1. ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਬਾਣੀ ਤੇ ਬਾਣੀਕਾਰ
ਸਾਹਿਤ ਦੇ ਮੁਕਾਬਲੇ ਬਾਣੀ ਗੁਰੂ ਸਾਹਿਬਾਨ ਦੇ ਅਧਿਆਤਮਕ ਅਵਲੋਕਣ ਦਾ ਇਲਹਾਮੀ ਸੰਚਾਰ ਹੈ। ਸਾਰੇ ਸਿੱਖ-ਗੁਰੂ ਸਾਹਿਬਾਨ ਸਮੁੱਚੀ ਮਾਨਵਤਾ ਨੂੰ ਇਕ ਅਕਾਲ ਪੁਰਖ ਦੀ ਉਸਤਤਿ ਦੇ ਸਹਿਜ ਮਾਰਗ ਉੱਤੇ ਗਤੀਸ਼ੀਲ ਕਰਦੇ ਹਨ। ਇਸ ਲਈ ਗੁਰਬਾਣੀ ਦਾ ਸਹਿਜ ਅਤੇ ਸੁਚੇਤ ਗਿਆਨਾਤਮਕ ਅਭਿਆਸ ਮਨੁੱਖ ਦੀ ਸੁਰਤ ਨੂੰ ਸੁਰਜੀਤ ਕਰਦਾ ਹੈ। ਇੱਥੇ ਜਾਪੁ ਸਾਹਿਬ ਨੂੰ ਜਪੁਜੀ ਸਾਹਿਬ ਦੇ ਪਰਿਪੇਖ ਵਿਚ ਸਮਝਣ ਦਾ ਯਤਨ ਕੀਤਾ ਜਾ ਰਿਹਾ ਹੇ। ‘ਜਪੁਜੀ ਸਾਹਿਬ’ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖ਼ਸ਼ੀ ਹੋਈ ਬਾਣੀ ਹੈ। ਸਿੱਖ ਧਰਮ ਅਧਿਐਨ ਅਤੇ ਧਾਰਮਿਕ ਮੰਡਲਾਂ ਵਿਚ ਜਪੁਜੀ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੂਲ ਆਧਾਰ ਅਤੇ ਕੁੰਜੀਵਤ ਬਾਣੀ ਵਜੋਂ ਸਵੀਕਾਰਿਆ ਜਾਂਦਾ ਹੈ। ਇਸ ਲਈ ਹੀ ਜਪੁਜੀ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ-ਰੂਪ ਮੰਨਦਿਆਂ ਕਿਹਾ ਜਾਂਦਾ ਹੈ ਕਿ ਸਾਰੀ ਗੁਰਬਾਣੀ ਵਿਚ ਜਪੁਜੀ ’ਚ ਪ੍ਰਸਤੁਤ ਦਰਸ਼ਨ ਜਾਂ ਸਿਧਾਂਤਾਂ ਦੀ ਹੀ ਵਿਆਖਿਆ ਹੋਈ ਹੈ। ‘ਜਾਪੁ ਸਾਹਿਬ’ ਸ੍ਰੀ ਦਸਮ ਗ੍ਰੰਥ ਦੀ ਇਕ-ਇਕ ਅਜਿਹੀ ਰਚਨਾ ਹੈ, ਜਿਸਨੂੰ ਸਿੱਖ ਧਰਮ ਦੇ ਮਾਹਿਰ, ਦਾਰਸ਼ਨਿਕ, ਸਾਹਿਤ-ਇਤਿਹਾਸਕਾਰ ਅਤੇ ਆਲੋਚਕ ਇਕ ਮੱਤ ਹੋ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀ ਦੇ ਰੂਪ ਵਿਚ ਸਤਿਕਾਰ ਅਤੇ ਸਵੀਕਾਰ ਕਰਦੇ ਹਨ। ਜਪੁਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬਾਣੀ ਹੈ, ਜਦ ਕਿ ਜਾਪੁ ਸਾਹਿਬ ਸ੍ਰੀ ਦਸਮ ਗ੍ਰੰਥ ਜੀ ਦੀ ਆਦਿ ਰਚਨਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਛੱਤੀ ਬਾਣੀਕਾਰਾਂ ਦੀ ਬਾਣੀ ਦਾ ਰਾਗ-ਬੱਧ ਸੰਪਾਦਿਤ ਗ੍ਰੰਥ ਹੈ, ਪਰ ਦਸਮ ਗ੍ਰੰਥ ਵੱਖ-ਵੱਖ ਰਚਨਾਵਾਂ (ਜਾਪੁ, ਅਕਾਲ ਉਸਤਤਿ, ਬਚ੍ਰਿਤ ਨਾਟਕ, ਚੰਡੀ ਚਰ੍ਰਿਤ ਉਕਤਿ ਬਿਲਾਸ, ਚੰਡੀ ਚਰ੍ਰਿਤ-2, ਵਾਰ ਸ੍ਰੀ ਭਗਉਤੀ ਜੀ ਕੀ, ਗਿਆਨ ਪ੍ਰਬੋਧ, ਚਉਬੀਸ ਅਵਤਾਰ, ਬ੍ਰਹਮਾਤਾਰ, ਰੁਦ੍ਰਾਵਤਾਰ, ਰਾਮਕਲੀ ਪਾ: 10, ਸਵੈਯੇ, ਖਾਲਾਸਾ ਮਹਿਮਾ, ਸਸਤਰ-ਨਾਮਮਾਲਾ, ਚਰਿਤ੍ਰੋਪਾਖਿਆਨ, ਜਫ਼ਰਨਾਮਾ, ਹਦਾਇਤਾਂ) ਦਾ ਸੰਗ੍ਰਹਿਤ ਗ੍ਰੰਥ ਹੈ। ਇਨ੍ਹਾਂ ਵਿਚੋਂ ‘ਜਾਪੁ ਸਾਹਿਬ’ ਅਤੇ ‘ਅਕਾਲ ਉਸਤਤਿ’ ਦੋ ਅਜਿਹੀਆਂ ਰਚਨਾਵਾਂ ਹਨ, ਜਿਨ੍ਹਾਂ ਨੂੰ ਪੰਜਾਬੀ ਦੇ ਸਾਹਿਤ ਇਤਿਹਾਸਕਾਰ ਸਿੱਖ ਧਰਮ ਦੇ ਵਿਦਵਾਨ ਅਤੇ ਆਲੋਚਕ ਬਿਨਾਂ ਵਿਵਾਦ ਇਕ ਮੱਤ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਬਾਣੀਆਂ ਵਜੋਂ ਸਥਾਪਿਤ ਅਤੇ ਸਵੀਕਾਰ ਕਰਦੇ ਹਨ। ਇਸ ਤਰ੍ਹਾਂ ਜਪੁਜੀ ਸਾਹਿਬ ਅਤੇ ਜਾਪੁ ਸਾਹਿਬ ਕ੍ਰਮਵਾਰ ਪਹਿਲੇ ਅਤੇ ਦਸਵੇਂ ਗੁਰੂ ਸਾਹਿਬ ਦੀਆਂ ਬਾਣੀਆਂ ਹਨ। ਦੋਵੇਂ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀਆਂ ਬਾਣੀ ਦੇ ਰੂਪ ’ਚ ਇਨ੍ਹਾਂ ਮਹਾਨ ਬਖ਼ਸ਼ਿਸ਼ਾਂ ਵਿਚਕਾਰ ਦੋ ਸੋ ਸਾਲ ਅਰਥਾਤ ਦੋ ਸਦੀਆਂ ਤੋਂ ਵੀ ਵਧੇਰੇ ਦਾ ਸਮਾਂ ਹੈ। ਕਾਲ ਦੀਆਂ ਇਨ੍ਹਾਂ ਸੀਮਾਵਾਂ ਦੇ ਵੱਖਰੇਵੇਂ ਦੇ ਬਾਵਜੂਦ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ, ਪਹਿਲੇ ਗੁਰੂ ਸਾਹਿਬ ਦੇ ‘ੴ’ ਦੇ ਸੰਦੇਸ਼ ਨੂੰ ਹੀ ਸੰਚਾਰਿਤ ਕਰਦੇ ਦ੍ਰਿਸ਼ਟੀਗੋਚਰ ਹੁੰਦੇ ਹਨ। ਇਸ ਲਈ ਇਹ ਸੁਭਾਵਿਕ ਹੀ ਹੈ ਕਿ ਜਾਪੁ ਸਾਹਿਬ ਦੀ ਬਾਣੀ ਦੇ ਭਾਵ-ਜਗਤ ਨੂੰ ਜਪੁਜੀ ਸਾਹਿਬ ਦੇ ਪਰਿਪੇਖ ਵਿਚ ਸਮਝਣ ਦਾ ਪ੍ਰਯਤਨ ਕੀਤਾ ਜਾਵੇ।
2. ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਧਾਰਮਿਕ ਮਹੱਤਵ
ਸਿੱਖ ਧਾਰਮਿਕ ਜਗਤ ਵਿਚ ਜਪੁਰੀ ਸਾਹਿਬ ਅਤੇ ਜਾਪੁ ਸਾਹਿਬ ਦਾ ਵਿਸ਼ੇਸ਼ ਮਹੱਤਵ ਹੈ। ਇਹ ਦੋਵੇਂ ਬਾਣੀਆਂ ਅੰਮ੍ਰਿਤ ਵੇਲੇ ਦੇ ਨਿਤਨੇਮ ਦਾ ਹਿੱਸਾ ਹਨ। ਇਸ ਤੋਂ ਇਲਾਵਾ ਅੰਮ੍ਰਿਤ ਸੰਚਾਰ ਦੀ ਪ੍ਰਕਿਰਿਆ ਵੇਲੇ ਅੰਮ੍ਰਿਤ ਤਿਆਰ ਕਰਦਿਆਂ ਜਿਨ੍ਹਾਂ ਪੰਜ ਬਾਣੀਆਂ ਦਾ ਪਾਠ ਕੀਤਾ ਜਾਂਦਾ ਹੈ, ਉਨ੍ਹਾਂ ਵਿਚੋਂ ‘ਜਪੁਜੀ ਸਾਹਿਬ’ ਅਤੇ ‘ਜਾਪੁ ਸਾਹਿਬ’ ਦਾ ਪ੍ਰਮੁੱਖ ਸਥਾਨ ਹੈ। ਰਹਿਤਨਾਮਿਆਂ ਵਿਚਲੀ ਸਿੱਖ ਰਹਿਤ-ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਜਪੁਜੀ ਸਾਹਿਬ ਅਤੇ ਜਾਪੁ ਸਾਹਿਬ ਦਾ ਪਾਠ ਕਰਨ ਦਾ ਹੁਕਮ ਕੀਤਾ ਜਾਂਦਾ ਹੈ। ਇਨ੍ਹਾਂ ਦੋਵਾਂ ਬਾਣੀਆਂ ਦੇ ਮਹੱਤਵ ਨੂੰ ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਜੀ ਵਿਚ ਹੇਠ ਲਿਖੇ ਅਨੁਸਾਰ ਪ੍ਰਗਟਾਇਆ ਗਿਆ ਹੈ:
ਬਿਨਾ ਜਪੁ ਜਾਪੁ ਜੋ ਜੇਵਹਿ ਪ੍ਰਸਾਦਿ।
ਸੋ ਬਿਸਟਾ ਕਾ ਕਿਰਮ ਹੁਇ ਜਨਮ ਗਵਾਵੈ ਬਾਦੁ।
ਭਾਵ ਜਿਹੜਾ ਸਿੱਖ ਜਪੁਜੀ ਸਾਹਿਬ ਅਤੇ ਜਾਪੁ ਸਾਹਿਬ ਦੇ ਜਪਣ ਅਥਵਾ ਪਾਠ ਕਰਨ ਤੋਂ ਬਿਨਾਂ ਅੰਨ-ਪਾਣੀ ਨੂੰ ਮੂੰਹ ਲਾਉਂਦਾ ਹੈ, ਉਹ ਗੰਦਗੀ ਦੇ ਕੀੜੇ ਵਾਂਗ ਆਪਣਾ ਜਨਮ ਵਿਅਰਥ ਗਵਾ ਲੈਂਦਾ ਹੈ। ਇਹ ਦੋਵੇਂ ਬਾਣੀਆਂ ਆਦਰਸ਼ ਸਿੱਖ ਦੀ ਰਹਿਣੀ-ਬਹਿਣੀ ਜਾਂ ਉਚੇਰੀ ਜੀਵਨ-ਜਾਂਚ ਕਾਰਨ ਰੋਜ਼ਾਨਾ ਦੇ ਨਿਤਨੇਮ, ਅੰਮ੍ਰਿਤ ਸੰਚਾਰ ਅਤੇ ਰਹਿਤ-ਮਰਿਆਦਾ ਦਾ ਜਰੂਰੀ ਅੰਗ ਹਨ। ਇਹ ਬਾਣੀਆਂ ਧਾਰਮਿਕ ਸ਼ਰਧਾ ਅਤੇ ਸਤਿਕਾਰ ਦੀਆਂ ਸਰੋਤ ਹੋਣ ਕਰਕੇ ਧਾਰਮਿਕ ਸਭਿਆਚਾਰਕ ਮੌਕਿਆਂ ਉੱਤੇ ਉਚਾਰੀਆਂ ਜਾਂਦੀਆਂ ਹਨ। ਜਪੁਜੀ ਸਾਹਿਬ ਵਿਚ ਜਿੱਥੇ ਸਿਧਾਂਤ ਪੇਸ਼ ਕੀਤਾ ਗਿਆ ਹੈ, ਉੱਥੇ ਜਾਪੁ ਸਾਹਿਬ ਵਿਚ ਉਸ ਨੂੰ ਵਿਹਾਰ ਦਾ ਅੰਗ ਬਣਾਇਆ ਗਿਆ ਹੈ। ਇਨ੍ਹਾਂ ਬਾਣੀਆਂ ਦਾ ਪਾਠ ਕਰਮਕਾਂਡੀ ਪ੍ਰਕਿਰਿਆ ਦਾ ਲਖਾਇਕ ਨਾ ਹੋ ਕੇ ਅਜਿਹੇ ਮਾਨਵੀ ਪ੍ਰਯਤਨ ਵਜੋਂ ਰੂਪਮਾਨ ਹੁੰਦਾ ਹੈ ਜਿਹੜੀ ਭਾਵਾਂ, ਭਾਵਨਾਵਾਂ, ਨਿਸ਼ਚਿਆਂ ਉੱਤੇ ਆਧਾਰਿਤ ਹੋਣ ਕਰਕੇ ਯਥਾਰਥ ਦਾ ਪ੍ਰਤੱਖਣ ਕਰਨ ਲਈ ਵਿਹਾਰ ਦਾ ਅੰਗ ਬਣਦੀ ਹੈ।
3. ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਰੂਪ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਰਾਗਾਂ ਵਿਚ ਰਚੀ ਅਤੇ ਸੰਪਾਦਿਤ ਕੀਤੀ ਗਈ ਹੈ, ਪਰੰਤੂ ‘ਜਪੁਜੀ ਸਾਹਿਬ’ ਅਜਿਹੀ ਬਾਣੀ ਹੈ, ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਤਮਿਕ ਪ੍ਰਬੰਧ ਤੋਂ ਬਾਹਰ, ਰਾਗਾਂ ਦੇ ਆਰੰਭ ਤੋਂ ਪਹਿਲਾਂ ਸੰਪਾਦਿਤ ਕੀਤੀ ਗਈ ਹੈ। ਦਸਮ ਗ੍ਰੰਥ ਦੀਆਂ ਸਾਰੀਆਂ ਹੀ ਰਚਨਾਵਾਂ ਰਾਗਾਂ ਵਿਚ ਸੰਪਾਦਿਤ ਨਹੀਂ ਕੀਤੀਆਂ ਗਈਆਂ। ਇਸ ਤਰ੍ਹਾਂ ‘ਜਪੁਜੀ ਸਾਹਿਬ’ ਅਤੇ ‘ਜਾਪੁ ਸਾਹਿਬ’ ਦੋਵੇਂ ਬਾਣੀਆਂ ਰਾਗਾਂ ਦੀ ਬੰਦਿਸ਼ ਤੋਂ ਮੁਕਤ ਹਨ। ਜਪੁਜੀ ਸਾਹਿਬ ਵਿਚ ਕੁਲ 39 ਬੰਦ ਹਨ, ਜਿਨ੍ਹਾਂ ਵਿਚੋਂ ਅਠੱਤੀ ਪਉੜੀਆਂ ਅਤੇ ਇਕ ਸਲੋਕ ਹੈ, ਜਦੋਂ ਕਿ ਜਾਪੁ ਸਾਹਿਬ ਛੰਦਾਂ ਵਿਚ ਰਚੀ ਗਈ ਰਚਨਾ ਹੈ। ਸੋ ਜਾਪੁਜੀ ਸਾਹਿਬ ਅਤੇ ਜਾਪੁ ਸਾਹਿਬ ਦੋਵਾਂ ਦਾ ਰੂਪ ਵਖਰੇਵੇਂ ਵਾਲਾ ਹੈ। ‘ਜਪੁਜੀ ਸਾਹਿਬ’ ਲਈ ਜਿੱਥੇ ਪਾਉੜੀ ਅਤੇ ਸਲੋਕ ਕਾਵਿ—ਰੂਪ ਵਰਤਿਆ ਗਿਆ ਹੈ, ਉੱਥੇ ਜਾਪੁ ਸਾਹਿਬ ਨੂੰ ਛੰਦ—ਬੱਧ ਰੂਪ ’ਚ ਨਿਭਾਇਆ ਗਿਆ ਹੈ। ਅਸੀਂ ਸਮਝਦੇ ਹਾਂ ਕਿ ਦੋਵਾਂ ਬਾਣੀਆਂ ਦੇ ਰੂਪ ਨੂੰ ਉਜਾਗਰ ਕਰਨ ਲਈ ਪਉੜੀ, ਸਲੋਕ ਅਤੇ ਛੰਦ ਮਦਾਂ ਦੇ ਅਰਥ-ਘੇਰਿਆਂ ਨੂੰ ਸਪੱਸ਼ਟ ਕਰਨ ਦੀ ਲੋੜ ਹੈ।
I. ਪਉੜੀ: ਸਾਹਿਤ ਦੇ ਖੇਤਰ ਵਿਚ ਪਾਉੜੀ ਇਕ ਅਜਿਹਾ ਕਾਵਿ ਰੂਪ ਹੈ, ਜਿਸ ਅੰਦਰ ਵਿਚਾਰਾਂ ਦੀ ਉਸਾਰੀ ਪੌੜੀ ਦੇ ਡੰਡਿਆਂ ਅਨੁਸਾਰ ਹੁੰਦੀ ਹੈ। ਇਕ ਖ਼ਿਆਲ ਤੋਂ ਬਾਅਦ ਦੂਜਾ ਖ਼ਿਆਲ ਲੜੀਵਾਰ ਉਤਰੋਤਰ (ਇਕ ਦੂਜੇ ਉਪਰ, ਪੌੜੀ ਦੇ ਡੰਡਿਆਂ ਵਾਂਗ) ਜੁੜਦਾ ਜਾਂਦਾ ਹੈ ਅਤੇ ਫਿਰ ਕੁਝ ਪਉੜੀਆਂ ਇਕੱਠੀਆਂ ਹੋ ਕੇ ਇਕ ਸਮੁੱਚਾ ਖ਼ਿਆਲ ਬਣਾਉਂਦੀਆਂ ਹਨ।1
ਅਸਲ ਵਿਚ ਪਉੜੀ ਕਾਵਿ—ਰੂਪ ਦੀ ਵਰਤੋਂ ਵਿਸ਼ਾਲ ਵਿਸ਼ੇ ਦੇ ਨਿਭਾਅ ਲਈ ਕੀਤੀ ਜਾਂਦੀ ਹੈ। ਜਪੁਜੀ ਸਾਹਿਬ ਦੀਆਂ ਵੱਖ—ਵੱਖ ਪਉੜੀਆਂ ਵਿਚ ਵਿਚਾਰਾਂ ਦੀ ਉਸਾਰੀ ਲੜੀਵਾਰ ਜਾਂ ਇਕਸਾਰ ਰੂਪ ’ਚ ਹੀ ਹੋਈ ਹੈ। ਉਦਾਹਰਣ ਵਜੋਂ ‘ਸੁਣਿਐ’, ‘ਮੰਨੇ’ ਅਤੇ ‘ਅਦੇੁਸ’ ਆਦਿ ਨਾਲ ਸੰਬੰਧਿਤ ਵਿਚਾਰਾਂ ਦਾ ਪ੍ਰਗਟਾਉ ਚਾਰ—ਚਾਰ ਪਉੜੀਆਂ ’ਚ ਕੀਤਾ ਮਿਲਦਾ ਹੈ:
ਸੁਣਿਐ ਸਿਧ ਪੀਰੂ ਸੂਰ ਨਾਥ॥
ਸੁਣਿਐ ਧਰਤੁ ਧਵਲੁ ਆਕਾਸ॥
ਸੁਣਿਐ ਦੀਪ ਲੋਅ ਪਾਤਾਲ॥
ਸੁਣਿਐ ਪੋਹ ਨ ਸਕੈ ਕਾਲ॥
ਨਾਨਕ ਭਗਤਾ ਸਦਾ ਵਿਗਾਸੁ॥
ਸੁਣਿਐ ਦੂਖ ਪਾਪ ਦਾ ਨਾਸ॥ (ਜਪੁਜੀ ਸਾਹਿਬ, ਪਉੜੀ ੮)
ਇਸੇ ਖ਼ਿਆਲ ਜਾਂ ਵਿਚਾਰ ਦੀ ਉਸਾਰੀ ਇਸ ਤੋਂ ਅਗਲੀਆਂ ਪਉੜੀਆਂ ਵਿਚ ਕੀਤੀ ਗਈ ਹੈ। ਜਿਸ ਕਰਕੇ ‘ਸੁਣਿਐ’ ਦੀਆਂ ਚਾਰਾਂ ਪਉੜੀਆਂ ਨੂੰ ਪੜ ਕੇ ਇਸ ਦਾ ਸਮੁੱਚਾ ਭਾਵ ਅਤੇ ਮਹੱਤਵ ਉਜਾਗਰ ਹੁੰਦਾ ਹੈ। ਕਈ ਵਾਰ ਪਉੜੀ ਵਿਚ ਇਕ ਸੰਪੂਰਨ ਵਿਚਾਰ ਵੀ ਪ੍ਰਗਟਾਇਆ ਜਾਂਦਾ ਹੈ। ਪਉੜੀ ਰੂਪ ਦੀ ਵਰਤੋਂ ਵਾਰ ਰਚਨਾ ਲਈ ਛੰਦ ਦੇ ਰੂਪ ’ਚ ਵੀ ਕੀਤੀ ਜਾਂਦੀ ਹੈ, ਪਰ ਇਸ ਦੇ ਚਰਣਾਂ ਦੀ ਗਿਣਤੀ ’ਤੇ ਕੋਈ ਬੰਦਿਸ਼ ਨਹੀਂ ਹੁੰਦੀ। ਇਸ ਲਈ ਹੀ ਜਪੁਜੀ ਸਾਹਿਬ ਵਿਚ ਕਈ ਪਉੜੀਆਂ ਤਾਂ ਚਾਰ ਚਰਣਾਂ ਦੀਆਂ ਹਨ ਅਤੇ ਕਈ ਦਸ ਚਰਣਾਂ ਤੋਂ ਵੀ ਵਡੇਰੀਆਂ ਹਨ। ਜਪੁਰੀ ਸਾਹਿਬ ਵਿਚ ਸਾਰੀਆਂ ਪਉੜੀਆਂ ਇਕੱਠੀਆਂ ਹੋ ਕੇ ਜਿੱਥੇ ਇਕ ਭਾਵ ਦਾ ਸੰਚਾਰ ਕਰਦੀਆਂ ਹਨ, ਉਥੇ ਹਰੇਕ ਪਉੜੀ ਆਪਣੇ-ਆਪ ਵਿਚ ਇਕ ਸੰਪੂਰਨ ਵਿਚਾਰ ਦਾ ਪ੍ਰਗਟਾਵਾ ਵੀ ਕਰਦੀ ਹੈ। ਸੋ ਜਪੁਜੀ ਸਾਹਿਬ ਦਾ ਪ੍ਰਮੁੱਖ ਰੂਪ ਪਉੜੀ ਅਜਿਹਾ ਹੈ, ਜਿਹੜਾ ਸੁਤੰਤਰ ਕਾਵਿ-ਰੂਪ ਵਜੋਂ ਵੀ ਵਰਤਿਆ ਜਾਂਦਾ ਹੈ ਅਤੇ ਕਾਵਿ ਦੇ ਅਨੁਸ਼ਾਸ਼ਨ ਛੰਦ-ਰੂਪ ਵਜੋਂ ਵੀ।
II. ਸਲੋਕ: ਜਪੁਜੀ ਸਾਹਿਬ ਦੇ ਅਖ਼ੀਰ ਵਿਚ ਇਕ ਸਲੋਕ ਵਰਤਿਆ ਗਿਆ ਹੈ। ਸਲੋਕ ਦਾ ਸਾਧਾਰਨ ਅਰਥ ਪ੍ਰਸੰਸਾ, ਉਸਤਤਿ ਜਾਂ ਤਾਰੀਫ਼ ਹੈ।2 ਇਸ ਲਈ ਉਸਤਤਿ ਜਾਂ ਯਸ਼ ਭਰੇ ਛੰਦਾਂ ਨੂੰ ਵੀ ਸਲੋਕ ਕਹਿ ਦਿੱਤਾ ਜਾਂਦਾ ਹੈ।3 ‘ਜਪੁਜੀ ਸਾਹਿਬ’ ਦੇ ਅੰਤ ਵਿਚ ਅੰਕਿਤ ਸਲੋਕ ‘ਪਵਨ ਗੁਰੂ ਪਾਣੀ ਪਿਤਾ’ ਵਿਚ ਵੀ ਪਰਮਾਤਮਾ ਦੇ ਗੁਣਾਂ ਦੀ ਉਸਤਤਿ ਕਰਦਿਆਂ ਪੁਰਖ (ਮਨੁੱਖ) ਅਤੇ ਅਕਾਲ ਪੁਰਖ ਨੂੰ ਅੰਤਰ-ਸੰਬੰਧਿਤ ਕੀਤਾ ਗਿਆ ਹੈ।
III. ਛੰਦ: ਜਾਪੁ ਸਾਹਿਬ ਇਕ ਛੰਦ-ਬੱਧ ਰਚਨਾ ਹੈ। ਛੰਦ ਤੋਂ ਭਾਵ ਅਜਿਹੀ ਕਾਵਿ-ਰਚਨਾ ਤੋਂ ਹੈ, ਜਿਸ ਵਿਚ ਮਾਤਰਾ ਵਰਣ (ਅੱਖਰ), ਗੁਣ, ਬਿਸਰਾਮ ਅਤੇ ਤੋਲ-ਤੁਕਾਂਤ ਦੀ ਪਾਬੰਦੀ ਹੁੰਦੀ ਹੈ। ਜਾਪੁ ਸਾਹਿਬ ਕੁਲ 199 ਬੰਦਾਂ ਵਾਲੀ ਛੰਦ-ਬੱਧ ਰਚਨਾ ਹੈ, ਜਿਸ ਨੂੰ ਦਸ ਪ੍ਰਕਾਰ ਦੇ ਛੰਦ ਰੂਪ (ਛਪੈ, ਭੁਜੰਗ, ਪ੍ਰਯਾਤ, ਚਾਚਰੀ, ਚਰਪਟ, ਰੂਆਲ, ਰਸਾਵਲ, ਮਧੂਭਾਰ, ਭਗਵਤੀ, ਹਰਿਬੋਲਮਨਾ ਅਤੇ ਏਕ ਅੱਛਰੀ) ਦੁਆਰਾ ਨਿਭਾਇਆ ਗਿਆ ਹੈ। ਸਮੁੱਚੀ ਰਚਨਾ 22 ਛੰਦ-ਬੱਧ ਪੜਾਵਾਂ ਦੁਆਰਾ ਸਾਕਾਰ ਹੋ ਕੇ ਆਪਣੇ ਵਿਸ਼ੇ ਦਾ ਪ੍ਰਸਤੁਤੀਕਰਨ ਕਰਦੀ ਹੈ ਅਤੇ ਹਰੇਕ ਪੜਾਅ ਵਿਸ਼ੇ ਦੀ ਉਸਾਰੀ ਵਿਚ ਇਕ ਕੜੀ ਦਾ ਰੋਲ ਨਿਭਾਉਂਦਾ ਹੈ।
ਇਸ ਤਰ੍ਹਾਂ ‘ਜਪੁਜੀ ਸਾਹਿਬ’ ਅਤੇ ‘ਜਾਪੁ ਸਾਹਿਬ’ ਦੋਵੇਂ ਬਾਣੀਆਂ ਸਰੂਪ ਦੇ ਪੱਧਰ ’ਤੇ ਵੱਖ-ਵੱਖ ਕਾਵਿ-ਰੂਪਾਂ: ਪਾਉੜੀ, ਸਲੋਕ ਅਤੇ ਛੰਦ ਦੀਆਂ ਧਾਰਨੀ ਹਨ। ਇਨ੍ਹਾਂ ਵਿਚਲਾ ਇਹ ਸਰੂਪਗਤ ਵੱਖਰੇਵਾਂ ਇਨ੍ਹਾਂ ਵਿਚ ਪ੍ਰਸਤੁਤ ਵਿਸ਼ੇ ਨੂੰ ਕ੍ਰਮਵਾਰ ਵਿਆਖਿਆਤਮਕ ਅਤੇ ਵਰਣਨਾਤਮਕ ਪ੍ਰਗਟਾਵੇ ਵਜੋਂ ਰੂਪਮਾਨ ਕਰਦਾ ਪ੍ਰਤੀਤ ਹੁੰਦਾ ਹੈ।
4. ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ‘ਸਿਰਲੇਖ’
ਵਿਦਵਾਨਾਂ ਨੇ ‘ਜਪੁ’ ਅਤੇ ‘ਜਾਪੁ’ ਬਾਰੇ ਚਰਚਾ ਕਰਦਿਆਂ ਇਨ੍ਹਾਂ ਨੂੰ ਵੱਖ—ਵੱਖ ਅਰਥਾਂ ’ਚ ਵਰਤਿਆ ਹੈ। ਉਨ੍ਹਾਂ ਅਨੁਸਾਰ ‘ਜਪੁ’ ਮੰਤਰਾਂ ਦਾ ਉਚਾਰਣ ਹੈ, ਜੋ ਕਿਸੇ ਵਿਸ਼ੇਸ਼ ਨਿਯਮ ਅਨੁਸਾਰ ਕੀਤਾ ਜਾਂਦਾ ਹੈ।4 ਇਹ ਵੀ ਕਿਹਾ ਜਾਂਦਾ ਹੈ ਕਿ ਮੰਤਰ ਜਾਂ ਕਿਸੇ ਦੇਵ ਦੇ ਨਾਵਾਂ ਵਿਚੋਂ ਕਿਸੇ ਇਕ ਨੂੰ ਬਾਰ—ਬਾਰ ਦੁਹਰਾਉਣਾ ‘ਜਪੁ’ ਹੈ।5 ‘ਜਾਪੁ’ ਨੂੰ ਪ੍ਰਭਾਸ਼ਿਤ ਕਰਦਿਆਂ ਕਿਹਾ ਗਿਆ ਹੈ ਕਿ ਗੁਪਤ ਰੂਪ ਨਾਲ ਸਿਮਰਨ ਕੀਤੇ ਜਾਣ ਵਾਲੇ ਨੂੰ ਮੰਤਰ ਤੇ ਬੈਖ਼ਰੀ ਬਾਣੀ ਨਾਲ ਸਿਮਰਨ ਕੀਤੇ ਜਾਣ ਵਾਲੇ ਨਾਮ ਨੂੰ ਜਾਪ ਕਿਹਾ ਜਾਂਦਾ ਹੈ।6
ਜਪੁਜੀ ਸਾਹਿਬ ਦੇ ਆਰੰਭ ਵਿਚ ਅੰਕਿਤ ਮੂਲ ਮੰਤਰ ਅਤੇ/ਜਾਂ ਪਹਿਲੀ ਪਉੜੀ ਹੇਠ ਲਿਖੇ ਅਨੁਸਾਰ ਹੈ:
ੴਸਤਿਨਾਮ ਕਰਤਾ ਪੁਰਖੁ ਨਿਰਭਾਊ ਨਿਰਵੈਰੁ ਅਕਾਲ ਮੂਰਤਿ ਅਜੂਲੀ ਸੈਭੰ ਗੁਰਪ੍ਰਸਾਦਿੁ॥ਜਪੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ੧॥
ਜੇਕਰ ਅਸੀਂ ‘ਜਪੁ’ ਤੋਂ ਪਹਿਲੇ ਹਿੱਸੇ ਨੂੰ ਦੇਖੀਏ ਤਾਂ ਇਹ ਮੂਲ ਮੰਤਰ ਹੈ, ਜਦੋਂ ਕਿ ‘ੴ’ ਤੋਂ ਲੈ ਕੇ ‘ਨਾਨਕ ਹੋਸੀ ਸਭੀ ਸਚੁ’ ਤਕ ਇਹ ਜੁਪਜੀ ਦੀ ਪਹਿਲੀ ਪਉੜੀ ਹੈ। ਮੂਲ ਮੰਤਰ ਤੋਂ ਬਾਅਦ ‘ਜਪੁ’ ਆਉਂਦਾ ਹੈ, ਜੋ ਕਿ ਕਿਰਿਆ ਹੈ। ਇਸ ਲਈ ਇਸ ਬਾਣੀ ਦਾ ਸਿਰਲੇਖ ‘ਕਿਰਿਆ-ਰੂਪ’ ਉੱਤੇ ਆਧਾਰਿਤ ਹੈ।
ਜਾਪੁ ਸਾਹਿਬ ਵਿਚ ਇਸ ਦੇ ਸਿਰਲੇਖ ਨਾਲ ਸੰਬੰਧਿਤ ਹੇਠ ਲਿਖੇ ਦੋ ਪ੍ਰਸੰਗ ਮਿਲਦੇ ਹਨ:
(ੳ) ਅਜਪਾ ਜਪ ਹੈਂ॥ ਅਥਪਾ ਹੈਂ॥
ਅਕ੍ਰਿਤਾ ਕ੍ਰਿਤ ਹੈਂ॥ ਅਮ੍ਰਿ਼ਾ ਮ੍ਰਿਤ ਹੈਂ॥ (੧੭੭)
(ਅ) ਭਵੁ ਭੰਜਨ ਹੈਂ॥ ਅਰਿ ਗੰਜਨ ਹੈਂ॥
ਰਿਪੁ ਤਾਪਨ ਹੈਂ॥ ਜਪੁ ਜਾਪਨ ਹੈਂ॥ (੧੮੨)
ਇਨ੍ਹਾਂ ਦੋਵਾਂ ਪ੍ਰਸੰਗਾਂ ਦਾ ਭਾਵ ਹੈ ਕਿ ਹੇ ਅਕਾਲ ਪੁਰਚ ਤੂੰ ਜਪਾਂ ਤੋਂ ਪਰ੍ਹੇ ਹੈ, ਤੈਨੂੰ ਜਪਾਂ ਦੁਆਰਾ ਜਪਿਆ ਨਹੀਂ ਜਾ ਸਕਦਾ। ਤੂੰ ਆਪਣਾ ਜਪ ਜਪਾਉਣ ਵਾਲਾ ਹੈਂ। ਇਨ੍ਹਾਂ ਦੋਹਾਂ ਪ੍ਰਸੰਗਾਂ ਵਿਚ ‘ਜਪ’ ਨਾਂਵੀ-ਰੂਪ ਹੈ। ਇਸ ਤਰ੍ਹਾਂ ਇਸ ਬਾਣੀ ਦਾ ਇਹ ਸਿਰਲੇਖ ਇਸ ਨਾਵੀਂ ਰੂਪ ਉੱਤੇ ਆਧਾਰਿਤ ਹੈ।
ਜਪੁਜੀ ਸਾਹਿਬ ਵਿਚ (ਮੂਲ ਮੰਤਰ) ਗੁਰਪ੍ਰਸਾਦਿ ਤੋਂ ਮਗ਼ਰੋਂ ‘ਜਪੁ’ ਆਦੇਸ਼ਾਤਮਕ ਜਾਂ ਹੁਕਮੀ ਪ੍ਰਕਿਰਿਆ ਵਾਲੀ ‘ਕਿਰਿਆ’ ਹੈ। ਇਸ ਤੋਂ ਸਪੱਸ਼ਟ ਹੈ ਕਿ ਗੁਰੂ ਦੀ ਬਖ਼ਸ਼ਿਸ਼ ਦੁਆਰਾ ਹੀ ਸਦੀਵੀਂ ਸੱਚ (ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਅਤੇ ਨਾਨਕ ਹੋਸੀ ਭੀ ਸਚੁ॥) ਨੂੰ ਜਪਿਆ ਜਾ ਸਕਦਾ ਹੈ। ‘ਜਾਪੁ ਸਾਹਿਬ’
ਵਿਚ ‘ਜਾਪੁ’ ਨਾਂਵੀ ਵਜ਼ੂਦ ਵਾਲਾ ‘ਕਰਮ’ ਹੈ, ਜੋ ਅਕਾਲ ਪੁਰਖ ਦੇ ਅਧੀਨ ਹੈ। ਸਦੀਵੀਂ ਸੱਚ-ਸਰੂਪ ਅਕਾਲ ਪੁਰਖ ਸਾਰੇ ਜਾਪਾਂ ਤੋਂ ਉਪਰ (ਪਾਰ) ਹੈ, ਪਰ ਜੇ ਉਸਦੀ ਮਿਹਰ ਜਾਂ ਬਖ਼ਸ਼ਿਸ਼ ਹੋਵੇ ਤਾਂ ਉਹ ਆਪਣਾ ਜਾਪ ਜਪਾ ਸਕਦਾ ਹੈ। ਇਸ ਤਰ੍ਹਾਂ ਗੁਰੂ ਦੀ ਬਖ਼ਸ਼ਿਸ਼ ਨਾਲ ਸਦੀਵੀਂ ਸੱਚ ਨੂੰ ‘ਜਪਣਾ’ ਅਤੇ ਅਕਾਲ ਪੁਰਖ ਦੀ ਮਿਹਰ ਸਦਕਾ ‘ਜਾਪੁ’ ਕਰਨਾ ਕ੍ਰਮਵਾਰ ‘ਕਿਰਿਆ’ ਅਤੇ ‘ਕਰਮ’ ਦੀਆਂ ਸਾਮਾਨ ਪ੍ਰਕਿਰਿਆਵਾਂ ਦੇ ਭਾਵਾਂ ਨੂੰ ਉਜਾਗਰ ਕਰਦੇ ਹਨ। ਇਸ ਲਈ ਇਨ੍ਹਾਂ ਦੋਵਾਂ ਬਾਣੀਆਂ ਦੇ ਕਿਰਿਆਵੀਂ (ਜਪੁਜੀ ਸਾਹਿਬ) ਅਤੇ ਨਾਂਵੀ (ਜਾਪੁ ਸਾਹਿਬ) ਸਿਰਲੇਖਾਂ ਦੀਆਂ ਭਾਵ-ਪਰਤਾਂ ਨੂੰ ਅੰਤਰ ਸੰਬੰਧਿਤ ਕਰਨ ਮਗਰੋਂ ਜਾਪਦਾ ਹੈ ਕਿ ਜਾਪੁਜੀ ਸਾਹਿਬ ਦੀ ਆਦੇਸ਼ਾਤਮਕ ‘ਕਿਰਿਆ’ ਦਾ ਨਿਭਾਉ ਜਾਪੁ ਸਾਹਿਬ ਵਿਚਲੇ ਵਰਣਨ ਵਾਲੇ ਜਾਪ ਦੇ ‘ਕਰਮ’ ਰਾਹੀਂ ਹੁੰਦਾ ਹੈ। ਜਪੁਜੀ ਸਾਹਿਬ ਵਿਚ ਸਦੀਵੀਂ ਸੱਚ ਸੰਬੰਧੀ ਸੁਰਤ ਦੀ ਪ੍ਰਾਪਤੀ ਦੇ ਸਿਧਾਂਤ ਆਧਾਰਿਤ ਅਕਾਲ ਪੁਰਖ ਦੇ ਨਾਮ ਸਿਮਰਨ ਦਾ ਵਿਸਤ੍ਰਿਤ ਵਰਣਨ ਜਾਪੁ ਸਾਹਿਬ ਵਿਚ ਪ੍ਰਾਪਤ ਹੁੰਦਾ ਹੈ। ਇਨ੍ਹਾਂ ਦੋਵਾਂ ਬਾਣੀਆਂ ਦੇ ਸਿਰਲੇਖਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਜਪੁਜੀ ਸਾਹਿਬ ਸਿੱਖ ਦਰਸ਼ਨ ਅਤੇ ਅਧਿਆਤਮਕਤਾ ਦਾ ਸਿਧਾਂਤਕ ਆਧਾਰਾਂ ਅਨੁਸਾਰ ਕੀਤੇ ਗਏ ਵਿਹਾਰਕ ਅਭਿਆਸ ਦਾ ਨਿਭਾਉ ਕਿਹਾ ਜਾ ਸਕਦਾ ਹੈ। ਇਸ ਤਰ੍ਹਾਂ ਇਹ ਦੋਵੇਂ ਬਾਣੀਆਂ ਸਿੱਖ ਸਿਧਾਂਤ, ਸਿੱਖ ਦਰਸ਼ਨ ਅਤੇ ਸਿੱਖ ਸੋਚ ਦੇ ਇਤਿਹਾਸਕ ਵਿਕਾਸ ਦੀ ਵਿਆਖਿਆ ਕਰਦੀਆਂ ਹਨ। ‘ਜਪੁ’ ਦਾ ਸਿਰਲੇਖ ਭਾਵੇਂ ‘ਕਿਰਿਆਵੀਂ’ ਹੈ, ਪਰ ਇਸ ਦੀ ਵਿਆਖਿਆ ਨਾਂਵੀ ਰੂਪ ’ਚ ਕੀਤੀ ਗਈ ਹੈ। ਦੂਜੇ ਪਾਸੇ ‘ਜਾਪੁ’ ਦਾ ਸਿਰਲੇਖ ਨਾਵੀਂ ਹੈ, ਪਰ ਇਸਦੀ ਪ੍ਰਕਿਰਿਆ ਕਿਰਿਆਵੀ ਹੈ। ਪਹਿਲੀ ਬਾਣੀ ਵਿਚ ਜਿੱਥੇ ‘ਜਪੁ’ ਦਾ ਸਿਧਾਂਤ ਪੇਸ਼ ਹੋਇਆ ਹੈ, ਉੱਥੇ ਦੂਜੀ ਬਾਣੀ ਵਿਚ ਜਾਪੁ ਦੀ ਪ੍ਰਕਿਰਿਆ ਦੇ ਅਮਲ ਨੂੰ ਪ੍ਰਸਤੁਤ ਕੀਤਾ ਗਿਆ ਹੈ। ਇਸ ਪ੍ਰਕਾਰ ‘ਜਪੁਜੀ ਸਾਹਿਬ’ ਅਤੇ ‘ਜਾਪੁ ਸਾਹਿਬ’ ਦੋਵਾਂ ਬਾਣੀਆਂ ਦੇ ਸਿਰਲੇਖ ਸਿੱਖ ਸੋਚ ਅਤੇ ਦਰਸ਼ਨ ਦੇ ‘ਸਿਧਾਂਤ’ ਤੋਂ ‘ਪ੍ਰਕਿਰਿਆ’ ਜਾਂ ‘ਅਮਲ’ ਤਕ ਦੇ ਸਫ਼ਰ ਨੂੰ ਅੰਕਿਤ ਕਰਦੇ ਹਨ।
