡਾ ਭੰਨ ਕੇ ਗੁਰੂ ਸਾਹਿਬ ਸਵਰਗ ਸਿਧਾਰੇ ਇਸ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿਣ ਦਿੰਦਾ। ਜੇ ਔਰੰਗਜ਼ੇਬ ਰਾਜਧਾਨੀ ਵਿਚ ਮੌਜੂਦ ਨਾ ਹੁੰਦਾ ਤਦ ਇਹ ਭਾਂਡਾ ਉਸ ਦੇ ਸਿਰ ਨਹੀਂ ਸੀ ਭੰਨਿਆ ਜਾਣਾ।
ਇਕ ਹੋਰ ਗੱਲ। ਗੁਰੂ ਜੀ ਦੀ ਸ਼ਹੀਦੀ ਨੇ ਸਿੱਖਾਂ ਵਿਚ ਇੰਨਾਂ ਰੋਹ ਪੈਦਾ ਕਰ ਦਿੱਤਾ ਕਿ ਉਨ੍ਹਾਂ ਨੇ ਇਸ ਅਨਿਆਇ ਦਾ ਬਦਲਾ ਲੈਣ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਔਰੰਗਜ਼ੇਬ ਵਰਗੇ ਸ਼ਹਿਨਸ਼ਾਹ ਦੇ ਕਤਲ ਤੇ ਉਤਰ ਆਏ। ਔਰੰਗਜ਼ੇਬ ਦੇ ਰਾਜ ਦੇ ਤੀਹ ਸਾਲ ਦੇ ਰੋਜ਼ਾਨਾਮਚੇ ਮੁਆਸਰੇ ਆਲਮਗੀਰੀ ਅਨੁਸਾਰ ਗੁਰੂ ਜੀ ਦੀ ਸ਼ਹੀਦੀ ਦੇ ਇਕ ਸਾਲ ਦੇ ਵਿਚ ਵਿਚ ਹੀ, 27 ਅਕਤੂਬਰ 1676 ਦਿਨ ਵੀਰਵਾਰ ਨੂੰ ਸ਼ਹਿਨਸ਼ਾਹ ਦੀ ਸਵਾਰੀ ਜਾਮਿ-ਮਸਜਿਦ ਤੋਂ ਵਾਪਸ ਆ ਰਹੀ ਸੀ। ਜਦ ਸ਼ਹਿਨਸ਼ਾਹ ਕਿਸ਼ਤੀ ਤੋਂ ਉਤਰ ਕੇ ਤਖਤ-ਰਵਾਂ ਤੇ ਸਵਾਰ ਹੋ ਰਹੇ ਸਨ ਤਾਂ ਇਕ ਵਿਅਕਤੀ ਨੇ, ਜੋ ਗੁਰੂ ਤੇਗ ਸਿੰਘ (ਬਹਾਦਰ) ਦਾ ਚੇਲਾ ਸੀ, ਦੋ ਇੱਟਾਂ ਸੁੱਟੀਆਂ ਜਿਨ੍ਹਾਂ ਵਿਚ ਇਕ ਤਖਤ ਉੱਤੇ ਜਾ ਡਿੱਗੀ। ਜਲੌ ਦੇ ਪਿਆਦਿਆਂ ਨੇ ਉਸ ਮੰਦ-ਭਾਗੇ ਨੂੰ ਫੜ ਕੇ ਕੁਤਵਾਲ ਦੇ ਹਵਾਲੇ ਕਰ ਦਿੱਤਾ। ਜੇ ਇਕ ਪਲ ਲਈ ਇਹ ਮੰਨ ਲਿਆ ਜਾਵੇ ਕਿ ਸ਼ਹਿਨਸ਼ਾਹ ਦੀ ਗੈਰਹਾਜ਼ਰੀ ਵਿਚ ਉਸ ਦੇ ਹੁਕਤ ਨਾਲ ਅਹਿਲਕਾਰਾਂ ਨੇ ਗੁਰੂ ਜੀ ਨੂੰ ਸ਼ਹੀਦ ਕੀਤਾ ਤਾਂ ਉਪਰੋਕਤ ਸਿੱਖ ਵਰਗੇ ਸਿੱਖਾਂ ਲਈ ਕਿਸੇ ਅਹਿਲਕਾਰ ਨੂੰ ਕਤਲ ਕਰਨਾ ਸਗੋਂ ਕਿਤੇ ਸੌਖਾ ਸੀ। ਔਰੰਗਜੇਬ ਉਪਰ ਕੀਤੇ ਹਮਲੇ ਦਾ ਕਾਰਨ ਹੀ ਇਹ ਸੀ ਕਿ ਸ਼ਹੀਦੀ ਔਰਗਜੇਬ ਦੀ ਮੌਜ਼ੂਦਗੀ ਵਿਚ ਹੋਈ ਸੀ।
ਦੂਸਰਾ ਵਿਵਾਦ ਗੁਰੂ ਸਾਹਿਬ ਦੇ ਅਵਤਾਰ ਧਾਰਨ ਦੀ ਮਿਤੀ ਬਾਰੇ ਹੈ। ਆਮ ਧਾਰਨਾ ਹੈ ਕਿ ਗੁਰੂ ਜੀ ਨੇ ਪੋਹ ਸੁਦੀ ਸਤਵੀਂ 1723 ਬਿ: ਨੂੰ ਪਟਨੇ ਵਿਚ ਅਵਤਾਰ ਧਾਰਿਆ ਤੇ ਇਹੋ ਮਿਤੀ ਪ੍ਰਚਲਤ ਹੈ। ਦੂਜੇ ਬੰਨੇ ਭਾਈ ਰਣਧੀਰ ਸਿੰਘ ਜੀ ਇਕ ਲਿਖਤੀ ਬੀੜ ਦੇ ਪੰਨੇ ਉਪਰ ਇਹ ਮਿਤੀ ਦਿਨ ਐਤਵਾਰ ਪੋਹ ਸੁਦੀ ਸਤਿਉਂ ਸੰਮਤ 1726 ਲਿਖੀ ਹੋਈ ਦੇਖੇ ਜਾਣ ਦਾ ਦਾਅਵਾ ਕਰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਬਿਚਿਤ੍ਰ ਨਾਟਕ ਵਿਚ ਇਸ ਮਹਾਨ ਘਟਨਾ ਬਾਰੇ ਸੰਕੇਤ ਦਿੰਦੇ ਲਿਖਦੇ ਹਨ:
ਮੁਰਪਿਤ ਪੂਰਬਿ ਕਿਯਸਿ ਪਯਾਨਾ।
ਭਾਂਤਿ ਭਾਂਤਿ ਕੇ ਤੀਰਥਿ ਨ੍ਹਾਨਾ।
ਜਬ ਹੀ ਜਾਤਿ ਤ੍ਰਿਬੇਣੀ ਭਏ।
ਪੁੱਨ ਦਾਨ ਦਿਨ ਕਰਤ ਬਿਤਏ।
ਤਹੀ ਪ੍ਰਕਾਸ਼ ਹਮਾਰਾ ਭਯੋ।
ਪਟਨਾ ਸ਼ਹਰ ਬਿਖੈ ਭਵ ਲਯੋ।
ਇਸ ਅਨੁਸਾਰ ਗੁਰੂ ਤੇਗ ਬਹਾਦਰ ਜੀ ਜਦੋਂ ਪਰਵਾਰ ਸਮੇਤ ਯਾਤਰਾ ਕਰਦੇ ਪ੍ਰਯਾਗ ਪੁਜੇ ਤਦ ਦਸਮੇਸ਼ ਜੋਤਿ ਨੇ ਮਾਤਾ ਜੀ ਦੇ ਉਦਰ ਨੂੰ ਭਾਗ ਲਾਇਆ। ਸਰੀਰਕ ਤੌਰ ਤੇ ਪ੍ਰਗਟ ਉਹ ਪਟਨੇ ਹੋਏ। ਗੁਰੂ ਸਾਹਿਬ ਦੇ ਪ੍ਰਯਾਗ ਦੌਰੇ ਜਾਂ ਕਿਆਮ ਦੀ ਮਿਤੀ ਮਿਲ ਜਾਣ ਨਾਲ ਹੀ ਇਹ ਵਿਵਾਦ ਦੂਰ ਹੋ ਸਕਦਾ ਹੈ। ਪਰ ਇਹ ਤਾਰੀਖ ਕਿਸੇ ਪ੍ਰਮਾਣਿਕ ਸਿੱਖ ਗ੍ਰੰਥ ਵਿਚੋਂ ਪ੍ਰਮਾਣਿਕ ਰੂਪ ਵਿਚ ਨਾ ਮਿਲਦੀ ਹੋਣ ਕਰ ਕੇ ਸਾਨੂੰ ਹੋਰ ਲਿਖਤਾਂ ਦਾ ਆਸਰਾ ਲੈਣਾ ਪਵੇਗਾ।
ਸਭ ਸਿੱਖ ਇਤਿਹਾਸਕਾਰ ਇਸ ਗੱਲੇ ਸਰਬਸੰਮਤ ਹਨ ਕਿ ਗੁਰੂ ਤੇਗ ਬਹਾਦਰ ਜੀ ਪੂਰਬ ਦੀ ਯਾਤਰਾ ਦੌਰਾਨ ਰਾਜਾਰਾਮ ਸਿੰਘ ਦੀ ਕਾਮਰੂਪ ਦੀ ਮੁਹਿੰਮ ਵਿਚ ਸਹਾਇਤਾ ਵਾਸਤੇ ਉਸ ਦੇ ਨਾਲ ਗਏ ਸਨ। ਮੁਆਸ਼ਰੇ ਆਲਮਗੀਰੀ ਅਨੁਸਾਰ, ਗੁਹਾਟੀ ਉੱਤੇ ਦੁਸ਼ਮਣ ਦੇ ਕਬਜ਼ੇ ਦੀ ਖਬਰ ਸੁਣ ਕੇ ਔਰੰਗਜ਼ੇਬ ਨੇ ਫ਼ੈਸਲਾ ਕੀਤਾ ਕਿ ਦਰਬਾਰ ਦੇ ਕਿਸੇ ਉੱਘੇ ਅਮੀਰ ਨੂੰ ਦੁਸ਼ਮਣ ਦੀ ਤਬਾਹੀ ਦਾ ਕੰਮ ਸੌਂਪਿਆ ਜਾਇ। ਇਸ ਫ਼ੈਸਲੇ ਅਨੁਸਾਰ ਇਸ ਕੰਮ ਲਈ ਰਾਜਾ ਰਾਮ ਸਿੰਘ ਨੂੰ ਚੁਣਿਆ ਗਿਆ ਤੇ ਰਜਬ ਦੀ 21 ਤਾਰੀਖ ਦਿਨ ਸ਼ੁਕਰਵਾਰ 1077 ਹਿਜਰੀ ਨੂੰ ਇਸ ਮੁਹਿੰਮ ਤੇ ਚੜ੍ਹਨ ਦਾ ਉਸ ਨੂੰ ਹੁਕਮ ਹੋਇਆ। ਇਹ ਬਿਕ੍ਰਮੀ ਸੰਮਤ 1724 ਦੇ ਪੋਹ 28 ਦਿਨ ਬਣਦੇ ਹਨ। ਡਾ. ਤਾਰਨ ਸਿੰਘ ਅਨੁਸਾਰ ਗੁਰੂ ਜੀ ਕੁਰੂਕਸ਼ੇਤਰ, ਹਰਦੁਵਾਰ ਆਦਿ ਥਾਵਾਂ ਦੀਆਂ ਸੰਗਤਾਂ ਨੂੰ ਤਾਰਦੇ ਹੋਏ ਮਾਰਚ 1669 ਵਿਚ ਪ੍ਰਯਾਗ ਜਾਂ ਬਿਰਾਜੇ। ਚੰਦ ਤੇ ਸੂਰਜ ਗ੍ਰਹਿਦ ਨੇੜੇ ਨੇੜੇ ਹੋਣ ਕਾਰਨ ਗੁਰੂ ਜੀ ਨੇ ਇਥੇ ਕਰੀਬ ਇਕ ਮਹੀਨਾ ਦਰਸ਼ਨ ਦਿੱਤੇ। ਮੈਕਾਲਿਫ ਇਹ ਸਮਾਂ ਛੇ ਮਹੀਨੇ ਲਿਖਦਾ ਹੈ।
ਪ੍ਰਯਾਗ ਤੋਂ ਅਗਲੀ ਯਤਾਰਾ ਤੇ ਤੁਰਨ ਤੋਂ ਪਹਿਲਾਂ ਆਪ ਨੇ ਪਰਵਾਰ ਪਟਨੇ ਭੇਜ ਦਿੱਤਾ। ਪਟਨੇ ਦੀ ਸੰਗਤ ਵੱਲ ਲਿਖੇ ਇਕ ਹੁਕਮਨਾਮੇ ਵਿਚ ਆਪ ਨੇ ਲਿਖਿਆ ਸੀ ਅਸੀਂ ਪਰੇ ਰਾਜੇ ਜੀ ਕੇ ਸਾਥ ਗਏ ਹਾਂ। ਕਬੀਲਾ ਹਮੇ ਪਟਣੇ ਮੇ ਛੋਡਾ ਹੈ। ਇਸ ਪਿੱਛੋਂ ਲਿਖੇ ਇਕ ਹੋਰ ਹੁਕਮਨਾਮੇ ਵਿਚ ਪਟਨੇ ਦੀ ਸੰਗਤ ਨੂੰ ਹੀ ਆਪਨੇ ਸੂਚਨਾ ਦਿੱਤੀ ਹੈ ਕਿ ਆਪ ਰਾਜੇ ਤੋਂ ਚਾਰ ਦਿਨ ਪਿਛੋਂ ਸਫਰ ਤੇ ਤੁਰੇ ਹਨ। ਆਸਾਮ ਬਰੁੰਗੀ ਅਨੁਸਾਰ ਰਾਜਾ ਰਾਮ ਸਿੰਘ (ਤੇ ਗੁਰੂ ਜੀ) ਕਾਮਰੂਪ ਤੋਂ 2 ਮਾਰਚ 1670 ਨੂੰ ਰੰਗਾਮਾਟੀ ਪੁੱਜ ਗਏ ਸਨ। ਡਾ. ਤਰਲੋਚਨ ਸਿੰਘ ਅਨੁਸਾਰ ਆਪ ਉਧਰ ਕੇਵਲ ਅੱਠ ਮਹੀਨੇ ਹੀ ਠਹਿਰੇ। ਸ੍ਰੀ ਦਸਮੇਸ਼ ਦੇ ਜਨਮ ਦੀ ਖਬਰ ਆਪ ਨੂੰ ਧੁਬੜੀ ਦੇ ਸਥਾਨ ਤੇ ਪਹੁੰਚੀ ਹੋਣ ਦੇ ਕਿਆਸ ਇਤਿਹਾਸਕਾਰਾਂ ਨੇ ਲਾਏ ਹਨ। ਇਹ ਗੱਲ ਨਿਸਚੇ ਹੈ ਕਿ ਇਹ ਖ਼ਬਰ ਆਪ ਨੂੰ ਕਿਸੇ ਦੁਰੇਡੇ ਸਥਾਨ ਤੇ ਹੀ ਪਹੁੰਚੀ ਕਿਉਂਕਿ ਇਕ ਹੋਰ ਹੁਕਮਨਾਮੇ ਵਿਚ ਆਪ ਨੇ ਲਿਖਿਆ ਹੈ ਗੋਬਿੰਦ ਦਾਸ ਕੀ ਬਧਾਈ ਉਪਰਿ ਪਟਨੇ ਦੀ ਸੰਗਤ ਵਲੋਂ ਕੀਤਾ ਗਿਆ ਖਰਚ ਗੁਰੂ ਕੀ ਦਰਗਾਹ ਥਾਇ ਪਇਆ ਤੇ ਪਿਛੇ ਸੇਵਾ ਕੀਤੀ ਸੋ ਥਾਇ ਪਈ। ਗੁਰੂ ਜੀ ਰਾਜੇ ਨੂੰ ਉਧਰ ਹੀ ਛੱਡ ਕੇ, ਭਟ ਵਹੀ ਤਲੌਡਾ ਅਨੁਸਾਰ, 22 ਹਾੜ੍ਹ 1729 ਬਿ: ਅਨੁਸਾਰ 22 ਜੂਨ 1670 ਨੂੰ ਦਿੱਲੀ ਭਾਈ ਕਲਿਆਣੇ ਦੀ ਧਰਮਸ਼ਾਲਾ ਆ ਵਿਰਾਜਦੇ ਹਨ ਤੇ ਉੱਥੋਂ ਲਖਨੌਰ ਹੁੰਦੇ ਹੋਏ ਮਦਰ ਦੇਸ (ਮਾਝਾ-ਪੰਜਾਬ) ਪੱਜਦੇ ਹਨ। ਇਸ ਹਿਾਸਬ ਉਸ ਰੱਬੀ ਜੋਤਿ ਦਾ ਮਾਤਾ ਜੀ ਦੇ ਉਦਰ ਪ੍ਰਵੇਸ਼ ਕਰਨਾ ਮਾਰਚ 1669 ਸਹੀ ਸਿੱਧ ਹੁੰਦਾ ਹੈ। ਪਟਨੇ ਵਿਚ ਆਪ ਦੇ ਪ੍ਰਗਟ ਹੋਣ ਦਾ ਦਿਨ ਪੋਹ ਸੁਦੀ ਸਤਵੀਂ ਐਤਵਾਰ 20 ਪੋਹ 1726 ਬਣਦਾ ਹੈ ਜਾਂ 19 ਦਸੰਬਰ 1669। ਡਾਕਟਰੀ ਨਿਯਮ ਅਨੁਸਾਰ ਵੀ ਦੇਖਿਆ ਜਾਇ ਤਾਂ 19 ਦਸੰਬਰ ਨੂੰ ਸਰੀਰਕ ਤੌਰ ਤੇ ਪ੍ਰਗਟ ਹੋਣ ਵਾਲੀ ਆਤਮਾ ਦਾ ਉਦਰ ਪ੍ਰਵੇਸ਼ ਮਾਰਚ ਦੇ ਦੂਜੇ ਸਪਤਾਹ ਦੇ ਇਰਦ ਗਿਰਦ ਹੋਣਾ ਬਣਦਾ ਹੈ। ਦਸਮੇਸ਼ ਰਚਨਾ ਦੇ ਚਾਨਣ ਵਿਚ 1723 ਬਿ. ਅਵਤਾਰ ਦਿਨ ਸਹੀ ਸਿੱਧ ਨਹੀਂ ਹੁੰਦਾ ਕਿਉਂਕਿ ਉਦੋਂ ਨਾ ਤਾਂ ਰਾਮ ਸਿੰਘ ਨੂੰ ਰਾਜੇ ਦੀ ਉਪਾਧੀ ਮਿਲੀ ਸੀ ਜੋ ਉਸ ਦੇ ਬਾਪ ਮਿਰਜ਼ਾ ਰਾਜਾ ਜੈ ਸਿੰਘ ਦੇ ਚਲਾਣੇ ਪਿਛੋਂ ਮਿਲੀ, ਨਾ ਹੀ ਕਾਮਰੂਪ ਵੱਲ ਮੁਹਿੰਮ ਭੇਜਣ ਵਾਲੇ ਕਾਰਨ ਪੈਦਾ ਹੋਏ ਸਨ ਤੇ ਨਾ ਹੀ ਗੁਰੂ ਤੇਗ ਬਹਾਦਰ ਜੀ ਦਾ ਪੂਰਬ ਦੀ ਯਾਤਰਾ ਅਰਥਾਤ ਪ੍ਰਯਾਗ ਜਾਣਾ ਸਹੀ ਸਿੱਧ ਹੁੰਦਾ ਹੈ। ਦਸਮੇਸ਼ ਜੀ ਦੇ ਆਪਣੇ ਲਿਖੇ ਸੰਕੇਤਾਂ ਨੂੰ ਅਸੀਂ ਕਿਸੇ ਤਰ੍ਹਾਂ ਵੀ ਝੁਠਲਾ ਨਹੀਂ ਸਕਦੇ। ਇਸ ਲਈ ਉਹਨਾਂ ਦੇ ਜਨਮ ਸੰਮਤ ਦਾ ਨਿਰਨਾ ਉਹਨਾਂ ਦੀ ਲਿਖਤ ਦੇ ਆਧਾਰ ਤੇ ਹੀ ਹੋ ਜਾਂਦਾ ਹੈ। ਤੀਜਾ ਵਿਵਾਦ ਹੈ ਇਤਿਹਾਸ-ਮਿਥਿਹਾਸ ਦਾ। ਭਾਵੇਂ ਇਸ ਬਾਰੇ ਆਮ ਵਿਦਵਾਨਾਂ ਵਿਚਕਾਰ ਕੋਈ ਵਿਵਾਦ ਨਹੀਂ ਹੈ ਪਰ ਬਿਚਿਤ੍ਰ ਨਾਟਕ ਦੀ ਲਿਖਤ ਅਨੁਸਾਰ
