
ਸ਼ਹੀਦ ਭਾਈ ਬਲਵਿੰਦਰ ਸਿੰਘ ਬੱਬਰ ਗੰਗਾ ਉਰਫ ਡਾਕਟਰ ਹਰਨੇਕ ਸਿੰਘ ਦਾ ਜਨਮ 15 ਅਕਤੂਬਰ 1960 ਨੂੰ ਮਾਤਾ ਗੁਰਦਿਆਲ ਕੌਰ ਜੀ ਦੀ ਸੁਲਖਣੀ ਕੁੱਖੋਂ ਸ਼ਹੀਦ ਬਾਪੂ ਹਜ਼ੂਰਾ ਸਿੰਘ ਦੇ ਘਰੇ ਪਿੰਡ ਗੰਗਾ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਆਪ ਜੀ ਦੀਆਂ ਤਿੰਨ ਭੈਣਾਂ ਅਤੇ ਦੋ ਭਰਾ ਸਨ। ਆਪ ਜੀ ਨੇ ਕਾਲਜ ਦੀ ਪੜਾਈ ਖਤਮ ਕਰਨ ਤੋ ਬਾਅਦ ਡਾਕਟਰੀ ਦਾ ਕੋਰਸ ਕੀਤਾ ਤੇ ਫਿਰ ਇਕ ਪਰਾਈਵੇਟ ਡਾਕਟਰ ਕੋਲ ਪ੍ਰੈਕਟਿਸ ਕਰਨ ਲਗ ਪਏ।
ਆਪ ਜਦਂੋ ਪੜਾਈ ਕਰ ਰਹੇ ਸਨ ਉਸ ਸਮੇ 13 ਅਪ੍ਰੈਲ ਸੰਨ 1978 ਦੀ ਵਿਸਾਖੀ ਤੇ ਨਕਲੀ ਨਿਰੰਕਰਾਈਆਂ ਹੱਥੋਂ ਅੰਮ੍ਰਿਤਸਰ ਸਹਿਬ ਵਿਖੇ 13 ਸਿੰਘ ਸ਼ਹੀਦ ਹੋ ਗਏ। ਇਸ ਖ਼ਬਰ ਨੂੰ ਉਹਨਾਂ ਬੜੀ ਹੀ ਗਭੀਰਤਾ ਨਾਲ ਲਿਆ। ਜਦੋਂ ਸਿੰਘਾਂ ਦੇ ਸ਼ਹੀਦ ਸਮਾਗਮ ਦੀ ਅਤਿੰਮ ਅਰਦਾਸ ਦੀ ਖਬਰ ਉਹਨਾਂ ਅਜੀਤ ਅਖਬਾਰ ਦੇ ਮੁੱਖ ਪੰਨੇ ਤੇ ਪੜੀ ਅਤੇ ਸ਼ਹੀਦ ਭਾਈ ਫੌਜਾ ਸਿੰਘ ਦੀ ਤਸਵੀਰ ਸਭ ਤੋਂ ਉਪਰ ਅਤੇ ਦੂਸਰਿਆ ਸਿੰਘਾਂ ਦੀਆਂ ਤਸਵੀਰਾਂ ਇਕ ਮਾਲਾ ਦੇ ਮਣਕਿਆ ਦੀ ਤਰਾਂ ਗੋਲ ਛੱਪੀਆਂ ਵੇਖੀਆਂ ਤਾਂ ਭਾਈ ਬਲਵਿੰਦਰ ਸਿੰਘ ਨੇ ਚਾਰ ਪੰਜ ਅਖਬਾਰਾਂ ਖਰੀਦ ਲਈਆਂ। ਇਕ ਅਖਬਾਰ ਦਾ ਤਸਵੀਰਾਂ ਵਾਲਾ ਪੰਨਾ ਆਪਣੀ ਬੈਠਕ ਵਿਚ ਚਿਪਕਾ ਕੇ ਲਾਇਆ। ਉਹਨਾਂ ਪੜਿਆ ਸੀ ਕਿ ਅਖੰਡ ਕੀਰਤਨੀ ਜਥੇ ਦੇ ਇਹ ਸਿੰਘ ਬੜੇ ਹੀ ਨਾਮ ਬਾਣੀ ਜਪਣ ਵਾਲੇ ਕਹਿਣੀ ਕਰਨੀ ਦੇ ਸੂਰੇ ਹੁੰਦੇ ਹਨ। ਭਾਈ ਸਾਹਿਬ ਇਹਨਾਂ ਸਿੰਘਾਂ ਨੂੰ ਮਿਲਣ ਲਈ ਉਤਾਵਲੇ ਹੋਏ ਰਹਿੰਦੇ। ਕਹਿੰਦੇ ਹਨ ਦਿਲਾਂ ਨੂੂੰ ਦਿਲਾਂ ਦੀ ਰਾਹ ਹੁੰਦੀ ਹੈ।
ਜਦੋਂ ਨਕਲੀ ਨਿਰੰਕਾਰੀ ਨੂੰ ਸਿੰਘਾਂ ਨੇ ਦਿੱਲੀ ਵਿਖੇ ਗੱਡੀ ਚੜਾ ਦਿੱਤਾ ਅਤੇ ਪੰਜਾਬ ਅੰਦਰ ਪੱਟੀ, ਤਰਨ ਤਾਰਨ, ਨਰੂੜ ਪਾਸ਼ਟਾਂ ਅਤੇ ਹੋਰਨਾਂ ਕਈ ਥਾਵਾਂ ਉਪਰ ਨਰਕਧਾਰੀਏ ਸੋਧੇ ਜਾਣ ਲੱਗੇ ਤਾਂ ਸਰਕਾਰ ਨੇ ਅਖੰਡ ਕੀਰਤਨੀ ਜਥੇ ਨਾਲ ਸਬੰਧਿਤ ਗਿਆਰਾਂ ਸਿੰਘਾਂ ਨੂੰ ਭਗੌੜਾ ਕਰਾਰ ਦੇ ਕੇ ਉਹਨਾਂ ਦੇ ਸਿਰਾਂ ਉਪਰ ਇਨਾਮ ਰੱਖ ਦਿੱਤੇ। ਇਹਨਾਂ ਨੂੰ ਇਸ਼ਤਿਹਾਰੀ ਮੁਜ਼ਰਿਮ ਬਣਾ ਕੇ ਇਹਨਾਂ ਦੀਆਂ ਵੱਡੀਆਂ-2 ਤਸਵੀਰਾ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਜਨਤਕ ਥਾਵਾਂ ਤੇ ਲਾ ਦਿੱਤੀਆਂ ਗਈਆਂ। ਇਸ ਤਰਾਂ ਦੀਆਂ ਕੁਝ ਤਸਵੀਰਾਂ ਜਿਨ੍ਹਾਂ ਵਿਚ ਭਾਈ ਸੁਖਦੇਵ ਸਿੰਘ ਬੱਬਰ, ਭਾਈ ਅਨੌਖ ਸਿੰਘ ਬੱਬਰ, ਭਾਈ ਸੁਲੱਖਣ ਸਿੰਘ ਬੱਬਰ, ਭਾਈ ਤਲਵਿੰਦਰ ਸਿੰਘ ਬੱਬਰ, ਭਾਈ ਤਰਸੇਮ ਸਿੰਘ ਬੱਬਰ, ਭਾਈ ਵਿਧਾਵਾ ਸਿੰਘ ਬੱਬਰ, ਭਾਈ ਅਮਰਜੀਤ ਸਿੰਘ ਬੱਬਰ ਦਹੇੜੂ, ਭਾਈ ਸੁਰਜੀਤ ਸਿੰਘ ਬੱਬਰ ਆਦਿ ਗਿਆਰਾਂ ਸਿੰਘਾਂ ਦੀਆਂ ਤਸਵੀਰਾਂ ਕੰਧਾਂ ਉਪਰ ਲਾ ਕੇ ਉਪਰ ਇਹਨਾਂ ਦੇ ਸਿਰਾਂ ਤੇ ਇਨਾਮ ਲਿਖੇ ਹੋਏ ਸਨ, ਦੇ ਇਸ਼ਤਿਹਾਰ ਬਠਿੰਡਾ ਰੇਲਵੇ ਸ਼ਟੇਸਨ ਤੇ ਲੱਗੇ ਹੋਏ ਸਨ। ਇਕ ਦਿਨ ਜਦੋਂ ਭਾਈ ਬਲਵਿੰਦਰ ਸਿੰਘ ਜਦੋਂ ਬਠਿੰਡਾ ਰੇਲਵੇ ਸਟੇਸ਼ਨ ਤੇ ਗੱਡੀ ਚੜਨ ਗਏ ਤਾਂ ਅਚਾਨਕ ਉਹਨਾਂ ਦੀਆਂ ਨਜ਼ਰਾਂ ਇਹਨਾਂ ਤਸਵੀਰਾਂ ਉਪਰ ਪਈਆਂ। ਉਹਨਾਂ ਕੋਲ ਜਾ ਕੇ ਇਹਨਾਂ ਇਸ਼ਤਿਹਾਰਾ ਨੂੰ ਗੌਹ ਨਾਲ ਵੇਖਿਆ। ਮਨ ਅੰਦਰ ਹੀ ਇਹਨਾਂ ਇਸ਼ਤਿਹਾਰੀ ਸਿੰਘਾਂ ਦੀਆਂ ਤਸਵੀਰਾਂ ਅੱਗੇ ਸਿਰ ਝੁਕਾਇਆ ਅਤੇ ਫਤਿਹ ਬੁਲਾਈ। ਉਸ ਤੋਂ ਅਗਲੀ ਰਾਤ ਉਹ ਜਾਣ ਬੁੱਝ ਕੇ ਕੁਝ ਹਨੇਰਾ ਕਰ ਕੇ ਗਏ ਅਤੇ ਜੇਬ ਵਿਚੋ ਗੇਂਦੇ ਦੇ ਫੁੱਲਾਂ ਦਾ ਹਾਰ ਅਤੇ ਇਕ ਮੇਖ ਨਾਲ ਲੈ ਗਏ। ਕੁਝ ਚਿਰ ਬੈਂਚ ਉਪਰ ਬੈਠ ਕੇ ਵਿਹਲ ਦਾ ਇੰਤਜ਼ਾਰ ਕੀਤਾ ਫਿਰ ਸਟੇਸ਼ਨ ਦੇ ਇਕ ਪਾਸੇ ਤੋਂ ਰੋੜਾ ਚੁਕਿਆ ਅਤੇ ਉਹਨਾਂ ਸਿੰਘਾਂ ਦੇ ਇਸ਼ਤਿਹਾਰਾਂ ਕੋਲ ਜਾ ਕੇ ਇਸ਼ਤਿਹਾਰ ਉਪਰ ਮੇਖ ਠੋਕੀ ਅਤੇ ਜੇਬ ਵਿਚ ਪਾਇਆ ਫੁੱਲਾਂ ਦਾ ਹਾਰ ਉਸ ਉਪਰ ਪਾ ਦਿੱਤਾ ਅਤੇ ਉਥੋਂ ਪਾਸੇ ਹੱਟ ਗਏ। ਕੁਦਰਤੀ ਦੂਰ ਖੜਾ ਇਕ ਹੋਰ ਸਿੰਘ ਇਹ ਸਭ ਕੁਝ ਦੇਖ ਰਿਹਾ ਸੀ। ਜਦੋਂ ਭਾਈ ਬਲਵਿੰਦਰ ਸਿੰਘ ਇਹ ਹਾਰ ਪਾ ਕੇ ਜਾ ਰਿਹਾ ਸੀ ਤਾਂ ਉਸ ਸਿੰਘ ਨੇ ਬੁਲਾ ਲਿਆ ਅਤੇ ਦੋਵੇ ਗੱਲਾਂ ਕਰਦੇ ਉਥੋਂ ਪਾਸੇ ਚਲੇ ਗਏ। ਗੱਲਾਂ ਅੰਦਰ ਆਪਸੀ ਵਿਸ਼ਵਾਸ ਤੋਂ ਬਾਅਦ ਉਸ ਸਿੰਘ ਨੇ ਕਿਹਾ, “ਮੈਂ ਤਾਂ ਇਹਨਾਂ ਸੂਰਬੀਰ ਯੋਧਿਆਂ ਦੀਆਂ ਤਸਵੀਰਾਂ ਦਾ ਇਹ ਇਸ਼ਤਿਹਾਰ ਉਤਾਰ ਕੇ ਲੈਣ ਆਇਆ ਸੀ ਪਰ ਤੁਸੀ ਤਾਂ ਬਹੁਤ ਸੋਹਣਾਂ ਕੰਮ ਕੀਤਾ ਹੈ ਕਿ ਇਹਨਾਂ ਉਪਰ ਫੁੱਲਾਂ ਦੇ ਹਾਰ ਪਾ ਦਿੱਤੇ ਹਨ”। ਉਸ ਸਿੰਘ ਨੇ ਭਾਈ ਬਲਵਿੰਦਰ ਸਿੰਘ ਨੂੰ ਕਿਹਾ “ਤੁਸੀ ਦਰਬਾਰ ਸਾਹਿਬ ਵਿਖੇ ਅਕਾਲ ਰੈਸਟ ਹਾਉਸ ਵਿਚ ਆਓ ਮੈਂ ਤੁਹਾਨੂੰ ਉਹਨਾਂ ਸਿੰਘਾਂ ਨਾਲ ਮਿਲਾਵਾਂਗਾਂ”। ਭਾਈ ਬਲਵਿੰਦਰ ਸਿੰਘ ਨੂੰ ਰੇਲਵੇ ਸਟੇਸ਼ਨ ਤੇ ਮਿਲਣ ਵਾਲਾ ਇਹ ਸਿੰਘ ਸ਼ਹੀਦ ਭਾਈ ਗੁਰਪਾਲ ਸਿੰਘ ਬੱਬਰ ਭੁਚੋ ਮੰਡੀ ਦਾ ਸੀ।
ਭਾਈ ਬਲਵਿੰਦਰ ਸਿੰਘ ਦਾ ਦਰਬਾਰ ਸਾਹਿਬ ਵਿਚ ਆਉਣਾ ਜਾਣਾ ਸ਼ੁਰੂ ਹੋ ਗਿਆ। ਉਥੇ ਉਹਨਾਂ ਨੇ ਨਾਮ ਬਾਣੀ ਦੀਆਂ ਅਗੰਮੀ ਰੂਹਾਂ ਦੇ ਦਰਸ਼ਨ ਕੀਤੇ ਜਿਨ੍ਹਾਂ ਦੀਆਂ ਤਸਵੀਰਾਂ ਉਪਰ ਉਹ ਫੁੱਲਾਂ ਦੇ ਹਾਰ ਪਾ ਕੇ ਆਏ ਸਨ। ਭਾਈ ਅਨੌਖ ਸਿੰਘ ਬੱਬਰ, ਜਥੇਦਾਰ ਸੁਖਦੇਵ ਸਿੰਘ ਬੱਬਰ, ਸੁਲੱਖਣ ਸਿੰਘ ਬੱਬਰ ਆਦਿ ਸੂਰਮੇਂ ਸਿੰਘਾਂ ਦਾ ਸੰਗ ਮਾਣਿਆ। ਉਥੇ ਹੀ ਉਹਨਾਂ ਨੂੰ ਮਾਲਵੇ ਦਾ ਜਾਂ-ਬਾਂਜ ਭਾਈ ਹਰਭਜਨ ਸਿੰਘ ਬੱਬਰ ਡੇਲਿਆਂ ਵਾਲੀ ਮਿਲਿਆ। ਸ੍ਰੀ ਅੰਮ੍ਰਿਤਸਰ ਵਿਖੇ ਅਕਾਲ ਰੈਸਟ ਹਾਉਸ ਦੇ ਕਮਰਾ ਨੰਬਰ 61 ਵਿਚ ਦੋਹੇਂ ਬੱਬਰ ਯੋਧੇ ਜਦੋਂ ਆਮਣੇ ਸਾਹਮਣੇ ਹੋਏ ਤਾਂ ਜੱਫੀ ਪਾ ਕਿ ਮਿਲੇ। “ਬਾਬਾ ਹਰਭਜਨ ਸਿੰਘ ਤੂੰ ਇਥੇ ਕਿਵੇ”? “ਭਾਈ ਬਲਵਿੰਦਰ ਸਿੰਘ ਜਿਵੇਂ ਤੂੰ ਇਥੇ ਓਵੇਂ ਮੈਂ ਏਥੇ”। ਦੋਵੇ ਹਮ ਜਮਾਤੀ ਕੌਮ ਦੀ ਅਜ਼ਾਦੀ ਲਈ ਤੁਰ ਪਏ।
ਬੱਬਰਾਂ ਨੇ ਦੋਹਾ ਸਿੰਘਾਂ ਨੂੰ ਦਰਬਾਰ ਸਾਹਿਬ ਜੀ ਤੋਂ ਬਾਹਰ ਆਪਣੇ-ਆਪਣੇ ਇਲਾਕੇ ਵਿਚ ਸੇਵਾ ਦੀ ਜ਼ੁੰਮੇਵਾਰੀ ਸੌਂਪ ਦਿੱਤੀ। ਦਰਬਾਰ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ ਇਕ ਵਾਰ ਤਾਂ ਬਲਵਿੰਦਰ ਸਿੰਘ ਨਿਰਾਸ਼ਤਾ ਦੇ ਆਲਮ ਵਿਚ ਡੁੱਬ ਗਿਆ ਕਿਉਕਿ ਸਾਰੇ ਹੀ ਸਾਥੀਆਂ ਨਾਲ ਸੰਬੰਧ ਖ਼ਤਮ ਹੋ ਚੁੱਕੇ ਸਨ। ਆਪਣੇ ਆਪ ਨੂੰ ਘਰ ਦੇ ਕੰਮਾਂ ਵਿਚ ਲਾਉਣ ਦਾ ਯਤਨ ਕਰਦੇ ਪਰ ਦਿਲ ਨਹੀ ਸੀ ਲਗਦਾ। ਜਦੋਂ ਭਾਈ ਬਲਵਿੰਦਰ ਸਿੰਘ ਦੇ ਪਰਿਵਾਰ ਨੇ ਆਪ ਜੀ ਨੂੰ ਇਸ ਤਰ੍ਹਾਂ ਬੇਚੇਨ ਅਤੇ ਉਦਾਸ ਵੇਖਿਆ ਤਾਂ ਇਕ ਦਿਨ ਬੇਬੇ ਨੇ ਆਖ ਹੀ ਦਿੱਤਾ, “ਪੁੱਤ ਬਲਵਿੰਦਰ ਸਿੰਘ ਇਕ ਪੜ੍ਹੀ ਲਿਖੀ ਕੁੜੀ ਦੀ ਦੱਸ ਤੇਰੀ ਮਾਸੀ ਪਾੳਂੁਦੀ ਹੈ ਤੂੰ ਸ਼ਾਦੀ ਕਿਉ ਨਹੀ ਕਰਵਾਉਦਾ?” ਭਾਈ ਸਾਹਿਬ ਨੇ ਮੋੜਵਾ ਹੀ ਉੱਤਰ ਬੇਬੇ ਨੂੰ ਦੇ ਦਿੱਤਾ ਕਹਿੰਦੇ “ਬੇਬੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆ ਨੇ ਕਿਹੜੀ ਸ਼ਾਦੀ ਕਰਵਾਈ ਸੀ ਤੂੰ ਮੈਨੂੰ ਕਿਉ ਪ੍ਰੇਰਦੀ ਹੈ”। ਬੇਬੇ ਸਪੱਸ਼ਟ ਇਨਕਾਰ ਸੁਣ ਕੇ ਚੁੱਪ ਕਰ ਗਈ।
ਦਰਬਾਰ ਸਾਹਿਬ ਵਿਖੇ ਬਲਵਿੰਦਰ ਸਿੰਘ ਮੱਥਾ ਟੇਕਣ ਗਿਆ। ਉਥੋਂ ਢੱਠੇ ਅਕਾਲ ਤਖਤ ਦੇ ਮਲਬੇ ਚੋ ਇਕ ਮੁੱਠ ਕੰਕਰਾਂ ਦੀ ਆਪਣੀ ਜੇਬ ਵਿਚ ਪਾ ਲਿਆਇਆ ਤੇ ਘਰੇ ਆ ਕੇ ਰੁਮਾਲੇ ਵਿਚ ਬੰਨ ਕੇ ਗੁਟਕਿਆ ਦੇ ਕੋਲ ਰੱਖ ਦਿੱਤੀ। ਹਰ ਰੋਜ਼ ਸੁਭਾ ਖੋਲ ਕੇ ਦੇਖ ਲਿਆ ਕਰਨ ਅਤੇ ਫਿਰ ਭਰੇ ਮੰਨ ਨਾਲ ਰੁਮਾਲੇ ਵਿਚ ਹੀ ਰੱਖ ਦਿਆ ਕਰਨ। ਇਤਿਹਾਸ ਨੇ ਆਪਣੇ ਆਪ ਨੂੰ ਦੁਹਰਾਇਆ। ਇਕ ਰਾਤ ਭਾਈ ਗੁਰਪਾਲ ਸਿੰਘ ਬੱਬਰ ਅਤੇ ਭਾਈ ਸੁਲੱਖਣ ਸਿੰਘ ਬੱਬਰ ਨੇ ਭਾਈ ਸਾਹਿਬ ਜੀ ਦਾ ਕੁੰਡਾ ਆਣ ਖੜਕਾਇਆ। ਜਦੋਂ ਭਾਈ ਸਾਹਿਬ ਜੀ ਨੇ ਦਰਵਾਜਾ ਖੋਲ ਕੇ ਦੋਹਾਂ ਨੂੰ ਪਹਿਚਾਨਿਆ ਤਾਂ ਬਲਗੀਰ ਹੋ ਕੇ ਨਾਮ-ਰਸ-ਲੀਨ ਰੱਜ-ਰੱਜ ਕੇ ਹੋਇਆ। ਬਲਵਿੰਦਰ ਸਿੰਘ ਨੂੰ ਚਾਅ ਚੜ ਗਿਆ। ਸਿੰਘਾਂ ਨੇ ਭਵਿੱਖ ਦੀ ਸਾਰੀ ਰਣ ਨੀਤੀ ਸਮਝ ਕੇ ਉਹ ਮਾਲਵੇ ਵਿਚ ਜਥੇਬੰਦੀ ਨੂੰ ਲਾਮਬੰਦ ਕਰਨ ਵਿਚ ਰੁੱਝ ਗਿਆ।
ਇਕਲੇ ਬਲਵਿੰਦਰ ਸਿੰਘ ਅਤੇ ਹਰਭਜਨ ਸਿੰਘ ਡੇਲਿਆ ਵਾਲੀ ਨੇ ਆਪਸ ਵਿਚ ਵਿਚਾਰ ਕੀਤਾ। ਦੋਹੇਂ ਸਿੰਘ ਗੰਗਾ ਪਿੰਡ ਦੇ ਗੁਰਦੁਆਰੇ ਵਿਚ ਇਕੱਠੇ ਹੋਏ। ਦੋਹਾਂ ਸਿੰਘਾਂ ਨੇ ਪੰਜ ਬਾਣੀਆ ਦਾ ਪਾਠ ਕੀਤਾ, ਅਰਦਾਸ ਹਰਭਜਨ ਸਿੰਘ ਨੇ ਕੀਤੀ ਅਤੇ ਹੁਕਮ ਬਲਵਿੰਦਰ ਸਿੰਘ ਨੇ ਲਿਆ। ਘਰੇ ਕਦੇ ਨਾ ਪਰਤਣ ਦੀ ਕਸਮ ਖਾਧੀ ਜਾਂ ਤਾਂ ਜਿੱਤਾਗੇ ਜਾਂ ਕੌਮ ਦੇ ਲੇਖੇ ਲੱਗ ਜਾਵਾਂਗੇ। ਦੋਹਾਂ ਸਿੰਘਾਂ ਨੇ ਇਕ ਮੰਜੀ ਸਾਹਿਬ ਗੁਰੂ ਸਾਹਿਬ ਜੀ ਦੇ ਅਰਾਮ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਭੇਂਟ ਕੀਤੀ ਜੋ ਅੱਜ ਵੀ ਗੁਰਦੁਆਰਾ ਸਾਹਿਬ ਵਿਖੇ ਸ਼ੁਸ਼ੋਭਤ ਹੈ। ਪਿੰਡ ਦੇ ਗੁਰਦੁਆਰੇ ਆਖਰੀ ਮੱਥਾ ਟੇਕ ਕੇ ਪਿੰਡੋਂ ਬਾਹਰ ਨਿਕਲੇ ਹੀ ਸਨ ਕਿ ਪੁਲਿਸ ਦੀਆਂ ਗੱਡੀਆਂ ਨੇ ਪਿੰਡ ਨੂੰ ਘੇਰਾ ਪਾ ਲਿਆ। ਪਰ ਬੱਬਰ ਯੋਧੇ ਆਪਣੇ ਯੰਗੀ ਕਾਫਲੇ ਵਿਚ ਰੱਲ ਗਏ ਸਨ। ਭਾਈ ਹਰਭਜਨ ਸਿੰਘ ਬੱਬਰ ਨੂੰ ਫਰੀਦਕੋਟ ਜ਼ਿਲ੍ਹੇ ਦਾ ਜਥੇਦਾਰ ਅਤੇ ਭਾਈ ਬਲਵਿੰਦਰ ਸਿੰਘ ਬੱਬਰ ਨੂੰ ਬਠਿੰਡੇ ਜ਼ਿਲ੍ਹੇ ਦਾ ਜਥੇਦਾਰ ਜਥੇਬੰਦੀ ਥਾਪ ਦਿੱਤਾ।
