(Read this article in English)
ਇੰਦੌਰ, ਮੱਧ ਪ੍ਰਦੇਸ - ਇੰਦੌਰ ਦੇ ਸਿੱਖ ਸਮਾਜ ਵਿਚ ਦੇਰ ਰਾਤ ਉਸ ਸਮੇਂ ਖਲਬਲੀ ਮੱਚ ਗਈ ਜਦੋਂ ਇੰਦੌਰ ਵਿਖੇ ਆਰ. ਐਸ. ਐਸ. ਨਾਲ ਜੁੜੇ ਇਕ ਪੇਸ਼ੇਵਰ ਬਦਮਾਸ਼ ਤਰਵਿੰਦਰ ਉਰਫ ਸੱਤਾ ਨੇ ਪੰਥਕ ਡਾਟ ਆਰਗ (Panthic.org) ਵੈਬਸਾਈਟ ਦੇ ਸੀਨੀਅਰ ਸੰਪਾਦਕ ਭਾਈ ਰਤਿੰਦਰ ਸਿੰਘ ਤੇ ਉਹਨਾਂ ਦੇ ਘਰ ਵੜ੍ਹ ਕੇ ਕਾਤਲਾਨਾ ਹਮਲਾ ਕਰ ਦਿੱਤਾ। ਹਮਲੇ ਦੀ ਖਬਰ ਮਿਲਦਿਆਂ ਹੀ ਇੰਦੌਰ ਤੋਂ ਬਹੁਤ ਸਾਰੇ ਸਥਾਨਿਕ ਸਿੰਘ ਥਾਣਾ ਮਲਹਾਰ ਗੰਜ ਵਿਖੇ ਇਕੱਤਰ ਹੋ ਗਏ। ਫੱਟੜ ਹਾਲਤ ਵਿਚ ਭਾਈ ਰਤਿੰਦਰ ਸਿੰਘ ਨੂੰ ਐਫ.ਆਈ.ਆਰ. ਦਰਜ਼ ਕਰਵਾਉਣ ਲਈ ਸਥਾਨਿਕ ਸਿੰਘਾਂ ਵਲੋਂ ਲੈ ਕੇ ਜਾਇਆ ਗਿਆ।
ਇੰਦੌਰ ਤੋਂ ਸ਼ਾਹਿਬਾਜ਼ ਖਾਲਸਾ ਜਥੇਬੰਦੀ ਦੇ ਭਾਈ ਦਿਲਰਾਜ ਸਿੰਘ, ਭਾਈ ਅਵਨੀਤ ਸਿੰਘ ਅਤੇ ਭਾਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਪਰੋਕਤ ਤਰਵਿੰਦਰ ਸੱਤੇ ਵਲੋਂ ਅੱਜ ਤੋਂ ਤਿੰਨ ਵਰੇ ਪਹਿਲਾ ਭਾਈ ਰਤਿੰਦਰ ਸਿੰਘ ਤੇ ਕਾਤਲਾਨਾ ਹਮਲਾ ਉਸ ਵਕਤ ਕੀਤਾ ਗਿਆ ਸੀ, ਜਦ ਉਹ ਸ਼ਹੀਦ ਭਗਤ ਸਿੰਘ ਜੀ ਦੀ ਜਨਮ ਸ਼ਤਾਬਦੀ ਮਾਰਚ ੨੦੦੭ ਵਿਚ ਭਗਤ ਸਿੰਘ ਦੀ ਪੱਗ ਵਾਲੀ ਫੋਟੋ ਦਾ ਪ੍ਰਚਾਰ ਕਰਨ ਦੀ ਗੱਲ ਕਰ ਰਹੇ ਸਨ। ਉਸ ਵਕਤ ਇੰਦੌਰ ਦੇ ਭਾਜਪਾ ਦੇ ਸ਼ਹਿਰੀ ਪ੍ਰਧਾਨ ਸੁਦਰਸ਼ਨ ਗੁਪਤਾ ਨਾਲ ਭਾਈ ਰਤਿੰਦਰ ਸਿੰਘ ਤੇ ਸ਼ਹਿਬਾਜ਼ ਖਾਲਸਾ ਦੇ ਸਿੰਘਾਂ ਨਾਲ ਤਿੱਖੀ ਝੜਪ ਹੋਈ ਸੀ। ਜਿਸ ਦੇ ਪ੍ਰਤੀਕਰਮ ਵਜੋਂ ਆਰ. ਐਸ. ਐਸ. ਵਲੋਂ ਪੇਸ਼ੇਵਰ ਗੁੰਡੇ ਤਰਵਿੰਦਰ ਸੱਤੇ ਨੂੰ ਅੱਗੇ ਲਾ ਕੇ ਭਾਈ ਰਤਿੰਦਰ ਸਿੰਘ ਤੇ ਹਮਲਾ ਕਰਵਾਇਆ ਗਿਆ। ਉਸ ਵੇਲੇ ਸਥਾਨਕ ਸੰਗਤ ਵਲੋਂ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਵੀ ਪੁਲਿਸ ਨੇ ਇਸ ਗੁੰਡੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।