ਬਣ ਵੀ ਸਕਦਾ ਹੈ। ਸਾਹਮਣੇ ਬੈਠੇ ਕਿਸੇ ਵਿਅਕਤੀ ਦੀ ਹੋਂਦ ਤੋਂ ਮੁਨਕਰ ਹੋਣਾ ਕਿਸੇ ਲਈ ਵੀ ਸੌਖਾ ਨਹੀਂ; ਪਰ ਸਦੀਆਂ ਪਹਿਲਾਂ ਹੋ ਗੁਜ਼ਰੇ ਪੂਰਵਜਾਂ ਦਾ ਤਾਂ ਉਹਨਾਂ ਦੇ ਵਾਰਸਾਂ ਨੂੰ ਵੀ ਪਤਾ ਨਹੀਂ ਹੁੰਦਾ, ਹੋਰ ਕਿਸੇ ਦੀ ਤਾਂ ਗੱਲ ਹੀ ਕੀ ਕਰਨੀ ਹੋਈ? ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗੱਲ ਨੂੰ ਵੀ ਆਪਣੀ ਰਚਨਾ ਦਾ ਵਿਸ਼ਾ ਬਣਾਇਆ ਹੈ। ਭਗਵਾਨ ਰਾਮ ਤੇ ਕ੍ਰਿਸ਼ਨ ਨੂੰ ਮਿਥਿਹਾਸਕ ਹੋਂਦਾਂ ਮੰਨਿਆ ਜਾਂਦਾ ਹੈ। ਬਿਚਿਤ੍ਰ ਨਾਟਕ ਦਾ ਆਰੰਭ ਆਪਣੇ ਕਰਸੀਨਾਮੇ ਜਾਂ ਬੰਸਾਵਲੀ ਤੋਂ ਸ਼ੁਰੂ ਕਰਦਿਆਂ, ਮਿਥਿਹਾਸਕ ਮੰਨੀਆਂ ਜਾਂਦੀਆਂ ਆਤਮਾਵਾਂ ਨੂੰ ਆਪਣੀ ਪੀੜ੍ਹੀ ਨਾਲ ਜੋੜ ਕੇ ਦਸਮੇਸ਼ ਜੀ ਨੇ ਇਤਿਹਾਸਿਕ ਰੁਤਬਾ ਪ੍ਰਦਾਨ ਕੀਤਾ ਹੈ। ਇਹ ਬੰਸਾਵਲੀ ਕਾਫ਼ੀ ਲੰਮੀ ਹੈ ਪਰ ਕਿਤੇ ਕਿਤੇ ਵਿਸਥਾਰ ਦੇ ਭੈ ਤੋਂ ਬਹੁਤ ਸੰਖੇਪ ਵਿਚ ਵੀ ਗੱਲ ਨਬੇੜੀ ਗਈ ਹੈ:
ਅਬ ਮੈ ਕਹੋਂ ਸੁ ਅਪਨੀ ਕਥਾ। ਸੋਢੀ ਬੰਸ ਉਪਜਿਯਾ ਜਥਾ।
ਤਾਤੇ ਸੂਰਜ ਰੂਪ ਕੋ ਧਰਾ। ਜਾਤੇ ਬੰਸ ਪ੍ਰਚੁਰ ਰਵਿ ਕਰਾ।
ਜਬ ਤਿਨ ਭੇਸ ਜੋਗ ਕੋ ਲਯੋ। ਰਾਜ ਪਟ ਦਸਰਥ ਕੋ ਦਯੋ।
ਪ੍ਰਿਥਮ ਜਯੋ ਤਿਹ ਕਾਮੁ ਕੁਮਾਰਾ। ਭਰਥ ਲੱਛਮਨ ਸਤ੍ਰ ਬਿਦਾਰਾ।
ਤਿਨ ਤੇ ਪੁਤ੍ਰ ਪੌਤ੍ਰ ਜੇ ਵਏ। ਰਾਜ ਕਰਤ ਇਹ ਜਗ ਕੋ ਭਏ।
ਕਹਾਂ ਲਗੇ ਤੇ ਬਰਨ ਸੁਨਾਊਂ ਤਿਨ ਕੇ ਨਾਮ ਨ ਸੰਖਿਆ ਪਾਊਂ।
ਤਾਂ ਤੇ ਪੁਤ੍ਰ ਪੌਤ੍ਰ ਹੁਇ ਆਇ। ਤੇ ਸੋਢੀ ਸਭ ਜਗਤਿ ਕਹਾਏ।
ਜਿਨੈ ਬੇਦ ਪੱਠਿਯੋ, ਸੁ ਬੇਦੀ ਕਹਾਏ। ਤਿਨੈ ਧਰਮ ਕੈ ਕਰਮ, ਨੀਕੇ ਚਲਾਏ।
ਤਿਨ ਬੇਦੀਧਨ ਕੇ ਕੁਲ ਬਿਖੇ, ਪ੍ਰਗਟੇ ਨਾਨਕ ਰਾਇ।
ਸਭ ਸਿੱਖਨ ਕੋ ਸੁਖ ਦਏ, ਜੱਤ ਤੱਰ ਭਏ ਸਹਾਇ।
ਹਰੀ ਕ੍ਰਿਸਨਿ ਤਿਨ ਕੇ ਸੁਤ ਵਏ। ਤਿਨ ਤੇ ਤੇਗ ਬਹਾਦੁਰ ਭਏ।
ਇਸ ਬੰਸਾਵਲੀ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਪੀੜ੍ਹੀ ਰਘਕੁਲ ਦੇ ਰਾਮ ਨਾਲ ਜੋੜ ਕੇ ਅਗੋਂ ਸੋਢੀ-ਬੇਦੀ ਬੰਸਾਂ ਤੇ ਲੈ ਆਂਦਾ ਹੈ। ਸੋਢੀ ਬੰਸ ਵਿਚੋਂ ਆਪ ਸਨ ਹੀ।