ਭਾਈ ਬਲਵਿੰਦਰ ਸਿੰਘ ਬੱਬਰ ਨੂੰ ਜੇਕਰ ਸੰਤ ਬਲਵਿੰਦਰ ਸਿੰਘ ਬੱਬਰ ਆਖ ਦੇਈਏ ਤਾਂ ਇਹ ਕੋਈ ਅੱਤਕਥਨੀ ਨਹੀ ਹੋਵੇਗੀ। ਹਮੇਸ਼ਾ “ਮੁੱਖ ਤੇ ਹਰਿ ਚਿਤ ਮੇ ਯੁਧ ਬਿਚਾਰੇ” ਜਿਹਾ ਸੰਤ ਸਿਪਾਹੀ, ਜਦੋਂ ਵੀ ਕਿਤੇ ਐਕਸ਼ਨ ਤੇ ਜਾਣਾ ਪਹਿਲਾਂ ਉਸ ਬਾਰੇ ਆਪਣੇ ਗੁਪਤਚਰਾਂ ਤੋਂ ਉਸ ਦੀਆਂ ਗਲਤੀਆਂ ਦੀ ਰਿਪੋਰਟ ਇਕੱਠੀ ਕਰਨੀ ਫਿਰ ਆਪ ਤਸੱਲੀ ਕਰਨੀ, ਫਿਰ ਗੁਰੂ ਅੱਗੇ ਅਰਦਾਸ ਕਰਨੀ ਤੇ ਕਹਿਣਾ “ਹੇ ਸਤਿਗੁਰੂ ਜੇ ਇਹ ਪ੍ਰਾਣੀ ਨਿਰਦੋਸ਼ ਹੈ ਤਾਂ ਸਾਡੇ ਤੋਂ ਇਹ ਪਾਪ ਨਾ ਕਰਵਾਈ ਜੇ ਦੁਸ਼ਟ ਹੈ ਤਾਂ ਸਾਨੂੰ ਇਸ ਨੂੰ ਸੋਧਣ ਦਾ ਬੱਲ ਬੱਖ਼ਸ਼ੀ” ਤੇ ਫਿਰ ਤੁਰਨਾ।
ਇਕ ਵਾਰਾਂ ਇਕ ਨਰਕਧਾਰੀਏ ਬਾਰੇ ਮਾਨਸਾ ਦੇ ਇਲਾਕੇ ਵਿਚੋਂ ਰਿਪੋਰਟ ਮਿਲੀ ਕਿ ਇਹ ਗੁਰੂ ਘਰ ਦਾ ਨਿੰਦਕ ਹੈ। ਭਾਈ ਸਾਹਿਬ ਹੋਰਾਂ ਜਾ ਉਸ ਨੂੰ ਘਰੋਂ ਉਠਾ ਲਿਆ। ਜਦੋ ਵੇਖਿਆ ਕਿ ਘਰ ਵਿਚ ਅਤਿ ਦੀ ਗਰੀਬੀ ਹੈ ਮਗਰ ਸਿਰਫ ਲੜਕੀਆਂ ਹੀ ਹਨ ਬਿਲਕੁੱਲ ਨਿਹੱਥ ਅਤੇ ਗਰੀਬੜਾ ਜਿਹਾ ਹੈ ਤਾਂ ਭਾਈ ਸਾਹਿਬ ਨਾਲ ਦੇ ਸਿੰਘਾਂ ਨੂੰ ਬਿਲਕੁਲ ਹੀ ਮਨਾ ਕਰ ਦਿੱਤਾ ਕਿ ਇਸ ਨੂੰ ਕੁਝ ਵੀ ਨਾ ਕਹਿਣਾ। ਪੂਰੀ ਪੜਤਾਲ ਕੀਤੀ ਤਾਂ ਪਤਾ ਲੱਗਾ ਕੇ ਨਰਕਧਾਰੀਏ ਉਸ ਨੂੰ ਥੋੜ੍ਹਾ ਬਹੁਤਾ ਖਰਚ ਦਿੰਦੇ ਸਨ, ਘਰ ਦੀ ਹਾਲਤ ਕਰਕੇ ਉਹਨਾਂ ਤੇ ਨਿਰਭਰ ਸੀ ਤੇ ਗੁਰੂ ਘਰ ਬਾਰੇ ਬੋਲ-ਕਬੋਲ ਬੋਲਦਾ ਸੀ। ਭਾਈ ਸਾਹਿਬ ਜੀ ਦੇ ਸਮਝਾਉਣ ਤੇ ਉਹ ਸਾਰਾ ਪਰਿਵਾਰ ਗੁਰੂ ਘਰ ਦੇ ਲੜ ਲੱਗ ਗਿਆ।
ਘਰੋਂ ਵੰਡੀ ਆਈ ਜ਼ਮੀਨ ਨੂੰ ਉਹ ਪੰਥ ਦੀ ਅਮਾਨਤ ਸਮਝਦੇ ਸਨ ਅਤੇ ਘਰੋਂ ਪਿਤਾ ਜੀ ਤੋਂ ਦਸਵੰਦ ਦੀ ਰਕਮ ਵੀ ਮੰਗਵਾ ਲਂੈਦੇ ਸਨ। ਘਰੇ ਇਹ ਸ਼ਖਤ ਹਦਾਇਤ ਸੀ ਪੰਥ ਦਾ ਇਕ ਵੀ ਪੈਸਾ ਇਸ ਘਰ ਲਈ ਜ਼ਹਿਰ ਹੈ। ਇਸ ਘਰੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਦਾ ਪੈਸਾ ਹੀ ਵਧੇ ਫੁਲੇਗਾ। ਜੇਕਰ ਉਹਨਾਂ ਨੂੰ ਕੋਈ ਮਾੜੇ ਬੋਲ ਵੀ ਬੋਲ ਦਿੰਦਾ ਕੋਈ ਗਾਲ ਆਦਿ ਕੱਢ ਦਿੰਦਾ ਤਾਂ ਕਦੇ ਵੀ ਗੁੱਸਾ ਨਹੀਂ ਮਨਦੇ ਸਨ ਹੱਸ ਕੇ ਆਖ ਦਿੰਦੇ “ਇਸ ਨੂੰ ਅਕਲ ਹੀ ਏਨੀ ਕੁ ਹੈ”।
ਬਠਿੰਡੇ ਜ਼ਿਲ੍ਹੇ ਦੇ ਬੱਬਰਾਂ ਦੀ ਧਾਂਕ ਦਿੱਲੀ ਦੇ ਤਖਤ ਤੱਕ ਸੀ। ਅਜਿਹੇ ਪੁਲਿਸ ਮੁਕਾਬਲੇ ਵੀ ਹੋਏ ਜਿਥੇ ਭਾਰਤੀ ਫੌਜਾਂ ਵੀ ਅੱਗੇ ਵੱਧਣ ਤੋਂ ਠਠੰਬਰੀਆਂ ਰਹੀਆਂ। ਇਹਨਾਂ ਪੁਲਿਸ ਮੁਕਾਬਲਿਆ ਵਿਚ ਇਲਾਕੇ ਦੀਆਂ ਸਗਤਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਬੱਬਰਾਂ ਦਾ ਸਾਥ ਦਿੱਤਾ। ਭਾਈ ਸਾਹਿਬ ਜੀ ਦੇ ਕਈ ਬਹਾਦਰ ਸਾਥੀ ਦੁਸ਼ਮਣਾਂ ਦੀਆਂ ਫੌਜ਼ਾ ਨਾਲ ਲੜਦੇ ਸ਼ਹੀਦ ਵੀ ਹੋ ਗਏ ਸਨ। ਅੱਜ ਵੀ ਪਿੰਡਾਂ ਦੀਆਂ ਸੱਥਾਂ ਵਿਚ ਇਹਨਾ ਯੋਧਿਆ ਦੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ।