ਤਾਜ਼ਾ ਹਮਲੇ ਵਿਚ ਸੱਤੇ ਦੁਆਰਾ ੧੪ ਜੁਲਾਈ ਰਾਤ ਸਾਢੇ ਗਿਆਰਾ ਵਜੇ ਭਾਈ ਰਤਿੰਦਰ ਸਿੰਘ ਦੇ ਘਰ ਦਾ ਦਰਵਾਜ਼ਾ ਤੋੜ ਕੇ ਖੁਖਰੀ ਨਾਲ ਉਹਨਾਂ ਤੇ ਹਮਲਾ ਕੀਤਾ, ਇਸ ਦੌਰਾਨ ਅਨੇਕਾਂ ਵਾਰ ਪੁਲਿਸ ਨੂੰ ਫ਼ੋਨ ਕਰ ਕੇ ਬੁਲਾਇਆ ਗਿਆ, ਪਰ ਪੁਲਿਸ ਮੌਕੇ ਤੇ ਨਹੀਂ ਪੁੱਜੀ। ਬਾਅਦ ਵਿਚ ਸਥਾਨਕ ਪੱਤਰਕਾਰਾਂ ਦੁਆਰਾ ਦਬਾਅ ਪਾਏ ਜਾਣ ਤੇ ਪੁਲਿਸ ਨੇ ਐਫ.ਆਈ.ਆਰ. ਦਰਜ਼ ਕਰ ਕੇ ਦੇਰ ਰਾਤ ਹਮਲਾਵਰ ਗੁੰਡੇ ਨੂੰ ਗ੍ਰਿਫਤਾਰ ਕਰ ਲਿਆ।
ਤਾਜ਼ਾ ਹਮਲੇ ਪਿਛੇ ਇੰਦੌਰ ਦੀਆਂ ਸੰਗਤਾਂ ਵਲੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਹਮਲਾ, ਪਿਛਲੇ ਦਿਨੀ ਇੰਦੌਰ ਵਿਖੇ ਸ਼ਹਿਬਾਜ਼ ਖਾਲਸਾ ਵਲੋਂ ਚਮਨਲਾਲ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਦਾ ਸਿੱਟਾ ਹੋ ਸਕਦਾ ਹੈ। ਹਮਲੇ ਤੋਂ ਕੁਝ ਚਿਰ ਪਹਿਲਾ ਅਤੇ ਬਾਅਦ ਵੀ ਇਸ ਸੱਤੇ ਨਾਂ ਦੇ ਗੁੰਡੇ ਵਲੋਂ ਪੰਜਾਬ ਵਿਚ ਕੁਝ ਲੋਕਾਂ ਨੂੰ ਫੁਨ ਕਾਲ ਕੀਤੇ ਗਏ ਸਨ। ਉਸ ਦੇ ਮੋਬਾਇਲ ਫੁਨ ਵਿਚੋਂ ਕੀਤੇ ਗਏ ਕਾਲਾਂ ਦੀ ਜਾਚ ਕਰਨ ਵਿਚ ਪੁਲਿਸ ਕੋਈ ਰੁਚੀ ਨਹੀਂ ਪ੍ਰਗਟਾਅ ਰਹੀ। ਇਸ ਦੇ ਚਲਦਿਆਂ ਦਰਜ਼ ਕੀਤੀ ਐਫ.ਆਈ.ਆਰ. ਨੂੰ ਮਾਤਰ ਇਕ ਖਾਨਾ ਪੂਰਤੀ ਹੀ ਸਮਝਿਆ ਜਾ ਰਿਹਾ ਹੈ। ਪੇਸ਼ੇਵਰ ਗੁੰਡੇ ਸੱਤੇ ਦੇ ਖਿਲਾਫ ਇੰਦੌਰ ਦੇ ਵੱਖ-੨ ਥਾਣਿਆਂ ਵਿਚ ਇਕ ਦਰਜ਼ਨ ਤੋਂ ਵੱਧ ਮਾਮਲੇ ਦਰਜ਼ ਹਨ ਅਤੇ ਇਸ ਤੋਂ ਪਹਿਲਾਂ ਵੀ ਉਸ ਨੂੰ ਕਈ ਮਾਮਲਿਆਂ ਵਿਚ ਸਜ਼ਾ ਹੋ ਚੁੱਕੀ ਹੈ। ਲੇਕਿਨ ਉਸ ਦੀ ਸਿਆਸੀ ਪਹੁੰਚ ਦੇ ਚਲਦਿਆਂ ਪੁਲਿਸ ਦੁਆਰਾ ਉਸ ਦੇ ਵਿਰੁੱਧ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਭਾਈ ਰਤਿੰਦਰ ਸਿੰਘ ਦੇਰ ਰਾਤ ਹਸਪਤਾਲ ਇਲਾਜ਼ ਉਪਰੰਤ ਤੋਂ ਅਰਾਮ ਦੀ ਸਲਾਹ ਦੇ ਕੇ ਡਾਕਟਰਾਂ ਵਲੋਂ ਛੁੱਟੀ ਦੇ ਦਿੱਤੀ ਗਈ।