5. ਮੂਲ ਮੰਤਰ ਅਤੇ ਜਾਪੁ ਸਾਹਿਬ
I. ਮੂਲ ਮੰਤਰ: ਸਿੱਖ ਧਰਮ, ਸਿੱਖ ਸੋਚ, ਸਿੱਖ ਜੀਵਨ, ਸਿੱਖ ਰਹਿਣੀ-ਬਹਿਣੀ ਦੀ ਸਿੱਖ ਸੁਰਤ ਅਰਥਾਤ ਸਮੁੱਚੇ ਸਿੱਖ ਦਰਸ਼ਨ (ਫ਼ਲਸਫ਼ੇ) ਦਾ ਆਧਾਰ-ਸਰੋਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਹਨ। ਅਸਲ ਵਿਚ ਸਿੱਖ ਸਿਧਾਂਤ ਜਾਂ ਦਰਸ਼ਨ ਦਾ ਮੂਲ ਹਵਾਲਾ-ਬਿੰਦੂ ‘ਮੂਲ ਮੰਤਰ’ ਹੈ। ਇਹ ਗੱਲ ਸਿੱਖ ਪਰੰਪਰਾ ਵਿਚ ਪ੍ਰਚਲਿਤ ਤੇ ਸਰਵਮਾਨਤ ਹੈ ਕਿ ਜਪੁਜੀ ਸਾਹਿਬ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਸਿੱਖ ਸਿਧਾਂਤ ਦਾ ਸਾਰ-ਰੂਪ ਹੈ ਅਤੇ ‘ਜਪੁਜੀ ਸਾਹਿਬ’ ਦਾ ਸਾਰ-ਰੂਪ ਜਾਂ ਕੇਂਦਰੀ ਭਾਵ ਮੂਲ ਮੰਤਰ ਵਿਚ ਹੈ। ਇਸ ਗੱਲ ਨੂੰ ਇੰਝ ਵੀ ਸਮਝਿਆ ਜਾ ਸਕਦਾ ਹੈ ਕਿ ਜਪੁਜੀ ਸਾਹਿਬ ਦੇ ਆਰੰਭ ਵਿਚ ਆਏ ਮੂਲ ਮੰਤਰ ਦਾ ਵਿਸਥਾਰ ਸਮੁੱਚੇ ਜਾਪੁਜੀ ਸਾਹਿਬ ਵਿਚ ਕੀਤਾ ਗਿਆ ਹੈ ਅਤੇ ਫਿਰ ਜੁਪਜੀ ਸਾਹਿਬ ਵਿਚ ਪ੍ਰਸਤੁਤ ਸਿਧਾਂਤਾਂ ਨੂੰ ਹੀ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਆਖਿਆਮਈ ਰੂਪ ’ਚ ਪੇਸ਼ ਕੀਤਾ ਗਿਆ ਹੈ। ਇਸ ਲਈ ਜੇਕਰ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਰਥਾਤ ਗੁਰਬਾਣੀ ਦੇ ਫ਼ਲਸਫ਼ੇ ਨੂੰ ਸਮਝਣਾ ਹੈ ਤਾਂ ਜਪੁਜੀ ਸਾਹਿਬ ਮੁੱਖ ਆਧਾਰ-ਬਿੰਦੂ ਬਣਦਾ ਹੈ ਅਤੇ ਜੇਕਰ ਜਪੁਜੀ ਸਾਹਿਬ ਵਿਚ ਪ੍ਰਸਤੁਤ ਸਿਧਾਂਤਾਂ ਨੂੰ ਸੰਖਿਪਤ ਰੂਪ ਵਿਚ ਜਾਣਨਾ ਹੋਵੇ ਤਾਂ ‘ਮੂਲ ਮੰਤਰ’ ਪ੍ਰਮੁੱਖ ਹਵਾਲਾ-ਬਿੰਦੂ ਬਣਦਾ ਹੈ। ਇਸ ਤਰ੍ਹਾਂ ਸਮੁੱਚਾ ਸਿੱਖ ਦਰਸ਼ਨ ‘ਮੂਲ ਮੰਤਰ’ ਵਿਚ ਰੂਪਮਾਨ ਹੁੰਦਾ ਹੈ। ਮੂਲ ਮੰਤਰ ਅਸਲ ਵਿਚ ਸਿਰਜਣਾਤਮਕ ਅਤੇ ਵਿਆਪਕ ਪਰਮ-ਸੱਤਾ-ਸੰਪੰਨ ਹਸਤੀ, ਉਸਦੇ ਰੂਪ ਅਤੇ ਗੁਣਾਂ ਦਾ ਇਕ ਸੂਤਰਿਕ ਰੂਪ ਹੈ। ਇਸ ਸੂਤਰ ਨੂੰ ਹੀ ਸਮੁੱਚੀ ਗੁਰਬਾਣੀ ਵਿਚ ਵਾਰ-ਵਾਰ ਪ੍ਰਸਤੁਤ ਕੀਤਾ ਗਿਆ ਹੈ। ਇਸ ਸੂਤਰ ਨੂੰ ਜੇ ਸੰਕਲਪਿਕ ਪੱਧਰ ’ਤੇ ਦੇਖਣਾ ਹੋਵੇ ਤਾਂ ‘ੴ’ ਇਸ ਦਾ ਬੁਨਿਆਦੀ ਆਧਾਰ ਹੈ। ਅਸੀਂ ‘ਜਾਪੁ ਸਾਹਿਬ’ ਨੂੰ ਜਦੋਂ ‘ਮੂਲ ਮੰਤਰ’ ਦੇ ਪਰਿਪੇਖ ਵਿਚ ਰੱਖ ਕੇ ਵੇਖਦੇ ਹਾਂ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ‘ਜਾਪੁ ਸਾਹਿਬ’ ਅਸਲ ਵਿਚ ਮੂਲ ਮੰਤਰ ਦਾ ਹੀ ਵਿਸਥਾਰ ਸਹਿਤ ਵਰਣਿਤ ਰੂਪ ਹੈ ਅਰਥਾਤ ਮੂਲ ਮੰਤਰ ਵਿਚ ਪ੍ਰਸਤੁਤ ਹੋਏ ਪ੍ਰਮਾਤਮਾ ਦੇ ਸੰਕਲਪ ਨੂੰ ਜਾਪੁ ਸਾਹਿਬ ਵਿਚ ਵਧੇਰੇ ਵਿਆਖਿਆ-ਮਈ ਰੂਪ ਦਿੱਤਾ ਗਿਆ ਹੈ। ਇਸ ਲਈ ‘ਮੂਲ ਮੰਤਰ’ ਜਿੱਥੇ ਅਕਾਲ ਪੁਰਖ ਪਰਮ ਸੱਤਾ ਦੇ ਗੁਣਾਂ ਦਾ ਸੰਖਿਪਤ ਬਿਆਨ ਹੈ, ਉੱਥੇ ਜਾਪੁ ਸਾਹਿਬ ਅਕਾਲ ਪੁਰਖ ਦੇ ਉਨ੍ਹਾਂ ਹੀ ਗੁਣਾਂ ਦਾ ਵਿਸਤ੍ਰਿਤ ਰੂਪ ਹੈ, ਜੋ ਵੱਖ-ਵੱਖ ਵਾਚਕ ਨਾਵਾਂ ਦੁਆਰਾ ਬਿਆਨ ਕੀਤਾ ਗਿਆ ਹੈ। ਸੋ ਮੂਲ ਮੰਤਰ ਦੇ ਪਰਿਪੇਖ ਵਿਚ ਜਾਪੁ ਸਾਹਿਬ ਦੀ ਸਥਿਤੀ ਨੂੰ ਸਮਝਣ ਲਈ ਮੂਲ ਮੰਤਰ ਦੇ ਸਾਰੇ ਸ਼ਬਦਾਂ ਅਰਥਾਤ ਸ਼ਬਦ ਜੋੜਿਆਂ ਅਤੇ ਉਨ੍ਹਾਂ ਵਿਚ ਪ੍ਰਸਤੁਤ ਭਾਵ ਨੂੰ ਜਾਪੁ ਸਾਹਿਬ ਵਿਚੋਂ ਦੇਖਣਾ ਪਵੇਗਾ। ਇਸ ਪ੍ਰਯੋਜਨ ਲਈ ਮੂਲ ਮੰਤਰ ਦੇ ਇਨ੍ਹਾਂ ਸਾਰੇ ਸੰਕਲਪਾਂ ਦੀ ਜਾਪੁ ਸਾਹਿਬ ਵਿਚ ਪ੍ਰਸਤੁਤੀ ਅਤੇ ਇਨ੍ਹਾਂ ਦੁਆਰਾ ਸੰਚਾਰਿਤ ਭਾਵਾਂ ਦੀ ਪ੍ਰਕਿਰਤੀ ਨੂੰ ਉਜਾਗਰ ਕਰਨ ਦੀ ਲੋੜ ਹੈ।
II. ੴ: ਸ੍ਰੀ ਗੁਰੂ ਗ੍ਰੰਥ ਸਾਹਿਬ ਅਰਥਾਤ ਜਪੁਜੀ ਸਾਹਿਬ ਦੇ ਆਰੰਭ ਵਿਚ ਆਏ ਮੂਲ ਮੰਤਰ (ਮੰਗਲ ਸੂਚਕ) ਦੇ ਆਰੰਭਿਕ ਸ਼ਬਦ ਜੋੜੇ ‘ੴ’ ਦਾ ਉਚਾਰਨ ‘ਇਕ ਓਅੰਕਾਰ’ ਹੈ। ਸਿੱਖ ਦਰਸ਼ਨ ਦਾ ਮੂਲ ਪਦ ਹੋਣ ਕਾਰਨ ਇਸ ਨੂੰ ਸਿੱਖ ਧਰਮ ਦਾ ਬੀਜ ਮੰਤਰ ਵੀ ਕਿਹਾ ਜਾਂਦਾ ਹੈ। ਅਸਲ ਵਿਚ ‘ੴ’ ਦੋ ਸ਼ਬਦਾ, ਗਣਿਤ ਵਿੱਦਿਆ ਦੇ ਅੰਕ ‘੧’ (ਇਕ) ਅਤੇ (ਓਅੰਕਾਰ) ਦਾ ਸਮਾਸ ਹੈ। ਇੱਥੇ ਭਾਵੇਂ ਚਿੰਨ੍ਹ ‘’ ਮੂਲ ਰੂਪ ਵਿਚ ਗਣਿਤ ਵਿੱਦਿਆ ਦਾ ਮੁੱਢਲਾ ਅੰਕ ਹੈ, ਪਰੰਤੂ ਮੂਲ ਮੰਤਰ ਵਿਚ ਆਏ ਇਸ ਚਿੰਨ੍ਹ ਦੀ ਮਹੱਤਤਾ ਗਣਿਤ ਵਿੱਦਿਆ ਪੱਖੋਂ ਨਹੀਂ, ਸਗੋਂ ਇਹ ਅੰਕ ‘੮੨੧)’ ਤਾਂ ਮੂਲ ਪਰਮ-ਸੱਤਾ ਅਕਾਲ ਪੁਰਖਦੇ ਅਦਵੈਤ ਸਰੂਪ ਦਾ ਲਖਾਇਕ ਹੈ।
(ੳ) ਅੰਕ ‘੧’: ਇਸ ਤਰ੍ਹਾਂ ਅੰਕ ‘੧’ ਧਰਮ ਦਰਸ਼ਨ ਦੇ ਬਹੁ-ਦੇਵਵਾਦ ਜਾਂ ਬਹੁ-ਈਸ਼ਵਰਵਾਦ ਸੰਬੰਧੀ ਅਨੇਕਾਂ ਵਾਦਾਂ-ਵਿਵਾਦਾਂ ਨੂੰ ਏਕ-ਈਸ਼ਵਰਵਾਦ ਵਿਚ ਸਮੇਟ ਕੇ ਅਕਾਲ ਪੁਰਖ ਪਰਮਸੱਤਾ ਦੀ ਏਕਤਾ ਅਤੇ ਅਖੰਡਤਾ ਨੂੰ ਦਰਸਾਉਂਦਾ ਹੈ। ਇਹ ਸੰਕੇਤ ਕਰਦਾ ਹੈ ਕਿ ਪਰਮਸੱਤਾ ਅਕਾਲ ਪੁਰਖ ਅਦੁੱਤੀ ਜਾਂ ਇਕ ਹੈ ਅਰਥਾਤ ਉਸ ਵਰਗਾ ਜਾਂ ਉਸ ਤੋਂ ਬਾਹਰਾ ਹੋਰ ਕੋਈ ਨਹੀਂ ਹੋ ਸਕਦਾ। ਗੁਰਬਾਣੀ ਵਿਚ ‘੧’ ਦੇ ਅਜਿਹੇ ਸੰਕੇਤ ਥਾਂ-ਪੁਰ-ਥਾਂ ਮਿਲਦੇ ਹਨ:
—ਏਕੰਕਾਰੁ ਏਕ ਪਾਸਾਰਾ ਏਕੈ ਅਪਰ ਅਪਾਰਾ॥
ਏਕ ਬਿਸਥੀਰਨੁ ਏਕੁ ਸੰਪੂਰਨ ਏਕੈ ਪ੍ਰਾਨ ਅਧਾਰਾ॥ (ਪੰਨਾ ੮੨੧)
—ਏਕੰਕਾਰੁ ਅਵਰੁ ਨਹੀਂ ਦੂਜਾ ਨਾਨਕ ਏਕੁ ਸਮਾਈ॥
(ਦੱਖਣੀ ਓਅੰਕਾਰ, ਪੰਨਾ ੯੩੦)
ਜਾਪੁ ਸਾਹਿਬ ਵਿਚ ਮੂਲ ਮੰਤਰ ਦੇ ਆਰੰਭਿਕ ‘੧’ (ਇਕ) ਸੰਕੇਤ ਵਾਲੇ ਕਈ ਅਜਿਹੇ ਪ੍ਰਸੰਗ ਮਿਲਦੇ ਹਨ, ਜੋ ਇਕ ਪਰਮ ਸੱਤਾ ਅਕਾਲ ਪੁਰਖ ਦੇ ਸਰੂਪ ਨੂੰ ਪ੍ਰਭਾਸ਼ਿਤ ਵੀ ਕਰਦੇ ਹਨ ਅਤੇ ਉਸਦੀ ਪ੍ਰਕਿਰਤੀ ਨੂੰ ਵਿਸਤ੍ਰਿਤ ਢੰਗ ਨਾਲ ਬਿਆਨ ਕਰਦੇ ਹੋਏ ਹੋਰ ਸਪੱਸ਼ਟ ਵੀ ਕਰਦੇ ਹਨ।
—ਅਮਾਨ ਹੈਂ॥ ਨਿਧਾਨ ਹੈਂ॥ ਅਨੇਕ ਹੈਂ॥ ਫਿਰਿ ਏਕ ਹੈਂ॥ (੪੩)
—ਏਕ ਮੂਰਤਿ ਅਨੇਕ ਦਰਸ਼ਨ ਦੀਨ ਰੂਪ ਅਨੇਕ॥
ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰਿ ਏਕ॥ (੮੧)
—ਆਪ ਰੂਪ ਅਮੀਕ ਅਨਉਸਤਤਿ ਏਕ ਪੁਰਖ ਅਵਧੂਤ॥
ਗਰਬ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ॥
ਅੰਗ ਹੀਨ ਅਭੰਗ ਅਨਾਤਮ ਏਕ ਪੁਰਖੁ ਅਪਾਰ॥
ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਿਪਾਰ॥ (੮੫)
ਇਨ੍ਹਾਂ ਪ੍ਰਸੰਗਾਂ ਦੀ ਰੌਸ਼ਨੀ ਵਿਚ ਅਸੀਂ ਦੇਖਦੇ ਹਾਂ ਕਿ ਉਹ ‘ਇਕ’ ਪ੍ਰਮਾਤਮਾ ਅੱਖਾਂ ਰਾਹੀਂ ਕਿਵੇਂ ਦਿੱਸਦਾ ਹੈ, ਪਰ ਅਸਲਵਿਚ ਕਿਹੋ ਜਿਹਾ ਹੈ। ਉਹ ਇਕ ਤੋਂ ਅਨੇਕ ਅਤੇ ਅਨੇਕ ਤੋਂ ਏਕ ਰੂਪ ਵਾਲਾ ਹੈ। ਅਸਲ ਵਿਚ ਦਿੱਖ ਰੂਪ ’ਚ ਨਜਰ ਆਉਂਦਾ ਸਾਰਾ ਪਾਸਾਰਾ ਉਸਦਾ ਸਰਗੁਣ ਜਾਂ ਅਨੇਕ ਸਰੂਪ ਹੈ। ਇਸ ਅਨੇਕ ਸਰੂਪ ਵਿਚ ਹੀ ਉਸ ਦਾ ਸਰਬ-ਵਿਆਪਕਤਾ ਵਾਲਾ ਲੱਛਣ ਕਿਰਿਆਸ਼ੀਲ ਹੈ। ਇਸ ਲਈ ਜੋ ਅੱਖਾਂ ਨਾਲ ਦਿੱਸਦਾ ਹੈ, ਉਹ ਅਕਾਲ ਪੁਰਖ ਦਾ ਸਰਬ-ਵਿਆਪਕਤਾ ਵਾਲਾ ਅਨੇਕ ਰੂਪ ਹੈ। ਇਹ ਸਮੁੱਚਾ ਬ੍ਰਹਿਮੰਡ ਜੋ ਉਸ ਦਾ ਆਪਣਾ ਅੰਸ਼ ਹੈ, ਅਸੀਮ ਤੇ ਅਥਾਹ ਹੈ ਅਤੇ ਇਸ ਸਮੁੱਚੇ ਬ੍ਰਹਿਮੰਡ ਵਿਚ ਬੇਅੰਤ ਹੀ ਪਦਾਰਥ ਹਨ, ਜਿਨ੍ਹਾਂ ਵਿਚ ਕੁਝ ਤਾਂ ਅੱਖਾਂ ਦੁਆਰਾ ਨਜਰ ਆਉਂਦੇ ਹਨ ਅਤੇ ਕਈ ਅਜਿਹੇ ਵੀ ਹਨ, ਜਿਹੜੇ ਵਸਤੂਗਤ ਹੋਂਦ ਦੇ ਬਾਵਜੂਦ ਸਾਡੇ ਪ੍ਰਤੱਖਣ ਦੀ ਸੀਮਾ ਤੋਂ ਦੂਰ ਹਨ। ਜਿਵੇਂ ਧਰਤੀ ਦੇ ਅੰਦਰ ਪਾਤਾਲ ‘ਚ ਅਨੇਕਾਂ ਅਜਿਹੇ ਸੂਖਮ ਪ੍ਰਾਣੀ ਹਨ, ਜੋ ਸਾਡੀ ਦੇਖਣ ਦੀ ਸੀਮਾ ਵਿਚ ਨਹੀਂ ਆਉਂਦੇ ਅਰਥਾਤ ਸਾਡੀਆਂ ਅੱਖਾਂ ਉਨ੍ਹਾਂ ਨੂੰ ਨਹੀਂ ਦੇਖ ਸਕਦੀਆਂ ਇਸ ਲਈ ਜੇਕਰ ਸਾਡੀਆਂ ਅੱਖਾਂ ਇਸ ਬ੍ਰਹਿਮੰਡ ਦੇ ਅਮਿਤ ਪਦਾਰਥਕ ਵਰਤਾਰੇ ਅਰਥਾਤ ਪ੍ਰਮਾਤਮਾ ਦੇ ਸਰਬ ਵਿਆਪਕ (ਅਨੇਕ) ਰੂਪ ਨੂੰ ਦੇਖਣ ਤੋਂ ਹੀ ਅਸਮਰੱਥ ਹਨ ਤਾਂ ਉਸ ਨੇ ‘ਏਕ’ ਰੂਪ ਦਾ ਪ੍ਰਤੱਖਣ ਕਰਨਾ ਤਾਂ ਉਸ ਤੋਂ ਵੀ ਵਧੇਰੇ ਕਠਿਨ ਮਈ ਹੈ। ਜਦੋਂ ਅੱਖਾਂ ਨਾਲ ਦੇਖਿਆ ਜਾਵੇਗਾ ਤਾਂ ਦਿੱਸਦਾ ਪਾਸਾਰਾ ‘ਅਨੇਕਤਾ’ ਅਤੇ ਵਖਰੇਵਿਆਂ ਵਾਲਾ ਹੀ ਦ੍ਰਿਸ਼ਟੀਗੋਚਰ ਹੋਵੇਗਾ। ਜਦੋਂ ਦਿੱਸਦੇ ਦਾ ਦ੍ਰਿਸ਼ਟੀ ਨਾਲ ਪ੍ਰਤੱਖਣ ਕੀਤਾ ਜਾਵੇਗਾ ਤਾਂ ਇਹ ਅਨੇਕਤਾ ਫਿਰ ‘ਇਕ’ ਵਿਚ ਅਭੇਦ ਹੁੰਦੀ ਜਾਪੇਗੀ। ਦਿੱਸਦਾ ਅਮਿਤ ਬ੍ਰਹਿਮੰਡਕ ਪਦਾਰਥਕ ਵਰਤਾਰਾ ਹੀ ‘ਅਨੇਕ’ ਤੋਂ ਪ੍ਰਾਪਤ ਦ੍ਰਿਸ਼ਟੀ ਦੁਆਰਾ ‘ਇਕ’ ਨਜਰ ਆਉਂਦਾ ਹੈ ਅਰਥਾਤ ਦਿੱਸਦਾ ਰੂਪ ਤਾਂ ਅਨੇਕ-ਰੂਪ ਸਿਰਜਣਾ ਨੂੰ ਨਿਯੰਤਰਿਤ ਕਰਨ ਦੀ ਪ੍ਰਕਿਰਿਆ ਦੁਆਰਾ ਹੀ ਇਕ ਮੂਰਤ ਦਾ ਵਜੂਦ ਅਨੇਕਾਂ ਵਿਚੋਂ ਦਿੱਸਦਾ ਹੈ। ਸਰਬ-ਵਿਆਪਕ (ਬ੍ਰਹਿਮੰਡਕ ਵਰਤਾਰੇ) ਨਿਯੰਤਰਣ ਦੀ ਪ੍ਰਕਿਰਿਆ ਵਜੋਂ ਹੀ ਜਗਤ-ਰੂਪੀ ਖੇਡ ਇਕ ਤੋਂ ਅਨੇਕ ਅਤੇ ਅਨੇਕ ਤੋਂ, ਅੰਤ ਉੱਤੇ, ਇਕ ਵਿਚ ਸਮਾ ਜਾਂਦੀ ਹੈ। ਇਕ ਤੋਂ ਅਨੇਕ ਅਤੇ ਅਨੇਕ ਤੋਂ ਇਕ ਹੋਣ ਦਾ ਇਹ ਗੁਣ ਯੁੱਗਾਂ ਜਾਂ ਸ਼੍ਰਿਸ਼ਟੀ-ਰਚਨਾ ਦੇ ਸੰਕਲਪ ਅਤੇ ਉਸ ਦੇ ਕਾਲ-ਗ੍ਰਸਤ ਹੋਣ ਨੂੰ ਵੀ ਆਪਣਾ ਪਾਸਾਰ ਬਣਾਉਂਦਾ ਹੈ। ਸ਼ਿਸ਼ਟੀ ਦੀ ਉਤਪਤੀ, ਚਾਰ ਯੁੱਗਾਂ ਦਾ ਵਰਤਾਰਾ ਅਤੇ ਅੰਤ ’ਤੇ ਪਰਲੋ ਦੁਆਰਾ ਕਾਲ-ਯੁਕਤ ਹੋ ਕੇ ‘ਇਕ’ ਵਿਚ ਸਮਾਉਣਾ ਸਮੁੱਚੇ ਪਾਸਾਰੇ ਦਾ ਖੇਲ-ਚੱਕਰ ਹੈ, ਜੋ ਕਿ ਨਿਰੰਤਰ ਚਲਦਾ ਰਹਿੰਦਾ ਹੈ। ਸਾਰਾ ਪਾਸਾਰਾ ‘ਇਕ’ ਵਿਚੋਂ ਪੈਦਾ ਹੋ ਕੇ ਫਿਰ ਉਸ ‘ਇਕ’ ਵਿਚ ਹੀ ਅਭੇਦ ਹੋ ਜਾਂਦਾ ਹੈ। ਸਭ ਕੁਝ ਉਸ ਇਕ ਦਾ ਅੰਸ਼ ਹੋਣ ਕਰਕੇ ਉਹ ਸਭ ਨੂੰ ਪਾਲਣ ਤੇ ਮਾਰਨ ਦੇ ਸਮਰੱਥ ਅਤੇ ਵਜੂਦ-ਰਹਿਤ ਹਸਤੀ ਵਾਲਾ ਹੈ। ਸਰਬ-ਵਿਆਪਕ, ਸਰਬ-ਸਿਰਜਕ, ਸਰਬ—-ਹੋਣ ਕਰਕੇ ਉਹ ਇਕ ਹੀ ਅਜਿਹੀ ਹਸਤੀ ਹੈ, ਜੋ ਪ੍ਰਕਿਰਤੀ ਦੇ ਸੰਬੰਧ ਵਿਚ ‘ਪੁਰਖ’ ਦਾ ਦਰਜਾ ਰੱਖਦੀ ਹੈ। ਇਸ ਲਈ ਹੀ ਉਹ ਮਾਇਆ ਦੇ ਪ੍ਰਭਾਵ ਤੋਂ ਨਿਰਲਿਪਤ ਅਵਧੂਤ ਰੂਪ ਵਾਲਾ, ਅਤਿ-ਗੰਭੀਰ, ਵਡਿਆਈ-ਰਹਿਤ, ਜਨਮ ਤੋਂ ਬਿਨਾਂ ਅਤੇ ਆਤਮਾ ਤੋਂ ਰਹਿਤ ਇਕੋ-ਇਕ ਅਪਾਰ ‘ਪੁਰਖ’ ਹੈ, ਜੋ ਪ੍ਰਕਿਰਤੀ ਦਾ ਸੁਆਮੀ, ਪੰਜ ਭੂਤਾਂ (ਜਲ, ਧਰਤੀ, ਆਕਾਸ਼, ਹਵਾ, ਅਗਨੀ) ਅਰਥਾਤ ਵਜੂਦਾਤਮਕ ਤੱਤਾਂ ਦੇ ਬੰਧਨਾਂ ਤੋਂ ਮੁਕਤ ਹੈ। ਇਸ ਤਰ੍ਹਾਂ ਜਾਪੁ ਸਾਹਿਬ ਵਿਚ ‘ਨਮਸਤੰ ਸੁ ਏਕੈ’, ‘ਅੰਤ ਕੋ ਫਿਰਿ ਏਕ’, ਏਕ ਮੂਰਤਿ’, ‘ਏਕ ਪੁਰਖੁ ਅਵਧੂਤ’ ਅਤੇ ‘ਏਕ ਪੁਰਖੁ ਅਪਾਰ’ ਆਦਿ ਪ੍ਰਸੰਗ ਮੂਲ ਦੇ ਆਰੰਭਿਕ ‘ਇਕ’ ਨੂੰ ਹੀ ਪ੍ਰਭਾਸ਼ਿਤ ਕਰਦੇ ਹੋਏ ਉਸਦੀ ਸਰਬ-ਵਿਆਪਕਤਾ ਨੂੰ ਹੀ ਪ੍ਰਗਟਾਉਂਦੇ ਹਨ। ਜਾਪੁ ਸਾਹਿਬ ਵਿਚ ਉਸ ਇਕ ਸਰਬ—ਉੱਚ ਹਸਤੀ ਦੇ ਅਧੀਨ ਹੀ ਸਾਰੀ ਸਿਰਜਣਾ ਨੂੰ ਮੰਨਿਆ ਗਿਆ ਹੈ। ਪਰਮ ਸੱਤਾ ਦੀ ਇਹ ਇਕਾਤਮਕਤਾ ਹੀ ਗੁਰਮਤਿ ਜਾਂ ਸਿੱਖ ਦਰਸ਼ਨ ਦਾ ਆਧਾਰ-ਬਿੰਦੂ ਹੈ।
(ਅ) ਓਅੰਕਾਰ: ਮੂਲ ਮੰਤਰ ਵਿਚ ਓਅੰਕਾਰ ਦਾ ਭਾਵ ਉਸ ਸਿਰਜਣਾਤਮਕ ਸੱਤਾ ਤੋਂ ਹੈ, ਜੋ ਸਭ ਦੀ ਸਿਰਜਣਾ ਕਰਦੀ ਹੈ। ਸੋ ਓਅੰਕਾਰ ਸਿਰਜਣਾਤਮਕ ਅਤੇ ਵਿਆਪਕ ਸੱਤਾ ਨਾਲ ਸੰਪੰਨ ਅਕਾਲ ਪੁਰਖ ਪਰਮ ਸੱਤਾ ਦਾ ਲਖਾਇਕ ਹੈ। ਗੁਰਬਾਣੀ ਅਨੁਸਾਰ ਓਅੰਕਾਰ ਲਈ ‘ਓਅ’ ਅਤੇ ‘ਓਨਮ’ ਸ਼ਬਦ ਵੀ ਵਰਤੇ ਗਏ ਹਨ। ਓਅੰ ਜਾਂ ਓਨਮ ਦੀਆਂ ਤਿੰਨੇ ਧੁਨੀਆਂ ‘ਓ’, ‘ਅ’ ਅਤੇ ‘ਮ’ ਮਨੁੱਖੀ ਉਚਾਰਨ ਅਰਥਾਤ ਮਨੁੱਖੀ ਭਾਸ਼ਾ ਦੀ ਸੀਮਾ ਨੂੰ ਨਿਰਧਾਰਤ ਕਰਨ ਵਾਲੀਆਂ ਧੁਨੀਆਂ ਹਨ। ਇਸ ਲਈ ਭਾਸ਼ਾ ਦੁਆਰਾ ਵਸਤੂ—ਜਗਤ ਦੀ ਅਭਿਵਿਅਕਤੀ ਇਨ੍ਹਾਂ ਤਿੰਨਾਂ ਧੁਨੀਆਂ ਰਾਹੀਂ ਅੰਕਿਤ ਘੇਰੇ ਦੀਆਂ ਸੀਮਾਵਾਂ ਵਿਚ ਰਹਿ ਕੇ ਹੀ ਕੀਤੀ ਜਾਂ ਸਕਦੀ ਹੈ। ਇਸ ਲਈ ਪਰਮ ਸੱਤਾ ਨੂੰ ਸੰਚਾਰਿਤ ਕਰਨ ਵਾਲਾ ਚਿੰਨ੍ਹ ਓਅੰ, ਓਨਮ ਜਾਂ ਓਅੰਕਾਰ ਹੀ ਹੋ ਸਕਦਾ ਹੈ। ‘ਓਅੰਕਾਰ’ ਸੰਸਕ੍ਰਿਤ ਦੇ ਸ਼ਬਦ ‘ਓਮ’ ਦੇ ਰੂਪ ’ਚ ਜੁਗਾਂ ਤੋਂ ਭਾਰਤੀ ਧਰਮ ਚਿੰਤਨ ਦਾ ਸਤਿਕਾਰਯੋਗ ਸ਼ਬਦ ਰਿਹਾ ਹੈ। ਸਨਾਤਨੀ ਵਿਚਾਰਧਾਰਾ ਵਾਲੇ ਵਿਦਵਾਨ ਜਾਂ ਧਰਮ-ਸ਼ਾਸ਼ਤਰੀ ਤਾਂ ‘ਓਮ’ ਸ਼ਬਦ ਤੇ ਤਿੰਨਾਂ ਅੱਖਰਾਂ ‘ਓ’, ‘ਅ’ ਅਤੇ ‘ਮ’ ਨੂੰ ਸ਼ਿਸ਼ਟੀ ਦੀ ਕ੍ਰਮਵਾਰ ਸਿਰਜਣਾ, ਪਾਲਣਾ ਅਤੇ ਸੰਘਾਰ ਦੀਆਂ ਸ਼ਕਤੀਆਂ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦਾ ਲਖਾਇਕ ਮੰਨਦੇ ਹਨ, ਪਰੰਤੂ ਸਿੱਖ ਦਰਸ਼ਨ ਜਾਂ ਗੁਰਮਤਿ ਵਿਚਾਰਧਾਰਾ ਅਨੁਸਾਰ ਜਗਤ ਦਾ ਸਿਰਜਕ, ਪਾਲਕ ਅਤੇ ਸੰਘਾਰਕ ਕੇਵਲ ‘ਇਕ’ ਹੀ ਹੈ ਅਤੇ ਇਹ ਤਿੰਨੇ ਸ਼ਕਤੀਆਂ ਉਸ ‘ਇਕ’ ਦੀ ਹੀ ਸਿਰਜਣਾ ਹਨ। ‘ਓਅੰ’ ਦਾ ਇਹ ਭਾਸ਼ਾਈ ਚਿੰਨ੍ਹ ਸਮੁੱਚੇ ਬ੍ਰਹਿਮੰਡ ਦੇ ਤੱਤਸਾਰ-ਸਰੂਪ ਨੂੰ ਨਿਰੂਪਤ ਕਰਦਾ ਹੈ। ਸਿਰਜਣਾਤਮਕ ਵਿਆਪਕ ਸਤਾ ਹੋਣ ਕਾਰਨ ਹੀ ਗੁਰਬਾਣੀ ਅਨੁਸਾਰ ਸਾਰੀ ਉਤਪਤੀ, ਓਅੰਕਾਰ ਦੁਆਰਾ ਹੀ ਹੋਂਦ ਗ੍ਰਹਿਣ ਕਰਦੀ ਵਿਦਮਾਨ ਹੁੰਦੀ ਹੈ:
ਓਅੰਕਾਰਿ ਬ੍ਰਹਮਾ ਉਤਪਤਿ॥
ਓਅੰਕਾਰੁ ਕੀਆ ਜਿਨਿ ਚਿਤਿ॥
ਓਅੰਕਾਰਿ ਸੈਲ ਜੁਗ ਭੲੈ॥
ਓਅੰਕਾਰਿ ਬੇਦ ਨਿਰਮਏ॥ (ਦੱਖਣੀ ਓਅੰਕਾਰ, ਪੰਨਾ ੯੨੯)
ਮੂਲ ਮੰਤਰ ਵਿਚਲਾ ‘ਓਅੰਕਾਰ’ ਪਦ ਜਾਪੁ ਸਾਹਿਬ ਵਿਚ ਦੋ ਪ੍ਰਸੰਗਾਂ ਵਿਚ ਦ੍ਰਿਸ਼ਟੀ-ਗੋਚਰ ਹੁੰਦਾ ਹੈ:
—ਓਅੰ ਆਦਿ ਰੂਪੇ॥ ਅਨਾਦਿ ਸਰੂਪੇ॥
ਅਨੰਗੀ ਅਨਾਮੇ॥ ਤ੍ਰਿਭੰਗੀ ਤ੍ਰਿਕਾਮੇ॥ (੧੨੮)
—ਓਅੰਕਾਰ ਆਦਿ॥ ਕਥਨੀ ਅਨਾਦਿ॥
ਖਲ ਖੰਡ ਖਿਆਲ॥ ਗੁਰ ਬਰ ਅਕਾਲ॥ (੧੬੭)
ਅਕਾਲ ਪੁਰਖ ਸਿਰਜਣਾਤਮਕ ਪਰਮ ਸੱਤਾ ਹੋਣ ਕਾਰਨ ਹਰ ਜਗ੍ਹਾਂ ਇਕ ਰਸ ਸਰਬ-ਵਿਆਪਕ ਰੂਪ ’ਚ ਵੱਸਦਾ ਹੈ। ਓਅੰਕਾਰ ਸ਼੍ਰਿਸ਼ਟੀ ਦੇ ਆਦਿ, ਮੱਧ ਤੇ ਅੰਤ ਦੇ ਆਰ-ਪਾਰ ਫੈਲੀ ਸਿਰਜਣਾਤਮਕ ਪਰਮ ਸੱਤਾ ਹੈ। ਸਾਰੀ ਸ਼੍ਰਿਸ਼ਟੀ ਦਾ ਮੁੱਢ ਹੋਣ ਦੇ ਬਾਵਜੂਦ ਵੀ ਉਸਦੇ ਆਰੰਭ ਜਾਂ ਅੰਤ ਦਾ ਪਤਾ ਨਹੀਂ ਲੱਗ ਸਕਦਾ। ਆਦਿ-ਰਹਿਤ ਸਰੂਪ ਕਾਰਨ ਉਹ ਸ਼੍ਰਿਸ਼ਟੀ ਦੀ ਸਿਰਜਣਾ ਤੋਂ ਪਹਿਲਾਂ ਵੀ ਨਿਰ-ਵਿਕਲਪ ਓਅੰਕਾਰ ਸੀ ਅਤੇ ਇਸ ਸਾਰੇ ਬ੍ਰਹਿਮੰਡੀ ਵਰਤਾਰੇ ਨੂੰ ਆਪਣੇ ਵਿਚ ਲੀਨ ਕਰਨ ਮਗਰੋਂ ਵੀ ਉਹ ‘ਇਕ’ ਹੀ ਬਾਕੀ ਰਹਿ ਜਾਵੇਗਾ। ਸ਼੍ਰਿਸ਼ਟੀ ਦਾ ਸਿਰਜਕ, ਸੰਚਾਲਕ ਤੇ ਸੰਘਾਰਕ ਅਤੇ ਆਪਣੀ ਸਿਰਜਣਾ ਵਿਚ ਆਪ ਵਿਆਪਕ ਰੂਪ ਹੋਣ ਕਾਰਨ ਉਹ ਦੁਸ਼ਟਾਂ ਦਾ ਨਾਸ਼ ਕਰ ਸਕਦਾ ਹੈ,ਪਰ ਉਹ ਆਪ ਸਭ ਤੋਂ ਵੱਡਾ ਅਤੇ ਅਕਾਲ ਰੂਪ ਹੈ। ਆਪ ਸਿਰਜਣਾਤਮਕ ਓਅੰਕਾਰ ਰੂਪ ਹੋਣ ਕਰਕੇ ਉਹ ਸਰੀਰਕ ਵਜੂਦ ਤੋਂ ਰਹਿਤ, ਨਾਮ ਤੋਂ ਬਿਨਾਂ ਹਸਤੀ ਤਿੰਨਾਂ ਲੋਕਾਂ ਦੀਆਂ ਕਾਮਨਾਵਾਂ ਦੀ ਪੂਰਤੀ ਕਰਨ ਵਾਲਾ ਅਤੇ ਫਿਰ ਉਨ੍ਹਾਂ ਦਾ ਸੰਘਾਰ ਕਰਨ ਵਾਲਾ ਹੈ। ਇਸ ਤਰ੍ਹਾਂ ਸਰਬ-ਵਿਆਪਕ ਅਤੇ ਸਿਰਜਣਾਤਮਕ ਸੱਤਾ-ਸੰਘਾਰ ਅਕਾਲ ਪੁਰਖ ਕੇਵਲ ‘ਇਕ’ ਹੈ, ਜੋ ਇਕਸਰ ਹਰ ਥਾਂ ਰਮਿਆ ਹੋਇਆ ਹੈ।
III. ਸਤਿਨਾਮ: ਮੂਲ ਮੰਤਰ ਵਿਚ ‘ਸਤਿਨਾਮ’ ਦਾ ਭਾਵ ਹੈ ਕਿ ਅਕਾਲ ਪੁਰਖ/ਪਰਮ ਸੱਤਾ ਦਾ ਨਾਮ ਸੱਚਾ ਅਤੇ ਸਦਾ ਟਿਕਿਆ ਰਹਿਣ ਵਾਲਾ ਅਰਥਾਤ ਸਦੀਵੀ ਹੈ। ਇਸ ਤਰ੍ਹਾਂ ਸਦੀਵੀ ਸੱਚ ਅਤੇ ਅਕਾਲ ਪੁਰਖ ਸਮਭਾਵੀ ਹਨ, ਕਿਉਂਕਿ ਸਦੀਵੀ ਸੱਚ ਉਹ ਹਸਤੀ ਹੀ ਹੋ ਸਕਦੀ ਹੈ, ਜੋ ਕਾਲ ਦੀਆਂ ਸੀਮਾਵਾਂ ਤੋਂ ਮੁਕਤ ਤੇ ਅਕਾਲ ਰੂਪ ਹੈ। ਇਸ ਲਈ ਅਕਾਲ ਪੁਰਖ ਸੱਚ ਦਾ ਹੀ ਦੂਜਾ ਨਾਮ ਹੈ। ਜਪੁਜੀ ਦੀ ਪਹਿਲੀ ਪਉੜੀ ਵਿਚ ਅੰਕਿਤ ‘ਆਦਿ ਸਚੁ ਜੁਗਾਦਿ ਸਚੁ ਹੈਭੀ ਸਚੁ ਨਾਨਕ ਹੋਸੀ ਭੀ ਸਚੁ’ ਗੁਰੂ ਸਾਹਿਬ ਦੇ ਬਚਨ ਅਕਾਲ ਪੁਰਖ ਦੀ ਹੋਂਦ ਨੂੰ ਕਾਲ ਦੀਆਂ ਸੀਮਾਵਾਂ ਤੋਂ ਪਾਰ ਵਿਚਰਦੇ ਹੋਏ ਸਦੀਵੀਂ ਸੱਚ ਵਜੋਂ ਹੀ ਪ੍ਰਤੀਬਿੰਬਤ ਕਰਦੇ ਹਨ। ਇਸ ਸਦੀਵੀਂ ਸੱਚ ਦੀ ਤੁਲਨਾ ਵਿਚ ਬਾਕੀ ਸਾਰੇ ਪਦਾਰਥਕ ਅਤੇ ਸੰਕਲਪਿਕ ਵਜੂਦ ਕਾਲ-ਯੁਕਤਤਾ ਵਿਚ ਵਿਚਰਦੇ ਹਨ। ਕਾਲ ਦੀਆਂ ਸੀਮਾਵਾਂ ਵਿਚ ਗੁਜ਼ਰਦੇ ਹੋਏ ਇਹ ਲਗਾਤਾਰ ਪਰਿਵਰਤਨ ਦੀ ਸਥਿਤੀ ਵਿਚ ਰਹਿੰਦੇ ਹਨ। ਮਾਨਵੀ ਤੇ ਪ੍ਰਾਣੀ-ਜਗਤ ਅਰਥਾਤ ਸਮੁੱਚੀ ਪ੍ਰਕਿਰਤੀ ਵਿਚ ਜਨਮ ਤੋਂ ਮਰਨ ਤਕ ਇਕ ਲਗਾਤਾਰ ਪਰਿਵਰਤਨ ਵੇਖਿਆ ਜਾ ਸਕਦਾ ਹੈ। ਸੁਰਤਹੀਣ ਸਾਧਾਰਨ ਪ੍ਰਾਣੀ ਆਪਣੇ ਹਰੇਕ ਪਲ, ਪੜਾਅ ਅਤੇ ਅਵਸਥਾ ਨੂੰ ਚਿਰੰਜੀਵ ਅਤੇ ਚਿਰ-ਸਥਾਈ ਮੰਨ ਲੈਂਦਾ ਹੈ, ਪਰ ਅਸਲ ਵਿਚ ਉਸ ਦੀ ਇਹ ਸਥਿਤੀ ਪਰਿਵਰਤਨ ਅਤੇ ਸਮੇਂ ਦੇ ਪ੍ਰਭਾਵਾਂ ਨੂੰ ਭੋਗਦੀ ਹੋਈ ਬਿਨਸ ਰਹੀ ਹੁੰਦੀ ਹੈ। ਉਸ ਦੀ ਇਸ ਅਬੋਧ ਅਵਸਥਾ ਨੂੰ ਹੀ ਧਾਰਮਿਕ ਮੰਡਲਾਂ ਵਿਚ ‘ਮਾਇਆ’ ਮਦ ਨਾਲ ਪਰਿਭਾਸ਼ਤ ਕੀਤਾ ਜਾਂਦਾ ਹੈ। ਇਸ ਮਾਇਆਵੀ ਅਤੇ ਲਗਾਤਾਰ ਪਰਿਵਰਤਨ ਦਾ ਸੰਤਾਪ ਭੋਗਦੀ ਮਾਨਵੀ ਸੁਰਤ ਦੇ ਮੁਕਾਬਲੇ ਅਕਾਲ ਪੁਰਖ ਕਾਲ-ਮੁਕਤ ਸਦੀਵੀਂ ਸੱਚ ਹੈ ਅਤੇ ਇਸੇ ਲਈ ਕੇਵਲ ਉਸ ਦਾ ਨਾਮ ਹੀ ਸੱਚਾ ਹੋ ਸਕਦਾ ਹੈ।