ਭਾਈ ਸਾਹਿਬ ਜੀ ਨੂੰ ਪਨਾਹ ਦੇਣ ਦੇ ਦੋਸ਼ ਹੇਠ ਪਿੰਡ ਘੌਲੀਏ ਦੇ ਭਾਈ ਸੁਖਦੇਵ ਸਿੰਘ ਨੂੰ ਜਗਰਾਵਾਂ ਦੇ ਪੁਲਿਸ ਸਟਾਫ ਨੇ ਚੁੱਕ ਕੇ ਇਤਨਾ ਤਸ਼ੱਦਦ ਕੀਤਾ ਕਿ ਉਸ ਸਿੰਘ ਦੀ ਹਾਲਤ ਬਹੁਤ ਖਰਾਬ ਹੋ ਗਈ। ਜਦੋਂ ਪੁਲਿਸ ਨੂੰ ਕਿਸੇ ਦਬਾ ਕਾਰਨ ਉਸ ਸਿੰਘ ਨੂੰ ਛੱਡਣਾ ਪਿਆ ਤਾਂ ਭਾਈ ਸਾਹਿਬ ਭੇਸ ਬਦਲ ਕੇ ਪੰਚਾਇਤੀ ਰੂਪ ਵਿਚ ਭਾਈ ਸੁਖਦੇਵ ਸਿੰਘ ਨੂੰ ਸਟਾਫ ਵਿਚੋਂ ਲੈਣ ਆਪ ਚਲੇ ਗਏ ਅਤੇ ਉਸ ਸਿੰਘ ਨੂੰ ਆਪ ਲੈ ਕੇ ਆਏ, ਗੁਪਤ ਰੂਪ ਵਿਚ ਉਸ ਸਿੰਘ ਦੀ ਸੇਵਾ ਸੰਭਾਲ ਕਰਦੇ ਰਿਹੇ ਪਰ ਉਹ ਸਿੰਘ ਘਰੇ ਆ ਕੇ ਕੁਝ ਦਿਨਾ ਬਾਅਦ ਚੜਾਈ ਕਰ ਗਿਆ। ਦੁਖੀ ਹੋਏ ਕਹਿ ਦਿੰਦੇ “ਸਾਡੇ ਪਿੱਛੇ ਇਹ ਪਰਿਵਾਰ ਇਤਨਾਂ ਦੁੱਖ ਝੱਲ ਰਹੇ ਹਨ, ਅਸੀ ਕਿਥੇ ਇਹਨਾਂ ਦਾ ਦੇਣਾ ਦੇਵਾਂਗੇ”।
ਮੌਤ ਨੂੰ ਮਖੌਲ ਕਰਨ ਵਾਲਾ ਯੋਧਾ, ਜੋ ਗੁਰੂ ਵਿਸ਼ਵਾਸ ਵਿਚ ਅਜ਼ਾਦੀ ਦੀ ਤੜਫ ਲਈ ਤੁਰਿਆ ਸੀ, ਜਬਰ, ਜ਼ੁਲਮ, ਬੁੱਚੜਗਰਦੀ ਦੇ ਕਹਿਰਾਂ ਪ੍ਰਤੀ ਗੁਰੂ ਸਾਹਿਬ ਜੀ ਦੀ ਤੁੱਕ ਦੁਹਰਾ ਦਿੰਦੇ, “ਮਨ ਨ ਡਿਗੇ ਤਨ ਕਾਹੇ ਕੋ ਡਰਾਵੈ”।
ਆਈ.ਜੀ. ਬਖ਼ਸ਼ੀ ਨੇ ਇਕ ਪ੍ਰੈਸ ਕਾਨਫਰੰਸ ਵਿਚ “ਬੱਬਰ ਗੰਗਾ ਦੇ ਗਰੁੱਪ ਨੂੰ ਸਭ ਤੋਂ ਖਤਰਨਾਕ ਅਤੇ ਧਰਮ-ਪ੍ਰਪੱਕ ਮੰਨਿਆ ਸੀ। ਇਕ ਦਿਨ ਉਹ ਗੰਗਾ ਵਿਖੇ ਉਹ ਭਾਈ ਸਾਹਿਬ ਜੀ ਦੇ ਘਰੇ ਰੇਡ ਮਾਰਨ ਖੁੱਦ ਗਿਆ ਤਾਂ, ਕੱਚੇ ਘਰੇ, ਘਰ ਦੀ ਹਾਲਤ ਨੂੰ ਵੇਖ ਕੇ ਘਰੇ ਪਈ ਟੁੱਟੀ ਜਿਹੀ ਮੰਜੀ ਤੇ ਹੀ ਬੈਠ ਗਿਆ। ਕਹਿੰਦਾ, “ਇਹ ਅੱਤਵਾਦੀ ਨਹੀ, ਨਾ ਹੀ ਇਹ ਅੱਤਵਾਦੀ ਘਰ ਹੈ? ਇਹ ਲੋਕ ਧਰਮ ਨੂੰ ਸਮਰਪਤ ਹਨ। ਸਭ ਬਕਵਾਸ ਹੈ ਕਿ ਇਹ ਲੋਕ ਪੈਸਾ ਬਣਾਉਦੇ ਹਨ”।
ਭਾਈ ਗੰਗਾ ਦੀਆਂ ਗੱਲਾਂ ਕਰੀ ਜਾਵੇ, ਉਹ ਕਦੇ ਵੀ ਨਹੀਂ ਮੁਕਣਗੀਆਂ। ਆਪਣੇ ਇਕ ਸਾਥੀ ਕਰਮ ਸਿੰਘ ਨੂੰ ਉਹ ਸਦਰ ਪੁਲਿਸ ਸਟੇਸ਼ਨ ਮਲੋਟ ਵਿਚੋਂ ਪੁਲਿਸ ਦੀ ਵਰਦੀ ਵਿਚ ਇਕ ਏ.ਐਸ.ਆਈ. ਦੇ ਰੈਂਕ ਹੇਠ ਜਾ ਕੇ ਫੁਰਤੀ ਨਾਲ ਇਉ ਲੈ ਆਏ, ਜਿਵੇਂ ਘਰ ਵਾਲੀ ਗੱਲ ਹੋਵੇ। ਪੁਲਿਸ ਨੂੰ ਇਕ ਘੰਟੇ ਬਾਅਦ ਪਤਾ ਲੱਗਾ। ਉਹ ਹੱਥ ਮਲਦੀ ਰਹਿ ਗਈ।
ਭਾਈ ਸਾਹਿਬ ਜੀ ਦੇ ਪਰਿਵਾਰ ਦੀ ਪਿੰਡ ਗੰਗਾ ਅੰਦਰ ਇਕ ਸਧਾਰਣ ਜਿਹੀ ਕਿਸੇ ਘਰ ਨਾਲ ਵਿਰੋਧਤਾ ਸੀ। ਉਸ ਨੇ ਪਰਿਵਾਰ ਨੂੰ ਸਖਤ ਹਦਾਇਤ ਦਿੱਤੀ ਸੀ ਤੁਸੀ ਕਦੇ ਵੀ ਇਸ ਵਿਰੋਧਤਾ ਵਿਚ ਮੇਰਾ ਨਾਮ ਨਹੀ ਵਰਤਣਾ ਅਤੇ ਸਾਥੀ ਸਿੰਘਾਂ ਨੂੰ ਸਖਤ ਤਾੜਨਾ ਕੀਤੀ ਸੀ ਕਿ ਕਿਸੇ ਨੇ ਵੀ ਮੇਰੇ ਪਰਿਵਾਰ ਨਾਲ ਇਸ ਵਿਸ਼ੇ ਤੇ ਕੋਈ ਹਮਦਰਦੀ ਨਹੀ ਰੱਖਣੀ। ਇਹਨਾਂ ਪਿੰਡਾਂ ਦੀਆਂ ਗੱਲਾਂ ਦਾ ਸਿੱਖ ਸੰਘਰਸ਼ ਨਾਲ ਕੋਈ ਵਾਹ ਵਾਸਤਾ ਨਹੀ ਹੋਣਾ ਚਾਹੀਦਾ।