ਇਕ ਨਿਰਨਾ ਗੁਰੂ ਸਾਹਿਬ ਨੇ ਹੋਰ ਵੀ ਕੀਤਾ ਹੈ। ਅਨੰਦਪੁਰ ਦੇ ਬੰਨ੍ਹੇ ਜਾਣ ਜਾਂ ਉਸ ਦੀ ਨੀਂਹ ਰੱਖੇ ਜਾਣ ਬਾਰੇ ਵੀ ਇਤਿਹਾਸਕਾਰਾਂ ਵਿਚ ਮਤਭੇਦ ਹਨ। ਇਹ ਠੀਕ ਹੈ ਕਿ ਅਨੰਦਪੁਰ ਵਾਲੀ ਜਗ੍ਹਾ ਖਰੀਦ ਕੇ ਗੁਰੂ ਤੇਗ ਬਹਾਦੁਰ ਜੀ ਨੇ ਉੱਥੇ ਵਸੇਬਾ ਸ਼ੁਰੂ ਕਰ ਦਿੱਤਾ ਸੀ ਪਰ ਇਸ ਸਥਾਨ ਦਾ ਨਾ ਮਾਖੇਵਾਲ ਹੀ ਰਿਹਾ। ਦੂਜੇ ਪਾਸੇ ਮੈਕਾਲਿਫ ਕਹਿੰਦਾ ਹੈ ਕਿ ਅਨੰਦਪੁਰ ਦੀ ਨੀਂਹ ਗੁਰੂ ਤੇਗ ਬਹਾਦਰ ਜੀ ਨੇ 1665 ਈ: ਵਿਚ ਰਖੀ। ਕਨਿੰਘਮ ਦਾ ਵਿਚਾਰ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਰਹਾਇਸ਼ੀ ਸਥਾਨ ਤੇ ਹੀ ਆਪਣੀ ਵੱਖਰੀ ਰਹਾਇਸ਼ਗਾਹ ਨੂੰ ਹੀ ਗੁਰੂ ਦਸਮੇਸ਼ ਨੇ ਅਨੰਦਪੁਰ ਦਾ ਨਾ ਦਿੱਤਾ ਸੀ। ਇਕ ਹੋਰ ਇਤਿਹਾਸਕਾਰ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਪੌਂਟੇ ਜਾਣ ਤੋਂ ਪਹਿਲਾਂ ਹੀ ਅਨੰਦਪੁਰ ਕਾਇਮ ਹੋ ਚੁੱਕਾ ਸੀ। ਮੈਕਲੋਡ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਨੂੰ ਪੁਨਰਸਥਾਪਨ ਜਾਂ ਪੁਨਰ ਆਬਾਦ ਕੀਤਾ। ਇਕ ਸਿੱਖ ਇਤਿਹਾਸਕਾਰ ਗੁਰੂ ਜੀ ਦੀ ਪੌਂਟੇ ਤੋਂ ਵਾਪਸੀ ਜਨਵਰੀ 1687 ਅਨੁਸਾਰ 1744 ਬਿ: ਵਿਚ ਹੋਈ ਲਿਖਦਾ ਹੈ। ਜਦ ਕਿ ਗੁਰੂ ਜੀ ਦੇ ਆਪਣੇ ਲਿਖਣ ਅਨੁਸਾਰ ਆਪ 1745 ਵਿਚ ਪੌਂਟੇ ਵਿਚ ਹੀ ਸਾਹਿਤ ਰਚਨਾ ਕਰ ਰਹੇ ਸਨ। ਇਸ ਵਿਵਾਦ ਨੂੰ ਗੁਰੂ ਜੀ ਆਪਣੀ ਸਵੈਜੀਵਨੀ ਵਿਚ ਨਜਿੱਠਦੇ ਹੋਏ ਲਿਖਦੇ ਹਨ ਕਿ ਭੰਗਣੀ ਦਾ ਯੁੱਧ ਜਿੱਤਣ ਪਿੱਛੋਂ ਅਨੰਦਪੁਰ ਦੀ ਨੀਂਹ ਰੱਖੀ ਗਈ। ਇਸ ਯੁੱਧ ਵਿਚ ਕਾਇਰਤਾ ਦਿਖਾ ਕੇ ਨਾ ਲੜਨ ਵਾਲਿਆਂ ਨੂੰ ਉੱਥੋਂ ਕੱਢ ਦਿੱਤਾ ਗਿਆ ਤੇ ਬੀਰਤਾ ਦਿਖਾਉਣ ਵਾਲਿਆਂ ਦੀ ਪ੍ਰਤਿਪਾਲਨਾ ਕੀਤੀ ਗਈ:
ਜੁੱਧ ਜੀਤ ਆਇ ਜਬੈ ਟਿਕੈ ਨ ਤਿਨ ਪੁਰ ਪਾਂਵ।
ਕਾਹਲੂਰ ਮੈ ਬਾਂਧਿਓ, ਆਨਿ ਅਨੰਦ ਪੁਰ ਗਾਂਵ।
ਜੇ ਜੇ ਨਰ ਤੱਰ ਨਾ ਭਿਰੇ, ਦੀਨੇ ਨਗਰ ਨਿਕਾਰ।
ਜੇ ਤਿਹ ਠਉਰ ਭਲੇ ਭਿਰੇ, ਤਿਨੈ ਕਰੀ ਪ੍ਰਤਿਪਾਰ।
ਉੱਤਮ ਸਾਹਿੱਤਕ ਰਚਨਾ ਵਾਂਗ ਇਤਿਹਾਸਕਾਰੀ ਵੀ ਅਮਲ ਸ਼ਾਂਤੀ ਦੇ ਵਾਤਾਵਰਣ ਵਿਚ ਪਰਾਪਤ ਸੁਖਾਵੇ ਵਿਹਲ ਵਿਚਲੀ ਮਾਨਸਕ ਇਕਾਗ੍ਰਤਾ ਦੇ ਫਲਸਰੂਪ ਹੀ ਕੀਤੀ ਜਾ ਸਕਦੀ ਹੈ। ਗੁਰੂ ਗੋਬਿੰਦ ਸਿੰਘ ਦੇ ਭਾਗਾਂ ਵਿਚ ਸ਼ਾਂਤ ਜੀਵਨ ਨਹੀਂ ਸੀ। ਉਨ੍ਹਾਂ ਦਾ ਅਵਤਾਰ ਸੰਘਰਸ਼ ਵਿਚ ਹੋਇਆ, ਉਨ੍ਹਾਂ ਦੇ ਜੀਵਨ ਦਾ ਅੰਤ ਵੀ ਸੰਘਰਸ਼ ਵਿਚ ਹੋਇਆ। ਸੰਘਰਸ਼ ਉਨ੍ਹਾਂ ਉੱਪਰ ਪ੍ਰਸਿਥਿਤੀ ਸ਼ਕਤੀ ਵਲੋਂ ਠੋਸਿਆ ਗਿਆ ਸੀ ਤੇ ਇਹ ਉਨ੍ਹਾਂ ਨੂੰ ਭਰਪੂਰ ਮਾਤਰਾ ਵਿਚ ਪਰਾਪਤ ਹੋਇਆ। ਇਹ ਇਕ ਪਵਿੱਤਰ ਸੰਘਰਸ਼ ਸੀ।