ਗੁਰੂ ਗੋਬਿੰਦ ਸਿੰਘ ਜੀ ‘ਜਾਪੁ ਸਾਹਿਬ’ ਵਿਚ ਇਸ ਸਦੀਵੀਂ ਸੱਚ (ਸਤਿਨਾਮ) ਦੇ ਪਰਿਪੇਖ ਨੂੰ ਵੱਖ-ਵੱਖ ਪ੍ਰਸੰਗਾਂ ਦੁਆਰਾ ਉਜਾਗਰ ਕਰਦੇ ਹਨ। ਜਾਪੁ ਸਾਹਿਬ ਵਿਚ ਸਦੀਵੀਂ ਸੱਚ ਨੂੰ ਉਜਾਗਰ ਕਰਨ ਵਾਲੇ ਕੁਲ ਅੱਠ ਪ੍ਰਸੰਗਾਂ ਵਿਚੋਂ ਕੁਝ ਇਸ ਪ੍ਰਕਾਰ ਹਨ:
—ਸਦਾ ਸਚਿਦਾਨੰਦ ਸਰਬੇ ਪ੍ਰਣਾਸੀ॥
ਅਨੂਪੇ ਅਰੂਪੇ ਸਮਸਤੁਲ ਨਿਵਾਸੀ॥ (੫੮)
—ਕ੍ਰਿਪਾਲੰ ਸਰੂਪੇ ਕੁਕਰਮੰ ਪ੍ਰਣਾਸੀ॥
ਸਦਾ ਸਰਬਦਾ ਰਿਧਿ ਸਿਧਿ ਨਿਵਾਸੀ॥ (੭੩)
—ਸਦੈਵੰ ਸਰੂਪ ਹੈਂ॥ ਅਭੇਦੀ ਅਨੂਪ ਹੈਂ॥
ਸਮਮਤੋਪਰਾਜ ਹੈਂ॥ ਸਦਾ ਸਰਬ ਸਾਜ ਹੈ॥ (੧੨੬)
—ਨਿਰੁਕਤਿ ਪ੍ਰਭਾ ਹੈ॥ ਸਦੈਵੰ ਸਦਾ ਹੈਂ॥
ਬਿਭੁਗਤਿ ਸਰੂਪ ਹੈਂ॥ ਪ੍ਰਜੁਗਤਿ ਅਨੂਪ ਹੈਂ॥ (੧੩੧)
ਇਨ੍ਹਾਂ ਪ੍ਰਸੰਗਾਂ ਅਨੁਸਾਰ ਸਦੀਵੀਂ ਸੱਚ ਸਦਾ ਸਤ-ਚਿੱਤ ਆਨੰਦ ਸਰੂਪ ਹੋਣ ਕਰਕੇ ਇਨ੍ਹਾਂ ਸਭ ਰੂਪਾਂ ਤੇ ਆਕਾਰਾਂ ਤੋਂ ਪਾਰ ਵਿਚਰਦਾ ਹੈ। ਇਸ ਸੱਚ ਦੀ ਉਪਮਾ ਵੀ ਨਹੀਂ ਕੀਤੀ ਜਾ ਸਕਦੀ। ਇਹ ਸਭ ਵਿਚ ਨਿਵਾਸ ਕਰਨ ਵਾਲਾ ਹੈ ਅਤੇ ਸਭ ਦਾ ਨਾਸ਼-ਕਰਤਾ ਵੀ ਹੈ। ਪਰ ਇਹ ਸਦੀਵੀਂ ਸੱਚ ਅਕਾਲ ਪੁਰਖ ਦਾ ਭਿਆਨਕ ਜਾਂ ਵਿਨਾਸ਼ਕ ਰੂਪ ਨਹੀਂ, ਸਗੋਂ ਸਦੀਵੀਂ ਸੱਚ ਤਾਂ ਸਾਰੀਆਂ ਮਾਨਵੀ ਅਤੇ ਅਮਾਨਵੀ ਸ਼ਕਤੀਆਂ ਦਾ ਸਰੋਤ ਹੈ। ਉਹ ਇਨ੍ਹਾਂ ਨੂੰ ਨਿਯੰਤਰਿਤ ਕਰਨ ਲਈ ਕ੍ਰਿਪਾਲੂ-ਸਰੂਪ ਹੋ ਕੇ ਮਾੜੇ ਕਰਮਾਂ ਨੂੰ ਨਸ਼ਟ ਕਰਨ ਵਾਲਾ ਹੈ। ਉਸ ਦੇ ਨਿਯੰਤਰਣ ਦਾ ਇਹ ਨਿਯਮ ਸਾਰੇ ਸਮਿਆਂ ਵਿਚ ਵਿਆਪਕ ਹੈ। ਆਪ ਅਕਾਲ ਰੂਪ ‘ਸੱਚ’ ਚਾਰਾਂ ਦਿਸ਼ਾਵਾਂ ਤੇ ਚੱਕਾਂ ਵਿਚ ਵਰਤ ਰਿਹਾ ਹੈ। ਉਹ ਸਭ ਦਾ ਪਾਲਣ ਪੋਸ਼ਣ ਕਰਨ ਵਾਲਾ ਅਤੇ ਸਭ ਨੂੰ ਕਾਲ ਦੀਆਂ ਸੀਮਾਵਾਂ ਵਿਚ ਨਿਯੰਤਰਣ ਕਰਨ ਵਾਲਾ ਹੈ। ਸਦੀਵੀਂ ਸੱਚ ਦਾ ਸਰੂਪ ਸਦਾ ਲਈ ‘ਇਕ’ ਹੈ। ਇਸ ਕਰਕੇ ਹੀ ਉਹ ਉਪਮਾ ਤੇ ਭੇਦਾਂ ਤੋਂ ਰਹਿਤ ਹੈ। ਉਹ ਸਾਰਿਆਂ ਨੂੰ ਸਿਰਜਣ ਤੇ ਮਾਨਣ ਵਾਲਾ ਹੈ ਅਤੇ ਉਤਪਤੀ ਦਾ ਸਰੋਤ-ਰੂਪ ਹੈ। ਕਾਲ ਤੋਂ ਪਾਰ ਵਿਚਰਨ ਵਾਲਾ ਸੱਚ ਕਿਉਂਕਿ ਹਮੇਸ਼ਾ ਲਈ ਹੈ, ਇਸ ਲਈ ਹੀ ਉਹ ਬਿਆਨ ਤੋਂ ਰਹਿਤ ਸੋਭਾ ਵਾਲਾ, ਭੋਗਣ¬-ਯੋਗ ਸਾਮੱਗਰੀ ਸਰੂਪ ਅਤੇ ਸਭ ਨਾਲ ਸੰਯੁਕਤ ਉਪਮਾ-ਰਹਿਤ ਹੈ। ਸਦੀਵੀਂ ਹੋਣ ਕਰਕੇ ਉਹ ਹਰ ਪ੍ਰਕਾਰ ਦੀ ਚਿੰਤਾ ਤੋਂ ਮੁਕਤ, ਨਾ ਲਿਖਿਆ ਜਾਣ ਵਾਲਾ ਅਤੇ ਦਿੱਸਣ ਤੋਂ ਪਰੇ ਹੈ। ‘ਸੱਚ’ ਦਾ ਸਦਾ ਪ੍ਰਕਾਸ਼ਿਤ ਰੂਪ ਸਰੀਰਕ ਵਜ਼ੂਦ ਤੋਂ ਮੁਕਤ ਹੋਣ ਕਰਕੇ ਕਦੇ ਵੀ ਨਸ਼ਟ ਜਾਂ ਖ਼ਤਮ ਨਹੀਂ ਹੁੰਦਾ, ਬਲਕਿ ਸਤ-ਚਿਤ ਤੇ ਆਨੰਦ ਸਰੂਪ ਹੋ ਕੇ ਵਿਚਰਦਾ ਹੈ।
ਜਾਪੁ ਸਾਹਿਬ ਵਿਚ ਪ੍ਰਸਤੁਤ ਸਦੀਵੀਂ ਸੱਚ ਦਾ ਇਹ ਸਰੂਪ ‘ਸਤਿਨਾਮ’ ਨੂੰ ਹੀ ਵਧੇਰੇ ਵਿਸਤ੍ਰਿਤ ਢੰਗ ਨਾਲ ਉਜਾਗਰ ਕਰਦਾ ਹੋਇਆ ਸਪੱਸ਼ਟਤਾ ਸਹਿਤ ਵਰਣਿਤ ਕਰਦਾ ਹੈ ਤਾਂ ਜੋ ਜਨ-ਸਧਾਰਨ ਵਿਅਕਤੀ ਵੀ ਸਦੀਵੀਂ ਸੱਚ ਦੀ ਪ੍ਰਕਿਰਤੀ ਨੂੰ ਸਮਝ ਸਕੇ। ਮੂਲ ਮੰਤਰ ਵਿਚ ਪ੍ਰਸਤੁਤ ਸੱਚ ਦੇ ਸੰਕਲਪ ਨੂੰ ਹੀ ਜਾਪੁ ਸਾਹਿਬ ਵਿਚ ਸਤ ਚਿੱਤ ਅਤੇ ਆਨੰਦ-ਸਰੂਪ ਵਜੋਂ ਪ੍ਰਗਟਾਇਆ ਗਿਆ ਹੈ ਅਰਥਾਤ ਅਕਾਲ ਪੁਰਖ/ਪਰਮ ਸੱਤਾ ਨਾ ਸਿਰਫ਼ ਸਦੀਵੀਂ ਹੈ, ਸਗੋਂ ਇਹ ਚੇਤਨ ਅਤੇ ਆਨੰਦ-ਸਰੂਪ ਵੀ ਹੈ। ਇਹ ਚੇਤਨ ਤੇ ਅਨੰਦ ਸਰੂਪ ਹੀ ਸਿਰਜਕ, ਪਾਲਕ ਅਤੇ ਸੰਘਾਰਕ ਤੋਂ ਇਲਾਵਾ ਦਿਆਲੂ ਤੇ ਕ੍ਰਿਪਾਲੂ ਰੂਪ ’ਚ ਵਿਚਰਦਾ ਹੈ। ਸਾਰੀ ਉਤਪਤੀ ਵਿਚ ਇਸ ਸਦੀਵੀਂ ਸੱਚ ਦੀ ਚੇਤੰਨ ਅਵਸਥਾ ਹੁੰਦੀ ਹੈ ਜੋ ਅੰਤ ਉਸ ਇਕ ਵਿਚ ਹੀ ਅਭੇਦ ਹੋ ਜਾਂਦੀ ਹੈ। ਇਹੀ ਸਦੀਵੀਂ ਸੱਚ ਦਾ ਆਨੰਦ-ਸਰੂਪ ਹੈ ਕਿ ਉਹ ਗਤੀਸ਼ੀਲ ਹੋਣ ਦੇ ਬਾਵਜੂਦ ਵੀ ਸਹਿਜ-ਅਵਸਥਾ ਵਿਚ ਹੁੰਦਾ ਹੈ।
IV.ਕਰਤਾ ਪੁਰਖ: ਇਕ ਅਕਾਲ ਪੁਰਖ ਸੱਤਾ, ਜਿਸ ਦਾ ਨਾਮ ਸਦੀਵੀਂ ਹੋਂਦ ਵਾਲਾ ਹੈ, ਆਪ ਸਾਰੀ ਸ਼੍ਰਿਸ਼ਟੀ ਦਾ ਸਿਰਜਕ ਅਰਥਾਤ ਰਚਣਹਾਰ ਹੈ। ਇਹ ਸਾਰੀ ਸ਼੍ਰਿਸ਼ਟੀ ਉਸਦੀ ਰਚਨਾ ਹੋਣ ਕਰਕੇ ਹੀ ਉਹ ਆਪ ‘ਪੁਰਖੁ’ (ਆਤਮਾ ਰੂਪ) ਹੈ। ਮੂਲ ਮੰਤਰ ਦੇ ਇਸ ਸ਼ਬਦ-ਜੋੜੇ ਵਿਚ ਪੁਰਖ ਦਾ ਅਰਥ ਇਹ ਬਣਦਾ ਹੈ ਕਿ ਉਹ ਓਅੰਕਾਰ (ਪਰਮਸੱਤਾ) ਜੋ ਸਾਰੇ ਜਗਤ ਵਿਚ ਵਿਆਪਕ ਹੈ ਅਤੇ ਉਹ ਆਤਮਾ ਜੋ ਸਾਰੀ ਸ਼੍ਰਿਸ਼ਟੀ ਵਿਚ ਰਮ ਰਹੀ ਹੈ, ਉਸ ਇਕ ਦੀ ਹੀ ਸਿਰਜਣਾ ਹੈ ਕਿਉਂਕਿ ਅਕਾਲ ਪੁਰਖ ਸਾਰੀ ਸ਼੍ਰਿਸ਼ਟੀ, ਸਮੁੱਚੀ ਪ੍ਰਕਿਰਤੀ ਦਾ ਸਿਰਜਕ ਹੈ, ਇਸ ਲਈ ਉਹ ਆਪ ਸਾਰੇ ਪਾਸਾਰੇ ਵਿਚ ਇਕ ਰਸ ਵਿਆਪਕ ਹੈ ਤੇ ਸਮੁੱਚੀ ਸ਼੍ਰਿਸ਼ਟੀ ਉਸਦਾ ਹੀ ਅੰਸ਼ ਮਾਤਰ ਹੈ। ‘ਪੁਰਖ’ ਇੱਥੇ ਇਸਤਰੀ ਦੇ ਹਵਾਲੇ ਨਾਲ ਲਿੰਗ ਆਧਾਰਿਤ ਵਖਰੇਵੇਂ ਵਾਲੇ ‘ਮਨੁੱਖ’ ਦਾ ਵਾਚਕ ਨਹੀਂ, ਸਗੋਂ ‘ਪ੍ਰਕਿਰਤੀ’ ਦੇ ਪਰਿਪੇਖ ’ਚ ਵਰਤਿਆ ਗਿਆ ਹੈ। ਪਰੰਪਰਾ ਵਿਚ ਪ੍ਰਕਿਰਤੀ ਨੂੰ ਪੁਰਖ ਦੀ ਸਹਾਇਕ ਸਿਰਜਣਾ ਵਜੋਂ ਹੀ ਚਿਤਵਿਆ ਗਿਆ ਹੈ, ਪਰ ਮੂਲ ਮੰਤਰ ਵਿਚ ‘ਪੁਰਖ ਤੇ ਪ੍ਰਕਿਰਤੀ’ ਦੇ ਇਸ ਦਵੰਦ ਦੀ ਥਾਂ ਕੇਵਲ ‘ਇਕ’ ਦੀ (ਅਕਾਲ ਪੁਰਖ) ਸੰਕਲਪਨਾ ਦਿੱਤੀ ਗਈ ਹੈ। ਇਸ ਲਈ ਇਕ ਅਕਾਲ ਪੁਰਖ ਇਕੋ ਇਕ ਅਜਿਹੀ ਹਸਤੀ ਹੈ, ਜਿਸਨੂੰ ਸਿਰਜਣਾ ਲਈ ਕਿਸੇ ਦੂਜੇ ਦੀ ਲੋੜ ਨਹੀਂ ਪੈਂਦੀ। ਉਹ ਸਭ ਦਾ ਸਿਰਜਕ ਹੋਣ ਦੇ ਨਾਲ ਨਾਲ ਆਪਣੇ-ਆਪ ਦਾ ਸਿਰਜਕ ਅਰਥਾਤ ਆਪਣੇ-ਆਪ ਤੋਂ ਪ੍ਰਕਾਸ਼ਿਤ ਸਰੂਪ ਹੈ।
ਮੂਲ ਮੰਤਰ ਵਿਚ ਆਏ ਕਰਤਾ ਪੁਰਖ ਦੇ ਸ਼ਬਦ-ਜੋੜੇ ਦੀ ਵਰਤੋਂ ਭਾਵੇਂ ਜਾਪੁ ਸਾਹਿਬ ਵਿਚ ਇਕੱਠੀ ਇਕ ਜਗ੍ਹਾਂ ’ਤੇ ਹੋਈ ਨਹੀਂ ਮਿਲਦੀ, ਪਰ ਅਕਾਲ ਪੁਰਖ ਦੇ ‘ਕਰਤਾ’ ਤੇ ‘ਪੁਰਖ’ ਦੇ ਪਰਿਪੇਖ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ‘ਜਾਪੁ ਸਾਹਿਬ’ ਵਿਚ ਵੱਖ-ਵੱਖ ਥਾਵਾਂ ’ਤੇ ਵਿਭਿੰਨ ਰੂਪਾਂ ’ਚ ਪ੍ਰਸਤੁਤ ਕਰਦਿਆਂ ਇਨ੍ਹਾਂ ਨੂੰ ਵਿਸਥਾਰਤ ਵੀ ਕੀਤਾ ਹੈ। ਜਾਪੁ ਸਾਹਿਬ ਵਿਚ ‘ਕਰਤਾ’ ਦੀ ਛੇ ਅਤੇ ‘ਪੁਰਖ’ ਨਾਲ ਸੰਬੰਧਿਤ ਪੰਜਾ ਪ੍ਰਸੰਗਾਂ ਦੀ ਵਰਤੋਂ ਹੋਈ ਹੈ:
(ੳ) ਕਰਤਾ:
—ਨਮੋ ਸਰਬ ਖਾਪੇ॥ ਨਮੋ ਸਰਬ ਥਾਪੇ॥
ਨਮੋ ਸਰਬ ਕਾਲੇ॥ ਨਮੋ ਸਰਬ ਪਾਲੇ॥ (੨੦)
—ਨਮੋ ਸਰਬ ਸੋਖੰ॥ ਨਮੋ ਸਰਬ ਪੋਖੰ॥
ਨਮੋ ਸਰਬ ਕਰਤਾ॥ ਨਮੋ ਸਰਬ ਹਰਤਾ॥ (੨੭ )
—ਚਤ੍ਰ ਚਕ੍ਰ ਕਰਤਾ॥ ਚਤ੍ਰ ਚਕ੍ਰ ਹਰਤਾ॥ (੯੬)
—ਕਰਤਾ ਕਰ ਹੈਂ॥ ਹਰਤਾ ਹਰ ਹੈਂ॥ (੧੮੩)
ਅਕਾਲਪੁਰਖ ਸਾਰੀ ਸ਼੍ਰਿਸ਼ਟੀ ਦੀ ਕ੍ਰਿਤੀ (ਸਿਰਜਣਾ) ਕਰਨ ਵਾਲਾ ਹੈ। ਸ਼੍ਰਿਸ਼ਟੀ ਦਾ ਕਰਤਾ ਹੋਣ ਕਰਕੇ ਉਹ ਸਭ ਦੀ ਉਤਪਤੀ ਕਰਦਾ ਹੈ, ਸਭ ਨੂੰ ਪਾਲਦਾ ਵੀ ਹੈ ਅਤੇ ਸਭ ਦਾ ਪੋਸ਼ਣ ਵੀ ਕਰਦਾ ਹੈ। ਉਹ ਕੇਵਲ ਜਗਤ ਦੀ ਰਚਨਾ ਹੀ ਨਹੀਂ ਕਰਦਾ, ਸਗੋਂ ਸ਼੍ਰਿਸ਼ਟੀ ਦੇ ਕਰਤਾ ਮੰਨੇ ਜਾਣ ਵਾਲੇ ਕਰਤਿਆਂ (ਬ੍ਰਹਮਾ ਆਦਿ) ਦਾ ਵੀ ਸਿਰਜਕ ਹੈ। ਅਕਾਲ ਪੁਰਖ ਸਿਰਜਕ ਹੋਣ ਕਰਕੇ ਜਗਤ ਦਾ ਪਾਲਣ-ਪੋਸ਼ਣ ਵੀ ਕਰਦਾ ਹੈ ਅਤੇ ਅੰਤ ਸੰਤੁਲਨ ਬਣਾਈ ਰੱਖਣ ਲਈ ਉਸ ਨੂੰ ਖ਼ਤਮ ਵੀ ਕਰੀ ਜਾਂਦਾ ਹੈ। ਇਸ ਲਈ ਉਹ ਜੀਵਾਂ ਨੂੰ ਸੁਕਾਉਣ ਵਾਲਾ, ਖਪਾਉਣ ਵਾਲਾ, ਕਾਲ-ਰੂਪ ’ਚ ਨਸ਼ਟ ਕਰਨ ਵਾਲਾ ਵੀ ਹੈ। ਪਾਲਣ-ਪੋਸ਼ਣ ਤੇ ਸੰਘਾਰ ਸਿਰਜਣਾ ਦਾ ਹੀ ਭਾਗ ਹੈ, ਕਿਉਂਕਿ ਜਿਹੜਾ ਪੈਦਾ ਕਰਦਾ ਹੈ, ਖ਼ਤਮ ਵੀ ਉਹੀ ਕਰੇਗਾ। ਇਸ ਸਿਰਜਣਾਤਮਕ ਸ਼ਕਤੀ ਕਰਕੇ ਹੀ ਅਕਾਲ ਪੁਰਖ ‘ਬ੍ਰਹਮਾ’ ਆਦਿ ਦੇ ਰੂਪ ’ਚ ਕਰਤਿਆਂ ਦਾ ਵੀ ਕਰਤਾ, ਵਿਸ਼ਨੂੰ ਦੇ ਰੂਪ ’ਚ ਪਾਲਕਾਂ ਦਾ ਵੀ ਪਾਲਕ ਅਤੇ ਸ਼ਿਵ ਦੇ ਰੂਪ ’ਚ ਸੰਘਾਰਕਾਂ ਦਾ ਵੀ ਸੰਘਾਰਕ ਹੈ।
(ਅ) ਪੁਰਖ:
—ਆਦਿ ਰੂਪ ਅਨਾਦਿ ਮੁਰਤਿ ਅਜੋਨਿ ਪੁਰਖ ਅਪਾਰ॥
ਸਰਬ ਪਾਲਕ ਸਰਬ ਘਾਲਕ ਸਭ ਕੋ ਪੁਨਿ ਕਾਲ॥ (੭੯)
—ਆਦਿ ਪੁਰਖ ਉਦਾਰ ਮੂਰਤਿ ਅਜੋਨਿ ਆਦਿ ਅਸੇਖ॥ (੮੦)
—ਪਰਮ ਰੂਪ ਪੁਨੀਤ ਮੂਰਤਿ ਪੂਰਨ ਪੁਰਖ ਅਪਾਰ॥ (੮੩)
—ਕਾਲ ਹੀਨ ਕਲਾ ਸੰਜੁਗਤਿ ਅਕਾਲ ਪੁਰਖ ਅਦੇਬ॥ (੮੪)
—ਅੰਗ ਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ॥ (੮੫)