ਕੈਟਾਂ ਨੇ ਕੁਝ ਵੀਰਾਂ ਨਾਲ ਮਿਲ ਕੇ ਪਿੰਡ ਅੰਦਰ ਚਾਣਕੀਯਾ ਖੇਡ ਖੇਡੀ। ਪਿੰਡ ਦੇ ਦੋ ਨਿਰਦੋਸ਼ ਲੋਕਾਂ ਦਾ ਕਤਲ ਕਰਵਾ ਦਿੱਤਾ। ਕੁਝ ਲੋਕ ਅਤੇ ਪੁਲਿਸ ਇਹ ਬਹਾਨਾ ਹੀ ਭਾਲਦੇ ਸਨ ਜੋ ਉਹਨਾਂ ਨੂੰ ਮਿਲ ਗਿਆ ਅਤੇ ਸ਼ੱਕ ਦੀ ਉਂਗਲ ਸਿੱਧੀ ਭਾਈ ਬਲਵਿੰਦਰ ਸਿੰਘ ਤੇ ਕੇਂਦਰਤ ਕਰ ਦਿੱਤੀ ਗਈ, ਜਦ ਕੇ ਉਹਨਾਂ ਦਾ ਇਹਨਾਂ ਕਤਲਾਂ ਪਿਛੇ ਕੋਈ ਹੱਥ ਨਹੀ ਸੀ। ਜਦੋਂ ਬਲਵਿੰਦਰ ਸਿੰਘ ਨੂੰ ਇਸ ਕਤਲ ਕਹਾਣੀ ਦਾ ਪਤਾ ਲੱਗਾ ਤਾਂ ਉਹ ਧਾਂਹੀ ਰੋ ਪਾਏ, “ਕੁੱਤਿਆ ਨੇ ਮੇਰੀ ਸਾਰੀ ਘਾਲ ਤੇ ਮਿੱਟੀ ਫੇਰ ਦਿੱਤੀ”। ਭਾਈ ਸਾਹਿਬ ਜੀ ਨੂੰ ਇਸ ਗੱਲ ਦਾ ਹੀ ਡਰ ਸੀ, ਚਲਾਕ ਗਲਤ ਕੰਮ ਨਾ ਕਰ ਜਾਣ ਪਰ ਇਹ ਗੱਲ ਹੋ ਹੀ ਗਈ।
ਇਹਨਾਂ ਕਤਲਾਂ ਦੇ ਸ਼ੱਕ ਵਿਚ ਭਾਈ ਸਾਹਿਬ ਜੀ ਦੇ ਪਿਤਾ ਸਰਦਾਰ ਹਜ਼ੂਰਾ ਸਿੰਘ ਜੀ ਨੂੰ ਨਹੀਆਂ ਵਾਲਾ ਪੁਲਿਸ ਵਾਲੇ ਫੜ ਕੇ ਲੈ ਗਏ। ਦਿਨ ਭਰ ਤਸ਼ੱਦਦ ਕਰਨ ਤੋਂ ਬਾਅਦ ਸ਼ਾਮ ਨੂੰ ਵੱਡ ਦਿੱਤਾ ਤੇ ਕਿਹਾ, “ਬਜ਼ੁਰਗਾ ਘਰੇ ਰਹੀ ਬਾਹਰ ਨਾ ਜਾਵੀ”। ਉਸੇ ਹੀ ਦਿਨ-ਰਾਤ ਦੇ ਪਹਿਲੇ ਹੀ ਪਹਿਰ ਜਦੋਂ ਬਜ਼ੁਰਗ ਸਰਦਾਰ ਹਜ਼ੂਰਾ ਸਿੰਘ ਘਰੇ ਸੁੱਤੇ ਪਏ ਸਨ ਤਾਂ ਪੁਲਿਸ ਕੈਂਟ ਇਕ ਮੋਟਰਸਾਇਕਲ ਅਤੇ ਇਕ ਜਿਪਸੀ ਵਿਚ ਪਿੰਡ ਗੰਗਾ ਦੇ ਬਾਹਰ ਵਾਟਰ ਵਰਕਸ ਕੋਲ ਆ ਰੁਕੇ। ਉੱਥੋਂ ਤੁਰ ਕੇ ਉਹ ਬਲਵਿੰਦਰ ਸਿੰਘ ਦੇ ਘਰ ਦੀਆਂ ਕੰਧਾਂ ਟੱਪ ਕੇ ਉਹਨਾਂ ਦੇ ਘਰੇ ਵੜੇ, ਪੁਲਿਸ ਕੈਟ ਭਾਈ ਸਾਹਿਬ ਜੀ ਦੇ ਸਾਰੇ ਪਰਿਵਾਰ ਨੂੰ ਇਕੱਠਾ ਕਰਨਾ ਚਾਹੁੰਦੇ ਸਨ ਪਰ ਘਰੇ ਕੋਈ ਹੋਰ ਨਾ ਮਿਲ ਸਕਿਆ, ਸਿਰਫ ਉਹਨਾਂ ਦੇ ਪਿਤਾ ਜੀ ਹੀ ਮਿਲ ਸਕੇ ਤਾਂ ਕੈਟਾਂ ਨੇ ਉਹਨਾਂ ਦੇ ਪਿਤਾ ਜੀ ਨੂੰ ਵੇਹੜੇ ਵਿਚ ਖੜਾ ਕਰ ਕੇ ਗੋਲੀਆਂ ਮਾਰ ਦਿੱਤੀਆਂ। ਭਾਈ ਸਾਹਿਬ ਜੀ ਦੇ ਭਰਾ ਸ਼ਮਿੰਦਰ ਸਿੰਘ ਦੀ ਬੇਟੀ ਹਰਜਿੰਦਰ ਕੌਰ ਉਸ ਸਮੇਂ ਛੋਟੀ ਹੀ ਸੀ, ਜੋ ਉਹਨਾਂ ਦੀ ਨਜ਼ਰ ਨਹੀ ਪਈ, ਉਹ ਇਕ ਕੰਧ ਸਹਾਰੇ ਲੁਕੀ ਹੋਈ ਬੱਚ ਗਈ।
ਪੁਲਿਸ ਵੈਸੇ ਤਾਂ ਬਲਵਿੰਦਰ ਸਿੰਘ ਨੂੰ ਹੱਥ ਪਾ ਨਹੀਂ ਸਕੀ ਸੀ, ਉਹਨਾਂ ਇਹ ਕਮੀਨੀ ਖੇਡ ਖੇਡ ਕੇ ਉਹਨਾਂ ਦੇ ਪਿਤਾ ਜੀ ਨੂੰ ਘਰੇ ਮਾਰ ਦਿੱਤਾ ਪਰ ਬਲਵਿੰਦਰ ਸਿੰਘ ਨੇ ਆਪਣੇ ਪਿਤਾ ਜੀ ਦੀ ਮੌਤ ਦਾ ਇਤਨਾ ਦੁੱਖ ਨਹੀਂ ਮਨਾਇਆ ਜਿੰਨ੍ਹਾਂ ਪਿੰਡ ਵਿਚ ਹੋਏ ਇਹਨਾਂ ਕਤਲਾਂ ਦਾ। ਜਿਸ ਪੁਲਿਸ ਕੈਟ ਨੇ ਭਾਈ ਸਾਹਿਬ ਜੀ ਦੇ ਪਿਤਾ ਨੂੰ ਘਰੇ ਮਾਰਿਆ ਸੀ, ਦੋ ਦਿਨਾਂ ਬਾਅਦ ਹੀ ਉਹਨਾਂ ਦੇ ਸਾਥੀ ਭਾਈ ਜੁਗਰਾਜ ਸਿੰਘ ਬੱਬਰ ਰਬੀਨ ਹੋਰਾਂ ਉਸ ਕੈਟ ਨੂੰ ਗੋਨੇਆਣਾ ਬੱਸ ਸਟੈਂਡ ਦੇ ਨੇੜੇ ਹੀ ਦਿਨ ਦੀਵੀਂ ਗੋਲੀਆਂ ਮਾਰ ਦਿੱਤੀਆਂ।
