ਕਰੇ ਕੋਟ ਕੋਊ ਧਰੇ ਕੋਟ ਓਟੰ ॥ ਬਚੈਗੋ ਨ ਕਿਉਹੂੰ ਕਰੈ ਕਾਲ ਚੋਟੰ ॥
ਲਿਖੰ ਜੰਤ੍ਰ ਕੇਤੇ ਪੜ੍ੰਹ ਮੰਤ੍ਰ ਕੋਟੰ ॥ ਬਿਨਾ ਸਰਨ ਤਾਂ ਕੀ ਨਹੀ ਐੰਰ ਓਟੰ ॥ 61॥
ਨਵਜੋਤ ਸਿੱਧੂ ਵਲੋਂ ਕੀਤੇ ਹਵਨ ਦੇ ਧੂਏਂ ਨੇ ਪੰਥ ਦੀਆਂ ਨਾਸਾਂ ਵਿਚ ਕਾਫੀ ਰੜਕ ਪੈਦਾ ਕੀਤੀ ਹੈ।
ਸਿਰਦਾਰ ਕਪੂਰ ਸਿੰਘ, ਸਿਰੜੀ, ਦ੍ਰਿੜ, ਮੂੰਹਫਟ, ਪੰਥਕ ਵਿਦਵਾਨ ਨੂੰ ਕਿਸੇ ਨੇ ਆ ਕੇ ਕਿਹਾ ਕਿ ਫਲਾਣਾ ਸਿੰਘ ਲੰਗਰ ਵਿਚੋਂ ਘਿਉ ਖਾ ਗਿਆ ਹੈ। ਸਿਰਦਾਰ ਸਾਹਿਬ ਦਾ ਜਵਾਬ ਸੀ, ਚਲ ਖਾਧਾ ਹੀ ਹੈ ਨਾਂ, ਬੇਫਕੂਫ ਨੇ ਅੱਗ ਵਿਚ ਤੇ ਨਹੀਂ ਨਾ ਸਾੜਿਆ।
ਸਿੰਘ ਸਭਾ ਲਹਿਰ ਦੀ ਸ਼ੁਰੁਆਤ ਦਾ ਕਾਰਣ ਵੀ ਲਾਹੋਰ ਸ਼ਹਿਰ ਵਿਚ ਆਰਯਾ ਸਮਾਜੀਆਂ ਦਾ ‘ਸ਼ੁਧੀਕਰਣ’ ਪਰੋਗਰਾਮ ਸੀ। ਇਸ ਦਾ ਮਕਸਦ ਵੀ ਅੱਜ ਦੀ ਤਰ੍ਹਾਂ ਸਿੱਖਾਂ ਨੂੰ ਪਤਿਤ ਕਰਨਾ ਸੀ । ਇਸ ਦੇ ਨਾਮ ਥੱਲੇ ਤਿੰਨ ਸਿੱਖ ਨੌਜਵਾਨਾਂ ਦੇ ਸ਼ਰੇਆਮ ਕੇਸ ਕਤਲ ਕਰਨ ਦਾ ਪਰੋਗਰਾਮ ਉਲੀਕਿਆ ਗਿਆ। ਸਾਰੇ ਸਿੱਖ ਜਗਤ ਵਿਚ ਇਸ ਦਾ ਇਤਨਾ ਤਿਖਾ ਪ੍ਰਤਕਿਰਮ ਹੋਇਆ ਕਿ ਜਾਗਰਤੀ ਅਤੇ ਵਿਰਸੇ ਪ੍ਰਤੀ ਚੇਤੰਨਤਾ ਦਾ ਭਾਂਬੜ ਬਲ ਉਠਿਆ।
ਅੱਜ ਵੀ ਭਾਵੇਂ ਭੇਖੀ ਹੀ ਸਹੀ ਪਰ ਕਿਸੇ ਪਗੜੀ ਧਾਰੀ ਸਿਖ ਦਾ ਧੋਤੀ ਪਾ ਕੇ ਸ਼ਰੇ ਆਮ ਹਵਨ ਕਰਨਾ, ਤਿਲਕ ਲਵਾਣੇ, ਜੰਞੂ ਪਾਣੇ ਆਦਿ ਕਿਸੇ ਮਜ਼ਾਹੀਆ ਜਾਂ ‘ਲਾਫਟਰ ਚੈਨਲ’ ਵਿਚ ਭੰਡ-ਮਰਾਸੀਆਂ ਦਾ ਵਧੀਆ ਪਰੋਗਰਾਮ ਤਾਂ ਹੋ ਸਕਦਾ ਹੈ ਪਰ ਯਕੀਨਨ ਇਹ ਸਿਖ ਪੰਥ ਅਤੇ ਇਸ ਦੀ ਪੰਥਕ ਮਰਯਾਦਾ ਨੂੰ ਸਿੱਧਾ ਚੈਲੰਜ ਹੈ। ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਦਾ ਕਥਨ ਹੈ,