ਗੁਰੂ ਗੋਬਿੰਦ ਸਿੰਘ ਜਾ ਇਤਿਹਾਸ ਗਿਆਨ ਵਿਸ਼ਾਲ ਸੀ। ਪ੍ਰਾਚੀਨ ਭਾਰਤੀ ਇਤਿਹਾਸ ਪਰੰਪਰਾ ਨੂੰ ਕਾਇਮ ਰੱਖਦਿਆਂ ਉਸ ਵਿਚ ਸਵੈ ਜੀਵਨੀ ਸਾਹਿਤ ਦਾ ਵਾਧਾ ਕਰਨ ਨਾਲ ਆਪ ਗੁਰੂ ਕਾਲ ਦੀ ਇਤਿਹਾਸ ਪਰੰਪਰਾ ਤੋਂ ਵੀ ਕਿਤੇ ਅੱਗੇ ਲੰਘ ਗਏ ਤੇ ਭਾਰਤੀ ਸਾਹਿਤ ਵਿਚ ਪਹਿਲੇ ਸਵੈਜੀਵਨੀਕਾਰ ਹੋਣ ਦਾ ਮਾਣ ਆਪ ਨੂੰ ਪ੍ਰਾਪਤ ਹੋਇਆ। ਕੋਈ ਮਹਾਂ ਪੁਰਖ ਵਿਅਰਥ ਜੀਵਨ ਨਹੀਂ ਜਿਉਂਦਾ। ਕਾਰਲਾਈਲ ਦਾ ਕਹਿਣਾ ਹੈ, ਕੇਵਲ ਮਹਾਂਪੁਰਖਾਂ ਦੀਆਂ ਜੀਵਨੀਆਂ ਹੀ ਵਿਸ਼ਵ ਇਤਿਹਾਸ ਹਨ। ਇਸ ਪੱਖੋਂ ਬਿਚਿਤ੍ਰ ਨਾਟਕ ਨੂੰ ਉੱਘਾ ਸਥਾਨ ਪਰਾਪਤ ਹੈ।
ਹਵਾਲੇ/ਟਿੱਪਣੀਆਂ
1. ਆਦਿ ਗ੍ਰੰਥ, ਪੰਨਾ 723
2. ਪ੍ਰੋ. ਕਿਰਪਾਲ ਸਿੰਘ ਕਸੇਲ, ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਲੁਧਿਆਣਾ, 1954, ਪੰਨਾ 225
3. ਡਾ. ਗੰਡਾ ਸਿੰਘ, ਗੁਰ ਸੋਭਾ, ਪਟਿਆਲਾ, ਪੰਨਾ 5,6
4. ਇਤਿਹਾਸ ਪੁਰਾਣਾ, ਪੰਚਮ ਬੇਦਨਾ ਵੇਕਹਿਤਿ-ਨਿਆਇ ਦਰਸ਼ਨ 5. ਸੂਤ੍ਰਫਟ.
5. ਭਾਈ ਵੀਰ ਸਿੰਘ, ਪ੍ਰਸਤਾਵਨਾ, ਗੁਰ ਪ੍ਰਤਾਪ ਸੂਰਜ ਗ੍ਰੰਥ, ਪਟਿਆਲਾ, 1989, ਪੰਨਾ 59
6. ਉਹੀ, ਪੰਨਾ 58
7. ਪੰਡਤ ਵਿਸ਼ਵਨਾਥ, ਗੋਲਡਨ ਇਤਿਹਾਸ ਭਾਰਤਵਰਸ਼, ਜਲੰਧਰ, 1955, ਪੰਨਾ 18
8. ਮੋਹਨਲਾਲ, ਵਿਸ਼ਨੂਲਾਲ, ਸੰਪਾ. ਪ੍ਰਿਥਵੀਰਾਜ ਰਾਇਸੋ, ਬਨਾਰਸ, 1904
9. ਪਾਂਡੇ ਰਾਮਤੇਲ ਸ਼ਾਸਤਰੀ ਸੰਪਾ. (ਭੂਮਿਕਾ) ਰਾਜਤ੍ਰੰਗਣੀ ਕਾਸ਼ੀ, 1960
10. ਪੰਜਾਬੀ ਵਿਸ਼ਵ ਕੋਸ਼, ਪਟਿਆਲਾ, ਜਿਲਦ ਸੱਤਵੀ, ਪੰਨਾ 85
11. ਪ੍ਰਸਤਾਵਨਾ, ਗੁਰ ਪ੍ਰਤਾਪ ਸੂਰਜ, ਪੰਨਾ 57
12. ਉਹੀ, ਪੰਨਾ 57, 58
13. ਡਾ. ਗੰਡਾ ਸਿੰਘ, (ਸੰਪਾ.) ਗੁਰ ਸੋਭਾ, ਪਟਿਆਲਾ, 1967, ਪੰਨਾ 6,7
14. ਭਾਈ ਵੀਰ ਸਿੰਘ, ਪ੍ਰਸਾਤਵਨਾ, ਪੰਨਾ 58
15. ਪ੍ਰਿਥਵੀਰਾਜ ਰਾਇਸੋ, ਛੰਦ 355, ਸਰਗ ਪਹਿਲਾ।
16. ਮੋਹਨ ਲਾਲ ਵਿਸ਼ਨੂੰ ਲਾਲ, ਪ੍ਰਿਥਵੀਰਾਜ ਰਾਇਸੋ, ਪੰਨਾ 136, 139, 140
17. ਉਹੀ, ਪੰਨਾ 139, 140
18. ਸਾਰੁਕਤਾਵਲੀ, ਪੰਨਾ 50
19. ਕਵਿ ਵਿੰ੍ਰਦ, ਵ੍ਰਿੰਦ ਸਤਸਈ
20. ਆਦਿ ਗੰ੍ਰਥ, ਪੰਨਾ 417, 722, 723
21. ਉਹੀ, ਪੰਨਾ 1210