ਗੁਰੂ ਭਾਣੇ ਨੂੰ ਸਿਰ ਮੱਥੇ ਮੰਨਦੇ ਉਹਨਾਂ ਸੰਘਰਸ਼ ਵਿਚ ਵਿਚਰਦਿਆ ਉਹ ਕੰਮ ਕੀਤੇ, ਜਿੰਨਾਂ ਨੂੰ ਕੌਂਮ ਅੱਜ ਵੀ ਫਕਰ ਨਾਲ ਯਾਦ ਕਰਦੀ ਹੈ। ਉਹਨਾਂ ਦੇ ਸਿਰ ਉਪਰ ਪੰਜਾਬ, ਹਰਿਆਣਾ, ਦਿੱਲੀ ਸਰਕਾਰ ਨੇ ਚਾਲੀ ਲੱਖ ਰੁਪਏ ਦਾ ਇਨਾਮ ਰੱਖਿਆ ਸੀ। 28 ਫਰਵਰੀ 1983 ਦੀ ਸਵੇਰ ਨੂੰ ਬਰਨਾਲਾ ਪੁਲਿਸ ਨੂੰ ਬੇਗੇ ਨਾਮ ਦੇ ਕਿਸੇ ਮੁਖਬਰ ਨੇ ਸੂਚਨਾ ਦਿੱਤੀ। ਉਸ ਦਿਨ ਉਹ ਵੈਰੋਕਿਆ ਤੋਂ ਕਿਸੇ ਨਾਲ ਸਕੂਟਰ ਤੇ ਵੈਰੋਂਵਾਲ ਪਹੁੱਚੇ ਸਨ। ਪਰ ਆਪਣੇ ਟਿਕਾਣੇ ਤੇ ਨਹੀਂ ਪਹੁੱਚੇ ਤਾਂ ਬਲਵਿੰਦਰ ਸਿੰਘ ਦੇ ਫੜੇ ਜਾਣ ਬਾਰੇ ਗੱਲ ਫੈਲ ਗਈ। ਬਰਨਾਲਾ ਪੁਲਿਸ ਭਾਈ ਸਾਹਿਬ ਜੀ ਨੂੰ ਜਿੰਦਾ ਫੜ ਕੇ ਹੀ ਸ਼ਾਬਾਸ਼ੀ ਖੱਟਣਾ ਚਾਹੁੰਦੀ ਸੀ, ਮਰਨ ਤੋਂ ਉਹ ਵੀ ਝਿਜਕਦੇ ਸਨ। ਆਈ.ਜੀ. ਨੇ ਬਲਵਿੰਦਰ ਸਿੰਘ ਨੂੰ ਫਰੀਦਕੋਟ ਪੁਲਿਸ ਦੇ ਹਵਾਲੇ ਕਰਨ ਲਈ ਕਹਿ ਦਿੱਤਾ ਤਾਂ ਫਰੀਦਕੋਟ ਦਾ ਸੀ.ਆਈ.ਏ. ਸਟਾਫ ਬੱਸ ਸਟੈਂਡ ਤੋਂ ਚਾਹਲ ਰੋਡ ਸਾਰਾ ਹੀ ਸੀ.ਆਰ.ਪੀ. ਦੇ ਘੇਰੇ ਵਿਚ ਲੈ ਲਿਆ ਗਿਆ ਸੀ। ਫਰੀਦਕੋਟ ਸਟਾਫ ਦੇ ਇੰਚਾਰਜ ਬਚਨ ਸਿੰਘ ਜੋ ਬਚਨੇ ਬੁਚੜ ਕਰਕੇ ਮਸਹੂਰ ਸੀ ਨੇ ਆਪਣੇ ਖਾਸ ਪੜਤਾਲੀਆਂ ਟੀਮ ਜਿਸ ਵਿਚ ਚੋਟੀ ਦੇ ਜ਼ੁਲਮ ਕਰਨ ਵਾਲੇ ਮੁਲਾਜ਼ਮ ਸਨ ਨੂੰ ਨਾਲ ਲੈ ਕੇ ਬਲਵਿੰਦਰ ਸਿੰਘ ਨੂੰ ਬਰਨਾਲੇ ਤੋਂ ਫਰੀਦਕੋਟ ਲੈ ਆਂਦਾ।
ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦਾ ਮਾਲਵੇ ਦਾ ਸਿਰਕੱਢ ਜੰਗਜੂ ਜਿਸ ਨੇ ਸੰਘਰਸ਼ ਅੰਦਰ ਸਭ ਤੋਂ ਲੰਮਾਂ ਸਮਾਂ ਸੇਵਾ ਕੀਤੀ ਸੀ ਉਹ ਆਪਣੀ ਸੇਵਾ ਕਰਦਾ ਹੋਇਆ ਜਾਬਰਾਂ ਦੇ ਹਰ ਕਹਿਰ ਨੂੰ ਝੱਲਦਾ ਹੋਇਆ ਗੁਰੁ ਦਾ ਸ਼ੁਕਰ ਕਰਦਾ ਹੈ। “ਸੇਵਕ ਕੀ ਓੜਕ ਨਿਭਹੀ ਪ੍ਰੀਤ”। ਭਾਈ ਬਲਵਿੰਦਰ ਸਿੰਘ ਬੱਬਰ “ਇਕ ਕਾਜ਼” ਜੋ ਉਸ ਨੇ ਪੰਥ ਖਾਲਸੇ ਲਈ ਅਰੰਬਿਆ ਸੀ ਆਪਣੇ ਅੰਦਰ ਜਜ਼ਬਾਈ, ਕੌਮ ਲਈ ਪੂਰਾ ਕਰਨ ਹਿੱਤ ਛੱਡ, ਮੌਤ ਦੇ ਸਾਹਮਣੇ ਬੈਠਾ ਸੀ।
ਜਦੋਂ ਭਾਈ ਬਲਵਿੰਦਰ ਸਿੰਘ ਅਤੇ ਭਾਈ ਹਰਭਜਨ ਸਿੰਘ ਡੇਲਿਆਂ ਵਾਲੀ ਨੇ ਗੰਗਾ ਪਿੰਡ ਦੇ ਗੁਰਦੁਆਰੇ ਵਿਚ ਬੈਠ ਕੇ ਸੰਘਰਸ਼ ਵਿਚ ਸ਼ਾਮਿਲ ਹੋਣ ਲਈ ਅਰਦਾਸ ਕੀਤੀ ਸੀ ਤਾਂ ਇਹ ਵੀ ਪ੍ਰਣ ਲਿਆ ਕਿ ਪੁਰਾਤਨ ਸਿੰਘਾਂ ਵਾਂਗ ਜ਼ੁਲਮ ਸਹਾਰਾਂਗੇ ਕਿਸੇ ਚੀਜ਼ ਦਾ ਆਤਮਦਾਹ ਲਈ ਸਹਾਰਾ ਨਹੀਂ ਲਵਾਂਗੇ। ਇਸ ਪ੍ਰਣ ਦੇ ਅਧਾਰ ਤੇ ਹੀ ਉਹਨਾਂ ਸਾਇਨਾਇਡ ਆਦਿ ਕੋਲ ਨਹੀ ਰੱਖੀ ਸੀ। ਅਕਾਲ ਪੁਰਖ ਦਾ ਭਾਣਾ ਮੰਨਦੇ ਹੋਏ ਉਹਨਾਂ ਗੁਰੁ ਦਾ ਹੁਕਮ ਆਪਣੇ ਸਿਰ ਮੱਥੇ ਰੱਖਿਆ ਤੇ ਪੁਲਿਸ ਦਾ ਜ਼ੁਲਮ ਸਹਾਰਦੇ ਹੋਏ ਸਿਮਰਨ ਅੰਦਰ ਲੀਨ ਰਹੇ। ਜਦੋਂ ਕੁਝ ਵਿਰੋਧੀਆਂ ਨੂੰ ਫੜੇ ਜਾਣ ਦਾ ਪਤਾ ਲੱਗਾ ਤਾਂ ਉਹਨਾਂ ਆਪਣੀਆਂ ਮੰਨ ਆਈਆ ਕੀਤੀਆਂ। ਉਹਨਾਂ ਨੇ ਆਪਣੇ ਰਸੂਖ ਰਾਹੀ ਬਲਵਿੰਦਰ ਸਿੰਘ ਉਪਰ ਤਸ਼ੱਦਦ ਦਾ ਕਹਿਰ ਹੋਰ ਕਰਵਾਇਆ। ਭਾਈ ਸਾਹਿਬ ਜੀ ਦੀਆਂ ਦੋਵੇ ਲੱਤਾਂ ਤੋੜ ਦਿੱਤੀਆਂ ਗਈਆਂ ਸਨ, ਤਿੰਨ ਜ਼ਿਲਿਆ ਦੀਆਂ ਪੁਲਿਸ ਪਾਰਟੀਆਂ ਤਸ਼ੱਦਦ ਕਰਦੀਆ ਰਹੀਆਂ ਸਨ। ਸਰੀਰ ਉਪਰ ਪੈਟਰੋਲ ਛਿੜਕ ਦਿੱਤਾ ਜਾਂਦਾ ਅੱਗ ਲਾ ਦਿੱਤੀ ਜਾਂਦੀ ਫਿਰ ਪਾਣੀ ਪਾ ਕੇ ਬੁਝਾਈ ਜਾਂਦੀ। ਇਹ ਕਾਰਾ ਤਿੰਨ ਵਾਰ ਕੀਤਾ ਗਿਆ। ਸਾਰਾ ਸਰੀਰ ਪੱਛਿਆ ਗਿਆ ਸੀ। ਭਾਈ ਸਾਹਿਬ ਜੀ ਦਾ ਇਕ ਹੀ ਲਫ਼ਜ ਸੀ ਜੋ ਗੁਰੁ ਕਰ ਰਿਹਾ ਹੈ ਚੰਗਾ ਹੈ ਉਸ ਦੇ ਭਾਣੇ ਅਨੁਸਾਰ ਹੀ ਹੈ।