ਜਾਪੁ ਸਾਹਿਬ ਵਿਚ ‘ਪੁਰਖ’ ਅਜਿਹੇ ਸਰੂਪ ਵਜੋਂ ਰੂਪਮਾਨ ਹੋਇਆ ਹੈ, ਜੋ ਏਕ ਪੁਰਖ, ਆਦਿ ਪੁਰਖ, ਪੂਰਨ ਪੁਰਖ, ਅਪਾਰ ਪੁਰਖ ਅਤੇ ਅਕਾਲ ਪੁਰਖ ਸੂਤਰਾਂ ਦੇ ਤੌਰ ’ਤੇ ਉਜਾਗਰ ਹੁੰਦਾ ਹੈ। ਪੁਰਖ ਜੋ ਸਾਰੇ ਬ੍ਰਹਿਮੰਡ ਵਿਚ ਇਕ ਰਸ ਵਿਆਪਕ ਹੈ। ‘ਏਕ ਪੁਰਖ’ ਅਪਾਰ (ਬੇਅੰਤ) ਰੂਪ ਹੋਣ ਕਰਕੇ ਸਰੀਰ ਰਹਿਤ ਵਜ਼ੂਦ ਵਾਲੀ, ਬਿਨਾਂ ਆਤਮਾ ਤੋਂ ਨਾਸ਼-ਰਹਿਤ ਹਸਤੀ ਹੈ। ਸ਼੍ਰਿਸ਼ਟੀ ਦੇ ਕਰਤਾ ਵਜੋਂ ਇਸ ਦਾ ਸੁਭਾਅ ‘ਆਦਿ ਪੁਰਖ’ ਵਾਲਾ ਹੈ ਅਤੇ ਇਹ ਆਦਿ ਰੂਪ ਮੁੱਢ ਤੋਂ ਸੰਪੂਰਨ ਸੱਤਾ ਹੋਣ ਕਾਰਨ ਅਜੂਨੀ ਤੇ ਉਦਾਰ ਮੂਰਤੀ ਜਾਂ ਸਰੂਪ ਦਾ ਲਖਾਇਕ ਹੈ। ਅਪਾਰ ਬ੍ਰਹਿਮੰਡਕ ਵਰਤਾਰੇ ਵਿਚ ‘ਪੁਰਖ’, ਪੂਰਨ ਪੁਰਖ (ਸ਼ੇ੍ਰਸ਼ਟ ਪੁਰਖ) ਹੋਣ ਦੇ ਫ਼ਲਸਰੂਪ ਹੀ ਮਹਾਨ ਰੂਪ ਤੇ ਪਵਿੱਤਰ ਸਰੂਪ (ਪੁਨੀਤ ਮੂਰਤਿ) ’ਚ ਵਿਦਮਾਨ ਹੁੰਦਾ ਹੈ। ਸਾਰੀ ਸ਼੍ਰਿਸ਼ਟੀ ਦੇ ਕਰਤਾ/ਸਿਰਜਕ ਦੇ ਰੂਪ ’ਚ ‘ਪੁਰਖ’ ਚਾਰੇ ਦਿਸ਼ਾਵਾਂ ਵਿਚ ਵਿਆਪਕ ਹਸਤੀ ਹੈ। ਸਮੁੱਚੀ ਸਿਰਜਣਾਤਮਕਤਾ ਦੇ ਆਦਿ ਰੂਪ ਤੇ ਅਨਾਦਿ (ਮੁੱਢ ਤੋਂ ਰਹਿਤ) ਸਰੂਪ ਵਜੋਂ ਉਹ ‘ਅਪਾਰ ਪੁਰਖ’ ਵਾਲੇ ਰੂਪ ’ਚ ਦ੍ਰਿਸ਼ਟੀ-ਗੋਚਰ ਹੁੰਦਾ ਹੈ। ਇਸ ਲਈ ਜੇ ਉਹ ਇਕ ਪਾਸੇ ਪੈਦਾ ਤੇ ਪਾਲਣਾ ਕਰਦਾ ਹੈ ਤਾਂ ਦੂਜੇ ਪਾਸੇ ਆਪਣੀ ਸਿਰਜਣਾਤਮਕਤਾ ਨੂੰ ਸੰਤੁਲਨ ਵਿਚ ਰੱਖਣ ਲਈ ਘਾਲਕ/ਸੰਘਾਰਕ ਦੀ ਭੂਮਿਕਾ ਵੀ ਉਹ ਹੀ ਨਿਭਾਉਂਦਾ ਹੈ। ਅਜੂਨੀ, ਸਰੀਰ/ਵਜ਼ੂਦ-ਰਹਿਤ, ਆਤਮਾ ਰਹਿਤ, ਅਭੰਗ ਸਰੂਪ ਅਤੇ ਅਨਾਦਿ-ਮੂਰਤ ਹੋਣ ਕਰਕੇ ‘ਪੁਰਖ’ ਕਾਲ ਦੀਆਂ ਸੀਮਾਵਾਂ ਤੋਂ ਪਾਰ ਹਸਤੀ ਹੈ। ਕਾਲ-ਮੁਕਤ ਹੋਣ ਦੇ ਫ਼ਲਸਰੂਪ ਉਹ ‘ਅਕਾਲ ਪੁਰਖ’ ਰੂਪ ਵਜੋਂ ਉਜਾਗਰ ਹੁੰਦਾ ਹੈ। ‘ਪੁਰਖ’ ਦੇ ਅਪਾਰ, ਆਦਿ, ਪੂਰਨ, ਅਕਾਲ ਅਤੇ ਏਕ ਆਦਿ ਵੱਖ-ਵੱਖ ਰੂਪ ਮੂਲ ਮੰਤਰ ਵਿਚ ਆਏ ‘ਪੁਰਖ’ ਦੇ ਸਰੂਪ ਅਤੇ ਪ੍ਰਕਿਰਤੀ ਨੂੰ ਹੀ ਵਿਸਤ੍ਰਿਤ ਰੂਪ ’ਚ ਸਪੱਸ਼ਟ ਕਰਦੇ ਹਨ।
V. ਨਿਰਭਉ: ਅਕਾਲ ਪੁਰਖ ਕਿਸੇ ਵੀ ਪ੍ਰਕਾਰ ਦੇ ਡਰ ਤੋਂ ਰਹਿਤ ਹਸਤੀ ਹੈ। ਉਹ ਆਪ ਸਰਬ—ਸ਼ਕਤੀਸ਼ਾਲੀ, ਇਕ ਰਸ ਵਿਆਪਕ ਸਿਰਜਣਾਤਮਕ ਸੱਤਾ ਹੈ। ਹੋਰ ਕੋਈ ਸ਼ਕਤੀ ਉਸ ਵਰਗੀ ਨਹੀਂ, ਸਗੋਂ ਉਹ ਆਪ ਸਾਰਿਆਂ ’ਤੇ ਰਾਜ ਕਰਨ ਵਾਲਾ ਸ਼ਾਸ਼ਕ ਹੈ। ਇਸ ਲਈ ਜਿਹੜਾ ਕਿਸੇ ਹੋਰ ਸ਼ਕਤੀ ਦੇ ਅਧੀਨ ਨਹੀਂ, ਉਸਨੂੰ ਕਿਸੇ ਪ੍ਰਕਾਰ ਦਾ ਡਰ ਜਾਂ ਭਉ ਨਹੀਂ ਹੋ ਸਕਦਾ। ਕਿਉਂਕਿ ਡਰ ਜਾਂ ਭਉ ਹਮੇਸ਼ਾਂ ਆਪਣੇ ਤੋਂ ਉੱਚੀ ਸ਼ਕਤੀਸ਼ਾਲੀ ਹਸਤੀ ਦਾ ਹੀ ਹੁੰਦਾ ਹੈ।
ਜਾਪੁ ਸਾਹਿਬ ਵਿਚ ਗੁਰੂ ਸਾਹਿਬ ਨੇ ਅਕਾਲ ਪੁਰਚ ਦੇ ‘ਨਿਰਗੁਣ’ ਸਰੂਪ ਵਾਲੇ ਗੁਣਾਂ ਨੂੰ ‘ਨਮਸਤੰ ਅਭੀਤੇ’ (6), ‘ਨਿਰਭੈ ਹੈਂ॥ ਨ੍ਰਿਕਾਮ ਹੈਂ (92), ‘ਨ ਭਰਮੰ॥ ਨ ਚਿੰਤੈ੍ਰ (99), ‘ਕਿ ਅਨਭਉ ਅਨੂਪੇ’ (106) ਅਤੇ ‘ਅਭੈ’ (189) ਆਦਿ ਪ੍ਰਸੰਗਾਂ ਦੇ ਪਰਿਪੇਖ ਵਿਚ ਵਰਣਿਤ ਕੀਤਾ ਹੈ। ਅਕਾਲ ਪੁਰਖ ਸਰਬ ਸ਼ਕਤੀਮਾਨ ਹੋਣ ਕਰਕੇ ਸਦਾ ਅਜਿੱਤ ਹੈ ਅਤੇ ਜਿਹੜਾ ਕਦੇ ਵੀ ਜਿੱਤਿਆ ਨਾ ਜਾ ਸਕੇ, ਉਸ ਨੂੰ ਕਿਸੇ ਦਾ ਡਰ ਨਹੀਂ ਰਹਿੰਦਾ। ਬ੍ਰਹਮ-ਸਰੂਪ ਸਭ ਦਾ ਸਿਰਜਕ ਹੈ ਅਤੇ ਸਾਰੀ ਸਿਰਜਣਾ ਉਸ ਬ੍ਰਹਮ-ਸਰੂਪ ਦਾ ਹੀ ਅੰਸ਼-ਮਾਤਰ ਹੈ। ਇਸ ਲਈ ਜਿਸ ਨੇ ਇਹ ਸਿਰਜਣਾ ਕੀਤੀ ਹੈ, ਉਸ ਦਾ ਕੋਈ ਵੀ ਦੁਸ਼ਮਣ ਜਾਂ ਮਿੱਤਰ ਨਹੀਂ ਹੋ ਸਕਦਾ। ਜਿਸ ਦਾ ਕੋਈ ਦੁਸ਼ਮਣ ਹੀ ਨਹੀਂ, ਉਸ ਨੂੰ ਕੋਈ ਵੀ ਡਰ ਨਹੀਂ ਪੋਹ ਸਕਦਾ। ਹਰ ਪ੍ਰਕਾਰ ਦੀਆਂ ਕਾਮਨਾਵਾਂ ਤੋਂ ਮੁਕਤ, ਵਿਕਾਰਾਂ ਦੇ ਪ੍ਰਭਾਵ ਤੋਂ ਰਹਿਤ ਅਤੇ ਅਜਿੱਤ-ਅਬਿਨਾਸ਼ੀ ਗੁਣਾਂ ਵਾਲਾ ਅਕਾਲ ਪੁਰਖ ਹਰ ਪ੍ਰਕਾਰ ਦੇ ਡਰ ਤੋਂ ਮੁਕਤ ਰਹਿੰਦਾ ਹੈ।
VI. ਨਿਰਵੈਰ: ਨਿਰਭਊ ਹਸਤੀ ਹੋਣ ਕਰਕੇ ਅਕਾਲ ਪੁਰਖ ਦਾ ਕਿਸੇ ਨਾਲ ਕੋਈ ਵੈਰ ਨਹੀਂ। ਜਦੋਂ ਉਸਦਾ ਕੋਈ ਮਿੱਤਰ, ਵੈਰੀ ਜਾਂ ਦੁਸ਼ਮਣ ਹੀ ਨਹੀਂ, ਫਿਰ ਵੈਰ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ ਕਿਉਂਕਿ ਵੈਰ ਹਮੇਸ਼ਾ ਦੁਸ਼ਮਣੀ ਤੋਂ ਪੈਦਾ ਹੁੰਦਾ ਹੈ। ਅਕਾਲ ਪੁਰਖ ਆਪ ਸਿਰਜਕ ਰੂਪ ਹੋਣ ਕਰਕੇ ਆਪਣੀ ਸਿਰਜਣਾ (ਸਿਰਜਕ ਵਜੂਦਾਂ ਦਾ ਕਦੀ ਵੀ ਵੈਰੀ ਨਹੀਂ ਹੋ ਸਕਦਾ। ਇਸ ਲਈ ਉਹ ਸਦੀਵੀਂ ਤੌਰ ’ਤੇ ਵੈਰ ਰਹਿਤ ਹਸਤੀ ਹੈ।
ਜਾਪੁ ਸਾਹਿਬ ਵਿਚ ਅਕਾਲ ਪੁਰਖ ਦੇ ‘ਨਿਰਵੈਰ’ ਸਰੂਪ ਦਾ ਚਿਤਰਣ ‘ਅਝੂਝ ਹੈ’ (35), ਨ੍ਰਿਸਰੀਰ ਹੈ’ (39), ‘ਨ ਸਤ੍ਰੈ ਨ ਮਿਤ੍ਰੈ (148), ‘ਨ੍ਰਿਸਾਕੰ ਸਰੀਰ ਹੈ’ (149) ਆਦਿ ਰੂਪਾਂ ’ਚ ਬਿਆਨ ਕੀਤਾ ਗਿਆ ਹੈ। ਜਨਮ-ਰਹਿਤ ਹੋਣ ਕਰਕੇ ਅਕਾਲ ਪੁਰਖ ਦਾ ਕੋਈ ਸਾਕ-ਸੰਬੰਧੀ (ਮਾਤਾ, ਪਿਤਾ, ਪੁੱਤਰ, ਪੋਤਰਾ, ਜਾਤ, ਬਰਾਦਰੀ) ਨਹੀਂ, ਇਸ ਲਈ ਉਸ ਸਭ ਤਰ੍ਹਾਂ ਦੇ ਝਗੜਿਆਂ ਤੋਂ ਮੁਕਤ ਵੈਰ-ਰਹਿਤ ਹਸਤੀ ਦਾ ਮਾਲਕ ਹੈ। ਇੱਥੇ ਮਹੱਤਵਪੂਰਨ ਗੱਲ ਇਹ ਹੈ ਕਿ ਜਾਪੁ ਸਾਹਿਬ ਵਿਚ ਅਕਾਲ ਪੁਰਖ ਦਾ ਕੇਵਲ ‘ਨਿਰਵੈਰ’ (ਸੰਤ) ਸਰੂਪ ਹੀ ਨਹੀਂ ਸਿਰਜਿਆ ਗਿਆ, ਬਲਕਿ ਯੁੱਧ—ਪਰਿਪੇਖ ਸਿਰਜਦਿਆਂ ਉਸਦਾ ਸਿਪਾਹੀ ਵਾਲਾ ਰੂਪ ਵੀ ਵਰਣਨ ਕੀਤਾ ਗਿਆ ਹੈ। ਯੁੱਧ-ਪਰਿਪੇਖ ਰੂਪ ’ਚ ਉਹ ‘ਹਰੀਫੁਲ ਸਿਕੰਨ ਹੈ’ (153), ‘ਅਰਿ ਘਾਲਯ ਹੈ॥ ਖਲ ਖੰਡਨ ਹੈ (171), ‘ਨਰ ਨਾਇਰ ਹੈ॥ ਖਲ ਘਾਇਕ ਹੈ (180), ‘ਅਰਿ ਗੰਜਨ, ਰਿਪੁ ਤਾਪਨ ਹੈ’ (182) ਅਤੇ ‘ਸਤ੍ਰੰ ਪ੍ਰਣਾਸੀ’ (198) ਵਜੋਂ ਦ੍ਰਿਸ਼ਟੀਗੋਚਰ ਹੁੰਦਾ ਹੈ। ਇਹ ਉਸ ਦਾ ਵੈਰੀ ਰੂਪ ਨਹੀਂ, ਸਗੋਂ ਆਪਣੀ ਸਿਰਜਣਾ ਨੂੰ ਨਿਯੰਤਰਿਤ ਸੰਤੁਲਨ ਬਣਾਈ ਰੱਖਣ ਵਾਲਾ ਸੁਭਾਅ ਹੈ। ਹਰੀਫ਼, ਅਰਿ, ਰਿਪੁ, ਸਤ੍ਰੰ ਆਦਿ ਸ਼ਬਦ ਸਤਹੀ ਰੂਪ ’ਚ ਭਾਵੇਂ ਵੈਰੀ ਦੇ ਅਰਥ ਦਿੰਦੇ ਹਨ, ਪਰ ਅਸਲ ਵਿਚ ਇਹ ਦੁਸ਼ਟ ਅਰਥਾਤ ਅਮਾਨਵੀ ਸ਼ਕਤੀਆਂ ਦੇ ਪ੍ਰਤੀਕ ਹਨ। ਇਸ ਤਰ੍ਹਾਂ ਜਾਪੁ ਸਾਹਿਬ ਵਿਚ ਯੁੱਧ-ਪਰਿਪੇਖ ਸਿਰਜਣ ਸਮੇਂ ਮੁੱਖ ਪ੍ਰਯੋਜਨ ਮਨੁੱਖ ਨੂੰ ਜਾਪੁ ਦੇ ਅਮਲ ਨਾਲ ਅਜਿਹੀ ਸੁਰਤ ਪ੍ਰਦਾਨ ਕਰਦਾ ਹੈ, ਜਿਸ ਨਾਲ ਅਕਾਲ ਪੁਰਖ ਦੇ ਸੰਤ ਤੇ ਸਿਪਾਹੀ ਅਤੇ ਭਗਤੀ ਤੇ ਸ਼ਕਤੀ ਵਾਲੇ ਸਰੂਪ ਦਾ ਪ੍ਰਤੱਖਣ ਕੀਤਾ ਜਾ ਸਕੇ। ਸੋ ‘ਜਾਪੁ ਸਾਹਿਬ’ ਵਿਚ ਅਕਾਲ ਪੁਰਖ ਦਾ ਵੈਰ-ਰਹਿਤ ਸਰੂਪ ਚਿਤ੍ਰਤ ਹੋਣ ਦੇ ਨਾਲ ਹੀ ਉਸਦਾ ਨਿਯੰਤਰਿਤ ਸੰਤੁਲਨ ਕਾਇਮ ਕਰਨ ਵਾਲਾ ਯੁੱਧ-ਪਰਿਪੇਖ ਸਰੂਪ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ।
VII. ਅਕਾਲ ਮੂਰਤਿ: ਪਰਮਾਤਮਾ (ਅਕਾਲ ਪੁਰਖ) ਜੋ ਇਕ, ਸ਼੍ਰਿਸ਼ਟੀ ਦਾ ਰਚਣਹਾਰ, ਸਭ ਵਿਚ ਵਿਆਪਕ, ਭੈਅ ਤੋਂ ਰਹਿਤ ਅਤੇ ਵੈਰ—ਮੁਕਤ ਹਸਤੀ ਹੈ, ਉਹ ਕਾਲ ਦੀਆਂ ਸੀਮਾਵਾਂ ਤੋਂ ਪਰੇ ਨਾਸ਼-ਰਹਿਤ ਹਸਤੀ ਵਾਲਾ ਵੀ ਹੈ। ਵਿਧੀ ਦਾ ਵਿਧਾਨ ਹੈ ਕਿ ਜੋ ਪੈਦਾ ਹੁੰਦਾ ਹੈ, ਉਸਦਾ ਨਸ਼ਟ ਜਾਂ ਖ਼ਤਮ ਹੋਣਾ ਵੀ ਨਿਸ਼ਚਿਤ ਹੈ। ਜਿਹੜੀ ਹਸਤੀ ਪੈਦਾ ਹੀ ਨਹੀਂ ਹੁੰਦੀ, ਉਹ ਨਾਸ਼ ਵੀ ਨਹੀਂ ਹੋ ਸਕਦੀ। ਇਸ ਲਈ ਉਹ ਕਾਲ ਦੀਆਂ ਸੀਮਾਵਾਂ ਤੋਂ ਵੀ ਮੁਕਤ ਅਰਥਾਤ ਕਾਲ-ਰਹਿਤ ‘ਅਕਾਲ ਮੂਰਤਿ’ ਹੈ। ਅਜਿਹੀ ਮੁਰਤਿ ਇਕੋ-ਇਕ ਹਸਤੀ ਅਕਾਲ ਪੁਰਖ (ਪ੍ਰਮਾਤਮਾ) ਤੋਂ ਬਿਨਾਂ ਕੋਈ ਨਹੀਂ ਹੋ ਸਕਦੀ।
ਜਾਪੁ ਸਾਹਿਬ ਵਿਚ ‘ਅਕਾਲ’ ਅਤੇ ‘ਮੂਰਤਿ’ ਦੋਵਾਂ ਨੂੰ ਵੱਖ-ਵੱਖ ਵਰਣਿਤ ਕੀਤਾ ਗਿਆ ਹੈ। ‘ਨਮਸਤੇ ਅਕਾਲੇ’ (2), ‘ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ’ (1), ‘ਅਕਾਲ ਹੈ’ (37), ‘ਨਮੋ ਕਾਲ ਕਾਲੇ’ ਅਤੇ ਕਾਲ ਹੀਨ ਕਲਾ ਸੰਜੁਗਤਿ ਅਕਾਲ ਪੁਰਖ ਅਦੇਸ਼’ (84) ਆਦਿ ਪ੍ਰਸੰਗ ਪ੍ਰਮਾਤਮਾ/ਪਰਮ ਸੱਤਾ ਦੇ ‘ਅਕਾਲ ਸਰੂਪ’ ਨੂੰ ਹੀ ਪ੍ਰਤੀਬਿੰਬਤ ਅਤੇ ਪੁਨਰ-ਸਥਾਪਿਤ ਕਰਦੇ ਹਨ। ਪ੍ਰਮਾਤਮਾ ਜੋ ਕਿ ਪਦਾਰਥਕ ਵਰਤਾਰਿਆਂ (ਜਨਮ ਰਹਿਤ) ਤੋਂ ਪਰੇ ਹੈ, ਉਸਨੂੰ ਭੌਤਿਕ ਰੂਪ, ਰੰਗ ਅਰਥਾਤ ਨਿਸ਼ਚਿਤ ਅਕਾਰ ਵਿਚ ਨਹੀਂ ਬੰਨਿਆ ਜਾ ਸਕਦਾ। ਵਜੂਦ-ਰਹਿਤ ਹਸਤੀ ਹੋਣ ਕਰਕੇ ਉਹ ਸਮੇਂ ਤੇ ਸਥਾਨ ਦੀਆਂ ਸੀਮਾਵਾਂ ਦਾ ਸ਼ਿਕਾਰ ਵੀ ਨਹੀਂ ਹੁੰਦਾ। ਇਸੇ ਲਈ ਉਹ ਕਾਲ-ਰਹਿਤ ਹਸਤੀ ਹੈ, ਬਲਕਿ ਇਸ ਤੋਂ ਵੀ ਅਗਾਂਹ ਕਾਲ ਦਾ ਕਾਲ-ਸਰੂਪ (ਮੌਤ ਦੀ ਮੌਤ) ਹੈ। ਕਾਲ ਦਾ ਕਾਲ ਸਰੂਪ ਹੋਣਾ ਉਸਦੀ ਸਰਬ-ਸ਼ਕਤੀਸ਼ਾਲੀ ਹਸਤੀ ਦਾ ਲਖਾਇਕ ਹੈ। ਇਸੇ ਲਈ ਉਹ ਸਮੁੱਚੇ ਬ੍ਰਹਿਮੰਡ ਦਾ ਨਾਸ਼ ਕਰਨ ਵਾਲੇ ‘ਸ਼ਿਵ’ ਦਾ ਵੀ ਨਾਸ਼-ਕਰਤਾ ਹੈ। ਜੋ ਆਪ ਕਾਲ ਦਾ ਨਿਯੰਤਰਿਕ ਹੈ, ਉਹ ਕਾਲ ਦੀਆਂ ਸੀਮਾਵਾਂ ਵਿਚ ਨਹੀਂ ਬੰਨਿ੍ਹਆ ਜਾ ਸਕਦਾ। ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਕਾਲ ਨਾਲ ਪੈਦਾ ਹੁੰਦੇ ਹਨ। ਹਰੇਕ ਯੁੱਗ ਦੇ ਅੰਤ ’ਤੇ ਇਹ ਤ੍ਰਿਦੇਵ ਮੁੜ ਅਕਾਲ ਪੁਰਖ ਵਿਚ ਲੀਨ ਹੋ ਜਾਂਦੇ ਹਨ। ਇਸ ਲਈ ਇਹ ਉਤਪੱਤੀ, ਪਾਲਣਾ ਅਤੇ ਸੰਘਾਰ ਦੇ ਸੰਚਾਲਕ ਮੰਨੇ ਜਾਂਦੇ ਦੇਵ ਵੀ ਕਾਲ-ਯੁਕਤ ਹਨ। ਇਨ੍ਹਾਂ ਦਾ ਸਿਰਜਕ ਅਕਾਲ ਪੁਰਖ ਕੇਵਲ ਆਪ ਹੀ ਅਕਾਲ ਮੂਰਤਿ ਹੈ।