22. ਸ਼ਬਦਾਰਥ ਆਦਿ ਗ੍ਰੰਥ, ਅੰਮ੍ਰਿਤਸਰ, ਪੰਨਾ 1210
23. ਆਦਿ ਗੰ੍ਰਥ, ਪੰਨਾ 199
24. ਸ਼ਬਦਾਰਥ, ਪੰਨਾ 199
25. ਡਾ. ਗੰਡਾ ਸਿੰਘ ਗੁਰ ਸੋਭਾ, ਪੰਨਾ 6
26. ਸ. ਕਪੂਰ ਸਿੰਘ, ਸਿਖ ਰਿਵਿਊ, ਕਲਕੱਤਾ, ਜਨਵਰੀ 1796, ਪੰਨਾ 104
27. ਬਖਸ਼ੀਸ ਸਿੰਘ ਨਿਝਰ, ਹਿਸਟੋਰੀਅਨਜ਼, ਐਡ ਹਿਸਟੋਰੀਓਗਰਾਫ਼ੀ, ਕਲਕੱਤਾ, 1973, ਪੰਨਾ 427
28. ਰਾਮਤੇਲ ਸ਼ਾਸਤਰੀ, ਰਾਜਤ੍ਰੰਗਣੀ, ਪੰਨਾ 2
29. ਉਹੀ
30. ਕਲਹਣ, ਰਾਜਤ੍ਰੰਗਣੀ, ਪੰਨਾ 2
31. ਆਦਿ ਗ੍ਰੰਥ, ਪੰਨਾ 894
32. ਡਾ. ਫੌਜਾ ਸਿੰਘ, (ਭੂਮਿਕਾ) ਗੁਰ ਬਿਲਾਸ ਕੁਇਰ ਸਿੰਘ, ਪਟਿਆਲਾ, 1968, ਪੰਨਾ 7
33. ਸ. ਕਪੂਰ ਸਿੰਘ, ਪ੍ਰਾਸ਼ਰ ਪ੍ਰਸ਼ਨਾ (ਅੰਗ੍ਰੇਜੀ) ਅੰਮ੍ਰਿਤਸਰ, ਪੰਨਾ 204
34. ਭਾਈ ਰਣਧੀਰ ਸਿੰਘ, ਗੁਰਪ੍ਰਣਾਲੀਆਂ, ਅੰਮ੍ਰਿਤਸਰ, 1977 ਪੰਨਾ 41
35. ਡਾ. ਗੰਡਾ ਸਿੰਘ, ਗੁਰ ਸੋਭਾ, ਪੰਨਾ 8
36. ਦਸਮ ਗ੍ਰੰਥ, ਪੰਨਾ 1388
37. ਮੈਕਾਲਿਫ, ਸਿਖ ਰਿਲੀਜਨ, ਜਿ.5, ਪੰਨਾ 51
38. ਬਿਚਿਤ੍ਰ ਨਾਟਕ, ਅਧਿਆਇ ਨੌਵਾਂ
39. ਉਹੀ, ਅਧਿਆਇ ਗਿਆਰਵਾਂ
40. ਮੁਆਸਰੇ ਆਲਿਮਗੀਰੀ, ਪੰਨਾ 349
41. ਬਿਚਿਤ੍ਰ ਨਾਟਕ, ਅਧਿਆਇ ਤੇਰਵਾਂ
42. ਉਹੀ, ਅਧਿਆਇ ਨੌਵਾਂ
43. ਉਹੀ, ਅਧਿਆਇ ਗਿਆਰਵਾਂ
44. ਪੰਜ ਸੌ ਸਾਲਾ ਜੰਤਰੀ
45. ਬਿਚਿਤ੍ਰ ਨਾਟਕ, ਅਧਿਆਇ ਛੇਵਾਂ, ਛੰਦ 33
46. ਉਹੀ, ਛੰਦ 34
47. ਉਹੀ, ਛੰਦ 59
48. ਉਹੀ, ਛੰਦ 50
49. ਉਹੀ, ਛੰਦ 64
50. ਉਹੀ, ਛੰਦ 63
51. ਉਹੀ, ਛੰਦ 69
52. ਉਹੀ, ਅਧਿਆਇ ਤੀਜਾ
53. ਉਹੀ, ਅਧਿਆਇ ਪੰਜਵਾਂ
54. ਮੈਕਲੋਡ, ਗੁਰੂ ਨਾਨਕ ਐਡ ਸਿਖ ਰਿਲੀਜਨ, ਆਕਸਫੋਰਡ, 1968 (ਅ) ਸਿਖ ਰੀਵੀਊ, ਕਲਕੱਤਾ, ਮਈ 1996, ਪੰਨਾ 24
55. ਭਾਈ ਵੀਰ ਸਿੰਘ, ਪ੍ਰਸਤਾਵਨਾ ਗੁਰ ਪ੍ਰਤਾਪ ਸੂਰਜ, ਪੰਨਾ 54
56. ਡਾ. ਗੰਡਾ ਸਿੰਘ, ਗੁਰ ਸੋਭਾ, ਪਟਿਆਲਾ, ਪੰਨਾ 8
57. ਬਿਚਿਤ੍ਰ ਨਾਟਕ, ਅਧਿਆਇ ਛੇਵਾਂ
58. ਉਹੀ, ਅਧਿਆਇ ਅਠਵਾਂ
59. ਉਹੀ
60. ੳਹੀ, ਅਧਿਆਇ ਅਠਵਾਂ
61. ਉਹੀ
62. ਉਹੀ, ਅਧਿਆਇ ਗਿਆਰ੍ਹਵਾਂ
63. ਉਹੀ, ਅਧਿਆਇ ਬਾਰ੍ਹਵਾਂ
64. ਮੈਕਾਲਿਫ, ਸਿਖ ਰਿਲੀਜਨ, ਆਕਸਫੋਰਡ, 1909, ਜਿਲਦ ਪੰਜਵੀਂ, ਪੰਨਾ 55
65. ਬਚਿਤ੍ਰ ਨਾਟਕ, ਅਧਿਆਇ ਦਸਵਾਂ
66. ਉਹੀ, ਅਧਿਆਇ ਨੌਵਾਂ