ਜੋ ਸਿਖ ਗਲ ਮਹਿ ਤਾਗਾ ਮੇਲੈ। ਚੌਪੜ ਬਾਜ਼ੀ ਗਨਿਕਾ ਖੇਲੈ।4।
ਜਨਮ ਸੁਆਨ ਪਾਵੇਗਾ ਕੋਟ। ਬੀਜਿਉ ਹਾਥ ਬੁਰਾ ਉਸ ਕੋਟ।
ਗੁਰੁੂ ਨਾਨਕ ਸਾਹਿਬ ਦਾ ਵੀ ਜਿਸ ਸਮੇਂ ਹਿੰਦੂ ਰੀਤੀ ਦੇ ਦਵਿਜ ਜਨਮ ਸੰਸਕਾਰ ਵਿਧੀ ਅਨੁਸਾਰ ਯਗਯੋਪਵੀਤ ਹੋਣਾ ਸੀ ਤਾਂ ਉਸ ਲਈ ਪੂਰੀ ਤਿਆਰੀ ਕਰ ਲਈ ਗਈ। ਵੇਦੀ ਗੱਡ ਦਿੱਤੀ ਗਈ। ਆਹੂਤੀ ਲਈ ਹਵਨ ਕੁੰਡ ਤਿਆਰ ਹੋ ਗਿਆ।ਬਰਾਦਰੀ ਜੁੜ ਗਈ। ਨੋਬਤ ਸ਼ਹਿਨਾਈ ਵੱਜਣੀ ਪ੍ਰਾਰੰਭ ਹੋ ਗਈ। ਮਹਿਮਾਨ ਨਿਵਾਜ਼ੀ ਲਈ ਸਾਰੇ ਪਦਾਰਥ ਤਿਆਰ ਕਰ ਲਏ ਗਏ। ਭਜਨ ਅਤੇ ਭੋਜਨ ਦਾ ਪੂਰਾ ਪ੍ਰਬੰਧ ਹੋ ਗਿਆ। ਮੰਤ੍ਰੋ-ਉਚਾਰਣ ਆਰੰਭ ਹੋ ਗਿਆ।ਬਾਬਾ ਦੇਖੇ ਧਿਆਨ ਧਰ। ਗੁਰੂ ਨਾਨਕ ਸਾਹਿਬ ਇਹ ਸਭ ਕੁਝ ਨੀਝ ਲਾ ਕੇ ਵੇਖ ਰਹੇ ਹਨ। ਜੇ ਗੁਰੂ ਸਾਹਿਬ ਨੇ ਕੇਵਲ ਜਨੇਊ ਹੀ ਨਹੀਂ ਧਾਰਨ ਕਰਨਾ ਹੁੰਦਾ ਤਾਂ ਪਹਿਲਾਂ ਦੀ ਤਰ੍ਹਾਂ ਚੁਪ ਕਰ ਕੇ ਘਰੋਂ ਬਾਹਰ ਨਿਕਲ ਜਾਂਦੇ ਜਾਂ ਸਪਸ਼ਟ ਕਹਿ ਦਿੰਦੇ ਕਿ ਮੈਂ ਨਹੀਂ ਪਾਵਾਂਗਾ। ਆਖ਼ਿਰ ਪਿਤਾ ਵੀ ਤਾਂ ਉਹਨਾਂ ਦੀ ਦ੍ਰਿੜਤਾ ਭਰਿਆ ਹਠ ਵੇਖ ਚੁਕੇ ਸਨ। ਪਰ ਨਹੀਂ, ਇਸ ਵਾਰ ਉਹਨਾਂ ਦਾ ਨਿਸ਼ਾਨਾ ਜੰਞੂ ਪਾਣ ਜਾਂ ਨਾ ਪਾਣ ਤਕ ਹੀ ਮਹਿਦੂਦ ਨਹੀਂ ਸੀ। ਹੁਣ ਤਾਂ ਉਹ ਗੱਲ ਨੂੰ ਉਰੂਜ਼, ਸਿਖਰ ਤੇ ਲਿਆ ਕੇ ਸਾਰੇ ਸੰਸਾਰ ਨੁੰ ਇਹ ਐਲਾਨੀਆ ਦਸਣਾ ਚਾਹੁੰਦੇ ਸਨ ਕਿ ਇਸ ਤੋਂ ਬਾਅਦ ਨਾ ਤਾਂ ਮੈਂ ਅਤੇ ਨਾ ਹੀ ਮੇਰੀ ਉਮੱਤ ਹੀ ਇਹਨਾਂ ਬ੍ਰਾਹਮਣੀ ਕਰਮ ਕਾਂਡਾ ਦੇ ਬੰਧਨਾ ਦੇ ਧਾਗਿਆਂ ਵਿਚ ਬੰਨੀ ਜਾਏਗੀ। ਇਸ ਸਮੇਂ ਦੇ ਸੀਨ ਨੂੰ ਪ੍ਰੋ. ੰਮੋਹਣ ਸਿੰਘ ਨੇ ‘ਨਾਨਕਾਇਣ’ ਵਿਚ ਕਿਆ ਖ਼ੂਬ ਅੰਕਤ ਕੀਤਾ ਹੈ,
