
ਸ਼ਹੀਦ ਨੇ ਜਾਨ ਦੀ ਬਾਜੀ ਲਗਾਉਣੀ ਹੁੰਦੀ ਹੈ, ਇਸ ਲਈ ਉਸ ਨੂੰ ਦੁਨਿਆਵੀ ਆਸਰੇ ਭਾਲਣ ਦੀ ਲੋੜ ਨਹੀਂ ਹੁੰਦੀ। ਜ਼ਰ, ਜ਼ੋਰੂ, ਜ਼ਮੀਨ ਲਈ ਜ਼ਿੰਦਗੀ ਦੀ ਬਾਜ਼ੀ ਖੇਡਣ ਵਾਲੇ, ਲੱਖ ਯਤਨ ਕਰਨ ਦੇ ਬਾਵਜੂਦ ਨਹੀ ਜਾਣ ਸਕਦੇ ਕਿ ਸ਼ਹੀਦ ਨੂੰ ਮੌਤ ਨਾਲ ਇਸ਼ਕ ਕਿਉ ਹੁੰਦਾ ਹੈ। ਗੁਰੁ ਪੰਥ ਤੋਂ ਕੁਰਬਾਨ ਹੋਣ ਦੇ ਇਸ਼ਕ-ਰੱਤੇ ਜ਼ਜਬੇ ਨੂੰ ਲੈਲਾ-ਮਜਨੂੰ, ਹੀਰ-ਰਾਂਝੇ ਦੇ ਵਾਰਸ ਵੀ ਨਹੀ ਸਮਝ ਸਕਦੇ, ਕਿਉਂਕਿ ਉਹਨਾਂ ਦੇ ਇਸ਼ਕ ਦੀਆ ਸੀਮਾਂ ਸਿਰਫ ਆਪਣੇ ਨਿੱਜ ਲਈ ਸੀਮਿਤ ਦਾਇਰੇ ‘ਚ ਸੀਮਤ ਹੈ ਅਤੇ ਸ਼ਹੀਦ ਦੀ ਸ਼ਹਾਦਤ ਪ੍ਰਤੀ ਮੁਹੱਬਤ, ਸਮੁੱਚੇ ਪੰਥ, ਮਨੁੱਖਤਾ-ਸਮਾਜ ਲਈ ਹੁੰਦੀ ਹੈ।
ਜੋ ਆਸ਼ਕ ਹੈਂ ਸ਼ਹਾਦਤ ਕੇ, ਵੇਹ ਜੀਨਾ ਛੋੜ ਦੇਤੇ ਹੈਂ
ਖੂਦਾ ਅਗਰ ਦੇ ਖੁਦਾਈ ਭੀ ਤੇ ਵਾਪਸ ਮੋੜ ਦੇਤੇ ਹੈਂ।
ਅਜੋਕੇ ਇਤਿਹਾਸ ਦੀ ਕੜੀ ‘ਚ ਪੰਥ ਪ੍ਰਤੀ ਕੁਰਬਾਨ ਹੋਣ ਦੀ ਚਾਹ ਰੱਖਣ ਵਾਲਿਆ ਜੂਝਾਰੂ ਆਸ਼ਕਾਂ ‘ਚ ਇਕ ਸੀ ਭਾਈ ਜਗਜੀਤ ਸਿੰਘ ਬੱਬਰ ਜੰਮੂ।
ਭਾਈ ਸਾਹਿਬ ਦਾ ਜਨਮ 19 ਮਈ 1969 ਵਿਚ ਜੰਮੂ ਦੇ ਪਹਾੜੀ ਖੇਤਰ ਪੁਣਛ ਦੇ ਰਹਿਣ ਵਾਲੇ ਸ. ਗੁਪਾਲ ਸਿੰਘ ਜੀ ਤੇ ਮਾਤਾ ਸਤਵੰਤ ਕੌਰ ਦੇ ਗ੍ਰਹਿ ਵਿਖੇ ਹੋਇਆ।ਨਾਮ ਬਾਣੀ ਦੇ ਰਸੀਏ ਭਾਈ ਸਾਹਿਬ ਜੀ ਚਾਰ ਭੈਣ ਭਰਾਵਾਂ ਵਿਚੋ ਸਭ ਤੋਂ ਵੱਡੇ ਸਨ।
ਭਾਈ ਸਾਹਿਬ ਜੀ ਨੇ 12ਵੀ ਕਾਲਜ਼ ਕਰਨ ਤੋਂ ਬਾਅਦ ਆਈ.ਟੀ.ਆਈ. ਪਾਸ ਕੀਤੀ।ਕਿਰਤ ਕਰਦੇ ਹੋਏ ਨਾਲ ਦੀ ਨਾਲ ਆਪ ਭਾਈ ਅੰਮ੍ਰਿਤਪਾਲ ਸਿੰਘ ਜੀ ਮਾਸਟਰ ਨਾਲ ਮਿਲ ਕੇ ਸੰਘਰਸ਼ ਵਿਚ ਯੋਗਦਾਨ ਪਾਉਦੇ ਰਹੇ।ਜਦੋਂ ਭਾਈ ਮਾਸਟਰ ਦਾ ਨਾਮ ਪੁਲਿਸ ਦੀ ਲਿਸਟ ਵਿਚ ਪਹੁੰਚ ਗਿਆ ਤਾਂ ਮਾਸਟਰ ਜੀ ਨੇ ਭਾਈ ਜਗਜੀਤ ਸਿੰਘ ਬੱਬਰ ਨੂੰ ਪੰਜਾਬ ਚਲੇ ਜਾਣ ਲਈ ਕਿਹਾ ਤੇ ਨਾਲ ਹੀ ਹੁਕਮ ਕੀਤਾ ਕਿ ਸਾਡੇ ਤੋਂ ਬਾਅਦ ਸੇਵਾ ਤੁਸੀ ਹੀ ਸੰਭਾਲਣੀ ਹੈ, ਹੋਰ ਤਿਆਰੀ ਕਰ ਲਵੋ।