67. ਉਹੀ, ਅਧਿਆਇ ਅਠਵਾਂ
68. ਉਹੀ
69. ਉਹੀ, ਅਧਿਆਇ ਨੌਵਾਂ
70. ਬਿਚਿਤ੍ਰ ਨਾਟਕ, ਅਧਿਆਇ ਪੰਜਵਾਂ
71. ਸ੍ਰ. ਕਪੂਰ ਸਿੰਘ, ਸਿਖ ਰਿਵੀਊ, ਕਲਕੱਤਾ, 1976, ਪੰਨਾ 104
72. ਮੁਆਸਰੇ ਆਲਮਗੀਰੀ, ਪੰਨਾ 135
73. ਭਾਈ ਰਣਧੀਰ ਸਿੰਘ, ਆਲੋਚਨਾ ਮਾਸਕ , ਲੁਧਿਆਣਾ, ਜੁਲਾਈ-ਸਤੰਬਰ, 1965, ਪੰਨਾ 10
74. ਭਾਈ ਰਣਧੀਰ ਸਿੰਘ, ਗੁਰ ਪ੍ਰਣਾਲੀਆਂ, ਅੰਮ੍ਰਿਤਸਰ, ਪੰਨਾ 115, 166
75. ਬਚਿਤ੍ਰ ਨਾਟਕ, ਅਧਿਆਇ ਸਤਵਾਂ
76. ਇਸ ਰਾਜੇ ਦੇ ਨਾਂ ਇਤਿਹਾਸਾਂ ਵਿਚ ਵੱਖ ਵੱਖ ਲਿਖੇ ਹਨ ਪਰ ਮੁਆਸਰੇ ਆਲਮਗੀਰੀ ਅਨੁਸਾਰ ਇਹ ਠੀਕ ਨਾਂ ਹੈ
77. ਮੁਆਸਰੇ ਆਲਮਗੀਰੀ, ਪੰਨਾ 56
78. ਪੰਜ ਸੌ ਸਾਲਾ ਜੰਤਰੀ
79. ਡਾ. ਤਾਰਨ ਸਿੰਘ, ਸ਼ਬਦਾਰਥ ਦਸਮ ਗ੍ਰੰਥ, ਹਿੱਸਾ ਪਹਿਲਾ, ਪੰਨਾ 76
80. ਮੈਕਾਲਿਫ, ਸਿੱਖ ਰਿਲੀਜਨ, ਜਿ. 4, ਪੰਨਾ 344
81. ਡਾ. ਗੰਡਾ ਸਿੰਘ, ਹੁਕਮਨਾਮੇ, ਪਟਿਆਲਾ, 1993, ਪੰਨਾ 86
82. ਸ੍ਰੀ ਸੁਰਤਿ ਕੁਮਾਰ ਦਤ, ਆਸਾਮ ਬੁਰੰਜੀ
83. ਡਾ. ਤਰਲੋਚਨ ਸਿੰਘ, ਸਿੱਖ ਰੀਵੀਊ, ਕਲਕੱਤਾ, ਜਨਵਰੀ, 1976, ਪੰਨਾ 39
84. ਸ਼ਮਸੇਰ ਸਿੰਘ ਅਸ਼ੋਕ, ਹੁਕਮਨਾਮੇ, ਅੰਮ੍ਰਿਤਸਰ, 1967, ਪੰਨਾ 35
85. ਡਾ. ਫੌਜਾ ਸਿੰਘ, ਭਟ ਵਹੀਜ਼, ਸਿੱਖ ਰਿਵੀਊ, ਕਲਕੱਤਾ, ਜਨਵਰੀ 1976, ਪੰਨਾ 82
86. ਹਿੰਦੂ ਮਿਥਿਹਾਸ ਕੋਸ਼, ਪਟਿਆਲਾ, 1973, ਪੰਨੇ 185, 465-67
87. ਨਰਸਿੰਗ ਗਾਈਡ
88. ਬਚਿਤ੍ਰ ਨਾਟਕ, ਅਧਿਆਈ ਦੂਜਾ
89. ਉਹੀ, ਅਧਿਆਈ ਚੌਥਾ
90. ਉਹੀ, ਅਧਿਆਇ ਪੰਜਵਾਂ
91. ਮੈਕਾਲਿਫ, ਸਿਖ ਰਿਲੀਜਨ, ਜਿ: 4, ਪੰਨਾ 338
92. ਕਨਿੰਘਮ, ਹਿਸਟਰੀ ਆਫ ਦੀ ਸਿਖਸ, ਦਿੱਲੀ, 1972, ਪੰਨਾ 69
93. ਕਰਤਾਰ ਸਿੰਘ, ਗੁਰੂ ਗੋਬਿੰਦ ਸਿੰਘ, ਲੁਧਿਆਣਾ, 1962, ਪੰਨਾ 180
94. ਮੈਕਲੋਡ, ਸਿਖਇਜ਼ਮ, ਮਾਨਚੈਸਟਰ, 1984, ਪੰਨਾ 62
95. ਸਤਬੀਰ ਸਿੰਘ, ਸਾਡਾ ਇਤਿਹਾਸ, ਜਲੰਧਰ, 1971, 284
96. ਸਤ੍ਰਹ ਸੈ ਪੈਤਾਲ ਮਹਿ ਸਾਵਨ ਸੁਦਿ ਥਿਤਿ ਦੀਪ। ਨਗਰ ਥਾਵਟਾ ਸੁਭ ਕਰਨ, ਜਮਨਾ ਬਹੈ ਸਮੀਪ। (ਦਸਤਮ ਗੰ੍ਰਥ, ਕ੍ਰਿਸ਼ਨਾਵਤਾਰ)
97. ਬਿਚਿਤ੍ਰ ਨਾਟਕ, ਅਧਿਆਇ ਅਠਵਾਂ
98. ਡਾ. ਹੀਰਾਲਾਲ ਚੌਪੜਾ, ਸਿੱਖ ਰਿਵੀਊ ਕਲਕੱਤਾ, ਦਸਬੰਰ 1995, ਪੰਨਾ 19
99. ਥਾਮਸ ਕਾਰਨਾਇਲ, ਹੀਰੋਜ਼, ਐਂਡ ਹੀਰੋ ਵਰਸ਼ਿਪ