ਪਿਆਰ ਨਾਲ ਸਮਝਾਇਆ, ਮੁੜ ਮੁੜ ਹਰੀ ਦਿਆਲ ।
ਤੇ ਪਿਉ ਨੇ ਧਮਕਾਇਆ, ਕੱਢ ਕੇ ਅਖਾਂ ਲਾਲ।
ਪਰ ਬਾਬਾ ਨਾ ਡੋਲਿਆ, ਕਾਇਮ ਰਖਿਆ ਚਿਤ।
ਇਸ ਸੀ ਜੀਵਨ ਘੋਲ ਵਿਚ, ਉਸਦੀ ਪਹਿਲੀ ਜਿੱਤ।
ਅਜ ਫਿਰ ਹਵਨ, ਮੌਲੀਆਂ, ਤਿਲਕ, ਤਬੀਜ਼ਾਂ, ਤਾਂਤ੍ਰਿਕਾ, ਯੋਗਾ, ਯੋਗੀਆਂ, ਜੰਤ੍ਰਾਂ, ਮੰਤ੍ਰਾ, ਤੰਤ੍ਰਾ ਰਾਹੀਂ ਸ਼ਰੇਆਮ ਸਿਖਾਂ ਦਾ ‘ਸ਼ੁੱਧੀਕਰਣ’ ਕੀਤਾ ਜਾ ਰਿਹਾ ਹੈ। ਸਨਅਤੀ ਅਤੇ ਤਕਨੀਕੀ ਯੁਗ ਦੀ ਉਨਤੀ ਦੇ ਦੌਰ ਵਿਚ ‘ਮਿੰਟਾਂ’ ਵਿਚ ਸਿੱਖਾਂ ਨੂੰ ਗੁਰੂ ਅਤੇ ਗੁਰਮਤਿ ਤੋਂ ਬੇਮੁਖ ਕਰ ਕੇ ਪਤਿਤ ਪੁਣੇ ਦੇ ਰਸਾਤਲ ਵਲ ਧਕਿਆ ਜਾ ਰਿਹਾ ਹੈ। ਗੁਰਮਤਿ ਵਿਰੋਧੀ ਇਸ ਰੁਝਾਨ ਨੂੰ ਹਵਾ ਤਦ ਮਿਲੀ ਜਦ ਖ਼ੁਦ ਪੰਥਕ ਆਗੂਆਂ ਨੇ ਵੀ ਇਸ ਤਰਾਂ ਤੇ ਹਵਨ ਕੀਤੇ । ਹੋਰ ਤਾਂ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀਨ ਪ੍ਰਧਾਨ ਸੰਤ ਬਾਬਾ ਫਤਹਿ ਸਿੰਘ ਜੀ ਨੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਛਤ ਤੇ ਹਵਨ ਕੁੰਡ ਹੀ ਤਿਆਰ ਕਰ ਦਿੱਤੇ।
ਵਾਲਿਦ ਸਾਹਿਬ ਦਸਿਆ ਕਰਦੇ ਸਨ ਕਿ ਉਹਨਾਂ ਦੇ ਵੱਡੇ ਭਰਾ ਵੀ ਫੌਜ ਵਿਚ ਸਨ । ਉਹਨਾਂ ਤੇ ਦੋਸ਼ ਲਗਾ ਕਿ ਉਹ ਹਿੰਦੂਆਂ ਨੂੰ ਸਿੱਖ ਬਣਾਦੇ ਹਨ । ਜਦੋਂ ਉਹਨਾਂ ਦੀ ਪੇਸ਼ੀ ਹੋਈ ਤਾਂ ਉਹਨਾਂ ਦਾ ਜਵਾਬ ਬੜਾ ਸਿੱਧਾ ਸੀ ਕਿ ਇਕ ਹਿੰਦੂ ਨੂੰ ਸਿੱਖ ਬਣਾਣ ਲਈ ਘੱਟੋ ਘਟ ਛੇ ਮਹੀਨੇ ਦਾ ਸਮਾਂ ਚਾਹੀਦਾ ਹੈ। ਤੇ ਇਕ ਸਿਖ ਨੂੰ ਹਿੰਦੂ ਬਣਾਣ ਲਈ ਕੇਵਲ ਪੰਜ ਮਿਨਟ ਦਾ। ਤੇ ਕੀ ਮੈਂ ਕਿਸੇ ਸਾਥੀ ਨੂੰ ਛੇ ਮਹੀਨੇ ਲੁਕੋ ਕੇ ਰਖ ਸਕਦਾ ਹਾਂ?