ਭਾਈ ਜਗਜੀਤ ਸਿੰਘ ਬੱਬਰ 1987 ਵਿਚ ਬਾਬਾ ਠਾਕੁਰ ਸਿੰਘ ਜੀ ਨੂੰ ਮਿਲੇ ਤੇ ਪੰਥ ਦੀ ਸੇਵਾ ਕਰਨ ਦੀ ਖਾਹਿਸ਼ ਜ਼ਾਹਿਰ ਕੀਤੀ।ਬਾਬਾ ਜੀ ਨੇ ਬਚਨ ਕੀਤਾ-‘ਗੁਰਬਾਣੀ ਪੜੋ, ਸਿਮਰਨ ਕਰੋ, ਸਤਿਗੁਰ ਆਪ ਸੇਵਕਾਂ ਕੋਲੋ ਸੇਵਾ ਲੈਂਦੇ ਹਨ।
1988 ਤਕ ਦਮਦਮੀ ਟਕਸਾਲ ਦੇ ਸਿੰਘਾਂ ਨਾਲ ਰਹਿ ਕੇ ਸੇਵਾ-ਸਿਮਰਨ ਕਰਦੇ ਰਹੇ।ਉੱਥੇ ਹੀ ਉਹਨਾਂ ਦਾ ਮੇਲ ਬੱਬਰ ਖ਼ਾਲਸਾ ਦੇ ਸਿੰਘਾਂ ਨਾਲ ਹੋਇਆ। ਇਹਨਾਂ ਸਿੰਘਾਂ ਵਿਚੋ ਭਾਈ ਸਾਹਿਬ ਜੀ ਦੀ ਸਭ ਤੋਂ ਵੱਧ ਨੇੜਤਾ ਭਾਈ ਕੁਲਦੀਪ ਸਿੰਘ ਫੌਜ਼ੀ ਬੱਬਰ ਨਾਲ ਬਣ ਗਈ ਅਤੇ ਉਹਨਾਂ ਦੇ ਨਾਲ ਹੀ ਐਕਸ਼ਨਾ ਤੇ ਜਾਣਾ ਅਰੰਭ ਕਰ ਦਿੱਤਾ।
ਜਨਵਰੀ 1989 ਵਿਚ ਜਦੋਂ ਜੰਮੂ ਦੇ ਹਲਾਤ ਵਿਗੜਨੇ ਸ਼ੁਰੂ ਹੋਏ ਤਾਂ ਭਾਈ ਸਾਹਿਬ ਜੀ ਉੱਥੇ ਜਾ ਕੇ ਮਾਸਟਰ ਜੀ ਨੂੰ ਮਿਲੇ ਤੇ ਇਹ ਦੱਸਿਆ ਕੇ ਜੇ ਘਰ ਵਾਲੇ ਪੁੱਛਣ ਤਾਂ ਇਹੀ ਦੱਸਣਾ ਕਿ ਉਹ ਦਮਦਮੀ ਟਕਸਾਲ ਵਿਚ ਰਹਿ ਕੇ ਗੁਰਮਤਿ ਦੀ ਵਿਦਿਆ ਪੜ੍ਹ ਰਿਹਾ ਹੈ।
ਮਾਰਚ 1991 ਵਿਚ ਭਾਈ ਸਾਹਿਬ ਜੀ ਘਰ ਵਾਲਿਆ ਨੂੰ ਸੁਨੇਹਾ ਮਿਲਿਆ ਕਿ ਭਾਈ ਜਗਜਤਿ ਸਿੰਘ ਬੱਬਰ ਪੁਲਿਸ ਨਾਲ ਹੋਏ ਇਕ ਮੁਕਾਬਲੇ ਵਿਚ ਆਪਣੇ ਸਾਥੀਆਂ ਨਾਲ ਜੂਝਦਿਆਂ ਸ਼ਹੀਦੀ ਪਾ ਗਿਆ ਹੈ।ਇਸ ਘਟਨਾ ਤੋਂ ਕਰੀਬ ਸਾਲ ਕੁ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਮਾਸਟਰ ਜੀ ਵੀ ਬਟਾਲਾ ਵਿਖੇ ਸ਼ਹੀਦ ਹੋ ਗਏ।