ਫਰੀਦਕੋਟ ਪੁਲਿਸ ਦੇ ਦਿਲਾਂ ਅੰਦਰ ਬਲਵਿੰਦਰ ਸਿੰਘ ਦੇ ਫੜੇ ਜਾਣ ਦਾ ਇਸ ਕਦਰ ਡਰ ਸੀ ਕਿ ਸਾਰਾ ਹੀ ਸਟਾਫ ਸਮੇਤ ਬੱਸ ਸਟੈਂਡ ਚਾਹਲ ਰੋਡ ਤੱਕ ਸੀ.ਆਰ.ਪੀ. ਨੇ ਘੇਰੇ ਵਿਚ ਲੈ ਰੱਖਿਆ ਸੀ। 28 ਫਰਵਰੀ ਦੀ ਸ਼ਾਮ ਤੱਕ ਤਸ਼ੱਦਦ ਦਾ ਸਿਲਸਲਾ ਚਲਦਾ ਰਿਹਾ। ਅਖੀਰ ਸ਼ਾਮ ਨੂੰ ਜੈਤੋ ਥਾਣੇ ਵਾਲਿਆ ਨੂੰ ਦੇ ਦਿੱਤਾ ਜਿੱਥੇ ਬਠਿੰਡਾ ਜ਼ਿਲ੍ਹੇ ਦੇ ਐਸ.ਐਸ.ਪੀ. ਨੇ ਆ ਕੇ ਪੈਰ ਦਾ ਠੁੱਡ ਮਾਰ ਕੇ ਪੁਛਿਆ, “ਕਿਵੇ ਹੈ ਬੱਬਰ ਬਲਵਿੰਦਰ” ਪਰ ਬਲਵਿੰਦਰ ਸਿੰਘ ਸਿਮਰਨ ਰਾਹੀ ਇਕ ਮਿੱਕ ਸਨ। ਸਿਮਰਨ ਬੰਦ ਕਰਵਾਉਣ ਲਈ ਭਾਈ ਸਾਹਿਬ ਜੀ ਦੀ ਧੌਣ ਨੂੰ ਵੱਟੇ ਦਿੱਤੇ ਗਏ, ਮੂੰਹ ਵਿਚ ਬੱਟ ਤੁੰਨੇ ਗਏ ਪਰ ਭਾਈ ਸਾਹਿਬ ਜੀ ਦੇ ਆਖਰੀ ਸ਼ਬਦ ਸਨ ਕਿ “ਮੇਰੇ ਗੁਰੁ ਦੀ ਲੀਲਾ ਹੈ ਸ਼ੁਕਰ ਹੈ ਉਸ ਦਾ ਸਰੀਰ ਉਸ ਦੇ ਹਵਾਲੇ ਹੋ ਰਿਹਾ ਹੈ”। ਗੰਗਾ ਵਾਲਾ ਬਲਵਿੰਦਰ ਸਿੰਘ ਸ਼ਹੀਦ ਹੋ ਗਿਆ। ਦਬੜੀਖਾਨੇ ਕੋਲ ਲੈ ਜਾ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ। ਅੱਜ ਵੀ ਬਲਵਿੰਦਰ ਸਿੰਘ ਨੂੰ ਸ਼ਹੀਦ ਕਰਨ ਵਾਲੇ ਬੁਚੜ ਉਸ ਦੇ ਨਾਮ ਤੋਂ ਬੁੜ-ਬੁੜਾ ਉਠਦੇ ਹਨ। ਮਾਲਵੇ ਖਾੜਕੂ ਯੋਧਿਆ ਦਾ ਸੱਭ ਤੋਂ ਲੰਮਾ ਸਮਾਂ ਸੇਵਾ ਕਰਨ ਵਾਲਾ ਥੰਮ ਬੱਬਰ ਬਲਵਿੰਦਰ ਸਿੰਘ ਉਰਫ ਡਾਕਟਰ ਹਰਨੇਕ ਸਿੰਘ ਬੱਬਰ 1 ਮਾਰਚ ਰਾਤ ਦੇ ਆਖਰੀ ਪਹਿਰ ਜਾਮੇ ਸ਼ਹਾਦਤ ਪੀ ਗਿਆ।
ਭਾਈ ਸਾਹਿਬ ਜੀ ਦੇ ਜੀਵਨ ਸਬੰਧੀ ਵੇਰਵਾ ਇਕੱਠਾ ਕਰਨ ਲਈ ਜਦੋਂ ਸੰਸਥਾਂ ਗੁਰਸਿੱਖ ਦੀ ਟੀਮ ਉਹਨਾਂ ਦੇ ਘਰ ਗਈ ਤਾਂ ਉਹਨਾਂ ਦੇਖਿਆਂ ਕਿ ਘਰ ਦੀ ਤ੍ਰਾਸਦੀ ਇਹ ਹੈ ਕਿ ਉਹਨਾਂ ਦਾ ਘਰ ਅੱਜ ਵੀ ਪੁਰਾਣੀਆਂ ਕੱਚੀਆਂ ਕੰਧਾਂ ਦਾ ਹੈ। ਛੱਤਾਂ ਸਰਕਾਨਿਆ ਦੀਆਂ ਹਨ, ਅੱਜ ਵੀ ਉਹ ਕੱਚੀ ਬੈਠਕ ਮੌਜ਼ੂਦ ਹੈ ਜਿੱਥੇ ਭਾਈ ਸਾਹਿਬ ਸਿਮਰਨ ਦੀਆਂ ਚੁੰਗੀਆਂ ਭਰਦੇ ਸਨ। ਪੁਛਣ ਤੇ ਪਤਾ ਲੱਗਾ ਕੇ ਪਰਿਵਾਰ ਦੇ ਉੱਪਰ ਕਰਜ਼ੇ ਦਾ ਬੋਝ ਇਸ ਕਦਰ ਹੈ ਕਿ ਮਾਤਾ ਜੀ ਕਹਿ ਦਿੰਦੇ ਹਨ, “ਵੇ ਪੁੱਤੋ ਮੈਂ ਕਿਥੋਂ ਮੋੜਾਂ ਮੈਨੂੰ ਤਾਂ ਆਖਰੀ ਬਾਲਣ ਵੀ ਨਹੀਂ ਜੁੜਦਾ ਦੀਹਦਾ॥ਘਰਾਂ ਦੀਆਂ ਖੁਡਾਂ ਹੀ ਏਡੀਆਂ-ਏਡੀਆਂ ਹਨ ਕਿ ਕਾਹਦੇ ਨਾਲ ਭਰਾਂ, ਹੁਣ ਪੋਤੀ ਵਿਆਹੀ ਹੈ ਦੋ ਕਿੱਲੇ ਧਰ ਕੇ”। ਫਿਰ ਵੀ ਮਾਤਾ ਜੀ ਕੰਧ ਵੱਲ ਹੱਥ ਕਰਕੇ ਕਹਿੰਦੇ ਹਨ “ਸਭ ਉਸ ਦੀ ਲੀਲਾ ਹੈ, ਸਭ ਚੜਦੀਕਲਾਂ ਵਿਚ ਹੈ”! ਬਲਵਿੰਦਰ ਸਿੰਘ ਦੇ ਕਹਿਣ ਵਾਗੂ, “ਸਭ ਉਸ ਨੂੰ ਫਿਕਰ ਹੈ, ਉਸ ਦਾ ਹੀ ਭਾਣਾ ਹੈ”। ਘਰ ਦੀ ਹਾਲਤ ਅੱਜ ਵੀ ਬੀਤੇ ਦੁਖਾਂਤ ਅਤੇ ਕੱਚੇ ਢਾਰਿਆਂ ਦੀ ਗਵਾਹੀ ਭਰਦੀ ਹੋਏ ਪੰਥਕ ਵਾਰਸ਼ਾ ਨੂੰ ਸਵਾਲ ਪਾ ਜਾਂਦੀ ਹੈ।