ਪੰਥਕ ਰਸਾਲੇ ‘ਸਿਖ ਰਿਵੀਉ’ ਕਲਕੱਤੇ ਦੇ ਐਡੀਟਰ ਸਰਦਾਰ ਸਰਨ ਸਿੰਘ, ਆਈ. ਏੇ. ਐਸ ਬਿਹਾਰ ਦੇ ਮੁਖ ਸਕੱਤਰ ਰਹਿ ਚੁਕੇ ਹਨ। ਆਪਣੇ ਕਾਰਜ ਕਾਲ ਦੇ ਦੌਰਾਨ ਇਕ ਸੈਮੀਨਾਰ ਵਿਚ ਉਹਨਾਂ ਨੇ ਕਿਹਾ ਕਿ ਸਾਡੀ ਕੋਈ ਮੰਗ ਨਹੀਂ। ਸਾਡੀ ਕੇਵਲ ਇਕ ਬੇਨਤੀ ਹੈ ਕਿ ਸਾਨੂੰ ਇਸ ਮੁਲਕ ਵਿਚ ਇਸ ਸਰੂਪ ਵਿਚ ਰਹਿਣ ਦਿੱਤਾ ਜਾਏ।
ਇਸ ਵਰਤਾਰੇ ਵਿਚ ਇਸ ਤੋਂ ਵੀ ਵੱਧ ਖਤਰਨਾਕ ਰੁਝਾਨ ਸਿੱਖ ਪੰਥ ਦੀ ਇਕ ਸਰਵੁੱਚ ਹਸਤੀ ਦਾ ਇਹ ਬਿਆਨ ਕਿ ਸਿੱਧੂ ਇਕ ‘ਰੋਲ ਮਾਡਲ’ ਹੈ, ਉਸਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਅੱਜ ਤਕ ਤਾਂ ਇਹੀ ਸਮਝਿਆ ਅਤੇ ਸਮਝਾਇਆ ਜਾ ਰਿਹਾ ਸੀ ਕਿ ਸਿੱਖਾਂ ਦੇ ਰੋਲ ਮਾਡਲ ਬਾਬਾ ਦੀਪ ਸਿੰਘ ਅਕਾਲੀ ਫੂਲਾ ਸਿੰਘ, ਭਾਈ ਵੀਰ ਸਿੰਘ, ਮਾਸਟਰ ਤਾਰਾ ਸਿੰਘ, ਸੰਤ ਜਰਨੈਲ ਸਿੰਘ ਆਦਿ ਹਨ। ਪਰ ਕੀ ਹੁਣ ਨਵੀਂ ਪਨੀਰੀ ਲਈ ਨਵਜੋਤ ਸਿੱਧੂ, ਹਰਭਜਨ ਸਿੰਘ ਜਾਂ ਉਜੱਲ ਦੁਸਾਂਝ ਵਰਗੇ ਪਤਿਤ ਰੋਲ ਮਾਡਲ ਹੋਣ ਗੇ?
ਗੁਰਚਰਨਜੀਤ ਸਿੰਘ ਲਾਂਬਾ
ਐਡੀਟਰ, ਸੰਤ ਸਿਪਾਹੀ (Estb.1945)