‘ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜ ਕਹਿਜੈ’ (1), ‘ਆਦਿ ਰੂਪ ਅਨਾਦਿ ਮੂਰਤਿ ਅਜੋਨਿ ਪੁਰਖ ਅਪਾਰ’ (79) ਆਦਿ ਪ੍ਰਸੰਗਾਂ ਅਨੁਸਾਰ ਪ੍ਰਮਾਤਮਾ ਕਾਲ ਤੋਂ ਰਹਿਤ ਅਤੇ ਸੂਤਹ ਗਿਆਨ ਦਾ ਪ੍ਰਕਾਸ਼ਕ ਹੋਣ ਕਰਕੇ ਸਦਾ ਟਿੱਕੇ ਰਹਿਣ ਵਾਲੀ ਅਚਲ ਮੂਰਤਿ ਵਾਲਾ ਹੈ, ਜਿਹੜੀ ਮੂਰਤ ਮੁੱਢ ਦੇ ਪਹਿਲਾਂ ਤੋਂ ਹੀ ਵਿਦਮਾਨ ਹੈ। ਪ੍ਰਮਾਤਮਾ ਦੇ ਅਕਾਲ ਮੂਰਤਿ ਸਰੂਪ ਦੀ ਪੇਸ਼ਕਾਰੀ ਦੇ ਨਾਲ ਹੀ ‘ਉਦਾਰ ਮੂਰਤਿ’ (80), ‘ਅਕ੍ਰਿਤਾਕ੍ਰਿਤ’ (177), ‘ਅਜਬਾਕ੍ਰਿਤ’ (180) ਅਤੇ ‘ਅਕਲਕ੍ਰਿਤ’ (183) ਆਦਿ ਯੁੱਧ-ਪਰਿਪੇਖ ਵਾਲੇ ਰੂਪ ਵੀ ਮਿਲਦੇ ਹਨ। ਇਨ੍ਹਾਂ ਅਨੁਸਾਰ ਹੀ ਉਹ ਪ੍ਰਮਾਤਮਾ ਨਾ ਕੀਤੇ (ਸਿਰਜੇ) ਜਾਣ ਵਾਲੀ ਅਦਭੁੱਤ, ਕਲੰਕ-ਰਹਿਤ ਅਤੇ ਦਿਆਲੂ ਮੂਰਤੀ ਹੈ। ਸੋ ਪ੍ਰਮਾਤਮਾ/ਅਕਾਲ ਪੁਰਖ ਸਦੀਵੀਂ ਤੌਰ ’ਤੇ ਕਾਲ-ਰਹਿਤ ਸਰੂਪ ਵਾਲੀ ਹਸਤੀ ਹੈ।
VIII. ਅਜੂਨੀ: ਕਾਲ ਤੋਂ ਰਹਿਤ ਹੋਣ ਕਰਕੇ ਪ੍ਰਮਾਤਮਾ ਜੂਨਾਂ ਵਿਚ ਨਹੀਂ ਆਉਂਦਾ ਅਰਥਾਤ ਜੰਮਣ-ਮਰਨ ਦਾ ਪ੍ਰਾਕਿਰਤਕ ਸਿਧਾਂਤ ਉਸ ’ਤੇ ਲਾਗੂ ਨਹੀਂ ਹੁੰਦਾ। ਜ਼ਾਪੁ ਸਾਹਿਬ ਵਿਚ ਪ੍ਰਮਾਤਮਾ ਦੇ ਅਜੂਨੀ ਗੁਣਾਂ ਦਾ ਵਰਣਨ ‘ਅਜੂ’(21), ‘ਅਜਨਮ’(24), ‘ਅਜੰਮ’ (40), ‘ਅਜੰਨਿ’ (79), ‘ਅਸੰਭ’ (140), ‘ਅਜਾਤ’(141) ਅਤੇ ‘ਅਜੋਨੀ’ (194) ਆਦਿ ਸ਼ਬਦਾਂ ਦੀ ਪ੍ਰਸੰਗਿਕ ਵਰਤੋਂ ਦੁਆਰਾ ਕੀਤਾ ਗਿਆ ਹੈ। ਅਕਾਲ ਪੁਰਖ ਸਦੀਵੀਂ ਸਰੂਪ ਅਤੇ ਸਦਾ ਕਾਇਮ ਰਹਿਣ ਵਾਲੀ ਆਰੰਭਿਕ ਹਸਤੀ ਹੋਣ ਕਰਕੇ ਹੀ ਜੂਨੀ (ਜਨਮ-ਮਰਨ) ਦੇ ਬੰਧਨਾਂ ਤੋਂ ਪਰੇ ਹੈ। ਪੰਜ ਭੌਤਿਕ ਤੱਤਾਂ ਦੀ ਹੋਂਦ ਤੋਂ ਪਰੇ ਹਸਤੀ ਹੋਣ ਕਰਕੇ ਉਸਦਾ ਕੋਈ ਵਰਣ, ਰੰਗ, ਰੂਪ, ਅਕਾਰ ਨਿਸ਼ਚਿਤ ਨਹੀਂ ਹੈ। ਇਸ ਲਈ ਉਹ ਪਾਲਣ ਪੋਸ਼ਣ ਤੋਂ ਵੀ ਰਹਿਤ ਹੈ। ਅਕਾਲ ਪੁਰਖ ਪ੍ਰਮਾਤਮਾ ਜੋ ਸਭ ਵਿਚ ਇਕ ਰਸ ਵਿਆਪਕ ਅਤੇ ਸ਼੍ਰਿਸ਼ਟੀ ਦਾ ਰਚਣਹਾਰ ਹੈ, ਆਪ ਜੂਨ-ਰਹਿਤ ਸਦੀਵੀਂ ਸਰੂਪ ਹੈ।
IX.ਸੈਭੰ: ਪ੍ਰਮਾਤਮਾ ਅਜਿਹੀ ਹਸਤੀ ਹੈ, ਜਿਸਦਾ ਸਿਰਜਕ ਕੋਈ ਹੋਰ ਨਹੀਂ, ਸਗੋਂ ਉਸਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ। ਇਸ ਲਈ ਉਹ ਆਪਣੇ-ਆਪ ਦਾ ਖ਼ੁਦ ਪ੍ਰਕਾਸ਼ਕ ‘ਸੈਭੰ’ (ਸਵੈOਭੂ) ਸਰੂਪ ਹੈ। ਪ੍ਰਮਾਤਮਾ ਜਾਂ ਅਕਾਲ ਪੁਰਖ ਦਾ ਸਵੈ-ਪ੍ਰਕਾਸ਼ਕ, ਸਵੈ-ਸਿਰਜਕ ਰੂਪ ਹੀ ‘ਜਾਪੁ ਸਾਹਿਬ’ ਵਿਚ ਉਜਾਗਰ ਹੁੰਦਾ ਹੈ:
—ਸਰਬ ਬਿਸ੍ਵ ਰਚਿਓ ਸੁਯੰਭਵ ਗੜਨ ਭੰਜਨਹਾਰ॥ (੮੩)
—ਸੁਯੰਭਵ ਸੁਭੰ ਸਰਬਦਾ ਸਰਬ ਜੁਗਤੇ॥ (੧੯੯)
ਅਕਾਲ ਪੁਰਖ ਜੋ ਸਾਰੇ ਬ੍ਰਹਿਮੰਡਕ ਵਰਤਾਰਿਆਂ ਦੀ ਸਿਰਜਣਾ ਕਰਦਾ ਹੈ, ਉਸ ਦੀ ਆਪਣੀ ਸਿਰਜਣਾ/ਪ੍ਰਕਾਸ਼ ਕਿਸੇ ਹੋਰ ਵਜ਼ੂਦ ਤੋਂ ਨਹੀਂ ਹੋ ਸਕਦਾ। ਇਸ ਲਈ ਉਹ ਆਪ-ਆਪਣੇ ਤੋਂ ਪ੍ਰਕਾਸ਼ਮਾਨ ‘ਸੈ੍ਰਭੂ’ ਹੋ ਕੇ ਜਗਤ ਦੀ ਸਿਰਜਣਾ ਕਰਦਾ ਹੈ, ਫਿਰ ਆਪਣੀ ਸਿਰਜਣਾ ਨੂੰ ਬਣਾਉਂਦਾ ਵੀ ਹੈ ਅਤੇ ਅੰਤ ਸਭ ਨੂੰ ਨਸ਼ਟ ਕਰ ਦਿੰਦਾ ਹੈ। ਸੈਭੰ ਹੋਣ ਕਰਕੇ ਉਹ ਸਭ ਨਾਲ ਸੰਯੁਕਤ (ਜੁੜਿਆ ਹੋਇਆ) ਅਤੇ ਆਪਣੇ ਆਪ ਸੰਭਾਇਮਾਨ ਹੋਣ ਵਾਲਾ ਹੈ। ‘ਸੈਭੂ’ ਹਸਤੀ ਦਾ ਮਾਲਕ ਹੋਣ ਕਰਕੇ ਹੀ ਉਹ ਹੋਰ ਕਿਸੇ ਹਸਤੀ ਦੀ ਸਿਰਜਣਾ ਸ਼ਕਤੀ ਦੇ ਅਧੀਨ ਨਹੀਂ ਆਉਂਦਾ। ਸੈਭੰ ਜਾਂ ਸੁਯੰਭਵ ਹੋਣ ਕਰਕੇ ਹੀ ਉਹ ਜਨਮ-ਮਰਨ ਦੇ ਚੱਕਰ ਵਿਚ ਨਹੀਂ ਵਿਚਰਦਾ। ਇਸ ਲਈ ਹਰੇਕ ਤਰ੍ਹਾਂ ਦੀ ਸੰਬੰਧਾਤਮਿਕਤਾ ਤੋਂ ਮੁਕਤ ਹੈ, ਪਰ ਉਹ ਆਪਣੀ ਸਿਰਜਣਾ ਨੂੰ ‘ਅਨੁਰਾਗ’ ਰੂਪ ਹੋ ਕੇ ਹੀ ਮਿਲਦਾ ਹੈ।
X. ਗੁਰਪ੍ਰਸਾਦਿ: ‘ਗੁਰਪ੍ਰਸਾਦਿ’ ਦੋ ਵੱਖਰੇ-ਵੱਖਰੇ ਸ਼ਬਦਾਂ ‘ਗੁਰੂ’ ਅਤੇ ‘ਪ੍ਰਸਾਦਿ’ ਦੇ ਸੁਮੇਲ ਤੋਂ ਬਣਿਆ ਸਮਾਸੀ ਪਦ ਹੈ, ਜਿਸ ਦਾ ਭਾਵ ਹੈ ‘ਗੁਰੂ ਦੀ ਕਿਰਪਾ’। ‘ਗੁਰੂ’ ਗੁਰਮਤਿ ਦਰਸ਼ਨ ਦਾ ਮੂਲ ਆਧਾਰ ਹੈ, ਜਿਸ ਦਾ ਅਰਥ ਹੈ “ਹਨੇਰੇ ਵਿਚ ਚਾਨਣਾ ਕਰਨ ਵਾਲਾ।” ਅਧਿਆਤਮਕ ਮਾਰਗ ’ਤੇ ਚੱਲਣ ਵਾਲੇ ਜਗਿਆਸੂ ਦੀ ਮੂਲ ਸਮੱਸਿਆ ਹੀ ਅਧਿਆਤਮਕ ਹਨੇਰਾ ਹੈ। ਪਰਮ ਸੱਤਾ (ਬ੍ਰਹਮ) ਦੇ ਵਿਆਪਕ ਅਨੇਕਾਂ ਗੁਣਾਂ ਵਿਚੋਂ ਉਸਦਾ ਪ੍ਰਧਾਨ ਗੁਣ ‘ਗੁਰੂ’ ਹੋਣਾ ਹੈ ਅਰਥਾਤ ਵਿਆਪਕ ਬ੍ਰਹਮ ਜੋਤੀ-ਸਰੂਪ ਹੈ। ‘ਗੁਰੂ-ਪ੍ਰਸਾਦਿ’ ਅਜਿਹਾ ਸੂਤਰ ਹੈ, ਜਿਸ ਵਿਚ ਗਿਆਨ ਅਰਥਾਤ ਪ੍ਰਭੂ-ਮਿਲਾਪ ਦਾ ਭੇਤ ਖੋਲਿ੍ਹਆ ਗਿਆ ਹੈ। ਇਸ ਅਨੁਸਾਰ ਮੂਲ ਮੰਤਰ ਵਿਚ ਨਿਰੂਪਿਤ ਅਕਾਲ ਪੁਰਖ ਦੇ ਸਤਿ-ਸਰੂਪ ਅਤੇ ਅਥਾਹ ਗੁਣਾਂ ਵਾਲੇ ਇਕ ਰਸ-ਵਿਆਪਕ ਬ੍ਰਹਮ ਦੀ ਪ੍ਰਾਪਤੀ ਕੇਵਲ ਗੁਰੂ ਦੀ ਕ੍ਰਿਪਾ ਦੁਆਰਾ ਹੀ ਸੰਭਵ ਹੋ ਸਕਦੀ ਹੈ।
ਜਾਪੁ ਸਾਹਿਬ ਵਿਚ ‘ਗੁਰਪ੍ਰਸਾਦਿ’ ਦੇ ਇਸ ਸੂਤਰ ਨੂੰ ‘ਜਪੁ ਜਾਪਨ ਹੈ’ (182) ਦੁਆਰਾ ਸੰਕੇਤਕ ਰੂਪ ’ਚ ਹੀ ਪੇਸ਼ ਕੀਤਾ ਗਿਆ ਹੈ ਕਿ ਸਿਰਜਣਾਤਮਕ ਤੇ ਵਿਆਪਕ ਸੱਤਾ-ਸੰਪੰਨ ਬ੍ਰਹਮ ਜੋ ਇਕ ਹੈ, ਸਦੀਵੀਂ ਨਾਮ ਵਾਲਾ, ਭੈ-ਰਹਿਤ, ਵੈਰ-ਰਹਿਤ, ਅਕਾਲ ਸਰੂਪ, ਜੂਨ-ਰਹਿਤ ਅਤੇ ਸੈਭੂ(ਆਪਣੇ ਆਪ ਦਾ ਪ੍ਰਕਾਸ਼ਕ) ਹੈ। ਉਹ ਆਪ ਹੀ ਆਪਣਾ ਜਾਪ ਜਪਾਉਣ ਵਾਲਾ ਹੈ ਅਰਥਾਤ ਉਹ ਜੀਵ ਹੀ ਉਸ ਦਾ ਜਾਪ ਕਰ ਸਕਦਾ ਹੈ, ਜਿਸ ’ਤੇ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਇਸ ਤਰ੍ਹਾਂ ਹੀ ਜਾਪੁ ਸਾਹਿਬ ਦੇ ਆਰੰਭ ਵਿਚ ਅੰਕਿਤ ਮੰਗਲ ‘ੴ ਸਤਿਗੁਰ ਪ੍ਰਸਾਦਿ’ ਵਿਚ ਜਪੁਜੀ ਸਾਹਿਬ ਦੇ ‘ਗੁਰ ਪ੍ਰਸਾਦਿ’ ਦਾ ਹੀ ਅਨੁਸਰਣ ਹੋਇਆ ਹੈ।
6. ਜਪੁਜੀ ਸਾਹਿਬ ਅਤੇ ਜਾਪੁ ਸਾਹਿਬ: ਭਾਵ—ਜੁਗਤ
I. ‘ਮੂਲ ਮੰਤਰ’, ਜਪੁਜੀ ਸਾਹਿਬ ਦੀ ਸੂਤਰਿਕ ਇਕਾਈ ਹੈ ਅਰਥਾਤ ਮੂਲ ਮੰਤਰ ‘ਜਪੁਜੀ ਸਾਹਿਬ’ ਦਾ ਅਜਿਹਾ ਸੂਤਰ ਹੈ, ਜੋ ਜਪੁਜੀ ਸਾਹਿਬ ਵਿਚ ਪ੍ਰਸਤੁਤ ਦਰਸ਼ਨ ਜਾਂ ਸਿਧਾਂਤਾਂ ਦਾ ਨਿਚੋੜ ਪ੍ਰਸਤੁਤ ਕਰਦਾ ਹੈ। ਇੰਝ ਵੀ ਕਿਹਾ ਜਾ ਸਕਦਾ ਹੈ ਕਿ ਮੂਲ ਮੰਤਰ ਦੇ ਸੂਤਰ ਦੀ ਹੀ ਪੂਰੇ ਜਪੁਜੀ ਸਾਹਿਬ ਵਿਚ ਵਿਆਖਿਆ ਕੀਤੀ ਗਈ ਹੈ। ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦਿ ਵਿਚ ਨਿਸਾਣ ਬਾਣੀ ਵਜੋਂ ਅੰਕਿਤ ਹੈ। ਇਸ ਲਈ ਜਪੁਜੀ ਸਾਹਿਬ ਦਾ ਸੂਤਰ, ਮੂਲ ਮੰਤਰ, ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੂਤਰ ਵਜੋਂ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਜੇਕਰ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਇਕ ਸ਼ਬਦ ਵਿਚ ਕਰਨੀ ਹੋਵੇ ਤਾਂ ਉ ‘ੴ’ ਹੈ। ਇਹ ‘ੴ’ ਹੀ ਅਜਿਹਾ ਸ਼ਬਦ ਰੂਪ ਹੈ, ਜਿਸ ਦੀ ਸੰਕਲਪਾਤਮਿਕਤਾ ਮੂਲ ਮੰਤਰ, ਜਪੁਜੀ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਅਰਥਾਤ ਸਮੁੱਚੀ ਗੁਰਬਾਣੀ ਵਿਚ ਕੀਤੀ ਗਈ ਹੈ।
II. ਜਪੁਜੀ ਸਾਹਿਬ ਵਿਚ ੴ, ਸਤਿਨਾਮ, ਕਰਤਾ ਪੁਰਖ, ਨਿਰਭਾਉ, ਨਿਰਵੈਰ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰਪ੍ਰਸਾਦਿ ਇਕਾਈਆਂ ਸੂਰਰਿਕ ਰੂਪ ਵਿਚ ਮੂਲ ਮੰਤਰ ਨੂੰ ਸਿਰਜਦੀਆਂ ਹਨ, ਪਰ ਜਾਪੁ ਸਾਹਿਬ ਵਿਚ ਇਨ੍ਹਾਂ ਦੀ ਵਰਤੋਂ ਲਈ ਵਰਣਨਾਤਮਕ ਪ੍ਰਸੰਗ ਸਿਰਜੇ ਗਏ ਹਨ ਅਰਥਾਤ ਇਨ੍ਹਾਂ ਇਕਾਈਆਂ ਨੂੰ ਵਿਸ਼ਾਲ ਪੱਧਰ ’ਤੇ ਵਰਣਨਾਤਮਕ ਰੂਪ ’ਚ ਸਿਰਜਿਆ ਗਿਆ ਹੈ। ਇਸ ਤਰ੍ਹਾਂ ਜਾਪੁ ਸਾਹਿਬ ਨੂੰ ਮੂਲ ਮੰਤਰ ਦੇ ਪਰਿਪੇਖ ’ਚ ਦੇਖਣ ਤੋਂ ਪਤਾ ਚਲਦਾ ਹੈ ਕਿ ‘ਜਪੁਜੀ ਸਾਹਿਬ’ ਵਿਚ ਜਿੱਥੇ ਇਸ ਦੀਆਂ ਇਕਾਈਆਂ ਸੂਤਰ ਵਜੋਂ ਪ੍ਰਸਤੁਤ ਕੀਤੀਆਂ ਗਈਆਂ ਹਨ, ਉੱਥੇ ਜਾਪੁ ਸਾਹਿਬ ਵਿਚ ਇਕ-ਇਕ ਇਕਾਈ ਨੂੰ ਵੱਖ-ਵੱਖ ਪ੍ਰਸੰਗਾਂ ਦੁਆਰਾ ਵਰਣਨਾਤਮਕ ਰੂਪ ’ਚ ਪੇਸ਼ ਕੀਤਾ ਗਿਆ ਹੈ।
