
Poem from 'ਜੰਗਨਾਮਾ ਸਿੰਘਾਂ ਅਤੇ ਬਿਪਰਾਂ'
ਇੰਦਰਾ ਨਾਲ ਵੈਦਯਾ ਦੀ ਗੱਲਬਾਤ
ਤੁਸੀਂ ਹੋ ਹਿੰਦ ਦੇ ਪ੍ਰਾਈਮ ਮਨਿਸਟਰ
ਕਰੋ ਮੇਰਾ ਸੈਲਿਊਟ ਪ੍ਰਵਾਨ ਰਾਣੀ
‘ਅਪ੍ਰੇਸ਼ਨ ਬਲਿਊ ਸਟਾਰ’ ਬਾਰੇ ਮੈਂ ਗੱਲ ਕਰਨੀ
ਪਲੀਜ਼ ਲਾ ਕੇ ਸੁਣੋ ਧਿਆਨ ਰਾਣੀ
ਇਨ੍ਹਾਂ ਸਰਦਾਰਾਂ ਨੇ ਨੱਕ ਵਿਚ ਦਮ ਕੀਤਾ
ਆਈ ਵਿਚ ਕੁੜਿੱਕੀ ਦੇ ਜਾਨ ਰਾਣੀ
ਜਿਵੇਂ ਸੋਚਿਆ ਸੀ ਉਵੇਂ ਨਹੀਂ ਇੱਥੇ
ਗ਼ਲਤ ਲਾਇਆ ਸੀ ਅਸੀਂ ਅਨੁਮਾਨ ਰਾਣੀ
ਬੜੀ ਬਹਾਦਰ ਹੈ ਫੌਜ ਪੰਜਾਬੀਆਂ ਦੀ
ਸੁਬੇਗ ਸਿੰਘ ਦੇ ਹੱਥ ਕਮਾਨ ਰਾਣੀ
ਇੰਨੀ ਬਹਾਦਰੀ ਨਾਲ ਲੜਨਗੇ ਇਹ ਵੱਖਵਾਦੀ
ਇਸ ਗੱਲ ਦਾ ਨਹੀਂ ਸੀ ਸਾਨੂੰ ਗਿਆਨ ਰਾਣੀ
ਸਾਡੀ ਫੌਜ ਦੀ ਰੋਲਤੀ ਝੰਡ ਇਥੇ
ਸਾਡੇ ਜਵਾਨਾਂ ਦਾ ਹੋ ਗਿਆ ਘਾਣ ਰਾਣੀ
ਢਹਿ ਗਏ ਆਪ ਇਨ੍ਹਾਂ ਕੋਲੋਂ ਬੁਰੀ ਤਰ੍ਹਾਂ
ਅਸੀਂ ਆਏ ਸੀ ਤਖ਼ਤ ਨੂੰ ਢਾਹਣ ਰਾਣੀ
ਵੱਸ ਚੱਲਦਾ ਨਹੀਂ ਇਥੇ ਫੌਜ ਹਿੰਦ ਦੀ ਦਾ
ਲਾ ਕੇ ਥੱਕ ਗਏ ਪੂਰਾ ਅਸੀਂ ਤਾਣ ਰਾਣੀ
ਕੀ ਹਸ਼ਰ ਹੋਵੇਗਾ ਇਥੇ ਫੌਜੀ ਹਿੰਦੀਆਂ ਦਾ
ਸੋਚ-ਸੋਚ ਕੇ ਮੈਂ ਡਾਢਾ ਪ੍ਰੇਸ਼ਾਨ ਰਾਣੀ
65,71 ਵਾਂਗੂੰ ਜੰਗ ਇਹ ਵੀ ਲੜਨੀ ਪੈਣੀ
ਬੜਾ ਝੱਲਿਆ ਅਸੀਂ ਨੁਕਸਾਨ ਰਾਣੀ
ਕਰ ਲੈਂਦੇ ਸਮਝੌਤਾ ਤਾਂ ‘ਬੈਟਰ’ ਹੁੰਦਾ
ਕੁਝ ਕੁ ਮੰਗਾਂ ਈ ਸੀ, ਹੁਣ ਜਾਂਦੀ ਆ ਜਾਨ ਰਾਣੀ
ਬੱਸ ਬੈਠੇ-ਬੈਠੇ ਐਵੇਂ ਈ ਪੰਗਾ ਛੇੜ ਬੈਠੇ
ਇਨ੍ਹਾਂ ਦੇ ਇਤਿਹਾਸ ਦਾ ਨਹੀਂ ਸਾਨੂੰ ਗਿਆਨ ਰਾਣੀ
40 ਸਿੰਘਾਂ ਨਾਲ ਇਨ੍ਹਾਂ ਦੇ ਗੁਰੂ ਨੇ ਕੱਚੀ ਗੜ੍ਹੀ ਵਿਚੋਂ
ਤੋੜਿਆ ਸੀ 10 ਲੱਖ ਮੁਗ਼ਲਾਂ ਦਾ ਮਾਣ ਰਾਣੀ
ਇੰਨੀ ਫੌਜ ਨਾਲ ਆਪਾਂ ਜੇ ਕਰਦੇ ਹੱਲਾ
ਸੱਚੀਂ ਜਿੱਤ ਲੈਂਦੇ ਪਾਕਿਸਤਾਨ ਰਾਣੀ
ਆਏ ਕਾਬੂ ਨਾ ਜੇ ਸਾਥੋਂ ਇਹ ਵੱਖਵਾਦੀ
ਪੈਜੂ ਖ਼ਤਰੇ ’ਚ ਹਿੰਦ ਦੀ ਸ਼ਾਨ ਰਾਣੀ
ਅਤਿ ਆਧੁਨਿਕ ਸਾਨੂੰ ਹਥਿਆਰ ਭੇਜੋ
ਨਹੀਂ ਟੈਂਕ ਤੋਂ ਘੱਟ ਪ੍ਰਵਾਨ ਰਾਣੀ
ਰਾਕਟ ਲਾਂਚਰ, ਤੋਪਾਂ, ਗਰਨੇਡ ਭੇਜੋ
ਭੇਜੋ ਸਾਰਾ ਈ ਸਾਜੋ ਸਾਮਾਨ ਰਾਣੀ
ਨੱਕ ਹਿੰਦ ਦੀ ਆਪਾਂ ਜੇ ਰੱਖਣੀ ਏ
ਛਿੱਕੇ ਟੰਗ ਦਿਉ ਸਾਰੇ ਇਮਾਨ ਰਾਣੀ
ਭੁੱਲ ਜਾਈਏ ਸਰਦਾਰਾਂ ਦਾ ਮੱਕਾ ਹੈ ਇਹ
ਇਹਨੂੰ ਬਣਾ ਦੀਏ ਜੰਗ ਦਾ ਮੈਦਾਨ ਰਾਣੀ
‘ਸੁਖਦੀਪ ਸਿੰਘ’ ਚੌਤਰਫ਼ਾ ਕਰੀਏ ਹੱਲਾ
ਜੇ ਬਚਾਉਣੀ ਹੈ ਹਿੰਦ ਦੀ ਸ਼ਾਨ ਰਾਣੀ
(ਸੁਖਦੀਪ ਸਿੰਘ ਬਰਨਾਲਾ)