III. ਜਪੁਜੀ ਸਾਹਿਬ ਅਤੇ ਜਾਪੁ ਸਾਹਿਬ ਸਮਾਨ ਅੋਰਥੋਗਰਾਫ਼ੀ (ਗੁਰਮੁਖੀ) ਦੁਆਰਾ ਸੰਚਾਰਿਤ ਦੋ ਬਾਣੀਆਂ ਹਨ। ਇਨ੍ਹਾਂ ਦੋਵਾਂ ਦੇ ਪ੍ਰਗਟਾਵੇ ਦੇ ਮਾਧਿਅਮ ਲਈ ਵਰਤੇ ਗਏ ਵਿਧਾ ਰੂਪ ਵੀ ਵੱਖੋ-ਵੱਖਰੇ ਹਨ। ‘ਜਪੁਜੀ ਸਾਹਿਬ’ ਨੂੰ ਜਿੱਥੇ ਪਉੜੀ ਅਤੇ ਸਲੋਕ ਕਾਵਿ-ਰੂਪ ’ਚ ਪੇਸ਼ ਕੀਤਾ ਗਿਆ ਹੈ, ਉੱਥੇ ‘ਜਾਪੁ ਸਾਹਿਬ’ ਦਾ ਪ੍ਰਗਟਾਵਾ ਛੰਦ-ਬੱਧ ਰਚਨਾ ਦੇ ਰੂਪ ’ਚ ਹੋਇਆ ਮਿਲਦਾ ਹੈ। ਪਰ ਇਹ ਦੋਵੇਂ ਬਾਣੀਆਂ ਸਿੱਖ ਧਰਮ ਅਤੇ ਅਧਿਆਤਮਕਤਾ ਨੂੰ ਦੋ ਵੱਖੋ-ਵੱਖਰੇ ਕਾਲਾਂ ਅਤੇ ਪੱਧਰਾਂ ’ਤੇ ਅੰਕਿਤ ਕਰਦੀਆਂ ਹਨ। ਜਪੁਜੀ ਸਾਹਿਬ ਦਾ ਰਚਨਾ ਕਾਲ 1469--1539 ਈ. ਅਤੇ ਜਾਪੁ ਸਾਹਿਬ ਦਾ 1666 ਤੋਂ 1708 ਈ. ਦੇ ਦਰਮਿਆਨ ਦਾ ਬਣਦਾ ਹੈ। ਇਹ ਦੋਵੇਂ ਬਾਣੀਆਂ ਸਿੱਖ ਧਰਮ ਦੇ ‘ਸਿਧਾਂਤਕ’ ਅਤੇ ‘ਵਿਹਾਰਕ’ ਦੋਵਾਂ ਪੱਖਾਂ ਨੂੰ ਸਾਕਾਰ ਕਰਦੀਆਂ ਹਨ।
IV. ਮੂਲ ਮੰਤਰ ਦੀਆਂ ਸੂਤਰਿਕ ਇਕਾਈਆਂ (ੴ, ਸਤਿਨਾਮ, ਕਰਤਾ ਪੁਰਖ, ਨਿਰਭਾਉ, ਨਿਰਵੈਰ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰਪ੍ਰਸਾਦਿ) ਦੇ ਜਾਪੁ ਸਾਹਿਬ ਵਿਚਲੇ ਵਰਣਨਾਤਮਿਕ ਪ੍ਰਸੰਗਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਦੋਵੇਂ ਬਾਣੀਆਂ ‘ੴ’ ਦੀ ਸੰਕਲਪਾਤਮਿਕਤਾ ਤੇ ਸੰਚਾਰਾਤਮਕਤਾ ਲਈ ਸਮਾਨ ਭਾਵਾਂ ਵਾਲੇ ਪ੍ਰਵਚਨ ਸਿਰਜਦੀਆਂ ਹਨ। ਜਪੁਜੀ ਸਾਹਿਬ ਦੀ ਬਾਣੀ ਗੁਰੂ ਨਾਨਕ ਸਾਹਿਬ ਦੇ ਅਧਿਆਤਮਕ ਅਵਲੋਕਨ ਦਾ ਇਲਹਾਮੀ ਪ੍ਰਵਚਨ ਸਿਰਜਦੀ ਹੈ। ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਜਾਪੁ ਸਾਹਿਬ ਵਿਚ ਮੂਲ ਮੰਤਰ ਦੀਆਂ ਇਕਾਈਆਂ ਨੂੰ ਨਵ-ਸਿਰਜਤ ਪ੍ਰਸੰਗਾਂ (ਨਮਸਤੰ ਸੁ ਏਕੋ, ਓਅੰਕਾਰ ਆਦਿ, ਸਦੈਵੇ ਸਰੂਪ ਹੈ, ਸਰਬੰ ਕਰਤਾ ਜਾਂ ਜਗ ਕੇ ਕਰਣ ਹੈ, ਪੂਰਨ ਪੁਰਖ ਜਾਂ ਏਕ ਪੁਰਖ ਜਾਂ ਅਪਾਰ ਪੁਰਖ, ਅਨਭਉ ਜਾਂ ਅਭੈ, ਨ ਸਤ੍ਰੈ, ਅਕਾਲੇ, ਅਨਾਦਿ ਮੂਰਤਿ, ਅਜੋਨਿ ਪੁਰਖ ਅਪਾਰ, ਸੁਯੰਭਵ) ਵਿਚ ਵਰਤ ਕੇ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਅਧਿਆਤਮਕ ਸੰਚਾਰ ਦੀ ਪਰੰਪਰਾ ਦੀ ਨਾ-ਸਿਰਫ਼ ਪੁਨਰ ਉਕਤੀ ਕਰਦੇ ਹਨ, ਬਲਕਿ ਇਸ ਨੂੰ ਵਿਹਾਰਕ ਵਿਸਥਾਰ ਵੀ ਬਖ਼ਸ਼ਦੇ ਹਨ। ਉਹ ਤਤਕਾਲਿਕ ਸਮਾਜਿਕ ਪ੍ਰਸਥਿਤੀਆਂ ਦੇ ਪ੍ਰਸੰਗ ਵਿਚ ਗੁਰੂ ਨਾਨਕ ਸਾਹਿਬ ਦੁਆਰਾ ਬਖ਼ਸ਼ੇ ‘ਸਦੀਵੀਂ ਸੱਚ’ ਦੀ ਸੋਚ ਦੇ ਸੰਚਾਰ ਲਈ ਜਾਪੁ ਸਾਹਿਬ ਦੇ ਰੂਪ ਵਿਚ ਪੁਨਰ-ਸੁਰਜੀਤੀ ਦਾ ਪ੍ਰਵਚਨ ਸਿਰਜਦੇ ਹਨ।
V. ਜਪੁਜੀ ਸਾਹਿਬ ਅਜਿਹੀ ਬਾਣੀ ਹੈ, ਜਿਸ ਵਿਚ ਸੂਤਰਾਤਮਿਕ ਮੂਲ ਮੰਤਰ ਮਗਰੋਂ ਵਿਆਖਿਆਤਮਕ ਪਉੜੀਆਂ ਵਾਲੇ ਪਾਠ ਦਾ ਪ੍ਰਵਾਹ ਹੈ। ਇਸ ਦੇ ਅੰਤ ’ਤੇ ਇਹ ਸਲੋਕ ਹੈ। ਪਾਠ ਦੇ ਪ੍ਰਵਾਹ ਵਿਚ ਸੋਚ, ਚੁੱਪ, ਭੁੱਖ, ਸਿਆਣਪ ਦੇ ਪਰਿਪੇਖ ਵਿਚ ‘ਕਿਵ ਸਚਿਆਰਾ ਹੋਈਐ’ ਨੂੰ ਅਕਾਲ ਪੁਰਖ ਦੇ ਹੁਕਮ ਤੇ ਰਜ਼ਾ ਦ ਪ੍ਰਸੰਗ ਵਿਚ ਪੇਸ਼ ਕੀਤਾ ਗਿਆ ਹੈ। ਸੱਚੇ ਸਾਹਿਬ ਦੇ ਹੁਕਮ ਵਿਚ ਵਿਚਰਣ ਵਾਲੀ ਉਸ ਦੀ ਸਿਰਜਣਾ ਗਾਵੈ, ਆਖਹਿ, ਤੀਰਕ ਨਾਵੈ, ਸੁਣਿਐ, ਮੰਨੇ ਆਦਿ ਪ੍ਰਕਿਰਿਆਵਾਂ ਦੇ ਪਰਿਪੇਖ ਵਿਚ ਸਦੀਵੀਂ ਸੱਚ ‘ਅਕਾਲ ਪੁਰਖ’ ਦੀ ਉਸਤਤਿ ਕਰਦੀ ਹੈ। ਅਸੰਖ ਪ੍ਰਕਾਰ ਦੇ ਅਨੁਸ਼ਠਾਨੀ ਕਰਮ—ਕਾਂਡ ਤੀਰਕ ਇਸ਼ਨਾਨਾਂ ਦਾ ਪਰਪੰਚ, ‘ਨਾਵੈ ਕੇ ਰੰਗ’, ‘ਹੁਕਮ ਅਤੇ ਉਸਦੀ ਰਜ਼ਾ ਦੇ ਸਾਹਮਣੇ ਅਰਥਹੀਣ ਜਾਪਦੇ ਹਨ। ਵੱਡੇ ਸਾਹਿਬ (ਅਕਾਲ ਪੁਰਖ) ਨੂੰ ਜਾਣਨ ਲਈ ਵੀ ਤਾਂ ਉਸ ਜਿੰਨਾਂ ਵੱਡਾ ਹੋਣਾ ਪੈਂਦਾ ਹੈ ਅਤੇ ਅਜਿਹਾ ਉੱਚਾ ਸਥਾਨ ਉਹ ਵਿਅਕਤੀ ਹੀ ਪ੍ਰਾਪਤ ਕਰ ਸਕਦਾ ਹੈ, ਜਿਸ ਨੂੰ ਉਹ ਪਾਤਿਸ਼ਾਹ ਆਪ ਆਪਣੀ ਸਿਫ਼ਤਿ-ਸਾਲਾਹ ਦੁਆਰਾ ਬਖ਼ਸਿਸ਼ ਕਰੇ। ਉਸ ਅਮੁੱਲ ਦੇ ਗੁਣ ਆਖੇ ਨਹੀਂ ਜਾ ਸਕਦੇ, ਉਸ ਦੇ ਗੁਣਾਂ ਨੂੰ ਆਖਣ ਤੇ ਗਾਉਣ ਵਾਲੇ ਉਹ ਹੀ ਸਫ਼ਲ ਹੁੰਦੇ ਹਨ, ਜਿਹੜੇ ਉਸਨੂੰ ਭਾਉਂਦੇ ਹਨ ਜਾਂ ਪ੍ਰਵਾਨ ਹੁੰਦੇ ਹਨ। ਯੁੱਗਾਂ ਦੇ ਕਾਲ-ਚੱਕਰ ਤੋਂ ਉਹ ਆਪ ਇਕੋ ਹਸਤੀ ਹੀ ਮੁਕਤ ਹੈ। ਇਸ ਲਈ ਉਹ ‘ਜੁਗ਼ੁ ਜੁਗ਼ੁ ਏਕੋ ਵੇਸੁ’ ਵਿਚ ਰਹਿੰਦਾ ਹੈ। ਉਸ ਅੱਗੇ ਕਿਸੇ ਦਾ ਜ਼ੋਰ ਨਹੀਂ। ਧਰਮ, ਗਿਆਨ ਦਾ ਅਧਾਰ ਬਣਦਾ ਹੈ। ਗਿਆਨ ਦਾ ਸਰੋਤ, ਸਰਮ ਖੰਡ ਵਿਚ ਬਾਣੀ-ਰੂਪ ਸੂਰਤ ਰਾਹੀਂ ਮੱਤ, ਮਨ, ਬੁੱਧ ਤੇ ਸੁਧ ਨੂੰ ਘੜਦਾ ਹੈ। ਇਸ ਤਰ੍ਹਾਂ ਘੜੀ ਗਈ ਸੁਰਤ ਦੁਆਰਾ ਕਰਮ ਖੰਡ ਵਿਚ ‘ਬਾਣੀ ਦੇ ਜ਼ੋਰ’ ਨਾਲ ਪ੍ਰਕਾਸ਼ ਹੁੰਦਾ ਹੈ ਕਿ ਉਹ ‘ਇਕ’ ਅਕਾਲ ਪੁਰਖ ਤੋਂ ਬਿਨਾਂ ‘ਹੋਰ ਨ ਕੋਈ ਹੋਰ’ ਹੈ। ਸੱਚਖੰਡ ਵਿਚ ਵੱਸਦਾ ਨਿਰੰਕਾਰ ਤਾਂ ਆਪਣੀ ਸਿਰਜਣਾ ਨੂੰ ਵੇਖ ਕੇ ਨਿਹਾਰ ਹੁੰਦਾ ਹੈ, ਪਰ ਮਨੁੱਖ ਨੂੰ ‘ਸ਼ਬਦ’ ਰਾਹੀਂ ਇਸ ਦੀ ਸੁਰਤ ਪ੍ਰਾਪਤ ਕਰਨ ਲਈ ਸੱਚੀ ਟਕਸਾਲ ਵਿਚ ਘੜੇ ‘ਸ਼ਬਦ’ ਰਾਹੀਂ ਇਸ ਦੀ ਸੁਰਤ ਪ੍ਰਾਪਤ ਕਰਨ ਲਈ ਸੱਚੀ ਟਕਸਾਲ ਵਿਚ ਘੜੇ ‘ਸ਼ਬਦ’ ਨੂੰ ਪਥ-ਪ੍ਰਦਰਸ਼ਕ ਬਣਾਉਣਾ ਪੈਂਦਾ ਹੈ। ਜਿਹੜੇ ਮਨੁੱਖ ‘ਸ਼ਬਦ’ ਨੂੰ ਗੁਰੂ ਧਾਰਨ ਕਰਕੇ ਨਾਮ ਧਿਆਉਂਦੇ ਹਨ, ਉਨ੍ਹਾਂ ਦੇ ਮੁਖ ਉਜਲੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਪਦਾਰਥਕ ਅਤੇ ਸੰਕਲਪਿਕ ਬੰਧਨਾਂ ਤੋਂ ਮੁਕਤੀ ਦੀ ਸੁਰਤ ਪ੍ਰਾਪਤ ਹੁੰਦੀ ਹੈ।
VI. ਜਪੁਜੀ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਦੀ ਉਸਤਤਿ ਲਈ ਇਕ ਵਿਰਾਟ ਸਿਧਾਂਤਕ ਚੇਤਨਾ ਬਖ਼ਸਦੇ ਹਨ। ਉਹ ਇਕ ਪਾਸੇ ਅਕਾਲ ਪੁਰਖ ਨੂੰ ਸਿੱਧਾ ਸੰਬੋਧਿਤ ਹੁੰਦੇ ਹਨ (ਗਾਵਨਿ ਤੁਧਨੋ) ਅਤੇ ਦੂਜੇ ਪਾਸੇ ਮਨੁੱਖ ਨੂੰ (ਸੋਚੈ ਸੋਚ ਨ ਹੋਵਈ)। ਮਾਨਵੀ ਚੇਤਨਾ, ਪਰੰਪਰਾ, ਵਿਹਾਰ, ਧਰਮ ਅਤੇ ਮਿਥਿਹਾਸ ਦੇ ਸਾਰੇ ਪਰਪੰਚਾਂ, ਸੰਕਲਪਾਂ ਅਤੇ ਪ੍ਰਕਿਰਿਆਵਾਂ ਦੇ ਪਰਿਪੇਖ ਵਿਚ ਉਹ ‘ਸ਼ਬਦ-ਸਭਿਆਚਾਰ’ ਅਤੇ ‘ਨਾਮ-ਸਿਮਰਨ’ ਦੀ ਸਰਵ-ਉੱਚਤਾ ਨੂੰ ਉਜਾਗਰ ਕਰਦੇ ਹਨ। ਜਪੁਜੀ ਸਾਹਿਬ ਦੀ ਇਸ ਸਿਧਾਂਤਕ ਵਿਰਾਟਤਾ ਦੇ ਪਰਿਪੇਖ ’ਚ ਜਾਪੁ ਸਾਹਿਬ ਵਿਚ ਗੁਰੂ ਗੋਬਿੰਦ ਸਿੰਘ ਜੀ ਸਮੁੱਚੇ ਪਾਠ ਵਿਚ ਕੇਵਲ ਅਕਾਲ ਪੁਰਖ ਨੂੰ ਸੰਬੋਧਿਤ ਰਹਿੰਦੇ ਹਨ। ‘ਜਪਣ’ ਦੀ ਕਿਰਿਆ ਵਿਚ ਸਾਧਕ, ਸਿਧਾਂਤ ਅਤੇ ਸੇਧ ਦੇਣ ਵਾਲਾ ਤਿੰਨੇ ਸ਼ਾਮਲ ਹੁੰਦੇ ਹਨ। ਇਸ ਲਈ ‘ਜਪੁਜੀ ਸਾਹਿਬ’ ਦੇ ਪਾਠ ਵਿਚ ‘ਮਨੁੱਖ’ (ਪਾਠੀ), ‘ਅਕਾਲ ਪੁਰਖ ਦੀ ਉਸਤਤਿ’ (ਬਾਣੀ) ਅਤੇ ‘ਗੁਰੂ ਸਾਹਿਬ’ (ਬਾਣੀਕਾਰ) ਸ਼ਾਮਿਲ ਹਨ। ‘ਜਾਪੁ’ ਕਿਰਿਆ ਦੇ ਸਨਮੁੱਖ ਨਾਂਵੀ-ਰੂਪ ਵਿਚ ਜਾਪ ਜਪਣ ਵਾਲੇ (ਮਨੁੱਖ) ਅਤੇ ਜਪਾਉਣ ਵਾਲੇ (ਅਕਾਲ ਪੁਰਖ) ਨੂੰ ਪ੍ਰਤੀਬਿੰਬਤ ਕਰਦਾ ਹੈ। ਇਸ ਲਈ ਜਾਪੁ ਸਾਹਿਬ ਵਿਚ ਗੁਰੂ ਗੋਬਿੰਦ ਸਿੰਘ (ਬਾਣੀਕਾਰ ਦੇ ਰੂਪ ਵਿਚ) ਆਪ ਅਤੇ ਇਸ ਪਾਠ ਨੂੰ ਪੜ੍ਹਨ ਵਾਲਾ (ਪਾਠੀ) ‘ਤ੍ਵ’, ‘ਤੂੰ’ ਸੰਬੋਧਨਾਂ ਰਾਹੀਂ ਅਕਾਲ ਪੁਰਖ ਨੂੰ ਸਿੱਧਾ ਸੰਬੋਧਿਤ ਹੁੰਦੇ ਹਨ। ਜਾਪੁ ਸਾਹਿਬ ਦੇ ਦੋ ਸਪੱਸ਼ਟ ਭਾਗ ਹਨ: ਪਹਿਲਾਂ ‘ਛਪੈ ਛੰਦ’ ਅਤੇ ਦੂਜਾ ਬਾਕੀ ਸਾਰਾ ਪਾਠ(198 ਬੰਦ)। ਪਹਿਲੇ ਛੰਦ ਵਿਚ ਅਕਾਲ ਪੁਰਖ ਦੀ ਉਸਤਤਿ ਲਈ ਜਾਪੁ ਸਾਹਿਬ ਦੇ ਪਾਠ ਵਾਂਗ ਵਿਆਖਿਆਤਮਕ ਪ੍ਰਵਚਨ ਸਿਰਜਿਆ ਗਿਆ ਹੈ, ਜਦਕਿ ਬਾਕੀ ਸਾਰਾ ਪਾਠ ਮੂਲ ਮੰਤਰ ਦੀ ਸੇਧ ’ਤੇ ਵਰਣਾਤਮਕ ਪ੍ਰਵਚਨ ਹੈ। ਪਹਿਲੇ ਛੰਦ ਵਿਚ ‘ਕਹਿ’, ‘ਕਹਿਜੈ’, ‘ਕਥੈ’, ‘ਬਰਣਤ’ ਆਦਿ ਕਿਰਿਆਵਾਂ ਨੂੰ ਭਾਵ ਪੱਧਰ ’ਤੇ ਜਪੁਜੀ ਸਾਹਿਬ ਵਿਚਲੇ ‘ਗਾਵਹਿ’, ‘ਕਥ’, ‘ਆਖਹਿ’ ਕਿਰਿਆਵਾਂ ਦੇ ਪਰਿਪੇਖ ਨਾਲ ਸੰਬੰਧਿਤ ਕਰਕੇ ਵੇਖਿਆ ਜਾ ਸਕਦਾ ਹੈ, ਪਰ ਜਾਪੁ ਸਾਹਿਬ ਦੇ ਬਾਕੀ ਸਾਰੇ ਪਾਠ ਵਿਚ ਅਕਾਲ ਪੁਰਖ ਨੂੰ ਸਿੱਧਾ ਸੰਬੋਧਿਤ ਹੋ ਕੇ ਨਾਵਾਂ, ਵਿਸ਼ੇਸ਼ਣਾਂ ਅਤੇ ਵਿਸ਼ੇਸ਼ਣੀ-ਨਾਵਾਂ ਦੁਆਰਾ ਵਰਣਨਾਤਮਕ ਪ੍ਰਵਚਨ ਸਿਰਜਿਆ ਗਿਆ ਹੈ।
ਹਵਾਲੇ
1. ਰਤਨ ਸਿੰਘ ਜੱਗੀ, ਸਾਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪੰਨਾ 671.
2. ਭਾਈ ਕਾਨ੍ਹ ਸਿੰਘ ਨਾਭਾ, ਗੁਰਸ਼ਬਦ ਰਤਨਾਕਰ ਮਹਾਨ ਕੋਸ਼, ਪੰਨਾ 172.
3. ਸਾਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪੰਨਾ 239.
4. Sir Johnwoodraff, Shakti and Shakte, p. 434.
5. Kemmeth W. Margon (ed.), The religion of the Hindus, p. 171.
6. ਪੰਡਿਤ ਨਰੈਣ ਸਿੰਘ, ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਸਟੀਕ (ਪਹਿਲੀ), ਪੰਨਾ 3.